editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ : 3 ਸ. ਸੁੰਦਰ ਸਿੰਘ ਰਾਮਗੜ੍ਹੀਆ

ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਪਾਰਲੀਮੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਰਬਰਾਹ ਰਹੇ ਸ. ਸੁੰਦਰ ਸਿੰਘ ਰਾਮਗੜੀਏ ਦਾ ਵਿਰਸਾ-ਵਿਰਾਸਤ ਤੇ ਪਰਵਾਰਿਕ ਪਿਛੋਕੜ ਮਹਾਨ ਸਿੱਖ ਯੋਧੇ ਸ. ਜੱਸਾ ਸਿੰਘ ਰਾਮਗੜ੍ਹੀਆ ਬਾਨੀ ਮਿਸਲ ਰਾਮਗੜ੍ਹੀਆ ਨਾਲ ਜੁੜਦਾ ਹੈ। ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਚਾਰ ਭਰਾਵਾਂ ’ਚੋਂ ਸਭ ਤੋਂ ਛੋਟੇ ਸ. ਤਾਰਾ ਸਿੰਘ ਦੀ ਅੰਸ਼ ਵਿੱਚੋਂ ਹੀ ਸਨ। ਸ. ਸੁੰਦਰ ਸਿੰਘ ਰਾਮਗੜ੍ਹੀਆ ਸ. ਤਾਰਾ ਸਿੰਘ ਦੇ ਪੋਤਰੇ ਸਨ ਸ. ਮੰਗਲ ਸਿੰਘ ਅਤੇ ਸ. ਮੰਗਲ ਸਿੰਘ ਦੇ ਪੋਤਰੇ ਸ. ਸੁੰਦਰ ਸਿੰਘ ਰਾਮਗੜ੍ਹੀਆ, ਜਿਨ੍ਹਾਂ ਦਾ ਜਨਮ ਮਈ, 1879 ਈ. ’ਚ ਸ. ਸ਼ੇਰ ਸਿੰਘ ਦੇ ਘਰ ਹੋਇਆ। ਰਾਮਗੜ੍ਹੀਆ ਮਿਸਲ ਦਾ ਇਤਿਹਾਸ ਬਹੁਤ ਗੌਰਵਮਈ ਤੇ ਸ਼ਾਨਾਂਮੱਤਾ ਰਿਹਾ ਹੈ। ਸਿੱਖਾਂ ਦੀ ਇਸ ਸ਼ਕਤੀਸ਼ਾਲੀ ਤੇ ਹੁਨਰਮੰਦ ਮਿਸਲ ਪਾਸ ਦਸ ਹਜ਼ਾਰ ਘੋੜ ਸਵਾਰ ਫੌਜ ਦਾ ਪ੍ਰਬੰਧ ਸੀ। ਸ. ਸੁੰਦਰ ਸਿੰਘ ਰਾਮਗੜ੍ਹੀਏ ਦੇ ਦਾਦਾ ਸ. ਮੰਗਲ ਸਿੰਘ ਨੇ ਅਪ੍ਰੈਲ 1837 ਈ. ’ਚ ਜਮਰੌਦ ਦੀ ਜੰਗ ’ਚ ਬਹਾਦਰੀ ਨਾਲ ਸ. ਹਰੀ ਸਿੰਘ ਨਲਵੇ ਦਾ ਸਾਥ ਦਿੱਤਾ। ਪਰ ਸਿੱਖ ਰਾਜ ਦੀ ਸਮਾਪਤੀ ’ਤੇ ਸ. ਮੰਗਲ ਸਿੰਘ ਹੁਰੀਂ ਅੰਗਰੇਜ਼ ਸਰਕਾਰ ਦੇ ਹਮਦਰਦ ਬਣ ਗਏ ਅਤੇ ਪਹਿਲੀ ਤੇ ਦੂਸਰੀ ਸੰਸਾਰ ਜੰਗ ਵਿਚ ਅੰਗਰੇਜ਼ਾਂ ਵੱਲੋਂ ਲੜੇ।

ਸ. ਜੋਧ ਸਿੰਘ ਸਰਬਰਾਹ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਮੁਕਤੀ ਤੋਂ ਬਾਅਦ ਸ. ਮੰਗਲ ਸਿੰਘ ਨੂੰ 1862 ਈ. ਨੂੰ ਸ੍ਰੀ ਦਰਬਾਰ ਸਾਹਿਬ ਦੇ ਸਰਬਰਾਹ ਲਾਇਆ ਗਿਆ। ਇਹ ਸਰਬਰਾਹੀ ਇਨ੍ਹਾਂ 17 ਸਾਲ ਲਗਾਤਾਰ ਅੰਤਮ ਸਾਹਾਂ 1879 ਈ. ਤੀਕ ਨਿਭਾਈ। ਇਸ ਸਮੇਂ ਦੌਰਾਨ ਇਨ੍ਹਾਂ ਨੂੰ ਅੰਗਰੇਜ਼ ਸਰਕਾਰ ਵੱਲੋਂ ਬਹੁਤ ਸਾਰੇ ਮਾਣ-ਸਤਿਕਾਰ ਅਤੇ ਅਹੁਦੇ ਦਿੱਤੇ ਗਏ। ਸ. ਮੰਗਲ ਸਿੰਘ ਦੇ ਛੋਟੇ ਸਪੁੱਤਰ ਸ. ਸ਼ੇਰ ਸਿੰਘ ਦੇ ਦੋ ਪੁੱਤਰ ਹੋਏ-ਸੰਤ ਸਿੰਘ ਤੇ ਸੁੰਦਰ ਸਿੰਘ। ਸੰਤ ਸਿੰਘ ਨੇ ਬੀ.ਏ ਦੀ ਡਿਗਰੀ ਪ੍ਰਾਪਤ ਕੀਤੀ ਪਰ ਜੁਆਨ ਉਮਰੇ 1896 ਈ. ਵਿਚ ਚੜ੍ਹਾਈ ਕਰ ਗਿਆ। ਉਨ੍ਹਾਂ ਦਿਨਾਂ ’ਚ ਸ. ਸੁੰਦਰ ਸਿੰਘ ਜੀ ਗੌਰਮਿੰਟ ਕਾਲਜ ਲਾਹੌਰ ਬੀ.ਏ. ’ਚ ਪੜ੍ਹਦੇ ਸਨ। ਇਨ੍ਹਾਂ ਤੇ ਇਨ੍ਹਾਂ ਦੇ ਚਚੇਰੇ ਭਰਾਤਾ ਸ. ਬਿਸ਼ਨ ਸਿੰਘ ਨੂੰ ਅੰਗਰੇਜ਼ ਹਕੂਮਤ ਵੱਲੋਂ 3600/- ਰੁਪਏ ਦੀ ਸਾਲਾਨਾ ਨਗਦ ਜਗੀਰ ਅਤੇ ਬਹੁਤ ਸਾਰੀ ਜ਼ਮੀਨ-ਜਾਇਦਾਦ ਮਿਲੀ ਹੋਈ ਸੀ। ਇਨ੍ਹਾਂ ਦਾ ਪਰਵਾਰ ਉਸ ਸਮੇਂ ਬਹੁਤ ਪੜ੍ਹਿਆ-ਲਿਖਿਆ ਸੀ, ਸ. ਬਿਸ਼ਨ ਸਿੰਘ ਸ਼ਿਮਲੇ ਕਚਿਹਰੀ ’ਚ ਇੰਸਪੈਕਟਰ ਸਨ ਜੋ ਪੰਜਾਬੀ, ਅੰਗਰੇਜ਼ੀ, ਪਰਸ਼ੀਅਨ ਤੇ ਉਰਦੂ ਭਾਸ਼ਾਵਾਂ ਦੇ ਗਿਆਤਾ ਸਨ।

ਸ. ਸੁੰਦਰ ਸਿੰਘ ਰਾਮਗੜ੍ਹੀਆ ਬਹੁਤ ਚੇਤੰਨ ਤੇ ਸਮਰਪਿਤ ਸਿੱਖ ਸਨ। ਇਨ੍ਹਾਂ ਆਪਣੇ ਗੌਰਵਮਈ ਵਿਰਸੇ ਨੂੰ ਸੰਭਾਲਣ ਵਾਸਤੇ 1902 ਈ. ’ਚ ‘ਰਾਮਗੜ੍ਹੀਏ ਸਰਦਾਰਾਂ ਦਾ ਵਿਸ਼ਲੇਸ਼ਣ’ ਨਾਮੀ ਪੁਸਤਕ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਤੇ ਪ੍ਰਕਾਸ਼ਿਤ ਕਰਵਾਈ। ਸ. ਸੁੰਦਰ ਸਿੰਘ ਰਾਮਗੜ੍ਹੀਏ ਦੇ ਦੋ ਸਪੁੱਤਰ ਸਨ– ਸ. ਮਹਿੰਦਰ ਸਿੰਘ ਤੇ ਸ. ਨਰਿੰਦਰ ਸਿੰਘ। ਸ. ਨਰਿੰਦਰ ਸਿੰਘ ਦਿੱਲੀ ’ਚ ਇਨਕਮ ਟੈਕਸ ਅਫ਼ਸਰ ਸਨ।

ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ ਰਚਿਤ ਪੁਸਤਕ ‘ਸ. ਜੱਸਾ ਸਿੰਘ ਰਾਮਗੜੀਆ’ ’ਚ ਅੰਕਤ ਹੈ, ਕਿ ਸ. ਸੁੰਦਰ ਸਿੰਘ ਦਾ ਇਕ ਸਪੁੱਤਰ ਸ. ਨਰਿੰਦਰ ਸਿੰਘ (ਇਨਕਮ ਟੈਕਸ ਅਫ਼ਸਰ ਦਿੱਲੀ) ਸੀ ਪਰ ਯਾਦਗਾਰ ਅਸਥਾਨ ਰਾਮਗੜ੍ਹੀਆ ਦੀ ਸ਼ਿਲਾ ਗੁ: ਸ਼ਹੀਦਾਂ ਸ੍ਰੀ ਅੰਮ੍ਰਿਤਸਰ ਤੋਂ ਸਪੱਸ਼ਟ ਹੁੰਦਾ ਹੈ ਕਿ ਸ. ਮਹਿੰਦਰ ਸਿੰਘ ਵੀ ਸ. ਸੁੰਦਰ ਸਿੰਘ ਦੇ ਸਪੁੱਤਰ ਸਨ।

1849 ਈ. ਸਿੱਖ ਰਾਜ ਦੀ ਸ਼ਾਮ ਪੈ ਜਾਣ ’ਤੇ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਅੰਗਰੇਜ਼ ਸਰਕਾਰ ਨੇ ਆਪਣੇ ਹੱਥ ਲੈ ਲਿਆ। 5 ਸਤੰਬਰ, 1859 ਈ. ਨੂੰ ਸ੍ਰੀ ਦਰਬਾਰ ਸਾਹਿਬ ਤੇ ਸ਼ਹਿਰ ਦੇ ਹੋਰ ਗੁਰਦੁਆਰਿਆਂ ਦੇ ਪ੍ਰਬੰਧ ਸਬੰਧੀ ਵਿਚਾਰ ਕਰਨ ਲਈ ਮਿਸਟਰ ਕਪੂਰ ਡੀ.ਸੀ ਅੰਮ੍ਰਿਤਸਰ ਨੇ ਇਕੱਤ੍ਰਤਾ ਬੁਲਾਈ। ਇਸ ਇਕੱਤ੍ਰਤਾ ਵਿਚ 12-ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਦੇ ਮੁਖੀ ਸ. ਮੰਗਲ ਸਿੰਘ ਸਰਬਰਾਹ ਸਨ, ਜੋ ਕਿ ਸ. ਸੁੰਦਰ ਸਿੰਘ ਜੀ ਰਾਮਗੜ੍ਹੀਏ ਦੇ ਦਾਦਾ ਜੀ ਸਨ। ਡੀ.ਸੀ ਸਾਹਮਣੇ ਇਸ ਕਮੇਟੀ ਨੇ ਇਕਬਾਲ ਕੀਤਾ ਕਿ ਸਰਕਾਰ ਦੀ ਮਦਦ ਬਿਨਾਂ ਅਸੀਂ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਨਹੀਂ ਚਲਾ ਸਕਦੇ। ਅੰਗਰੇਜ਼ ਸਰਕਾਰ ਦੀ ਜੀ-ਹਜ਼ੂਰੀ ਤੇ ਖੁਸ਼ਾਮਦ ਦੀ ਇਹ ਅਖੀਰ ਸੀ। ਹੈਰਾਨੀ ਹੈ, ਕਿ ਜੋ ਸਿੱਖ ਵਿਸ਼ਾਲ ਪੰਜਾਬ ਦੇ ਰਾਜੇ ਬਣ, 50 ਸਾਲ ਲਾਹੌਰ ਦੇ ਸ਼ਾਹੀ ਕਿਲੇ ’ਤੇ ਕੇਸਰੀ ਪਰਚਮ ਝੁਲਾ ਸਕਦੇ ਹਨ ਉਹ ਇਸ ਕਾਬਲ ਵੀ ਨਾ ਰਹੇ ਕਿ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸੁਤੰਤਰ ਰੂਪ ’ਚ ਕਰ ਸਕਣ। ਖੈਰ ਡੀ.ਸੀ ਵੱਲੋਂ ਬਣਾਈ ਕਮੇਟੀ, ਤੇ ਸ. ਮੰਗਲ ਸਿੰਘ ਸਰਬਰਾਹ ਨੇ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਚਲਾਉਣ ਲਈ ਕੁਝ ਨਿਯਮ ਨਿਸ਼ਚਿਤ ਕੀਤੇ।

ਸਰਬਰਾਹ ਦਾ ਅਰਥ ਹੈ : ਸਰਪਰਸਤ, ਇੰਤਜ਼ਾਮ ਕਰਨ ਵਾਲਾ, ਰਸਤਾ ਦਿਖਾਉਣ ਵਾਲਾ। ਵਾਸਤਵ ਵਿਚ ਸ਼ਬਦ ਤਾਂ ਬੜਾ ਹੀ ਪਿਆਰਾ ਸੀ ਪਰ ਇਸ ਪਦਵੀ ਨੂੰ ਅਰੂੜ ਸਿੰਘ ਨੇ ਸਭ ਤੋਂ ਵੱਧ ਬਦਨਾਮ ਕੀਤਾ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਪ੍ਰਬੰਧ ਵਿਚ ਸਭ ਤੋਂ ਵਧੇਰੇ ਨਿਘਾਰ ਅਰੂੜ ਸਿੰਘ ਦੇ ਸਮੇਂ ਆਇਆ। ਇਨ੍ਹਾਂ ਪਾਵਨ-ਪਵਿੱਤਰ ਅਸਥਾਨਾਂ ਦੀ ਪਵਿੱਤ੍ਰਤਾ, ਮਰਯਾਦਾ ਅਤੇ ਸਿੱਖ ਧਾਰਮਿਕ, ਸਦਾਚਾਰਕ, ਸਮਾਜਿਕ ਕਦਰਾਂ-ਕੀਮਤਾਂ ਨਾਲ ਜੋ ਖਿਲਵਾੜ ਇਸ ਸਮੇਂ ਹੋਇਆ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਬਿਆਨ ਕਰਨਾ ਸਾਰਥਕ ਹੈ।

ਅਰੂੜ ਸਿੰਘ ਨੂੰ ਸਰਬਰਾਹੀ ਤੋਂ ਲਾਹੁਣ ਵਾਸਤੇ ਸਿੱਖਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ। ਸਰਬਰਾਹ ਦਾ ਮਾਤਮੀ ਜਲੂਸ ਅਤੇ ਅਰਥੀ ਫੂਕਣ ਦਾ ਪ੍ਰਬੰਧ ਕੀਤਾ ਗਿਆ। 26 ਮਾਰਚ, 1920 ਈ. ਨੂੰ ਅਰੂੜ ਸਿੰਘ ਆਪਣੇ ਖਿਲਾਫ ਹੋ ਰਹੇ ਜਲਸੇ ਵਿਚ ਸ਼ਾਮਲ ਹੋਇਆ ਅਤੇ ਉਸ ਨੇ ਗਲ ਵਿਚ ਪੱਲਾ ਪਾ ਕੇ ਮੁਆਫੀ ਮੰਗੀ ਤੇ ਸਰਬਰਾਹੀ ਤੋਂ ਅਸਤੀਫਾ ਦੇ ਦਿੱਤਾ। ਇਸ ਤਰ੍ਹਾਂ ਸਿੱਖ ਜਥੇਬੰਦਕ ਸ਼ਕਤੀ ਨੂੰ ਉਤਸ਼ਾਹ ਤੇ ਬਲ ਪ੍ਰਾਪਤ ਹੋਇਆ। ਡੀ.ਸੀ ਅੰਮ੍ਰਿਤਸਰ ਨੇ ਅਰੂੜ ਸਿੰਘ ਦੀ ਥਾਂ ਸਤਿਕਾਰਤ ਸਿੱਖ ਪਰਵਾਰ ਨਾਲ ਸਬੰਧਤ ਸ. ਸੁੰਦਰ ਸਿੰਘ ਰਾਮਗੜ੍ਹੀਏ ਨੂੰ ਸ੍ਰੀ ਦਰਬਾਰ ਸਾਹਿਬ ਦਾ ਸਰਬਰਾਹ ਨਿਯੁਕਤ ਕੀਤਾ। ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ, ਸਿੱਖਾਂ ਵੱਲੋਂ ਆਪਣੇ ਅਧਿਕਾਰ-ਖੇਤਰ ’ਚ ਲਏ ਜਾਣ ਸਮੇਂ ਸ. ਸੁੰਦਰ ਸਿੰਘ ਜੀ ਹੀ ਸਰਬਰਾਹ ਸਨ। ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੁਜਾਰੀਆਂ ਵੱਲੋਂ ਨਿਭਾਏ ਗਏ ਰੋਲ ਦੀ ਖ਼ਬਰ ਜਦ ਸਰਬਰਾਹ ਪਾਸ ਪਹੁੰਚੀ ਤਾਂ ਉਨ੍ਹਾਂ ਸਬੰਧਿਤ ਪੁਜਾਰੀਆਂ ਨੂੰ ਸਿੱਖ ਸੰਗਤਾਂ ਪਾਸੋਂ ਮੁਆਫੀ ਮੰਗਣ ਲਈ ਕਿਹਾ, ਪਰ ਪੁਜਾਰੀ ਹੈਂਕੜ ਵਿਚ ਸਨ। ਉਹ ਮੁਆਫੀ ਮੰਗਣ ਤੋਂ ਵੀ ਆਕੀ ਹੋ ਗਏ। ਸਰਬਰਾਹ ਦੀ ਵੀ ਉਨ੍ਹਾਂ ਕੋਈ ਪਰਵਾਹ ਨਾ ਕੀਤੀ। 13 ਅਕਤੂਬਰ, 1920 ਈ. ਨੂੰ ਡੀ.ਸੀ ਅੰਮ੍ਰਿਤਸਰ ਨੇ ਨਵੇਂ ਪੈਦਾ ਹੋਏ ਹਾਲਾਤਾਂ ’ਤੇ ਵਿਚਾਰ ਕਰਨ ਲਈ ਸਰਬਰਾਹ, ਪੁਜਾਰੀਆਂ ਤੇ ਮੁਖੀ ਸਿੱਖਾਂ ਨੂੰ ਆਪਣੀ ਕੋਠੀ ਬੁਲਾਇਆ. ਪਰ ਪੁਜਾਰੀ ਉੱਥੇ ਵੀ ਨਾ ਪੁੱਜੇ। ਡੀ.ਸੀ. ਨੇ ਪ੍ਰਬੰਧ ਕਰਨ ਵਾਸਤੇ 9-ਮੈਂਬਰੀ ਕਮੇਟੀ ਬਣਾਈ ਜਿਸ ਦੇ ਮੁਖੀ ਸ. ਸੁੰਦਰ ਸਿੰਘ ਰਾਮਗੜ੍ਹੀਆ ਸਨ। ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਸਰਬਰਾਹ ਪਾਸ ਹੁੰਦੀਆਂ ਸਨ। ਅਰੂੜ ਸਿੰਘ ਨੂੰ ਸਿੱਖ-ਸ਼ਕਤੀ ਅੱਗੇ ਝੁਕਦਿਆਂ ਜਦ ਸਰਬਰਾਹੀ ਤੋਂ ਹੱਥ ਧੋਣੇ ਪਏ ਤਦ ਉਸ ਨੇ ਨਵੇਂ ਨਿਯੁਕਤ ਸਰਬਰਾਹ ਸ. ਸੁੰਦਰ ਸਿੰਘ ਰਾਮਗੜੀਆਂ ਨੂੰ ਤੋਸ਼ੇਖਾਨੇ ਦੀਆਂ ਚਾਬੀਆਂ ਤਾਂ ਦੇ ਦਿੱਤੀਆਂ ਪਰ ਤੋਸ਼ੇਖਾਨੇ ਦਾ ਬਾਕਾਇਦਾ ਹਿਸਾਬ ਨਹੀਂ ਦਿੱਤਾ। ਸ. ਸੁੰਦਰ ਸਿੰਘ ਰਾਮਗੜ੍ਹੀਏ ਨੇ ਤੋਸ਼ੇਖਾਨੇ ਦੇ ਸਾਰੇ ਸਾਮਾਨ ਦੀਆਂ ਬਾਕਾਇਦਾ ਲਿਸਟਾਂ ਬਣਾਈਆਂ ਤੇ ਹਰ ਚੀਜ਼ ਨੂੰ ਰੀਕਾਰਡ ’ਤੇ ਲਿਆਂਦਾ।

15 ਨਵੰਬਰ, 1920 ਈ. ਨੂੰ 175 ਮੈਂਬਰਾਂ ’ਤੇ ਅਧਾਰਿਤ ਸ਼੍ਰੋਮਣੀ ਗੁ. ਪ੍ਰ. ਕਮੇਟੀ ਬਣਾਈ ਗਈ। ਸਰਕਾਰ ਵੱਲੋਂ ਨਾਮਜ਼ਦ 36-ਮੈਂਬਰੀ ਕਮੇਟੀ ਵੀ ਇਸ ਵਿਚਸ਼ਾਮਲ ਸੀ। ਇਸ ਕਮੇਟੀ ਵੱਲੋਂ ਪੱਕੀ ਚੋਣ ਹੋਣ ਤੀਕ ਸ. ਹਰਬੰਸ ਸਿੰਘ ਅਟਾਰੀ ਪ੍ਰਧਾਨ ਤੇ ਸ. ਸੁੰਦਰ ਸਿੰਘ ਰਾਮਗੜ੍ਹੀਆ ਸਰਬਰਾਹ ਸ੍ਰੀ ਦਰਬਾਰ ਸਾਹਿਬ ਦੀ ਹੈਸੀਅਤ ’ਚ ਕੰਮ ਚਲਾਉਣ। ਇਸ ਤੋਂ ਸਪੱਸ਼ਟ ਹੈ ਕਿ ਸਰਬਰਾਹ ਸ. ਸੁੰਦਰ ਸਿੰਘ ਰਾਮਗੜ੍ਹੀਆ ਦਾ ਕਿਰਦਾਰ ਤੇ ਵਿਵਹਾਰ ਸਿੱਖ-ਸਿਧਾਤਾਂ ਤੇ ਰਹੁ-ਰੀਤਾਂ ਅਨੁਸਾਰ ਹੀ ਹੋਵੇਗਾ ਨਹੀਂ ਤਾਂ ਇਨ੍ਹਾਂ ਨੂੰ ਵੀ ਪੁਜਾਰੀਆਂ ਦੇ ਨਾਲ ਹੀ ਚੱਲਦਾ ਕਰ ਦਿੱਤਾ ਜਾਂਦਾ। 17 ਦਸੰਬਰ 1920 ਈ. ਨੂੰ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਹੋਈ-ਜਿਸ ਵਿਚ ਸ. ਸੁੰਦਰ ਸਿੰਘ ਜੀ ਮਜੀਠੀਆ ਪ੍ਰਧਾਨ, ਸ. ਹਰਬੰਸ ਸਿੰਘ ਅਟਾਰੀ ਮੀਤ ਪ੍ਰਧਾਨ ਤੇ ਸ. ਸੁੰਦਰ ਸਿੰਘ ਰਾਮਗੜ੍ਹੀਆ ਸਕੱਤਰ ਚੁਣੇ ਗਏ। ਫਰਵਰੀ, 1921 ਈ. ’ਚ ਨਨਕਾਣਾ ਸਾਹਿਬ ਦਾ ਦੁਖਦਾਈ ਸਾਕਾ ਵਾਪਰ ਗਿਆ। 21 ਫਰਵਰੀ 1921 ਈ. ਨੂੰ ਸਵੇਰ ਸਮੇਂ ਹੀ ਸ. ਸੁੰਦਰ ਸਿੰਘ ਰਾਮਗੜ੍ਹੀਆ ਤੇ ਸ. ਹਰਬੰਸ ਸਿੰਘ ਅਟਾਰੀ ਡਾਕਟਰਾਂ ਦੀ ਟੀਮ ਨਾਲ ਉੱਥੇ ਹਾਜ਼ਰ ਸਨ।

ਜੁਲਾਈ, 1921 ਈ. ’ਚ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੀ ਬਾਕਾਇਦਾ ਚੋਣ ਹੋਈ ਅਤੇ 14 ਅਗਸਤ, 1921 ਈ. ਨੂੰ ਅਹੁਦੇਦਾਰ ਚੁਣੇ ਗਏ। ਇਸ ਚੋਣ ਸਮੇਂ ਬਾਬਾ ਖੜਕ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਕਮੇਟੀ, ਸ. ਸੁੰਦਰ ਸਿੰਘ ਰਾਮਗੜ੍ਹੀਆ ਮੀਤ ਪ੍ਰਧਾਨ ਅਤੇ ਸ. ਮਹਿਤਾਬ ਸਿੰਘ ਜਨਰਲ ਸਕੱਤਰ ਚੁਣੇ ਗਏ। ਰਾਮਗੜ੍ਹੀਏ ਸਰਦਾਰਾਂ ਵਾਸਤੇ ਇਹ ਇਕ ਵੱਡੀ ਪ੍ਰਾਪਤੀ ਸੀ। ਸ਼੍ਰੋਮਣੀ ਗੁ. ਪ੍ਰ. ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵਾਸਤੇ ਚਾਰ-ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿਚ ਸੁੰਦਰ ਸਿੰਘ ਜੀ ਵੀ ਮੁਖੀ ਦੇ ਰੂਪ ’ਚ ਸ਼ਾਮਲ ਸਨ। ਸਤੰਬਰ, 1921 ਈ. ’ਚ ਸ੍ਰੀ ਦਰਬਾਰ ਸਾਹਿਬ ਤੇ ਸਥਾਨਕ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਸਤੇ ਸਥਾਨਕ 9-ਮੈਂਬਰੀ ਕਮੇਟੀ ਬਣਾਈ ਗਈ, ਜਿਸ ਦੇ ਪ੍ਰਧਾਨ ਵੀ ਸ. ਸੁੰਦਰ ਸਿੰਘ ਰਾਮਗੜ੍ਹੀਆ ਜੀ ਸਨ।

ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਗੁਰ-ਮਰਯਾਦਾ ਅਨੁਸਾਰ ਠੀਕ ਚੱਲ ਰਿਹਾ ਸੀ। ਸ. ਸੁੰਦਰ ਸਿੰਘ ਰਾਮਗੜ੍ਹੀਆ ਭਾਵੇਂ ਕਿ ਸਰਕਾਰ ਦੁਆਰਾ ਨਿਯੁਕਤ ਸਰਬਰਾਹ ਸਨ, ਪਰ ਉਹ ਹਮੇਸ਼ਾ ਸਿੱਖੀ ਸਿਧਾਂਤ ਤੇ ਮਰਯਾਦਾ ਨੂੰ ਸਮਰਪਿਤ ਰਹੇ। ਨਵ- ਨਿਯੁਕਤ ਸ਼੍ਰੋਮਣੀ ਕਮੇਟੀ ’ਚ ਉਨ੍ਹਾਂ ਨੂੰ ਸਤਿਕਾਰਤ ਅਹੁਦਾ ਪ੍ਰਾਪਤ ਹੋਇਆ ਅਤੇ ਉਹ ਆਪਣੀ ਹਰ ਡਿਊਟੀ ਤਨ-ਮਨ ਤੋਂ ਗੁਰੂ-ਗ੍ਰੰਥ ਤੇ ਗੁਰੂ-ਪੰਥ ਨੂੰ ਸਮਰਪਿਤ ਹੋ ਕਰ ਰਹੇ ਸਨ। 20 ਅਪ੍ਰੈਲ, 1921 ਈ. ਨੂੰ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁ. ਪ੍ਰ. ਕਮੇਟੀ ਹਵਾਲੇ ਕਰ ਦਿੱਤਾ ਗਿਆ ਹੈ। ਤੋਸ਼ੇਖਾਨੇ ਦੀਆਂ ਚਾਬੀਆਂ ਸ. ਸੁੰਦਰ ਸਿੰਘ ਜੀ ਪਾਸ ਹੀ ਸਨ, ਜੋ ਉਸ ਸਮੇਂ ਮੀਤ ਪ੍ਰਧਾਨ ਤੇ ਸਰਬਰਾਹ ਵੀ ਸਨ। ਸਰਦਾਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਤੇ ਸਹਿਯੋਗੀ ਸਨ, ਇਸ ਕਰ ਕੇ ਤੋਸ਼ੇਖਾਨੇ ਦੀਆਂ ਚਾਬੀਆਂ ਉਨ੍ਹਾਂ ਪਾਸੋਂ ਲੈਣ ਦੀ ਲੋੜ ਹੀ ਨਾ ਸਮਝੀ ਗਈ। ਪਰ ਕੁਝ ਸਮੇਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਨੇ ਮੰਗ ਕੀਤੀ ਕਿ ਤੋਸ਼ੇਖਾਨੇ ਦੀਆਂ ਚਾਬੀਆਂ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪਾਸ ਹੋਣੀਆਂ ਚਾਹੀਦੀਆਂ ਹਨ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਨੇ 29 ਅਕਤੂਬਰ, 1921 ਈ. ਨੂੰ ਮਤਾ ਪਾਸ ਕਰ ਦਿੱਤਾ। ਇਹ ਖ਼ਬਰ ਡੀ.ਸੀ.ਅੰਮ੍ਰਿਤਸਰ ਪਾਸ ਵੀ ਪਹੁੰਚ ਗਈ। 7 ਨਵੰਬਰ, 1921 ਈ. ਨੂੰ ਲਾਲਾ ਅਮਰਨਾਥ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਪੁਲਿਸ ਗਾਰਦ ਸਮੇਤ ਸ. ਸੁੰਦਰ ਸਿੰਘ ਰਾਮਗੜ੍ਹੀਆ ਦੇ ਮਕਾਨ ’ਤੇ ਗਿਆ ਤੇ ਤੋਸ਼ੇਖਾਨੇ ਦੀਆਂ ਚਾਬੀਆਂ ਦੀ ਮੰਗ ਕੀਤੀ। ਸ. ਸੁੰਦਰ ਸਿੰਘ ਜੀ ਨੇ ਚਾਬੀਆਂ ਵਸੂਲੀ ਪ੍ਰਾਪਤ ਕਰ ਕੇ ਦੇ ਦਿੱਤੀਆਂ ਅਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਚਿਤ ਕਰ ਦਿੱਤਾ। ਡੀ.ਸੀ. ਅੰਮ੍ਰਿਤਸਰ ਨੇ ਬਿਆਨ ਦਿੱਤਾ ਕਿ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਜਮਾਤ ਨਹੀਂ। ਸਰਕਾਰ ਨੂੰ ਖਦਸ਼ਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬਰਾਹ ਪਾਸੋਂ ਚਾਬੀਆਂ ਖੋਹ ਲਵੇਗੀ। ਇਸ ਲਈ ਸਰਕਾਰ ਨੂੰ ਮਜਬੂਰ ਹੋ ਕੇ ਸਰਬਰਾਹ ਤੋਂ ਚਾਬੀਆਂ ਲੈਣੀਆਂ ਪਈਆਂ।

ਅੰਗਰੇਜ਼ ਸਰਕਾਰ ਨੇ ਸ. ਸੁੰਦਰ ਸਿੰਘ ਰਾਮਗੜ੍ਹੀਏ ਦੀ ਥਾਂ ਇਕ ਆਪਣੇ ਵਫ਼ਾਦਾਰ ਕੈਪਟਨ ਬਹਾਦਰ ਸਿੰਘ ਨੂੰ ਸਰਬਰਾਹ ਨਿਯੁਕਤ ਕਰ ਦਿੱਤਾ। ਸ. ਸੁੰਦਰ ਸਿੰਘ ਦਾ ਕਸੂਰ ਸਿਰਫ ਇਹੀ ਸੀ ਕਿ ਉਹ ਪੰਥ ਨਾਲ ਵਫ਼ਾਦਾਰ ਹੋ ਕੇ ਸ਼੍ਰੋਮਣੀ ਕਮੇਟੀ ਨਾਲ ਚਲਦਾ ਸੀ। ਪਰ ਸਰਕਾਰ ਨੂੰ ਸਰਕਾਰ ਭਗਤ ਸਰਬਰਾਹ ਦੀ ਲੋੜ ਸੀ ਜੋ ਪੂਰੀ ਹੋ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 12 ਨਵੰਬਰ, 1921 ਈ. ਨੂੰ ਫ਼ੈਸਲਾ ਕੀਤਾ ਕਿ ਨਵੇਂ ਸਰਬਰਾਹ ਨੂੰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ’ਚ ਦਖਲ ਨਹੀਂ ਦੇਣ ਦਿੱਤਾ ਜਾਵੇਗਾ। ਨਵੇਂ ਸਰਬਰਾਹ ਨੂੰ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦਾ ਚਾਰਜ ਵੀ ਨਾ ਦਿੱਤਾ ਗਿਆ। ਨਵਾਂ ਸਰਬਰਾਹ ਸਿੱਖ ਜਥੇਬੰਧਕ ਸ਼ਕਤੀ ਦਾ ਤੇਜ਼ ਨਾ ਝੱਲ ਸਕਿਆ ਜਿਸ ਕਾਰਨ ਉਹ ਸਰੀਰਿਕ ਤੇ ਮਾਨਸਿਕ ਤੌਰ ’ਤੇ ਸਖ਼ਤ ਬੀਮਾਰ ਹੋ ਗਿਆ, ਅਖ਼ੀਰ ਵਿਚਾਰੇ ਨੂੰ ਅਸਤੀਫਾ ਦੇਣਾ ਪਿਆ।

21 ਨਵੰਬਰ, 1921 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਬੀਆਂ ਦਾ ਮੋਰਚਾ ਲਗਾ ਦਿਤਾ ਜੋ 17 ਜਨਵਰੀ, 1922 ਈ. ਨੂੰ ਸਫ਼ਲ ਤੇ ਸੰਪੂਰਨ ਹੋਇਆ ਜਦ ਡੀ.ਸੀ. ਅੰਮ੍ਰਿਤਸਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਖੁਦ ਆ ਕੇ ਚਾਬੀਆਂ ਭੇਟ ਕੀਤੀਆਂ। ਉਸ ਸਮੇਂ ਸ. ਸੁੰਦਰ ਸਿੰਘ ਰਾਮਗੜ੍ਹੀਆ ਅਤੇ ਹੋਰ ਪਤਵੰਤੇ ਸਿੱਖ ਹਾਜ਼ਰ ਸਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਰੀਕਾਰਡ ਅਤੇ ਇਕੱਤਰਤਾ ਘਰ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ’ਚ ਪ੍ਰਧਾਨਗੀ ਪਦ ’ਤੇ ਸ਼ੋਭਨੀਕ ਰਹੇ ਗੁਰਸਿੱਖਾਂ ਦੀ ਸੂਚੀ ’ਚ ਸ. ਸੁੰਦਰ ਸਿੰਘ ਰਾਮਗੜ੍ਹੀਏ ਦਾ ਨਾਂ ਤੀਸਰੇ ਥਾਂ ’ਤੇ ਅੰਕਿਤ ਹੈ। ਇਸ ਤਰ੍ਹਾਂ ਇਹ 19 ਫਰਵਰੀ, 1922 ਈ. ਤੋਂ 16 ਜੂਨ, 1923 ਈ. ਤੀਕ ਸ਼੍ਰੋਮਣੀ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਪਦਵੀ ’ਤੇ ਸੁਸ਼ੋਭਿਤ ਰਹੇ।

ਇਸ ਤੋਂ ਇਲਾਵਾ ਸਰਦਾਰ ਸਾਹਿਬ ਕੁਝ ਸਮਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਅੱਵਲ ਦਰਜਾ ਆਨਰੇਰੀ ਮੈਜਿਸਟ੍ਰੇਟ ਵੀ ਰਹੇ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਦੀ ਪ੍ਰਮੁੱਖ ਸ਼ਖ਼ਸੀਅਤ ਸ. ਸੁੰਦਰ ਸਿੰਘ ਜੀ ਰਾਮਗੜ੍ਹੀਆ 47 ਸਾਲ ਦੀ ਉਮਰ ’ਚ 7 ਅਪ੍ਰੈਲ, 1926 ਈ. ਨੂੰ ਦਿਲ ਦਾ ਦੌਰਾ ਪੈ ਜਾਣ ਕਾਰਨ ਗੁਰਪੁਰੀ ਪਿਆਨਾ ਕਰ ਗਏ।

ਸ. ਸੁੰਦਰ ਸਿੰਘ ਰਾਮਗੜ੍ਹੀਏ ਤੇ ਉਨ੍ਹਾਂ ਦੇ ਪਰਵਾਰ ਦੀ ਇਕ ਹੀ ਯਾਦਗਾਰ ਬਾਕੀ ਹੈ, ਜਿਸ ਦੀ ਇਬਾਰਤ ਇਸ ਤਰ੍ਹਾਂ ਹੈ : ਇਹ ਸੁਫ਼ੇਦ ਜ਼ਮੀਨ ਰਾਮਗੜ੍ਹੀਏ ਜਿਸਦਾ ਖੇਤਰਫਲ 1786-08 ਵਰਗ ਗਜ਼ ਹੈ, ਸ. ਤਰਲੋਚਨ ਸਿੰਘ ਸਪੁੱਤਰ ਸ. ਬਿਸ਼ਨ ਸਿੰਘ ਰਾਮਗੜ੍ਹੀਆ, ਸ. ਮਹਿੰਦਰ ਸਿੰਘ ਸਪੁੱਤਰ ਸ. ਸੁੰਦਰ ਸਿੰਘ ਰਾਮਗੜੀਆ, ਸਰਦਾਰਨੀ ਮਨਮੋਹਨ ਕੌਰ ਸੁਪਤਨੀ ਸ. ਨਰਿੰਦਰ ਸਿੰਘ ਜੀ ਰਾਮਗੜੀਆ ਨੇ ਹਿਬਾ ਕਰ ਕੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਨਵੀਂ ਇਮਾਰਤ ਬਨਣ ਲਈ ਉਕਤ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਸਤਿਕਾਰ ਨਾਲ ਅਰਪਨ ਕੀਤੀ। ਇਸ ਜ਼ਮੀਨ ’ਚ ਰਾਮਗੜ੍ਹੀਏ ਸਰਦਾਰਾਂ ਦੀਆਂ ਯਾਦਗਾਰਾਂ ਸਨ, ਸ. ਜੋਧ ਸਿੰਘ ਰਾਮਗੜ੍ਹੀਆ ਤੋਂ ਲੈ ਕੇ ਸ. ਸੁੰਦਰ ਸਿੰਘ ਰਾਮਗੜ੍ਹੀਆ ਸਮੇਤ ਕੁੱਲ 13 ਯਾਦਗਾਰਾਂ ਸਨ। ਸ. ਸੁੰਦਰ ਸਿੰਘ ਜੀ ਰਾਮਗੜ੍ਹੀਏ ਦੀ ਯਾਦਗਾਰ ਵਜੋਂ ਹੁਣ ਕੇਵਲ ਇਹ ਸਿਲ ਹੀ ਬਾਕੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)