ਇਕ ਅਦੀਬ ਦਾ ਕਥਨ ਹੈ ਕਿ ‘ਬਹਾਰ ਮੇਂ ਤੋਂ ਮੱਟੀ ਭੀ ਉਗਲ ਦੇਤੀ ਹੈ ਫੂਲ, ਅਗਰ ਮਰਦ ਹੈ ਤੋ ਖਿਜਾਂ ਮੇਂ ਬਹਾਰ ਪੈਦਾ ਕਰ।’ ਸੱਚਮੁੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਮਨੁੱਖਤਾ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਮੁਰਦਾ ਸਮਾਨ ਪਤਝੜ ਵਿੱਚੋਂ ਜਵਾਂਮਰਦੀ ਦੀ ਬਹਾਰ ਪੈਦਾ ਕੀਤੀ। ਜਾਤਾਂ-ਪਾਤਾਂ, ਵਰਨ-ਕੁਲ ਦੀਆਂ ਦੀਵਾਰਾਂ ਢਾਹ ਕੇ ਗੁਰ-ਪਰਮੇਸ਼ਰ ਨੇ ਤਲਵਾਰਾਂ ਦੀ ਨੋਕ ਨਾਲ ਚੁਣੇ ਗਏ ਪੰਜ ਪ੍ਰਤੀਨਿਧਾਂ ਨੂੰ ‘ਪੰਜ ਪਿਆਰੇ’ ਕਹਿ ਕੇ ਜਦੋਂ ਆਪਣਾ ਰੂਪ ਆਖਿਆ ਤਾਂ ਸਚਮੁੱਚ ਸੰਸਾਰਕ ਤਵਾਰੀਖ ਅੰਦਰ ਇਕ ਇਨਕਲਾਬੀ ਅਧਿਆਇ ਲਿਖਿਆ ਗਿਆ। ਹਨੇਰਿਆਂ ਦਿਲਾਂ ਅੰਦਰ ਧਰਮ ਦੀ ਰੋਸ਼ਨੀ ਪੈਦਾ ਕਰ ਦਿੱਤੀ। ਨੀਵੀਆਂ ਪਾ ਕੇ ਤੁਰਨ ਵਾਲੀ ਜ਼ਿੰਦਗੀ ਅਸਮਾਨੀ ਬਿਜਲੀਆਂ ਨਾਲ ਗੱਲਾਂ ਕਰਨ ਲੱਗ ਪਈ। ਜ਼ਾਲਮਾਂ ਦੀ ਦਹਿਸ਼ਤ ਤੋਂ ਡਰਨ ਵਾਲੇ ਨਿਰਬਲ ਮਜਬੂਰ ਅੰਮ੍ਰਿਤ ਛਕਣ ਤੋਂ ਬਾਅਦ ਜ਼ੁਲਮ ਦੇ ਖਿਲਾਫ ਲੜਨ ਲਈ ਤਿਆਰ ਹੋ ਪਏ। ਮਾਯੂਸੀ ਅਤੇ ਆਲਸ ਦੇ ਬਿਸਤਰੇ ਵਿਚ ਸੁੱਤੀ ਜਵਾਨੀ ਤਲਵਾਰਾਂ ਦੀਆਂ ਧਾਰਾਂ ’ਤੇ ਨੱਚਣ ਲਈ ਤਿਆਰ ਹੋ ਪਈ। ਐਸਾ ਕ੍ਰਿਸ਼ਮਾ ਸੀ ਜੋ ਗੁਰੂ ਕਲਗੀਆਂ ਵਾਲੇ ਨੇ ਕਰ ਵਿਖਾਇਆ।
ਪਰ ਯਾਦ ਰੱਖੋ, ਜਿੱਥੇ ਸਤਿਗੁਰਾਂ ਨੇ ਆਪਣੇ ਖਾਲਸੇ ਨੂੰ ਬਾਹਰਲੇ ਰੂਪ ਵਿਚ ਕੁੱਲ ਆਲਮ ਤੋਂ ਨਿਆਰਾ ਰੂਪ ਦਿੱਤਾ ਉਥੇ ਅੰਦਰਲੇ ਮਨੁੱਖ ਨੂੰ ਆਤਮਿਕ ਸ਼ਕਤੀ ਦੇਣ ਵਾਸਤੇ ਧਾਰਮਿਕ ਅਸੂਲਾਂ ਦਾ ਪਾਠ ਪੜ੍ਹਾਇਆ। ਮਨੁੱਖੀ ਜ਼ਿੰਦਗੀ ਨੂੰ ਖੰਡੇਧਾਰ ਦੀ ਪਾਹੁਲ ਤੋਂ ਬਾਅਦ ਜੀਵਨ-ਮਰਯਾਦਾ ਦੱਸੀ ਜਿਸ ਨੂੰ ਧਰਮ ਦੀ ਭਾਸ਼ਾ ਵਿਚ ਰਹਿਤ ਮਰਯਾਦਾ ਦਾ ਨਾਮ ਦਿੱਤਾ। ਰਹਿਤ ਮਰਯਾਦਾ ਵਿਚ ਪਰਪੱਕ ਰਹਿਣ ਵਾਲੇ ਆਸ਼ਕਾਂ ਬਾਰੇ ਗੁਰਦੇਵ ਨੇ ਕਿਹਾ,
ਜਬ ਲਗ ਖਾਲਸਾ ਰਹੈ ਨਿਆਰਾ,
ਤਬ ਲਗ ਤੇਜ ਦੀਓ ਮੈ ਸਾਰਾ॥
ਇਸ ਕਾਰਜ-ਸਿਧੀ ਲਈ ਗੁਰਦੇਵ ਨੇ ਸਭ ਤੋਂ ਪਹਿਲਾਂ ਹੁਕਮ ਲਾਇਆ ‘ਨਿਤਨੇਮ ਕਰਨ’ ਦਾ ਭਾਵ ਅੰਮ੍ਰਿਤ ਵੇਲੇ ਉੱਠ ਕੇ ਰੱਬੀ ਬਾਣੀ ਦੇ ਜਾਪ ਕਰਦਿਆਂ ਸੁਰਤਿ ਦੀ ਉਡਾਰੀ ਰਾਹੀਂ ਪ੍ਰਭੂ-ਬਖਸ਼ਿਸ਼ ਦਾ ਅਨੰਦ ਮਾਣਨਾ। ਵੈਸੇ ਵੇਖਿਆ ਜਾਵੇ ਤਾਂ ਪ੍ਰਭੂ-ਪਿਆਰਿਆਂ ਲਈ ਅੰਮ੍ਰਿਤ ਵੇਲੇ ਦੀ ਮਹੱਤਤਾ ਆਦਿ-ਕਾਲ ਤੋਂ ਬਣੀ ਆਉਂਦੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਇਸ ਦਾ ਖਾਸ ਜ਼ਿਕਰ ਹੈ। ਜਿਵੇਂ ਬਾਬਾ ਫਰੀਦ ਜੀ ਦਾ ਕਥਨ ਹੈ:
ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ॥
ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ॥ (ਪੰਨਾ 1383)
ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ:
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ (ਪੰਨਾ 2)
ਸ੍ਰੀ ਗੁਰੂ ਰਾਮਦਾਸ ਜੀ ਦਾ ਕਥਨ ਹੈ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ (ਪੰਨਾ 305)
ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਅੰਮ੍ਰਿਤ ਵੇਲੇ ਦੀ ਸੰਭਾਲ ਗੁਰਸਿੱਖ ਦੇ ਨਿਤ-ਕਰਮ ਦਾ ਹਿੱਸਾ ਹੀ ਬਣ ਗਈ।
ਡਾ. ਤਾਰਨ ਸਿੰਘ ਜੀ ਲਿਖਦੇ ਹਨ: “ਜਦੋਂ ਅੰਮ੍ਰਿਤ ਵੇਲੇ ‘ਸੱਚ ਨਾਉ’ ਦੁਆਰਾ ਵਡਿਆਈ ਵੀਚਾਰ ਹੁੰਦੀ ਹੈ। ਸਿੱਖ ਰੋਜ਼ਾਨਾ ਅਰਦਾਸ ਵਿਚ ਜਿਨ੍ਹਾਂ ਧਰਮੀ ਸ਼ਹੀਦ ਯੋਧਿਆਂ ਦਾ ਜ਼ਿਕਰ ਕਰਦਾ ਹੈ ਉਹ ਸਾਰੇ ਨਿਤਨੇਮੀ, ਧਰਮੀ, ਪਰਉਪਕਾਰੀ ਯੋਧੇ, ਮਰਯਾਦਾ ਪਰਸ਼ੋਤਮ ਸਨ। ਮੁੱਕਦੀ ਗੱਲ ਪੰਜ-ਕਕਾਰੀ ਵਰਦੀ ਕੋਈ ਵਿਖਾਵੇ ਦੀ ਫੈਸ਼ਨ-ਕਲਾ ਨਹੀਂ ਸਗੋਂ ਮਰਯਾਦਾ ਦੀ ਦੀਵਾਰ ਅੰਦਰ ਵਿਚਰਦੀ ਹੋਈ ਜੀਵਨ-ਜਾਚ ਹੈ ਜੋ ਜਨ-ਸਾਧਾਰਨ ਲਈ ਆਦਰਸ਼ਕ ਮਾਡਲ ਹੋ ਨਿੱਬੜਦੀ ਹੈ।
ਗੁਰੂ ਕੇ ਪਿਆਰ ਵਾਲਿਓ! ਅੰਮ੍ਰਿਤ ਛਕਣ ਵਾਸਤੇ ਪਹਿਲਾਂ ਮਾਨਸਿਕ ਤੌਰ ’ਤੇ ਗੁਰੂ ਨੂੰ ਸਮਰਪਿਤ ਹੋਣਾ ਜ਼ਰੂਰੀ ਹੈ। ਗੁਰਬਾਣੀ ਦੇ ਅਰਥ-ਭਾਵ ਸਮਝਣ ਲਈ ਗੁਰਬਾਣੀ ਸਟੀਕ, ਗੁਟਕੇ, ਪੁਸਤਕਾਂ ਨਿੱਤ ਪੜ੍ਹਨ ਦੀ ਆਦਤ ਪਾਓ। ਸਮੇਂ ਸਿਰ ਸੌਂ ਕੇ ਸਮੇਂ ਸਿਰ ਜਾਗ ਕੇ ਅੰਮ੍ਰਿਤ ਵੇਲੇ ਦੀ ਦਾਤ ਨੂੰ ਸੰਭਾਲੋ। ਰੋਜ਼ਾਨਾ ਅਰਦਾਸ ਵਿਚ ਪ੍ਰਭੂ-ਕਿਰਪਾ ਦੀ ਬੇਨਤੀ ਕਰੋ ਅਤੇ ਯਾਦ ਰੱਖੋ ਕਿ ਇਕ ਕਰਮਯੋਗੀ ਵਾਂਗ ਆਪਣੀ ਮੰਜ਼ਲ ਵੱਲ ਵਧਣਾ ਹੈ। ਕਾਹਲੀ ਵਿਚ ਵੱਡੀ ਪ੍ਰਾਪਤੀ ਦੀ ਆਸ ਨਹੀਂ ਰੱਖਣੀ। ਗੁਰੂ-ਬਖਸ਼ਿਸ਼ ਸਦਕਾ ਸਹਿਜੇ-ਸਹਿਜੇ ਅਨੰਦ ਦੀ ਪ੍ਰਾਪਤੀ ਹੋਣ ਲੱਗਦੀ ਤੇ ਗੁਰੂ ਆਪਣੇ ਆਪ ਧਰਮ ਮਰਯਾਦਾ ਵਿਚ ਸਹਾਈ ਹੁੰਦਾ ਹੈ। ਉਤਸ਼ਾਹ ਵਧਦਾ ਹੈ। ਜਿਵੇਂ ਕਿਸੇ ਦੁਕਾਨਦਾਰ ਨੂੰ ਖੱਟੀ ਹੋਣ ਲੱਗ ਪਏ ਤਾਂ ਉਹ ਸਮੇਂ ’ਤੇ ਦੁਕਾਨ ਖੋਲ੍ਹਣੀ ਸ਼ੁਰੂ ਦਿੰਦਾ ਹੈ, ਹੌਸਲਾ ਨਹੀਂ ਛੱਡਦਾ। ਅੰਮ੍ਰਿਤ ਵੇਲੇ ਕੀਤਾ ਨਿਤਨੇਮ ਇਕ ਖਾਣ ਹੈ ਜਿੱਥੋਂ ਇਕ ਦਿਨ ਨਾਮ ਦਾ ਹੀਰਾ ਪ੍ਰਾਪਤ ਹੋ ਜਾਂਦਾ ਹੈ। ਆਉ, ਅੰਮ੍ਰਿਤ ਛਕਣ ਤੋਂ ਬਾਅਦ ਰਹਿਤ ਮਰਯਾਦਾ ਮੁਤਾਬਿਕ ਅਮਲੀ ਜੀਵਨ ’ਤੇ ਪਹਿਰਾ ਦੇ ਕੇ ਸੰਸਾਰਿਕ ਜੀਵਾਂ ਦੇ ਕਾਫਲੇ ਦੇ ਮੋਹਰੀ ਬਣ ਕੇ ਵਿਚਰੀਏ।
ਲੇਖਕ ਬਾਰੇ
- ਭਾਈ ਜੋਗਾ ਸਿੰਘ ਭਾਗੋਵਾਲੀਆhttps://sikharchives.org/kosh/author/%e0%a8%ad%e0%a8%be%e0%a8%88-%e0%a8%9c%e0%a9%8b%e0%a8%97%e0%a8%be-%e0%a8%b8%e0%a8%bf%e0%a9%b0%e0%a8%98-%e0%a8%ad%e0%a8%be%e0%a8%97%e0%a9%8b%e0%a8%b5%e0%a8%be%e0%a8%b2%e0%a9%80%e0%a8%86/August 1, 2009
- ਭਾਈ ਜੋਗਾ ਸਿੰਘ ਭਾਗੋਵਾਲੀਆhttps://sikharchives.org/kosh/author/%e0%a8%ad%e0%a8%be%e0%a8%88-%e0%a8%9c%e0%a9%8b%e0%a8%97%e0%a8%be-%e0%a8%b8%e0%a8%bf%e0%a9%b0%e0%a8%98-%e0%a8%ad%e0%a8%be%e0%a8%97%e0%a9%8b%e0%a8%b5%e0%a8%be%e0%a8%b2%e0%a9%80%e0%a8%86/June 1, 2010