ਸਾ ਗੁਣਵੰਤੀ ਸਾ ਵਡਭਾਗਣਿ॥
ਪੁਤ੍ਰਵੰਤੀ ਸੀਲਵੰਤਿ ਸੋਹਾਗਣਿ॥
ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ॥ (ਪੰਨਾ 97)
ਮਾਨਵਤਾ ਦੀ ਹੋਂਦ ਸੁਤੇ-ਸਿਧ ਜਨਮ ਤੋਂ ਹੁੰਦੀ, ਜਨਮ ਤੋਂ ਬਾਅਦ ਇਹ ਇਕ ਸਮੂਹਿਕ ਸਥਾਨ ਭਾਵ ਘਰ ਵਿਚ ਦਾਖ਼ਲ ਹੁੰਦਾ ਹੈ, ਸਮੂਹਿਕ ਸਥਾਨ ਤੋਂ ਸਮਾਜ ਭਾਵ ਆਪਣੇ ਚੌਗਿਰਦੇ ਵਿਚ ਦਾਖ਼ਲ ਹੁੰਦਾ ਹੈ। ਉਹ ਕਿਹੋ ਜਿਹਾ ਮਨੁੱਖ ਹੈ, ਕਿਹੋ ਜਿਹੀ ਹੋਂਦ ਵਾਲਾ ਹੈ, ਉਸ ਦਾ ਸਮਾਜ ਵਿਚ ਕਿਸ ਤਰ੍ਹਾਂ ਦਾ ਸਥਾਨ ਨਿਸ਼ਚਿਤ ਹੁੰਦਾ ਹੈ, ਇਹ ਸਭ ਕੁਝ ਉਸ ਨੂੰ ਸਮੂਹਿਕ ਸਥਾਨ ਵਿੱਚੋਂ ਮਿਲਦਾ ਹੈ। ਗੁਰਬਾਣੀ ਅਨੁਸਾਰ:
ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ॥
ਸਭਨਾ ਕਉ ਸਨਬੰਧੁ ਹਰਿ ਕਰਿ ਦੀਏ॥ (ਪੰਨਾ 494)
ਇਨ੍ਹਾਂ ਸਾਰੇ ਸੰਬੰਧਾਂ ਵਿਚ ਉਹ ਕਿਹੋ ਜਿਹਾ ਰੂਪ ਧਾਰਨ ਕਰਦਾ ਹੈ ਇਹ ਸਭ ਕੁਝ ਘਰ ਵਿੱਚੋਂ ਮਿਲਦਾ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ‘ਘਰ’ ਕਿਸ ਨੂੰ ਕਹਿੰਦੇ ਹਨ? ਪ੍ਰਸਿੱਧ ਵਿਦਵਾਨ ਪ੍ਰਿੰ. ਤੇਜਾ ਸਿੰਘ ਅਨੁਸਾਰ, “ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ, ਘਰ ਤੋਂ ਭਾਵ ਜਿੱਥੇ ਸੱਧਰਾਂ, ਚਾਅ, ਲਾਡ, ਪਿਆਰ ਇਕੱਠੇ ਪਲਦੇ ਹਨ, ਦੁਨੀਆਂ ਗਾਹ ਕੇ ਲਿਤਾੜ ਕੇ ਕਮਾਈ ਕਰ ਕੇ ਪਰਤਣ ਨੂੰ ਜੀਅ ਕਰਦਾ ਹੈ।” ਇਸ ਤੋਂ ਭਾਵ ਇਹ ਹੋਇਆ ਕਿ ਘਰ ਇਕ ਐਸੇ ਸਾਂਚੇ ਦਾ ਨਾਮ ਹੈ ਜਿਸ ਵਿਚ ਜੋ ਵੀ ਢਾਲ ਕੇ ਪਿਘਲਾ ਕੇ ਪਾ ਦਿੱਤਾ ਜਾਵੇ ਹੂ-ਬ-ਹੂ ਬਣ ਕੇ ਤਿਆਰ ਹੋ ਜਾਵੇਗਾ। ਜਦੋਂ ਇਕ ਪ੍ਰਾਣੀ ਸਮਾਜ ਦੀ ਪ੍ਰਤੀਕਿਰਿਆ ਦੇ ਉਲਟ ਹੋ ਕੇ ਸਮਾਜ ਵਿਚ ਵਿਚਰਦਾ ਹੈ ਅਸੀਂ ਇਤਨਾ ਹੀ ਕਹਿ ਕੇ ਛੱਡ ਦਿੰਦੇ ਹਾਂ ਇਸ ਵਿਚਾਰੇ ਦਾ ਕਸੂਰ ਨਹੀਂ ਇਸ ਨੂੰ ਘਰ ਵਿਚ ਹੀ ਇਹ ਕੁਝ ਸਿਖਾਇਆ ਗਿਆ ਹੈ। ਗੁਰੂ ਸਾਹਿਬਾਨ ਨੇ ਇਸ ਸਾਰੀ ਜ਼ਿੰਮੇਵਾਰੀ ਵਿਚ ਨਾਰੀ ਦਾ ਅਹਿਮ ਰੋਲ ਮੰਨਿਆ ਹੈ। ਇਕ ਨਾਰੀ ਨੂੰ ‘ਮਾਤਾ ਧਰਤ ਮਹਤ’ ਕਹਿ ਕੇ ਸਤਿਕਾਰਿਆ ਹੈ, ਜਿਸ ਨੂੰ ਇਕ ਨਾਰੀ ਦੇ ਜੀਵਨ ਤੋਂ ਵੱਖਰਿਆਂ ਨਹੀਂ ਕੀਤਾ ਜਾ ਸਕਦਾ। ਆਪਣੇ ਜੀਵਨ ਨੂੰ ਸੁਖਾਲਾ ਬਣਾਉਣ ਖ਼ਾਤਰ ਅੱਜ ਦੀ ਨਾਰੀ ਘਰੇਲੂ ਜੀਵਨ ਦਾ ਤਿਆਗ ਕਰਦੀ ਜਾ ਰਹੀ ਹੈ। ਸਾਨੂੰ ਆਪਣੇ ਜੀਵਨ ਨੂੰ ਗੁਰਬਾਣੀ ਦੀ ਸੇਧ ਦੇਣ ਲਈ ਘਰਾਂ ਨੂੰ ਵਾਪਸ ਪਰਤਣਾ ਪਵੇਗਾ, ਗੁਰਬਾਣੀ ਅਨੁਸਾਰ ਜੀਵਨ ਨੂੰ ਢਾਲਣਾ ਪਵੇਗਾ। ਇਸ ਤੋਂ ਪਹਿਲਾਂ ਇਕ ਨਾਰੀ ਦਾ ਜੀਵਨ ਸਾਡੇ ਸਮਾਜ ਵਿਚ ਕੀ ਸੀ? ਤੁਲਸੀ ਦਾਸ ਦੀ ਇਸ ਲਿਖਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ:
ਢੋਰ, ਗਵਾਰ, ਸੂਦਰ, ਪਸ਼ੂ ਅਰ ਨਾਰੀ,
ਯਹ ਪਾਚੋਂ ਤਾੜਣ ਕੇ ਅਧਿਕਾਰੀ।
ਗੁਰੂ ਸਾਹਿਬਾਨ ਨੇ ਸਦੀਆਂ ਤੋਂ ਚਲੇ ਆ ਰਹੇ ਅਜਿਹੇ ਅਨਿਆਂ ਪੂਰਨ ਜ਼ਾਲਮਾਨਾ ਅਤੇ ਹੁਕਮਰਾਨਾਂ ਦੀ ਮੌਜੂਦਗੀ ਵਿਚ ਬੜੀ ਦਲੇਰੀ ਨਾਲ ਗੱਲ ਕੀਤੀ। ਉਨ੍ਹਾਂ ਦੀ ਆਵਾਜ਼ ਨੇ ਸਮੁੱਚੀ ਮਨੁੱਖਤਾ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਸ ਦੀ ਸੁੱਤੀ ਹੋਈ ਜ਼ਮੀਰ ਨੂੰ ਝੰਜੋੜਿਆ। ਗੁਰੂ ਸਾਹਿਬ ਨੇ ਇਹ ਉਪਦੇਸ਼ ਦਿੱਤਾ ਕਿ ਨਾਰੀ ਤੋਂ ਬਿਨਾਂ ਇਹ ਸੰਸਾਰ ਇਕ ਪਲ ਵੀ ਨਹੀਂ ਚੱਲ ਸਕਦਾ। ਨਾਰੀ ਦਾ ਨਵਾਂ ਸਤਿਕਾਰਜਨਕ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਦੁਆਰਾ ਪ੍ਰਗਟਾਏ ਸਨਮਾਨਜਨਕ ਸ਼ਬਦਾਂ ਦੀ ਪ੍ਰਵਾਨਗੀ ਸਦਕਾ ਹੀ ਸਾਹਮਣੇ ਆਇਆ। ਗੁਰੂ ਸਾਹਿਬ ਨੇ ਨਾਰੀ ਨੂੰ ਇਸ ਸਥਿਤੀ ਵਿੱਚੋਂ ਕੱਢਣ ਲਈ ਪਹਿਲ-ਕਦਮੀ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਨਾਰੀ ਲਈ ਉੱਚਾ ਦਰਜਾ ਅਰੰਭ ਹੋ ਗਿਆ ਸੀ। ਸਮਾਜ ਵਿਚ ਨਾਰੀ ਨੂੰ ਵਧੇਰੇ ਖੁੱਲ੍ਹ ਅਤੇ ਘਰ-ਪਰਵਾਰ ਵਿਚ ਮਰਦਾਂ ਨਾਲ ਸਾਵੇਂ ਪੱਧਰ ’ਤੇ ਵਿਚਰਨ ਦੀ ਆਜ਼ਾਦੀ ਮਿਲ ਗਈ ਸੀ। ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਰਾਮਕਲੀ ਕੀ ਵਾਰ ਵਿਚ ਮਾਤਾ ਖੀਵੀ ਜੀ ਦਾ ਲੰਗਰ ਦੀ ਦੇਖਭਾਲ ਕਰਨ ਅਤੇ ਸੰਗਤਾਂ ਦੀ ਸੇਵਾ ਕਰਨ ਦਾ ਜ਼ਿਕਰ ਕਰਦੇ ਹਨ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਪੰਨਾ 967)
ਇਥੇ ਹੀ ਬਸ ਨਹੀਂ, ਸਾਡਾ ਸਮਾਜ ਪਰਦੇ ਦੀ ਜਕੜ ਵਿਚ ਫਸਿਆ ਹੋਇਆ ਸੀ। ਨਾਰੀ ਦਾ ਪਰਾਏ ਮਰਦ ਦੇ ਸਾਹਮਣੇ ਹੋਣਾ ਪਾਪ ਸਮਝਦਾ ਸੀ। ਨਾਰੀ ਨੂੰ ਗੁਰੂ ਸਾਹਿਬ ਨੇ ਇਸ ਗ਼ੁਲਾਮੀ ਤੋਂ ਵੀ ਮੁਕਤ ਕਰਵਾਇਆ। ਮੱਧਕਾਲੀਨ ਭਾਰਤੀ ਸਮਾਜ ਵਿਚ ਦੋ-ਚਾਰ ਪ੍ਰਸਿੱਧ ਔਰਤਾਂ ਦੇ ਨਾਮ ਲੱਭਣੇ ਹੀ ਮੁਸ਼ਕਿਲ ਹਨ, ਪਰ ਗੁਰੂ ਸਾਹਿਬਾਨ ਦੇ ਸਮੇਂ ਤੋਂ ਮਾਤਾ ਤ੍ਰਿਪਤਾ ਜੀ, ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਬੀਬੀ ਭਾਨੀ ਜੀ, ਮਾਤਾ ਗੰਗਾ ਜੀ, ਮਾਤਾ ਗੁਜਰੀ ਜੀ, ਮਾਈ ਭਾਗੋ ਜੀ, ਮਾਤਾ ਸੁੰਦਰੀ ਜੀ ਵਰਗੀਆਂ ਸੂਝਵਾਨ ਅਤੇ ਸਿਆਣੀਆਂ ਮਾਤਾਵਾਂ ਨੇ ਆਪੋ-ਆਪਣੇ ਸਮੇਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਸਿੱਖੀ ਲਹਿਰ ਨੂੰ ਹੋਰ ਮਜ਼ਬੂਤ ਕੀਤਾ। ਮਾਤਾ ਸੁੰਦਰੀ ਜੀ ਦਾ ਜ਼ਿਕਰ ਸਿੱਖ ਇਤਿਹਾਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਇਕ ਤਿਹਾਈ ਸਦੀ ਤਕ ਸਿੱਖ ਜਥੇਬੰਦੀ ਦੀ ਅਗਵਾਈ ਕਰਨ ਹਿੱਤ ਆਉਂਦਾ ਹੈ। ਇਹ ਸਭ ਕੁਝ ਉਸੇ ਤਰ੍ਹਾਂ ਕਾਇਮ ਰੱਖਣ ਲਈ ਅਜੋਕੀ ਨਾਰੀ ਨੂੰ ਦਿਖਾਵੇ ਵਾਲੀ ਜ਼ਿੰਦਗੀ ਛੱਡ ਕੇ ਆਪਣੀ ਅਸਲ ਘਰੇਲੂ ਜ਼ਿੰਦਗੀ ਵਿਚ ਪਰਤਣਾ ਪਵੇਗਾ। ਅੱਜ ਸਾਡੇ ਸਮਾਜ ਵਿਚ ਜੋ ਕੁਝ ਹੋ ਰਿਹਾ ਹੈ ਇਕ ਨਾਰੀ ਹੀ ਨਾਰੀ ਦੇ ਵਿਨਾਸ਼ ਦਾ ਕਾਰਨ ਬਣਦੀ ਜਾ ਰਹੀ ਹੈ।ਅੱਜ ਸਮਾਜ ਵਿਚ ਨਾਰੀ ਨਾਲ ਜੇ ਕਿਤੇ ਦੁਰਵਿਹਾਰ ਹੋ ਰਿਹਾ ਹੈ ਤਾਂ ਵੀ ਉਸ ਦਾ ਇਕ ਪ੍ਰਮੁੱਖ ਕਾਰਨ ਨਾਰੀ ਹੀ ਹੈ। ਭਾਈ ਗੁਰਦਾਸ ਜੀ ਅਨੁਸਾਰ:
ਲਖਾਂ ਖਰਚ ਵਿਆਹੀਐ ਗਹਣੇ ਦਾਜੁ ਸਾਜੁ ਅਤਿ ਭਾਰੀ।
ਸਾਹੁਰੜੈ ਘਰਿ ਮੰਨੀਐ ਸਣਖਤੀ ਪਰਵਾਰ ਸਧਾਰੀ।(ਵਾਰ 5;16)
ਭਾਵੇਂ ਇੱਥੇ ਸਮੁੱਚੀ ਮਨੁੱਖਤਾ ਦੀ ਗੱਲ ਕੀਤੀ ਗਈ ਹੈ ਪਰ ਨਾਰੀ ਨਾਲ ਵੀ ਜੁੜਦੀ ਹੈ। ਨਾਰੀ ਹੀ ਇਸ ਦੀ ਪਾਤਰ ਬਣਦੀ ਹੈ। ਗੁਰਬਾਣੀ ਵਿਚ ‘ਨਾਰੀ’ ਦਾ ਨਾਮ ਸੁਹਜ, ਸਿਆਣਪ ਤੋਂ ਹੈ। ਸ਼ਾਇਦ ਇਸ ਲਈ ਹੀ ਨਾਰੀ ਨੂੰ ਸੁਆਣੀ ਦਾ ਨਾਮ ਵੀ ਦਿੱਤਾ ਜਾਂਦਾ ਹੈ। ਇਸੇ ਕਰਕੇ ਨਾਰੀ ਨੂੰ ਨਾਰੀ ਦਾ ਪੱਖ ਲੈਣਾ ਪਵੇਗਾ, ਜਿਵੇਂ ਪੁੱਤਰ ਨੂੰ ਪਿਆਰ ਦਿੱਤਾ ਜਾਂਦਾ ਹੈ ਇਹੀ ਪੁੱਤਰ ਵਾਲਾ ਦਰਜਾ ਧੀ ਨੂੰ ਦੇਣਾ ਪਵੇਗਾ, ਨੂੰਹ ਨੂੰ ਦੇਣਾ ਪਵੇਗਾ। ਪ੍ਰਸਿੱਧ ਲੇਖਕ ਸ੍ਰੀ ਮਨੁੱਚੀ ਅਨੁਸਾਰ : “Only women rejoiced and feasted on the birth of a daughter, while the whole court took part in the celebration, if a prince was son.” ਗੁਰਬਾਣੀ ਵਿਚ ਵੀ ਫ਼ਰਮਾਨ ਹੈ:
ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ॥
ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ॥ (ਪੰਨਾ 1413)
ਇਸੇ ਤਰ੍ਹਾਂ ਪ੍ਰਚਲਿਤ ਸਮਾਜਿਕ ਰਸਮਾਂ ਵਿਚ ਨਾਰੀ ਨੂੰ ਚਾਰ-ਚਾਰ ਦਿਨ ਤਕ ਅਪਵਿੱਤਰ ਜਾਂ ਜੂਠਾ ਕਹਿ ਕੇ ਰਸੋਈ ਘਰ ਦੇ ਲਾਗੇ ਨਹੀਂ ਆਉਣ ਦਿੱਤਾ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਵਿਰੋਧ ਕੀਤਾ ਅਤੇ ਨਾਰੀ ਨੂੰ ਅੱਵਲ ਦਰਜਾ ਦਿੱਤਾ:
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥
ਨਾਨਕ ਜਿਨੀ੍ ਗੁਰਮੁਖਿ ਬੁਝਿਆ ਤਿਨਾ੍ ਸੂਤਕੁ ਨਾਹਿ॥ (ਪੰਨਾ 472-73)
ਪਰ ਗੁਰਬਾਣੀ ਤੋਂ ਅਸੀਂ ਅਜੇ ਵੀ ਬਹੁਤ ਦੂਰ ਹਾਂ। ਸਾਡੇ ਦਿਹਾਤੀ ਇਲਾਕਿਆਂ ਵਿਚ ਬੱਚੇ ਦੇ ਜਨਮ ਤੋਂ ਬਾਅਦ ਤੇਰ੍ਹਾਂ ਦਿਨ ਬਾਅਦ ਸੁੱਚਾ ਕਰਨ ਵਾਲੀ ਰਸਮ ਅਤੇ ਸ਼ਿਲਾ ਆਦਿ ਦੀਆਂ ਰਸਮਾਂ ਅਜੇ ਵੀ ਪ੍ਰਚਲਿਤ ਹਨ। ਜ਼ਰੂਰਤ ਹੈ ਗੁਰੂ ਸਾਹਿਬਾਨ ਦੁਆਰਾ ਬਖਸ਼ਿਸ਼ ਕੀਤਾ ਜੀਵਨ ਅਪਣਾਉਣ ਲਈ, ਗੁਰਬਾਣੀ ਦੀ ਸੇਧ ਲੈਣੀ ਪਵੇਗੀ:
ਪੇਈਅੜੈ ਦਿਨ ਚਾਰਿ ਹੈ ਹਰਿ ਹਰਿ ਲਿਖਿ ਪਾਇਆ॥
ਸੋਭਾਵੰਤੀ ਨਾਰਿ ਹੈ ਗੁਰਮੁਖਿ ਗੁਣ ਗਾਇਆ॥
ਪੇਵਕੜੈ ਗੁਣ ਸੰਮਲੈ ਸਾਹੁਰੈ ਵਾਸੁ ਪਾਇਆ॥ (ਪੰਨਾ 162)
ਆਉਣ ਵਾਲੇ ਜੀਵਨ ਵੱਲ ਧਿਆਨ ਦੇਣਾ ਪਵੇਗਾ। ਭਾਵੇਂ ਇਹ ਗੁਰਬਾਣੀ ਫ਼ਰਮਾਨ ਪਰਮਾਤਮਾ ਦੀ ਭਗਤੀ-ਮਾਰਗ ਵੱਲ ਇਸ਼ਾਰਾ ਕਰਦੇ ਹਨ, ਨਾਰੀ ਨੂੰ ਉਹ ਰੂਪ ਧਾਰਨ ਕਰਨਾ ਪਵੇਗਾ ਜਿਸ ਦਾ ਜ਼ਿਕਰ ਵਾਰ-ਵਾਰ ਗੁਰਬਾਣੀ ਵਿਚ ਕੀਤਾ ਗਿਆ ਹੈ:
ਸਾਚੁ ਸੀਲ ਸਚੁ ਸੰਜਮੀ ਸਾ ਪੂਰੀ ਪਰਵਾਰਿ॥
ਨਾਨਕ ਅਹਿਨਿਸਿ ਸਦਾ ਭਲੀ ਪਿਰ ਕੈ ਹੇਤਿ ਪਿਆਰਿ॥ (ਪੰਨਾ 1088)
ਬਾਬਾ ਫਰੀਦ ਜੀ ਵੀ ਇਸੇ ਸੰਦਰਭ ਵਿਚ ਫ਼ਰਮਾਉਂਦੇ ਹਨ:
ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ॥
ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ॥ (ਪੰਨਾ 1384)
ਅਤੇ ਆਪ ਹੀ ਇਸ ਦਾ ਉੱਤਰ ਦਿੰਦੇ ਹਨ:
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ (ਪੰਨਾ 1384)
ਆਪ ਜੀ ਅਨੁਸਾਰ ਨਿਮਰਤਾ, ਸਹਿਨਸ਼ੀਲਤਾ, ਮਿੱਠਾ ਬੋਲਣਾ, ਵਰਗੇ ਗੁਣ ਇਕ ਗੁਣਵੰਤੀ ਨਾਰੀ ਵੱਲ ਸੰਕੇਤ ਕਰਦੇ ਹੋਏ ਇਕ ਚੰਗੇ ਪਰਿਵਾਰਕ ਜੀਵਨ ਦੀ ਵੀ ਪ੍ਰੇਰਨਾ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਸਿਰੀਰਾਗੁ ਵਿਚ ਉਚਾਰਣ ਕਰਦੇ ਹਨ:
ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ॥
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ॥ (ਪੰਨਾ 17)
ਸੋ ਇਨ੍ਹਾਂ ਰਹੱਸਵਾਦੀ ਮਹਾਂਪੁਰਸ਼ਾਂ, ਗੁਰੂ ਸਾਹਿਬਾਨ ਦੇ ਸਨਮੁੱਖ ਆਦਰਸ਼ ਵੀ ਇਹੋ ਹੀ ਸਨ ਕਿ ਜ਼ਿੰਦਗੀ ਦਾ ਪਰਮੇਸ਼ਰ ਨਾਲ ਤੇ ਮਾਨਵਤਾ ਦਾ ਪਰਸਪਰ ਸੰਬੰਧ ਸਿਰਜਿਆ ਜਾਵੇ। ਸ੍ਰੀ ਗੁਰੂ ਅਮਰਦਾਸ ਜੀ ਨੇ ਸਬਰ ਸੰਤੋਖ ਵੱਲ ਸੰਕੇਤ ਕਰਦਿਆਂ ਨਾਰੀ ਨੂੰ ਆਦਰਸ਼ਕ ਜੀਵਨ ਬਤੀਤ ਕਰਨ ਲਈ ਪ੍ਰੇਰਨਾ ਦਿੱਤੀ ਹੈ:
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍॥
ਨਾਨਕ ਸਤੀਆ ਜਾਣੀਅਨੁ ਜਿ ਬਿਰਹੇ ਚੋਟ ਮਰੰਨਿ੍॥ (ਪੰਨਾ 787)
ਅਤੇ ਇਸੇ ਸ਼ਬਦ ਵਿਚ ਅੱਗੇ ਉਚਾਰਨ ਕਰਦੇ ਹਨ:
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ੍॥
ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾ੍ਲੰਨਿ੍॥ (ਪੰਨਾ 787)
ਇਸ ਤਰ੍ਹਾਂ ਇਕ ਚੰਗੀ ਸੋਚ ਇਕ ਗੁਣਵਾਨ ਨਾਰੀ ਦੀ ਹੀ ਹੋ ਸਕਦੀ ਹੈ। ਗ੍ਰਿਹਸਤ ਜੀਵਨ ਨੂੰ ਅੱਗੇ ਤੋਰਨਾ, ਚੰਗਾ ਜੀਵਨ ਪ੍ਰਦਾਨ ਕਰਨਾ ਇਕ ਨਾਰੀ ਦੀ ਹੀ ਦੇਣ ਹੋ ਸਕਦੀ ਹੈ:
ਘਰ ਕੀ ਗੀਹਨਿ ਚੰਗੀ॥
ਜਨੁ ਧੰਨਾ ਲੇਵੈ ਮੰਗੀ॥ (ਪੰਨਾ 695)
ਭਗਤ ਧੰਨਾ ਜੀ ਅਨੁਸਾਰ ਚੰਗੀਆਂ ਵਸਤਾਂ ਦੀ ਮੰਗ ਵੀ ਇਕ ਸੂਝਵਾਨ ਨਾਰੀ ਕਰਕੇ ਹੀ ਹੋ ਸਕਦੀ ਹੈ। ਸੋ ਇਕ ਮਾਨਵਤਾ ਦੇ ਚੰਗੇ ਕਰਮ, ਚੰਗਾ ਇਨਸਾਨ ਬਣਨਾ ਇਸ ਦਾ ਮਾਣ ਵੀ ਨਾਰੀ ਨੂੰ ਹੀ ਜਾਂਦਾ ਹੈ। ਬਾਬਾ ਫਰੀਦ ਜੀ ਆਪਣੇ ਜੀਵਨ ਬਾਰੇ ਦੱਸਦੇ ਹਨ ਕਿ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਦੀ ਮਾਤਾ ਦਾ ਰੋਜ਼ੇ ਰੱਖਣਾ ਅਤੇ ਪਰਮਾਤਮਾ ਤੋਂ ਦੁਆਵਾਂ ਮੰਗਣੀਆਂ ਸਿਰਫ਼ ਇਸ ਕਰਕੇ ਹੀ ਬੱਚਾ ਸਦਾਚਾਰਕ, ਅਧਿਆਤਮਕ ਪ੍ਰਵਿਰਤੀਆਂ ਵਾਲਾ, ਉੱਚੀ ਸ਼ਖ਼ਸੀਅਤ ਦਾ ਮਾਲਕ, ਮਾਨਵਤਾ ਵਿਚ ਪਿਆਰ ਰੱਖਣ ਵਾਲਾ, ਸਬਰ ਸੰਤੋਖ, ਹਲੀਮੀ, ਨੇਕ ਨੀਤੀ ਵਾਲਾ ਹੋਵੇ। ਇਸ ਦਾ ਅੰਦਾਜ਼ਾ ਉਨ੍ਹਾਂ ਦੇ ਫ਼ਰਮਾਨ ਤੋਂ ਲਗਾਇਆ ਜਾ ਸਕਦਾ ਹੈ:
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ॥
ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ॥ (ਪੰਨਾ 488)
ਉਪਰੋਕਤ ਗੱਲਾਂ ਕਰਨੀਆਂ ਜਾਂ ਗੁਰੂ ਸਾਹਿਬਾਨ ਦੇ ਉਚਾਰਨ ਆਪ ਜੀ ਨਾਲ ਸਾਂਝੇ ਕਰਨ ਤੋਂ ਮੇਰਾ ਅਸਲ ਭਾਵ ਇਹ ਹੈ ਕਿ ਅਧਿਆਤਮਕ ਅਤੇ ਸਦਾਚਾਰਕ, ਸ਼ਖ਼ਸੀ ਰਹਿਣੀ ਬਹਿਣੀ ਦੀ ਨੀਂਹ ਘਰ ਤੋਂ ਹੀ ਰੱਖੀ ਜਾ ਸਕਦੀ ਹੈ। ਇਕ ਸੁਆਣੀ ਹੀ ਇਸ ਦਾ ਅਰੰਭ ਕਰ ਸਕਦੀ ਹੈ। ਇਸ ਦੀ ਉਦਾਹਰਣ ਦਾਦੀ ਮਾਂ ‘ਮਾਤਾ ਗੁਜਰੀ ਜੀ’ ਤੋਂ ਪਰ੍ਹੇ ਦੀ ਕੋਈ ਨਹੀਂ ਹੈ। ਇਸ ਤਰ੍ਹਾਂ ਦੇ ਜੀਵਨ ਦੀ ਸ਼ੁਰੂਆਤ ਗੁਰਬਾਣੀ ਅਨੁਸਾਰ ਜਨਮ ਤੋਂ ਪਹਿਲਾਂ ਹੀ ਅਰੰਭ ਹੋ ਜਾਂਦੀ ਹੈ। ਗੁਰ-ਫ਼ਰਮਾਨ ਹਨ:
ਮਾਤ ਗਰਭ ਮਹਿ ਹਾਥ ਦੇ ਰਾਖਿਆ॥ (ਪੰਨਾ 805)
ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ॥ (ਪੰਨਾ 920)
ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ॥ (ਪੰਨਾ 613)
ਮਾਤ ਗਰਭ ਦੁਖ ਸਾਗਰੋ ਪਿਆਰੇ ਤਹ ਅਪਣਾ ਨਾਮੁ ਜਪਾਇਆ॥ (ਪੰਨਾ 640)
ਭਾਵ ਪਰਮਾਤਮਾ ਆਪਣਾ ਸਿਮਰਨ ਗਰਭ ਸਮੇਂ ਹੀ ਪ੍ਰਦਾਨ ਕਰ ਦਿੰਦਾ ਹੈ। ਇਸ ਨੂੰ ਜੋੜੀ ਰੱਖਣਾ ‘ਮਾਂ’ ’ਤੇ ਨਿਰਭਰ ਕਰਦਾ ਹੈ। ਪਹਿਲਾਂ ਪਹਿਲ ਗਰਭਵਤੀ ਨਾਰੀ ਨੂੰ ਪਾਠ ਕਰਨ ਲਈ ਉਚੇਚੇ ਤੌਰ ’ਤੇ ਕਿਹਾ ਜਾਂਦਾ ਸੀ, ਸ਼ਾਇਦ ਅੱਜਕਲ੍ਹ ਨਹੀਂ ਹੈ। ਇਕ ਨਾਰੀ ਬੱਚੇ ਦੇ ਜਨਮ ਤਕ ਇਕ ਹਜ਼ਾਰ ਸੁਖਮਨੀ ਸਾਹਿਬ ਦੇ ਪਾਠ ਕਰ ਲੈਂਦੀ ਸੀ। ਇਹ ਸਭ ਇਸ ਲਈ ਕੀਤਾ ਜਾਂਦਾ ਹੈ ਕਿ ਸਿਮਰਨ ਦਾ ਜਾਂ ਗੁਰਬਾਣੀ ਦਾ ਅਸਰ ਬੱਚੇ ਉੱਪਰ ਜ਼ਿਆਦਾ ਹੁੰਦਾ ਹੈ। ਅਧਿਆਤਮਕ ਅਤੇ ਸਦਾਚਾਰਕ, ਨੈਤਿਕ ਗੁਣਾਂ ਦੀ ਨੀਂਹ ਇਥੋਂ ਹੀ ਰੱਖ ਦਿੱਤੀ ਜਾਂਦੀ ਹੈ। ਇਕ ਰੂਹ ਦਾ ਪ੍ਰਵੇਸ਼ ਕਰਨਾ ਅਤੇ ਉਸ ਨੂੰ ਅਧਿਆਤਮਿਕ ਜੀਵਨ ਦੇਣਾ ਇਕ ਨਾਰੀ ਸ਼ਕਤੀ ਹੀ ਹੈ। ਅੱਜਕਲ੍ਹ ਮਨੋਵਿਗਿਆਨੀ ਮਾਹਰ ਅਤੇ ਡਾਕਟਰਾਂ ਦਾ ਵੀ ਇਹੋ ਹੀ ਕਹਿਣਾ ਹੈ ਕਿ ਗਰਭ ਸਮੇਂ ਨਾਰੀ ’ਤੇ ਜਿਹੋ ਜਿਹਾ ਪ੍ਰਭਾਵ ਰਹੇਗਾ ਉਸ ਤਰ੍ਹਾਂ ਦੇ ਪ੍ਰਭਾਵ ਵਾਲਾ ਬੱਚਾ ਜਨਮ ਲਵੇਗਾ। ਇਸ ਤਰ੍ਹਾਂ ਇਕ ਜਿੰਦ-ਜਾਨ ਥੋੜ੍ਹਾ ਜਿੰਨਾ ਵੀ ਸਦਾਚਾਰਕ ਜਾਂ ਅਧਿਆਤਮਕਤਾ ਵਾਲੀ ਹੋ ਗਈ ਤਾਂ ਉਸ ਦਾ ਸਮਾਜ ਪ੍ਰਤੀ ਪਿਆਰ, ਦੇਸ਼ ਕੌਮ ਦੀ ਰੱਖਿਆ ਲਈ ਮਰ-ਮਿਟਣਾ, ਵੱਡਿਆਂ ਦਾ ਸਤਿਕਾਰ ਕਰਨ ਵਰਗੇ ਗੁਣ ਆਪ- ਮੁਹਾਰੇ ਪੈਦਾ ਹੋ ਜਾਂਦੇ ਹਨ। ਅੱਜ ਸਾਡੇ ਸਮਾਜ ਵਿਚ ਜੋ ਵਾਪਰ ਰਿਹਾ ਹੈ, ਅਸੀਂ ਜਿਸ ਰਸਤੇ ’ਤੇ ਜਾ ਰਹੇ ਹਾਂ ਸਾਡੇ ਘਰੇਲੂ ਜੀਵਨ ਦੀ ਹੀ ਘਾਟ ਹੈ:
ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ॥
ਧਾਤੂ ਪੰਜਿ ਰਲਾਇ ਕੂੜਾ ਪਾਜਿਆ॥ (ਪੰਨਾ 1411)
ਅਸੀਂ ਬੱਚਿਆਂ ਦੇ ਭਵਿੱਖ ਵਾਸਤੇ ਕੀ ਕਰ ਰਹੇ ਹਾਂ, ਸਾਨੂੰ ਸੋਚਣਾ ਪਵੇਗਾ! ਮਨੋਵਿਗਿਆਨੀ ਮਾਹਿਰਾਂ ਦਾ ਮਤ ਹੈ ਕਿ ਬੱਚੇ ਦੇ ਨਿਰਮਾਣ ਵਿਚ ਜੋ ਭੂਮਿਕਾ ਮਾਂ ਨਿਭਾ ਸਕਦੀ ਹੈ ਉਹ ਹੋਰ ਕੋਈ ਨਹੀਂ ਅਦਾ ਕਰ ਸਕਦਾ। ਬੱਚੇ ਨੂੰ ਕੋਲ ਬਿਠਾ ਕੇ ਕੁਝ ਚੰਗੀਆਂ ਗੱਲਾਂ ਦੱਸਣੀਆਂ, ਆਪਣੇ ਧਰਮ, ਇਤਿਹਾਸ ਜਾਂ ਪਰਵਾਰਿਕ ਰਵਾਇਤਾਂ ਸਾਂਝੀਆਂ ਕਰਨੀਆਂ ‘ਮਾਂ’ ਦਾ ਹੀ ਫ਼ਰਜ਼ ਹੈ। ਅੱਜ ਦੀ ਮਾਂ ਕੋਲ ਇਤਨਾ ਵਕਤ ਨਹੀਂ ਹੈ ਕਿ ਬੱਚੇ ਨਾਲ ਗੱਲਾਂ ਸਾਂਝੀਆਂ ਕਰਨ। ਇਕ ਪਾਸੇ ਬੱਚੇ ਗੋਦੀ ਵਿਚ ਬਿਠਾਉਣਾ, ਖਿਡਾਉਣਾ ਅਤੇ ਲੋਰੀਆਂ ਦੇਣਾ ਮਾਂ ਦਾ ਕੰਮ ਨਹੀਂ ਰਿਹਾ ਸਗੋਂ ‘ਆਇਆ’ ਜਾਂ ‘ਨੌਕਰਾਣੀਆਂ’ ਦਾ ਕੰਮ ਹੀ ਰਹਿ ਗਿਆ ਹੈ। ਅੱਜ ਦੀ ਨਾਰੀ ਨੂੰ ਇਹ ਨਹੀਂ ਪਤਾ ਕਿ ਬੱਚਾ ਪਹਿਲੇ ਸਾਲ ਵਿਚ ਜੋ ਕੁਝ ਮਾਂ ਤੋਂ ਸਿੱਖ ਸਕਦਾ ਹੈ ਹੋਰ ਕਿਸੇ ਤੋਂ ਨਹੀਂ। ਜੇਕਰ ਅੱਜ ਅਸੀਂ ਪੱਛਮੀ ਸਭਿਅਤਾ ਅਪਣਾ ਰਹੇ ਹਾਂ ਤਾਂ ਇਸ ਤੋਂ ਭਾਵ ਅਸੀਂ ਆਪਣੇ ਵਿਰਸੇ ਤੋਂ ਗੁਰੂ ਸਾਹਿਬਾਨ ਦੁਆਰਾ ਦੱਸੇ ਜੀਵਨ ਤੋਂ ਦੂਰ ਜਾ ਰਹੇ ਹਾਂ ਜਿਸ ਦਾ ਅਰਥ ਇਹ ਹੋਇਆ ਕਿ ਅਸੀਂ ਆਪਣੇ ਆਪ ਤੋਂ ਦੂਰ ਜਾ ਰਹੇ ਹਾਂ। ਜੋ ਕੁਝ ਮਾਵਾਂ ਨੇ ਆਪਣੇ ਬੱਚਿਆਂ ਲਈ ਕੀਤਾ, ਪੁਰਾਤਨ ਹਵਾਲਿਆਂ ਤੋਂ ਜਾਣ ਸਕਦੇ ਹਾਂ। ਅਸਲ ਮਾਨਵਤਾ ਦਾ ਜੀਵਨ ਦੇਣ ਲਈ ਪੁਰਾਤਨ ਹਵਾਲਿਆਂ ਮੁਤਾਬਿਕ ਨਾਰੀ ਨੇ ਕੀ ਕੁਝ ਕੀਤਾ ਅਸੀਂ ਭੁੱਲ ਗਏ ਹਾਂ। ਉਦਾਹਰਣ ਗੁਰੂ ਸਾਹਿਬਾਨ ਦੇ ਜੀਵਨ, ਪੀਰਾਂ, ਪੈਗ਼ੰਬਰਾਂ, ਭਗਤਾਂ ਦੇ ਜੀਵਨ ਹੋ ਸਕਦੇ ਹਨ। ਜੇਕਰ ਅਸੀਂ ਇਸੇ ਤਰ੍ਹਾਂ ਟੁੱਟੇ ਰਹਾਂਗੇ ਜਿਸ ਤਰ੍ਹਾਂ ਹੁਣ ਹੈ ਤਾਂ ਗੁਰੂ ਸਾਹਿਬ ਉਚਾਰਨ ਕਰਦੇ ਹਨ:
ਆਲ ਜਾਲ ਮਾਇਆ ਜੰਜਾਲ॥
ਹਉਮੈ ਮੋਹ ਭਰਮ ਭੈ ਭਾਰ॥
ਦੂਖ ਸੂਖ ਮਾਨ ਅਪਮਾਨ॥ (ਪੰਨਾ 292)
ਇਹੋ ਹੀ ਹੋਵੇਗਾ ਜਦੋਂ ਅਸੀਂ ਦੁਨਿਆਵੀ ਭਰਮ-ਭੁਲੇਖਿਆਂ ਵਿਚ ਜ਼ਿਆਦਾ ਫਸਦੇ ਜਾਵਾਂਗੇ। ਗ੍ਰਿਹਸਤ ਜੀਵਨ ਨੂੰ ਸੁਖਾਲਿਆਂ ਬਣਾਉਣ ਲਈ ਸਾਨੂੰ ਗੁਰਬਾਣੀ ਨਾਲ ਜੁੜਨਾ ਪਵੇਗਾ।
ਸ੍ਰੀ ਗੁਰੂ ਅਮਰਦਾਸ ਜੀ ਦਾ ਕਥਨ ਹੈ:
ਇਕਿ ਪਿਰੁ ਹਦੂਰਿ ਨ ਜਾਣਨਿ੍ ਦੂਜੈ ਭਰਮਿ ਭੁਲਾਇ॥
ਕਿਉ ਪਾਇਨਿ੍ ਡੋਹਾਗਣੀ ਦੁਖੀ ਰੈਣਿ ਵਿਹਾਇ॥ (ਪੰਨਾ 428)
ਦੋਹਾਗਣੀ ਭਰਮਿ ਭੁਲਾਈਆ ਕੂੜੁ ਬੋਲਿ ਬਿਖੁ ਖਾਹਿ॥
ਪਿਰੁ ਨ ਜਾਣਨਿ ਆਪਣਾ ਸੁੰਞੀ ਸੇਜ ਦੁਖੁ ਪਾਹਿ॥ (ਉਹੀ)
ਗੁਰੂ ਸਾਹਿਬ ਅਨੁਸਾਰ ਦੁਨਿਆਵੀ ਜ਼ਿੰਦਗੀ ਵਿਚ ਵੀ ਉਸੇ ਤਰ੍ਹਾਂ ਵਿਚਰਨਾ ਪਵੇਗਾ ਨਹੀਂ ਤਾਂ ਦੁੱਖਾਂ ਵਾਲਾ ਹੀ ਜੀਵਨ ਬਤੀਤ ਕਰਨਾ ਪਵੇਗਾ। ਜੇ ਗੁਰਬਾਣੀ ਨਾਲ ਆਪਣਾ ਜੀਵਨ ਜੋੜਦੇ ਹਾਂ ਤਾਂ ਜੀਵਨ ਸੁਖਾਲਾ ਹੁੰਦਾ ਜਾਂਦਾ ਹੈ। ਗੁਰਬਾਣੀ ਪੜ੍ਹਨ ਦੇ ਨਾਲ ਹੀ ਗੁਰਬਾਣੀ ’ਤੇ ਅਮਲ ਕਰਨਾ ਪਵੇਗਾ। ਗੁਰਬਾਣੀ ਪੜ੍ਹਨ ਨਾਲ ਸੋਝੀ ਆਉਂਦੀ ਹੈ ਅਤੇ ਅਮਲ ਕਰਨ ਨਾਲ ਆਪਣਾ ਜੀਵਨ ਹੀ ਨਹੀਂ ਕੁਲ ਸੁਧਰਦੀ ਹੈ:
ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ॥
ਧਨ ਪਿਰ ਨੇਹੁ ਘਣਾ ਰਸਿ ਪ੍ਰੀਤਿ ਦਇਆਲਾ ਰਾਮ॥
ਧਨ ਪਿਰਹਿ ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ ਕਰੇ॥ (ਪੰਨਾ 435)
ਇਸੇ ਸ਼ਬਦ ਵਿਚ ਅੰਕਤ ਹੈ:
ਸਖੀਹੋ ਸਹੇਲੜੀਹੋ ਮੇਰਾ ਪਿਰੁ ਵਣਜਾਰਾ ਰਾਮ॥ (ਪੰਨਾ 436)
ਘਰ ਵਿਚ ਸੁਖਾਂ ਦੀ ਪ੍ਰਾਪਤੀ ਲਈ ਪਰਵਾਰਿਕ ਮੈਂਬਰਾਂ ਨੂੰ ਉਨ੍ਹਾਂ ਦੇ ਸਥਾਨ ਮੁਤਾਬਿਕ ਸਤਿਕਾਰ ਦੇਣਾ ਪਵੇਗਾ। ਗੁਰੂ ਸਾਹਿਬ ਦਾ ਕਥਨ ਹੈ:
ਮਾਈ ਮੇਰੇ ਮਨ ਕੋ ਸੁਖੁ॥
ਕੋਟਿ ਅਨੰਦ ਰਾਜ ਸੁਖੁ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖੁ॥ (ਪੰਨਾ 717)
ਭਗਤ ਰਵਿਦਾਸ ਜੀ ਦਾ ਕਥਨ ਹੈ:
ਸਹ ਕੀ ਸਾਰ ਸੁਹਾਗਨਿ ਜਾਨੈ॥
ਤਜਿ ਅਭਿਮਾਨੁ ਸੁਖ ਰਲੀਆ ਮਾਨੈ॥ (ਪੰਨਾ 793)
ਇਹ ਠੀਕ ਹੈ ਕਿ ਅੱਜ ਦਾ ਜੀਵਨ ਬਹੁਤ ਗੁੰਝਲਦਾਰ ਹੁੰਦਾ ਜਾ ਰਿਹਾ ਹੈ, ਸਾਨੂੰ ਆਪਣੇ ਕਰਮ ਬਦਲਣੇ ਪੈਣਗੇ। ਜਿਸ ਜਗ੍ਹਾ ਤੋਂ ਸਾਨੂੰ ਸੁਚੱਜੇ ਅਤੇ ਨੈਤਿਕਤਾ ਵਾਲੇ ਜੀਵਨ ਦੀ ਸੇਧ ਮਿਲਣੀ ਹੈ ਉਹ ਗੁਰੂ-ਘਰ ਹੈ, ਗੁਰੂ ਦਾ ਸਤਿਕਾਰ, ਜਿਸ ਤੋਂ ਅਸੀਂ ਪਿਛਾਂਹ ਹਟ ਰਹੇ ਹਾਂ। ਗੁਰ-ਫ਼ਰਮਾਨ ਹੈ:
ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ॥
ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ (ਪੰਨਾ 730)
ਅੰਤਸਕਰਣ ਨੂੰ ਸੰਵਾਰਨ ਲਈ ਗੁਰੂ ਦਾ ਓਟ-ਆਸਰਾ ਲੈਣਾ ਪਵੇਗਾ। ਮਨੁੱਖੀ ਬਿਰਤੀ ਅਨੁਸਾਰ ਦੁਨਿਆਵੀ ਲੋੜਾਂ ਪੂਰੀਆਂ ਕਰਨ ਤਕ ਅਸੀਂ ਆਪਣੇ ਆਪ ਨੂੰ ਸੀਮਤ ਰੱਖਿਆ ਹੋਇਆ ਹੈ। ਮਾਫ਼ ਕਰਨਾ ਜਦੋਂ ਅਸੀਂ ਥੋੜ੍ਹਾ ਜਿਹਾ ਮੁਸੀਬਤ ਵਿਚ ਫਸਦੇ ਹਾਂ ਤਾਂ ਹੀ ਗੁਰੂ ਘਰ ਨੂੰ ਤੁਰਦੇ ਹਾਂ। ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਸਿਮਰਨ ਨਾਲ ਜੋੜਦੇ ਹਾਂ, ਇਕ ਨਿਤਨੇਮ ਬਣਾ ਲੈਂਦੇ ਹਾਂ ਤਾਂ ਇਕ ਵੱਖਰੀ ਸ਼ਕਤੀ ਨਾਲ ਜੁੜ ਜਾਂਦੇ ਹਾਂ, ਤਾਂ ਆਪਣੇ ਜੀਵਨ ਤੋਂ ਥੋੜ੍ਹਾ ਜਿਹਾ ਉਤਾਂਹ ਉੱਠ ਕੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ:
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ॥ (ਪੰਨਾ 922)
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਕਥਨ ਹੈ:
ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ॥
ਮਾਨੈ ਹੁਕਮੁ ਤਜੈ ਅਭਿਮਾਨੈ॥ (ਪੰਨਾ 737)
ਗੁਰੂ ਸਾਹਿਬ ਅੱਗੇ ਉਚਾਰਨ ਕਰਦੇ ਹਨ:
ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ॥
ਦਸ ਦਾਸੀ ਕਰਿ ਦੀਨੀ ਭਤਾਰਿ॥ (ਉਹੀ)
ਅਸੀਂ ਵਿਚਾਰ ਤਾਂ ਇਹ ਕਰਨੀ ਹੈ ਕਿ ਗੁਰੂ ਸਾਹਿਬ ਵਾਰ-ਵਾਰ ਸੰਬੋਧਨ ਇਸਤਰੀ ਰੂਪ ਰਾਹੀਂ ਹੀ ਕਿਉਂ ਕਰਦੇ ਹਨ, ਭਲੀ-ਭਾਂਤ ਇਸ ਸੋਚ ’ਤੇ ਪਹੁੰਚ ਜਾਂਦੇ ਹਾਂ ਕਿ ਨਾਰੀ ਹੀ ਇਕ ਐਸੀ ਅਸੀਮ ਸ਼ਕਤੀ ਹੈ ਜੋ ਇਕ ਚੰਗੇ ਪਰਵਾਰ ਦੀ ਪ੍ਰਾਪਤੀ ਦਾ ਮਾਰਗ-ਦਰਸ਼ਕ ਬਣ ਸਕਦੀ ਹੈ। ਗੁਰੂ ਸਾਹਿਬ ਉਚਾਰਨ ਕਰਦੇ ਹਨ:
ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ॥
ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ॥
ਜਿਨੀ੍ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ॥ (ਪੰਨਾ 762)
ਇਸ ਸ਼ਬਦ ਰਾਹੀਂ ਗੁਰੂ ਸਾਹਿਬ ਨੇ ਕੁਚੱਜੀ ਕਹਿ ਕੇ ਵਰਣਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਸ਼ਬਦ ਵਿਚ ਦਰਜ ਹੈ:
ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ॥
ਤੁਧੁ ਅੰਤਰਿ ਹਉ ਸੁਖਿ ਵਸਾ ਤੂੰ ਅੰਤਰਿ ਸਾਬਾਸਿ ਜੀਉ॥ (ਉਹੀ)
ਇਨ੍ਹਾਂ ਸਤਰਾਂ ਦੁਆਰਾ ਇਕ ਸੁਚੱਜੀ ਇਸਤਰੀ ਦੇ ਗੁਣਾਂ ਦਾ ਵਰਣਨ ਕਰਦੇ ਹੋਏ ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਪਤੀ ਦੇ ਸਾਥ ਨਾਲ ਹੀ ਇਕ ਸੁਹਾਗਣ ਦੀ ਜ਼ਿੰਦਗੀ ਹੈ। ਇਥੇ ਹੀ ਬਸ ਨਹੀਂ, ਗੁਣਵੰਤੀ ਨਾਰ ਬਾਰੇ ਉਚਾਰਨ ਕਰਦੇ ਹਨ:
ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ॥
ਆਖਾ ਬਿਰਥਾ ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ॥ (ਪੰਨਾ 763)
ਜੇ ਪ੍ਰਭੂ ਦੀ ਕਿਰਪਾ-ਦ੍ਰਿਸ਼ਟੀ ਹੋ ਜਾਵੇ ਤਾਂ ਪਿਛਲੇ ਘਰ ਦੀ, ਮਾਂ-ਪਿਉ ਦੀ ਚਿੰਤਾ ਨਹੀਂ ਰਹਿੰਦੀ। ਭਾਵ ਜੇ ਉਸ ਪ੍ਰਭੂ ਨਾਲ ਜੁੜ ਗਏ ਹਾਂ ਤਾਂ ਦੁਨਿਆਵੀ ਚਿੰਤਾ ਤੋਂ ਨਿਜਾਤ ਮਿਲ ਜਾਂਦੀ ਹੈ। ਗੁਰੂ ਸਾਹਿਬ ਦਾ ਕਥਨ ਹੈ:
ਬਾਬੁਲਿ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ ਬਲਿ ਰਾਮ ਜੀਉ॥
ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿ ਰਾਮ ਜੀਉ॥ (ਪੰਨਾ 764)
ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ॥
ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ॥
ਮਨ ਮਾਹਿ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ॥ (ਪੰਨਾ 766)
ਜੇਕਰ ਜੀਵਨ ਸੰਵਾਰਨਾ ਹੈ ਤਾਂ ਗੁਰਬਾਣੀ ਦਾ ਓਟ-ਆਸਰਾ ਲੈਂਦੇ ਹੋਏ ਆਪਣਾ ਹੀ ਜੀਵਨ ਨਹੀਂ ਆਪਣੀ ਕੁਲ ਵੀ ਤਾਰ ਸਕਦੇ ਹਾਂ:
ਮਨਮੁਖ ਨਾਮੁ ਨ ਚੇਤਿਓ ਧਿਗੁ ਜੀਵਣੁ ਧਿਗੁ ਵਾਸੁ॥
ਜਿਸ ਦਾ ਦਿਤਾ ਖਾਣਾ ਪੈਨਣਾ ਸੋ ਮਨਿ ਨ ਵਸਿਓ ਗੁਣਤਾਸੁ॥
ਇਹੁ ਮਨੁ ਸਬਦਿ ਨ ਭੇਦਿਓ ਕਿਉ ਹੋਵੈ ਘਰ ਵਾਸੁ॥
ਮਨਮੁਖੀਆ ਦੋਹਾਗਣੀ ਆਵਣ ਜਾਣਿ ਮੁਈਆਸੁ॥
ਗੁਰਮੁਖਿ ਨਾਮੁ ਸੁਹਾਗੁ ਹੈ ਮਸਤਕਿ ਮਣੀ ਲਿਖਿਆਸੁ॥ (ਪੰਨਾ 1416)
ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਸਰਬਪੱਖੀ ਸਰਬ-ਵਿਆਪਕ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੀ ਅਗਵਾਈ ਲਈ ਉਪਲਬਧ ਹਨ। ਹਰ ਵਸੀਲਾ ਵਰਤ ਕੇ ਲੋੜ ਹੈ ਅੱਜ ਦੀ ਪੀੜ੍ਹੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ, ਸ਼ਬਦ-ਗੁਰੂ ਨਾਲ ਰਾਬਤਾ ਕਾਇਮ ਕਰਨਾ। ਸ਼ਾਇਦ ਇਹ ਸਭ ਕੁਝ ਇਕ ਨਾਰੀ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ। ਇਹੀ ਮਿਲਣ ’ਤੇ ਬੱਚਾ ਸੁਖ, ਸ਼ਾਂਤੀ, ਸੁਹਿਰਦਤਾ ਵਾਲਾ ਹੋਵੇਗਾ। ਲੋੜ ਹੈ ਤਬਦੀਲੀ ਦੀ ਜੋ ਇਕ ਨਾਰੀ ਨੂੰ ਆਪਣੇ ਜੀਵਨ ਵਿਚ ਲਿਆਉਣੀ ਪਵੇਗੀ। ਬਾਬਾ ਫਰੀਦ ਜੀ ਦੇ ਕਥਨ ਅਨੁਸਾਰ:
ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ॥
ਬਾਵਲਿ ਹੋਈ ਸੋ ਸਹੁ ਲੋਰਉ॥
ਤੈ ਸਹਿ ਮਨ ਮਹਿ ਕੀਆ ਰੋਸੁ॥
ਮੁਝੁ ਅਵਗਨ ਸਹ ਨਾਹੀ ਦੋਸੁ॥1॥
ਤੈ ਸਾਹਿਬ ਕੀ ਮੈ ਸਾਰ ਨ ਜਾਨੀ॥
ਜੋਬਨੁ ਖੋਇ ਪਾਛੈ ਪਛੁਤਾਨੀ॥ (ਪੰਨਾ 794)
ਸਮਾਂ ਲੰਘਣ ਉੱਪਰ ਪਛਤਾਉਣ ਤੋਂ ਚੰਗਾ ਇਹ ਹੈ ਕਿ ਸਾਨੂੰ ਗੁਰੂ ਸਾਹਿਬਾਨ ਦੁਆਰਾ ਦੱਸੇ ਜੀਵਨ ਨੂੰ ਅਪਣਾਉਣਾ ਚਾਹੀਦਾ ਹੈ:
ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ॥ (ਪੰਨਾ 722)
ਗੁਰੂ ਸਾਹਿਬ ਇਸ ਦਾ ਉੱਤਰ ਦਿੰਦੇ ਹਨ:
ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ॥
ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ॥(ਉਹੀ)
ਲੇਖਕ ਬਾਰੇ
ਪੰਜਾਬੀ ਵਿਭਾਗ, ਲਾਇਲਪੁਰ ਖਾਲਸਾ ਕਾਲਜ, ਜਲੰਧਰ
- ਪ੍ਰੋ. ਸੁਖਬੀਰ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%b8%e0%a9%81%e0%a8%96%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98/March 1, 2009