ਹਰ ਬੰਦਾ ਏ ਰੂਪ ਰੱਬ ਦਾ, ਹਰ ਇਕ ਨੂੰ ਗਲਵਕੜੀ ਪਾਈਏ।
ਨਫ਼ਰਤ ਵੈਰ ਦਿਲਾਂ ’ਚੋਂ ਕੱਢ ਕੇ, ਕੇਵਲ ਮਾਨਵਤਾ ਅਪਣਾਈਏ।
ਮਾਨਵਤਾ ਦੀ, ਰਾਹ ਦੇ ਅੰਦਰ, ਨਫ਼ਰਤ ਨੇ, ਜੋ ਸੂਲ ਨੇ ਬੀਜੇ,
ਜੜ੍ਹਾਂ ਤੋਂ ਕੱਟ ਕੇ, ਉਨ੍ਹਾਂ ਦੀ ਥਾਂ, ਪ੍ਰੇਮ ਪਿਆਰ ਦੇ ਬੂਟੇ ਲਾਈਏ।
ਮਾਰੇ ਗਏ ਬੇਦੋਸ਼ੇ ਲੱਖਾਂ, ਨਫ਼ਰਤ ਕਾਰਨ ਦੁਨੀਆਂ ਅੰਦਰ,
ਮੁੜ ਨਾ ਪੈਦਾ ਹੋਵੇ ਜੱਗ ’ਤੇ, ਪਿਆਰ ਦੀ ਇਸ ਨੂੰ ਪੇਂਦ ਲਗਾਈਏ।
ਜਾਤ ਮਜ਼੍ਹਬ ਜਾਂ ਧਰਮ ਦੇ ਨਾਂ ’ਤੇ, ਜੋ ਮਨਾਂ ਦੇ ਅੰਦਰ ਬਣੀ ਹੈ ਦੂਰੀ,
ਆਓ ਸਾਰੇ ਫ਼ਰਕ ਮਿਟਾ ਕੇ, ਹਰ ਇਕ ਨੂੰ ਮਿਲ ਗਲੇ ਲਗਾਈਏ।
ਬੋਲੀ, ਰੰਗ ਜਾਂ ਨਸਲ ਦੇ ਕਾਰਨ, ਬੰਦਿਆਂ ਵਿਚ ਜੋ ਵੰਡੀਆਂ ਪਈਆਂ,
ਇਕ ਨੂੰ ਜਾਣ ਕੇ, ਇੱਕੋ ਬਣ ਕੇ, ਸਭਨਾਂ ਨੂੰ ਇੱਕ ਥਾਂ ਬਿਠਾਈਏ।
ਨਾ ਗ਼ਮ, ਫ਼ਿਕਰ ਕੋਈ ਹੋਵੇ ਜਿੱਥੇ, ਨਾ ਹੋਵੇ ਡਰ ਖੌਫ ਦਾ ਸਾਇਆ।
ਦਇਆ, ਧਰਮ, ਸੁਖ, ਸ਼ਾਂਤੀ ਹੋਵੇ, ਮਿਲ ਐਸਾ ਸੰਸਾਰ ਵਸਾਈਏ।
ਪ੍ਰੇਮ, ਨਿਮਰਤਾ, ਭਾਈਚਾਰਾ, ਆਪਣੇ ਜੀਵਨ ਵਿਚ ਅਪਣਾ ਕੇ,
ਸਿੱਖਿਆ ਢਾਲ ਕੇ ਕਰਮ ’ਚ ਗੁਰ ਦੀ, ਜੀਵਨ ਗੁਰਮਤਿ ਨਾਲ ਸਜਾਈਏ।
ਅਗਿਆਨ ਅੰਧੇਰਾ ਦੁਨੀਆਂ ਉੱਤੇ, ਜੋ ਥਾਂ-ਥਾਂ ਬੈਠਾ ਪੈਰ ਪਸਾਰੇ,
ਗੁਰਮਤਿ ਗਿਆਨ ਦੀ ਲੋਅ ਜਗਾ ਕੇ, ਰੂਹਾਂ ਉਸ ਤੋਂ ਮੁਕਤ ਕਰਾਈਏ।
ਮਾਣ ਗਰੂਰ ’ਚ ਫਸ ਕੇ ਬੰਦਾ, ਮੂਲ ਨੂੰ ਜੋ ਹੈ ਭੁੱਲਿਆ ਬੈਠਾ,
ਗਫਲਤ ਦੀ ਨੀਂਦ ’ਚੋਂ ਕੱਢ ਕੇ, ਜੀਵਨ-ਮਕਸਦ ਯਾਦ ਦਿਲਾਈਏ।
ਪਿਆਰ ਹੀ ਰੱਬ ਏ, ਪਿਆਰ ਖੁਦਾ ਏ, ‘ਕੋਮਲ’ ਸਭਨਾਂ ਨੂੰ ਸਮਝਾਈਏ।
ਨਫ਼ਰਤ ਵੈਰ ਨੂੰ ਦਿਲਾਂ ’ਚੋਂ ਕੱਢ ਕੇ, ਕੇਵਲ ਮਾਨਵਤਾ ਅਪਣਾਈਏ।
ਲੇਖਕ ਬਾਰੇ
C-5/119 A, Lawrence Road, Delhi.
- ਹੋਰ ਲੇਖ ਉਪਲੱਭਧ ਨਹੀਂ ਹਨ