‘ਹੁਕਮ’ ਅਰਬੀ ਬੋਲੀ ਦਾ ਸ਼ਬਦ ਹੈ। ਗੁਰਬਾਣੀ ਵਿਚ ਇਸ ਦੇ ਸਮਾਨ-ਅਰਥੀ ਸ਼ਬਦ ਰਜ਼ਾ, ਭਾਣਾ, ਫ਼ਰਮਾਨ ਆਦਿ ਵੀ ਹਨ। ਰੱਬੀ ਹੁਕਮ ਬਾਰੇ ਮਨੁੱਖ ਦੀ ਪਹੁੰਚ (Approach) ਕੀ ਹੈ, ਇਹ ਰੱਬੀ ਮਿਹਰ ’ਤੇ ਹੀ ਨਿਰਭਰ ਹੈ ਕਿ ਉਹ ਆਪਣੀ ਮਿਹਰ ਦੁਆਰਾ ਹੀ ਇਸ ਦੀ ਸੋਝੀ ਬਖਸ਼ਦਾ ਹੈ। ਇਹ ਵੀ ਅਸਚਰਜਤਾ ਹੈ ਕਿ ਇਸ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ “ਹੁਕਮਿ ਨ ਕਹਿਆ ਜਾਈ”। ਜਿਹੜਾ ਹੁਕਮ ਕਥਿਆ ਨਹੀਂ ਜਾ ਸਕਦਾ ਉਸ ਨੂੰ ਲਿਖਤ ਦੁਆਰਾ ਬਿਆਨ ਕਰਨਾ ਵੀ ਅਸੰਭਵ ਹੈ ਪਰ ਅਣਗਿਣਤ ਖੰਡਾਂ, ਬ੍ਰਹਿਮੰਡਾਂ, ਅਕਾਰਾਂ, ਲੋਆਂ ਦਾ ਪੈਦਾ ਹੋਣਾ ਉਨ੍ਹਾਂ ਦਾ ਕਿਰਿਆਸ਼ੀਲ ਰਹਿਣਾ ਤੇ ਬਿਨਸਣਾ ‘ਹੁਕਮ’ ਦੇ ਵਿਚ ਹੀ ਹੈ। ਅਸਲ ਵਿਚ ਇਹ, ਏਕੰਕਾਰ ਨਿਰੰਕਾਰ ਦਾ ਅਜਿਹਾ ਰਹੱਸ ਹੈ ਜਿਸ ਨੂੰ ਗੁਰਬਾਣੀ ਅਨੁਸਾਰ ਗੁਰਮੁਖ ਪੁਰਸ਼ ਹੀ ਬੁੱਝ ਸਕਦੇ ਹਨ।
ਗੁਰਬਾਣੀ ਵਿਚ ‘ਹੁਕਮ’ ਸ਼ਬਦ ਦੋ ਨੁਕਤਿਆਂ ਤੋਂ ਵਰਤਿਆ ਗਿਆ ਹੈ, ਇਕ ਜਿਵੇਂ:
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ॥ (ਪੰਨਾ 470-71)
ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ॥ (ਪੰਨਾ 14)
ਉਪਰੋਕਤ ਪ੍ਰਸੰਗ ਵਿਚ ਵਰਤਿਆ ਗਿਆ ‘ਹੁਕਮ’ ਪਦ ਉਹ ਨਹੀਂ ਜਿਸ ਬਾਬਤ ਵਿਚਾਰ ਕਰਨੀ ਹਥਲੇ ਲੇਖ ਦਾ ਮੰਤਵ ਹੈ, ਸਗੋਂ ਮਨੁੱਖ ਦਾ ਕਿਸੇ ਦੁਨਿਆਵੀ ਸੱਤਾ ’ਪੁਰ ਬੈਠ ਕੇ ਹੁਕਮ ਚਲਾਉਣ ਤੋਂ ਹੈ ਜਾਂ ਕਿਸੇ ਰਿਧੀ-ਸਿਧੀ ਦੁਆਰਾ ਵਰਤੀ ਜਾਣ ਵਾਲੀ ਤਾਕਤ ਤੋਂ ਹੈ ਪਰ ਅਜਿਹੇ ਹੁਕਮ ਦੀ ਰੱਬੀ ਦਰਗਾਹ ਵਿਚ ਕੋਈ ਥਾਂ ਨਹੀਂ:
ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ॥ (ਪੰਨਾ 474)
ਇਸ ਦੇ ਅਰਥ ਹੇਠਲੇ ਪ੍ਰਸੰਗ ਵਿਚ ਵਰਤੇ ‘ਹੁਕਮ’ ਪਦ ਨਾਲੋਂ ਬਿਲਕੁਲ ਭਿੰਨ ਹਨ; ਜੋ ਈਸ਼ਵਰੀ ਹੁਕਮ, ਰਜ਼ਾ, ਭਾਣਾ ਹੈ:
ਏਕੋ ਹੁਕਮੁ ਵਰਤੈ ਸਭ ਲੋਈ॥
ਏਕਸੁ ਤੇ ਸਭ ਓਪਤਿ ਹੋਈ॥ (ਪੰਨਾ 223)
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਪੰਨਾ 1)
ਇਹ ‘ਹੁਕਮ’ ਪਦ ਈਸ਼ਵਰੀ ਸ਼ਕਤੀ ਦਾ ਲਖਾਇਕ ਹੈ। ਸਾਮੀ ਧਰਮਾਂ ਵਿਚ ਇਹ ਸਿਧਾਂਤ ਇਸ ਤਰ੍ਹਾਂ ਨਹੀਂ ਮਿਲਦਾ, ‘ਹਾਕਮ’ ਤੇ ‘ਹੁਕਮ’ ਇਕੱਠੇ ਨਹੀਂ ਜਿਸ ਦਾ ਅਰਥ ਹੈ ਸਭ ਕੁਝ ਰੱਬ ਜਾਂ ਅੱਲ੍ਹਾ ਦੇ ਹੁਕਮ ਵਿਚ ਨਹੀਂ ਮੰਨਿਆ ਜਾ ਸਕਦਾ। ਬਦੀ ਸ਼ੈਤਾਨ ਦੀ ਉਪਜ ਹੈ ਤੇ ਇਸ ਦੇ ਅਧੀਨ ਹੀ ਕਿਰਿਆਸ਼ੀਲ ਰਹਿੰਦੀ ਹੈ, ਸ਼ੈਤਾਨ ਰੱਬ ਤੋਂ ਬਾਹਰੀ ਹੈ।
ਗੁਰਮਤਿ ਅਨੁਸਾਰ ਬਦੀ ਜਾਂ ਬੁਰਾਈ ਵੀ ਕਰਤਾਰ ਨੇ ਹੀ ਪੈਦਾ ਕੀਤੀ ਹੈ:
ਬਿਖੁ ਅੰਮ੍ਰਿਤੁ ਕਰਤਾਰਿ ਉਪਾਏ॥
ਸੰਸਾਰ ਬਿਰਖ ਕਉ ਦੁਇ ਫਲ ਲਾਏ॥ (ਪੰਨਾ 1172)
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ (ਪੰਨਾ 1)
ਜਪੁ ਜੀ ਸਾਹਿਬ ਦੀ ਦੂਜੀ ਪਉੜੀ ਵਿਚ ਸਿਰਫ਼ ‘ਹੁਕਮ’ ਦੀ ਹੀ ਵਿਚਾਰ ਇਸ ਨੂੰ ਸਮੁੱਚੇ ਜੀਵਨ ਦਾ ਦੈਵੀ-ਆਧਾਰ ਬਣਾ ਕੇ ਕੀਤੀ ਗਈ ਹੈ ਕਿ ਹਰ ਇਕ ਪੈਦਾ ਕੀਤੀ ਕ੍ਰਿਤ ਨਿਰੰਕਾਰ ਦੇ ਹੁਕਮ ਵਿਚ ਹੀ ਹੈ ਅਤੇ ਜੋ ਵੀ ਹੈ (ਦਿੱਸਦਾ, ਅਣ- ਦਿੱਸਦਾ ਸੰਸਾਰ) ਸਭ ਕੁਝ ਹੁਕਮ ਵਿਚ ਹੈ, ਉਸ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ:
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ (ਪੰਨਾ 1)
ਇਨ੍ਹਾਂ ਦਾ ਵਿਨਾਸ਼ ਹੋਣਾ ਵੀ ਹੁਕਮ ਵਿਚ ਹੈ। ਮਨੁੱਖੀ ਜੀਵਨ ਦੇ ਤਿੰਨ ਅਹਿਮ ਪਹਿਲੂ (ਜਨਮ, ਪਾਲਣ-ਪੋਸ਼ਣ ਅਤੇ ਮੌਤ), ਜਿਹੜੇ ਭਾਰਤੀ ਪਰੰਪਰਾ ਅਨੁਸਾਰ ਵੱਖ-ਵੱਖ ਦੇਵਤਿਆਂ ਅਧੀਨ ਹੋਣੇ ਮੰਨੇ ਗਏ, ਇਹ ਵੀ ਉਸ ਦੇ ਫ਼ਰਮਾਨ ਅਥਵਾ ਹੁਕਮ ਵਿਚ ਹੀ ਹਨ:
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥ (ਪੰਨਾ 7)
ਇਸ ਕਾਇਨਾਤ ਦੇ ਅਨੰਤਪੱਖੀ ਪਸਾਰੇ ਵਿਚ, ਸਾਰੇ ਬ੍ਰਹਿਮੰਡਾਂ ਨੂੰ ਉਨ੍ਹਾਂ ਦੇ ਸਾਰੇ ਜੀਵਾਂ ਨਿਰਜੀਵਾਂ ਦੀਆਂ ਹਰ ਤਰ੍ਹਾਂ ਦੀਆਂ ਕਿਰਿਆਵਾਂ ਨੂੰ ਨਿਰੰਕਾਰ ਦਾ ਅਨੰਤ-ਦਿਸ਼ਾਵੀ ਸਰਬ-ਵਿਆਪੀ ਹੁਕਮ ਕਾਬੂ ਵਿਚ ਰੱਖਦਾ ਹੈ ਅਤੇ ਇਸ ਦੇ ਵਿਚ ਹੀ ਕੋਈ ਰਾਜ ਬਲ ਪ੍ਰਤਾਪ ਸਥਿਰ ਨਹੀਂ ਸਗੋਂ ਪਰਿਵਰਤਨਸ਼ੀਲ ਵੀ ਹਨ। ਜਦੋਂ ਅਸੀਂ ਆਤਮਾ-ਪਰਮਾਤਮਾ ਦੇ ਨੁਕਤੇ ਤੋਂ ਇਸ ਦੀ (ਹੁਕਮ ਦੀ) ਸਾਰਥਿਕਤਾ ਬਾਰੇ ਗੱਲ ਕਰਦੇ ਹਾਂ ਤਾਂ ਇਸ ਵਿਚ ਹੀ ਜੀਵ-ਆਤਮਾ ਤੇ ਪਰਮੇਸ਼ਰ ਦਾ ਮੇਲ ਹੋ ਸਕਦਾ ਹੈ। ਇਸ ਵਾਸਤੇ ਮਨੁੱਖ ਦਾ ਕੰਮ ਹੁਕਮ ਵਿਚ ਰੱਬ ਦੀ ਹੋ ਰਹੀ ਹਰੇਕ ਕਾਰਵਾਈ ਨੂੰ ਜਾਣਨਾ ਹੈ, ਬੁੱਝਣਾ ਹੈ। ਜਦੋਂ ਇਸ ਸੱਚਾਈ ਦੀ ਸਮਝ ਪੈ ਕੇ ਰਜ਼ਾ ਵਿਚ ਜੀਵਨ ਬਤੀਤ ਕਰਨਾ ਸ਼ੁਰੂ ਹੋ ਗਿਆ ਤਾਂ ਮਿਲਾਪ ਅਵੱਸ਼ਕ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕੁਝ ਤੁਕਾਂ ਦੁਆਰਾ ਇਸ ਤਰ੍ਹਾਂ ਫ਼ਰਮਾ ਰਹੇ ਹਨ:
ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ॥ (ਪੰਨਾ 722)
ਹੇ ਸੁਹਾਗਵਤੀ! ਤੂੰ ਕਿਵੇਂ ਆਪਣੇ ਪਤੀ ਦਾ ਮਨ ਮੋਹ ਲਿਆ? ਇਸ ਦਾ ਉੱਤਰ ਸੁਹਾਗਵਤੀ ਵੱਲੋਂ ਵੀ ਇਹੀ ਦਿੱਤਾ ਗਿਆ:
ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ॥
ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ॥
ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ॥
ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ॥
ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ॥ (ਪੰਨਾ 722)
ਉਸ ਦਾ ਹੁਕਮ ਮੰਨਣਾ, ਆਪਾ ਗੁਆਉਣ ਵਿਚ ਹੀ ਹੈ ਤੇ ਇਹੀ ਤਰੀਕਾ ਪ੍ਰਭੂ-ਪ੍ਰਾਪਤੀ ਦਾ ਹੈ, ਇਸ ਵਿਚ ਹੀ ਪ੍ਰਭੂ-ਭੇਦ ਦਾ ਪਤਾ ਚੱਲਦਾ ਹੈ ਕਿ ਉਸ ਦਾ ਹੁਕਮ ਸਿਰ-ਮੱਥੇ ਅਤੇ ਤਨੋਂ-ਮਨੋਂ ਮੰਨੀਏ:
ਕਹੁ ਨਾਨਕ ਜਿਨਿ ਹੁਕਮੁ ਪਛਾਤਾ॥
ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥ (ਪੰਨਾ 885)
ਹੁਕਮ ਕਥਨ ਵਿਚ ਨਹੀਂ ਆ ਸਕਦਾ ਪਰ ਹੁਕਮੀ ਪੁਰਸ਼ਾਂ ਜਾਂ ਰਜ਼ਾ ਵਿਚ ਰਹਿਣ ਵਾਲਿਆਂ ਦੀ ਨਿਸ਼ਾਨੀ ਆਪਾ ਗੁਆਉਣਾ ਹੀ ਹੈ ਜਿਸ ਨੂੰ ਗੁਰੂ ਸਾਹਿਬ ਜਪੁ ਜੀ ਸਾਹਿਬ ਵਿਚ ਫ਼ਰਮਾ ਰਹੇ ਹਨ:
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ (ਪੰਨਾ 1)
ਕੀ ਰੱਬੀ ਹੁਕਮ ਨੂੰ ਜਾਣਨਾ ਤੇ ਬੁੱਝਣਾ ਮਨੁੱਖ ਦੇ ਸ੍ਵੈ-ਯਤਨਾਂ ਦਾ ਲਾਜ਼ਮੀ ਸਿੱਟਾ ਹੈ? ਇਸ ਨੂੰ ਅਸੀਂ ਇਸ ਤਰ੍ਹਾਂ ਵੀ ਆਖ ਸਕਦੇ ਹਾਂ ਕਿ ਜਿਵੇਂ ਪ੍ਰਭੂ-ਪ੍ਰਾਪਤੀ ਮਨੁੱਖੀ ਯਤਨਾਂ ਦਾ ਸਿੱਟਾ ਨਾ ਹੋ ਕੇ ਗੁਰੂ-ਕਿਰਪਾ ਦੁਆਰਾ ਹੀ ਹੁੰਦੀ ਹੈ। ਉਸ ਤਰ੍ਹਾਂ ਉਸ ਦਾ ਹੁਕਮ ਵੀ ਗੁਰੂ-ਕਿਰਪਾ ਦੁਆਰਾ ਹੀ ਸਮਝ ਵਿਚ ਆ ਸਕਦਾ ਹੈ, ਕਿਉਂਕਿ ਉਸ ਦਾ ਹੁਕਮ ਵੀ ਉਸ ਵਾਂਗ ਅਨੰਤ ਬੇਅੰਤ ਰੂਪ ਵਿਚ ਇਕਰਸ ਲਗਾਤਾਰ ਵਰਤ ਰਿਹਾ ਹੈ ਤੇ ਗੁਰੂ ਦੁਆਰਾ ਇਸ ਦੀ ਸਮਝ ਉਪਰੰਤ ਮਨੁੱਖ ਵੱਡੇ ਸੁਖਾਂ ਦਾ ਅਨੰਦ ਮਾਣ ਸਕਦਾ ਹੈ:
ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ॥
ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ॥ (ਪੰਨਾ 400)
ਹੁਕਮ ਵਿਚ ਹੀ ਕਰਮ ਅਤੇ ਮਿਹਰ ਦਾ ਵਰਤਾਰਾ ਹੈ, ਹੁਕਮ ਵਿਚ ਮਨੁੱਖ ਨੂੰ ਕਰਮ ਕਰਨ ਦੀ, ਉੱਦਮ ਕਰਨ ਦੀ ਤਾਕੀਦ ਹੈ, ਆਲਸ ਅਪਣਾਉਣ ਜਾਂ ਹੱਥ ’ਤੇ ਹੱਥ ਧਰ ਕੇ ਬੈਠਣ ਦੀ ਨਹੀਂ। ਜਦੋਂ ਹੁਕਮ ਵਿਚ ਚੱਲਣ ਦੀ ਗੱਲ ਆਉਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਪਰਮੇਸ਼ਰ ਦੀ ਰਜ਼ਾ ਵਿਚ ਜੀਵ ਨੂੰ ਤੁਰਨਾ ਚਾਹੀਦਾ ਹੈ ਜੋ ਜੀਵ ਦੇ ਨਾਲ ਲਿਖ ਦਿੱਤਾ ਹੈ, “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ”। ਇਸ ਪਵਿੱਤਰ ਵਾਕ ਨੂੰ ਉਸ ਵੇਲੇ ਵਰਤਣ ਦੀ ਪ੍ਰਸੰਗਿਕਤਾ ਹੈ ਜਦੋਂ ਕੋਈ ਵਿਅਕਤੀ ਆਪਣੇ ਕੰਮ ਵਿਚ ਕਾਮਯਾਬ ਹੋ ਕੇ ਆਕੜ ਬੈਠੇ ਜਾਂ ਕੋਈ ਨਾ-ਕਾਮਯਾਬ ਹੋ ਕੇ ਚਿੰਤਾਗ੍ਰਸਤ ਹੋ ਜਾਵੇ ਕਿਉਂਕਿ ਆਦਮੀ ਦਾ ਧਰਮ ਕੇਵਲ ਯਤਨ ਕਰਨਾ ਹੈ, ਫਲ-ਪ੍ਰਦਾਤਾ ਤਾਂ ਕੇਵਲ ਅਕਾਲ ਪੁਰਖ ਹੈ। ਜਿੰਨੇ ਕਾਰਜ ਸੰਸਾਰ ਵਿਚ ਹੁੰਦੇ ਹਨ, ਫਲ ਦੀ ਪ੍ਰਾਪਤੀ ਵਾਸਤੇ ਹੁੰਦੇ ਹਨ। ਪਰ ਜ਼ਰੂਰੀ ਨਹੀਂ ਕਿ ਫਲ ਹਮੇਸ਼ਾਂ ਲਾਭ ਵਾਲੇ ਹੀ ਹੋਣ। ਕਦੇ ਲਾਭ, ਕਦੇ ਹਾਨੀ। ਸੋ ਐਸੀ ਦਸ਼ਾ ਵਿਚ ਰੱਬੀ ਹੁਕਮ ਦੀ ਸਮਝ ਤੋਂ ਅਣਜਾਣ ਵਿਅਕਤੀ ਅਤਿ ਖੁਸ਼ ਹੋ ਕੇ ਆਪਣੇ ਆਪ ਤੋਂ ਬਾਹਰ ਹੋ ਜਾਂਦਾ ਹੈ ਜਾਂ ਐਸਾ ਗਮਗੀਨ ਹੋ ਜਾਂਦਾ ਹੈ ਕਿ ਕਈ ਵਾਰ ਉਸ ਦਾ ਸਰੀਰ ਹੀ ਰੋਗਗ੍ਰਸਤ ਹੋ ਜਾਂਦਾ ਹੈ, ਇਥੋਂ ਤਕ ਕਿ ਖ਼ਤਮ ਹੋ ਜਾਂਦਾ ਹੈ। ਦੂਸਰੇ ਸ਼ਬਦਾਂ ਵਿਚ ਖੁਸ਼ੀ ਨਾਲ ਮਨੁੱਖ ਨੂੰ ਹਉਮੈ ਦਾ ਪਾਪ ਚਿੰਬੜ ਕੇ ਪਰਮੇਸ਼ਰ ਤੋਂ ਬੇਮੁਖ ਕਰ ਦਿੰਦਾ ਹੈ। ਦੂਸਰੀ ਦਸ਼ਾ (ਹਾਨੀ) ਵਿਚ ਰੱਬੀ ਰਜ਼ਾ ਵਿਚ ਹੋਇਆ ਨਾ ਮੰਨਣ ਦਾ ਅਪਰਾਧ ਹਿਰਦੇ ਨੂੰ ਮਲੀਨ ਕਰ ਦਿੰਦਾ ਹੈ ਤੇ ਮਨੁੱਖ ਦਾ ਮਨੋਬਲ ਗਿਰਾਵਟ ਵੱਲ ਆ ਜਾਂਦਾ ਹੈ। ਇਸ ਲਈ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹੈ ਕਿ ਫਲ ਨੂੰ ਪਰਮੇਸ਼ਰ ਦੀ ਰਜ਼ਾ ਸਮਝ ਕੇ ਹਰਖ-ਸੋਗ ਤੋਂ ਪਰ੍ਹੇ ਸਦੀਵ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਮਨੁੱਖ ਨੂੰ ਚੜ੍ਹਦੀ ਕਲਾ ਵਿਚ ਹਮੇਸ਼ਾਂ ਰੱਖਣਾ ਗੁਰਮਤਿ ਵਿਚਾਰਧਾਰਾ ਦਾ ਮਕਸਦ ਹੈ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ