ਧਰਤੀ ਅੰਮ੍ਰਿਤਸਰ ਦੀ ਬੜੀ ਪਿਆਰੀ ਏ,
ਤਾਹੀਓਂ ਸੀਸ ਝੁਕਾਉਂਦੀ ਆ ਕੇ ਦੁਨੀਆਂ ਸਾਰੀ ਏ।
ਰਾਮਦਾਸ ਸਤਿਗੁਰਾਂ ਇਸ ਨੂੰ ਆਪ ਵਸਾਇਆ ਸੀ,
ਗੁਰੂ ਅਰਜਨ ਸਾਹਿਬ ਹਰਿਮੰਦਰ ਸਾਹਿਬ ਬਣਾਇਆ ਸੀ।
ਸਾਰੀ ਦੁਨੀਆਂ ਮੰਨਦੀ ਇਸ ਦੀ ਸੋਭਾ ਭਾਰੀ ਏ,
ਤਾਹੀਓਂ ਸੀਸ ਝੁਕਾਉਂਦੀ…..
ਇਸ ਨਗਰੀ ਵਿਚ ਪਾਵਨ ਚਰਨ ਗੁਰਾਂ ਨੇ ਪਾਏ ਨੇ,
ਧੰਨ ਸਤਿਗੁਰ ਸ੍ਰੀ ਤੇਗ ਬਹਾਦਰ ਇਥੇ ਆਏ ਨੇ।
ਤਾਰਨ ਖ਼ਾਤਰ ਆਏ ਸਾਰੀ ਦੁਨੀਆਂ ਤਾਰੀ ਏ,
ਤਾਹੀਓਂ ਸੀਸ ਝੁਕਾਉਂਦੀ…..
ਬਾਗ਼ ਅੰਮ੍ਰਿਤਸਰ ਵਿਚ ਜਿਹੜਾ ਜਲ੍ਹਿਆਂ ਵਾਲਾ ਏ,
ਰਹੇ ਹਮੇਸ਼ਾਂ ਯਾਦ ਕਦੇ ਨਾ ਭੁੱਲਣ ਵਾਲਾ ਏ।
ਦੇਸ਼ ਦੀ ਆਜ਼ਾਦੀ ਲਈ ਇਹ ਕੁਰਬਾਨੀ ਭਾਰੀ ਏ,
ਤਾਹੀਓਂ ਸੀਸ ਝੁਕਾਉਂਦੀ…..
ਕਈ ਵੇਖਣ ਯੋਗ ਤਾਂ ਇਥੇ ਅਜਬ ਨਜ਼ਾਰੇ ਨੇ,
ਇਸ ਇਤਿਹਾਸਕ ਧਰਤੀ ’ਤੇ ਸੁਹਣੇ ਗੁਰਦੁਆਰੇ ਨੇ।
ਇਸ ਨਗਰੀ ਦੀ ਸਾਰੀ ਸ਼ਾਨ ਨਿਆਰੀ ਏ,
ਤਾਹੀਓਂ ਸੀਸ ਝੁਕਾਉਂਦੀ…..
ਇਸ ਧਰਤੀ ਦੀ ਧੂੜ ਚਲੋ ਮੱਥੇ ਲਾ ਲਈਏ,
ਇਸ ਵਿਚ ਆ ਕੇ ਆਪਣੇ ਭਾਗ ਬਣਾ ਲਈਏ।
ਇਸ ਨਗਰੀ ਨੂੰ ਤੱਕ-ਤੱਕ ਦੁਨੀਆਂ ਜਾਂਦੀ ਬਲਿਹਾਰੀ ਏ,
ਤਾਹੀਓਂ ਸੀਸ ਝੁਕਾਉਂਦੀ…..
ਗੁਰੂ ਗ੍ਰੰਥ ਸਾਹਿਬ ਦੀ ਇਥੇ ਰਚਨਾ ਹੋਈ ਏ,
ਪੰਚਮ ਪਿਤਾ ਨੇ ਮਾਲਾ ਬੈਠ ਪਰੋਈ ਏ।
‘ਟੂਰੇਵਾਲੀਆ’ ਦੇਵ ਇਹਦੇ ਤੋਂ ਸਦਕੇ ਵਾਰੀ ਏ,
ਤਾਹੀਓਂ ਸੀਸ ਝੁਕਾਉਂਦੀ ਆ ਕੇ ਦੁਨੀਆਂ ਸਾਰੀ ਏ।
ਲੇਖਕ ਬਾਰੇ
ਬਸਤੀ ਰਾਮ ਬਿਲਾਸ, ਭੁੱਚੋ ਮੰਡੀ, ਤਹਿ. ਨਥਾਣਾ, ਜ਼ਿਲ੍ਹਾ ਬਠਿੰਡਾ
- ਹੋਰ ਲੇਖ ਉਪਲੱਭਧ ਨਹੀਂ ਹਨ