editor@sikharchives.org

ਖਾਲਸਾ

ਖਾਲਸਾ ਇਕ ਨਿਸ਼ਾਨ ਹੈ ਜਿਸ ਪਰ ਤੁਸਾਂ ਸ਼ਹੀਦ ਹੋਣਾ ਹੈ ਤੇ ਸਭ ਕੁਛ ਸਦਕੇ ਕਰਨਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਕੇਸਗੜ੍ਹ ਸਾਹਿਬ ਦਾ ਟਿਕਾਣਾ ਹੈ, ਦੀਵਾਨ ਸੱਜ ਰਿਹਾ ਹੈ, ਕੜਾਹ ਪ੍ਰਸ਼ਾਦ ਲੱਠੇ ਦੀਆਂ ਚਾਦਰਾਂ ਪਰ ਸੱਜ ਰਿਹਾ ਹੈ, ਗਿਰਦ ਸੰਗਤ ਬੈਠੀ ਹੈ, ਦਿਲ-ਸ਼ਾਦ (ਗੁਰੂ ਗੋਬਿੰਦ ਸਿੰਘ ਜੀ) ਆਏ। ਪੰਜ ਜੀਵਨ ਮੁਕਤ ਨਾਲ ਆਏ ਹਨ। ਆਪ ਆ ਕੇ ਸਿੰਘਾਸਨ ’ਤੇ ਸੱਜ ਗਏ। ਆਹਾ! ਅੱਜ ਕੀ ਸਰੂਪ ਹੈ? ਚਿੱਟਾ ਸਫੈਦ ਦਸਤਾਰਾ ਤੇ ਜਾਮਾ ਹੈ, ਚਿੱਟਾ ਕਮਰਕੱਸਾ ਹੈ, ਵਿਚ ਸ੍ਰੀ ਸਾਹਿਬ ਹੈ, ਇਹੋ ਲਿਬਾਸ ਨਿੱਤਰੇ ਸੱਜਣਾਂ ਦਾ ਹੈ, ਜੋ ਸੀਸ ਦੇਣ ਨਿੱਤਰੇ ਸਨ। ਆਪ ਸਿੰਘਾਸਨ ਪਰ ਬੈਠ ਗਏ, ਆਪਣੇ ਅੱਗੇ ਇਕ ਸਫੈਦ ਚਮਕਦਾ ਸਰਬ ਲੋਹ ਦਾ ਬਾਟਾ ਰੱਖ ਲਿਆ, ਇਸ ਵਿਚ ਆਪ ਦਾ ਖੰਡਾ ਫਿਰਨ ਲੱਗਾ…. ਆਪ ਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ… ਪੰਜ ਪਿਆਰੇ ਡਾਹਢੇ ਪਿਆਰ ਵਿਚ ਇਕਾਗਰ ਖੜੇ ਆਪ ਦਾ ਹੁਕਮ ਪਾ ਕੇ ਵਾਹਿਗੁਰੂ ਨਾਮ ਦਾ ਜਾਪ ਕਰ ਰਹੇ ਹਨ। ਸੰਗਤ ਸਾਰੀ ਇਕ ਮੂਰਤਿ ਸਮਾਨ ਖੜੀ ਤੱਕ ਰਹੀ ਸੀ ਕਿ ਅੱਜ ਪਤਾ ਨਹੀਂ ਕੀਹ ਹੋਣਾ ਹੈ… ਜਦ ਸਤਿਗੁਰ ਆਪਣੀ ਬਾਣੀ ਪੜ੍ਹ ਚੁਕੇ ਤਦ ਪੰਜਾਂ ਨੂੰ ਉਹ ਜੋ ਤਿਆਰ ਕੀਤਾ ਸੀ, ਜਿਸ ਨੂੰ ਸਤਿਗੁਰੂ ਨੇ ‘ਅੰਮ੍ਰਿਤ’ ਆਖਿਆ, ਪੰਜਾਂ ਨੂੰ ਛਕਾਇਆ, ਅੱਖਾਂ ’ਤੇ ਛੱਟੇ ਮਾਰੇ, ਕੇਸਾਂ ਵਿਚ ਦਸਮ ਦੁਆਰ ਟਿਕਾਣੇ ਪਾਇਆ ਤੇ ਹਰ ਵੇਰ ਮੂਲ ਮੰਤਰ ਦਾ ਜਾਪ ਕਰਵਾਇਆ, ਹਰ ਵੇਰ ਗੱਜ ਕੇ ਆਖਿਆ ਤੇ ਅਖਵਾਇਆ:

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹ॥

ਹੁਣ ਇਨ੍ਹਾਂ ਪੰਜਾਂ ਨੂੰ ਸਤਿਗੁਰੂ ਜੀ ਨੇ ਕਿਹਾ-ਤੁਸੀਂ ਹੋ ਹੁਣ ‘ਮੈਂ’ ਤੇ ਮੈਂ ਹਾਂ ਤੁਸੀਂ

ਹਾਂ ਤੁਸੀਂ ਹੋ

‘ਖਾਲਸਾ’

ਹੁਣ ਸਤਿਗੁਰੂ ਦੀ ਪਿਆਰੀ ਤੇਜਮਯ ਸੂਰਤ ਸਿੰਘਾਸਨ ਪਰ ਖੜ੍ਹੀ ਹੋ ਗਈ ਤੇ ਲਲਕਾਰ ਕੇ ਆਵਾਜ਼ ਦਿੱਤੀ-‘ਖੰਡਾ ਪ੍ਰਿਥਮੇ ਸਾਜ ਕੈ ਜਿਨ ਸਭ ਸੈਂਸਾਰ ਉਪਾਇਆ’ ਉਸ ਦਾ ਧਿਆਨ ਕਰੋ।

ਮੌਤ ਪਹਿਲਾਂ ਬਣੀ। ਮਗਰੋਂ ਸਰੀਰ। ਸਰੀਰ ਨਹੀਂ ਰਹੇਗਾ, ਮੌਤ ਆਵੇਗੀ ਜ਼ਰੂਰ ਇਕ ਦਿਨ, ਤਾਂ ਤੇ ਨਾ ਡਰੋ ਮੌਤ ਕੋਲੋਂ। ਸਦਾ ਤਿਆਰ ਰਹੋ ਮੌਤ ਲਈ… ਹਾਂ ਪਰ ਦੇਖੋ, ਜਿਸ ਤਰ੍ਹਾਂ ਖਾਲਸਾ ਤੁਹਾਡੇ ’ਚ ਮੈਂ ਪ੍ਰਵੇਸ਼ ਕਰਾਉਂਦਾ ਹਾਂ, ਤੁਸਾਂ ਤੋਂ ਬਾਹਰਲੇ ਰਸਤੇ ਖਾਲਸਾ ਨਿਰਾ ਨਾਮ ਮਾਤਰ ਨਹੀਂ, ਖਾਲਸਾ ਜੀਉਂਦਾ ਆਦਰਸ਼ ਨਿਸ਼ਾਨਾ ਹੈ। ਖਾਲਸਾ ਜਾਦੂ ਹੈ ਜੋ ਰੂਹ ਫੂਕਦਾ ਹੈ। ਖਾਲਸਾ ਇਕ ਨਿਸ਼ਾਨ ਹੈ ਜਿਸ ਪਰ ਤੁਸਾਂ ਸ਼ਹੀਦ ਹੋਣਾ ਹੈ ਤੇ ਸਭ ਕੁਛ ਸਦਕੇ ਕਰਨਾ ਹੈ। ਖ਼ਾਲਸਾ ਮੇਰੇ ਅੰਦਰੋਂ ਜੰਮਿਆ ਹੈ, ਤੁਸਾਂ ਅੰਦਰ ਗਿਆ ਹੈ… ਮੈਂ ਅਰਸ਼ਾਂ ਤੋਂ ਖਾਲਸਾ ਲਿਆ ਕੇ ਤੁਹਾਡੇ ਵਿਚ ਪਰਵੇਸ਼ਿਆ ਹੈ।

ਹਾਂ ਜਗਤ! ਵੇਖ ਤੇਰੇ ਭਾਰ ਹਰਨ ਨਮਿੱਤ ਮੈਂ ਅਜ਼ਲ ਤੋਂ ਗੁਰੂ, ਸ਼ੁਰੂ ਤੋਂ ਗੁਰੂ ਸਿਰਜਨਹਾਰ ਦਾ ਪੁੱਤ ਹੋ ਕੇ ਚੇਲਾ ਬਣਦਾ ਹਾਂ, ਸਿੱਖ ਬਣਦਾ ਹਾਂ, ਜੋ ‘ਖਾਲਸਾ’ ਮੇਰੇ ਅੰਦਰ ਬਾਹਰ ਦੇ ਰਸਤੇ ਭੀ ਪਰਵੇਸ਼ ਕਰੇ ਅਰ ਮੈਂ ਭੀ ਹੋਵਾਂ ‘ਖਾਲਸਾ’।

ਉਸ ਤਰ੍ਹਾਂ ਜਿਸ ਤਰ੍ਹਾਂ ਮੈਂ ਕੀਤਾ ਹੈ ਤੁਹਾਨੂੰ।

ਇਹ ਗਰਜਵੀਂ ਸੱਦ ਦੇਂਦੇ ਸਾਰ ਆਪ ਸਿੰਘਾਸਨ ਤੋਂ ਛਾਲ ਮਾਰ ਕੇ ਉਤਰੇ ਅਤੇ ਹੇਠਾਂ ਖੜ੍ਹੇ ਹੋ ਗਏ। ਪੰਜਾਂ ਪਿਆਰਿਆਂ ਨੂੰ ਕਿਹਾ-ਤੁਸੀਂ ਹੋ ਖਾਲਸਾ। ਸੋ ਖਾਲਸਾ ਜੀ! ਹੁਣ ਮੇਰੇ ਵਿਚ ਤੁਸੀਂ ਵਸਾਓ ਖਾਲਸਾ, ਅੰਮ੍ਰਿਤ ਦੇ ਰਸਤੇ। ਪਹਿਲਾਂ ਤਾਂ ਪੰਜੇ ਪਿਆਰੇ ਕੰਬੇ ਪਰ ਫੇਰ:

ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ॥ (ਪੰਨਾ 1399)

ਉਥੇ ਅਰ ਉਸੀ ਤਰ੍ਹਾਂ ਅੰਮ੍ਰਿਤ ਤਿਆਰ ਕਰਨ ਲੱਗ ਪਏ। ਅੰਮ੍ਰਿਤ ਤਿਆਰ ਕਰ ਕੇ ਦਾਤੇ ਨੂੰ ਦਾਨ ਕੀਤਾ ਅੰਮ੍ਰਿਤ ਤੇ ਆਖਿਆ:

ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ॥ (ਪੰਨਾ 694)

ਦੇਖੋ ਗੁਰੂ ਅਵਤਾਰ, ਗੁਰੂਆਂ ਦਾ ਗੁਰੂ, ਅਜ਼ਲ ਦਾ ਗੁਰੂ ਬਣ ਗਿਆ ‘ਖਾਲਸਾ’। ਇਸ ਵੇਲੇ ਇਕ ਧੁਨਿ ਉਠੀ ਸਾਰੀ ਸੰਗਤ ਵਿੱਚੋਂ:

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।

ਖਾਲਸਾ ਸਜ ਕੇ ਗੁਰੂ ਸਿੰਘਾਸਨ ’ਤੇ ਬੈਠ ਗਿਆ, ਫੇਰ ਪੰਜਾਂ ਨੂੰ ਆਖਿਆ ‘ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੁਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਜੀ, ਸੰਗਤ ਵਿਚ ਉੱਚੇ ਖੜ੍ਹੇ ਹੋ ਕੇ ਦਰਸ਼ਨ ਦਿਉ ਤੇ ਆਖੋ, ਖਾਲਸਾ ਅਰਸ਼ਾਂ ਤੋਂ ਆ ਗਿਆ ਹੈ, ਅੱਜ ਹੋ ਗਿਆ ਹੈ ਖਾਲਸੇ ਦਾ ਜਨਮ ਤੇ ਗੱਜ ਕੇ ਗਜਾ ਦਿਉ:

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹ॥

ਆਖ ਦਿਉ, ਇਹ ਖਾਲਸਾ ਸਰਮ ਖੰਡ ਤੋਂ ਵਾਹਿਗੁਰੂ ਦਾ ਘੱਲਿਆ ਆਇਆ ਹੈ। ਫਤਹ ਸਦਾ ਉਸ ਵਾਹਿਗੁਰੂ ਦੀ ਹੈ। ਸੋ ਫਤਹ ਤੇ ਖਾਲਸਾ ਦੋਵੇਂ ਵਾਹਿਗੁਰੂ ਦੇ ਹੋਏ। ਇੱਕੋ ਮਾਲਕ ਦੇ ਹੋਣ ਕਰਕੇ, ਇੱਕੋ ਦੇਸ਼ ਦੇ ਹੋਣ ਕਰਕੇ ‘ਫਤਹ’ ਤੇ ‘ਖਾਲਸਾ’ ਇਕੱਠੇ ਹੀ ਵਿਚਰਨਗੇ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਭਾਈ ਵੀਰ ਸਿੰਘ (1872-1957 ਈ.): ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਅਤੇ ਸਿੰਘ ਸਭਾ ਤੇ ਚੀਫ਼ ਖ਼ਾਲਸਾ ਦੀਵਾਨ ਦੇ ਸਾਹਿਤਕਾਰ-ਪ੍ਰਵਕਤਾ ਭਾਈ ਵੀਰ ਸਿੰਘ ਦਾ ਜਨਮ ਦੀਵਾਨ ਕੌੜਾ ਮੱਲ ਦੇ ਵੰਸਜ਼ ਡਾ. ਚਰਨ ਸਿੰਘ ਦੇ ਘਰ ਬੀਬੀ ਉੱਤਰ ਕੌਰ ਦੀ ਕੁੱਖੋਂ 5 ਦਸੰਬਰ, 1872 ਈ. ਵਿਚ, ਕਟੜਾ ਗਰਬਾ ਸਿੰਘ, ਅੰਮ੍ਰਿਤਸਰ ਵਿਚ ਹੋਇਆ। ਦੀਵਾਨ ਕੌੜਾ ਮੱਲ ਫ਼ਰੁਖ਼ਸੀਅਰ ਬਾਦਸ਼ਾਹ ਵੇਲੇ ਪਹਿਲਾਂ ਲਾਹੌਰ ਵਿਚ ਦੀਵਾਨ ਸੀ ਅਤੇ ਫਿਰ ਸੰਨ 1750 ਈ. ਵਿਚ ਮੁਲਤਾਨ ਦਾ ਹਾਕਮ ਨਿਯੁਕਤ ਹੋਇਆ। ਉਹ ਆਪਣੀ ਵਾਹ ਲਾ ਕੇ ਸਿੱਖਾਂ ਨੂੰ ਮੁਗ਼ਲ ਸਰਕਾਰ ਦੇ ਜ਼ੁਲਮਾਂ ਤੋਂ ਬਚਾਉਂਦਾ ਰਿਹਾ। ਇਸੇ ਕਰਕੇ ਇਸ ਖ਼ਾਨਦਾਨ ਨੂੰ ਸਿੱਖ ਸਮਾਜ ਵਿਚ ਸਤਕਾਰਿਆ ਜਾਂਦਾ ਹੈ। ਭਾਈ ਵੀਰ ਸਿੰਘ ਦੇ ਪਿਤਾ ਅਤੇ ਨਾਨਾ ਗਿਆਨੀ ਹਜ਼ਾਰਾ ਸਿੰਘ, ਸਿੱਖੀ ਆਚਰਣ ਵਾਲੇ ਗੰਭੀਰ ਵਿਦਵਾਨ ਸਨ। ਇਸ ਤਰ੍ਹਾਂ ਵਿਦਵੱਤਾ, ਗੁਰਮਤਿ-ਗਿਆਨ ਅਤੇ ਸਿੱਖੀ ਆਚਰਣ ਭਾਈ ਵੀਰ ਸਿੰਘ ਨੂੰ ਵਿਰਸੇ ਵਿਚ ਮਿਲੇ। ਸ਼ੁਰੂ ਵਿਚ ਆਪ ਦੀ ਪੜ੍ਹਾਈ ਦਾ ਪ੍ਰਬੰਧ ਘਰ ਵਿਚ ਪਾਂਧੇ ਅਤੇ ਮੌਲਵੀ ਪਾਸੋਂ ਹੋਇਆ ਅਤੇ ਸੰਪ੍ਰਦਾਈ ਗਿਆਨੀ ਹਰਭਜਨ ਸਿੰਘ ਤੋਂ ਗੁਰਮਤਿ ਦਾ ਅਧਿਐਨ ਕੀਤਾ। ਦਸਵੀਂ ਤਕ ਦੀ ਪੜ੍ਹਾਈ, ਚਰਚ ਮਿਸ਼ਨ ਸਕੂਲ ਅੰਮ੍ਰਿਤਸਰ ਵਿਚ ਕਰਕੇ, ਸੰਨ 1891 ਈ. ਵਿਚ ਮੁਕੰਮਲ ਕੀਤੀ। ਫਿਰ ਘਰ ਵਿਚ ਹੀ ਦਾਰਸ਼ਨਿਕ ਗ੍ਰੰਥਾਂ ਅਤੇ ਸਾਹਿਤਿਕ ਰਚਨਾਵਾਂ ਦਾ ਅਧਿਐਨ ਕੀਤਾ। ਭਾਈ ਵੀਰ ਸਿੰਘ ਦੀ ਸਾਹਿਤ-ਸਾਧਨਾ ਦਾ ਮੂਲ ਉੱਦੇਸ਼ ਸਿੱਖ-ਧਰਮ ਅਤੇ ਗੁਰਮਤਿ-ਦਰਸ਼ਨ ਦੀ ਸਮਕਾਲੀ ਪਰਿਸਥਿਤੀਆਂ ਦੇ ਸੰਦਰਭ ਵਿਚ ਨਵੀਨ ਵਿਆਖਿਆ ਕਰਨਾ ਸੀ। ਆਪ ਦਾ ਵਿਆਹ 17 ਸਾਲ ਦੀ ਉਮਰ ਵਿਚ ਅੰਮ੍ਰਿਤਸਰ ਨਿਵਾਸੀ ਸ. ਨਰਾਇਣ ਸਿੰਘ ਦੀ ਪੁੱਤਰੀ ਬੀਬੀ ਚਤੁਰ ਕੌਰ ਨਾਲ ਹੋਇਆ। ਇਸ ਤੋਂ ਆਪ ਦੇ ਘਰ ਦੋ ਪੁੱਤਰੀਆਂ (ਕਰਤਾਰ ਕੌਰ ਅਤੇ ਸੁਸ਼ੀਲ ਕੌਰ) ਨੇ ਜਨਮ ਲਿਆ। ਆਪ ਦਾ ਛੋਟਾ ਭਰਾ ਡਾ. ਬਲਬੀਰ ਸਿੰਘ (ਵੇਖੋ) ਵੀ ਬੜਾ ਸੂਝਵਾਨ ਵਿਗਿਆਨੀ ਅਤੇ ਗੁਰਮਤਿ ਦਾ ਵਿਆਖਿਆਕਾਰ ਸੀ। ਸਾਹਿਤ-ਸਿਰਜਨਾ ਦਾ ਕੰਮ ਆਪ ਨੇ 20 ਸਾਲਾਂ ਦੀ ਉਮਰ ਵਿਚ ਸੰਨ 1892 ਈ. ਤੋਂ ਸ਼ੁਰੂ ਕਰ ਦਿੱਤਾ, ਪਰ ਪਹਿਲੀ ਪੁਸਤਕ ‘ਸੁੰਦਰੀ ’ ਸੰਨ 1898 ਈ. ਵਿਚ ਛਪ ਕੇ ਸਾਹਮਣੇ ਆਈ। ਇਸ ਤੋਂ ਬਾਦ ਰਚਨਾ-ਪ੍ਰਕ੍ਰਿਆ ਦੇਹਾਂਤ (10 ਜੂਨ 1957 ਈ.) ਤਕ ਚਲਦੀ ਰਹੀ। ਈਸਾਈ ਮਿਸ਼ਨਰੀਆਂ ਦੇ ਸਿੱਖ ਵਿਰੋਧੀ ਪ੍ਰਚਾਰ ਨੂੰ ਠਲ੍ਹ ਪਾਉਣ ਅਤੇ ਸਿੱਖ ਧਰਮ ਦੇ ਸ਼ੁੱਧ ਸਰੂਪ ਨੂੰ ਕਾਇਮ ਰਖਣ ਲਈ ਹੋਂਦ ਵਿਚ ਆਈ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠਾਂ ਭਾਈ ਵੀਰ ਸਿੰਘ ਨੇ ਸ. ਸਾਧੂ ਸਿੰਘ ਧੂਪੀਏ ਨਾਲ ਰਲ ਕੇ ਸੰਨ 1894 ਈ. ਵਿਚ ‘ਖ਼ਾਲਸਾ ਟ੍ਰੈਕਟ ਸੁਸਾਇਟੀ ’ ਦੀ ਸਥਾਪਨਾ ਕੀਤੀ ਅਤੇ ਨਿੱਕੇ ਨਿੱਕੇ ਟ੍ਰੈਕਟਾਂ ਰਾਹੀਂ ਧਰਮ- ਪ੍ਰਚਾਰ ਦਾ ਆਰੰਭ ਕੀਤਾ। ਫਿਰ ਸੰਨ 1899 ਈ. ਵਿਚ ‘ਖ਼ਾਲਸਾ ਸਮਾਚਾਰ’ ਨਾਂ ਦੀ ਸਪਤਾਹਿਕ ਪਤ੍ਰਿਕਾ ਵੀ ਸ਼ੁਰੂ ਕੀਤੀ ਜੋ ਹੁਣ ਤਕ ਛਪ ਰਹੀ ਹੈ। ਇਨ੍ਹਾਂ ਟ੍ਰੈਕਟਾਂ ਅਤੇ ‘ਖ਼ਾਲਸਾ ਸਮਾਚਾਰ’ ਤੇ ‘ਨਿਰਗੁਣਿਆਰਾ’ ਪਤ੍ਰਿਕਾਵਾਂ ਦੁਆਰਾ ਸਿੱਖ ਧਰਮ ਦਾ ਪ੍ਰਚਾਰ ਕੀਤਾ। ਆਪ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਲਈ ‘ਸੰਥੑਯਾ ਸ੍ਰੀ ਗੁਰੂ ਗ੍ਰੰਥ ਸਾਹਿਬ ’ (ਵੇਖੋ) ਦੀ ਰਚਨਾ ਸ਼ੁਰੂ ਕੀਤੀ, ਪਰ 607 ਪੰਨੇ ਤਕ ਹੀ ਲਿਖੀ ਜਾ ਸਕੀ, ਕਿਉਂਕਿ ਤਦਉਪਰੰਤ ਆਪ ਦੀ ਮ੍ਰਿਤੂ ਹੋ ਗਈ । ਭਾਈ ਵੀਰ ਸਿੰਘ ਨੇ ਕਵਿਤਾ (ਦਿਲ ਤਰੰਗ , ਤ੍ਰੇਲ ਤੁਪਕੇ, ਲਹਿਰਾਂ ਦੇ ਹਾਰ , ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਮੇਰੇ ਸਾਈਆਂ ਜੀਉ ਅਤੇ ਰਾਣਾ ਸੂਰਤ ਸਿੰਘ ਨਾਂ ਦੇ ਮਹਾਕਾਵਿ), ਨਾਵਲ (ਸੁੰਦਰੀ, ਬਿਜੈ ਸਿੰਘ, ਸਤਵੰਤ ਕੌਰ , ਬਾਬਾ ਨੌਧ ਸਿੰਘ), ਨਾਟਕ (ਰਾਜਾ ਲਖਦਾਤਾ ਸਿੰਘ), ਜੀਵਨੀਆਂ (ਗੁਰੂ ਨਾਨਕ ਚਮਤਕਾਰ, ਅਸ਼ਟ ਗੁਰੂ ਚਮਤਕਾਰ, ਗੁਰੂ ਕਲਗੀਧਰ ਚਮਤਕਾਰ), ਨਿਬੰਧ ਆਦਿ ਮੌਲਿਕ ਰਚਨਾਵਾਂ ਸਿਰਜਨ ਤੋਂ ਇਲਾਵਾ ਸੰਪਾਦਨ (ਸਿੱਖਾਂ ਦੀ ਭਗਤਮਾਲਾ, ਪੁਰਾਤਨ ਜਨਮਸਾਖੀ , ਪ੍ਰਾਚੀਨ ਪੰਥ ਪ੍ਰਕਾਸ਼ , ਸਾਖੀ ਪੋਥੀ , ਗੁਰ ਪ੍ਰਤਾਪ ਸੂਰਜ ਆਦਿ), ਕੋਸ਼ਕਾਰੀ, ਟੀਕਾਕਾਰੀ, ਪੱਤਰਕਾਰੀ ਆਦਿ ਖੇਤਰਾਂ ਵਿਚ ਵੀ ਬਹੁਤ ਯੋਗਦਾਨ ਪਾਇਆ। ਆਪ ਦੀਆਂ ਰਲੀਆਂ ਮਿਲੀਆਂ ਤਿੰਨ ਦਰਜਨ ਰਚਨਾਵਾਂ ਉਪਲਬਧ ਹਨ। ਇਸ ਵੱਡਮੁਲੀ ਦੇਣ ਨੂੰ ਮੁਖ ਰਖਦਿਆਂ ਅਨੇਕ ਸੰਸਥਾਵਾਂ ਵਲੋਂ ਆਪ ਨੂੰ ਸਨਮਾਨਿਤ ਕੀਤਾ ਗਿਆ। ਸੰਨ 1949 ਈ. ਵਿਚ ਪੰਜਾਬ ਯੂਨੀਵਰਸਿਟੀ ਵਲੋਂ ਆਪ ਨੂੰ ਡਾਕਟਰ ਆਫ਼ ਓਰੀਐਂਟਲ ਲਰਨਿੰਗ ਦੀ ਮਾਨਾਰਥ ਡਿਗਰੀ ਪ੍ਰਦਾਨ ਕੀਤੀ ਗਈ। ਸੰਨ 1951 ਈ. ਵਿਚ ਮਹਿਕਮਾ ਪੰਜਾਬੀ, ਪਟਿਆਲਾ ਵਲੋਂ ਸ਼ਿਰਮੋਣੀ ਸਾਹਿਤਕਾਰ ਦੇ ਰੂਪ ਵਿਚ ਸਨਮਾਨਿਤ ਕੀਤਾ ਗਿਆ। ਸੰਨ 1952 ਈ. ਵਿਚ ਆਪ ਨੂੰ ਪੰਜਾਬ ਵਿਧਾਨ ਪਰਿਸ਼ਦ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਸੰਨ 1955 ਈ. ਵਿਚ ਆਪ ਦੀ ਪੁਸਤਕ ‘ਮੇਰੇ ਸਾਈਆਂ ਜੀਓ’ ਨੂੰ ਸਾਹਿਤ ਅਕਾਡਮੀ, ਨਵੀਂ ਦਿੱਲੀ ਵਲੋਂ ਪੁਰਸਕ੍ਰਿਤ ਕੀਤਾ ਗਿਆ। ਜਨਵਰੀ 1957 ਈ. ਵਿਚ ਭਾਰਤ ਸਰਕਾਰ ਵਲੋਂ ਪਦਮ-ਭੂਸ਼ਣ ਨਾਲ ਸਨਮਾਨਿਆ ਗਿਆ। ਭਾਈ ਵੀਰ ਸਿੰਘ ਇਕ ਸ੍ਰੇਸ਼ਠ ਸਮਾਜ ਸੁਧਾਰਕ ਵੀ ਸਨ। ਆਪ ਨੇ ਅਨੇਕ ਤਰ੍ਹਾਂ ਦੀਆਂ ਸਮਾਜ-ਸੁਧਾਰਕ ਸੰਸਥਾਵਾਂ ਦੀ ਸਥਾਪਨਾ ਵਿਚ ਯੋਗਦਾਨ ਪਾਇਆ, ਜਿਵੇਂ ਸੈਂਟਰਲ ਖ਼ਾਲਸਾ ਯਤੀਮਖ਼ਾਨਾ , ਸਿੱਖ ਐਜੂਕੇਸ਼ਨਲ ਕਮੇਟੀ, ਸੈਂਟਰਲ ਖ਼ਾਲਸਾ ਪ੍ਰਚਾਰਕ ਵਿਦਿਆਲਾ, ਗੁਰਦੁਆਰਾ ਹੇਮਕੁੰਟ ਟ੍ਰਸਟ , ਸੈਂਟਰਲ ਸੂਰਮਾ ਸਿੰਘ ਆਸ਼ਰਮ , ਪੰਜਾਬ ਐਂਡ ਸਿੰਧ ਬੈਂਕ ਆਦਿ। ਆਪ ਸਹਿਜ ਬਿਰਤੀ ਦੇ ਇਕ ਡੂੰਘੇ ਚਿੰਤਕ ਅਤੇ ਲੋਕਾਂ ਦੇ ਦੁੱਖਾਂ ਦਾ ਅਹਿਸਾਸ ਕਰਨ ਵਾਲੇ ਹਮਦਰਦ ਸਾਹਿਤਕਾਰ ਸਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)