editor@sikharchives.org

ਸਿਫ਼ਤੀ ਦੇ ਘਰ ਸ੍ਰੀ ਅੰਮ੍ਰਿਤਸਰ ਦੀਆਂ ਕੁਝ ਪਹਿਲ-ਕਦਮੀਆਂ

ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਸ਼ਹਿਰ ਵਿਚ ਬੜੇ-ਬੜੇ ਬਾਗ਼ ਸਨ ਅਤੇ ਖਾਸ ਕਰਕੇ ਉਥੋਂ ਦਾ ਸ਼ਾਲਾਮਾਰ ਬਾਗ਼ ਜਗਤ-ਪ੍ਰਸਿੱਧ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

1. ਸਿੱਖਾਂ ਦੀ ਸਭ ਤੋਂ ਪਹਿਲੀ ਲੜਾਈ :

ਮਾਲਾ ਤੋਂ ਜਬਰ-ਜ਼ੁਲਮ ਮੇਟਣ ਤਕ ਦਾ ਸਫ਼ਰ ਇਕ ਤਰੀਕੇ ਨਾਲ ਆਪਣਾ ਪਹਿਲਾ ਚੱਕਰ ਸੰਪੂਰਨ ਕਰ ਚੁਕਾ ਸੀ। ਇਹ ਸਫ਼ਰ ਇਕ ਅਕਾਲ ਪੁਰਖ ਦੇ ਨਾਮ ਸਿਮਰਨ ਤੋਂ ਲੈ ਕੇ ਜਬਰ-ਜ਼ੁਲਮ ਦੇ ਮੇਟਣ ਲਈ ਸਿੱਧਾ ਕਿਰਪਾਨ ਨੂੰ ਹੱਥ ਪਾਉਣ ਦਾ ਸੀ। ਇਹ ਇਕ ਇਤਿਹਾਸਕ ਸਚਾਈ ਹੈ ਕਿ ਮੁਗ਼ਲਾਂ ਨਾਲ ਸਿੱਖਾਂ ਦੀ ਸਭ ਤੋਂ ਪਹਿਲੀ ਲੜਾਈ ਇਕ ਸਰਕਾਰੀ ਬਾਜ਼ ਫੜਨ ਤੋਂ ਉਸ ਥਾਂ ਹੋਈ ਸੀ, ਜਿਸ ਥਾਂ ਖਾਲਸਾ ਕਾਲਜ ਦੇ ਖੇਡ ਦੇ ਮੈਦਾਨ ਹਨ। ਇਹ ਵਾਕਿਆ 1632 ਈ. ਦਾ ਹੈ। ਕਵੀ ਟਹਿਕਣ ਉਸ ਇਤਿਹਾਸਕ ਘਟਨਾ ਦਾ ਦ੍ਰਿਸ਼-ਵਰਣਨ ਬੜੀ ਖ਼ੂਬਸੂਰਤੀ ਤੇ ਭਾਵਪੂਰਤ ਢੰਗ ਨਾਲ, ਸਿਰਫ਼ ਬਾਰ੍ਹਾਂ ਲਫ਼ਜ਼ਾਂ ਵਿਚ ਹੀ ਮੁੱਕਦੀ ਗੱਲ ਕਰ ਦਿੰਦਾ ਹੈ:

ਤੁਸੀਂ ਬਾਜ ਹੀ ਬਾਜ ਪੁਕਾਰਦੇ ਹੋ,
ਅਸੀਂ ਤਾਜ ਤੁਹਾਡੜਾ ਲੋੜਦੇ ਹਾਂ।

ਇਹ ਚੈਲਿੰਜ, ਇਹ ਸੁਨੇਹਾ ਅਸਲ ਵਿਚ ਅਜ਼ਾਦੀ ਲਈ ਮੁਗ਼ਲਾਂ ਨਾਲ ਸਿੱਧੀ ਟੱਕਰ ਲੈਣ ਦਾ ਸੀ।

2. ਬਾਗ਼ਾਂ ਦਾ ਸ਼ਹਿਰ :

ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਸ਼ਹਿਰ ਵਿਚ ਬੜੇ-ਬੜੇ ਬਾਗ਼ ਸਨ ਅਤੇ ਖਾਸ ਕਰਕੇ ਉਥੋਂ ਦਾ ਸ਼ਾਲਾਮਾਰ ਬਾਗ਼ ਜਗਤ-ਪ੍ਰਸਿੱਧ ਸੀ। ਪਰ ਜੇਕਰ ਅਸਲੀਅਤ ਦੇਖੀ ਜਾਏ ਤਾਂ ਲਾਹੌਰ ਦਾ ਸ਼ਾਲਾਮਾਰ ਜਿੱਥੇ ਸੱਤਰ ਏਕੜ (ਇਸ ਗੱਲ ਦਾ ਵਰਣਨ ਇਕ ਅੰਗਰੇਜ਼ ਲੇਡੀ ਡਫਰਿਨ ਆਪਣੀ ਮਾਂ ਨੂੰ 15 ਅਪ੍ਰੈਲ 1885 ਈ. ਵਿਚ ਲਿਖੇ ਗਏ ਖ਼ਤ ਵਿਚ ਵੀ ਕਰਦੀ ਹੈ) ਉਥੇ ਸਾਡੀ ਗੁਰੂ ਕੀ ਨਗਰੀ ਵਾਲਾ ਰਾਮ ਬਾਗ਼ ਚੌਰਾਸੀ ਏਕੜ ਵਿਚ ਫੈਲਿਆ ਹੋਇਆ ਹੈ। ਇਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਵਾਲੇ ਬਾਗ਼ ਦੇ ਨਮੂਨੇ ’ਤੇ ਹੀ ਬਣਵਾਇਆ ਸੀ।

1859 ਈ. ਵਿਚ ਮਹਾਰਾਜਾ ਸ਼ੇਰ ਸਿੰਘ ਦੇ ਦਰਬਾਰੀ ਪਹਿਲਵਾਨ ਮੀਆਂ ਸੁਲਤਾਨ ਨੇ ਅੰਗਰੇਜ਼ਾਂ ਤੋਂ ਠੇਕਾ ਲੈ ਕੇ ਜਦੋਂ ਲਾਹੌਰ ਦਾ ਰੇਲਵੇ ਸਟੇਸ਼ਨ ਬਣਾਇਆ ਤਾਂ ਸਭ ਤੋਂ ਪਹਿਲੀ ਵਾਰ ਰੇਲਗੱਡੀ ਛੂੰ ਕਰਦੀ ਸਿੱਧਾ ਅੰਮ੍ਰਿਤਸਰ ਨੂੰ ਹੀ ਆਈ ਸੀ। ਪੰਜਾਬ ਵਿਚ ਰੇਲਗੱਡੀ ਦਾ ਇਹ ਸਭ ਤੋਂ ਪਹਿਲਾ ਸਫ਼ਰ ਸੀ।

3. ਰੁਮਾਲੀ ਅੰਮ੍ਰਿਤਸਰ ਦੀ :

ਸ੍ਰੀ ਅੰਮ੍ਰਿਤਸਰ ਸਾਹਿਬ ਬਾਰੇ ਇਹ ਕਹਾਵਤ ਸਦੀਆਂ ਤੋਂ ਚੱਲਦੀ ਆ ਰਹੀ ਹੈ, ਭਾਵ ਕਿ ਇਹ ਸ਼ਹਿਰ ਸਦਾ ਹੀ ਭਲਵਾਨਾਂ ਦਾ ਗੜ੍ਹ ਰਿਹਾ ਹੈ। ਭਾਰਤੀ ਭਲਵਾਨੀ ਦੀ ਤਾਰੀਖ਼ ਵਿਚ ਇਹ ਇਕ ਨਵਾਂ ਇਨਕਲਾਬ ਸੀ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ 1540 ਈ. ਵਿਚ ਖਡੂਰ ਸਾਹਿਬ ਵਿਖੇ ਮੱਲ-ਅਖਾੜੇ ਦੀ ਨੀਂਹ ਰੱਖੀ। ਉਨ੍ਹਾਂ ਪਿੱਛੋਂ ਫਿਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਇਕ ਬੜੇ ਵੱਡੇ ਅਖਾੜੇ ਦੀ ਨੀਂਹ ਕੀ ਰੱਖੀ ਕਿ ਦੇਖਦਿਆਂ ਹੀ ਦੇਖਦਿਆਂ ਇਸ ਸ਼ਹਿਰ ਵਿਚ ਹੋਰ ਬੇਸ਼ੁਮਾਰ ਅਖਾੜੇ ਖੁੱਲ੍ਹ ਗਏ, ਜਿਨ੍ਹਾਂ ਨੇ ਸਮੇਂ-ਸਮੇਂ ਸਿਰ ਬੜੇ-ਬੜੇ ਰੁਸਤਮ ਪੈਦਾ ਕੀਤੇ। ਅਠਾਰ੍ਹਵੀਂ ਅਤੇ ਉਨ੍ਹੀਵੀਂ ਸਦੀ ਵਿਚ ਤਾਂ ਫਿਰ ਇਹ ਹਾਲ ਹੋ ਗਿਆ ਕਿ ਮਾਲਵੇ ਦੀਆਂ ਕੁਝ ਰਿਆਸਤਾਂ ਜਿਵੇਂ ਕਿ ਇੰਦੌਰ, ਗਵਾਲੀਅਰ ਆਦਿ ਆਪਣੀ- ਆਪਣੀ ਰਿਆਸਤ ਵਿਚ ਜਦੋਂ ਅਖਾੜੇ ਖੋਲ੍ਹ ਕੇ ਪੰਜਾਬੀ ਭਲਵਾਨਾਂ ਨੂੰ ਭਰਤੀ ਕਰਨ ਲੱਗੀਆਂ ਤਾਂ ਇਥੋਂ ਦੇ ਮੱਲ ਇਸ ਪਾਵਨ ਧਰਤੀ ਦੇ ਅਖਾੜਿਆਂ ਦੀ ਕੁਝ ਮਿੱਟੀ ਪ੍ਰਸ਼ਾਦ ਵਜੋਂ ਉਥੇ ਲੈ ਜਾਂਦੇ ਅਤੇ ਉਨ੍ਹਾਂ ਅਖਾੜਿਆਂ ਵਿਚ ਧੂੜ ਕੇ ਨਮਸਕਾਰ ਕਰ ਕੇ ਸਰੀਰਿਕ ਸਿੱਖਿਆ ਜਾਂ ਰੱਖਿਆ ਦਾ ਆਪਣਾ ਧਾਰਿਆ ਕਾਰਜ ਸ਼ੁਰੂ ਕਰ ਦਿੰਦੇ ਸਨ। ਇਸ ਦਾ ਅਸਰ ਇਹ ਹੋਇਆ ਕਿ ਜਿੰਨੇ ਭਲਵਾਨ ਅੰਮ੍ਰਿਤਸਰ ਨੇ ਪੈਦਾ ਕੀਤੇ, ਓਨੇ ਹੋਰ ਕਿਸੇ ਨੇ ਵੀ ਨਹੀਂ ਪੈਦਾ ਕੀਤੇ। ਅੰਮ੍ਰਿਤਸਰ ਤੋਂ ਛੁੱਟ ਗੁਜਰਾਂਵਾਲਾ ਨੂੰ ਵੀ ਭਲਵਾਨਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਆਮ ਰਾਏ ਹੈ ਕਿ ਇਹ ਸ਼ੌਕ ਉਨ੍ਹਾਂ ਨੂੰ ਇਸ ਸ਼ਹਿਰ ਦੇ ਭਲਵਾਨਾਂ ਤੋਂ ਲੱਗਾ। ਕਈਆਂ ਨੇ ਉਥੋਂ ਇਥੇ ਆ ਕੇ ਇਨ੍ਹਾਂ ਤੋਂ ਬਾਕਾਇਦਾ ਸਿੱਖਿਆ ਪ੍ਰਾਪਤ ਕੀਤੀ। ਇਹ ਵੀ ਕਿਹਾ ਜਾਂਦਾ ਹੈ ਕਿ ਵਧੇਰੇ ਦੁੱਧ ਪੀਣ ਦਾ ਸ਼ੌਕ, ਉਨ੍ਹਾਂ ਨੂੰ ਇਨ੍ਹਾਂ ਵੱਲ ਦੇਖ ਕੇ ਲੱਗਾ, ਹਾਲਾਂਕਿ ਕੁਝ ਖਲੀਫ਼ੇ ਇਸ ਮੱਤ ਦੇ ਧਾਰਨੀ ਹਨ ਕਿ ਜ਼ਿਆਦਾ ਦੁੱਧ ਭਲਵਾਨਾਂ ਨੂੰ ਹੌਂਕ ਵਧੇਰੇ ਚਾੜ੍ਹਦਾ ਹੈ, ਥਕਾਉਂਦਾ ਜ਼ਿਆਦਾ ਹੈ। ਕੁਝ ਵੀ ਹੈ, ਇਸ ਖੇਤਰ ਵਿਚ ਇਥੋਂ ਦੇ ਭਲਵਾਨਾਂ ਦੀਆਂ ਪ੍ਰਾਪਤੀਆਂ ਆਪਣੀ ਕਿਸਮ ਦੀਆਂ ਹਨ, ਜਿਵੇਂ ਕਿ:

(ੳ) ਹਿੰਦੁਸਤਾਨ ਦਾ ਸਭ ਤੋਂ ਪਹਿਲਾ ਸਨਦੀ ਸਿੱਕਾਬੰਦ (Offical) ਰੁਸਤਮ-ਏ-ਹਿੰਦ ਸਦੀਕਾ ਗਿਲਗੂ ਅੰਮ੍ਰਿਤਸਰੀ ਸੀ ਜਿਸ ਨੇ 1839 ਈ. ਵਿਚ ਇਹ ਖ਼ਿਤਾਬ ਜਿੱਤਿਆ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਸੀ।

(ਅ) 1900 ਈ. ਵਿਚ ਅੰਮ੍ਰਿਤਸਰ ਦੇ ਇਕ ਮਸ਼ਹੂਰ ਭਲਵਾਨ ਗੁਲਾਮ (1860-1901) ਨੇ ਪੈਰਿਸ ਵਿਚ ਹੋ ਰਹੀ ਇਕ ਆਲਮੀ ਨੁਮਾਇਸ਼ ਦੇ ਸਮੇਂ ਪਹਿਲਕਦਮੀ ਇਹ ਕੀਤੀ ਕਿ ਉਸ ਨੇ ਤੁਰਕੀ ਦੇ ਇਕ ਖੂੰਖਾਰ ਭਲਵਾਨ ਕਾਦਰ ਅਲੀ ਨੂੰ ਢਾਹ ਕੇ ਰੁਸਤਮ-ਏ-ਜਹਾਨ ਦਾ ਖ਼ਿਤਾਬ ਪ੍ਰਾਪਤ ਕੀਤਾ।1

(ੲ) ਇਸੇ ਤਰ੍ਹਾਂ ਇਥੋਂ ਦੇ ਇਕ ਹੋਰ ਭਲਵਾਨ ਗਾਮੇ (1882-1960) ਨੇ ਲੰਡਨ ਆ ਕੇ ਵਿਸ਼ਵ-ਵਿਜੇਤਾ ਦਾ ਮਾਣਮੱਤਾ ਖ਼ਿਤਾਬ ਪ੍ਰਾਪਤ ਕੀਤਾ। 1947 ਵਿਚ ਜਦੋਂ ਪਾਕਿਸਤਾਨ ਬਣਿਆ ਤਾਂ ਉਥੋਂ ਦਾ ਸਭ ਤੋਂ ਪਹਿਲਾ ਰੁਸਤਮ-ਏ-ਪਾਕਿਸਤਾਨ ਬਣਨ ਵਾਲਾ, ਗਾਮੇ ਦਾ ਭਤੀਜਾ ਭੋਲੂ ਪਹਿਲਵਾਨ ਸੀ ਜਿਹੜਾ ਕਿ ਅੰਮ੍ਰਿਤਸਰ ਦਾ ਜੰਮਪਲ ਸੀ।2

(ਸ) ਸਾਡੀ ਆਪਣੇ ਇੰਟਰਨੈਸ਼ਨਲ ਪੰਜਾਬ ਹੈਰੀਟੇਜ ਮਿਊਜ਼ੀਅਮ ਵਿਚ ਇਕ ਅਦੁੱਤੀ ਤਸਵੀਰ ਹੈ ਜਿਸ ਵਿਚ ਇਥੋਂ ਦੇ ਇਕ ਅਸਾਧਾਰਨ ਤਾਕਤ ਵਾਲੇ ਪਹਿਲਵਾਨ ਉਲਮਾਨ ਸਿੰਘ ਨੇ ਆਪਣੇ ਅਖਾੜੇ ਦੇ ਪੰਜ ਭਲਵਾਨ ਚੁੱਕੇ ਹੋਏ ਹਨ। ਲੰਡਨ ਦੀ ਇਕ ਲਾਇਬ੍ਰੇਰੀ ਵਿਚ ਇਹੋ ਜਿਹਾ ਇਕ ਰੀਕਾਰਡ ਜਿਹੜਾ ਅੰਗਰੇਜ਼ਾਂ ਨੇ ਸੁਰੱਖਿਅਤ ਕੀਤਾ ਹੋਇਆ ਹੈ ਉਹ ਇਹ ਹੈ ਕਿ 11 ਦਸੰਬਰ, 1905 ਨੂੰ ਅੰਮ੍ਰਿਤਸਰ ਦਾ ਇਕ ਭਲਵਾਨ 604 ਪੌਂਡ ਦੀਆਂ ਭਾਰੀਆਂ ਮੁੰਗਲੀਆਂ ਫੇਰ ਰਿਹਾ ਹੈ।

4. ਸੰਗੀਤ ਦੇ ਖੇਤਰ ਵਿਚ ਸਰਦਾਰੀ :

ਪੰਚਮ ਪਾਤਸ਼ਾਹ ਨੇ ਸਤੰਬਰ 1604 ਈ. ’ਚ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਦਾ ਵਿਸਮਾਦੀ ਪ੍ਰਵਾਹ ਅਰੰਭ ਕਰ ਕੇ, ਸੰਗੀਤ ਦੇ ਗਾਇਨ-ਗੁਲਦਸਤੇ ਦਾ ਇਕ ਅਜਿਹਾ ਬੂਟਾ ਲਾਇਆ ਜਿਹੜਾ ਹੌਲੀ-ਹੌਲੀ ਸਾਰੀ ਦੁਨੀਆਂ ਵਿਚ ਫੈਲ ਗਿਆ। ਇਥੋਂ ਦੀ ਰਬਾਬੀ-ਪਰੰਪਰਾ ਐਨੀ ਰਸਭਿੰਨੀ, ਅਮੀਰ ਅਤੇ ਮੌਲਿਕ ਸੀ ਕਿ ਇਕ ਸਮਾਂ ਫਿਰ ਅਜਿਹਾ ਆਇਆ ਕਿ ਦੇਸ਼ ਭਰ ਦੇ ਗਵੱਈਏ ਇਹ ਗੱਲ ਕਹਿਣ ’ਤੇ ਮਜਬੂਰ ਹੋ ਗਏ ਸਨ ਕਿ ‘ਭਈ! ਜੇਕਰ ਸ਼ੁੱਧ ਸੰਗੀਤ ਦੀ ਸਹੀ ਸੇਧ ਲੈਣੀ ਹੈ ਤਾਂ ਸ੍ਰੀ ਅੰਮ੍ਰਿਤਸਰ ਚੱਲੋ, ਰਬਾਬੀਆਂ ਪਾਸ।’ ਇਹ ਉਹ ਵਕਤ ਸੀ ਜਦ ਦੇਸ਼ ਦੇ ਕਹਿੰਦੇ-ਕਹਾਉਂਦੇ ਕਲਾਕਾਰ ਵੀ ਇਨ੍ਹਾਂ ਰਬਾਬੀਆਂ ਨਾਲ ਮੁਕਾਬਲਾ ਕਰਨ ਤੋਂ ਕੰਨ ਭੰਨਦੇ ਸਨ।

ਸ਼ਬਦ-ਕੀਰਤਨ ਤੋਂ ਛੁੱਟ, ਹਲਕੇ-ਫੁਲਕੇ ਗਾਇਨ ਵਿਚ ਵੀ ਇਸ ਸ਼ਹਿਰ ਨੇ ਹਮੇਸ਼ਾਂ ਆਪਣੀ ਸਰਦਾਰੀ ਕਾਇਮ ਰੱਖੀ ਹੈ। ਵੀਹਵੀਂ ਸਦੀ ਦੀ ਇਕ ਬਹੁਤ ਵੱਡੀ ਗਾਇਕਾ ਨੂਰ ਜਹਾਂ ਬੇਗਮ (1926-2000), ਅੰਮ੍ਰਿਤਸਰ ਦੀ ਇਕ ਬਹੁਤ ਵੱਡੀ ਗਾਇਕਾ ਫਰੀਦਾ ਖਾਨਮ ਦੀ ਵੱਡੀ ਭੈਣ ਮੁਖਤਾਰ ਬੇਗਮ ਉਰਫ਼ ਦਾਰੀ (1912-1982) ਦੇ ਗਾਉਣ-ਢੰਗ ਤੋਂ ਬੇਹੱਦ ਪ੍ਰਭਾਵਿਤ ਸੀ।

ਨੂਰ ਜਹਾਂ ਤੋਂ ਛੁਟ, ਭਾਰਤ ਪਾਕਿਸਤਾਨ ਦੀਆਂ ਦੋ ਹੋਰ ਵੱਡੀਆਂ ਗਾਇਕਾਵਾਂ ਦਾ ਨਾਂ ਲੈਣਾ ਹੋਵੇ ਤਾਂ ਉਹ ਹਨ: ਲਤਾ ਮੰਗੇਸ਼ਕਰ ਅਤੇ ਸ਼ਮਸ਼ਾਦ ਬੇਗਮ ਆਦਿ। ਇਹ ਤਿੰਨੇ ਹੀ ਅੰਮ੍ਰਿਤਸਰ ਦੇ ਇਕ ਰਬਾਬੀ ਮਾਸਟਰ ਗ਼ੁਲਾਮ ਹੈਦਰ (1906- 1953) ਦੀਆਂ ਕਾਢਾਂ ਸਨ।

ਯਾਦ ਰਹੇ ਕਿ ਗ਼ੁਲਾਮ ਹੈਦਰ, ਭਾਈ ਆਤੂ (ਭਾਈ ਅਤਰਾ ਰਬਾਬੀ, ਜਿਸ ਨੂੰ ਕਈ ਲੋਕ ਉਸ ਦੇ ਕੀਰਤਨ ਵਿਚ ਤਾਸੀਰ ਹੋਣ ਕਰਕੇ ਜਾਦੂ ਵੀ ਆਖਿਆ ਕਰਦੇ ਸਨ-ਅਖੇ ਇਹ ਗਾਉਂਦਾ ਕਾਹਦਾ ਸਰੋਤਿਆਂ ’ਤੇ ਜਾਦੂ ਕਰਦਾ ਹੈ) ਅਤੇ ਭਾਈ ਪਲਾਸਾ ਦੇ ਖ਼ਾਨਦਾਨ ਵਿੱਚੋਂ ਸਨ, ਜਿਹੜੇ 1947 ਵਿਚ ਦੇਸ਼ ਦੀ ਵੰਡ ਹੋਣ ਤੋਂ ਪਹਿਲਾਂ ਕਦੇ ਮੁਹੱਲਾ ਸ਼ਰੀਫ਼ਪੁਰਾ ਅੰਮ੍ਰਿਤਸਰ ਰਹਿੰਦੇ ਹੁੰਦੇ ਸਨ ਅਤੇ ਮੁਹੰਮਦ ਰਫ਼ੀ ਅਤੇ ਮਹਿੰਦਰ ਕਪੂਰ ਵੀ ਇਸੇ ਸ਼ਹਿਰ ਦੇ ਹੀ ਹੀਰੇ ਸਨ।

5. ਭਵਨਕਾਰੀ ’ਚ ਭੱਲ ਅਤੇ ਮਿਅਮਾਰੀ (ਇੰਜੀਨੀਅਰਿੰਗ) ’ਚ ਵੀ ਮੋਹਰੀ :

ਸ੍ਰੀ ਹਰਿਮੰਦਰ ਸਾਹਿਬ ਜੀ ਦਾ ਕਿਸ ਨੇ ਨਕਸ਼ਾ ਤਿਆਰ ਕੀਤਾ, ਕਿਵੇਂ ਕੀਤਾ, ਕਿਵੇਂ ਸਭ ਕੁਝ ਤਿਆਰ ਹੋਇਆ, ਇਹ ਸਾਰੀਆਂ ਗੱਲਾਂ ਤਾਂ ਅੰਤਰਯਾਮੀ ਗੁਰੂ ਮਹਾਰਾਜ ਆਪ ਹੀ ਜਾਣਨ, ਪਰ ਦੱਸਿਆ ਜਾਂਦਾ ਹੈ ਕਿ ਇਸ ਕੰਮ ਲਈ ਉਨ੍ਹਾਂ ਨੇ ਦੇਸ਼ ਭਰ ’ਚੋਂ ਉੱਘੇ-ਉੱਘੇ ਕਾਰੀਗਰ ਮੰਗਵਾਏ ਸਨ, ਜਿਨ੍ਹਾਂ ਵਿਚ ਕੁਝ ਮਾਹਿਰ ਚਨਿਓਟ ਦੇ ਵੀ ਸਨ। ਜਗਤ-ਵਿਖਿਆਤ ਚਿੱਤਰਕਾਰ ਅਬਦੁਲ ਰਹਿਮਾਨ ਚੁਗਤਾਈ (1897-1975) ਜਿਨ੍ਹਾਂ ਦੇ ਵੱਡੇ-ਵਡੇਰੇ ਮੁਗ਼ਲੀਆ ਦਰਬਾਰ ਨਾਲ ਸੰਬੰਧਿਤ ਰਹੇ ਸਨ ਅਤੇ ਜਿਨ੍ਹਾਂ ਨੇ ਭਾਈ ਵੀਰ ਸਿੰਘ ਨੂੰ ਆਪਣੇ ਕੁਝ ਸੁਚਿੱਤ੍ਰ ਭੇਟ ਕੀਤੇ ਸਨ, ਉਹ ਇਸ ਗੱਲ ਦਾ ਉਲੇਖ ਕਰਦੇ ਸਨ ਕਿ ਅਹਿਮਦ ਸ਼ਾਹ ਅਬਦਾਲੀ ਨੇ 1762-64 ਵਿਚ ਜਦੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਢਹਿ-ਢੇਰੀ ਕੀਤਾ ਸੀ ਤਾਂ ਉਸ ਪਿੱਛੋਂ ਤਾਕਤ ਸੰਭਾਲਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਵੱਲੋਂ 1805 ਈ. ਵਿਚ ਨਵੇਂ ਸਿਰੇ ਤੋਂ ਉਸਾਰੇ ਗਏ ਸ੍ਰੀ ਹਰਿਮੰਦਰ ਸਾਹਿਬ ਦੀ ਤਿਆਰੀ ਦੀ ਜ਼ੁੰਮੇਵਾਰੀ ਉਨ੍ਹਾਂ ਦੇ ਪੜਦਾਦਾ ਮੀਆਂ ਸਲਾਹਉਦੀਨ ਨੂੰ ਸੌਂਪੀ ਗਈ ਸੀ। ਉਹ ਮਹਾਰਾਜਾ ਦੇ ਦਰਬਾਰੀ ਸਨ ਜਿਨ੍ਹਾਂ ਨੂੰ ਸਿੱਖ ਦਰਬਾਰ ਵੱਲੋਂ ਮਜ਼ਦੂਰਾਂ ਅਤੇ ਕਾਰੀਗਰਾਂ ਨੂੰ ਵੰਡਣ ਲਈ ਕਾਫ਼ੀ ਵੱਡੀ ਰਕਮ ਮਿਲਦੀ ਹੁੰਦੀ ਸੀ, ਜਿਹੜੀ ਉਹ ਇਕ ਗਧੇ ’ਤੇ ਲੱਦ ਕੇ ਲਿਆਉਂਦੇ ਹੁੰਦੇ ਸਨ। ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਸੇ ਸਲਾਹਉਦੀਨ ਨੇ ਹੀ ਗੁੱਜਰਾਂਵਾਲਾ ਵਿਖੇ ਜਰਨੈਲ ਹਰੀ ਸਿੰਘ ਨਲਵਾ ਦੀ ਬਾਰਾਂਦਰੀ ਤਿਆਰ ਕਰਵਾਈ ਸੀ। ਰੌਸ਼ਨ ਦਿਮਾਗ਼ ਹੁਨਰਕਾਰ ਭਾਈ ਰਾਮ ਸਿੰਘ (1857-1916) ਜਿਹੜੇ ਇਸ ਸ਼ਹਿਰ ਵਿਚ ਚੀਲ੍ਹ ਮੰਡੀ ਵਿਚ ਰਿਹਾ ਕਰਦੇ ਸਨ, ਨੇ 1890 ਈ. ਵਿਚ ਇੰਗਲੈਂਡ ਆ ਕੇ ਬਣਾਇਆ ‘ਆਈਲ ਆਫ਼ ਵਾਈਟ’ ਨਾਮਕ ਮਹੱਲ ਅਤੇ ਉਨ੍ਹਾਂ ਵੱਲੋਂ ਤਿਆਰ ਕਰਵਾਈਆਂ ਗਈਆਂ ਹੋਰ ਇਮਾਰਤਾਂ ਜਿਵੇਂ ਕਿ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਲਾਅ ਕੋਰਟਸ ਅੰਮ੍ਰਿਤਸਰ ਅਤੇ ਵਾਇਸਰੀਗਲ ਲੌਜ ਸ਼ਿਮਲਾ ਆਦਿ ਭਵਨਕਾਰੀ ਦਾ ਅਦਭੁੱਤ ਨਮੂਨਾ ਹੋ ਨਿੱਬੜੀਆਂ ਹਨ।

6. ਹਿਕਮਤ, ਵੈਦਗੀ ਅਤੇ ਡਾਕਟਰੀ ਆਦਿ :

ਸਿਰਫ਼ ਪਰਮਾਤਮਾ ਹੀ ਜਾਣੇ ਮੁੱਢ ਤੋਂ ਹੀ ਇਥੋਂ ਦੇ ਵੈਦਾਂ, ਹਕੀਮਾਂ ਦੇ ਹੱਥਾਂ ਵਿਚ ਬੇਹੱਦ ਸ਼ਫ਼ਾ ਰਹੀ ਹੈ। ਕਿਸੇ ਸਮੇਂ ਇਥੋਂ ਦੇ ਪੰਡਤ ਸ੍ਰੀਮਤ ਸਰਬ ਸੁਖ ਅਤੇ ਅਗਾਂਹ ਫਿਰ ਉਸ ਦਾ ਪੁੱਤਰ ਰਾਏ ਬਹਾਦਰ ਪੰਡਿਤ ਜਨਾਰਧਨ ਤਬੀਬੀ ’ਚ ਬੜੇ ਵੱਡੇ ਨਾਂ ਸਨ। ਬੇਹੱਦ ਮਕਬੂਲ ਦਵਾਈ ਅੰਮ੍ਰਿਤਧਾਰਾ ਦੇ ਕਾਢੂ ਠਾਕੁਰ ਦੱਤ ਸ਼ਰਮਾ (1882) ਅਤੇ ਅਗਾਂਹ ਫਿਰ ਕਵੀਰਾਜ ਖਜ਼ਾਨ ਚੰਦ ਬੀ.ਏ. (ਕਰਤਾ ਹਦਾਇਤਨਾਮਾ ਖਾਵੰਦ, ਹਦਾਇਤਨਾਮਾ ਬੀਵੀ) ਵੀ ਇਥੋਂ ਦੇ ਹੀ ਜੰਮਪਲ ਸਨ। ਫੀਰੋਜ਼ਦੀਨ ਫੀਰੋਜ਼ ਤੁਗਰਾਈ (1882- 1931) ਇਥੋਂ ਦੇ ਹੀ ਇਕ ਹੋਰ ਬਹੁਤ ਵੱਡੇ ਹਕੀਮ ਉਨ੍ਹੀਵੀਂ ਸਦੀ ’ਚ ਇਸ ਸ਼ਹਿਰ ਤੋਂ ਉਰਦੂ ਵਿਚ ਚਾਰ ਪਰਚੇ ਕੱਢਦੇ ਰਹੇ ਹਨ: (1) ਵਕੀਲ, (2) ਤਹਿਜ਼ੀਬਅਲ-ਖਲਕ, (3) ਮਸੀਹਾ ਅਤੇ (4) ਏਸ਼ੀਆ। ਤਬੀਬੀ ਤੋਂ ਛੁੱਟ, ਉਹ ਇਕ ਬਹੁਤ ਵੱਡੇ ਸ਼ਾਇਰ ਵੀ ਸਨ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗ਼ੁਲਾਮ ਕਾਦਰ ਗਰਾਮੀ (ਹਫੀਜ਼ ਜਲੰਧਰੀ-ਪਾਕਿਸਤਾਨੀ ਤਰਾਨਾ ਲਿਖਣ ਵਾਲੇ ਸ਼ਾਇਰ ਦੇ ਉਸਤਾਦ) ਤੋਂ ਛੁਟ, ਤੁਗਰਾਈ ਫ਼ਾਰਸੀ ਦੇ ਸਭ ਤੋਂ ਵੱਡੇ ਸ਼ਾਇਰ ਹੋਏ ਹਨ। ਮੌਲਾਨਾ ਗ਼ੁਲਾਮ ਮੁਹੰਮਦ ਤਰੰਨਮ ਤਬੀਬ ਦਾ ਵੀ ਅੰਮ੍ਰਿਤਸਰ ’ਚ ਬੜਾ ਅਸਰ- ਰਸੂਖ ਸੀ। ਇਕ ਵਾਰ ਜ਼ਫ਼ਰ ਅਲੀ ਨੇ ਉਸ ਬਾਰੇ ਇਹ ਸ਼ਿਅਰ ਕਿਹਾ ਸੀ:

‘ਤਰੰਨਮ’ ਚਾਂਦ ਹੈ ਇਸ ਸ਼ਹਿਰ ਮੇਂ ਇਲਮ ਔਰ ਹਿਕਮਤ ਕਾ,
ਦਰਖ਼ਸ਼ਾਂ ਇਸ ਕੇ ਹਾਲੇ ਹੈਂ ਮੁਸਲਮਾਨਾਨਿ ਅੰਮ੍ਰਿਤਸਰ!

ਇਸ ਖੇਤਰ ਵਿਚ ਭਾਈ ਮੋਹਨ ਸਿੰਘ ਵੈਦ ਤਰਨਤਾਰਨ ਵਾਲਿਆਂ ਨੂੰ ਕੌਣ ਨਹੀਂ ਜਾਣਦਾ? ਅੱਜਕਲ੍ਹ ਪ੍ਰੋ. ਸਾਹਿਬ ਸਿੰਘ ਦੇ ਸਪੁੱਤਰ ਡਾ. ਦਲਜੀਤ ਸਿੰਘ ਅੱਖਾਂ ਦੇ ਮਾਹਿਰ ਨੇ ਸਾਰੇ ਜਹਾਨ ’ਚ ਉਹ ਭੱਲ ਖੱਟੀ ਹੈ, ਜਿਸ ਦੀ ਹੋਰ ਕਿਧਰੇ ਕੋਈ ਅਜਿਹੀ ਮਿਸਾਲ ਨਹੀਂ ਮਿਲਦੀ।

7. ਸ਼ਹਿਰ ਦੀਆਂ ਸੁਗ਼ਾਤਾਂ :

ਇਕ ਪੁਰਾਣੀ ਕਹਾਵਤ ਚੱਲਦੀ ਆ ਰਹੀ ਹੈ, ਅੰਮ੍ਰਿਤਸਰ ਦੇ ਪਾਪੜ ਤੇ ਮਥਰਾ ਦੇ ਪੇੜੇ। ਜਿਵੇਂ ਕਿ ਦੁਆਬੇ ਦਾ ਗੁੜ-ਸ਼ੱਕਰ, ਸਹਾਰਨਪੁਰ ਦੇ ਗੰਨੇ, ਭਦੌੜ ਦੇ ਕਟੋਰੇ, ਮੁਰਾਦਾਬਾਦ ਦੀਆਂ ਕੌਲੀਆਂ, ਬਨਾਰਸ ਦੀਆਂ ਸਾੜ੍ਹੀਆਂ, ਅਹਿਮਦ ਨਗਰ ਦੀਆਂ ਧੋਤੀਆਂ, ਹੁਸ਼ਿਆਰਪੁਰ ਅੰਬਾਲੇ ਦੇ ਅੰਬ, ਕੋਟਕਪੂਰਾ ਦੇ ਛੋਲੇ, ਹਰਿਦਵਾਰ ਦੀਆਂ ਖੜਾਵਾਂ ਤੇ ਮਥਰਾ ਦੇ ਪੇੜੇ ਬਹੁਤ ਮਸ਼ਹੂਰ ਹਨ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਪਾਪੜ-ਵੜੀਆਂ ਸਾਰੇ ਜਹਾਨ ’ਚ ਪ੍ਰਸਿੱਧ ਹਨ ਜਿਨ੍ਹਾਂ ਦਾ ਸੁਆਦ ਕੁਝ ਆਪਣਾ ਹੀ ਹੈ!

8. ਤਜਾਰਤੀ ਵਡਿਆਈ-ਪੰਜਾਬ ਦੀ ਤਜੌਰੀ :

ਇਹ ਸ਼ਹਿਰ ਕਿਸੇ ਸਮੇਂ ਤਜਾਰਤ ਅਤੇ ਉਦਯੋਗ ਦਾ ਬਹੁਤ ਵੱਡਾ ਕੇਂਦਰ ਸੀ, ਖਾਸ ਕਰਕੇ ਕੱਪੜੇ ਦਾ। ਲਾਹੌਰ ਭਾਵੇਂ ਪੰਜਾਬ ਦੀ ਰਾਜਧਾਨੀ ਸੀ, ਪਰ ਇਥੇ ਅੰਮ੍ਰਿਤਸਰ ਵਿਚ ਬਹੁਤ ਸਾਰੇ ਮਾਰਵਾੜੀ ਰਹਿੰਦੇ ਸਨ। ਇਸ ਸ਼ਹਿਰ ਦੀ ਅਮੀਰੀ ਕਰਕੇ ਇਸ ਨੂੰ ਪੰਜਾਬ ਦੀ ਤਜੌਰੀ ਆਖਿਆ ਜਾਂਦਾ ਸੀ। ਅਠਾਰ੍ਹਵੀਂ-ਉਨ੍ਹੀਵੀਂ ਸਦੀ ਦੇ ਅਨੇਕ ਅੰਗਰੇਜ਼ ਯਾਤਰੀਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਉੱਤਰੀ ਭਾਰਤ ਦਾ ਸਰਵੋਤਮ ਸ਼ਹਿਰ ਕਰਾਰ ਦਿੱਤਾ। ਇਕ ਹੋਰ ਨੇ ਇਸ ਨੂੰ ‘ਇੰਪੋਰੀਅਮ ਆਫ ਇੰਡੀਆ’ ਆਖਿਆ। ਸ਼ਾਲਾਂ, ਕਸ਼ਮੀਰੀ ਕੇਸਰ, ਕੱਪੜਾ, ਸਿਲਕ, ਰੇਸ਼ਮ ਆਦਿ ਲਈ ਇਹ ਹਮੇਸ਼ਾਂ ਬੜਾ ਪ੍ਰਸਿੱਧ ਰਿਹਾ ਹੈ। ਲੈਫਟੀਨੈਂਟ ਕਰਨਲ ਸਟੇਨਬਾਸ਼ ਇਸ ਸ਼ਹਿਰ ਨੂੰ ਆਪਣੀ ਕਿਤਾਬ ਵਿਚ ਉੱਤਰੀ ਭਾਰਤ ਦਾ ਸਭ ਤੋਂ ਅਮੀਰ ਸ਼ਹਿਰ ਮੰਨਦਾ ਹੈ। ਡੇਵਿਡ ਰੌਸ ਵੀ ਆਪਣੀ ਕਿਤਾਬ ‘The land of Five Rivers’ (1882 ਈ.) ਵਿਚ ਇਸ ਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਵੱਡਾ ਅਤੇ ਅਮੀਰ ਸ਼ਹਿਰ ਮੰਨਦਾ ਹੈ ਅਤੇ ਇਹ ਗੱਲ ਵੀ ਅਨੁਭਵ ਕਰਦਾ ਹੈ ਕਿ ਇਸ ਦੀ ਮੰਡੀ ਵਿਚ ਮੱਧ ਏਸ਼ੀਆ ਅਤੇ ਯੂਰਪੀਨ ਦੇਸ਼ਾਂ ਦੀਆਂ ਵਸਤਾਂ ਵੀ ਮਿਲ ਜਾਂਦੀਆਂ ਹਨ।

9. ਫਿਲਮ ਇੰਡੰਡਸਟਰੀ

1931 ਵਿਚ ਸਭ ਤੋਂ ਪਹਿਲਾਂ ਜਦੋਂ ਹਿੰਦੁਸਤਾਨ ਦੀ ਪਹਿਲੀ ਬੋਲਦੀ ਫਿਲਮ ‘ਆਲਮ ਆਰਾ’ ਦੇ ਨਾਲ ‘ਹੀਰ ਰਾਂਝਾ’ ਬਣੀ ਤਾਂ ਉਸ ਵਿਚ ਨਾਇਕਾ ਦਾ ਰੋਲ ਅਦਾਕਾਰਾ ਸਲਮਾ ਆਗ਼ਾ ਦੀ ਨਾਨੀ ਅਨਵਰ ਬੇਗਮ (ਪਾਰੋ) ਨੇ ਅਦਾ ਕੀਤਾ ਜੋ ਅੰਮ੍ਰਿਤਸਰ ਦੀ ਸੀ ਅਤੇ ਫਿਰ 1940 ਵਿਚ ਜਦੋਂ ਪ੍ਰਸਿੱਧ ਫ਼ਿਲਮ ‘ਮੰਗਤੀ’ ਬਣਾਈ ਗਈ ਤਾਂ ਉਸ ਵਿਚ ਹੀਰੋ ਦਾ ਰੋਲ ਅੰਮ੍ਰਿਤਸਰ ਦੇ ਜੰਮਪਲ ਮਾਸੂਦ ਪਰਵੇਜ਼ ਨੇ ਅਦਾ ਕੀਤਾ ਸੀ ਜਿਹੜਾ ਕਿ ਸਆਦਤ ਹਸਨ ਮੰਟੋ ਦਾ ਭਾਣਜਾ ਲੱਗਦਾ ਸੀ।

10. ਥੀਏਟਰ :

ਗੁਰੂ ਕੀ ਇਸ ਨਗਰੀ ਵਿਚ ਥੀਏਟਰ ਜਾਂ ਨਾਟਕ ਕਲਾ ਦੀ ਵੀ ਬੜੀ ਅਮੀਰ ਪਰੰਪਰਾ ਰਹੀ ਹੈ। ਇਥੋਂ ਦੇ ਪ੍ਰਸਿੱਧ ਡਰਾਮਾ ਨਗਾਰ ਆਗ਼ਾ ਹਸ਼ਰ ਕਸ਼ਮੀਰੀ ਨੂੰ ਉਰਦੂ ਦਾ ਸ਼ੈਕਸਪੀਅਰ ਕਰਕੇ ਮੰਨਿਆ ਜਾਂਦਾ ਸੀ। ਨੰਗਲ ਸ਼ਾਮਾਂ (ਜਲੰਧਰ) ਦੇ ਜੰਮਪਲ ਪ੍ਰੋ. ਗੁਰਦਿਆਲ ਸਿੰਘ ਫੁੱਲ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਸ਼ਹਿਰ ਵਿਚ ਗੁਜ਼ਾਰ ਦਿੱਤੀ, ਉਨ੍ਹਾਂ ਦੀ ਕਲਾ ਅਤੇ ਲੇਖਣੀ ਇਥੇ ਹੀ ਪ੍ਰਵਾਨ ਚੜ੍ਹੀ। ਪ੍ਰੋ. ਸ. ਸ. ਅਮੋਲ, ਡਾ. ਆਤਮਜੀਤ ਸਿੰਘ ਵੀ ਇਸੇ ਸ਼ਹਿਰ ਦੀ ਪੈਦਾਇਸ਼ ਹਨ। ਇਸੇ ਤਰ੍ਹਾਂ ਭਾਜੀ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ, ਜਿਨ੍ਹਾਂ ਨੇ ਆਪਣਾ ਸੁਨੇਹਾ ਪੰਜਾਬ ਦੇ ਪਿੰਡਾਂ ਤਕ ਵੀ ਪਹੁੰਚਾਇਆ, ਉਨ੍ਹਾਂ ਦੀ ਕਲਾ ਵੀ ਇਸੇ ਸ਼ਹਿਰ ਵਿਚ ਪ੍ਰਵਾਨ ਚੜ੍ਹੀ ਸੀ।

ਅੰਤਰਾ/ਅੰਤਿਕਾ :

ਇਸੇ ਤਰ੍ਹਾਂ ਇਸ ਸ਼ਹਿਰ ਨੇ ਹੋਰ ਵੀ ਕੁਝ ਖੇਤਰਾਂ ਵਿਚ ਮੋਹਰੀਆਂ ਵਾਲਾ ਰੋਲ ਅਦਾ ਕੀਤਾ ਹੈ, ਜਿਵੇਂ ਕਿ ਖੇਡਾਂ ਵਿਚ ਜਾਂ ਕੁਝ ਹੋਰ ਖੇਤਰਾਂ ਵਿਚ। ਸਵਾਲ ਉੱਠਦਾ ਹੈ ਕਿ ਇਸ ਦੇ ਪਿੱਛੇ ਆਖ਼ਰ ਉਹ ਕਿਹੜੀ ਗੱਲ ਹੈ ਜਿਸ ਕਰਕੇ ਇਹ ਸ਼ਹਿਰ ਦੂਜਿਆਂ ਨਾਲੋਂ ਸਦਾ ਨਿਆਰਾ, ਨਿਰਾਲਾ ਜਾਂ ਨਿਵੇਕਲਾ ਰਿਹਾ ਹੈ? ਇਸ ਗੱਲ ਨੂੰ ਸਮਝਣਾ ਕੋਈ ਬਹੁਤੀ ਔਖੀ ਗੱਲ ਨਹੀਂ। ਮਹਾਂਵਾਕ ਹੈ, “ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ”। ਸੱਚੇ ਪਾਤਸ਼ਾਹ ਵੱਲੋਂ ਇਸ ਧਰਤੀ ਨੂੰ ਵਰ ਹੈ, ਉਨ੍ਹਾਂ ਨੇ ਇਸ ਨੂੰ ਪ੍ਰਦੂਸ਼ਣ-ਰਹਿਤ ਚਿਤਵਿਆ ਸੀ। ਦੂਜਾ ਇਥੋਂ ਦੇ ਆਬੋ-ਹਵਾ, ਪੌਣ-ਪਾਣੀ ਦੀ ਨਮੀ ਭਲਵਾਨਾਂ ਲਈ ਅਤੇ ਕੱਪੜੇ ਦੀ ਬੁਣਤ-ਬਣਤ ਲਈ ਦੁਨੀਆਂ ਭਰ ਵਿੱਚੋਂ ਬਿਹਤਰੀਨ ਹੋਣ ਕਰਕੇ ਇਸ ਨੇ ਜਰਵਾਣੇ, ਜ਼ਿਆਲੇ ਮਨੁੱਖ ਹੀ ਪੈਦਾ ਕਰਨੇ ਹਨ। 1900 ਈ. ਦੀ ਗੱਲ ਹੈ ਕਿ ਪੰਡਿਤ ਮੋਤੀ ਲਾਲ ਨਹਿਰੂ ਪੈਰਿਸ ਵਿਚ ਜਦੋਂ ਗ਼ੁਲਾਮ ਭਲਵਾਨ ਨੂੰ ਘੁਲਣ ਵਾਸਤੇ ਲਿਆਏ ਤਾਂ ਦੁਨੀਆਂ ਭਰ ਵਿੱਚੋਂ ਇਕੱਠੇ ਹੋਏ ਸ਼ਾਹਜ਼ੋਰ ਉਸ ਦੀ ਅਸਾਧਾਰਨ ਤਾਕਤ ਤੋਂ ਬੇਹੱਦ ਪ੍ਰਭਾਵਿਤ ਸਨ। ਇਥੋਂ ਦੇ ਕੁਝ ਡਾਕਟਰ ਜਿਵੇਂ ਕਿ ਡਾ. ਕਰਾਜੇਵਸਕੀ ਆਖ਼ਰ ਇਹ ਗੱਲ ਪਰਖ-ਪਰਤਾਣ ਲਈ ਉਸ ਦੇ ਸਰੀਰ ਅਤੇ ਖ਼ੁਰਾਕ ਆਦਿ ਦਾ ਅਸਾਧਾਰਨ ਤਾਕਤ ਦੇ ਕਾਰਨ ਜਾਣਨ ਵਜੋਂ ਕੁਝ ਦਿਨ ਅਧਿਐਨ ਕਰਦਿਆਂ ਆਖ਼ਰ ਇਸ ਅਰਕਰੇਜ਼ੀ ’ਤੇ ਹੀ ਪੁੱਜੇ ਸਨ ਕਿ ਇਸ ਦੇ ਪਿੱਛੇ ਜ਼ਰੂਰ ਪੌਣ-ਪਾਣੀ ਦਾ ਹੀ ਅਸਰ ਹੈ! ਇਸ ਧਰਤੀ ਦੀ ਜੂਹ ਵਿਚ ਜਿਹੜਾ ਵੀ ਸ਼ਰਧਾ ਨਾਲ ਆ ਗਿਆ, ਉਸ ਦੇ ਵਾਰੇ-ਨਿਆਰੇ ਹੋ ਗਏ। ਉਹ ਤਰ ਗਿਆ। ਕੀ ਇਹ ਗੱਲ ਕਿਸੇ ਚਮਤਕਾਰ ਤੋਂ ਘੱਟ ਹੈ ਕਿ ਕਸ਼ਮੀਰ ਘਾਟੀ ਤੋਂ, ਸਿੱਧੇ-ਸਾਦੇ, ਰਾਸ਼ੇ, ਹਾਤੋ ਜਾਂ ਮਨੁੱਖ ਜਿੱਧਰ ਭਲਵਾਨੀ ਦੀ ਕੋਈ ਪਰੰਪਰਾ ਨਹੀਂ, ਕੋਈ ਅਖਾੜਾ ਨਹੀਂ, ਉਹ ਇਸ ਸ਼ਹਿਰ ਵਿਚ ਆ ਵੱਸਣ ਅਤੇ ਇਥੋਂ ਦੇ ਅਖਾੜਿਆਂ ਵਿਚ ਵਧ-ਫੁੱਲ ਕੇ ਦੁਨੀਆਂ ਭਰ ਦੇ ਭਲਵਾਨਾਂ ਨਾਲ ਟੱਕਰਾਂ ਲੈਣ ਅਤੇ ਉਨ੍ਹਾਂ ਨੂੰ ਮਾਤ ਪਾਉਣ ਕਿਉਂਕਿ ਬਹੁਤ ਵੱਡੀ ਗਿਣਤੀ ਵਿਚ ਭਲਵਾਨ ਕਸ਼ਮੀਰੀ ਹੀ ਹੋਏ ਹਨ।

ਬਦਕਿਸਮਤੀ ਇਹ ਹੋਈ ਕਿ 1947 ਤੋਂ ਪਿੱਛੋਂ ਸਰਕਾਰਾਂ ਨੇ ਇਸ ਨੂੰ ਅਣਗੌਲਿਆਂ ਕਰਨਾ ਸ਼ੁਰੂ ਕਰ ਦਿੱਤਾ। ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਅਸਲੋਂ ਹੀ ਇਕ ਨਵੇਂ ਨਜ਼ਰੀਏ ਤੋਂ ਦੇਖਣ ਦੀ ਲੋੜ ਹੈ। ਹਰ ਪ੍ਰਾਣੀ ਨੂੰ, ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਹਰ ਬੰਦੇ ਨੂੰ, ਕੀ ਸਿੱਖ ਅਤੇ ਕੀ ਗ਼ੈਰ ਸਿੱਖ, ਹਰ ਇਕ ਨੂੰ ਇਸ ਦੇ ਸੌਂਦਰਯ ਵਿਚ ਵਾਧਾ ਕਰਨ ਦੀ ਲੋੜ ਹੈ। ਆਓ, ਅੱਜ ਤੋਂ ਅਸੀਂ ਇਹ ਸ਼ਹਿਰ ਦੇ ਮਹਾਤਮ ਨੂੰ ਪੂਰੀ ਤਰ੍ਹਾਂ ਸਮਝਣ ਦਾ ਯਤਨ ਕਰੀਏ ਅਤੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ!

1. ਸਾਡੇ ਪਾਸ ਉਸ ਦਾ ਜਾਂਘੀਆ ਸੁਰੱਖਿਅਤ ਹੈ।
2. ਸਾਡੇ ਪਾਸ ਗਾਮੇ ਦੇ ਕੁਝ ਭਾਂਡੇ-ਟੀਂਡੇ ਸਾਂਭੇ ਪਏ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)