ਸ. ਸੁੰਦਰ ਸਿੰਘ ਜੀ ਮਜੀਠੀਆ ਦਾ ਜਨਮ 17 ਫਰਵਰੀ, 1872 ਈ: ਨੂੰ ਕਸਬਾ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਖਾਲਸਾ ਰਾਜ ਦੇ ਸਤਿਕਾਰਤ ਮਜੀਠੀਏ ਪਰਵਾਰ ਵਿਚ ਹੋਇਆ। ਇਨ੍ਹਾਂ ਦੇ ਪਿਤਾ ਰਾਜਾ ਸੂਰਤ ਸਿੰਘ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਸਮੇਂ ਇਨ੍ਹਾਂ ਦੇ ਦਾਦਾ ਸ. ਅਤਰ ਸਿੰਘ ਨੂੰ ਜਗੀਰ ਪ੍ਰਾਪਤ ਹੋਈ। ਸ. ਅਤਰ ਸਿੰਘ ਦੀ ਸ਼ਹਾਦਤ ਰਣਤੱਤੇ ’ਚ ਹੋਣ ਉਪਰੰਤ ਉਨ੍ਹਾਂ ਦੇ ਸਪੁੱਤਰ ਰਾਜਾ ਸੂਰਤ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਦਾ ਗਵਰਨਰ ਲਗਾਇਆ।
ਸ. ਸੁੰਦਰ ਸਿੰਘ ਹੋਰੀਂ ਦੋ ਭਾਈ ਸਨ- ਇਨ੍ਹਾਂ ਦੇ ਵੱਡੇ ਭਰਾਤਾ ਦਾ ਨਾਮ ਸ. ਉਮਰਾਓ ਸਿੰਘ ਸੀ। 1875 ਈ: ’ਚ ਇਨ੍ਹਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਤੇ 6 ਸਾਲ ਬਾਅਦ ਇਨ੍ਹਾਂ ਦੇ ਪਿਤਾ ਜੀ ਵੀ ਗੁਰਪੁਰੀ ਪਿਆਨਾ ਕਰ ਗਏ। ਮਾਤਾ-ਪਿਤਾ ਦੇ ਸਦੀਵੀ ਵਿਛੋੜੇ ਦਾ ਇਨ੍ਹਾਂ ਦੇ ਬਾਲ-ਮਨ ’ਤੇ ਬਹੁਤ ਅਸਰ ਹੋਇਆ। ਮੈਟ੍ਰਿਕ ਲਾਹੌਰ ਤੋਂ ਕਰਨ ਉਪਰੰਤ ਸ. ਸੁੰਦਰ ਸਿੰਘ ਉਚੇਰੀ ਵਿੱਦਿਆ ਦੀ ਪ੍ਰਾਪਤੀ ਲਈ ਗੌਰਮਿੰਟ ਕਾਲਜ ਲਾਹੌਰ ਦਾਖਲ ਹੋਏ ਪਰ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਕਾਲਜ ਛੱਡਣਾ ਪਿਆ। ਕਾਲਜ ਦੀ ਪੜ੍ਹਾਈ ਕਰਨ ਦੌਰਾਨ ਹੀ ਇਨ੍ਹਾਂ ਨੂੰ ਫੋਟੋਗ੍ਰਾਫੀ ਦਾ ਸ਼ੌਂਕ ਪੈਦਾ ਹੋਇਆ।
1889 ਈ: ’ਚ 17 ਸਾਲ ਦੀ ਭਰ ਜੁਆਨੀ ਦੀ ਉਮਰ ’ਚ ਸ. ਸੁੰਦਰ ਸਿੰਘ ਹੋਰੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਗੁਰੂ-ਪਰਵਾਰ ਦੇ ਮੈਂਬਰ ਬਣ ਗਏ, ਜਿਸ ਨਾਲ ਗੁਰਬਾਣੀ-ਸਤਿਕਾਰ ਅਤੇ ਪੰਥਕ ਪਿਆਰ ਦੀ ਲਗਨ ਇਨ੍ਹਾਂ ਨੂੰ ਲੱਗ ਗਈ। ਇਨ੍ਹਾਂ ਦਾ ਅਨੰਦ ਕਾਰਜ ਸ. ਬਿਕਰਮ ਸਿੰਘ ਫਰੀਦਕੋਟ ਦੀ ਸਪੁੱਤਰੀ ਨਾਲ ਹੋਇਆ, ਪਰ ਉਹ 1888 ਈ. ’ਚ ਹੀ ਅਕਾਲ ਚਲਾਣਾ ਕਰ ਗਈ। 1889 ਈ. ਵਿਚ ਇਨ੍ਹਾਂ ਦਾ ਦੂਸਰਾ ਵਿਆਹ ਸਰਦਾਰਨੀ ਪਰਸੰਨ ਕੌਰ ਸਪੁੱਤਰੀ ਸ. ਅਤਰ ਸਿੰਘ ਪਟਿਆਲਾ ਨਾਲ ਹੋਇਆ। ਇਨ੍ਹਾਂ ਦੇ ਪੰਜ ਸਪੁੱਤਰ ਸਨ – ਸ. ਕਿਰਪਾਲ ਸਿੰਘ, ਸ. ਨਰੈਣ ਸਿੰਘ, ਸ. ਸੁਰਿੰਦਰ ਸਿੰਘ, ਸ. ਭਗਵਾਨ ਸਿੰਘ ਤੇ ਸ. ਸੁਰਜੀਤ ਸਿੰਘ।
ਸ. ਸੁੰਦਰ ਸਿੰਘ ਜੀ ਮਜੀਠੀਏ ਦੇ ਜੀਵਨ-ਸੰਗਰਾਮ ਤੇ ਧਾਰਮਿਕ-ਸਮਾਜਿਕ-ਰਾਜਸੀ ਖੇਤਰ ਵਿਚ ਪਾਏ ਗਏ ਯੋਗਦਾਨ ਨੂੰ ਸੰਖੇਪ ਵਿਚ ਦੇਖਿਆ ਜਾ ਸਕਦਾ ਹੈ। ਆਪ 1892 ਈ. ’ਚ ਸਮਾਜ-ਸੇਵਾ ’ਚ ਕੁੱਦ ਪਏ। 15 ਮਾਰਚ, 1892 ਈ. ’ਚ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਦੀ ਅਰੰਭਤਾ ਕਰਵਾਈ। 1894 ਈ. ’ਚ ਸ੍ਰੀ ਗੁਰੂ ਸਿੰਘ ਸਭਾ ਸ੍ਰੀ ਅੰਮ੍ਰਿਤਸਰ ਦੇ ਸਕੱਤਰ ਚੁਣੇ ਗਏ। 20 ਅਕਤੂਬਰ, 1902 ਈ. ’ਚ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਹੋਂਦ ’ਚ ਆਇਆ ਤਾਂ ਇਸ ਦੇ ਪਹਿਲੇ ਸਕੱਤਰ ਬਣੇ ਅਤੇ ਨਿਰੰਤਰ 1930 ਈ. ਤਕ ਸਕੱਤਰ ਬਣੇ ਰਹੇ। 1902 ਈ. ’ਚ ਹੀ ਖਾਲਸਾ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਬਣੇ ਅਤੇ 1912 ਈ. ਤੀਕ ਇਹ ਸੇਵਾ ਕਰਦੇ ਰਹੇ। 1904 ਈ. ਵਿਚ ਚੀਫ ਖਾਲਸਾ ਦੀਵਾਨ ਵੱਲੋਂ ਸੈਂਟਰਲ ਖਾਲਸਾ ਯਤੀਮਖਾਨਾ ਸਥਾਪਿਤ ਕੀਤਾ ਗਿਆ, ਜਿਸ ਨੇ ਸਮਾਜ ਭਲਾਈ ਵਿਚ ਇਤਿਹਾਸਕ ਹਿੱਸਾ ਪਾਇਆ। 1908 ਈ. ਵਿਚ ਪੰਜਾਬ ਐਂਡ ਸਿੰਘ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਬਣੇ। 22 ਅਕਤੂਬਰ, 1909 ਈ. ’ਚ ਇਨ੍ਹਾਂ ਦੇ ਯਤਨਾਂ ਸਦਕਾ ਅਨੰਦ ਮੈਰਿਜ ਐਕਟ ਪਾਸ ਹੋਇਆ।
1909 ਈ. ਤੋਂ 1914 ਈ. ਤੇ 1918 ਈ. ਤਕ ਮੈਂਬਰ ਗਵਰਨਰ ਜਨਰਲ ਕੌਂਸਲ। 1911 ਈ. ਵਿਚ ਇਨ੍ਹਾਂ ਨੂੰ ਸਮੇਂ ਦੀ ਸਰਕਾਰ ਵੱਲੋਂ ਸਰਦਾਰ ਬਹਾਦਰ ਦਾ ਖਿਤਾਬ ਦਿੱਤਾ ਗਿਆ। ਆਪ 1920-1941 ਈ. ਤਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਚੇਅਰਮੈਨ ਰਹੇ। ਆਪ ਨੇ 1920 ਈ. ਤੋਂ 22 ਈ. ਤਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸੇਵਾ-ਸੰਭਾਲ ਕਰਵਾਈ।
1921 ਈ. ਤੋਂ 1926 ਈ. ਤੀਕ ਆਪ ਪੰਜਾਬ ਸਰਕਾਰ ਦੇ ਰੈਵੀਨਿਊ ਮੰਤਰੀ ਰਹੇ।
ਸਿੱਖ ਰਾਜ ਦੀਆਂ ਸ਼ਾਮਾਂ ਪੈਣ ਜਾਣ ਤੋਂ ਬਾਅਦ 16 ਨਵੰਬਰ, 1920 ਈ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਿੱਖਾਂ ਦਾ ਪਹਿਲਾ ਪ੍ਰਤੀਨਿਧ ਇਕੱਠ ਹੋਇਆ। ਇਸ ਪ੍ਰਤੀਨਿਧ ਇਕੱਠ ਵਿਚ ਪ੍ਰਤੀਨਧਤਾ ਦੇਣ ਲਈ ਦੇਸ਼ ਭਰ ’ਚੋਂ ਗੁਰਦੁਆਰਿਆਂ, ਤਖ਼ਤ ਸਾਹਿਬਾਨ, ਸਿੰਘ ਸਭਾਵਾਂ, ਸਕੂਲਾਂ-ਕਾਲਜਾਂ, ਚੀਫ਼ ਖਾਲਸਾ ਦੀਵਾਨ, ਧਾਰਮਿਕ ਸੰਸਥਾਵਾਂ, ਟਕਸਾਲ, ਨਿਹੰਗ ਜਥੇਬੰਦੀਆਂ ਆਦਿ ਨੂੰ ਸੱਦਿਆ ਗਿਆ। ਅੰਗਰੇਜ਼ ਸਰਕਾਰ ਦੀ ਇੱਛਾ ਸੀ ਕਿ ਸਿੱਖ ਸ਼ਕਤੀ ਕਿਸੇ ਵੀ ਤਰ੍ਹਾਂ ਜਥੇਬੰਦਕ ਰੂਪ ਧਾਰਨ ਨਾ ਕਰ ਸਕੇ, ਇਸ ਲਈ ਉਨ੍ਹਾਂ ਨੇ ਪ੍ਰਤੀਨਿਧ ਇਕੱਠ ਤੋਂ ਪਹਿਲਾਂ ਹੀ 36-ਮੈਂਬਰੀ ਕਮੇਟੀ ਇਸ ਮਸਲੇ ਨੂੰ ਹੱਲ ਕਰਨ ਲਈ ਬਣਾ ਦਿੱਤੀ, ਜਿਸ ਵਿਚ ਸ. ਸੁੰਦਰ ਸਿੰਘ ਮਜੀਠੀਆ ਦਾ ਨਾਂ ਵੀ ਸ਼ਾਮਲ ਸੀ। ਪਰ ਦੂਰਦਰਸ਼ੀ-ਸੂਝਵਾਨ ਸਿੱਖਾਂ ਦੀ ਸੋਚ ਸਦਕਾ ਪ੍ਰਤੀਨਿਧ ਇਕੱਠ ਸਮੇਂ ਸਿਰ ਹੋਇਆ ਤੇ 175-ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦਾ ਨਾਂ ਸ਼੍ਰੋਮਣੀ ਗੁ:ਪ੍ਰ:ਕਮੇਟੀ ਰੱਖਿਆ ਗਿਆ। ਸਿੱਖ ਸ਼ਕਤੀ ਦੀ ਏਕਤਾ ਤੇ ਜਥੇਬੰਦਕ ਸਰੂਪ ਨੂੰ ਬਣਾਈ ਰੱਖਣ ਲਈ ਸਰਕਾਰ ਦੁਆਰਾ ਨਾਮਜ਼ਦ 36-ਮੈਂਬਰੀ ਕਮੇਟੀ ਨੂੰ ਵੀ ਇਸ ਵਿਚ ਸ਼ਾਮਲ ਕਰ ਲਿਆ। ਭਾਵੇਂ ਕਿ ਕੁਝ ਸਿੱਖਾਂ ਨੇ ਵਿਰੋਧ ਕੀਤਾ ਕਿ ਨਾਮਜ਼ਦ ਕਮੇਟੀ ਅੰਗਰੇਜ਼ ਭਗਤ ਹਨ ਪਰ ਪੰਥਕ ਸ਼ਕਤੀ ਦੀ ਏਕਤਾ ਤੇ ਵਡੇਰੇ ਹਿੱਤਾਂ ਨੂੰ ਸਨਮੁਖ ਰੱਖਦਿਆਂ ਸਭ ਨੇ ਫ਼ੈਸਲੇ ਨੂੰ ਪ੍ਰਵਾਨ ਕਰ ਲਿਆ। ਅਪ੍ਰੈਲ, 1919 ਈ. ’ਚ ਸਿੱਖਾਂ ’ਚ ਬਦਅਮਨੀ ਫੈਲਾਉਣ ਵਾਸਤੇ ਅਫਵਾਹ ਫੈਲਾ ਦਿੱਤੀ ਕਿ ਕਿਸੇ ਸ਼ਰਾਰਤੀ ਧੋਖੇਬਾਜ਼ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਚ ਬੰਬ ਰੱਖ ਦਿੱਤਾ ਹੈ। ਇਹ ਅਫਵਾਹ ਉੱਡਦੀ-ਉੱਡਦੀ ਸਿੱਖ ਬੈਰਕਾਂ ਵਿਚ ਵੀ ਪਹੁੰਚ ਗਈ। ਸ. ਮਜੀਠੀਆ ਨੇ ਇਸ ਖੰਡਨ ਲਈ ਤਾਰਾਂ ਦਿੱਤੀਆਂ ਅਤੇ ਚੀਫ ਖਾਲਸਾ ਦੀਵਾਨ ਰਾਹੀਂ ਬਰਾਦਰੀ ਅਧਿਕਾਰੀਆਂ ਨੂੰ ਮਿਲ ਕੇ ਇਸ ਅਧਿਕਾਰਤ ਖੰਡਨ ਲਈ ਕਿਹਾ।
ਖਾਲਸਾ ਬਰਾਦਰੀ ਸ੍ਰੀ ਅੰਮ੍ਰਿਤਸਰ ਵੱਲੋਂ 12 ਅਕਤੂਬਰ, 1920 ਈ. ਨੂੰ ਜੱਲ੍ਹਿਆਂਵਾਲੇ ਬਾਗ ਵਿਖੇ ਸਾਲਾਨਾ ਇਕੱਤ੍ਰਤਾ ਬੁਲਾਈ ਜਿਸ ਵਿਚ ਸ. ਸੁੰਦਰ ਸਿੰਘ ਮਜੀਠੀਆ ਵੀ ਹਾਜ਼ਰ ਸਨ। ਖਾਲਸਾ ਕਾਲਜ ਦੇ ਪ੍ਰੋਫੈਸਰ ਤੇ ਵਿਦਿਆਰਥੀ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਖਾਲਸਾ ਬਰਾਦਰੀ ਨੇ ਜੁੜੀ ਸੰਗਤ ਵਾਸਤੇ ਲੰਗਰ ਤਿਆਰ ਕੀਤਾ ਅਤੇ ਸ. ਸੁੰਦਰ ਸਿੰਘ ਮਜੀਠੀਆ ਨੇ ਸੰਗਤ ’ਚ ਬੈਠ ਕੇ ਛਕਿਆ। ਸਰਦਾਰ ਸਾਹਿਬ ਖਾਲਸਾ ਬਰਾਦਰੀ ਵਾਲਿਆਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਾਜ਼ਰ ਹੋਏ। ਸ. ਤੇਜਾ ਸਿੰਘ ਚੂਹੜਕਾਣਾ ਅਤੇ ਸ. ਕਰਤਾਰ ਸਿੰਘ ਝੱਬਰ ਵੀ ਪ੍ਰਕਰਮਾ ਵਿਚ ਹੀ ਸਨ। ਥੋੜ੍ਹੀ ਨੋਕ-ਝੋਕ ਤੋਂ ਬਾਅਦ ਪੁਜਾਰੀ ਸ੍ਰੀ ਦਰਬਾਰ ਸਾਹਿਬ ਵਿਖੇ ਖਾਲਸਾ ਬਰਾਦਰੀ ਵੱਲੋਂ ਤਿਆਰ ਕੀਤਾ ਕੜਾਹ ਪ੍ਰਸ਼ਾਦਿ ਭੇਂਟ ਕਰਨ ਲਈ ਤਿਆਰ ਹੋ ਗਏ। ਕੜਾਹ ਪ੍ਰਸ਼ਾਦਿ ਦੀ ਪ੍ਰਵਾਨਗੀ ਦੀ ਅਰਦਾਸ ਸ. ਸੁੰਦਰ ਸਿੰਘ ਮਜੀਠੀਆ ਨੇ ਕੀਤੀ।
ਭਾਈ ਜੋਧ ਸਿੰਘ ਨੇ ਭੁੱਲਾਂ ਬਖਸ਼ਾਉਣ ਵਾਲੇ ਸਿੱਖਾਂ ਦਾ ਜ਼ਿਕਰ ਕੀਤਾ। ਪ੍ਰਤੀਨਿਧ ਇਕੱਠ ਦੀ ਸਮੁੱਚੀ ਕਾਰਵਾਈ ਵਾਚਦਿਆਂ ਮੇਰੇ ਸਨਮੁਖ ਹੈਰਾਨੀ ਜਨਕ ਸੱਚ ਸਾਹਮਣੇ ਆਏ ਹਨ ਕਿ ਸਿੱਖਾਂ ਵਿਚ ਉਸ ਸਮੇਂ ਕਿਤਨੀ ਪੰਥ-ਪ੍ਰਸਤੀ, ਗੁਰੂ-ਸਮਰਪਣ, ਚੇਤਨਤਾ ਤੇ ਗਿਆਨ-ਪ੍ਰਾਪਤੀ ਦੀ ਸਿੱਕ ਸੀ! ਪ੍ਰਤੀਨਿਧ ਇਕੱਠ ਦੀ ਸੁਧਾਈ ਵਾਸਤੇ ਗੁਰਮਤਿ ਮਰਯਾਦਾ ਅਨੁਸਾਰ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਗਈ। ਉਨ੍ਹਾਂ ਵਿੱਚੋਂ ਤਿੰਨ ਪਿਆਰੇ ਵਿਦਿਅਕ ਯੋਗਤਾ ਵਜੋਂ ਉਸ ਸਮੇਂ ਐਮ.ਏ. ਸਨ। ਸੰਤ ਭਾਈ ਤੇਜਾ ਸਿੰਘ ਐਮ.ਏ. (ਮਸਤੂਆਣਾ), ਭਾਈ ਜੋਧ ਸਿੰਘ ਐਮ.ਏ, ਬਾਵਾ ਹਰਿਕਿਸ਼ਨ ਸਿੰਘ ਐਮ.ਏ., ਜਥੇਦਾਰ ਭਾਈ ਤੇਜਾ ਸਿੰਘ (ਸੈਂਟਰਲ ਖਾਲਸਾ ਦੀਵਾਨ) ਅਤੇ ਸ. ਬਲਵੰਤ ਸਿੰਘ ਰਈਸ।
ਪੰਜ ਪਿਆਰਿਆਂ ਦੇ ਸਨਮੁਖ ਸ. ਸੁੰਦਰ ਸਿੰਘ ਜੀ ਮਜੀਠੀਆ ਨੇ ਖੁਦ ਭਰੇ ਦੀਵਾਨ ਵਿਚ ਖਲੋ ਕੇ ਕਿਹਾ : ਮੈਂ ਹੁਣ ਤਕ ਜੋ ਕੁਝ ਕੀਤਾ ਹੈ ਗੁਰੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕੀਤਾ ਹੈ। ਪੰਥ ਦੇ ਭਲੇ ਲਈ, ਆਪਣੀ ਯੋਗਤਾ ਅਨੁਸਾਰ ਕੀਤਾ ਹੈ। ਮੈਂ ਕੋਈ ਨਿੱਜ ਸੁਆਰਥ ਲਈ ਨਹੀਂ ਕੀਤਾ। ਜੇ ਮੈਂ ਕੋਈ ਭੁੱਲ ਕੀਤੀ ਹੈ ਤਾਂ ਗੁਰੂ-ਪੰਥ ਬਖਸ਼ਿੰਦ ਹੈ।
ਪੰਜਾਂ ਪਿਆਰਿਆਂ ਦੀ ਆਗਿਆ ਦਾ ਪਾਲਣ ਕਰਦੇ ਹੋਏ ਸ. ਸੁੰਦਰ ਸਿੰਘ ਮਜੀਠੀਆ ਨੇ ‘ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ॥’ ਸ਼ਬਦ ਪੜ੍ਹਦੇ ਹੋਏ, ਨਿਮਰਤਾ ਨਾਲ ਸੰਗਤਾਂ ਨੂੰ ਨਿਸਚਾ ਕਰਵਾਇਆ ਕਿ ‘ਉਨ੍ਹਾਂ ਜਾਣ-ਬੁੱਝ ਕੇ ਗੁਰੂ-ਪੰਥ ਦੀ ਅਵੱਗਿਆ ਕਦੇ ਨਹੀਂ ਕੀਤੀ ਅਤੇ ਨਾ ਹੀ ਅੱਗੋਂ ਕਰਨਗੇ।’ ਸੰਗਤ ਨੇ ਗੁਰੂ-ਪੰਥ ਦੇ ਸਦ ਬਖਸਿੰਦ ਹੋਣ ਦਾ ਬਿਰਦ ਪਾਲਦਿਆਂ ਉਨ੍ਹਾਂ ਨੂੰ ਮੁਆਫ਼ ਹੀ ਨਹੀਂ ਕੀਤਾ ਸਗੋਂ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਪਹਿਲੇ ਪ੍ਰਧਾਨ ਹੋਣ ਦਾ ਮਾਣ-ਸਤਿਕਾਰ ਵੀ ਬਖਸ਼ਿਸ ਕਰ ਦਿੱਤਾ।
ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਹੋਂਦ ਵਿਚ ਆਉਣ ’ਤੇ ਪਹਿਲੀ ਚੋਣ ਹੋਣ ਨਾਲ ਸਿੱਖ ਜਥੇਬੰਦਕ ਸ਼ਕਤੀ ਸਥਾਪਿਤ ਹੋ ਗਈ।ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਫ਼ੈਸਲੇ ਪੰਥਕ ਫ਼ੈਸਲੇ ਮੰਨੇ ਜਾਣ ਲੱਗੇ ਭਾਵੇਂ ਕਿ ਇਹ ਗੱਲ ਸਰਕਾਰ-ਭਗਤਾਂ ਨੂੰ ਨਾ ਉਸ ਸਮੇਂ ਭਾਉਂਦੀ ਸੀ ਤੇ ਨਾ ਹੀ ਅੱਜ।
16 ਨਵੰਬਰ, 1920 ਈ. ਨੂੰ ਸ. ਸੁੰਦਰ ਸਿੰਘ ਜੀ ਮਜੀਠੀਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਤੇ 14 ਅਗਸਤ 1921 ਈ. ਨੂੰ ਇਨ੍ਹਾਂ ਇਸ ਵਕਾਰੀ ਅਹੁਦੇ ਤੋਂ ਅਸਤੀਫਾ ਦੇ ਦਿਤਾ। ਸ. ਸੁੰਦਰ ਸਿੰਘ ਜੀ ਮਜੀਠੀਆ ਬਹੁਤੀ ਦੇਰ ਗੁਰੂ-ਪੰਥ ਦੀ ਇਸ ਨਾਮਵਰ ਸੰਸਥਾ ਦੇ ਪ੍ਰਧਾਨ ਨਹੀਂ ਰਹੇ ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਇਤਿਹਾਸਕ ਫ਼ੈਸਲੇ ਹੋਏ ਅਤੇ ਕੁਝ ਇਤਿਹਾਸਕ ਸਾਕੇ ਵਾਪਰੇ। ਸ਼੍ਰੋਮਣੀ ਕਮੇਟੀ ਹੋਂਦ ’ਚ ਆਉਣ ਨਾਲ ਗੁਰਦੁਆਰਾ ਪ੍ਰਬੰਧ ’ਚ ਹਰ ਪੱਖ ਤੋਂ ਸੁਧਾਰ ਲਿਆਉਣ ਲਈ ਉਪਰਾਲੇ ਸ਼ੁਰੂ ਹੋਏ। ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਸੂਝਵਾਨ ਨਿਸ਼ਕਾਮ ਨੇਤਾਵਾਂ ਨੇ ਦੇਖਿਆ ਕਿ ਮਹੰਤਾਂ-ਪੁਜਾਰੀਆਂ ਤੇ ਸਰਕਾਰ-ਭਗਤਾਂ ਨਾਲ ਲੰਬੀ ਲੜਾਈ ਲੜਨ ਵਾਸਤੇ ਸਮੁੱਚੇ ਸਿੱਖ ਸਮਾਜ ਨੂੰ ਜਾਗਰਤ ਤੇ ਜਥੇਬੰਦ ਕਰਨਾ ਪਵੇਗਾ। ਲੋੜ ਨੂੰ ਸਨਮੁਖ ਰੱਖਦਿਆਂ ਸਮਾਜਿਕ, ਰਾਜਸੀ ਸ਼ਕਤੀ ਨੂੰ ਕੇਂਦਰਿਤ ਕਰਨ ਤੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਧਾਰਮਿਕ ਲਹਿਰ ਬਣਾਉਣ ਲਈ ਨਿਸ਼ਕਾਮ ਸਿੱਖਾਂ ਦੀ ਦੂਸਰੀ ਪ੍ਰਤੀਨਿਧ ਜਥੇਬੰਦੀ, ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 14 ਦਸੰਬਰ, 1920 ਈ. ਨੂੰ ਕੀਤੀ ਗਈ। ਸੰਸਥਾਵਾਂ ਦੀ ਸਿਰਜਣਾ ’ਚ ਆਗੂਆਂ ਨੂੰ ਸਿਰ-ਧੜ ਦੀ ਬਾਜ਼ੀ ਲਾਉਣੀ ਪੈਂਦੀ ਹੈ। ਹਰ ਸੰਸਥਾ ਦਾ ਆਪਣਾ ਇਤਿਹਾਸ ਤੇ ਵਿਚਾਰਧਾਰਾ ਹੁੰਦੀ ਹੈ। ਇਹ ਠੀਕ ਹੈ ਕਿਸੇ ਵੀ ਸੰਸਥਾ ਵਿਚ ਮਾੜੇ ਅਨਸਰ ਸ਼ਾਮਲ ਹੋ ਜਾਣ ਤਾਂ ਸੰਸਥਾਵਾਂ ਬਦਨਾਮ ਹੋ ਜਾਂਦੀਆਂ ਹਨ ਪਰ ਹਰ ਸੰਸਥਾ ਪਾਸ ਗੌਰਵਮਈ ਵਿਰਸਾ ਹੁੰਦਾ ਹੈ। ਸੰਸਥਾਵਾਂ ਸੰਗਤੀ ਪ੍ਰਬੰਧ ਨੂੰ ਰੂਪਮਾਨ ਕਰਦੀਆਂ ਹਨ। ਜੇਕਰ ਵਿਅਕਤੀ ਪ੍ਰਮੁੱਖ ਹੋ ਜਾਵੇ ਤਾਂ ਸੰਸਥਾਵਾਂ ’ਚ ਵੀ ਸੰਗਤੀ ਜੁਗਤਿ ਫੇਲ੍ਹ ਹੋ ਜਾਂਦੀ ਹੈ।
ਸ. ਸੁੰਦਰ ਸਿੰਘ ਦਾ ਸਮੁੱਚਾ ਜੀਵਨ ਪੜ੍ਹਦਿਆਂ ਇਕ ਗੱਲ ਸਪੱਸ਼ਟ ਹੈ ਕਿ ਉਨ੍ਹਾਂ ਦਾ ਜੀਵਨ ਸਿੱਖ-ਸਿਧਾਂਤਾਂ ਤੇ ਵਿਚਾਰਧਾਰਾ ਨੂੰ ਸਮਰਪਿਤ ਸੀ। ਸਿੱਖੀ ਜਜ਼ਬੇ ਤੇ ਭਾਵਨਾ ਸਦਕਾ ਹੀ ਸਿੱਖ ਪੰਥ ਦੀਆਂ ਪ੍ਰਮੁੱਖ ਸੰਸਥਾਵਾਂ ਉਨ੍ਹਾਂ ਦੇ ਸਮੇਂ ਹੋਂਦ ਵਿਚ ਆਈਆਂ ਜਿਵੇਂ ਚੀਫ਼ ਖਾਲਸਾ ਦੀਵਾਨ, ਖਾਲਸਾ ਕਾਲਜ਼ ਸ੍ਰੀ ਅੰਮ੍ਰਿਤਸਰ, ਸੈਂਟਰਲ ਖਾਲਸਾ ਯਤੀਮਖਾਨਾ, ਬਿਰਧ ਘਰ, ਪੰਜਾਬ ਐਂਡ ਸਿੰਧ ਬੈਂਕ, ਸ਼੍ਰੋਮਣੀ ਅਕਾਲੀ ਦਲ ਆਦਿ। ਇਨ੍ਹਾਂ ਸੰਸਥਾਵਾਂ ਦਾ ਪ੍ਰਭਾਵ ਸਿੱਖ ਸਮਾਜ, ਧਰਮ ਅਤੇ ਰਾਜਨੀਤੀ ’ਤੇ ਪਿਛਲੀ ਸਦੀ ਤੋਂ ਨਿਰੰਤਰ ਦੇਖਿਆ ਜਾ ਸਕਦਾ ਹੈ।
ਸ. ਮਜੀਠਾ ਦੀ ਪ੍ਰਧਾਨਗੀ ਸਮੇਂ 20 ਫਰਵਰੀ, 1921 ਈ. ਨੂੰ ਨਨਕਾਣਾ ਸਾਹਿਬ ਦਾ ਦੁਖਦਾਈ ਸਾਕਾ ਵਾਪਰ ਗਿਆ। 21 ਫਰਵਰੀ, 1921 ਈ. ਨੂੰ ਸ਼੍ਰੋਮਣੀ ਗੁ:ਪ੍ਰ:ਕਮੇਟੀ ਨੇ ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਸੰਭਾਲ ਲਿਆ। ਅੰਗਰੇਜ਼ ਹਾਕਮ ਵੀ ਮਹੰਤਾਂ ਤੇ ਪੁਜਾਰੀਆਂ ਦੀਆਂ ਸਮਾਜ-ਵਿਰੋਧੀ ਅਤੇ ਧਰਮ-ਦੋਖੀ ਕਾਰਵਾਈਆਂ ਤੋਂ ਸੁਚੇਤ ਹੋ ਗਏ। ਸ਼੍ਰੋਮਣੀ ਗੁ. ਪ੍ਰ. ਕਮੇਟੀ ਅਤੇ ਮਹੰਤਾਂ ਦੇ ਝਗੜੇ ਨੂੰ ਨਿਪਟਾਉਣ ਵਾਸਤੇ ਇਸ ਸਮੇਂ 14 ਮਾਰਚ, 1921 ਈ. ਨੂੰ ਪੰਜਾਬ ਸਰਕਾਰ ਨੇ ਵਿਧਾਨ ਸਭਾ ’ਚ ਕਮਿਸ਼ਨ ਨਿਰਧਾਰਤ ਕੀਤਾ। ਪਰ ਇਸ ਫੈਸਲੇ ਸਬੰਧੀ ਨਾਮਜ਼ਦ ਮੈਂਬਰ ਮਨਪਤ ਰਾਏ ਨੇ ਸਲਾਹ ਦਿੱਤੀ ਕਿ 5 ਗੈਰ-ਸਰਕਾਰੀ ਮੈਂਬਰ ਸ਼ਾਮਲ ਕੀਤੇ ਜਾਣ। ਉਸ ਨੇ ਸਿੱਖਾਂ ਦੇ ਚਾਰ ਫਿਰਕਿਆਂ ਬਾਰੇ ਗੱਲ ਕੀਤੀ। ਉਸ ਨੇ ਇਥੋਂ ਤੀਕ ਸੁਝਾਅ ਦੇ ਦਿੱਤਾ ਕਿ ਹਿੰਦੂ ਅਤੇ ਮੁਸਲਮਾਨ ਨੂੰ ਵੀ ਕਮਿਸ਼ਨ ਵਿਚ ਸ਼ਾਮਲ ਕਰਨਾ ਚਾਹੀਦਾ ਹੈ।
ਇਸ ਦੇ ਜੁਆਬ ਵਿਚ ਸ. ਸੁੰਦਰ ਸਿੰਘ ਜੀ ਨੇ ਸਪੱਸ਼ਟ ਕੀਤਾ ਕਿ ਗੁਰਦੁਆਰਾ ਗੁਰੂ ਨਾਲ ਸਬੰਧਿਤ ਅਸਥਾਨ ਹੈ। ਗੁਰਦੁਆਰੇ ਸਭ ਨੂੰ ਆਉਣ ਦਾ ਹੱਕ ਹੈ, ਪਰ ਇਸ ਦੇ ਪ੍ਰਬੰਧਕ ਸਿੱਖ ਹੀ ਹੋ ਸਕਦੇ ਹਨ। ਗੁਰਦੁਆਰਿਆਂ ਦੀ ਮਲਕੀਅਤ ਸੰਗਤੀ ਹੈ ਨਾ ਕਿ ਕਿਸੇ ਮਹੰਤ-ਪੁਜਾਰੀ ਦੀ, ਪਰ ਮਹੰਤਾਂ ਨੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ ਅਤੇ ਅਨੈਤਿਕ ਕਾਰਜ ਵੀ ਕੀਤੇ ਜਾਂਦੇ ਹਨ। ਸ. ਮਜੀਠੀਆ ਨੇ ਸਿੱਖਾਂ ਦੀ ਕਿਸੇ ਤਰ੍ਹਾਂ ਦੀ ਵੰਡ ਨੂੰ ਮੂਲੋਂ ਅਪ੍ਰਵਾਨ ਕਰਦਿਆਂ ਗਠਤ ਕੀਤੇ ਜਾ ਰਹੇ ਸਿੱਖ ਤੇ ਸਿੱਖੀ ਭਾਵਨਾ ਵਲੇ ਮੈਂਬਰਾਂ ’ਤੇ ਆਧਾਰਿਤ ਕਮਿਸ਼ਨ ਦੀ ਹਮਾਇਤ ਕੀਤੀ। ਇਹ ਮਤਾ ਪੰਜਾਬ ਵਿਧਾਨ ਸਭਾ ਵਿਚ ਉਸ ਦਿਨ ਹੀ ਪਾਸ ਹੋ ਗਿਆ। ਇਸ ਨੂੰ ਪਾਸ ਕਰਾਉਣ ਵਿਚ ਸ. ਸੁੰਦਰ ਸਿੰਘ ਮਜੀਠੀਆ ਮੈਂਬਰ ਪੰਜਾਬ ਕੌਂਸਲ ਦਾ ਵਿਸ਼ੇਸ਼ ਹੱਥ ਸੀ ਜੋ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਸਨ।
20 ਮਾਰਚ, 1921 ਈ. ਨੂੰ ਸ਼੍ਰੋਮਣੀ ਕਮੇਟੀ ਦੀ ਇਸ ਮੀਟਿੰਗ ਵਿਚ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ਅਤੇ ਜੇਕਰ ਸਰਕਾਰ 10 ਅਪ੍ਰੈਲ, 1921 ਈ. ਤੀਕ ਇਨ੍ਹਾਂ ਦੀ ਰਿਹਾਈ ਨਹੀਂ ਕਰਦੀ ਅਤੇ ਕਮਿਸ਼ਨ ਦਾ ਗਠਨ ਨਹੀਂ ਕਰਦੀ ਤਾਂ ਸ਼੍ਰੋਮਣੀ ਕਮੇਟੀ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਖੁਦ ਨਿਯਮ ਤਿਆਰ ਕਰੇਗੀ। ਸਿੱਖ ਗੁਰਦੁਆਰਾ ਸਬੰਧੀ ਬਿੱਲ ਹਾਊਸ ’ਚ 5 ਅਪ੍ਰੈਲ, 1921 ਈ. ਨੂੰ ਦਾਖਲ ਕਰ ਦਿੱਤਾ ਗਿਆ ਅਤੇ ਬਿੱਲ ਵਧੇਰੇ ਵਿਚਾਰ ਲਈ ਸਲੈਕਟਡ ਕਮੇਟੀ ਵਿਚ ਭੇਜਿਆ ਗਿਆ, ਜਿਸ ਵਿਚ ਸ. ਮਜੀਠੀਆ ਮੈਂਬਰ ਸਨ।
ਜੈਤੋ ਮੋਰਚੇ ਨੂੰ ਹੱਲ ਕਰਵਾਉਣ ਵਿਚ ਵੀ ਸ. ਮਜੀਠੀਆ ਨੇ ਮੋਹਰੀ ਰੋਲ ਅਦਾ ਕੀਤਾ। ਸ. ਮਜੀਠੀਆ ਗੁਰਦੁਆਰਿਆਂ ਦੀ ਸੇਵਾ-ਸੰਭਾਲ ਸਿੱਖਾਂ ਰਾਹੀਂ ਕਰਨੀ/ਕਰਵਾਉਣੀ ਚਾਹੁੰਦੇ ਸਨ। ਉਨ੍ਹਾਂ ਦੀ ਸੋਚ ਸੀ ਕਿ ਗੁਰਦੁਆਰੇ ਹਰ ਤਰ੍ਹਾਂ ਦੀ ਦਖਲ-ਅੰਦਾਜ਼ੀ ਤੋਂ ਅਜ਼ਾਦ ਹੋਣ।
3 ਅਕਤੂਬਰ, 1922 ਈ. ਨੂੰ ਗਵਰਨਰ ਪੰਜਾਬ ਨੇ ਮੀਟਿੰਗ ਬੁਲਾਈ ਜਿਸ ਵਿਚ ਉੱਚ ਅਧਿਕਾਰੀ ਸ਼ਾਮਲ ਸਨ, ਜਿਨ੍ਹਾਂ ਵਿਚ ਸ. ਸੁੰਦਰ ਸਿੰਘ ਮਜੀਠੀਆ ਨੇ ਗੁਰਦੁਆਰਾ ਕਾਨੂੰਨ ਵਿਚ ਆਪਣੇ ਸੁਝਾਅ ਦਿੱਤੇ। ਇਹ ਬਿੱਲ ਮੁੱਢਲੇ ਰੂਪ ਵਿਚ ਚੀਫ ਖਾਲਸਾ ਦੀਵਾਨ ਨੇ ਡਰਾਫਟ ਕੀਤਾ ਸੀ, ਜਿਸ ’ਤੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਕੌਂਸਲ ਨੇ ਵਿਚਾਰ ਕੀਤੀ। ਇਸ ਬਿੱਲ ਦਾ ਨਾਂ ਸਿੱਖ ਗੁਰਦੁਆਰਾ ਐਂਡ ਸ਼ਰਾਈਨ ਬਿੱਲ 1925 ਈ. ਸੀ, ਜੋ 25 ਅਪ੍ਰੈਲ, 1925 ਈ. ਨੂੰ ਪ੍ਰਕਾਸ਼ਿਤ ਕੀਤਾ ਗਿਆ, ਫਿਰ ਇਹ ਬਿੱਲ ਸਿਲੈਕਸ਼ਨ ਕਮੇਟੀ ਪਾਸ ਭੇਜਿਆ ਗਿਆ, ਜਿਸ ਦੇ ਮੈਂਬਰ ਮਜੀਠੀਆ ਸਾਹਿਬ ਸਨ। ਸੁਝਾਅ ਅਤੇ ਰਾਇ ਅਨੁਸਾਰ ਇਹ ਬਿੱਲ ਦੁਬਾਰਾ ਪ੍ਰਕਾਸ਼ਿਤ ਕੀਤਾ ਗਿਆ।
ਸੈਂਟਰਲ ਅਸੈਂਬਲੀ ਦੀ ਮੀਟਿੰਗ ਸ਼ਿਮਲਾ ’ਚ ਹੋਈ। 15 ਸਤੰਬਰ, 1925 ਈ. ਦੀ ਮੀਟਿੰਗ ਵਿਚ ਬਿੱਲ ਨੂੰ ਪੂਰਿਆਂ ਕੀਤਾ। ਭਾਰਤ ਦੇ ਗਵਰਨਰ ਜਨਰਲ ਦੀ ਪ੍ਰਵਾਨਗੀ ਨਾਲ ਇਹ ਐਕਟ VIII – 1925 ਪਾਸ ਹੋ ਗਿਆ।
ਸ. ਮਜੀਠੀਏ ਨੇ ਸੁਝਾਅ ਦਿੱਤਾ ਕਿ ਸਿੱਖ ਟ੍ਰਿਬਿਊਨ ਦੀ ਕਾਰਵਾਈ ਪੰਜਾਬੀ ਵਿਚ ਹੋਵੇ। 1936 ਈ. ’ਚ ਖਾਲਸਾ ਸੈਂਟਰਲ ਪਾਰਟੀ ਬਣਾਈ। 1937-1941 ਈ. ਤਕ ਪੰਜਾਬ ਰੈਵੀਨਿਊ ਮੰਤਰੀ ਰਹੇ। 2 ਅਪ੍ਰੈਲ 1941 ਈ. ਨੂੰ ਗੁਰਪੁਰੀ ਪਿਆਨਾ ਕਰ ਗਏ।
ਭਾਵੇਂ ਕਿ ਸ. ਸੁੰਦਰ ਸਿੰਘ ਮਜੀਠੀਆ ਨੂੰ ਸਰਕਾਰ ਦਾ ਵਫਾਦਾਰ ਮੰਨਿਆ ਜਾਂਦਾ ਸੀ, ਪਰ ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤੇ ਗੁਰਦੁਆਰਾ ਕਾਨੂੰਨ ਬਣਾਉਣ ’ਤੇ ਸਲਾਹੁਣਯੋਗ ਯੋਗਦਾਨ ਪਾਇਆ। ਉਨ੍ਹਾਂ ਦੀ ਸਿੱਖੀ ਪ੍ਰਤੀ ਭਾਵਨਾ-ਸਮਰਪਣ ਇਕ ਮਿਸਾਲ ਸੀ।
ਲੇਖਕ ਬਾਰੇ
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/April 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/August 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/January 1, 2010
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/February 1, 2010
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/