editor@sikharchives.org

ਸ੍ਰੀ ਗੁਰੂ ਅੰਗਦ ਦੇਵ ਜੀ

ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਆਪਣੇ ਅੰਗ ਲਗਾ ਕੇ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਜਨਮ 5 ਵੈਸਾਖ 1561 ਬਿਕ੍ਰਮੀ ਨੂੰ ਪਿੰਡ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਵਿਚ ਹੋਇਆ। ਇਸ ਪਿੰਡ ਦਾ ਮੌਜੂਦਾ ਨਾਮ ਸਰਾਏ ਨਾਗਾ ਹੈ। ਗੁਰੂ ਸਾਹਿਬ ਜੀ ਦੇ ਪਿਤਾ ਦਾ ਨਾਮ ਬਾਬਾ ਫੇਰੂ ਮੱਲ ਅਤੇ ਮਾਤਾ ਦਾ ਨਾਮ ਮਾਤਾ ਦਇਆ ਕੌਰ ਸੀ। ਬਚਪਨ ਵਿਚ ਮਾਪਿਆਂ ਨੇ ਆਪ ਜੀ ਦਾ ਨਾਮ ਲਹਿਣਾ ਰੱਖਿਆ।

ਗੁਰਤਾ ਗੱਦੀ ਮਿਲਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੂੰ ਭਾਈ ਲਹਿਣਾ ਜੀ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀ। ਪਿਤਾ ਬਾਬਾ ਫੇਰੂ ਮੱਲ ਜੀ ਵਪਾਰ ਦਾ ਕੰਮ ਕਰਦੇ ਸਨ। ਘਰ ਵਿਚ ਗ਼ਰੀਬੀ ਹੋਣ ਕਾਰਨ ਚੰਗੇ ਕਾਰੋਬਾਰ ਦੀ ਭਾਲ ਵਿਚ ਬਾਬਾ ਫੇਰੂ ਮੱਲ ਜੀ ਪਰਵਾਰ ਸਮੇਤ ਖਡੂਰ ਸਾਹਿਬ ਵਿਖੇ ਆਪਣੀ ਭੈਣ ਬੀਬੀ ਸਭਰਾਈ ਜੀ ਕੋਲ ਆ ਗਏ, ਜੋ ਖਡੂਰ ਸਾਹਿਬ ਵਿਖੇ ਵਿਆਹੀ ਹੋਈ ਸੀ। ਇਥੇ ਹੀ ਪੰਦਰ੍ਹਾਂ ਸਾਲ ਦੀ ਉਮਰ ਵਿਚ ਗੁਰੂ ਸਾਹਿਬ ਜੀ ਦਾ ਵਿਆਹ ਪਿੰਡ ਸੰਘਰ (ਅੰਮ੍ਰਿਤਸਰ) ਦੇ ਰਹਿਣ ਵਾਲੇ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ। ਗੁਰੂ ਸਾਹਿਬ ਜੀ ਦੇ ਘਰ ਦੋ ਪੁੱਤਰ ਬਾਬਾ ਦਾਸੂ ਜੀ, ਬਾਬਾ ਦਾਤੂ ਜੀ ਅਤੇ ਦੋ ਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਪੈਦਾ ਹੋਈਆਂ। ਆਪ ਜੀ ਦੇ ਪਿਤਾ ਹਰ ਸਾਲ ਵੈਸ਼ਨੋ ਦੇਵੀ ਦੀ ਯਾਤਰਾ ’ਤੇ ਸੰਗ ਲੈ ਕੇ ਜਾਂਦੇ ਸਨ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਇਹ ਕੰਮ ਆਪ ਕਰਨ ਲੱਗੇ। ਇਕ ਦਿਨ ਅੰਮ੍ਰਿਤ ਵੇਲੇ ਆਪ ਬਾਹਰ ਇਸ਼ਨਾਨ ਕਰਨ ਲਈ ਗਏ ਤਾਂ ਉਨ੍ਹਾਂ ਦਾ ਮਿਲਾਪ ਭਾਈ ਜੋਧ ਜੀ ਨਾਲ ਹੋ ਗਿਆ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਕਰ ਰਹੇ ਸਨ। ਉਨ੍ਹਾਂ ਦੇ ਮਨ ਨੂੰ ਬਾਣੀ ਸੁਣ ਕੇ ਖਿੱਚ ਵੱਜੀ ਅਤੇ ਭਾਈ ਜੋਧ ਜੀ ਤੋਂ ਇਸ ਬਾਰੇ ਸੁਣਿਆ ਕਿ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਤਾਂ ਭਾਈ ਲਹਿਣਾ ਜੀ ਦੇ ਮਨ ਵਿਚ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਦੀ ਤਾਂਘ ਪੈਦਾ ਹੋਈ। ਸੰਨ 1532 ਈ. ਵਿਚ ਜਦੋਂ ਭਾਈ ਲਹਿਣਾ ਜੀ ਕਰਤਾਰਪੁਰ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਗਏ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਉਪਰੰਤ ਭਾਈ ਲਹਿਣਾ ਜੀ ਉੱਪਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀਆਂ ਸ਼ੁਭ ਗੁਣਾਂ ਵਾਲੀਆਂ ਸਿੱਖਿਆਵਾਂ ਦਾ ਇਤਨਾ ਡੂੰਘਾ ਅਸਰ ਹੋਇਆ ਕਿ ਆਪ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਬਣ ਗਏ। ਆਪ ਜੀ ਨੇ ਆਪਣੇ ਸਾਥੀਆਂ ਨੂੰ ਇਥੋਂ ਤਕ ਕਹਿ ਦਿੱਤਾ ਕਿ ਮੈਨੂੰ ਹੁਣ ਹੋਰ ਕਿਸੇ ਵੀ ਯਾਤਰਾ ਦੀ ਕੋਈ ਲੋੜ ਨਹੀਂ। ਮੈਨੂੰ ਤਾਂ ਅਸਲੀ ਮਾਰਗ ਮਿਲ ਗਿਆ ਹੈ। ਇਸ ਲਈ ਤੁਸੀਂ ਜਾ ਸਕਦੇ ਹੋ। ਇਸ ਘਟਨਾ ਤੋਂ ਬਾਅਦ ਭਾਈ ਲਹਿਣਾ ਜੀ ਨੇ ਹਮੇਸ਼ਾਂ ਲਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੋਲ ਰਹਿਣਾ ਸ਼ੁਰੂ ਕਰ ਦਿੱਤਾ। ਭਾਈ ਲਹਿਣਾ ਜੀ ਉਸ ਤੋਂ ਬਾਅਦ 7 ਸਾਲ ਗੁਰੂ ਜੀ ਦੀ ਸੇਵਾ ਵਿਚ ਰਹੇ। ਭਾਈ ਲਹਿਣਾ ਜੀ ਰਾਤ-ਦਿਨ ਹੀ ਸੇਵਾ ਵਿਚ ਲੱਗੇ ਰਹਿੰਦੇ, ਗੁਰੂ ਸਾਹਿਬ ਜੀ ਦਾ ਉਪਦੇਸ਼ ਨਿਤਾਪ੍ਰਤੀ ਸੁਣਦੇ ਅਤੇ ਗੁਰੂ ਸਾਹਿਬ ਜੀ ਵੱਲੋਂ ਕੀਤੇ ਹਰ ਹੁਕਮ ਨੂੰ ਆਪਣਾ ਸੁਭਾਗ ਸਮਝ ਕੇ ਬਹੁਤ ਹੀ ਖੁਸ਼ੀ ਨਾਲ ਕਰਦੇ। ਇਹੋ ਕਾਰਨ ਸੀ ਕਿ ਭਾਈ ਲਹਿਣਾ ਜੀ ਗੁਰੂ ਸਾਹਿਬ ਜੀ ਨੂੰ ਸਭ ਤੋਂ ਵੱਧ ਪਿਆਰੇ ਲੱਗਦੇ ਸਨ। ਗੁਰੂ ਨਾਨਕ ਸਾਹਿਬ ਜੀ ਆਪਣਾ ਕੋਈ ਯੋਗ ਉੱਤਰਾਧਿਕਾਰੀ ਨਿਯੁਕਤ ਕਰਨਾ ਚਾਹੁੰਦੇ ਸਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਆਪਣੇ ਸਿੱਖਾਂ ਅਤੇ ਪੁੱਤਰਾਂ ਦੀਆਂ ਬਹੁਤ ਹੀ ਕਠਿਨ ਪ੍ਰੀਖਿਆਵਾਂ ਲਈਆਂ ਗਈਆਂ। ਜਿਵੇਂ ਗੁਰੂ ਜੀ ਨੇ ਅੱਧੀ ਰਾਤ ਸਮੇਂ ਮੋਹਲੇਧਾਰ ਹੋ ਰਹੀ ਵਰਖਾ ਵਿਚ ਆਪਣੇ ਪੁੱਤਰਾਂ ਤੇ ਸਿੱਖਾਂ ਨੂੰ ਢਹਿ ਚੁਕੀ ਕੱਚੀ ਕੰਧ ਬਣਾਉਣ ਲਈ ਕਿਹਾ, ਸਾਰਿਆਂ ਨੇ ਨਾਂਹ ਕਰ ਦਿੱਤੀ। ਜਦੋਂ ਗੁਰੂ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਹੁਕਮ ਕੀਤਾ ਤਾਂ ਭਾਈ ਲਹਿਣਾ ਜੀ ਨੇ ਤਤਛਿਨ ਹੀ ਗੁਰੂ ਜੀ ਦਾ ਹੁਕਮ ਮੰਨ ਕੇ ਢਹਿ ਚੁਕੀ ਕੰਧ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਪ੍ਰੀਖਿਆ ਵਿੱਚੋਂ ਭਾਈ ਲਹਿਣਾ ਜੀ ਹੀ ਪਾਸ ਹੋਏ। ਸਿਆਲ ਦੀ ਰੁੱਤੇ ਬਸਤਰ ਧੋਣ, ਧਰਮਸ਼ਾਲਾ ਵਿੱਚੋਂ ਮਰੀ ਹੋਈ ਚੂਹੀ ਬਾਹਰ ਸੁੱਟਣ, ਖੇਤਾਂ ਵਿੱਚੋਂ ਚਿੱਕੜ ਨਾਲ ਚੋਅ ਰਹੇ ਨਦੀਨ ਦੀ ਪੰਡ ਨੂੰ ਚੁੱਕਣ ਅਤੇ ਚਿੱਕੜ ਵਿੱਚੋਂ ਡਿੱਗੇ ਹੋਏ ਕਟੋਰੇ ਨੂੰ ਬਾਹਰ ਕੱਢਣ ਵਾਲੀਆਂ ਆਦਿ ਸਾਰੀਆਂ ਹੀ ਪ੍ਰੀਖਿਆਵਾਂ ਵਿੱਚੋਂ ਭਾਈ ਲਹਿਣਾ ਜੀ ਹੀ ਸਫਲ ਹੋਏ ਸਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਆਪਣੇ ਅੰਗ ਲਗਾ ਕੇ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ। ਸਾਰੀ ਸੰਗਤ ਸਾਹਮਣੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਬਖਸ਼ ਕੇ ਮੱਥਾ ਟੇਕਿਆ ਅਤੇ ਬਾਣੀ ਦੀ ਪੋਥੀ ਵੀ ਸੌਂਪ ਦਿੱਤੀ।

ਗੁਰੂ ਬਣਨ ਪਿੱਛੋਂ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਆ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗੇ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਗੁਰਿਆਈ ਸਮੇਂ ਦੌਰਾਨ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ। ਗੁਰਮੁਖੀ ਦੇ ਬਾਲ-ਬੋਧ ਲਿਖਵਾ ਕੇ ਬੱਚਿਆਂ ਨੂੰ ਵੰਡੇ। ਗੁਰਮੁਖੀ ਲਿਪੀ ਦੀ ਵਰਤੋਂ ਨੇ ਪੁਜਾਰੀ ਸ਼੍ਰੇਣੀ ਦੀ ਪ੍ਰਮੁੱਖਤਾ ਨੂੰ ਵੀ ਕਰਾਰੀ ਚੋਟ ਮਾਰੀ ਜਿਨ੍ਹਾਂ ਦੀ ਮਹੱਤਤਾ ਉਨ੍ਹਾਂ ਦੀ ਸੰਸਕ੍ਰਿਤ ਦੇ ਗਿਆਨ ’ਤੇ ਆਧਾਰਿਤ ਸੀ, ਜਿਹੜੀ ਉਸ ਸਮੇਂ ਤਕ ਧਰਮ ਦੀ ਭਾਸ਼ਾ ਰਹੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਸਰੀਰਿਕ ਪੱਖੋਂ ਤਕੜੇ ਬਣਾਉਣ ਲਈ ਮੱਲ ਅਖਾੜਾ ਵੀ ਕਾਇਮ ਕੀਤਾ, ਜਿੱਥੇ ਗੁਰੂ ਸਾਹਿਬ ਆਪਣੀ ਨਿਗਰਾਨੀ ਹੇਠ ਕੁਸ਼ਤੀਆਂ ਕਰਵਾਉਂਦੇ ਸਨ। ਲੰਗਰ ਦੀ ਪ੍ਰਥਾ ਨੂੰ ਹੋਰ ਵੀ ਮਜ਼ਬੂਤ ਕੀਤਾ। ਲੰਗਰ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਮਾਤਾ ਖੀਵੀ ਜੀ ਨੂੰ ਸੌਂਪੀ। ਲੰਗਰ ਵਿਚ ਦੁੱਧ ਅਤੇ ਘਿਉ ਵਿਚ ਬਣੀ ਖੀਰ ਖਾਣ ਨੂੰ ਮਿਲਦੀ ਸੀ, ਜਿਸ ਦਾ ਜ਼ਿਕਰ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਆਪਣੀ ਵਾਰ ਵਿਚ ਇਸ ਤਰ੍ਹਾਂ ਕੀਤਾ ਹੈ:

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਪੰਨਾ 967)

ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਘਟਨਾਵਾਂ ਨੂੰ ਲਿਖਵਾਉਣ ਦਾ ਮਹੱਤਵਪੂਰਨ ਕਾਰਜ ਕੀਤਾ। ਗੁਰੂ ਸਾਹਿਬ ਜੀ ਨੇ ਜਾਤ-ਪਾਤ ਦਾ ਡੱਟ ਕੇ ਵਿਰੋਧ ਕੀਤਾ। ਗੁਰੂ ਸਾਹਿਬ ਜੀ ਦੇ ਮਨ ਵਿਚ ਕਿਸੇ ਕਿਸਮ ਦਾ ਭੈ ਨਹੀਂ ਸੀ। ਗੁਰੂ ਸਾਹਿਬ ਜੀ ਦੀ ਨਿਰਭੈ ਹੋਣ ਦੀ ਮਿਸਾਲ ਹਮਾਯੂੰ ਨਾਲ ਹੋਏ ਵਾਰਤਾਲਾਪ ਤੋਂ ਭਲੀਭਾਂਤ ਮਿਲਦੀ ਹੈ। ਗੁਰੂ ਸਾਹਿਬ ਜੀ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਦਮਾਨ ਹੈ।

ਸੰਮਤ 1597 ਵਿਚ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਸਾਹਿਬ ਜੀ ਦੀ ਸ਼ਰਨ ਵਿਚ ਆਏ ਜਿਨ੍ਹਾਂ ਨੇ ਆਪਣੀ ਸੇਵਾ ਤੇ ਘਾਲ ਕਮਾਈ ਕਰਕੇ ਗੁਰੂ ਜੀ ਦਾ ਮਨ ਜਿੱਤ ਲਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਹੀ ਸਿੱਖ ਧਰਮ ਨਾਲ ਈਰਖਾ ਰੱਖਣ ਵਾਲੇ ਪਾਖੰਡੀ ਤਪੇ ਸ਼ਿਵ ਨਾਥ ਦਾ ਪਾਜ ਉਘੇੜਿਆ ਸੀ। ਗੁਰੂ ਸਾਹਿਬ ਜੀ ਆਪਣੇ ਗੁਜ਼ਾਰੇ ਲਈ ਮੁੰਞ ਦਾ ਵਾਣ ਵੱਟ ਕੇ ਹੱਥੀਂ ਕਿਰਤ ਕਰਕੇ ਆਪਣੇ ਸਿੱਖਾਂ ਲਈ ਮਾਰਗ-ਦਰਸ਼ਕ ਬਣੇ। ਸੰਗਤਾਂ ਤੋਂ ਆਈ ਭੇਟਾ ਸਾਂਝੇ ਕਾਰਜਾਂ ਲਈ ਹੀ ਵਰਤੀ ਜਾਂਦੀ ਸੀ।

ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਚੁਣਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗ ਹੀ ਆਪਣੇ ਪੁੱਤਰਾਂ ਅਤੇ ਸਿੱਖਾਂ ਨੂੰ ਬੜੀ ਕਰੜੀ ਪ੍ਰੀਖਿਆ ਵਿੱਚੋਂ ਦੀ ਲੰਘਾਇਆ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਆਪਣੀ ਥਾਂ ਦੇਣ ਲਈ ਸਭ ਤੋਂ ਯੋਗ ਪੁਰਸ਼ ਸਮਝਿਆ। ਸ੍ਰੀ ਗੁਰੂ ਅੰਗਦ ਦੇਵ ਜੀ 3 ਵੈਸਾਖ ਸੰਮਤ ਨਾਨਕਸ਼ਾਹੀ 84 ਅਨੁਸਾਰ 29 ਮਾਰਚ, 1552 ਈ. ਨੂੰ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਤਾਗੱਦੀ ਬਖਸ਼ ਕੇ ਖਡੂਰ ਸਾਹਿਬ ਵਿਖੇ ਜੋਤੀ ਜੋਤਿ ਸਮਾ ਗਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਰੂਫ ਰੀਡਰ -ਵਿਖੇ: ਗੁਰਮਤਿ ਪ੍ਰਕਾਸ਼
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)