ਕੁਰਬਾਨੀਆਂ ਦੇ ਨਿਰੰਤਰ ਪ੍ਰਵਾਹ ਦਾ ਦੂਜਾ ਨਾਂ ਸਿੱਖ ਇਤਿਹਾਸ ਹੈ। ਸਿੱਖ ਇਤਿਹਾਸ ਸੂਰਮਤਾਈ ਅਤੇ ਸ਼ਹਾਦਤਾਂ ਦੀ ਲੜੀ ਦੀ ਉਹ ਵਿਲੱਖਣ ਗੌਰਵ-ਗਾਥਾ ਹੈ ਜਿਸ ਦੀ ਬਰਾਬਰੀ ਕਰਨ ਦੀ ਸਮਰੱਥਾ ਸ਼ਾਇਦ ਦੁਨੀਆਂ ਦੀ ਕਿਸੇ ਵੀ ਕੌਮ ਦੇ ਇਤਿਹਾਸ ਵਿਚ ਨਹੀਂ। ਸਿੱਖ ਧਰਮ/ਇਤਿਹਾਸ ਦੁਨੀਆਂ ਭਰ ਦੇ ਸਮੁੱਚੇ ਧਰਮਾਂ ਵਿੱਚੋਂ ਸਭ ਤੋਂ ਨਵੀਨਤਮ ਧਰਮ ਵੀ ਹੈ।
ਸਿੱਖ ਧਰਮ ਅੰਦਰ ਸ਼ਹਾਦਤਾਂ ਦੀ ਪਰੰਪਰਾ ਏਨੀ ਲੰਮੇਰੀ, ਨਿਰੰਤਰ ਅਤੇ ਅਮੀਰ ਹੈ ਕਿ ਸ਼ਹੀਦੀ-ਪਰੰਪਰਾ ਅਤੇ ਸਿੱਖ ਧਰਮ ਦੋਨੋਂ ਵਰਤਾਰੇ ਇਕ ਦੂਜੇ ਦੇ ਪੂਰਕ ਵਜੋਂ ਰੂਪਮਾਨ ਹੁੰਦੇ ਹਨ। ‘ਸਿੱਖ ਅਰਦਾਸ’ ਸੂਰਬੀਰਤਾ ਅਤੇ ਸ਼ਹਾਦਤਾਂ ਦੀ ਇਕ ਨਿਆਰੀ, ਲੰਮੀ ਅਤੇ ਅਟੁੱਟ ਦਾਸਤਾਨ ਹੈ।
ਸਿੱਖ ਇਤਿਹਾਸ ਵਿਚਲੀ ਸੂਰਮਿਆਂ ਅਤੇ ਸ਼ਹਾਦਤਾਂ ਦੀ ਲੰਮੀ ਪਰੰਪਰਾ ਅੰਦਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਹੋਣ ਦਾ ਹੀ ਨਹੀਂ ਸਗੋਂ ਸਿੱਖ ਇਤਿਹਾਸ ਦੇ ਪਹਿਲੇ ਸ਼ਹੀਦ ਹੋਣ ਦਾ ਗੌਰਵ ਵੀ ਪ੍ਰਾਪਤ ਹੈ। ਨਿਰਸੰਦੇਹ ਸਿੱਖ ਧਰਮ, ਇਤਿਹਾਸ ਅਤੇ ਦਰਸ਼ਨ ਵਿਚ ਸ਼ਹੀਦ ਅਤੇ ਸ਼ਹੀਦੀ ਦੇ ਸੰਕਲਪ/ਸਿਧਾਂਤ ਨੂੰ ਵਿਵਹਾਰਕ ਪੱਧਰ ’ਤੇ ਵਧੇਰੇ ਪ੍ਰਤੱਖ ਰੂਪ ਵਿਚ ਪ੍ਰਕਾਸ਼ਮਾਨ ਕਰਨ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਸਨ ਪਰ ਇਸ ਨਿੱਗਰ ਤੱਥ ਵਿਚ ਵੀ ਕੋਈ ਦੋ ਰਾਇ ਨਹੀਂ ਹੈ ਕਿ ਗੁਰਮਤਿ ਵਿਚਾਰਧਾਰਾ ਦੇ ਹੋਰ ਸਾਰੇ ਬੁਨਿਆਦੀ ਸੰਕਲਪਾਂ ਅਤੇ ਸਿਧਾਂਤਾਂ ਜਿਵੇਂ ਪਰਮਾਤਮਾ, ਗੁਰੂ, ਹੁਕਮੁ, ਹਉਮੈ, ਮਾਇਆ, ਬ੍ਰਹਿਮੰਡ ਆਦਿ ਵਾਂਙ ‘ਸੂਰਬੀਰ’ ਅਤੇ ‘ਸ਼ਹਾਦਤ’ ਦੇ ਸੰਕਲਪ ਦੀ ਬੀਜ-ਰੂਪ ਵਿਚ ਨਿਸ਼ਾਨਦੇਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਪਹਿਲਾਂ ਹੀ ਹੋ ਚੁੱਕੀ ਸੀ। ਅਸਲੀਅਤ ਤਾਂ ਇਹ ਹੈ ਕਿ ਸ਼ਹਾਦਤ ਦੇ ਸੰਕਲਪ ਤੋਂ ਇਲਾਵਾ ਗੁਰਮਤਿ-ਦਰਸ਼ਨ ਦਾ ਕੋਈ ਵੀ ਸੰਕਲਪ ਜਾਂ ਸਿਧਾਂਤ ਅਜਿਹਾ ਨਹੀਂ ਜਿਸ ਦੀ ਮੁੱਢਲੀ ਅਤੇ ਬੁਨਿਆਦੀ ਰੂਪ-ਰੇਖਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਵਿਚ ਨਾ ਉਲੀਕੀ ਗਈ ਹੋਵੇ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨਿਰਸੰਦੇਹ ਸਮੁੱਚੇ ਸਿੱਖ-ਚਿੰਤਨ ਦਾ ਕੇਂਦਰੀ ਧੁਰਾ ਹੈ।
ਸਮੇਂ ਦੇ ਜ਼ਾਲਮ ਬਾਦਸ਼ਾਹ ਨੂੰ ਮੂੰਹ ’ਤੇ ‘ਬਾਬਰ ਤੂੰ ਜਾਬਰ ਹੈਂ’ ਅਤੇ “ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ” ਕਹਿਣ ਦੀ ਬੇਮਿਸਾਲ ਦਲੇਰੀ ਰੱਖਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਮਨ-ਲਿਖਤ ਸੂਰਮਤਾਈ ਦੇ ਇਨ੍ਹਾਂ ਭਾਵਾਂ ਨਾਲ ਸਰਸ਼ਾਰ ਅਤਿ ਤੇਜੱਸਵੀ ਅਤੇ ਬਲਕਾਰੀ ਬੋਲ,
“ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ”
ਅਤੇ
“ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥”
ਬੜੇ ਹੀ ਸਪੱਸ਼ਟ ਅੰਦਾਜ਼ ਵਿਚ ਸਿੱਖ ਜੀਵਨ-ਜਾਚ ਦੇ ਅਨੁਸਾਰੀ ‘ਜਿਊਣ’ ਅਤੇ ‘ਮਰਨ’ ਅਰਥਾਤ ਮਾਨ-ਸਨਮਾਨ ਨਾਲ ਸਿਰ ਉੱਚਾ ਕਰ ਕੇ ‘ਸੂਰਮਿਆਂ ਵਾਂਗ ਜਿਊਣ’ ਅਤੇ ਪਤਿ ਗਵਾ ਕੇ ਜਿਊਣ ਨਾਲੋਂ ‘ਸ਼ਹਾਦਤ’ ਦਾ ਜਾਮ ਪੀ ਜਾਣ ਦੇ ਸੰਕਲਪਾਂ ਨੂੰ ਉਜਾਗਰ ਕਰਦੇ ਵਿਖਾਈ ਦਿੰਦੇ ਹਨ। ਗੁਰੂ ਸਾਹਿਬ ਅਨੁਸਾਰ ਉਚੇਰੇ ਮਨੁੱਖੀ ਆਦਰਸ਼ਾਂ, ਅਣਖ ਅਤੇ ਗੌਰਵ ਤੋਂ ਸੱਖਣਾ ਜੀਵਨ ਧ੍ਰਿਗ ਹੈ, ਨਿਰਾਰਥਕ ਹੈ। ਉਸ ਜੀਵਨ ਦਾ ਕੋਈ ਅਰਥ ਨਹੀਂ ਜਿਸ ਵਿਚ ਮਨੁੱਖ ਦੀ ਆਨ-ਸ਼ਾਨ ਹੀ ਮਿੱਟੀ ਵਿਚ ਮਿਲ ਜਾਵੇ।
ਸ਼ਹਾਦਤ ਦੇ ਸੰਕਲਪ, ਸੁਭਾਅ ਅਤੇ ਸਰੂਪ ਬਾਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦਾ ਇਹ ਸਪੱਸ਼ਟ ਨਿਰਣਾ ਹੈ ਕਿ ਸ਼ਹਾਦਤ, ਕੁਰਬਾਨੀ, ਆਤਮ- ਬਲੀਦਾਨ ਜਾਂ ਆਪਾ-ਵਾਰਨਾ ਦਰਅਸਲ ਪਿਆਰ ਦੀ ਵੀਣਾ ਜਾਂ ਵਿਆਕਰਣ ਦਾ ਉਹ ਬੁਨਿਆਦੀ ਸਿਧਾਂਤ ਜਾਂ ਅਸੂਲ ਹੈ ਜਿਹੜਾ ਇਹ ਦਰਸਾਉਂਦਾ ਹੈ ਕਿ ਪ੍ਰੇਮਾ-ਭਗਤੀ ਜੋ ਕਿ ਪਿਆਰ ਦੇ ਵਰਤਾਰੇ ਦੀ ਇਕ ਉੱਚਤਮ ਵਿਸਮਾਦ ਭਰਪੂਰ ਰੂਹਾਨੀ ਅਵਸਥਾ ਦਾ ਨਾਂ ਹੈ, ਵਿਚ ਪ੍ਰਵਾਨ ਚੜ੍ਹਨ ਲਈ ਸਿਰ ਤਲੀ ’ਤੇ ਰੱਖਣਾ ਪੈਂਦਾ ਹੈ। ਪਿਆਰ ਦੇ ਬਿਖੜੇ ਮਾਰਗ ’ਤੇ ਤੁਰਨ ਲਈ ਮਨੁੱਖ ਦਾ ਜਿੱਥੇ ਆਪਣੇ ਚੁਣੇ ਸੱਚੇ-ਸੁੱਚੇ ਜੀਵਨ-ਢੰਗ ਪ੍ਰਤੀ ਹਰ ਹੀਲੇ ਪ੍ਰਤੀਬੱਧ, ਦ੍ਰਿੜ੍ਹ ਅਤੇ ਸਮਰਪਿਤ ਹੋਣਾ ਜ਼ਰੂਰੀ ਹੁੰਦਾ ਹੈ ਉਥੇ ਨਾਲ ਹੀ ਜੁਝਾਰੂਪਣ ਦੇ ਤੀਬਰ ਬਿਜਲਈ ਜਜ਼ਬੇ ਨਾਲ ਲਬਰੇਜ਼ ਹੋਣਾ ਵੀ ਜ਼ਰੂਰੀ ਹੁੰਦਾ ਹੈ। ਸ਼ਹੀਦੀ ਭੱਜਣ ਦਾ ਨਾਂ ਨਹੀਂ ਸਗੋਂ ਸ਼ਮਸ਼ੀਰਾਂ ਦੀ ਛਾਂ ਹੇਠ ਅਤੇ ਤਲਵਾਰਾਂ ਦੀਆਂ ਤਿੱਖੀਆਂ ਧਾਰਾਂ ’ਤੇ ਨੰਗੇ ਧੜ ਰਣ-ਤੱਤੇ ਵਿਚ ਖੰਡਾ ਖੜਕਾ ਕੇ ਜੂਝਣ/ਨੱਚਣ ਦਾ ਨਾਂ ਹੈ। ਸਰੀਰਕ ਮੌਤ ਤੋਂ ਡਰ ਕੇ ਅਤੇ ਸੱਚ ਦਾ ਪੱਲਾ ਛੱਡ ਕੇ ਇਖ਼ਲਾਕੀ ਮੌਤ ਮਰ ਜਾਣਾ ‘ਸ਼ਹਾਦਤ’ ਦਾ ਮਾਰਗ ਨਹੀਂ ਸਗੋਂ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੌਤ ਨੂੰ ਸ਼ਰਮਸਾਰ ਕਰ ਕੇ ਉਸ ਨੂੰ ਫ਼ਤਹ ਕਰ ਲੈਣ, ਮੌਤ ਤੋਂ ਪਾਰ ਲੰਘ ਜਾਵਣ ਅਤੇ ਆਪਣੀ ਜਾਨ ’ਤੇ ਖੇਡ ਕੇ ਸੱਚ ਅਤੇ ਜ਼ਿੰਦਗੀ ਦਾ ਪਰਚਮ ਬੁਲੰਦ ਕਰਨ ਦਾ ਰਾਹ ਦੀ ਸ਼ਹਾਦਤ ਦਾ ਅਸਲ ਰਾਹ ਹੈ:
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥ (ਪੰਨਾ 1365)
ਉਪਰੋਕਤ ਵਿਆਖਿਆ-ਵਿਸ਼ਲੇਸ਼ਣ ਤੋਂ ਸਪੱਸ਼ਟ ਹੈ ਕਿ ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਹਾਦਤ ਦਾ ਜਾਮ ਪੀਣ ਦੀ ਸਮਰੱਥਾ ਉਹ ਮਹਾਂ ਮਨੁੱਖ ਹੀ ਰੱਖਦਾ ਹੈ ਜੋ ਬਲਕਾਰੀ ਹੋਵੇ, ਯੋਧਾ ਹੋਵੇ। ਸ਼ਹਾਦਤ ਸੂਰਮਿਆਂ ਦੇ ਅਧਿਕਾਰ-ਖੇਤਰ ਵਿਚ ਆਉਣ ਵਾਲੀ ਉਹ ਹੱਕੀ ਕਿਰਿਆ ਹੈ ਜਿਸ ਨੂੰ ਉਹ ਆਪ ਬੀਰਤਾ ਭਰਪੂਰ ਸਮਰੱਥਾ ਸਦਕਾ ਅਰਜਿਤ ਕਰਦੇ ਹਨ:
ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ॥ (ਪੰਨਾ 580)
ਸਿਪਾਹੀ (ਯੋਧਾ) ਹੋਣ ਦੀ ਬੁਨਿਆਦੀ ਸ਼ਰਤ ਸੰਤ (ਫ਼ਕੀਰ) ਹੋਣਾ ਹੈ ਅਤੇ ਫ਼ਕੀਰ ਉਹ ਹੁੰਦਾ ਹੈ ਜੋ ਸੰਜਮੀ, ਸਹਿਣਸ਼ੀਲ, ਸਿਦਕਵਾਨ ਅਤੇ ਤਿਆਗੀ ਹੋਵੇ। ਇਸ ਪ੍ਰਸੰਗ ਵਿਚ ਕਿਹਾ ਜਾ ਸਕਦਾ ਹੈ ਕਿ ਰੁੱਖਾਂ ਵਰਗੇ ਸਬਰ-ਸੰਤੋਖ ਦਾ ਧਾਰਨੀ ਹੋਣਾ, ਆਪਣੇ ਧਰਮ (ਦੀਨ-ਈਮਾਨ) ਪ੍ਰਤੀ ਪ੍ਰਤੀਬੱਧ, ਸਮਰਪਿਤ ਅਤੇ ਦ੍ਰਿੜ੍ਹ ਹੋਣਾ ਅਤੇ ਇਸ ਦੀ ਖ਼ਾਤਰ ਸ਼ਮ੍ਹਾਂ ਉੱਪਰ ਪਰਵਾਨੇ ਦੇ ਸੜ ਮਰਨ ਵਾਂਙ ਜੂਝ ਮਰਨਾ ‘ਸੂਰਬੀਰ’ ਮਨੁੱਖ ਦੇ ਮੂਲ ਪਹਿਚਾਣ-ਚਿੰਨ੍ਹ ਹਨ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)
ਸਤਿਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਅਣਖ ਨਾਲ ਜੀਵਨ ਜਿਊਣ ਦਾ ਜੋ ਉਚੇਰਾ ਦਾਰਸ਼ਨਿਕ-ਵਿਚਾਰਧਾਰਕ ਮਾਰਗ ਪ੍ਰਦਾਨ ਕੀਤਾ ਹੈ ਉਹ ‘ਸੱਚ’ ਦਾ ਮਾਰਗ ਹੈ ਅਤੇ ਜਿਸ ’ਤੇ ਚੱਲ ਕੇ ਮਨੁੱਖ ਦੁਆਰਾ ਆਪਣੇ ਜੀਵਨ ਨੂੰ ਸਫ਼ਲ, ਸਾਰਥਕ, ਸਨਮਾਨਯੋਗ ਅਤੇ ਉਸਤਤਿ ਯੋਗ “ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ” ਹੀ ਨਹੀਂ ਸਗੋਂ ਕੂੜ ਦੀਆਂ ਦੀਵਾਰਾਂ ਅਤੇ ਆਡੰਬਰਾਂ ਦੀਆਂ ਖਲਜਗਣਾਂ ਨੂੰ ਉਲੰਘ ਕੇ ‘ਸਚਿਆਰਾ’ ਹੋਣ ਦੇ ਉੱਚੇ ਵਿਸਮਾਦੀ ਮੁਕਤਿ-ਪਦ ਨੂੰ ਵੀ ਪਾਇਆ ਜਾ ਸਕਦਾ ਹੈ। ‘ਸੱਚ’ ਦੇ ਇਸ ਮਾਰਗ ਵਿਚ ‘ਕੂੜ’ ਲਈ ਕੋਈ ਥਾਂ ਨਹੀਂ, “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥” ਇਹ ਤਾਂ “ਸਚ ਕੀ ਬਾਣੀ ਨਾਨਕੁ ਆਖੈ, ਸਚੁ ਸੁਣਾਇਸੀ ਸਚ ਕੀ ਬੇਲਾ” ਦੀ ਸੋਚਧਾਰਾ ਦਾ ਧਾਰਨੀ ਹੈ। ਸਮੇਂ ਦੀਆਂ ਹਕੂਮਤਾਂ ਦੇ ਜਬਰ, ਜ਼ੁਲਮ ਅਤੇ ਤਸ਼ੱਦਦ ਤੋਂ ਡਰ ਕੇ ਸੱਚ ਤੋਂ ਥਿੜਕ ਜਾਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤੇਜੱਸਵੀ ਸਿਧਾਂਤ ਅਤੇ ਅਮਲ ਦਾ ਹਿੱਸਾ ਨਹੀਂ। ਗੁਰਮਤਿ ਵਿਚਾਰਧਾਰਾ ਦਾ ਨਿਆਰਾਪਣ ਇਹ ਹੈ ਕਿ ਇਸ ਵਿਚ ਗੁਰੂ ਸਾਹਿਬਾਨ ਨੇ ਕਿਸੇ ਅਜਿਹੇ ਸਿਧਾਂਤ ਨੂੰ ਪੇਸ਼ ਨਹੀਂ ਕੀਤਾ ਜਿਸ ਨੂੰ ਵਿਵਹਾਰ ਵਿਚ ਜੀਵਿਆ ਨਾ ਜਾ ਸਕੇ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗਾਡੀ ਰਾਹ ਕਥਨੀ ਅਤੇ ਕਰਨੀ ਦੇ ਪਾੜੇ ਦਾ ਨਹੀਂ ਸਗੋਂ ਸਿਧਾਂਤ ਅਤੇ ਅਮਲ ਦੇ ਸੁਹਜਾਤਮਕ ਸੁਮੇਲ ਦਾ ਰਾਹ ਹੈ। ਗੁਰੂ ਜੀ ਦੀ ਨਜ਼ਰ ਵਿਚ ਸੱਚਾ-ਸੁੱਚਾ ਆਚਰਨ ਸੱਚ ਦੀ ਗੱਲ ਕਰਨ ਨਾਲੋਂ ਕਿਤੇ ਉੱਚਾ ਹੈ:
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਪੰਨਾ 62)
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਜੱਸਵੀ ਸੁਹਜਭਾਵੀ ਦ੍ਰਿਸ਼ਟੀ ਵਿਚ ਸੱਚ ਦਾ ਸਿਧਾਂਤ ਉੱਚਾ ਨਹੀਂ, ਵੱਡਾ ਨਹੀਂ ਸਗੋਂ ਸੱਚਾ-ਸੁੱਚਾ ਆਚਰਨ, ਵਿਵਹਾਰ ਜਾਂ ਅਮਲ (Sacred behaviour/Character/Practice) ਉੱਚਤਮ ਹੈ ਅਤੇ ਸੱਚੇ-ਸੁੱਚੇ ਚਰਿੱਤਰ ਵਾਲਾ ਜੀਵਨ ਜਿਊਣਾ ਅਤੇ ਸਚਿਆਰਾ ਹੋਣਾ ਹੀ ਮਨੁੱਖ ਦਾ ਪਰਮ-ਉਦੇਸ਼ ਹੈ। ਇਸ ਉਚੇਰੇ ਜੀਵਨ-ਆਦਰਸ਼ ਦੀ ਪੂਰਤੀ ਲਈ ਮਨੁੱਖ ਨੂੰ ਜੀਵਨ- ਸਫ਼ਰ ਦੌਰਾਨ ਜਿਹੜਾ ਅਤੇ ਜਿਸ ਪ੍ਰਕਾਰ ਦਾ ਵੀ ਕਰਮ ਕਰਨ ਦੀ ਲੋੜ ਹੋਵੇ, ਬੇਸ਼ੱਕ ਉਹ ਆਪਣਾ ਧਰਮ ਪਾਲਣ ਹਿਤ ਵਕਤ ਦੀਆਂ ਹਕੂਮਤਾਂ ਨਾਲ ਟਕਰਾਉਣ, ਜੂਝਣ, ਉਨ੍ਹਾਂ ਦੇ ਜਬਰ-ਜ਼ੁਲਮ ਨੂੰ ਖਿੜੇ-ਮੱਥੇ ਬਰਦਾਸ਼ਤ ਕਰਨ ਅਤੇ ਰੱਬੀ ਹੁਕਮ/ਰਜ਼ਾ ਅੰਦਰ ਰਹਿੰਦਿਆਂ ਮਰ-ਮਿਟਣ ਵਾਲਾ ਹੀ ਕਿਉਂ ਨਾ ਹੋਵੇ, ਉਸ ਲਈ ਗੁਰੂ ਦੇ ਸਿੱਖ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਗੁਰੂ ਸਾਹਿਬ ਵੱਲੋਂ ਸਪੱਸ਼ਟ ਆਦੇਸ਼ ਦਿੱਤਾ ਗਿਆ ਹੈ। ਇਸ ਪ੍ਰਸੰਗ ਵਿਚ ਸਪੱਸ਼ਟ ਹੈ ਕਿ ਦੁਰਾਚਾਰ, ਅਤਿਆਚਾਰ ਅਤੇ ਬੇਈਮਾਨੀ ਵਿਰੁੱਧ ਪ੍ਰਚੰਡ ਆਵਾਜ਼ ਬੁਲੰਦ ਕਰਦਿਆਂ ਹੱਕ-ਸੱਚ, ਸੱਚੇ-ਸੁੱਚੇ ਆਚਾਰ, ਧਰਮ ਅਤੇ ਸਦਾਚਾਰ ਅਰਥਾਤ ਮਨੁੱਖੀ ਕਦਰਾਂ-ਕੀਮਤਾਂ ਲਈ ਆਵਾਜ਼ ਉਠਾਉਣਾ ਅਤੇ ਇਸ ਦੀ ਖ਼ਾਤਰ ਜੂਝਦਿਆਂ ਸਭ ਕੁਝ ਦਾਅ ’ਤੇ ਲਾ ਦੇਣਾ, ਖਿੜੇ-ਮੱਥੇ ਆਪਣਾ ਆਪ ਨਿਛਾਵਰ ਕਰ ਕੇ ਪਰਮਾਨੰਦ ਨੂੰ ਪ੍ਰਾਪਤ ਹੋਣਾ ਹੀ ਸ਼ਹਾਦਤ ਹੈ। ਦੂਜੇ ਸ਼ਬਦਾਂ ਵਿਚ ਝੂਠ, ਅਨਿਆਂ, ਅਸਹਿਣਸ਼ੀਲਤਾ, ਅਧਰਮ, ਧੱਕੇ ਅਤੇ ਬਦੀ ਅਰਥਾਤ ਅਕੀਮਤਾਂ (ਧਸਿਵੳਲੁੲਸ) ਦੇ ਮੁਕਾਬਲੇ (ੜੳਲੁੲਸ) ਸਬਰ, ਸਿਦਕ, ਸਹਿਣਸ਼ੀਲਤਾ, ਨੇਕੀ, ਨਿਆਂ, ਪਿਆਰ, ਧਰਮ ਆਦਿ ਦੀ ਜਿੱਤ ਦਾ ਦੂਜਾ ਨਾਂ ਹੀ ਕੁਰਬਾਨੀ ਹੈ। ਇਖ਼ਲਾਕੀ ਮੌਤ ਮਰਨ ਅਤੇ ਮਾਣ-ਸਨਮਾਨ ਅਤੇ ਅਣਖ ਗਵਾ ਕੇ ਲੰਮਾ ਨਿਰਾਰਥਕ ਜੀਵਨ ਜਿਊਣ ਨਾਲੋਂ ਅਰਥਮਈ ਅਤੇ ਸ਼ਾਨਾਂਮੱਤੀ ਸੋਚਧਾਰਾ ਅਨੁਸਾਰ ਸਰੀਰਕ ਮੌਤ ਨੂੰ ਤਰਜੀਹ ਦੇਣਾ ਹੀ ਅਸਲ ਸ਼ਹਾਦਤ ਹੈ, ਕੁਰਬਾਨੀ ਹੈ, ਆਤਮ-ਬਲੀਦਾਨ ਹੈ।
ਲੇਖਕ ਬਾਰੇ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
- ਡਾ. ਜਗਜੀਵਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%9c%e0%a8%97%e0%a8%9c%e0%a9%80%e0%a8%b5%e0%a8%a8-%e0%a8%b8%e0%a8%bf%e0%a9%b0%e0%a8%98/December 1, 2009
- ਡਾ. ਜਗਜੀਵਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%9c%e0%a8%97%e0%a8%9c%e0%a9%80%e0%a8%b5%e0%a8%a8-%e0%a8%b8%e0%a8%bf%e0%a9%b0%e0%a8%98/April 1, 2010