ਸੰਸਾਰ ਦੇ ਸਭ ਧਰਮ ਅੰਮ੍ਰਿਤ ਦਾ ਬਿਆਨ ਕਰਦੇ ਹਨ। ਮੁਸਲਮਾਨ ਫ਼ਕੀਰ ਇਸ ਨੂੰ ‘ਆਬਿ ਹੈਵਾਂ’ ਜਾਂ ‘ਆਬਿ-ਹਯਾਤ’ ਕਹਿੰਦੇ ਹਨ। ਹਿੰਦੂ ਮਹਾਤਮਾ ‘ਮਾਨ ਸਰੋਵਰ’ ਨੂੰ ਅੰਮ੍ਰਿਤ ਦਾ ਸਰੋਵਰ ਦੱਸਦੇ ਹਨ ਜਿਸ ਨੂੰ ਪੀਣ ਕਰਕੇ ਮਾਨਵ ਅਮਰ ਪਦਵੀ ਧਾਰਨ ਕਰ ਲੈਂਦਾ ਹੈ। ਵੇਦਾਂ ਵਿਚ ਥਾਂ-ਪਰ-ਥਾਂ ਸੋਮ ਰਸ ਦਾ ਉਲੇਖ ਹੋਇਆ ਹੈ ਜਿਸ ਦੇ ਸੇਵਨ ਨਾਲ ਰਿਸ਼ੀ-ਮੁਨੀ ਸੁਰਜੀਤ ਹੋ ਜਾਂਦੇ ਕਹੇ ਗਏ ਹਨ। ‘ਅੰਜੀਲ’ ਵਿਚ ਅੰਮ੍ਰਿਤ ਲਈ ‘Water of life’ ਸ਼ਬਦ ਹਨ ਜਿਸ ਦਾ ਯਸੂ ਮਸੀਹ ਨੇ ਸਪਾਰਟਨ ਲੇਡੀ ਨੂੰ ਦੇਣ ਲਈ ਇਕਰਾਰ ਕੀਤਾ ਸੀ। ਸਿੱਖ ਧਰਮ, ਸਿੱਖ ਵਿਚਾਰਧਾਰਾ ਅਤੇ ਸਿੱਖ ਦਰਸ਼ਨ ਵਿਚ ‘ਅੰਮ੍ਰਿਤ’ ਅਤਿ ਵਿਸਤ੍ਰਿਤ ਅਰਥਾਂ ਵਿਚ ਸੰਚ੍ਰਿਤ ਅਤੇ ਸੰਗ੍ਰਹਿਤ ਹੋਇਆ ਹੈ।
ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਵਿਚ ਲਿਖਦੇ ਹਨ:
“ਇਕ ਪੀਣ ਯੋਗ ਪਦਾਰਥ ਜਿਸਦੇ ਅਸਰ ਨਾਲ ਮੌਤ ਨਹੀਂ ਹੁੰਦੀ, ਉਹ ਅੰਮ੍ਰਿਤ ਹੈ।” (ਪੰਨਾ 76)
ਗੁਰਮਤਿ ਵਿਚ ਸਭ ਤੋਂ ਪਹਿਲਾਂ ‘ਅੰਮ੍ਰਿਤ’ ਪਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਹਰਿ ਨਾਮ’ ਵਾਸਤੇ ਵਰਤਿਆ ਹੈ। ਗੁਰੂ ਜੀ ਫ਼ਰਮਾਨ ਕਰਦੇ ਹਨ:
ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ॥ (ਪੰਨਾ 729)
ਡੂਗਰਿ ਵਾਸੁ ਤਿਖਾ ਘਣੀ ਜਬ ਦੇਖਾ ਨਹੀ ਦੂਰਿ॥
ਤਿਖਾ ਨਿਵਾਰੀ ਸਬਦੁ ਮੰਨਿ ਅੰਮ੍ਰਿਤੁ ਪੀਆ ਭਰਪੂਰਿ॥ (ਪੰਨਾ 933)
ਗੁਰ ਕਾ ਸਬਦੁ ਮਹਾ ਰਸੁ ਮੀਠਾ॥
ਐਸਾ ਅੰਮ੍ਰਿਤੁ ਅੰਤਰਿ ਡੀਠਾ॥ (ਪੰਨਾ 1331)
ਇਸੇ ਤਰ੍ਹਾਂ ਸਿਰੀਰਾਗੁ ਵਿਚ ਸ੍ਰੀ ਗੁਰੂ ਅਮਰਦਾਸ ਜੀ ਦਾ ਕਥਨ ਹੈ:
ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ॥
ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ॥ (ਪੰਨਾ 33)
ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ॥ (ਪੰਨਾ 1283)
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ॥ (ਪੰਨਾ 644)
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰਮਤੀ ਅੰਮ੍ਰਿਤੁ ਪੀਆਵਣਿਆ॥ ((ਪੰਨਾ 124)
ਸ੍ਰੀ ਗੁਰੂ ਅਰਜਨ ਦੇਵ ਜੀ ‘ਅੰਮ੍ਰਿਤ’ ਪਦ ‘ਸੱਚ’ ਤੇ ਅਨਹਦ ਬਾਣੀ ਲਈ ਵਰਤਦੇ ਹਨ :
ਅੰਮ੍ਰਿਤੁ ਨਾਮੁ ਨਿਧਾਨੁ ਸਚੁ ਗੁਰਮੁਖਿ ਪਾਇਆ ਜਾਇ॥
ਵਡਭਾਗੀ ਤੇ ਸੰਤ ਜਨ ਜਿਨ ਮਨਿ ਵੁਠਾ ਆਇ॥ (ਪੰਨਾ 961)
ਅੰਮ੍ਰਿਤੁ ਵਰਖੈ ਅਨਹਦ ਬਾਣੀ॥
ਮਨ ਤਨ ਅੰਤਰਿ ਸਾਂਤਿ ਸਮਾਣੀ॥ (ਪੰਨਾ 105)
ਅੰਮ੍ਰਿਤ ਰਸੁ ਹਰਿ ਕੀਰਤਨੋ ਕੋ ਵਿਰਲਾ ਪੀਵੈ॥
ਵਜਹੁ ਨਾਨਕ ਮਿਲੈ ਏਕੁ ਨਾਮੁ ਰਿਦ ਜਪਿ ਜਪਿ ਜੀਵੈ॥ (ਪੰਨਾ 400)
ਕਲਿਯੁਗ ਵਿਚ ਅੰਮ੍ਰਿਤ ਨੂੰ ਨਾਮ ਨਾਲ ਸਮਾਨਤਾ ਬਖ਼ਸ਼ਦੇ ਹੋਏ ਆਪ ਫ਼ਰਮਾਨ ਕਰਦੇ ਹਨ :
ਹਰਿ ਕਾ ਨਾਮੁ ਅੰਮ੍ਰਿਤੁ ਕਲਿ ਮਾਹਿ॥
ਏਹੁ ਨਿਧਾਨਾ ਸਾਧੂ ਪਾਹਿ॥ (ਪੰਨਾ 888)
ਇੰਞ ਇਹ ਸਪੱਸ਼ਟ ਹੈ ਕਿ ‘ਅੰਮ੍ਰਿਤ’ ਅਧਿਆਤਮਕ ਜਗਤ ਦਾ ਇਕ ਅਤਿ ਮਹੱਤਵਪੂਰਨ ਸੰਕਲਪ ਹੈ ਜਿਸ ਨੂੰ ਪ੍ਰਾਪਤ ਕਰਨਾ ਜੀਵ ਦੇ ਵੱਸ ਵਿਚ ਨਹੀਂ। ਇਹ ਦਾਤ ਤਾਂ ਸਤਿਗੁਰੂ ਦੀ ਦਇਆ ਮਿਹਰ ਦੇ ਪਾਤਰ ਬਣ ਕੇ ਅਰਥਾਤ ‘ਗੁਰਪ੍ਰਸਾਦਿ’ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਸ੍ਰੀ ਗੁਰੂ ਅਮਰਦਾਸ ਜੀ ਦਾ ਫ਼ਰਮਾਨ ਹੈ:
ਹਰਿ ਹਰਿ ਨਾਮੁ ਅੰਮ੍ਰਿਤੁ ਹੈ ਨਦਰੀ ਪਾਇਆ ਜਾਇ॥
ਅਨਦਿਨੁ ਹਰਿ ਹਰਿ ਉਚਰੈ ਗੁਰ ਕੈ ਸਹਜਿ ਸੁਭਾਇ॥ (ਪੰਨਾ 1258)
ਇਹ ਦਾਤ ਧੁਰ ਭਾਗਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਅਧਿਆਤਮਵਾਦੀ ਚਿੰਤਕ ਮੰਨਦੇ ਹਨ ਕਿ ਕਰਮ ਸ੍ਰੇਸ਼ਟ ਹੋਣ ਤਾਂ ਹੀ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰੁ ਮਿਲਿਆ ਤਾਂ ਅੰਮ੍ਰਿਤ ਫਿਰ ਹੀ ਮਿਲੇਗਾ:
ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ॥
ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ॥ (ਪੰਨਾ 87)
ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ॥
ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ॥ (ਪੰਨਾ 918)
ਸ੍ਰੀ ਗੁਰੂ ਅਰਜਨ ਦੇਵ ਜੀ ਸਿਰੀਰਾਗੁ ਅੰਦਰ ਉਕਤ ਤੱਥ ਨੂੰ ਵਿਸਤ੍ਰਿਤ ਅਰਥ ਪ੍ਰਦਾਨ ਕਰਦੇ ਹਨ:
ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ॥
ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ॥ (ਪੰਨਾ 52)
ਭਗਤੀ ਤੇ ਸ਼ਕਤੀ ਦੇ ਪ੍ਰਤੀਕ; ਮੀਰੀ ਤੇ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਦੇ ਰਹੱਸਮਈ ਅਰਥਾਂ ਨੂੰ ਵਿਸਥਾਰ ਕਰਨਾ ਪ੍ਰਾਰੰਭ ਕੀਤਾ ਜਿਸ ਦਾ ਸਿਖ਼ਰ ਸਾਖਸ਼ਾਤ ਹੁੰਦਾ ਹੈ 1699 ਈ. ਦੀ ਵਿਸਾਖੀ ਦੇ ਦਿਨ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ। ਇਹ ਦਿਨ ਇਤਿਹਾਸ ਵਿਚਲਾ ਇਕ ਵਿਲੱਖਣ ਦਿਨ ਸਾਬਤ ਤਾਂ ਹੋਇਆ ਹੀ, ਗੁਰਮਤਿ ਰਹੱਸਵਾਦ ਵਿਚ ਇਹ ਖਾਲਸਾਈ ਇਨਕਲਾਬ ਵਿਚਲਾ ਮੀਲ-ਪੱਥਰ ਵੀ ਬਣਿਆ। ਇਸ ਦਿਨ ‘ਕਿਵ ਸਚਿਆਰਾ ਹੋਈਐ’ ਦਾ ਕ੍ਰਿਆਤਮਕ ਪਾਸਾਰ ਵੀ ਸੰਸਾਰ ਦੇ ਸਾਹਵੇਂ ਦ੍ਰਿਸ਼ਟਮਾਨ ਹੁੰਦਾ ਹੈ। ਦਸਮ ਪਿਤਾ ਨੇ ‘ਅੰਮ੍ਰਿਤ’ ਦੇ ਗੁਹਝ ਅਰਥਾਂ ਨੂੰ ਸੁਖੈਨ ਕਰ ਕੇ ਸਾਧਾਰਨ ਜਨ ਵਾਸਤੇ ਸ਼ਕਤੀ ਤੇ ਭਗਤੀ ਦੇ ਮਾਰਗ ’ਪੁਰ ਅਗ੍ਰਸਰ ਹੋਣ ਲਈ ਭੰਡਾਰਾ ਖੋਲ੍ਹ ਦਿੱਤਾ। ਇਸ ਜ਼ਾਵੀਏ ਤੋਂ ਵੇਖੀਏ ਤਾਂ ‘ਸਚਿਆਰ’ ਤੇ ‘ਖ਼ਾਲਸਾ’ ਦਾ ਸੁਮੇਲ ਸਾਬਤ ਹੁੰਦਾ ਹੈ ਅੰਮ੍ਰਿਤ ਤੇ ਇਸ ਦੇ ਪਾਨ ਕਰਨ ਨਾਲ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ‘ਤੇਤੀ ਸਵਯੇ’ ਵਿਚ ਖਾਲਸਾ ਸੰਕਲਪ ਦਾ ਸੰਬੰਧ ‘ਖ਼ਾਲਿਸ’ ਜਾਂ ਨਿਰਮਲ ਨਾਲ ਜੋੜਦੇ ਹਨ। ਖਾਲਸਾ ਇਕ ਐਸੀ ਹਸਤੀ ਹੈ; ਐਸਾ ਸਤਿ ਹੈ; ਐਸਾ ਅਮਲ ਹੈ ਅਤੇ ਪਰਮਾਰਥਕ ਵਿਗਾਸ ਹੈ ਜੋ ਨਿਰਮਲਤਾਈ ਤੇ ਪਵਿੱਤਰਤਾ ਦਾ ਸੰਗਮ ਹੈ, ਉਹ ਪਵਿੱਤਰਤਾ ਜਿਹੜੀ ਸੰਸਾਰ ਵਿਚ ਮਹਾਨ ‘ਸਤਿ’ ਹੈ, ਪੂਰਨ ਜੋਤਿ ਹੈ:
ਪੂਰਨ ਜੋਤਿ ਜਗੈ ਘਟ ਮੈਂ ਤਬ ਖਾਲਿਸ ਤਾਹਿਂ ਨ ਖਾਲਿਸ ਜਾਨੈ॥ (ਦਸਮ ਗ੍ਰੰਥ)
ਇਸ ਤਰ੍ਹਾਂ ‘ਸਚਿਆਰ’ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਪ੍ਰਤਿਪਾਦਤ ‘ਬ੍ਰਹਮ ਗਿਆਨੀ’ ਦਾ ਸੰਕਲਪ ਅਤੇ ਦਸਮ ਪਿਤਾ ਜੀ ਦਾ ਖਾਲਸਾ ਭਿੰਨ ਨਹੀਂ ਸਗੋਂ ਅਧਿਆਤਮਵਾਦ ਵਿਚਲੇ ਇੱਕੋ ਸੰਕਲਪ ਦੇ ਤਿੰਨ ਨਾਮ ਹਨ। ਸਿਮਰਨ ਅਤੇ ਜਾਪ, ਨਿਰਮਲਤਾ ਅਤੇ ਸੌਚ, ਇੱਕ-ਈਸ਼ਵਰਵਾਦ ਆਸਥਾ ਅਤੇ ਨਾਮ ਦੀ ਓਟ ਖਾਲਸਾਈ ਸੰਕਲਪ ਨਾਲ ਪੂਰੀ ਤਰ੍ਹਾਂ ਇਕਸੁਰ ਅਤੇ ਅਭੇਦ ਹੈ। ਜਿੱਥੇ ਇਹ ਸਭ ਕੁਝ ਆ ਜਾਵੇ ਉਥੇ ਮੌਤ ਦਾ ਭੈ ਨਹੀਂ ਰਹਿੰਦਾ ਅਤੇ ਸੱਚ ਤੇ ਸੌਚ ਦੇ ਹੁੰਦਿਆਂ ਸਭ ਤਰ੍ਹਾਂ ਦੇ ਝੰਜਟਾਂ ਤੋਂ ਉੱਪਰ ਜੀਵ ਉੱਠ ਜਾਂਦਾ ਹੈ। ਪ੍ਰਸਿੱਧ ਕਵੀ ਸੈਨਾਪਤਿ ਲਿਖਦਾ ਹੈ:
ਜਹਾ ਦੂਤਨ ਕੋ ਤ੍ਰਾਸ ਪਰਤ ਜਮ ਜਾਰਸਾ।
ਸਾਚਾ ਨਾਮ ਪੁਨੀਤ ਓਟਿ ਭਈ ਢਾਲਸਾ।
ਬਿਨਸੈ ਸਗਲ ਕਲੇਸ ਗਯੋ ਜੰਜਾਲਸਾ।
ਚੁਕਿਉ ਆਵਨ ਜਾਨ ਮਿਟੀ ਸਬ ਲਾਲਸਾ।
ਜੀ ਖਾਲਸਾ ਜਪਿ ਗੋਬਿੰਦ ਭਯੋ ਹੈ ਖਾਲਸਾ॥71॥187॥ (ਸ੍ਰੀ ਗੁਰ ਸੋਭਾ)
ਰਹਿਤ ਅੰਮ੍ਰਿਤ ਦਾ ਜ਼ਰੂਰੀ ਭਾਗ ਹੈ; ਸੁੱਚਾ ਆਚਰਨ ਗੁਰੂ ਖਾਲਸੇ ਦੀ ਰੀੜ੍ਹ ਦੀ ਹੱਡੀ ਹੈ। ਸਿੱਖ ਲਈ ਚੋਰੀ-ਯਾਰੀ, ਸ਼ਰਾਬ, ਝੂਠ ਤੇ ਜੂਆ ਹਰੇਕ ਬੁਰਾਈ ਤੋਂ ਉੱਪਰ ਉੱਠ ਕੇ ਰਹਿਤਮਈ ਜੀਵਨ ਬਤੀਤ ਕਰਨਾ ਤੇ ਸਹੀ ਅਰਥਾਂ ਵਿਚ ‘ਮੇਰਾ ਸਿੱਖ’ ਬਣ ਜਾਣਾ ਜ਼ਰੂਰੀ ਹੈ:
ਰਹਿਣੀ ਰਹਹਿ ਸੋਈ ਸਿਖ ਮੇਰਾ।
ਵਹ ਠਾਕੁਰ ਮੈ ਉਸ ਦਾ ਚੇਰਾ।
ਕਰਹਿ ਅਕਾਲ ਪੁਰਖ ਕੀ ਆਸਾ।
ਜਨਮ ਮਰਨ ਕਟ ਡਾਰੇ ਫਾਸਾ। (ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ)
ਇੰਞ ਅੰਮ੍ਰਿਤਪਾਨ ਕਰਨਾ ਤਾਂ ਜੀਵਨ ਦੀ ਸਹੀ ਅਰਥਾਂ ਵਿਚ ਜਾਚ ਹੈ ਜੋ ‘ਗੁਰ ਭਾਂਵਦੀ’ ਹੈ। ਇਹ ਤਾਂ ਨਿਰਜਿੰਦ ਨੂੰ ਜਿੰਦ ਬਖਸ਼ਦਾ ਹੈ ਤੇ ਭਰਮ-ਭਉ ਰਹਿਤ ਕਰਦਾ ਹੈ। ਇਸ ਨੇ ‘ਅਕਾਲ ਪੁਰਖ ਕੀ ਫੌਜ’ ਬਣ ਕੇ ਕਪਟੀਆਂ-ਦੰਭੀਆਂ ਨੂੰ ਦੰਡਿਤ ਕਰਨਾ, ਅੰਮ੍ਰਿਤ ਛਕ ਕੇ ਮਨੂਰ ਤੋਂ ਇਸਪਾਤ ਬਣਨਾ ਹੈ, ਨਿਗੁਰੇ ਤੋਂ ਗੁਰੂ ਵਾਲੇ ਬਣਨਾ ਤੇ ਨਾਮ-ਬਾਣੀ ਨਾਲ ਜੁੜਨਾ ਹੈ ਅਤੇ ਅੰਤ ਅਨਾਮੀ ਨਾਲ ਅਭੇਦ ਹੋਣਾ ਹੈ। ਅਜਿਹਾ ਕਰਨ ਲਈ ‘ਸ਼ੁਭ ਕਰਮਨ ਤੇ ਕਬਹੂ ਨ ਟਰੋਂ’ ਦੇ ਮੁੱਦਈ ਬਣਨਾ ਹੈ ਤਾਂ ਜੋ ਅੰਮ੍ਰਿਤ ਦੇ ਰਸ ਨਾਲ ਜੀਵ ‘ਰੂਹ ਦੇ ਦੇਸ’ ਦਾ ਵਾਸੀ ਬਣ ਜਾਵੇ।
ਲੇਖਕ ਬਾਰੇ
215, ਗਲੀ ਨੰ: 8, ਅੰਤਰਯਾਮੀ ਕਾਲੋਨੀ, ਅੰਮ੍ਰਿਤਸਰ।
- ਡਾ. ਅਵਤਾਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%85%e0%a8%b5%e0%a8%a4%e0%a8%be%e0%a8%b0-%e0%a8%b8%e0%a8%bf%e0%a9%b0%e0%a8%98/October 1, 2009