ਪੰਥਕ ਜੀਵਨ ਤੇ ਸਿੱਖ ਰਹਿਤ ਮਰਯਾਦਾ ਨੂੰ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਸਿੱਖ ਰਹਿਤ ਮਰਯਾਦਾ ‘ਪੰਥ’ ਵਾਸਤੇ ਹੈ ਤੇ ਪੰਥਕ ਜੀਵਨ ‘ਸਿੱਖ ਰਹਿਤ ਮਰਯਾਦਾ’ ਦਾ ਅਮਲੀ ਪ੍ਰਗਟਾਅ ਹੈ। ਸਿੱਖ ਰਹਿਤ ਮਰਯਾਦਾ, ਪੰਥਕ ਜੀਵਨ ਜੀਉਣ ਵਾਲਿਆਂ ਵਾਸਤੇ ਵਿਧਾਨ ਹੈ, ਜਿਸ ਨੂੰ ਸਾਡੇ ਪੁਰਖਿਆਂ ਨੇ ‘ਗੁਰੂ-ਗ੍ਰੰਥ’ ਤੇ ‘ਗੁਰੂ-ਪੰਥ’ ਦੇ ਅਦਬ-ਸਤਿਕਾਰ, ਪਦ-ਪਦਵੀ ਤੇ ਮਹਾਨਤਾ ਨੂੰ ਸਵੀਕਾਰਦਿਆਂ, ਗੁਰਬਾਣੀ ਤੇ ਗੁਰਮਤਿ ਵਿਚਾਰਧਾਰਾ ਦੀ ਰੌਸ਼ਨੀ ਵਿਚ ਤਿਆਰ ਕੀਤਾ। ਸਿੱਖ ਰਹਿਤ ਮਰਯਾਦਾ ਹਰ ਸਿੱਖ ਵਾਸਤੇ ਹੈ; ਜਿਹੜਾ ਵੀ ਤਨ-ਮਨ ਤੋਂ ‘ਗੁਰੂ-ਗ੍ਰੰਥ’ ਤੇ ‘ਗੁਰੂ-ਪੰਥ’ ਨੂੰ ਸਮਰਪਿਤ ਹੈ। ਇਹ ਮਰਯਾਦਾ ਕਿਸੇ ਇਕ ਦਲ, ਸੰਪਰਦਾ, ਟਕਸਾਲ, ਜਥੇਬੰਦੀ, ਸਭਾ, ਸੁਸਾਇਟੀ, ਸੰਸਥਾ, ਕਮੇਟੀ ਦੀ ਨਹੀਂ ਤੇ ਨਾ ਹੀ ਕਿਸੇ ਵਿਅਕਤੀ ਵਿਸ਼ੇਸ਼, ਸੰਸਥਾ ਦਾ ਇਸ ’ਤੇ ਇਕੱਲਿਆਂ ਅਧਿਕਾਰ ਹੈ। ਇਹੀ ਕਾਰਨ ਹੈ ਕਿ ਇਸ ਵਿਚ ਤਬਦੀਲੀ ਕਰਨ ਦਾ ਵੀ ਨਿਸ਼ਚਤ ਵਿਧੀ-ਵਿਧਾਨ ਹੈ; ਕੋਈ ਇਕ ਵਿਅਕਤੀ ਵਿਸ਼ੇਸ਼-ਸੰਸਥਾ ਇਸ ਵਿਚ ਮਨਚਾਹੀ ਤਬਦੀਲੀ ਵੀ ਨਹੀਂ ਕਰ ਸਕਦੀ। ਸਮੁੱਚੇ ਰੂਪ ਵਿਚ ‘ਗੁਰੂ-ਪੰਥ’ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਅਨੁਸਾਰ ਸਮੇਂ ਅਤੇ ਲੋੜ ਅਨੁਸਾਰ ਤਬਦੀਲੀ ਕਰ ਸਕਦਾ ਹੈ।
ਵਿਚਾਰ ਅਧੀਨ ਮਜ਼ਬੂਨ ਵਿਚ ਆਏ ‘ਪੰਥਕ ਜੀਵਨ’ ਤੇ ‘ਰਹਿਤ ਮਰਯਾਦਾ’ ਸ਼ਬਦਾਂ ਨੂੰ ਵਿਚਾਰਨ ਉਪਰੰਤ ਹੀ ਇਸ ਵਿਸ਼ੇ ਦੀ ਸਾਰਥਕਤਾ ਨੂੰ ਸਮਝਿਆ ਜਾ ਸਕਦਾ ਹੈ। ਗੁਰਮਤਿ ਵਿਚਾਰਧਾਰਾ ਵਿਚ ‘ਪੰਥ’ ਸ਼ਬਦ ਕਾਫੀ ਪ੍ਰਚੱਲਤ ਹੈ, ਜਿਵੇਂ ਪੰਥ, ਸਿੱਖ ਪੰਥ, ਖਾਲਸਾ ਪੰਥ ਅਤੇ ਗੁਰੂ-ਪੰਥ ਮੁੱਖ ਤੌਰ ‘ਤੇ ਚਾਰ ਉਪਰੂਪ ਥੋੜ੍ਹੇ ਅਲੱਗ ਭਾਵ ਸਹਿਤ ਵਰਤੋਂ ਵਿਚ ਆਏ ਹਨ।’ਪੰਥ’ ਦਾ ਅਰਥ ਹੈ (1) ਜਾਣਾ, ਫਿਰਨਾ (2) ਮਾਰਗ, ਰਸਤਾ (3) ਪਰਮਾਤਮਾ ਦੀ ਪ੍ਰਾਪਤੀ ਦਾ ਰਾਹ, ਧਰਮ, ਮਜ਼ਹਬ ਆਦਿ। ਗੁਰਬਾਣੀ, ਗੁਰਮਤਿ ਵਿਚਾਰਧਾਰਾ ਅਨੁਸਾਰ ‘ਪੰਥ’ ਸ਼ਬਦ ਦੀ ਜ਼ਿਆਦਾ ਵਰਤੋਂ ਮਾਰਗ, ਰਸਤੇ, ਧਰਮ ਜਾਂ ਮਜ਼ਹਬ ਦੇ ਅਰਥਾਂ ਵਿਚ ਹੋਈ ਮਿਲਦੀ ਹੈ, ਜਿਵੇਂ ਭਾਈ ਗੁਰਦਾਸ ਜੀ ਦੇ ਕਥਨ ਤੋਂ ਸਪੱਸ਼ਟ ਹੈ:
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ।(ਵਾਰ 1:45)
ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਅਪਣਾ ਪੰਥੁ ਨਿਰਾਲਾ। (ਵਾਰ 1:31)
‘ਪੰਥ’ ਸ਼ਬਦ ਗੁਰਬਾਣੀ ਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿਚ ਇਕ-ਵਚਨ ਤੇ ਬਹੁ-ਵਚਨ ਦੇ ਅਰਥਾਂ ਵਿਚ ਕਈ ਵਾਰ ਆਇਆ ਹੈ। ‘ਪੰਥ’ ਸ਼ਬਦ ਭਾਵੇਂ ਕਿ ਆਪਣੇ ਆਪ ਵਿਚ ਹੀ ਬਹੁ-ਵਚਨ ਹੈ, ਪਰ ਕਈ ਵਾਰ ਇਸ ਦੇ ਬਹੁ-ਵਚਨ ਤੇ ਇਕ-ਵਚਨ ਅਰਥਾਂ ਨੂੰ ਨਿਖੇੜ ਕੇ ਦਰਸਾਉਣ ਲਈ ਇਸ ਦੇ ਸ਼ਬਦ- ਜੋੜ ਵਿਚ ਔਂਕੜ ਦੀ ਵਾਧ-ਘਾਟ ਕੀਤੀ ਗਈ ਹੈ। ਗੁਰਬਾਣੀ ਵਿਚ ‘ਪੰਥ’ ਸ਼ਬਦ ‘ਥ’ ਮੁਕਤੇ ਦੇ ਰੂਪ ਵਿਚ ਕੇਵਲ ਚਾਰ ਵਾਰ ਆਇਆ ਹੈ, ਜਿਵੇਂ:
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥ (ਪੰਨਾ 219)
‘ਪੰਥ’ ਸ਼ਬਦ ‘ਥ’ ਦੇ ਪੈਰ ’ਚ ਔਕੜ ਨਾਲ ਗੁਰਬਾਣੀ ਵਿਚ ਪੰਜਾਹ ਵਾਰ ਦੇ ਕਰੀਬ ਆਇਆ ਹੈ, ਜਿਵੇਂ:
ਲਹਣੈ ਪੰਥੁ ਧਰਮ ਕਾ ਕੀਆ ॥ (ਪੰਨਾ 1401)
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥ (ਪੰਨਾ 1406)
ਇਵੇਂ ਹੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ‘ਪੰਥ’ ਸ਼ਬਦ ‘ਥ’ ਮੁਕਤਾ ਤੇ ‘ਥੁ’ (ਔਂਕੜ ਨਾਲ) ਕ੍ਰਮਵਾਰ ਬਾਈ ਅਤੇ ਤੇਤੀ ਵਾਰ ਆਇਆ ਹੈ। ਜਿਵੇਂ:
ਗੁਰਮੁਖਿ ਪੰਥ ਨਿਰੋਲੁ ਨ ਰਲੇ ਰਲਾਈਐ। (ਵਾਰ 3:5)
ਬਾਰਹ ਪੰਥ ਸਧਾਇ ਕੈ ਗੁਰਮੁਖਿ ਗਾਡੀ ਰਾਹ ਚਲਾਇਆ। (ਵਾਰ 7:12)
ਗੁਰਮੁਖਿ ਪੰਥ ਸੁਹਾਵੜਾ ਧੰਨ ਗੁਰੂ ਧੰਨੁ ਗੁਰੂ ਪਿਆਰੇ। (ਵਾਰ 40:6)
ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ।(ਵਾਰ 41:15)
ਗੁਰਮੁਖਿ ਪੰਥੁ ਸੁਹੇਲੜਾ ਬਾਰਹ ਪੰਥ ਨ ਖੇਚਲ ਖਚੈ। (ਵਾਰ 5:1)
ਚਾਰਿ ਵਰਨ ਗੁਰਸਿਖ ਕਰਿ ਗੁਰਮੁਖਿ ਸਚਾ ਪੰਥੁ ਚਲਾਇਆ। (ਵਾਰ 29:1)
ਉਪਰੋਕਤ ਸੰਖੇਪ ਵਰਣਨ ਤੋਂ ‘ਪੰਥ’ ਦੇ ਸ਼ਾਬਦਿਕ, ਅਧਿਆਤਮਕ, ਧਾਰਮਿਕ, ਸਮਾਜਿਕ ਤੇ ਇਤਿਹਾਸਕ ਸਰੂਪ ਤੇ ਮਹੱਤਤਾ ਦਾ ਸਹਿਜੇ ਹੀ ਅੰਦਾਜ਼ਾ ਹੋ ਸਕਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਿਸ ਸਿੱਖ ਦਾ ਜੀਵਨ ‘ਪੰਥ’ ਦੇ ਉਪਰੋਕਤ ਅਰਥਾਂ ਅਨੁਸਾਰੀ ਹੈ ਉਹ ‘ਪੰਥਕ ਜੀਵਨ’ ਦਾ ਧਾਰਨੀ ਹੈ।
ਸਿਰਦਾਰ ਕਪੂਰ ਸਿੰਘ ਅਨਸੁਾਰ ‘ਪੰਥ’ ਸ਼ਬਦ ਦਾ ਅਰਥ ਹੈ- “ਰਾਹ ਜਾਂ ਜੀਵਨ ਦਾ ਚੰਗਾ ਢੰਗ। ਅਜੋਕੀ ਸ਼ਬਦਾਵਲੀ ਵਿਚ ‘ਪੰਥ’ ਸਿੱਖ ਧਰਮ ਅਤੇ ਉਨ੍ਹਾਂ ਦੀ ਅਦਿੱਖ ਰਹੱਸਮਈ ਦੇਹ ਲਈ ਵਰਤਿਆ ਜਾਂਦਾ ਹੈ, ਜੋ ਇਸ ਧਰਮ ਨੂੰ ਮੰਨਦੇ ਹਨ ਅਤੇ ਧਰਤੀ ਉੱਪਰ ਰੱਬ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਯਤਨਸ਼ੀਲ ਹਨ। ਸਾਰੇ ਸੱਚੇ ਸਿੱਖ ਇਸ ਪੰਥ ਦੇ ਰਿਣੀ ਹਨ ਅਤੇ ਇਸ ਉੱਪਰ ਸ਼ਰਧਾ ਰੱਖਦੇ ਹਨ। ਇਕ ਸੱਚੇ ਸਿੱਖ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਆਪਣਾ ਸਭ ਕੁਝ ਸਿੱਖ ਪੰਥ ਤੋਂ ਕੁਰਬਾਨ ਕਰ ਦੇਵੇ। ‘ਪੰਥ’ ਦੀ ਸੰਪੂਰਨਤਾ ਇਸ ਨੂੰ ‘ਗੁਰੂ-ਪਦਵੀ’ ਪ੍ਰਾਪਤ ਹੋਣ ਨਾਲ ਹੋਈ। ‘ਗੁਰੂ-ਪੰਥ’ ਨੇ ਆਪਣੇ ਗੁਰਤਾ ਦੇ ਅਸੀਮ ਅਧਿਕਾਰਾਂ ਦੀ ਵਰਤੋਂ ਪਹਿਲੀ ਵਾਰ ਚਮਕੌਰ ਦੀ ਗੜ੍ਹੀ ਵਿਚ ਕੀਤੀ ਜਦੋਂ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਥ ਨੇ ਆਦੇਸ਼ ਕੀਤਾ ਕਿ ਚਮਕੌਰ ਦੀ ਗੜ੍ਹੀ ਨੂੰ ਛੱਡ ਕੇ ਚਲੇ ਜਾਵਣ।” (ਸਿਰਦਾਰ ਕਪੂਰ ਸਿੰਘ ਵਿਸ਼ੇਸ਼ ਲੇਖ, ਸਫਾ 35)
ਪ੍ਰਿੰ: ਤੇਜਾ ਸਿੰਘ ਅਨੁਸਾਰ- “ਸੰਗਤ ਜਥੇਬੰਦ ਹੋ ਕੇ ‘ਗੁਰੂ-ਪੰਥ’ ਬਣ ਗਈ। ਇਸ ਵਿਚ ਹਰ ਇਕ ਅੰਮ੍ਰਿਤਧਾਰੀ ਸਿੱਖ ਧਾਰਮਿਕ ਤੌਰ ’ਤੇ ਬਰਾਬਰ ਪਦਵੀ ਰੱਖਦਾ ਹੈ।” (ਸਿੱਖ ਧਰਮ, ਸਫਾ 13)
ਗੁਰਬਾਣੀ ਦੀ ਰੌਸ਼ਨੀ ਵਿਚ ਸਿੱਖ ਵਾਸਤੇ ਸਵਾਰੇ ਬਣਾਏ ਪੰਧ ਦਾ ਨਾਮ ‘ਪੰਥ’ ਹੈ। ‘ਪੰਥ’ ਜੁਗਤਿ ਰੂਪ ਹੈ।
‘ਸਿੱਖ ਰਹਿਤ ਮਰਯਾਦਾ’ ਵਿਚ ਅੰਕਿਤ ‘ਗੁਰੂ-ਪੰਥ’ ਦੀ ਪਰਿਭਾਸ਼ਾ ਉਕਤ ਵਿਚਾਰਾਂ ਦੀ ਪ੍ਰੋੜ੍ਹਤਾ ਕਰਦੀ ਹੈ:
“ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ‘ਗੁਰੂ-ਪੰਥ’ ਆਖਦੇ ਹਨ। ਇਸ ਦੀ ਤਿਆਰੀ ਦਸ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਰੂਪ ਬੰਨ੍ਹ ਕੇ ਗੁਰਿਆਈ ਸੌਂਪੀ।” (ਸਫਾ 27)
ਇਵੇਂ ਪਾਵਨ ਗੁਰਬਾਣੀ ਵਿਚ ‘ਰਹਿਤ’ ਸ਼ਬਦ, ‘ਰਹਤ’ ਤੇ ‘ਰਹਿਤ’ ਕਰਕੇ ਕੁੱਲ ਸੰਤਾਲੀ ਵਾਰ ਆਇਆ ਹੈ। ‘ਰਹਿਤ’ ਸ਼ਬਦ ਸੰਗਯਾ ਹੈ, ਜਿਸ ਦਾ ਅਰਥ (1) ਰਹਤ, ਰਹਿਣੀ, ਧਾਰਨਾ (2) ਸਿੱਖ ਨਿਯਮਾਂ ਦੀ ਪਾਬੰਦੀ, (3) ਸਿੱਖ ਧਰਮ ਦੇ ਨਿਯਮਾਂ ਅਨੁਸਾਰ ਰਹਿਣ ਦੀ ਕਿਰਿਆ ਆਦਿ ਕੀਤੇ ਮਿਲਦੇ ਹਨ।
‘ਰਹਿਤ’ ਦਾ ਅਰਥ ਹੈ ਜੀਵਨ, ਮਰਯਾਦਾ, ਚਾਲ-ਢਾਲ, ਚੱਜ-ਆਚਾਰ, ਅਸੂਲ, ਨਿਯਮ ਆਦਿ, ਜਿਸ ਅਨੁਸਾਰ ਸਿੱਖ ਨੇ ਜੀਵਨ-ਯਾਤਰਾ ਸਫ਼ਲੀ ਕਰਨੀ ਹੈ। ‘ਸਿੱਖ’ ਦਾ ਅਰਥ ਹੀ ਗੁਰੂ ਦੀ ਰਹਿਤ-ਮਰਯਾਦਾ ਅਨੁਸਾਰ ਚੱਲਣ ਵਾਲਾ ਸ਼ਖ਼ਸ ਜਾਂ ਸ਼ਖ਼ਸੀਅਤ ਹੈ। ਪਾਵਨ-ਪਵਿੱਤਰ ਗੁਰਬਾਣੀ ਵਿਚ ਹਦਾਇਤ ਹੈ:
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ (ਪੰਨਾ 601)
ਸਿੱਖ ਵਾਸਤੇ ਗੁਰੂ ਦਾ ਹੁਕਮ, ਭਾਣਾ, ਮਰਯਾਦਾ ਕੀ ਹੈ, ਇਸ ਬਾਰੇ ਪਾਵਨ ਗੁਰਬਾਣੀ, ਦਸਮੇਸ਼ ਬਾਣੀ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਤੇ ਹੋਰ ਬਹੁਮੁੱਲੇ ਸਿੱਖ ਸਾਹਿਤ ਵਿਚ ਵਿਸਥਾਰ ਪੂਰਵਕ ਜਾਣਕਾਰੀ ਮਿਲਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਭਾਤੀ ਰਾਗ ਵਿਚ ਆਦੇਸ਼ ਕਰਦੇ ਹਨ ਕਿ ਸੱਚੀ ਰਹਿਤ ਰੱਖਣ ਨਾਲ ਮਨੁੱਖ ਨੂੰ ਹਮੇਸ਼ਾਂ ਸੁਖ ਮਿਲਦਾ ਹੈ:
ਸਚੀ ਰਹਤ ਸਚਾ ਸੁਖੁ ਪਾਏ ॥ (ਪੰਨਾ 1343)
ਗੁਰਮੁਖ ਰਹਿਤ ਵਿਚ ਜੀਵਨ ਗੁਜ਼ਾਰਦਾ ਹੈ ਪਰ ਮਨਮੁਖ ਮਨ ਦੇ ਪਿੱਛੇ ਲੱਗ ਕੇ ਜੀਵਨ ਬਰਬਾਦ ਕਰ ਬਹਿੰਦਾ ਹੈ। ਮਨਮੁਖ ਪਾਸ ਕਥਨੀ ਤਾਂ ਹੈ ਪਰ ਰਹਿਣੀ ਨਹੀਂ ਭਾਵ ਅਮਲ ਨਹੀਂ ਹੈ:
ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ ॥
ਨਾਵਹੁ ਭੂਲੇ ਥਾਉ ਨ ਕੋਈ ॥ (ਪੰਨਾ 831)
ਗੁਰਮਤਿ ਵਿਚਾਰਧਾਰਾ ਜਿਸ ਦਾ ਮੂਲ ਆਧਾਰ ਪਾਵਨ-ਪਵਿੱਤਰ ਗੁਰਬਾਣੀ, ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਰਚਨਾ, ਸਿੱਖ ਰਹਿਤਨਾਮੇ, ਜਨਮ ਸਾਖੀਆਂ, ਸਿੱਖ ਇਤਿਹਾਸ ਤੇ ਹੋਰ ਬਹੁਮੁੱਲਾ ਸਿੱਖ ਸਾਹਿਤ ਹੈ, ਅਨੁਸਾਰ ਸਿੱਖੀ ਜੀਵਨ-ਜਾਚ ਐਸਾ ਮਾਰਗ ਹੈ, ਜਿਸ ਵਿਚ ਕਿਸੇ ਕਿਸਮ ਦੀ ਮੁਸ਼ਕਲ, ਰੁਕਾਵਟ ਜਾਂ ਬੰਦਸ਼ ਨਹੀਂ। ਸਿੱਖੀ ਮਾਰਗ ਨੂੰ ‘ਸਿੱਖ ਰਹਿਤ ਮਰਯਾਦਾ’ ਵਿਚ ਸੰਖੇਪ ਰੂਪ ਵਿਚ ਦਰਸਾਇਆ ਗਿਆ ਹੈ। ਕਹਿਣ ਦਾ ਭਾਵ ਕਿ ਸਿੱਖ ਰਹਿਤ ਮਰਯਾਦਾ ‘ਗੁਰਮਤਿ ਵਿਚਾਰਧਾਰਾ’ ’ਤੇ ਆਧਾਰਤ ਹੈ। ਇਹ ਮਰਯਾਦਾ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਨਾ ਤਾਂ ਨਿਰਧਾਰਤ ਕੀਤੀ ਗਈ ਹੈ ਤੇ ਨਾ ਹੀ ਕਿਸੇ ਵਿਸ਼ੇਸ਼ ਸੰਪਰਦਾ, ਟਕਸਾਲ, ਜਥੇਬੰਦੀ, ਡੇਰੇ ਜਾਂ ਦਲ ਨਾਲ ਸੰਬੰਧਿਤ ਹੈ। ਇਹ ਤਾਂ ਸਮੁੱਚੇ ਪੰਥ ਵੱਲੋਂ ਸਮੁੱਚੇ ਪੰਥ ਵਾਸਤੇ, ਨਿਰਧਾਰਤ ਤੇ ਸਵੀਕਾਰਤ ਹੈ, ਜਿਸ ਦਾ ਕਾਰਜ-ਖੇਤਰ ਸਮੁੱਚਾ ਖਾਲਸਾ ਪੰਥ ਹੈ। ਕਿਸੇ ਘਰ-ਪਰਵਾਰ, ਡੇਰੇ, ਸੰਪਰਦਾ, ਟਕਸਾਲ, ਦਲ ਤੇ ਜਥੇਬੰਦੀ ਆਦਿ ਦੀ ਵੀ ਨਿੱਜੀ ਮਰਯਾਦਾ ਹੋ ਸਕਦੀ ਹੈ, ਜਿਸ ਦਾ ਕਾਰਜ ਸੰਬੰਧਿਤ ਤਕ ਹੀ ਸੀਮਿਤ ਹੁੰਦਾ ਹੈ। ਉਸ ਦਾ ਕਾਰਜ-ਖੇਤਰ ਸਮੁੱਚਾ ਪੰਥ ਨਹੀਂ ਹੋ ਸਕਦਾ। ਰਹਿਤ ਮਰਯਾਦਾ ਦੇ ਇਸ ਤਰ੍ਹਾਂ ਦੇ ਵਖਰੇਵੇਂ ਨੂੰ ਵਿਤਕਰੇ-ਵਿਭਿੰਨਤਾ ਦੇ ਰੂਪ ਵਜੋਂ ਵੀ ਨਹੀਂ ਲੈਣਾ ਚਾਹੀਦਾ, ਕਿਉਂਕਿ ਵੱਖ-ਵੱਖ ਡੇਰੇ-ਸੰਪਰਦਾਵਾਂ, ਟਕਸਾਲਾਂ, ਸਭਾ-ਸੁਸਾਇਟੀਆਂ ਵੀ ‘ਪੰਥ’ ਦਾ ਸਤਿਕਾਰਤ ਅੰਗ ਹਨ।
‘ਸਿੱਖ ਰਹਿਤ ਮਰਯਾਦਾ’ ਸੰਖੇਪ ਪਰ ਅਤੀ ਮਹੱਤਵਪੂਰਨ ਸਿੱਖ ਵਿਧਾਨ ਹੈ, ਜਿਸ ਨੂੰ ‘ਗੁਰੂ-ਪੰਥ’ ਦੀ ਪ੍ਰਵਾਨਗੀ ਹਾਸਲ ਹੈ। ਸਿੱਖ ਰਹਿਤ ਮਰਯਾਦਾ ਦੀ ਪੰਥਕ ਜੀਵਨ ਵਿਚ ਮਹੱਤਤਾ ਦਾ ਅੰਦਾਜ਼ਾ ਹਰ ਸਿੱਖ ਵੱਲੋਂ ਸੁਬ੍ਹਾ-ਸ਼ਾਮ ਕੀਤੀ ਜਾਣ ਵਾਲੀ ਅਰਦਾਸ ਦੇ ਇਨ੍ਹਾਂ ਸ਼ਬਦਾਂ ਤੋਂ ਸਹਿਜੇ ਹੀ ਹੋ ਜਾਂਦਾ ਹੈ- “ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ. ।” ਅਰਦਾਸ ਦੇ ਇਸ ਬੰਦ ਵਿਚ ‘ਰਹਿਤ ਦਾਨ’ ਦੀ ਯਾਚਨਾ, ਸਿੱਖੀ ਦਾਨ, ਕੇਸ ਦਾਨ… ਨਾਮ ਦਾਨ ਤੇ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਨਾਲ ਕੀਤੀ ਗਈ ਹੈ। ਹੇ ਅਕਾਲ ਪੁਰਖ ਵਾਹਿਗੁਰੂ! ਸਾਨੂੰ ਰਹਿਤ ਵਿਚ ਰਹਿਣ ਦੀ ਸਮਝ ਤੇ ਸਮਰੱਥਾ ਬਖਸ਼ੋ!
ਗੁਰਬਾਣੀ ਵਿਚ ਆਈ ਪਾਵਨ ਪੰਕਤੀ ਵੀ ‘ਰਹਿਤ-ਮਰਯਾਦਾ’ ਵਿਚ ਰਹਿਣ ਦੀ ਤਾਕੀਦ ਕਰਦੀ ਹੈ:
ਰਹਤ ਅਵਰ ਕਛੁ ਅਵਰ ਕਮਾਵਤ ॥
ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥ (ਪੰਨਾ 269)
ਸਿੱਖ ਰਹਿਤਨਾਮਿਆਂ ਵਿਚ ਰਹਿਤ ਨੂੰ ਮੰਨਣ ’ਤੇ ਜ਼ੋਰ ਦਿੱਤਾ ਗਿਆ ਹੈ। ਸਤਿਗੁਰੂ ਜੀ ਦਾ ਬਚਨ ਹੈ:
ਰਹਿਣੀ ਰਹੇ ਸੋਈ ਸਿੱਖ ਮੇਰਾ।
ਉਹ ਸਾਹਿਬ ਮੈਂ ਉਸ ਦਾ ਚੇਰਾ। (ਰਹਿਤਨਾਮਾ)
ਮਨੁੱਖ ਇਕ ਚੇਤੰਨ, ਸੱਭਿਅਕ ਤੇ ਸਮਾਜਿਕ ਪ੍ਰਾਣੀ ਹੈ। ਸੱਭਿਅਕ ਬਣਨ, ਅਖਵਾਉਣ ਵਾਸਤੇ ਹਰ ਪ੍ਰਾਣੀ ਨੂੰ ਨਿਯਮਾਂ ਆਧਾਰਤ ਜੀਵਨ ਗੁਜ਼ਾਰਨਾ ਚਾਹੀਦਾ ਹੈ। ਇਹ ਨਿਯਮ ਭਾਵੇਂ ਹਰ ਘਰ ਦੇ ਵੱਖ-ਵੱਖ ਹੋਣ ਪਰ ਸਮੂਹਿਕ ਰੂਪ ਵਿਚ ਵਿਚਰਨ ਕਰਕੇ ਮਨੁੱਖ ਸਮੂਹ-ਸਮਾਜ ਦੇ ਨਿਯਮਾਂ ਨੂੰ ਮੰਨਣ ਵਾਸਤੇ ਪਾਬੰਦ ਹੈ। ਮਨੁੱਖੀ ਸਮਾਜ ਵਿਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਵੱਖ-ਵੱਖ ਲੋਕ ਵਿਚਰਦੇ ਹਨ, ਇਸ ਕਰਕੇ ਹਰ ਧਰਮ ਨੂੰ ਮੰਨਣ ਵਾਲਿਆਂ ਦੀ ਆਪੋ-ਆਪਣੀ ਜੀਵਨ-ਜਾਚ ਭਾਵ ਰਹਿਤ-ਮਰਯਾਦਾ ਹੁੰਦੀ ਹੈ। ਧਾਰਮਿਕ ਮਰਯਾਦਾ ਇਕ ਐਸਾ ਸਾਧਨ ਹੈ, ਜਿਸ ਰਾਹੀਂ ਸੰਬੰਧਿਤ ਧਰਮ ਦੇ ਪੈਰੋਕਾਰ, ਮੰਨਣ ਵਾਲੇ ਏਕਤਾ, ਇਕਸੁਰਤਾ ਤੇ ਇਕਸਾਰਤਾ ਦੀ ਲੜੀ ਵਿਚ ਬੱਝੇ ਰਹਿੰਦੇ ਹਨ।
ਸਿੱਖ ਦਾ ਸਮੁੱਚਾ ਜੀਵਨ ਪੰਥਕ ਜੀਵਨ ਹੈ। ਸਿੱਖ ਧਰਮ ਮਰਯਾਦਾ ਵਿਚ ਵਿਅਕਤੀ ਵਿਸ਼ੇਸ਼ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਗਈ। ਹਰ ਸਿੱਖ ਪੰਥ ਦੀ ਇਕ ਬਹੁਮੁੱਲੀ ਕੜੀ ਹੈ। ਸਿੱਖ ਬੱਚੇ ਦੇ ਜਨਮ ਤੋਂ ਲੈ ਕੇ ਅੰਤਮ ਰਸਮਾਂ ਤਕ ਉਹ ਪੰਥ ਦਾ ਅਨਿੱਖੜ ਹਿੱਸਾ ਹੈ। ਇਹੀ ਕਾਰਨ ਹੈ ਕਿ ਸਿੱਖ ਨੂੰ ਜਨਮ ਤੋਂ ਲੈ ਕੇ ਮੌਤ ਤਕ ਸਿੱਖ- ਰਹਿਣੀ ਵਿਚ ਰਹਿਣ ਦੀ ਤਾਕੀਦ ਕੀਤੀ ਗਈ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖ ਦੀ ਸਾਰੀ ਜ਼ਿੰਦਗੀ ਪਰਉਪਕਾਰ ਵਾਲੀ ਹੈ। ਸਿੱਖ ਨੇ ਸ਼ਖ਼ਸੀ ਧਰਮ ਪੂਰਾ ਕਰਦਿਆਂ ਹੋਇਆਂ ਪੰਥਕ ਫਰਜ਼ ਵੀ ਪੂਰੇ ਕਰਨੇ ਹਨ। ਹਰ ਇਕ ਸਿੱਖ ਵੱਲੋਂ ਕੀਤੇ ਗਏ ਚੰਗੇ-ਮਾੜੇ ਵਿਵਹਾਰ ਦਾ ਅਸਰ ਸਮੁੱਚੇ ਪੰਥ ’ਤੇ ਪੈਂਦਾ ਹੈ। ਇਸ ਕਰਕੇ ਸਿੱਖ ਦੇ ਸ਼ਖ਼ਸੀ ਅਤੇ ਪੰਥਕ ਜੀਵਨ ਨੂੰ ਨਿਖੇੜ ਕੇ ਬਿਲਕੁਲ ਨਹੀਂ ਦੇਖਿਆ ਜਾ ਸਕਦਾ। ਸਿੱਖ-ਜਥੇਬੰਦੀ ਦਾ ਨਾਂ ‘ਪੰਥ’ ਹੈ ਅਤੇ ਸਿੱਖ ਨੇ ਪੰਥ ਦਾ ਇਕ ਅੰਗ ਹੋ ਕੇ ਆਪਣਾ ਧਰਮ ਨਿਭਾਉਣਾ ਹੈ। ਜਥੇਬੰਦੀ ਦੀ ਏਕਤਾ, ਇਕਸੁਰਤਾ ਦਾ ਪਤਾ ਉਸ ਵੱਲੋਂ ਅਪਣਾਏ ਜਾਣ ਵਾਲੇ ਨਿਯਮਾਂ ਤੇ ਰਹਿਤ ਤੋਂ ਲੱਗਦਾ ਹੈ। ਸਿੱਖ ਲਈ ਸਿੱਖ ਰਹਿਤ ਮਰਯਾਦਾ ਅਨੁਸਾਰ ਜੀਵਨ ਸਫ਼ਲ ਕਰਨਾ ਜ਼ਿੰਦਗੀ ਹੈ। ਰਹਿਤ ਤੋਂ ਬਿਨਾਂ ਜੀਵਨ ਨੂੰ ਪਸ਼ੂਪੁਣੇ ਤੇ ਦਰਿੰਦਗੀ ਦਾ ਹੀ ਨਾਂ ਦਿੱਤਾ ਜਾ ਸਕਦਾ ਹੈ। ‘ਸਿੱਖ ਰਹਿਤ ਮਰਯਾਦਾ’ ਸੰਖੇਪ ਅਤੀ ਮਹੱਤਵਪੂਰਨ ਸਿੱਖ ਵਿਧਾਨ ਹੈ, ਜਿਸ ਨੂੰ ਗੁਰੂ-ਪੰਥ ਦੀ ਪ੍ਰਵਾਨਗੀ ਹਾਸਲ ਹੈ।
ਸਿੱਖ ਰਹਿਤ ਮਰਯਾਦਾ ਦੇ ਅਰੰਭ ਵਿਚ ਸਿੱਖ ਦੀ ਤਾਰੀਫ਼ ਭਾਵ ਪਰਿਭਾਸ਼ਾ ਦਿੱਤੀ ਗਈ ਹੈ। ਇਸ ਪਰਿਭਾਸ਼ਾ ਤੋਂ ਸਿੱਖ ਨੂੰ ਸਿੱਖ ਦੀ ਵਿਲੱਖਣ ਹੋਂਦ-ਹਸਤੀ ਦਾ ਅਹਿਸਾਸ ਹੁੰਦਾ ਹੈ ਕਿ ਜੇਕਰ ਅਸੀਂ ਇਸਤਰੀ ਜਾਂ ਪੁਰਸ਼ ਰੂਪ ਵਿਚ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ’ਤੇ ਨਿਸ਼ਚਾ ਰੱਖਦੇ ਹਾਂ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦੇ ਤਾਂ ਹੀ ਅਸੀਂ ਸਿੱਖ ਹਾਂ। ‘ਸਿੱਖ ਰਹਿਤ ਮਰਯਾਦਾ’ ਦੇ ਇਹ ਅਰੰਭਕ ਸ਼ਬਦ ਸਾਨੂੰ ਤਾੜਨਾ ਕਰਦੇ ਹਨ ਕਿ ਸਿੱਖ ਨੇ ਕਿਸੇ ਵੀ ਸਮੇਂ, ਕਿਸੇ ਵੀ ਰੂਪ ਵਿਚ ਸਿੱਖੀ ਦੀ ਉਪਰੋਕਤ ‘ਰਾਮਕਾਰ’ ’ਚੋਂ ਬਾਹਰ ਨਹੀਂ ਜਾਣਾ। ਇਹ ਪਰਿਭਾਸ਼ਾ ਹੀ ਵਿਅਕਤੀਵਾਦ ਨੂੰ ਮੰਨਣ ਵਾਲਿਆਂ, ਸ਼ਖ਼ਸੀਅਤਾਂ ਦੇ ਪੁਜਾਰੀਆਂ ਨੂੰ ਸਿੱਖੀ ਦੀ ਸਤਿਕਾਰਤ ਪਦ-ਪਦਵੀ ਤੇ ਮਾਣ ਤੋਂ ਵਿਹੂਣਾ ਕਰਦੀ ਹੈ।
ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖ ਦੀ ਰਹਿਣੀ ਦੋ ਤਰ੍ਹਾਂ ਦੀ ਹੈ (1) ਸ਼ਖ਼ਸੀ ਅਤੇ (2) ਪੰਥਕ ਰਹਿਣੀ। ਸਾਡੇ ਪੁਰਖਿਆਂ ਨੇ ਸਾਨੂੰ ਸਮਝਾਉਣ ਖ਼ਾਤਰ ਸ਼ਖ਼ਸੀ ਅਤੇ ਪੰਥਕ ਰਹਿਣੀ ਨੂੰ ਅਲੱਗ-ਅਲੱਗ ਦਰਜ ਕੀਤਾ ਹੈ। ਪਰ ਸ਼ਖ਼ਸੀ ਰਹਿਣੀ ਅਤੇ ਪੰਥਕ ਰਹਿਣੀ ਨੂੰ ਇਕ-ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ। ਸ਼ਖ਼ਸੀ ਰਹਿਣੀ ਦਾ ਸਮੁੱਚਾਪਨ ਪੰਥਕ ਰਹਿਣੀ ਹੈ ਅਤੇ ਪੰਥਕ ਰਹਿਣੀ, ਸ਼ਖ਼ਸੀ ਦਾ ਸਮੁੱਚਾਪਨ ਹੈ। ਇਹ ਇਕ-ਦੂਜੇ ਦੇ ਪੂਰਕ ਅਤੇ ਅੰਤਰ-ਆਧਾਰਤ ਹਨ। ਵਿਅਕਤੀਵਾਦ ਦੀ ਨਾਮੁਰਾਦ ਬਿਮਾਰੀ ਤੋਂ ਬਚਣ ਵਾਸਤੇ ਸਾਡੇ ਪੁਰਖਿਆਂ ਨੇ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਪਰੰਪਰਾਵਾਂ ਦਾ ਅਧਿਐਨ ਕਰ ਕੇ ਸਿੱਖ ਰਹਿਤ ਮਰਯਾਦਾ ਨਿਸ਼ਚਿਤ ਕੀਤੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ‘ਸਿੱਖ ਰਹਿਤ ਮਰਯਾਦਾ’ ਦਾ ਉਲੇਖ ਪਾਵਨ-ਪਵਿੱਤਰ ਗੁਰਬਾਣੀ ਅਤੇ ਗੁਰਮਤਿ ਵਿਚਾਰਧਾਰਾ ਨਾਲ ਸੰਬੰਧਿਤ ਵਡਮੁੱਲੇ ਸਾਹਿਤ ਵਿਚ ਪਹਿਲਾਂ ਹੀ ਵਿਦਮਾਨ ਸੀ ਪਰ ਕਿਸੇ ਵੀ ਗੁਰਸਿੱਖ ਪਾਸ ਇਤਨਾ ਸਮਾਂ ਤੇ ਸਮਰੱਥਾ ਨਹੀਂ ਕਿ ਇਨ੍ਹਾਂ ਉਪਰੋਕਤ ਧਾਰਮਿਕ ਗ੍ਰੰਥਾਂ ਦਾ ਡੂੰਘਾ ਤੇ ਵਿਆਪਕ ਅਧਿਐਨ ਕਰ ਕੇ ਆਪਣਾ ਜੀਵਨ-ਮਾਰਗ ਸੁਨਿਸ਼ਚਿਤ ਕਰ ਸਕੇ। ਗੁਰਸਿੱਖਾਂ ਦੀ ਸੁਖੈਨਤਾ ਵਾਸਤੇ ਗੁਰੂ-ਗ੍ਰੰਥ ਤੇ ਗੁਰੂ-ਪੰਥ ਨੂੰ ਸਮਰਪਿਤ ਹੁੰਦਿਆਂ ਨਿਸ਼ਚਿਤ ਕੀਤੀ ਗਈ ‘ਸਿੱਖ ਰਹਿਤ ਮਰਯਾਦਾ’ 24 ਪੰਨਿਆਂ ਦਾ ਇਕ ਸਿਧਾਂਤਕ, ਕਾਨੂੰਨੀ, ਧਾਰਮਿਕ, ਸਮਾਜਿਕ ਅਤੇ ਇਤਿਹਾਸਕ ਪਰੰਪਰਾਵਾਂ ਆਧਾਰਤ ਦਸਤਾਵੇਜ਼ ਹੈ, ਜਿਸ ਦੀ ਭਾਸ਼ਾ-ਸ਼ੈਲੀ ਬੜੀ ਸੰਕੋਚਵੀਂ, ਗੁੰਦਵੀਂ ਤੇ ਸੰਜਮੀ ਹੈ, ਜਿਸ ਦਾ ਅੰਦਾਜ਼ਾ ‘ਸਿੱਖ ਦੀ ਤਾਰੀਫ਼’ ਤੇ ‘ਸਿੱਖ ਅਰਦਾਸ’ ਤੋਂ ਸਹਿਜੇ ਹੀ ਹੋ ਜਾਂਦਾ ਹੈ। ਗੁਰਮਤਿ ਵਿਚਾਰਧਾਰਾ ਅਨੁਕੂਲ ਗੁਰਮਤਿ ਸਾਹਿਤ ਨਾਲ ਸੰਬੰਧਿਤ ਸ਼ਾਇਦ ਇਹ ਸਭ ਤੋਂ ਸੰਖੇਪ ਦਸਤਾਵੇਜ਼ ਹੈ, ਜਿਸ ਵਿਚ ਸਿੱਖ ਧਰਮ-ਸਿਧਾਂਤਾਂ, ਧਰਮ-ਦਰਸ਼ਨ, ਵਿਚਾਰਧਾਰਾ, ਪਰੰਪਰਾਵਾਂ, ਜਨਮ, ਨਾਮ, ਅੰਮ੍ਰਿਤ, ਵਿਆਹ ਅਤੇ ਮੌਤ ਸਬੰਧੀ ਸੰਸਕਾਰਾਂ ਨੂੰ ਬਾਖ਼ੂਬੀ ਦਰਜ ਕੀਤਾ ਗਿਆ ਹੈ। ਉਦਾਹਰਣ ਦੇ ਤੌਰ ’ਤੇ ਜੇਕਰ ਅਸੀਂ ਸ਼ਖ਼ਸੀ ਰਹਿਣੀ ਦਾ ਪੱਖ ਹੀ ਲਈਏ ਤਾਂ ਇਸ ਵਿਚ ਨਾਮ-ਬਾਣੀ ਦਾ ਅਭਿਆਸ, ਗੁਰਮਤਿ ਦੀ ਰਹਿਣੀ ਤੇ ਸੇਵਾ ਨੂੰ ਦਰਸਾਇਆ ਗਿਆ ਹੈ। ਇਨ੍ਹਾਂ ਤਿੰਨਾਂ ਪੱਖਾਂ ਨੂੰ ਜੇਕਰ ਵਿਚਾਰਿਆ ਜਾਵੇ ਤਾਂ ਇਹ ਤਿੰਨੋਂ ਹੀ ਪੱਖ ਸ਼ਖ਼ਸੀ ਰਹਿਣੀ ਦੇ ਨਾਲ- ਨਾਲ ਪੰਥਕ ਰਹਿਣੀ ਦਾ ਵੀ ਅਟੁੱਟ ਹਿੱਸਾ ਹਨ। ਉਦਾਹਰਣ ਦੇ ਤੌਰ ’ਤੇ ਅਰਦਾਸ ਨੂੰ ਹੀ ਲਿਆ ਜਾਵੇ। ਅਰਦਾਸ ਸਿੱਖ ਸ਼ਖ਼ਸੀ ਰੂਪ ਵਿਚ ਵੀ ਕਰਦਾ ਹੈ ਅਤੇ ਪੰਥਕ ਰੂਪ ਵਿਚ ਵੀ। ਇਥੋਂ ਤਕ ਕਿ ਸਿੱਖ ਸਮਾਜ ਨਾਲ ਸੰਬੰਧਿਤ ਕੋਈ ਵੀ ਕਾਰਜ ਅਰਦਾਸ ਤੋਂ ਬਿਨਾਂ ਸੰਪੂਰਨ ਨਹੀਂ ਹੋ ਸਕਦਾ। ਬਲਿਹਾਰ ਜਾਈਏ ਆਪਣੇ ਪੁਰਖਿਆਂ ਦੇ, ਜਿਨ੍ਹਾਂ ਨੇ ਅਰਦਾਸ ਨੂੰ ‘ਸਿੱਖ ਰਹਿਤ ਮਰਯਾਦਾ’ ਦਾ ਜ਼ਰੂਰੀ ਅਰੰਭਕ ਅੰਗ ਬਣਾਇਆ! ਇਸ ਤੋਂ ਵੱਡੀ ਪੰਥਕ ਜੀਵਨ ਸਬੰਧੀ ‘ਸਿੱਖ ਰਹਿਤ ਮਰਯਾਦਾ’ ਦੀ ਕੀ ਮਹੱਤਤਾ ਹੋ ਸਕਦੀ ਹੈ ਕਿ ਇਹ ਅਰਦਾਸ ਹਰ ਸਿੱਖ ਨੂੰ ਸੁਬ੍ਹਾ-ਸ਼ਾਮ ਨਿੱਜੀ ਰੂਪ ਵਿਚ ਅਤੇ ਹਰ ਕਾਰਜ ਭਾਵੇਂ ਉਹ ਨਿੱਜੀ ਹੋਵੇ ਜਾਂ ਪੰਥਕ ਸਮੇਂ ਕਰਨ ਦੀ ਤਾਕੀਦ ਕੀਤੀ ਗਈ ਹੈ? ਅਰਦਾਸ ਜਿਹੜੀ ਕਿ ਪਾਵਨ-ਪਵਿੱਤਰ ਗੁਰਬਾਣੀ, ਸਿੱਖ-ਸਿਧਾਂਤਾਂ, ਪਰੰਪਰਾਵਾਂ ਤੇ ਇਤਿਹਾਸ ਦਾ ਅਤੀ ਸੰਖੇਪ ਪਰ ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਤੋਂ ਸੁਤੰਤਰ ਵਡਮੁੱਲਾ ਦਸਤਾਵੇਜ਼ ਹੈ, ਇਸ ਦੀ ਉਦਾਹਰਣ ਵਿਸ਼ਵ ਧਰਮ-ਦਰਸ਼ਨ ਵਿਚ ਹੋਰ ਕਿਧਰੇ ਨਹੀਂ ਮਿਲਦੀ।
ਇਸ ਤਰ੍ਹਾਂ ‘ਸਿੱਖ ਰਹਿਤ ਮਰਯਾਦਾ’ ਵਿਚ ਹੀ ਸਾਨੂੰ ਗੁਰਦੁਆਰਾ ਸਾਹਿਬ ਦੀ ਮੱਦ ਵਿਚ ਤਾਕੀਦ ਕੀਤੀ ਗਈ ਹੈ ਕਿ ਗੁਰਦੁਆਰਾ ਸਾਹਿਬ ਦਾ ਵਿਧੀ-ਵਿਧਾਨ ਕੀ ਹੈ। ਹਰ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਸੁਖਆਸਨ ਤਕ ਦੀ ਮਰਯਾਦਾ ਦ੍ਰਿੜ੍ਹ ਕਰਾਈ ਗਈ ਹੈ। ਇਸ ਵਿਚ ਹੀ ਸਪੱਸ਼ਟ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਅਦਬ-ਸਤਿਕਾਰ ਕਿਵੇਂ ਕਾਇਮ ਰੱਖਣਾ ਹੈ। ਇਸ ਭਾਗ ਵਿਚ ਹੀ ਸਪੱਸ਼ਟ ਕੀਤਾ ਗਿਆ ਹੈ ਕਿ ਗੁਰੂ ਖਾਲਸਾ ਪੰਥ ਦੇ ਪੰਜ ਪ੍ਰਮਾਣਿਤ ਤਖ਼ਤ ਸਾਹਿਬਾਨ ਹਨ। ਇਥੇ ਇਹ ਵੀ ਸਮਝਾਇਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੀ ਸੰਸਥਾ ਸਭ ਦੀ ਸਾਂਝੀ ਹੈ ਪਰ ਤਖ਼ਤ ਸਾਹਿਬਾਨ ਦਾ ਸੰਬੰਧ ਇਸ ਨੂੰ ਮੰਨਣ ਵਾਲੇ ਸਿੱਖਾਂ ਨਾਲ ਹੀ ਹੈ; ਗੁਰਦੁਆਰਾ ਸਾਹਿਬਾਨ ਵਿਚ ਹਰੇਕ ਨੂੰ ਬਰਾਬਰਤਾ ਹਾਸਲ ਹੈ ਪਰ ਤਖ਼ਤ ਸਾਹਿਬਾਨ ਦੇ ਖਾਸ ਅਸਥਾਨ ਉੱਤੇ ਕੇਵਲ ਰਹਿਤਵਾਨ ਅੰਮ੍ਰਿਤਧਾਰੀ (ਸਿੰਘ ਜਾਂ ਸਿੰਘਣੀ) ਚੜ੍ਹ ਸਕਦੇ ਹਨ।
ਇਸ ਤਰ੍ਹਾਂ ਹੀ ‘ਸਿੱਖ ਰਹਿਤ ਮਰਯਾਦਾ’ ਵਿਚ ਕੀਰਤਨ ਕਰਨ, ਹੁਕਮ ਲੈਣ, ਸਹਿਜ ਪਾਠ, ਅਖੰਡ ਪਾਠ, ਕੜਾਹ ਪ੍ਰਸ਼ਾਦ, ਗੁਰਬਾਣੀ ਦੀ ਕਥਾ, ਜਨਮ ਅਤੇ ਨਾਮ ਸੰਸਕਾਰ, ਅਨੰਦ ਸੰਸਕਾਰ, ਸੇਵਾ ਆਦਿ ਬਾਰੇ ਸੰਖੇਪ ਪਰ ਭਾਵਪੂਰਨ ਵਰਣਨ ਦਰਜ ਹੈ। ਇਸ ਤਰ੍ਹਾਂ ਹੀ ਪੰਥਕ ਰਹਿਣੀ ਦੀ ਮੱਦ ਵਿਚ ਗੁਰੂ-ਪੰਥ, ਅੰਮ੍ਰਿਤ ਸੰਸਕਾਰ, ਤਨਖਾਹ ਲਾਉਣ ਦੀ ਵਿਧੀ, ਗੁਰਮਤਾ ਕਰਨ ਦੀ ਵਿਧੀ ਬਾਰੇ ਬਹੁਤ ਹੀ ਮਹੱਤਵਪੂਰਨ ਸਿਧਾਂਤਕ ਜਾਣਕਾਰੀ ਅੰਕਿਤ ਹੈ।
‘ਸਿੱਖ ਰਹਿਤ ਮਰਯਾਦਾ’ ਦੇ ਮਹੱਤਵ ਨੂੰ ਭਲੀ-ਭਾਂਤ ਜਾਣਨ/ਸਮਝਣ ਲਈ ਸਹਾਇਕ ਹੋ ਸਕਦੇ ਇਸ ਦੇ ਕੁਝ ਅੰਸ਼ ਜੋ ਇਸ ਪ੍ਰਕਾਰ ਹਨ-
“ਸੇਵਾ, ਸਫਲ ਉਹ ਹੈ ਜੋ ਥੋੜ੍ਹੇ ਯਤਨ ਨਾਲ ਵਧੀਕ ਤੋਂ ਵਧੀਕ ਹੋ ਸਕੇ। ਇਹ ਗੱਲ ਜਥੇਬੰਦੀ ਦੇ ਰਾਹੀਂ ਹੋ ਸਕਦੀ ਹੈ। ਸਿੱਖ ਨੇ ਸ਼ਖ਼ਸੀ ਧਰਮ ਪੂਰਾ ਕਰਦਿਆਂ ਹੋਇਆਂ ਨਾਲ ਹੀ ਪੰਥਕ ਫਰਜ਼ ਭੀ ਪੂਰੇ ਕਰਨੇ ਹਨ। … ਹਰ ਇਕ ਸਿੱਖ ਨੇ ‘ਪੰਥ’ ਦਾ ਇਕ ਅੰਗ ਹੋ ਕੇ ਭੀ ਆਪਣਾ ਧਰਮ ਨਿਭਾਉਣਾ ਹੈ। ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ‘ ਗੁਰੂ ਪੰਥ’ ਆਖਦੇ ਹਨ। ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਨੂੰ ਅੰਤਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ।” (ਸਫਾ 27)
“ਹਰ ਦੇਸ਼, ਹਰ ਮਜ਼੍ਹਬ ਤੇ ਜਾਤੀ ਦੇ ਇਸਤਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ ਜੋ ਸਿੱਖ ਧਰਮ ਗ੍ਰਹਿਣ ਕਰਨ ’ਤੇ ਉਸ ਦੇ ਅਸੂਲਾਂ ਉੱਪਰ ਚੱਲਣ ਦਾ ਪ੍ਰਣ ਕਰੇ। …
ਸਿੱਖ ਧਰਮ ਵਿਚ ਕਿਰਤਮ ਦੀ ਪੂਜਾ ਤਿਆਗ ਕੇ ਇਕ ਕਰਤਾਰ ਦੀ ਪ੍ਰੇਮਾ-ਭਗਤੀ ਤੇ ਉਪਾਸ਼ਨਾ ਦੱਸੀ ਹੈ। ਇਸ ਦੀ ਪੂਰਨਤਾ ਲਈ ਗੁਰਬਾਣੀ ਦਾ ਅਭਿਆਸ, ਸਾਧ ਸਂੰਗਤ ਤੇ ਪੰਥ ਦੀ ਸੇਵਾ, ਉਪਕਾਰ, ਨਾਮ ਦਾ ਪ੍ਰੇਮ ਅਤੇ ਅੰਮ੍ਰਿਤ ਛਕ ਕੇ ਰਹਿਤ-ਬਹਿਤ ਰੱਖਣਾ ਮੁੱਖ ਸਾਧਨ ਹਨ।” (ਸਫਾ 28)
“ਫਿਰ ਪੰਜਾਂ ਪਿਆਰਿਆਂ ’ਚੋਂ ਕੋਈ ਸੱਜਣ ਰਹਿਤ ਦੱਸੇ – ਅੱਜ ਤੋਂ ਤੁਸੀਂ ‘ਸਤਿਗੁਰ ਕੈ ਜਨਮੇ ਗਵਨ ਮਿਟਾਇਆ’ ਹੈ ਅਤੇ ਖਾਲਸਾ ਪੰਥ ਵਿਚ ਸ਼ਾਮਲ ਹੋਏ ਹੋ। ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ। ਜਨਮ ਆਪ ਦਾ ਕੇਸਗੜ੍ਹ ਸਾਹਿਬ ਦਾ ਤੇ ਵਾਸੀ ਅਨੰਦਪੁਰ ਸਾਹਿਬ ਦੇ ਹੋ। ਤੁਸੀਂ ਇਕ ਪਿਤਾ ਦੇ ਪੁੱਤਰ ਹੋਣ ਕਰਕੇ ਆਪਸ ਵਿਚ ਤੇ ਹੋਰ ਸਾਰੇ ਅੰਮ੍ਰਿਤਧਾਰੀਆਂ ਦੇ ਧਾਰਮਿਕ ਭਰਾਤਾ ਹੋ। ਤੁਸੀਂ ਪਿਛਲੀ ਜਾਤ-ਪਾਤ, ਜਨਮ, ਦੇਸ਼, ਮਜ਼੍ਹਬ ਦਾ ਖਿਆਲ ਛੱਡ ਕੇ ਨਿਰੋਲ ਖਾਲਸਾ ਬਣ ਗਏ ਹੋ।” (ਸਫਾ 29-30)
“ਪੰਜਾਂ ਕੱਕਿਆਂ- ਕੇਸ, ਕ੍ਰਿਪਾਨ, ਕਛਹਿਰਾ, ਕੰਘਾ,ਕੜਾ ਨੂੰ ਹਰ ਵੇਲੇ ਅੰਗ- ਸੰਗ ਰੱਖਣਾ।
ਇਹ ਚਾਰ ਕੁਰਹਿਤਾਂ ਨਹੀਂ ਕਰਨੀਆਂ :-
1. ਕੇਸਾਂ ਦੀ ਬੇਅਦਬੀ
2. ਕੁੱਠਾ ਖਾਣਾ
3.ਪਰ-ਇਸਤਰੀ ਜਾਂ ਪਰ-ਪੁਰਸ਼ ਦਾ ਗਮਨ (ਭੋਗਣਾ)
4. ਤਮਾਕੂ ਦਾ ਵਰਤਣਾ।
ਇਨ੍ਹਾਂ ਵਿੱਚੋਂ ਕੁਰਹਿਤ ਹੋ ਜਾਵੇ ਤਾਂ ਮੁੜ ਕੇ ਅੰਮ੍ਰਿਤ ਛਕਣਾ ਪਏਗਾ। ਆਪਣੀ ਇੱਛਾ ਵਿਰੁੱਧ ਅਨਭੋਲ ਹੀ ਕੋਈ ਕੁਰਹਿਤ ਹੋ ਜਾਵੇ ਤਾਂ ਕੋਈ ਦੰਡ ਨਹੀਂ।” (ਸਫਾ 30)
“ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਜਥੇਬੰਦੀ ਵਿਚ ਇਕਸੂਤ ਪਰੋਏ ਰਹਿਣਾ, ਰਹਿਤ ਵਿਚ ਕੋਈ ਭੁੱਲ ਹੋ ਜਾਵੇ ਤਾਂ ਖਾਲਸੇ ਦੇ ਦੀਵਾਨ ਵਿਚ ਹਾਜ਼ਰ ਹੋ ਕੇ ਬੇਨਤੀ ਕਰ ਕੇ ਤਨਖਾਹ ਬਖਸ਼ਾਉਣੀ। ਅੱਗੇ ਲਈ ਸਾਵਧਾਨ ਰਹਿਣਾ।…
ਜਿਸ ਕਿਸੇ ਸਿੱਖ ਪਾਸੋਂ ਰਹਿਤ ਵਿਚ ਕੋਈ ਭੁੱਲ ਹੋ ਜਾਵੇ ਤਾਂ ਉਹ ਨੇੜੇ ਦੀ ਗੁਰ-ਸੰਗਤ ਪਾਸ ਹਾਜ਼ਰ ਹੋਵੇ ਅਤੇ ਸੰਗਤ ਦੇ ਸਨਮੁੱਖ ਖੜ੍ਹੋ ਕੇ ਆਪਣੀ ਭੁੱਲ ਮੰਨੇ।” (ਸਫਾ 31)
“ਗੁਰ-ਸੰਗਤ ’ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪੰਜ ਪਿਆਰੇ ਚੁਣੇ ਜਾਣ, ਜੋ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਗੁਰ-ਸੰਗਤ ਪਾਸ ਤਨਖਾਹ (ਦੰਡ) ਤਜਵੀਜ਼ ਕਰਨ।
ਸੰਗਤ ਨੂੰ ਬਖਸ਼ਣ ਵੇਲੇ ਹਠ ਨਹੀਂ ਕਰਨਾ ਚਾਹੀਦਾ। ਨਾ ਹੀ ਤਨਖਾਹ ਲੁਆਉਣ ਵਾਲੇ ਨੂੰ ਦੰਡ ਭਰਨ ਵਿਚ ਅੜੀ ਕਰਨੀ ਚਾਹੀਦੀ ਹੈ। ਤਨਖਾਹ ਕਿਸੇ ਕਿਸਮ ਦੀ ਸੇਵਾ ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ, ਲਾਉਣੀ ਚਾਹੀਏ।” (ਸਫਾ 32)
ਉਕਤ ਉਲੇਖ ਅਧੀਨ ਵਾਕਾਂ ਦਾ ਅਧਿਐਨ ਤੇ ਵਿਸ਼ਲੇਸ਼ਣ ਪੰਥਕ ਜੀਵਨ ਵਿਚ ‘ਸਿੱਖ ਰਹਿਤ ਮਰਯਾਦਾ’ ਦੇ ਮਹੱਤਵ ਨੂੰ ਦ੍ਰਿੜ੍ਹ ਕਰਾਉਣ ਵਾਲਾ ਇਕ ‘Base- Structure’ ਮੰਨਿਆ ਜਾ ਸਕਦਾ ਹੈ।
ਪੰਥਕ ਜੀਵਨ ਵਿਚ ਸੇਵਾ ਤੇ ਪਰਉਪਕਾਰ ਦਾ ਬਹੁਤ ਜ਼ਿਆਦਾ ਮਹੱਤਵ ਹੈ। ਗੁਰਦੁਆਰਾ ਸਾਹਿਬਾਨ ਸੇਵਾ ਤੇ ਪਰਉਪਕਾਰ ਦੀ ਭਾਵਨਾ ਪੈਦਾ ਕਰਨ ਵਾਸਤੇ ਸਿਖਲਾਈ ਕੇਂਦਰ ਹਨ। ਸਿੱਖ ਲਈ ਪੰਥਕ ਜੀਵਨ ਪ੍ਰਮੁੱਖਤਾ ਯੋਗ ਹੈ। ਸਿੱਖ ਨਿੱਜ ਵਾਸਤੇ ਨਹੀਂ ਬਲਕਿ ਪੰਥ ਵਾਸਤੇ ਹੈ। ‘ਮੈਂ ਮਰਾਂ ਪੰਥ ਜੀਵੇ’ ਦੀ ਭਾਵਨਾ ਹਰੇਕ ਸਿੱਖ ਦੇ ਅੰਦਰ ਵੱਸੀ ਹੋਣੀ ਚਾਹੀਦੀ ਹੈ।
‘ਸਿੱਖ ਰਹਿਤ ਮਰਯਾਦਾ’ ਇਕ ਪਾਸੇ ਸਪੱਸ਼ਟ ਜ਼ਾਬਤਾ ਅਪਣਾਉਣ ਤੇ ਦੂਜੇ ਪਾਸੇ ਗ਼ਲਤੀਆਂ-ਭੁੱਲਾਂ ਕਰਨ ਵਾਲਿਆਂ ਨੂੰ ਸੁਧਾਈ ਦਾ ਅਵਸਰ ਦੇਣ ਦਾ ਸਮਰਥਨ ਕਰਨ ਵਾਲੀ ਦਸਤਾਵੇਜ਼ੀ ਲਿਖਤ ਵੀ ਹੈ। ‘ਸਿੱਖ ਰਹਿਤ ਮਰਯਾਦਾ’ ਦਾ ਦੰਡ- ਵਿਧਾਨ ਦੁਨੀਆਂ ਵਿਚ ਆਪਣੀ ਉਦਾਹਰਣ ਆਪ ਹੈ। ਇਹ ਧਾਰਮਿਕ ਰੂਪ ਵਾਲੀ ਸਜ਼ਾ ਹੈ। ਇਹ ਭੁੱਲ ਕਰਨ ਵਾਲੇ ਨੂੰ ਗੁਰਬਾਣੀ ਪਾਠ ਅਤੇ ਹੱਥੀਂ ਸੇਵਾ ਦੇ ਵਿਭਿੰਨ ਰੂਪਾਂ ਰਾਹੀਂ ਸੁਧਾਰਨ ਵਾਲੀ ਹੈ। ‘ਸਿੱਖ ਰਹਿਤ ਮਰਯਾਦਾ’ ਸਮੁੱਚੇ ਤੌਰ ’ਤੇ ਗੁਰੂ ਨਾਲ ਜੋੜਨ ਵਾਲੀ ਹੈ ਨਾ ਕਿ ਗੁਰੂ ਨਾਲੋਂ ਤੋੜਨ ਵਾਲੀ। ਭੁੱਲਾਂ ਕਰਨ ਵਾਲੇ ਸਿੱਖ ਰਹਿਤ ਮਰਯਾਦਾ ਦੀ ਇਸ ਭਾਵਨਾ ਦਾ ਸਦਕਾ ਹੀ ਮੁੜ ਤਨਖਾਹ ਲਵਾ ਕੇ ਆਪਣੀ ਸੁਧਾਈ ਕਰਦੇ ਰਹੇ ਹਨ।
ਉਪਰੋਕਤ ਸੰਖੇਪ ਵਰਣਨ ਤੋਂ ਸਪੱਸ਼ਟ ਹੈ ਕਿ ‘ਸਿੱਖ ਰਹਿਤ ਮਰਯਾਦਾ’ ਪਾਵਨ-ਪਵਿੱਤਰ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਸਿਧਾਂਤਾਂ, ਪਰੰਪਰਾਵਾਂ ਅਨੁਸਾਰੀ ਸਿੱਖ ਜੀਵਨ-ਜਾਚ ਹੈ , ਜਿਸ ਤੋਂ ਬਿਨਾਂ ਸਿੱਖੀ ਜੀਵਨ ਦੀ ਕਲਪਨਾ ਕਰਨੀ ਮੁਸ਼ਕਿਲ ਹੈ। ‘ਸਿੱਖ ਰਹਿਤ ਮਰਯਾਦਾ’ ਜਿੱਥੇ ਸਿੱਖ ਨੂੰ ਸਿੱਖ ਨਾਲ ਜੋੜਦੀ ਹੈ ਅਤੇ ਉਸ ਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਹਰ ਸਿੱਖ ਗੁਰੂ-ਪੰਥ ਦਾ ਅਨਿੱਖੜ ਅੰਗ ਹੈ, ਉਥੇ ਸਮੂਹਿਕ ਸਿੱਖ ਸ਼ਕਤੀ ਨੂੰ ਵੀ ਪ੍ਰਗਟ ਕਰਦੀ ਹੈ। ‘ਸਿੱਖ ਰਹਿਤ ਮਰਯਾਦਾ’ ਅਸਲ ਵਿਚ ਅਜਿਹਾ ਸਾਫ ਦਰਪਣ, ਇਕ ਅਜਿਹੀ ਨਿਰਮਲ ਆਰਸੀ ਹੈ, ਜਿਸ ਰਾਹੀਂ ਹਰ ਗੁਰਸਿੱਖ ਇਹ ਦੇਖ ਸਕਦਾ ਹੈ ਕਿ ਉਹ ‘ਗੁਰੂ-ਗ੍ਰੰਥ’ ਤੇ ‘ਗੁਰੂ-ਪੰਥ’ ਪ੍ਰਤੀ ਕਿੱਥੋਂ ਤਕ ਸਮਰਪਿਤ ਹੈ। ‘ਸਿੱਖ ਰਹਿਤ ਮਰਯਾਦਾ’ ਸਿੱਖ ਨੂੰ ਪੰਥਕ ਪਰਵਾਰ ਦਾ ਸਤਿਕਾਰਤ ਮੈਂਬਰ ਹੋਣ ਦਾ ਮਾਣ ਦਿਵਾਉਂਦੀ ਹੈ।
‘ਸਿੱਖ ਰਹਿਤ ਮਰਯਾਦਾ’ ਇਕ ਐਸੀ ਮਜ਼ਬੂਤ ਦੀਵਾਰ ਹੈ, ਜੋ ਸਿੱਖ ਨੂੰ ਆਚਰਨਹੀਣਤਾ, ਦੁਰਾਚਾਰ, ਵੈਰ-ਵਿਰੋਧ, ਨਸ਼ਿਆਂ ਦੀ ਨਾ-ਮੁਰਾਦ ਬਿਮਾਰੀ, ਕੁਰਹਿਤਾਂ ਆਦਿ ਤੋਂ ਬਚਾ ਕੇ ਗੁਰੂ ਦਾ ਸੱਚਾ-ਸੁੱਚਾ ਸਿੱਖ ਹੋਣ ਦਾ ਮਾਣ-ਸਤਿਕਾਰ ਦਿਵਾਉਂਦੀ ਹੈ। ਲੋੜ ਹੈ ਹਰ ਸਿੱਖ ਨੂੰ ਕਿ ਉਹ ਆਪਣੇ ਜੀਵਨ-ਕਾਲ ਵਿਚ ਵਕਤ ਰਹਿੰਦੇ ‘ਸਿੱਖ ਰਹਿਤ ਮਰਯਾਦਾ’ ਨੂੰ ਪੜ੍ਹੇ, ਸਮਝੇ ਅਤੇ ਇਸ ਅਨੁਸਾਰੀ ਜੀਵਨ ਜੀਉਣ ਦਾ ਯਤਨ ਕਰੇ।
ਲੇਖਕ ਬਾਰੇ
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/August 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/January 1, 2010
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/February 1, 2010
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/