editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ – 7 ਸ. ਗੋਪਾਲ ਸਿੰਘ ਜੀ ਕੌਮੀ

ਸਰਦਾਰ ਸਾਹਿਬ ਸਾਰੀ ਉਮਰ ਜ਼ਬਰ-ਜੁਲਮ ਤੇ ਧੱਕੇਸ਼ਾਹੀ ਵਿਰੁੱਧ ਲੜਦੇ ਰਹੇ ਪਹਿਲਾਂ ਮਹੰਤਾਂ-ਪੁਜਾਰੀਆਂ ਦੀ ਗੁੰਡਾਗਰਦੀ ਤੇ ਫਿਰ ਅੰਗਰੇਜ਼ ਸਾਮਰਾਜ਼ ਦੀ ਤਾਨਾਸ਼ਾਹੀ ਵਿਰੁੱਧ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਅਕਾਲ ਦੇ ਪੁਜਾਰੀ ਅਕਾਲੀ ,ਨਿਸ਼ਕਾਮ ਪੰਥ ਸੇਵਕ, ਧਾਰਮਿਕ, ਸਮਾਜਿਕ, ਰਾਜਸੀ ਕਦਰਾਂ-ਕੀਮਤਾਂ ਦੇ ਪਹਿਰੇਦਾਰ, ਸ. ਗੋਪਾਲ ਸਿੰਘ ਕੌਮੀ ਦਾ ਜਨਮ ਭਾਈ ਹੇਮ ਸਿੰਘ ਦੇ ਘਰ 1897 ਈ: ਨੂੰ ਪਿੰਡ ਗੜ੍ਹ ਫਤਹਿਸ਼ਾਹ ਲਾਇਲਪੁਰ ਵਿਖੇ ਹੋਇਆ। ਅੱਖਰ-ਗਿਆਨ ਪਿੰਡ ਦੇ ਸਕੂਲ਼ ਤੋਂ ਪ੍ਰਾਪਤ ਕਰ, ਖਾਲਸਾ ਸਕੂਲ ਲਾਇਲਪੁਰ ਤੋਂ ਵਿੱਦਿਆ ਪ੍ਰਾਪਤ ਕੀਤੀ ਅਤੇ ਉਚੇਰੀ ਵਿੱਦਿਆ ਦੀ ਪ੍ਰਾਪਤੀ ਲਈ ਖਾਲਸਾ ਕਾਲਜ, ਅੰਮ੍ਰਿਤਸਰ ਦਾਖਲ ਹੋ ਗਏ। ਖਾਲਸਾ ਕਾਲਜ ਉਸ ਸਮੇਂ ਅੰਗਰੇਜ਼-ਭਗਤਾਂ ਦੇ ਹੀ ਅਧੀਨ ਸੀ ਜਿਸ ਕਰਕੇ ਇਨ੍ਹਾਂ ਨੇ ਖਾਲਸਾ ਕਾਲਜ ਛੱਡ, ਨੈਸ਼ਨਲ ਕਾਲਜ ਲਾਹੌਰ ਤੋਂ 1921 ਈ: ’ਚ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ। ਉਸ ਸਮੇਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਪੂਰੇ ਜੋਸ਼ ਨਾਲ ਚਲ ਰਹੀ ਸੀ। ਇਨ੍ਹਾਂ ਦਾ ਮਿਲਾਪ ਉੱਘੇ ਸਿੱਖ ਨੇਤਾ ਸ. ਤੇਜਾ ਸਿੰਘ ਜੀ ਸਮੁੰਦਰੀ ਨਾਲ ਹੋਇਆ। ਬਸ ਫਿਰ ਕੀ ਸੀ ਤਨ-ਮਨ ਤੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ’ਚ ਕੁਦ ਪਏ। 15 ਨਵੰਬਰ, 1920 ਈ: ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਸਿਰਜਣਾ ਸਮੇਂ ਇਨ੍ਹਾਂ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ। 13 ਅਕਤੂਬਰ, 1923 ਈ. ਨੂੰ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਇਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਤੇ ਸਤੰਬਰ, 1926 ਈ. ਤੀਕ ਜ੍ਹੇਲ ’ਚ ਬੰਦ ਰਹੇ।

ਗੁਰਦੁਆਰਾ ਨਨਕਾਣਾ ਸਾਹਿਬ ਦੇ ਸਾਕੇ ਤੇ ਗੁਰੂ ਕੇ ਬਾਗ ਦੇ ਮੋਰਚੇ ’ਚ ਕੌਮੀ ਜੀ ਨੇ ਅੱਗੇ ਹੋ ਕੇ ਹਿੱਸਾ ਲਿਆ। ਗੁਰੂ ਕੇ ਬਾਗ ਦੇ ਮੋਰਚੇ ਸਮੇਂ ਇਨ੍ਹਾਂ ਨੂੰ 3 ਸਾਲ ਦੀ ਕੈਦ ਤੇ 2000 ਰੁਪਏ ਨਗਦ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ। 1926 ਈ: ਵਿਚ ਸ. ਗੋਪਾਲ ਸਿੰਘ ਕੌਮੀ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਤੇ ਇਨ੍ਹਾਂ ਨੂੰ ਦੋ ਸਾਲ ਦੀ ਸਜ਼ਾ ਤੇ ਇਕ ਹਜ਼ਾਰ ਰੁਪਏ ਨਗਦ ਜੁਰਮਾਨਾ ਭਰਨ ਦੀ ਸਜ਼ਾ ਦਿੱਤੀ ਗਈ। ਜੇਲ੍ਹ ਵਿਚ ਲੰਮਾ ਸਮਾਂ ਕੈਦ ਰਹਿਣ ਕਾਰਨ ਕੁਝ ਅਕਾਲੀ ਆਗੂ ਮਜਬੂਰ ਹੋ ਗਏ ਸਨ-ਇਨ੍ਹਾ ਆਗੂਆਂ ਨੂੰ ਇਹ ਵੀ ਫਿਕਰ ਸੀ ਕਿ ਇਹ ਕੈਦ, ਆਉਣ ਵਾਲੇ ਸਮੇਂ ਕਿਸੇ ਨੂੰ ਜੱਜ, ਸੁਪ੍ਰਿੰਟੈਂਡੈਂਟ, ਇੰਸਪੈਕਟਰ ਆਦਿ ਬਣਨ ਵਿਚ ਰੁਕਾਵਟ ਹੋ ਸਕਦੀ ਸੀ। ਇਨ੍ਹਾ ਹਾਲਾਤਾਂ ਨੂੰ ਵੇਖ ਕੇ ਹੀ ਸ. ਗੋਪਾਲ ਸਿੰਘ ਕੌਮੀ ਨੇ ਵਿਅੰਗ ’ਚ ਇਹ ਟੱਪਾ ਗਾਉਣਾ ਸ਼ੁਰੂ ਕਰ ਦਿੱਤਾ ਸੀ – ਕੀ ਖੱਟਿਆ ਕਮੇਟੀ ਵਿਚ ਆ ਕੇ, ਜ਼ਿੰਦਗੀ ਨੂੰ ਰੋਗ ਲਾ ਲਿਆ! ਮੇਰੀ ਤੋਬਾ!!

ਸ. ਗੋਪਾਲ ਸਿੰਘ ਜੀ ਕੌਮੀ

ਕਿਲ੍ਹੇ ਵਿਚ ਕੈਦ ਆਗੂ ਗੁਰਦੁਆਰਾ ਕਾਨੂੰਨ ਦੇ ਮਸਲੇ ’ਤੇ ਦੋ ਧੜਿਆਂ ’ਚ ਵੰਡੇ ਗਏ। ਗੁਰਦੁਆਰਾ ਕਾਨੂੰਨ ਸਭ ਨੂੰ ਪ੍ਰਵਾਨ ਸੀ ਪਰ ਸ਼ਰਤਾਂ ਸਹਿਤ ਰਿਹਾਈ ਸਾਰਿਆਂ ਨੂੰ ਪ੍ਰਵਾਨ ਨਹੀਂ ਸੀ। ਸ. ਗੋਪਾਲ ਸਿੰਘ ਕੌਮੀ ਨੇ ਸ਼ਰਤਾਂ ਨੂੰ ਮੰਨ ਕੇ ਰਿਹਾਈ ਨੂੰ ਅਪ੍ਰਵਾਨ ਕਰ ਦਿੱਤਾ।

ਬੱਬਰ ਅਕਾਲੀ ਲਹਿਰ ਨੂੰ ਦਬਾਉਣ ਵਾਸਤੇ ਸਰਕਾਰ ਨੇ ਹੁਸ਼ਿਆਰਪੁਰ ਤੇ ਜਲੰਧਰ ਜ਼ਿਲ੍ਹਿਆਂ ਵਿਚ ਬਹੁਤ ਸਖ਼ਤੀ ਵਰਤੀ। ਬੱਬਰ ਅਕਾਲੀ ਲਹਿਰ ਸਮੇਂ ਸ. ਗੋਪਾਲ ਸਿੰਘ ਕੌਮੀ ਪਹਿਲੀ ਵਾਰ ਬਿਲਗਾ ਪਿੰਡ ਤੋਂ ਗ੍ਰਿਫਤਾਰ ਕੀਤੇ ਗਏ। ਬੱਬਰ ਅਕਾਲੀਆਂ ’ਤੇ ਹੋਏ ਤਸ਼ੱਦਦ ਦੀ ਪੜਤਾਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਪੜਤਾਲੀਆ ਕਮੇਟੀ ਬਣਾਈ, ਜਿਸ ਨੂੰ ਕੰਮ ਸ਼ੁਰੂ ਕਰਨ ਸਮੇਂ ਹੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ। ਸ਼੍ਰੋਮਣੀ ਕਮੇਟੀ ਨੇ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਡਟਵਾਂ ਵਿਰੋਧ ਕੀਤਾ ਅਤੇ ਐਲਾਨ ਕੀਤਾ ਕਿ ਦੁਆਬੇ ’ਚ ਹੋਏ ਸਰਕਾਰੀ ਜ਼ੁਲਮੋ-ਤਸ਼ੱਦਦ ਦੀ ਪੜਤਾਲ ਜ਼ਰੂਰ ਕਰੇਗੀ। ਪੜਤਾਲ ਕਰਨ ਲਈ ਸ. ਸਰਮੁਖ ਸਿੰਘ ਝਬਾਲ, ਸ. ਗੋਪਾਲ ਸਿੰਘ ਕੌਮੀ, ਸ. ਗੁਰਚਰਨ ਸਿੰਘ ਵਕੀਲ, ਸ. ਭਾਗ ਸਿੰਘ ਕਨੇਡੀਅਨ ਅਤੇ ਸ. ਰਾਮ ਸਿੰਘ ਅਧਾਰਿਤ ਪੰਜ-ਮੈਂਬਰੀ ਸਬ-ਕਮੇਟੀ ਨਿਯੁਕਤ ਹੋਈ। ਲੋਕ ਏਨੇ ਡਰੇ ਹੋਏ ਸਨ ਕਿ ਪੜਤਾਲੀਆ ਕਮੇਟੀ ਪਾਸ ਵੀ ਨਹੀਂ ਸਨ ਆਉਂਦੇ ਅਤੇ ਅਜੇ ਪੜਤਾਲ-ਕਾਰਜ ਅਧੂਰਾ ਹੀ ਸੀ ਕਿ ਪੁਲਿਸ ਨੇ ਇਸ ਕਮੇਟੀ ਨੂੰ ਵੀ ਗ੍ਰਿਫਤਾਰ ਕਰ ਲਿਆ।

ਸਾਈਮਨ ਕਮਿਸ਼ਨ ਗੋ ਬੈਕ ਦੇ ਸੰਗਰਾਮ ਸਮੇਂ ਸ. ਗੋਪਾਲ ਸਿੰਘ ਕੌਮੀ ਨੇ ਲਾਲਾ ਲਾਜਪਤ ਰਾਏ ਨਾਲ ਲਾਠੀਆਂ ਖਾਧੀਆਂ ਤੇ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਮੀਆਂ ਵਾਲੀ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ। ਇਸ ਜੇਲ੍ਹ-ਯਾਤਰਾ ਸਮੇਂ ਇਨ੍ਹਾਂ ਦਾ ਮੇਲ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨਾਲ ਹੋਇਆ, ਅੰਗਰੇਜ਼ ਸਰਕਾਰ ਦੀ ਧੱਕੇਸ਼ਾਹੀ ਦੇ ਵਿਰੁੱਧ ਇਨ੍ਹਾਂ ਨੇ ਜੇਲ੍ਹ ਅੰਦਰ 64 ਦਿਨ ਲਗਾਤਾਰ ਭੁੱਖ ਹੜਤਾਲ ਕੀਤੀ।

1933 ਈ. ਨੂੰ ਸ਼੍ਰੋਮਣੀ ਕਮੇਟੀ ਦੀ ਹੋਈ ਜਨਰਲ ਚੋਣ ਸਮੇਂ ਸ. ਗੋਪਾਲ ਸਿੰਘ ਕੌਮੀ, ਟਾਡਿਆਂ ਵਾਲਾ, ਜ਼ਿਲ੍ਹਾ –sਲਾਇਲਪੁਰ ਤੋਂ ਮੈਂਬਰ ਚੁਣੇ ਗਏ। 8 ਅਪ੍ਰੈਲ, 1933 ਈ. ਨੂੰ ਗੁਰਦੁਆਰਾ ਐਕਟ ਅਨੁਸਾਰ ਹੋਈ ਪਹਿਲੀ ਜਨਰਲ ਇਕੱਤਰਤਾ ਸਮੇਂ ਸ. ਗੋਪਾਲ ਸਿੰਘ ਕੌਮੀ ਹਾਜ਼ਰ ਸਨ। ਇਸ ਇਕੱਤਰਤਾ ਦੇ ਚੇਅਰਮੈਨ ਦੀ ਚੋਣ ਸਮੇਂ ਸ. ਗੋਪਾਲ ਸਿੰਘ ਕੌਮੀ ਨੇ ਸ. ਮੰਗਲ ਸਿੰਘ ਦਾ ਨਾਮ ਪੇਸ਼ ਕੀਤਾ, ਜੋ ਮੀਟਿੰਗ ’ਚ ਸਾਰੇ ਮੈਂਬਰਾਂ ਨੇ ਪ੍ਰਵਾਨ ਕਰ ਲਿਆ। 17 ਜੂਨ, 1933 ਈ. ਨੂੰ 12 ਵਜੇ ਗੁਰਦੁਆਰਾ ਕਾਨੂੰਨ ਅਨੁਸਾਰ ਪੰਜਾਬ ਸਰਕਾਰ ਦੇ ਸੱਦੇ ’ਤੇ ਟਾਊਨ ਹਾਲ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਇਕੱਤਰਤਾ ਹੋਈ, ਜਿਸ ਵਿਚ 142 ਮੈਂਬਰ ਹਾਜ਼ਰ ਸਨ। ਇਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਦਾ ਮਤਾ ਪੇਸ਼ ਹੋਇਆ। ਗਿਆਨੀ ਸ਼ੇਰ ਸਿੰਘ ਦੀ ਤਜ਼ਵੀਜ਼ ਅਤੇ ਸ. ਅਮਰ ਸਿੰਘ ਜੀ ਸ਼ੇਰਿ ਪੰਜਾਬ ਦੀ ਤਾਈਦ ’ਤੇ ਪ੍ਰਧਾਨ ਦੇ ਅਹੁਦੇ ਲਈ ਬਾਬਾ ਖੜਕ ਸਿੰਘ ਦਾ ਨਾਮ ਪੇਸ਼ ਹੋਇਆ, ਜਿਸ ’ਤੇ ਕੁਝ ਮੈਂਬਰਾਂ ਨੇ ਇਤਰਾਜ਼ ਕੀਤਾ। ਫਿਰ ਮਾਸਟਰ ਤਾਰਾ ਸਿੰਘ ਜੀ ਦੀ ਤਜਵੀਜ਼ ’ਤੇ ਸ. ਨਰਿੰਜਣ ਸਿੰਘ ਦੀ ਤਾਈਦ ’ਤੇ ਸ. ਗੋਪਾਲ ਸਿੰਘ (ਕੌਮੀ) ਬੀ.ਏ ਦਾ ਨਾਂ ਪੇਸ਼ ਹੋਇਆ, ਜਿਸਦਾ ਕਿਸੇ ਵੱਲੋਂ ਵੀ ਵਿਰੋਧ ਨਾ ਹੋਣ ਕਰਕੇ ਕੌਮੀ ਸਾਹਿਬ, ਸਰਬ ਸੰਮਤੀ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ। ਇਸ ਤਰ੍ਹਾਂ ਸ. ਗੋਪਾਲ ਸਿੰਘ ਕੌਮੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ’ਤੇ ਸ਼ੋਭਨੀਕ ਹੋ ਗਏ ਤੇ ਉਨ੍ਹਾਂ ਮੀਤ ਪ੍ਰਧਾਨ ਦੇ ਨਾਂ ਦੀ ਤਜਵੀਜ਼ ਮੰਗੀ, ਜਿਸ ’ਤੇ ਜਥੇਦਾਰ ਤੇਜਾ ਸਿੰਘ ਅਕਰਪੁਰੀ ਮੀਤ ਪ੍ਰਧਾਨ ਚੁਣੇ ਗਏ। ਇਸ ਤੋਂ ਉਪਰੰਤ 10-ਮੈਂਬਰੀ ਅੰਤ੍ਰਿੰਗ ਕਮੇਟੀ ਚੁਣੀ ਗਈ, ਜਿਸ ਵਿਚ ਮਾਸਟਰ ਤਾਰਾ ਸਿੰਘ ਜੀ ਦਾ ਨਾਂ ਵੀ ਸ਼ਾਮਲ ਸੀ। ਇਸ ਤੋਂ ਬਾਅਦ ਇਹ ਇਕੱਤਰਤਾ ਸਰਬ ਸੰਮਤੀ ਨਾਲ ਅਗਲੇ ਦਿਨ ਦੁਪਹਿਰ 11 ਵਜੇ ਤੀਕ ਮੁਲਤਵੀ ਕਰ ਦਿੱਤੀ ਗਈ।

18 ਜੂਨ, 1933 ਈ. ਨੂੰ ਮਿੱਥੇ ਸਮੇਂ ਅਤੇ ਸਥਾਨ ’ਤੇ ਜਨਰਲ ਇਕੱਤਰਤਾ ਸ. ਗੋਪਾਲ ਸਿੰਘ ਕੌਮੀ ਦੀ ਪ੍ਰਧਾਨਗੀ ਹੇਠ ਅਰੰਭ ਹੋਈ, ਜਿਸ ਵਿਚ 135 ਮੈਂਬਰ ਹਾਜ਼ਰ ਸਨ। ਪ੍ਰਧਾਨ ਸਾਹਿਬ ਦੀ ਆਗਿਆ ’ਤੇ ਗੁਰਦੁਆਰਾ ਐਕਟ ਅਨੁਸਾਰ ਲੋਕਲ ਕਮੇਟੀਆਂ, ਗੁਰਦੁਆਰਾ ਕਮੇਟੀ, ਸ੍ਰੀ ਤਰਨ ਤਾਰਨ ਸਾਹਿਬ, ਗੁਰਦੁਆਰਾ ਕਮੇਟੀ ਸ੍ਰੀ ਮੁਕਤਸਾਰ ਸਾਹਿਬ, ਗੁਰਦੁਆਰਾ ਕਮੇਟੀ ਸ੍ਰੀ ਅਨੰਦਪੁਰ ਸਾਹਿਬ, ਗੁ. ਕਮੇਟੀ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਕਮੇਟੀ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਕਮੇਟੀ ਲਾਹੌਰ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਚੋਣ ਕੀਤੀ ਗਈ।

ਇਸ ਕਾਰਵਾਈ ਤੋਂ ਬਾਅਦ ਗਿਆਨੀ ਕਰਤਾਰ ਸਿੰਘ ਲਾਇਲਪੁਰੀ ਨੇ ਅੰਤ੍ਰਿੰਗ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਫਿਰ ਸ. ਗੋਪਾਲ ਸਿੰਘ ਕੌਮੀ ਨੇ ਵੀ ਪ੍ਰਧਾਨਗੀ ਪਦ ਤੋਂ ਅਸਤੀਫਾ ਦੇ ਦਿੱਤਾ ਤੇ ਉਨ੍ਹਾਂ ਦੀ ਥਾਂ ਜਮਾਂਦਾਰ ਪ੍ਰਤਾਪ ਸਿੰਘ ਸ਼ੰਕਰ ਪ੍ਰਧਾਨ ਚੁਣੇ ਗਏ। ਇਸ ਤਰ੍ਹਾਂ ਹੁਣ ਤੀਕ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਸਭ ਤੋਂ ਘੱਟ ਸਮੇਂ ਭਾਵ ਕੇਵਲ 23-24 ਘੰਟੇ ਦੇ ਸਮੇਂ ਤਕ ਸ. ਗੋਪਾਲ ਸਿੰਘ ਕੌਮੀ ਪ੍ਰਧਾਨ ਦੇ ਪਦ ’ਤੇ ਸ਼ੋਭਨੀਕ ਰਹੇ। ਅਸਤੀਫਾ ਦੇਣ ਉਪ੍ਰੰਤ ਕੌਮੀ ਜੀ ਨੇ ਕਿਹਾ ਕਿ ਮੇਰੀ ਪਾਰਟੀ ਨੇ ਮੈਨੂੰ ਇਹ ਪਦਵੀ ਬਖਸ਼ੀ ਸੀ, ਪਾਰਟੀ ਦੇ ਹੁਕਮ ’ਤੇ ਹੀ ਮੈਂ ਅਸਤੀਫ਼ਾ ਦਿੱਤਾ ਹੈ। ਇਸ ਬਿਆਨ ਤੋਂ ਕੌਮੀ ਜੀ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਤੇ ਸਮਰਪਣ ਭਾਵਨਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

29 ਅਕਤੂਬਰ, 1933 ਈ. ਨੂੰ ਹੋਈ ਜਨਰਲ ਇਕੱਤਰਤਾ ਸਮੇਂ ਸ. ਗੋਪਾਲ ਸਿੰਘ ਕੌਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਨਾਮਜ਼ਦ ਹੋਏ। 10 ਅਗਸਤ, 1934 ਈ. ਨੂੰ ਸ. ਜਗਤ ਸਿੰਘ ਵਾਸੂ ਦੀ ਤਜਵੀਜ਼ ਤੇ ਸ. ਗੋਪਾਲ ਸਿੰਘ ਕੌਮੀ ਦੀ ਤਾਈਦ ਨਾਲ ਮਹੱਤਵਪੂਰਨ ਗੁਰਮਤਾ ਪਾਸ ਹੋਇਆ ਕਿ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਇਕ ਇਕੱਤਰਤਾ ਦੇ ਖਿਆਲ ਵਿਚ ਕਿਸੇ ਇਕ ਆਦਮੀ ਨੂੰ ਸਮੁੱਚੇ ਪੰਥ ਦਾ ਡਿਕਟੇਟਰ ਮੰਨਣਾ ਗੁਰਮਤਿ ਦੇ ਅਸੂਲਾਂ, ਪੰਥਕ ਰਵਾਇਤਾਂ ਤੇ ਪੰਚਾਇਤੀ ਰਿਵਾਜ਼ ਦੇ ਖਿਲਾਫ ਹੈ ਅਤੇ ਅਜਿਹਾ ਕਰਨਾ ਜਿਸ ਤਰ੍ਹਾਂ ਕੱਲ੍ਹ ਇਕ ਸੱਜਣ ਸ. ਖੜਕ ਸਿੰਘ ਜੀ ਸਬੰਧੀ ਡਿਕਟੇਟਰ ਹੋਣ ਦਾ ਐਲਾਨ ਕਰ ਰਹੇ ਹਨ, ਸਿੱਖੀ ਦੀ ਸ਼ਾਨ ਦੇ ਵਿਰੁੱਧ ਹੈ।

ਸ. ਗੋਪਾਲ ਸਿੰਘ ਕੌਮੀ ਨੇ ਇਸ ਮੀਟਿੰਗ ਸਮੇਂ ਇਹ ਵੀ ਸਪਸ਼ਟ ਕੀਤਾ ਕਿ ਜਿਸ ਮਸਲੇ ਬਾਬਤ ਰੂਲਿੰਗ ਹੋ ਚੁੱਕੀ ਹੈ ਉਸ ਬਾਬਤ ਮੁੜ ਵਿਚਾਰ ਨਹੀਂ ਹੋ ਸਕਦੀ। ਸ. ਗੋਪਾਲ ਸਿੰਘ ਕੌਮੀ ਦੀ ਤਜਵੀਜ਼ ’ਤੇ ਹੀ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਭੁਚਾਲ ਕਾਰਨ ਪੁੱਜੇ ਨੁਕਸਾਨ ਬਾਰੇ ਸਹਾਇਤਾ ਲਈ ਮਤਾ ਕੀਤਾ ਗਿਆ। 21 ਅਕਤੂਬਰ, 1934 ਈ. ਨੂੰ ਸ. ਗੋਪਾਲ ਸਿੰਘ ਕੌਮੀ ਫਿਰ ਅੰਤ੍ਰਿੰਗ ਕਮੇਟੀ ਦੇ ਮੈਂਬਰ ਚੁਣੇ ਗਏ।

1942 ਈ: ਭਾਰਤ ਛੱਡੋ ਅੰਦੋਲਨ ਸਮੇਂ ਕੌਮੀ ਜੀ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਨੂੰ ਤਿੰਨ ਸਾਲ ਦੀ ਕੈਦ ਸੁਣਾਈ ਗਈ ਜੋ ਇਨ੍ਹਾਂ ਮੀਆਂਵਾਲੀ, ਮੁਲਤਾਨ, ਅੰਬਾਲਾ ਤੇ ਸਿਆਲਕੋਟ ਜੇਲ੍ਹ ਵਿਚ ਕੱਟੀ। ਕੁੱਲ ਮਿਲਾ ਕੇ ਲੱਗਭਗ 13 ਸਾਲ ਇਨ੍ਹਾਂ ਆਪਣੇ ਜੀਵਨ ਦਾ ਕੀਮਤੀ ਸਮਾਂ ਜੇਲ੍ਹ ’ਚ ਬਿਤਾਇਆ ਪਰ ਕਦੇ ਵੀ ਹਾਲਾਤਾਂ ਨਾਲ ਸਮਝੌਤਾ ਨਹੀਂ ਕੀਤਾ, ਹਮੇਸ਼ਾਂ ਸੱਚ ਤੇ ਸਿਧਾਂਤ ਦਾ ਸਾਥ ਦਿੱਤਾ। ਸਰਦਾਰ ਸਾਹਿਬ ਸਾਰੀ ਉਮਰ ਜ਼ਬਰ-ਜੁਲਮ ਤੇ ਧੱਕੇਸ਼ਾਹੀ ਵਿਰੁੱਧ ਲੜਦੇ ਰਹੇ ਪਹਿਲਾਂ ਮਹੰਤਾਂ-ਪੁਜਾਰੀਆਂ ਦੀ ਗੁੰਡਾਗਰਦੀ ਤੇ ਫਿਰ ਅੰਗਰੇਜ਼ ਸਾਮਰਾਜ਼ ਦੀ ਤਾਨਾਸ਼ਾਹੀ ਵਿਰੁੱਧ। ਧਾਰਮਿਕ, ਰਾਜਸੀ ਕਦਰਾਂ-ਕੀਮਤਾਂ ਦੀ ਬਹਾਲੀ ਲਈ ਹਮੇਸ਼ਾਂ ਸੰਘਰਸ਼ਸੀਲ ਰਹੇ ਕੌਮੀ ਜੀ ਦੀ ਧਰਮ ਪਤਨੀ ਬੀਬੀ ਸਤਵੰਤ ਕੌਰ ਇਨ੍ਹਾਂ ਦੀ ਜੇਲ੍ਹ ਯਾਤਰਾ ਦੌਰਾਨ ਹੀ ਅਕਾਲ ਚਲਾਣਾ ਕਰ ਗਈ। ਸ. ਗੋਪਾਲ ਸਿੰਘ ਕਲਮ ਦੇ ਧਨੀ ਸਨ। ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਕੌਮੀ ਜੀ ਨੇ ‘ਅਜ਼ਾਦ ਅਕਾਲੀ’ ਅਖਬਾਰ ਸ਼ੁਰੂ ਕੀਤਾ ਪਰ ਅੰਗਰੇਜ਼ ਸਰਕਾਰ ਨੇ ਕੁਝ ਸਮੇਂ ਬਾਅਦ ਹੀ ਇਸ ’ਤੇ ਪਾਬੰਦੀ ਲਗਾ ਦਿੱਤੀ। ਇਨ੍ਹਾਂ ਇਕ ਟਰੈਕਟ ਕਮਿਊਨਿਜ਼ਮ, ਰੀਲੀਜਨ ਐਂਡ ਸਿਵਲ ਲਿਬਰਟੀ, ਕੁੰਦਨ ਏਜੰਸੀ ਲਾਹੌਰ ਤੋਂ 1942 ਈ. ’ਚ (24 ਪੇਜ) ਪ੍ਰਕਾਸ਼ਿਤ ਕਰਵਾਇਆ।

ਸਾਈਮਨ ਕਮਿਸ਼ਨ ਦੇ ਭਾਰਤ ਆਉਣ ਸਮੇਂ ਸ. ਗੋਪਾਲ ਸਿੰਘ ਕੌਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ। ਹਰੇਕ ਕੌਮੀ ਧਾਰਮਿਕ, ਸਮਾਜਿਕ ਤੇ ਰਾਜਸੀ ਸੰਘਰਸ਼ ਸਮੇਂ ਸ. ਗੋਪਾਲ ਸਿੰਘ ਕੌਮੀ ਨੇ ਅਹਿਮ ਹਿੱਸਾ ਪਾਇਆ। 1947 ਈ: ’ਚ ਇਨ੍ਹਾਂ ਨੇ ਅਕਾਲੀ ਦਲ ਨੂੰ ਤਿਲਾਂਜਲੀ ਦੇ ਦਿੱਤੀ ਤੇ ਕਾਂਗਰਸ ਪਾਰਟੀ ਦੇ ਮੈਂਬਰ ਬਣ ਗਏ। ਪੰਡਿਤ ਨਹਿਰੂ ਨੇ ਇਨ੍ਹਾਂ ਨੂੰ ਮੁੜ ਵਸੇਬਾ ਕਮੇਟੀ ਦਾ ਮੁਖੀ ਬਣਾਇਆ। ਨਵੀਂ ਚੁਣੀ ਸ਼੍ਰੋਮਣੀ ਕਮੇਟੀ ਦੀ ਪਹਿਲੀ ਜਨਰਲ ਇਕੱਤਰਤਾ 7 ਫਰਵਰੀ, 1955 ਈ. ਨੂੰ ਅੰਮ੍ਰਿਤਸਰ ਵਿਖੇ ਹੋਈ ਜਿਸ ਵਿਚ ਸ. ਗੋਪਾਲ ਸਿੰਘ ਕੌਮੀ ਦਿੱਲੀ ਤੋਂ ਮੈਂਬਰ ਨਾਮਜ਼ਦ ਕੀਤੇ ਗਏ। ਇਸ ਦਿਨ ਹੀ ਇਹ ਅੰਤ੍ਰਿੰਗ ਕਮੇਟੀ ਦੇ ਮੈਂਬਰ ਵੀ ਚੁਣੇ ਗਏ। 7 ਮਾਰਚ, 1960 ਈ. ਤੇ 29 ਨਵੰਬਰ, 1963 ਈ. ਨੂੰ ਹੋਏ ਜਨਰਲ ਸਮਾਗਮਾਂ ਸਮੇਂ ਸ. ਗੋਪਾਲ ਸਿੰਘ ਕੌਮੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਾਮਜ਼ਦ ਹੋਏ। ਕੌਮੀ ਜੀ ਕਾਂਗਰਸ ਦੀ ਨੀਤੀ ਨਾਲ ਸਹਿਮਤ ਨਾ ਰਹਿ ਸਕੇ ਤੇ 1962 ਈ: ਮੁੜ ਅਕਾਲੀ ਦਲ ’ਚ ਸ਼ਾਮਲ ਹੋ ਗਏ। ਪੰਜਾਬ ਵਿਧਾਨ ਸਭਾ ਦੀ ਚੋਣ ਸਮੇਂ ਇਹ ਜਲੰਧਰ ਛਾਉਣੀ ਹਲਕੇ ਤੋਂ ਐਮ.ਐਲ.ਏ ਚੁਣੇ ਗਏ।

1965 ਈ: ਵਿਚ ਕੌਮੀ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਕੁਝ ਭਾਗ ਹਿੰਦੀ ’ਚ ਅਨੁਵਾਦ ਕਰਕੇ ਆਪਣੀ ਕੌਮੀ ਪ੍ਰੈਸ, ਜਲੰਧਰ ਤੋਂ ਪ੍ਰਕਾਸ਼ਿਤ ਕਰਵਾਏ। ਬੋਲਾਂ ’ਚ ਬੇਬਾਕ, ਕਲਮ ਦੇ ਧਨੀ, ਦੋਆਬੇ ਦੇ ਨਿਧੜਕ ਯੋਧੇ ਸ. ਗੋਪਾਲ ਸਿੰਘ ਕੌਮੀ ਨੂੰ ਦੇਸ਼-ਕੌਮ ਦੀ ਕੀਤੀ ਸੇਵਾ ਬਦਲੇ 15 ਅਗਸਤ, 1972 ਈ. ਨੂੰ ਤਾਮਰ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਦੇਸ਼ ਭਗਤ ਸ. ਗੋਪਾਲ ਸਿੰਘ ਕੌਮੀ ਦੇ ਮਨ ’ਤੇ ਦੇਸ਼ ਦੀ ਵੰਡ ਸਮੇਂ ਜੋ ਮਾਨਵੀ ਕਦਰਾਂ-ਕੀਮਤਾਂ ਦਾ ਘਾਣ, ਨਿਰਦੋਸ਼ਾਂ ਦਾ ਕਤਲੇਆਮ ਤੇ ਗੁੰਡਾ ਗਰਦੀ ਦਾ ਨਾਚ ਹੋਇਆ, ਨੇ ਬਹੁਤ ਬੁਰਾ ਅਸਰ ਪਾਇਆ, ਦੂਸਰਾ ਸਮੇਂ ਸਿਰ ਸੱਚ ਬੋਲਣ ਦੀ ਆਦਤ ਇਨ੍ਹਾਂ ਨੂੰ ਕਾਫੀ ਮਹਿੰਗੀ ਪਈ। ਕੌਮੀ ਸਾਹਿਬ ਨਿਰਸੁਆਰਥ, ਨਿਸ਼ਕਾਮ ਸੇਵਾ-ਭਾਵਨਾ ਵਾਲੇ ਅਕਾਲ ਦੇ ਪੁਜਾਰੀ ਅਕਾਲੀ ਸਨ। ਸੰਘਰਸ਼ਮਈ ਜੀਵਨ ਹੋਣ ਕਾਰਨ ਇਨ੍ਹਾਂ ਨੂੰ ਬਹੁਤ ਸਮਾਂ ਘਰ ਤੋਂ ਬਾਹਰ ਰਹਿਣਾ ਪੈਂਦਾ ਸੀ। ਘਰ ਪਰਵਾਰ ਦੀ ਦੇਖ-ਭਾਲ ਇਨ੍ਹਾਂ ਦਾ ਹੋਣਹਾਰ ਵੱਡਾ ਸਪੁੱਤਰ ਸ. ਕਰਤਾਰ ਸਿੰਘ ਕੌਮੀ ਕਰਦਾ। ਅਚਾਨਕ ਸ. ਕਰਤਾਰ ਸਿੰਘ ਕੌਮੀ ਅਕਾਲ ਚਲਾਣਾ ਕਰ ਗਏ, ਜਿਨ੍ਹਾਂ ਦੀ ਮੌਤ ਦਾ ਗਹਿਰਾ ਸਦਮਾ ਬਜ਼ੁਰਗ ਪਿਤਾ ਨੂੰ ਪਹੁੰਚਿਆ। ਸਿੱਟੇ ਵਜੋਂ ਸਰੀਰਕ ਤੌਰ ’ਤੇ ਕਮਜ਼ੋਰ, ਮਾਨਸਿਕ ਤੌਰ ’ਤੇ ਪਰੇਸ਼ਾਨ ਸ. ਗੋਪਾਲ ਸਿੰਘ ਕੌਮੀ ਨੇ ਹਰ ਤਰ੍ਹਾਂ ਦੀਆਂ ਧਾਰਮਿਕ, ਸਮਾਜਿਕ, ਰਾਜਸੀ ਗਤੀਵਿਧੀਆਂ ਤੋਂ ਸੰਨਿਆਸ ਲੈ ਲਿਆ। ਕੁਝ ਸਮਾਂ ਬਿਮਾਰ ਰਹਿਣ ਉਪਰੰਤ 16 ਮਈ, 1975 ਈ. ਨੂੰ ਸ. ਗੋਪਾਲ ਸਿੰਘ ਕੌਮੀ ਜਲੰਧਰ ’ਚ ਗੁਰਪੁਰੀ ਪਿਆਨਾ ਕਰ ਗਏ। ਡਾ: ਸਾਧੂ ਸਿੰਘ ਹਮਦਰਦ ਨੇ ਸ਼ਰਧਾ-ਸਤਿਕਾਰ ਵਜੋਂ ਵਿਸ਼ੇਸ਼ ਲੇਖ ਲਿਖ ਕੇ ਕੌਮੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।

28 ਮਈ, 1975 ਈ. ਨੂੰ ਸ. ਗੋਪਾਲ ਸਿੰਘ ਕੌਮੀ ਦੀ ਅੰਤਿਮ ਅਰਦਾਸ ਸਮੇਂ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਪੰਜਾਬ, ਨੇ ਸ਼ਰਧਾ-ਸਤਿਕਾਰ ਭੇਟ ਕਰਦਿਆਂ ਐਲਾਨ ਕੀਤਾ ਕਿ ਰੈਣਕ ਬਜ਼ਾਰ ਜਲੰਧਰ ’ਚ ਸ. ਗੋਪਾਲ ਸਿੰਘ ਕੌਮੀ ਦਾ ਆਦਮ ਕੱਦ ਬੁੱਤ ਸਥਾਪਤ ਕੀਤਾ ਜਾਵੇਗਾ ਅਤੇ ਸਪੋਰਟਸ ਕਾਲਜ ਦਾ ਨਾਂ ਬਦਲ ਕੇ ਇਨ੍ਹਾਂ ਦੇ ਨਾਂ ‘ਤੇ ਰੱਖਿਆ ਜਾਵੇਗਾ। 24 ਮਾਰਚ, 2004 ਈ. ਨੂੰ ਸ. ਗੋਪਾਲ ਸਿੰਘ ਕੌਮੀ ਦਾ ਬੁੱਤ ਸਥਾਪਤ ਕਰਕੇ ਸਰਕਾਰ ਨੇ ਦੇਸ਼ ਭਗਤ ਦੀ ਕੁਰਬਾਨੀ ਦੀ ਰਿਣ ਪੂਰਤੀ ਕੀਤੀ! ਸਪੋਰਟਸ ਕਾਲਜ ਦੇ ਨਾਂ ਦਾ ਵਾਇਦਾ ਅਜੇ ਤੀਕ ਵੀ ਵਫ਼ਾ ਨਹੀਂ ਹੋਇਆ!! 10 ਜੂਨ, 1975 ਈ. ਨੂੰ ਅੰਤ੍ਰਿੰਗ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਦੀ ਇਕੱਤਰਤਾ ਸਮੇਂ ਸ. ਗੋਪਾਲ ਸਿੰਘ ਕੌਮੀ ਦੇ ਅਕਾਲ ਚਲਾਣੇ ’ਤੇ ਦੁੱਖ ਤੇ ਸ਼ੋਕ ਦਾ ਪ੍ਰਗਟਾਵਾ ਮਤਾ ਨੰਬਰ 360 ਰਾਹੀਂ ਕਰਦਿਆਂ, ਕੌਮੀ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਕੌਮੀ ਜੀ ਦੀ ਤਸਵੀਰ ਅਜਾਇਬ ਘਰ ਵਿਖੇ ਸੁਸ਼ੋਭਿਤ ਹੈ।

14 ਦਸੰਬਰ, 2007 ਈ. ਨੂੰ ਸ਼੍ਰੋਮਣੀ ਅਕਾਲੀ ਦਲ ਦੇ 88ਵੇਂ ਸਥਾਪਨਾ ਦਿਵਸ ਸਮਾਗਮ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ. ਗੋਪਾਲ ਸਿੰਘ ਕੌਮੀ ਦੀਆਂ ਸੇਵਾਵਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਦੇ ਪਰਵਾਰ ਨੂੰ ਸਨਮਾਨਿਤ ਕੀਤਾ। ਸ. ਜੋਗਿੰਦਰ ਸਿੰਘ ਕੌਮੀ ਸਾਬਕਾ ਆਈ.ਏ.ਐਸ ਨੇ ਆਪਣੇ ਸਤਿਕਾਰਤ ਪਿਤਾ ਦੀ ਵਿਰਾਸਤ ਨੂੰ ਸੰਭਾਲਣ ਵਾਸਤੇ 711-ਮਾਡਲ ਟਾਊਨ, ਜਲੰਧਰ ਵਿਖੇ ਗੋਪਾਲ ਸਿੰਘ ਕੌਮੀ ਫਾਊਂਡੇਸ਼ਨ ਸਥਾਪਤ ਕੀਤੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)