ਸਲੋਕ ਸਹਸਕ੍ਰਿਤੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1353-60 ’ਤੇ ਦਰਜ ਹੈ, ਜਿਨ੍ਹਾਂ ਵਿੱਚੋਂ ਪਹਿਲੇ ਚਾਰ ਸਲੋਕ ਪਹਿਲੇ ਪਾਤਸ਼ਾਹ ਜੀ ਦੇ ਤੇ ਅਗਲੇ ਸਤਾਹਠ ਸਲੋਕ ਪੰਚਮ ਪਾਤਸ਼ਾਹ ਜੀ ਦੇ ਹਨ। ਸਲੋਕ ਸਹਸਕ੍ਰਿਤੀ ਬਾਰੇ ਜਾਣਨ ਤੋਂ ਪਹਿਲਾਂ ਸਹਸਕ੍ਰਿਤੀ ਬਾਰੇ ਜਾਣਨਾ ਅਤਿ ਜ਼ਰੂਰੀ ਹੈ, ‘ਸਹਸਕ੍ਰਿਤੀ’ ਸ਼ਬਦ ਪੜ੍ਹਨ ’ਤੇ ਇਉਂ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਇਹ ‘ਸੰਸਕ੍ਰਿਤ’ ਭਾਸ਼ਾ ਹੋਵੇ ਪਰ ਸੰਸਕ੍ਰਿਤ ਤੋਂ ਭਾਵ ਹੈ ਸਮ+ਕ੍ਰਿਤ। ਜੋ ਵਿਆਕਰਣ ਆਦਿ ਪ੍ਰਬੰਧ ਨਾਲ ਬੰਨ੍ਹ ਕੇ ਰਚੀ ਜਾਵੇ ਜਾਂ ਇਉਂ ਕਹਿ ਲਉ ਕਿ ਜੋ ਪ੍ਰਯਤਨ ਕਰਕੇ ਰਚੀ ਜਾਵੇ। ਸਹਸਕ੍ਰਿਤੀ ਤੋਂ ਭਾਵ ਹੈ ਸਹਜੇ ਰਚੀ ਸੁਖੱਲੀ ਰਚੀ ਕ੍ਰਿਤ। ਸਹਸਕ੍ਰਿਤੀ ਪ੍ਰਾਕ੍ਰਿਤ ਭਾਸ਼ਾ ਕਹੀ ਜਾ ਸਕਦੀ ਹੈ ਜੋ ਸੰਸਕ੍ਰਿਤ ਨਾਲ ਮਿਲਦੀ-ਜੁਲਦੀ ਹੈ। ਸੰਸਕ੍ਰਿਤ ਨੂੰ ਵਿਦਵਾਨਾਂ ਜਾਂ ਪੰਡਤਾਂ ਦੀ ਬੋਲੀ ਵੀ ਕਿਹਾ ਗਿਆ ਹੈ ਜਿਸ ਵਿਚ ਅਨੇਕਾਂ ਵੇਦ, ਸ਼ਾਸਤਰ ਆਦਿ ਲਿਖੇ ਗਏ ਪਰ ਉਹ ਆਮ ਵਿਅਕਤੀ ਦੀ ਸਮਝ ਤੋਂ ਬਾਹਰ ਹਨ। ਸਮੇਂ ਅਨੁਸਾਰ ਬੋਲੀ ਜਾਂ ਭਾਸ਼ਾ ਬਦਲਦੀ ਰਹੀ ਹੈ, ਪਹਿਲਾਂ ਸੰਸਕ੍ਰਿਤ ਬੋਲੀ ਜਾਂਦੀ ਸੀ, ਔਖੀ ਭਾਸ਼ਾ ਹੋਣ ਕਾਰਨ ਉਹ ਆਪਣਾ ਰੂਪ ਬਦਲਣ ਲੱਗੀ। ਪੰਜਾਬ ’ਤੇ ਆਰੀਆ ਹਮਲੇ, ਯੂਨਾਨੀ, ਸ਼ਕ ਆਦਿ ਕੌਮਾਂ ਦੇ ਹਮਲੇ ਤੇ ਉਨ੍ਹਾਂ ਦੇ ਮੇਲ-ਜੋਲ ਨਾਲ ਸੰਸਕ੍ਰਿਤ ਭਾਸ਼ਾ ਵਿਚ ਅਨੇਕਾਂ ਪਦ ਇਨ੍ਹਾਂ ਦੀਆਂ ਬੋਲੀਆਂ ਦੇ ਰਲ ਗਏ। ਭਾਵੇਂ ਇਸ ਭਾਸ਼ਾ ਵਿਚ ਬਹੁਲਤਾ ਸੰਸਕ੍ਰਿਤ ਪਦਾਂ ਵਾਲੀ ਰਹੀ ਪਰ ਇਸ ਭਾਸ਼ਾ ਦਾ ਨਾਮ ਪ੍ਰਾਕ੍ਰਿਤ ਪਿਆ ਤੇ ਇਹ ਪ੍ਰਾਕ੍ਰਿਤ ਭਾਸ਼ਾ ਆਮ ਤੌਰ ’ਤੇ ਨਾਟਕਾਂ ਆਦਿ ਵਿਚ ਵਰਤੀ ਗਈ। ਇਸ ਪ੍ਰਾਕ੍ਰਿਤ ਭਾਸ਼ਾ ਵਿਚ ਕਈ ਗ੍ਰੰਥ ਲਿਖੇ ਗਏ।
ਸਮੇਂ ਦੇ ਫੇਰ ਤੋਂ ਬਾਅਦ ਜੋ ਪ੍ਰਾਕ੍ਰਿਤ ਭਾਸ਼ਾ ਦਾ ਰੂਪ ਬਣਿਆ ਤੇ ਪੁਰਾਤਨ ਪੰਜਾਬੀ ਤੋਂ ਪਹਿਲਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਕਸਰ ਵਰਤੀ ਗਈ ਹੈ ਜੋ ਸਤਿਗੁਰਾਂ ਨੇ ਸਹਸਕ੍ਰਿਤੀ ਕਰਕੇ ਲਿਖੀ ਹੈ, ਇਹ ਬੋਲੀ ਸਾਧੂ-ਸੰਤ ਵਰਤਦੇ ਸਨ, ਜਿਵੇਂ ਅੱਜਕਲ੍ਹ ਵੀ ਸਾਧੂ ਲੋਕ ਠੇਠ ਪੰਜਾਬੀ ਨਹੀਂ ਬੋਲਦੇ, ਉਹ ਆਪਣੇ ਲਿਖਣ ਤੇ ਬੋਲਣ ਵਿਚ ਸੰਸਕ੍ਰਿਤ, ਬ੍ਰਿਜ ਭਾਸ਼ਾ ਤੇ ਪੰਜਾਬੀ ਮਿਲਾ ਕੇ ਬੋਲਦੇ ਹਨ। ਇਸ ਲਈ ਇਸ ਨੂੰ ਸਾਧ ਭਾਖਾ ਕਿਹਾ ਜਾਂਦਾ ਹੈ ਇਵੇਂ ਹੀ ਸਹਸਕ੍ਰਿਤ ਨੂੰ ਸਾਧ ਭਾਖਾ ਕਹਿ ਲਿਆ ਜਾਵੇ ਤਾਂ ਕੋਈ ਅਸਚਰਜ ਨਹੀਂ। ਇਸ ਨੂੰ ਗਾਥਾ ਵੀ ਕਿਹਾ ਜਾਂਦਾ ਹੈ।
ਵੱਖ-ਵੱਖ ਭਾਸ਼ਾਵਾਂ ਦੇ ਗ੍ਰੰਥ ਪੜ੍ਹਨ-ਪੜ੍ਹਾਉਣ ਦਾ ਰਿਵਾਜ ਗੁਰੂ ਸਾਹਿਬ ਦੇ ਸਮੇਂ ਤਕ ਚੱਲ ਰਿਹਾ ਪ੍ਰਤੀਤ ਹੁੰਦਾ ਹੈ ਕਿਉਂਕਿ ਗੁਰੂ ਜੀ ਨੇ ਇਸ ਬਾਰੇ ਆਪ ਲਿਖਿਆ ਹੈ:
ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ॥ (ਪੰਨਾ 876)
ਗੁਰੂ ਸਾਹਿਬ ਜੀ ਦੀ ਰਚੀ ਇਹ ਰਚਨਾ ਵਿਆਕਰਣ ਦੇ ਸੂਤ੍ਰਾਂ ਹੇਠ ਨਹੀਂ ਤੁਰਦੀ ਦਿੱਸਦੀ ਤੇ ਉਹ ਅਲੱਗ ਹੀ ਆਪਣੇ ਕਾਇਦਿਆਂ ’ਤੇ ਤੁਰਦੀ ਨਜ਼ਰ ਆਉਂਦੀ ਹੈ। ਸਹਸਕ੍ਰਿਤੀ ਸਲੋਕ ਇਸ ਵੱਖਰੀ ਗੁੰਮ ਹੋ ਚੁੱਕੀ ਸਾਧ ਭਾਸ਼ਾ ਦਾ ਅਤਿ ਸੁੰਦਰ ਨਮੂਨਾ ਹੈ। ਸਤਿਗੁਰਾਂ ਨੇ ਇਸ ਬੋਲੀ ਦਾ ਵੱਖਰਾਪਣ ਦਰਸਾਉਣ ਹਿਤ ਹੀ ਇਨ੍ਹਾਂ ਉੱਪਰ ‘ਸਹਸਕ੍ਰਿਤੀ’ ‘ਗਾਥਾ’ ਲਿਖ ਦਿੱਤਾ ਹੈ।
ਸਲੋਕ ਸਹਸਕ੍ਰਿਤੀ ਦੇ ਉਚਾਰਨ ਬਾਰੇ ਕਿਹਾ ਜਾਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਭੁੱਲੇ-ਭਟਕੇ ਲੋਕਾਂ ਦਾ ਕਲਿਆਣ ਕਰਦੇ ਵੱਖ-ਵੱਖ ਅਸਥਾਨਾਂ ’ਤੇ ਗਏ, ਜਿਨ੍ਹਾਂ ਨੂੰ ਉਦਾਸੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੰਸਾਰਿਕ ਜੀਵਾਂ ਨੂੰ ਸਿੱਧੇ ਰਾਹ ਪਾਉਂਦੇ ਜਦ ਕਾਸ਼ੀ ਨਗਰ ਵਿਖੇ ਪਹੁੰਚੇ ਤਾਂ ਕੀ ਵੇਖਦੇ ਹਨ ਕਿ ਪੰਡਤ ਥਾਂ-ਥਾਂ ਗੱਦੀਆਂ ਲਾ ਕੇ ਭੋਲੇ-ਭਾਲੇ ਲੋਕਾਂ ਨੂੰ ਧਰਮ ਦੇ ਨਾਂ ’ਤੇ ਠੱਗੀ ਜਾ ਰਹੇ ਹਨ। ਇਨ੍ਹਾਂ ਪੰਡਤਾਂ ਵਿੱਚੋਂ ਗੋਪਾਲ ਦੱਤ ਨਾਮੀ ਪੰਡਤ ਸਭ ਤੋਂ ਜ਼ਿਆਦਾ ਮੂਰਤੀਆਂ ਰੱਖ ਕੇ ਬੈਠਾ ਹੋਇਆ ਸੀ। ਗੁਰੂ ਸਾਹਿਬ ਬਗ਼ੈਰ ਪੈਰ ਧੋਤੇ ਉਸ ਦੀ ਪੂਜਾ ਵਿਚ ਜਾ ਬੈਠੇ, ਜਿਸ ’ਤੇ ਪੰਡਤ ਗੋਪਾਲ ਦੱਤ ਤੇ ਉਸ ਦੇ ਸਾਥੀ ਪੰਡਤ ਕ੍ਰੋਧ ਵਿਚ ਆ ਕੇ ਗੁਰੂ ਸਾਹਿਬ ਨੂੰ ਆਖਣ ਲੱਗੇ ਕਿ ਤੁਸਾਂ ਸਾਡੀ ਪੂਜਾ ਭ੍ਰਸ਼ਟ ਕਰ ਦਿੱਤੀ ਹੈ। ਸਾਹਿਬਾਂ ਨੇ ਉੱਤਰ ਦਿੱਤਾ ਕਿ ਇਸ ਪਾਖੰਡ ਦੀ ਪੂਜਾ ਨੇ ਤੁਹਾਡਾ ਕਲਿਆਣ ਨਹੀਂ ਕਰਨਾ। ਇਸ ’ਤੇ ਪੰਡਤ ਸ਼ਾਂਤ ਹੋ ਗਏ ਤੇ ਗੁਰੂ ਜੀ ਨੂੰ ਕਲਿਆਣ ਕਰਨ ਹਿਤ ਉਪਦੇਸ਼ ਦੇਣ ਲਈ ਕਿਹਾ। ਗੁਰੂ ਸਾਹਿਬ ਨੇ ਗੋਪਾਲ ਦੱਤ ਪੰਡਤ ਦੀ ਪ੍ਰਥਾਇ, ਸਭ ਨੂੰ ਸੁਣਾਉਂਦੇ ਹੋਏ ਸੰਸਾਰ ਦੇ ਜੀਵਾਂ ਦੀ ਕਲਿਆਣ ਕਰਨ ਲਈ ਚਾਰ ਸਲੋਕਾਂ ਦਾ ਉਚਾਰਨ ਕੀਤਾ ਜੋ ਸਹਸਕ੍ਰਿਤੀ ਭਾਸ਼ਾ ਵਿਚ ਉਚਾਰੇ ਗਏ। ਇਸ ਦੀ ਉਗਾਹੀ ਪ੍ਰਸਿੱਧ ਪੁਰਾਤਨ ਟੀਕਾ ਫਰੀਦਕੋਟੀ ਵਿੱਚੋਂ ਮਿਲਦੀ ਹੈ।
ਪੰਡਤ ਗੋਪਾਲ ਦੱਤ ਤੇ ਉਸ ਦੇ ਸਾਥੀ ਪੰਡਤ ਜੋ ਪੰਡਤਾਈ ਦੇ ਹੰਕਾਰ ਵਿਚ ਭਰੇ ਹੋਏ ਸਨ ਗੁਰੂ ਸਾਹਿਬ ਨਾਲ ਗਿਆਨ-ਚਰਚਾ ਕਰਨ ਹਿਤ ਆਏ। ਸਤਿਗੁਰੂ ਸਾਹਿਬ ਅੱਗੇ ਉਨ੍ਹਾਂ ਦੀ ਵਿਦਵਤਾ ਟਿਕ ਨਾ ਸਕੀ ਤੇ ਗੁਰੂ ਜੀ ਨੇ ਉਨ੍ਹਾਂ ਦੀ ਹੰਕਾਰ-ਨਵਿਰਤੀ ਲਈ ਸੰਸਾਰ ਤਾਰਨ ਹਿਤ ਚਾਰ ਸਲੋਕਾਂ ਦਾ ਉਚਾਰਨ ਕੀਤਾ। ਅਜਿਹੀ ਧਾਰਨਾ ਸੰਤ ਕਿਰਪਾਲ ਸਿੰਘ ਜੀ ਸੱਤੋ ਵਾਲੀ ਗਲੀ ਅੰਮ੍ਰਿਤਸਰ ਦੇ ‘ਅਮੀਰ ਭੰਡਾਰ ਪੋਥੀ ਨੰਬਰ ਦਸ’ ਵਿਚ ਮਿਲਦੀ ਹੈ। ਗੁਰੂ ਜੀ ਦੀ ਵਿਦਵਤਾ ਨੂੰ ਨਤਮਸਤਕ ਹੁੰਦਿਆਂ ਇਨ੍ਹਾਂ ਸਲੋਕਾਂ ਨੂੰ ਗੋਪਾਲ ਦੱਤ ਨੇ ‘ਚਤੁਰ ਸਲੋਕੀ ਗੀਤਾ’ ਦਾ ਨਾਮ ਵੀ ਦਿੱਤਾ ਹੈ।
ਸਲੋਕ ਸਹਸਕ੍ਰਿਤੀ ਮਹਲਾ 5 ਦੇ ਉਚਾਰਨ ਸੰਬੰਧੀ ਫਰੀਦਕੋਟੀ ਟੀਕਾ, ਅਮੀਰ ਭੰਡਾਰ, ਗਿਆਨੀ ਮਨੀ ਸਿੰਘ ਜੀ ਦਾ ਟੀਕਾ ਸਿਧਾਂਤਕ ਸਟੀਕ, ਗਿਆਨੀ ਹਰਬੰਸ ਸਿੰਘ ਜੀ ਦਾ ਟੀਕਾ ਦਰਸ਼ਨ ਨਿਰਣੈ, ਦਮਦਮੀ ਟਕਸਾਲ ਦਾ ਗੁਰਬਾਣੀ ਪਾਠ ਦਰਸ਼ਨ ਤੇ ਗੁਰਬਾਣੀ ਪਾਠ ਦਰਪਣ ਆਦਿ ਸਾਰੇ ਗ੍ਰੰਥਾਂ ਦੀ ਰਲੀ-ਮਿਲੀ ਇੱਕੋ ਹੀ ਧਾਰਨਾ ਹੈ ਕਿ ਪੰਡਤ ਗੋਪਾਲ ਦੱਤ ਦੇ ਪੋਤਰੇ ਹਰੀਕ੍ਰਿਸ਼ਨ ਤੇ ਹਰੀ ਲਾਲ ਜੋ ਵੱਡੇ ਵਿਦਵਾਨ ਸਨ, ਜਦੋਂ ਉਨ੍ਹਾਂ ਦੇ ਪਿਤਾ ਕਾਲ-ਵੱਸ ਹੋਏ ਤਾਂ ਉਹ ਬਹੁਤ ਵਿਆਕੁਲ ਹੋਏ, ਕਈ ਤਰ੍ਹਾਂ ਦੇ ਗ੍ਰੰਥ ਪੜ੍ਹੇ ਪਰ ਮਨ ਨੂੰ ਸ਼ਾਂਤੀ ਨਾ ਆਈ, ਜਦ ਗੁਰੂ ਸਾਹਿਬ ਦੇ ਉਚਾਰੇ ਹੋਏ ਸਲੋਕ ਜੋ ਉਨ੍ਹਾਂ ਦੇ ਦਾਦੇ ਨੇ ਲਿਖ ਕੇ ਰੱਖੇ ਹੋਏ ਸਨ ਪੜ੍ਹੇ ਤਾਂ ਮਨ ਨੂੰ ਧੀਰਜ ਆ ਗਿਆ। ਪੁਰਾਣੇ ਬਜ਼ੁਰਗਾਂ ਨਾਲ ਵਿਚਾਰ-ਵਟਾਂਦਰਾ ਕਰਨ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਸਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਹੋਏ ਹਨ, ਜਿਨ੍ਹਾਂ ਦੀ ਗੱਦੀ ’ਤੇ ਪੰਚਮ ਸਤਿਗੁਰੂ ਅੰਮ੍ਰਿਤਸਰ ਰਾਮਸਰ ਸਾਹਿਬ ਦੇ ਅਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾ ਰਹੇ ਹਨ। ਪਤਾ ਲੱਗਣ ’ਤੇ ਅੰਮ੍ਰਿਤਸਰ ਪਹੁੰਚੇ, ਗੁਰੂ ਸਾਹਿਬ ਦੇ ਦਰਸ਼ਨ ਕਰ ਕੇ ਆਪਣੇ ਆਉਣ ਦਾ ਸਬੱਬ ਦੱਸਿਆ ਤੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਉਚਾਰੇ ਸਲੋਕ ਉਨ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੇ ਤੇ ਕਿਹਾ ਕਿ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਡੇ ਬਜ਼ੁਰਗਾਂ ਦੀ ਕਲਿਆਣ ਕੀਤੀ ਸੀ, ਉਸੇ ਤਰ੍ਹਾਂ ਆਪ ਜੀ ਸਾਡੀ ਵੀ ਕਲਿਆਣ ਕਰੋ। ਇਸ ’ਤੇ ਗੁਰੂ ਸਾਹਿਬ ਜੀ ਨੇ ‘ਸਲੋਕ ਸਹਸਕ੍ਰਿਤੀ ਮਹਲਾ 5’ ਦੇ ਸਿਰਲੇਖ ਹੇਠ 67 ਸਲੋਕਾਂ ਦਾ ਉਚਾਰਨ ਕੀਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਾਸ਼ੀ ਜਾ ਕੇ ਸੰਸਾਰ ਦੇ ਤਾਰਨ ਹਿਤ ਉਚਾਰੇ ਚਾਰੇ ਸਲੋਕ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਣ ਸਤਾਹਠ ਸਲੋਕਾਂ ਦੀ ਗਵਾਹੀ ‘ਗੁਰ ਬਿਲਾਸ ਪਾਤਸ਼ਾਹੀ 6’ ਇਸ ਤਰ੍ਹਾਂ ਭਰਦਾ ਹੈ:
“ਏਕ ਸਮੈ ਪੰਡਿਤ ਦੋ ਆਏ।
ਕਾਸ਼ੀ ਤੇ ਬਡ ਗੁਨੀ ਸੁਹਾਏ।
ਕ੍ਰਿਸ਼ਨ ਲਾਲ ਹਰਿਲਾਲਹ ਨਾਮਾ।
ਦੋਊ ਭ੍ਰਾਤ ਸੁੰਦਰ ਸੁਖ ਧਾਮਾ॥580॥
ਆਵਤ ਪੰਥ ਐਸ ਮਨਿ ਧਾਰੀ।
ਗੁਰ ਨਾਨਕ ਥੇ ਰੂਪ ਮੁਰਾਰੀ।
ਤਾਸੁ ਤਖਤਿ ਅਰਜਨ ਗੁਰ ਸੋਹਤ।
ਦੇਖਿ ਪ੍ਰਤਾਪ ਸੁਨੇ ਸਭਿ ਮੋਹਤ॥581॥…
ਚੌਪਈ : ਏਕ ਸਮੈ ਨਾਨਕ ਨਿਰੰਕਾਰੀ।
ਕਾਸ਼ੀ ਗਏ ਗੁਰੂ ਸੁਖੁ ਧਾਰੀ।
ਹਮ ਦਾਦੇ ਸੋਂ ਸੰਗਤਿ ਭਈ।
ਅਨਿਕ ਭਾਂਤ ਕੀ ਚਰਚਾ ਕਈ॥585॥
ਬਹੁਰਿ ਉਪਦੇਸ਼ ਗੁਰੂ ਜੀ ਕੀਨੋ।
ਚਾਰਿ ਸਲੋਕ ਮਧਿ ਸੁਖੁ ਦੀਨੋ।
ਸੋ ਸਲੋਕ ਹੈਂ ਕੰਠ ਹਮਾਰੇ।
ਸੁਨੋ ਪ੍ਰਭੂ ਹਮ ਕਹੈਂ ਸੁਧਾਰੇ॥586॥
ਪੜ੍ਹਿ ਪੁਸਤਕ ਅਰੁ ਸੰਧਿਆ ਬਾਦ।
ਇਹ ਬਿਧਿ ਭਾਖੇ ਰੂਪ ਅਨਾਦਿ। (ਗੁਰ ਬਿਲਾਸ ਪਾਤਸ਼ਾਹੀ 6, ਅਧਿ. 4, ਪੰਨਾ 110)
ਪ੍ਰਸਿੱਧ ਕਵੀ ਭਾਈ ਸੰਤੋਖ ਸਿੰਘ ਜੀ ਨੇ ਵੀ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਰਾਸਿ 3, ਅੰਸੂ 47, ਜਿਲਦ 6, ਪੰਨਾ 2119 ’ਤੇ ਇਸ ਪ੍ਰਸੰਗ ਬਾਰੇ ਲਿਖਿਆ ਹੈ। ਉਪਰੋਕਤ ਸਾਰੀ ਵਿਚਾਰ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਸਾਰੇ ਸਲੋਕ ਹੰਕਾਰੀ ਪੰਡਤਾਂ ਦੇ ਹੰਕਾਰ ਨੂੰ ਨਵਿਰਤ ਕਰਨ, ਗਿਆਨ-ਚਰਚਾ ਕਰਨ ਤੇ ਸਾਰੇ ਸੰਸਾਰ ਦੇ ਕਲਿਆਣ ਖਾਤਰ ਉਚਾਰਨ ਕੀਤੇ ਹਨ।
ਇਥੇ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰੇ ਸਹਸਕ੍ਰਿਤੀ ਸਲੋਕਾਂ ਬਾਰੇ ਵਿਚਾਰ ਕਰ ਰਹੇ ਹਾਂ। ਗੁਰੂ ਸਾਹਿਬ ਜੀ ਦੇ ਉਚਾਰਨ ਕੀਤੇ ਚਾਰੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦੋ-ਦੋ ਥਾਵਾਂ ’ਤੇ ਆਏ ਹਨ:
ਜਿਵੇਂ ਪਹਿਲਾ ਸਲੋਕ, ਸਹਸਕ੍ਰਿਤੀ ਸਲੋਕਾਂ ਵਿਚ ਵੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1353 ’ਤੇ ਅਤੇ ਪੰਨਾ 470 ’ਤੇ ਆਸਾ ਕੀ ਵਾਰ ਦੀ ਚੌਧਵੀਂ ਪਉੜੀ ਤੋਂ ਪਹਿਲਾਂ ਹੈ।
ਦੂਜਾ ਸਲੋਕ ਪੰਨਾ 1353 ਉੱਪਰ ਵੀ ਹੈ ਅਤੇ ਪੰਨਾ 148 ’ਤੇ ਮਾਝ ਕੀ ਵਾਰ ਦੀ ਤੇਈਵੀਂ ਪਉੜੀ ਤੋਂ ਪਹਿਲਾਂ ‘ਮਹਲਾ 2’ ਦੇ ਸਿਰਲੇਖ ਹੇਠ ਅੰਕਿਤ ਹੈ।
ਸਲੋਕ ਤੀਜਾ ਤੇ ਚੌਥਾ ਸਹਸਕ੍ਰਿਤੀ ਵਿਖੇ ਵੀ ਹੈ ਅਤੇ ਆਸਾ ਕੀ ਵਾਰ ਬਾਣੀ ਵਿਚ ਪੰਨਾ 469 ’ਤੇ ਬਾਰ੍ਹਵੀਂ ਪਉੜੀ ਦੇ ਅਰੰਭ ਵਿਚ ਆਏ ਪੰਜ ਸਲੋਕਾਂ ਵਿੱਚੋਂ ਤੀਜਾ ਤੇ ਚੌਥਾ ਸਲੋਕ ਹੈ ਜੋ ‘ਮਹਲਾ 2’ ਸਿਰਲੇਖ ਹੇਠ ਦਰਜ ਹੈ।
ਸਲੋਕ ਸਹਸਕ੍ਰਿਤੀ ਮਹਲਾ 1॥
ਪੜਿ੍ ਪੁਸਤਕ ਸੰਧਿਆ ਬਾਦੰ॥
ਸਿਲ ਪੂਜਸਿ ਬਗੁਲ ਸਮਾਧੰ॥
ਮੁਖਿ ਝੂਠੁ ਬਿਭੂਖਨ ਸਾਰੰ॥
ਤ੍ਰੈਪਾਲ ਤਿਹਾਲ ਬਿਚਾਰੰ॥
ਗਲਿ ਮਾਲਾ ਤਿਲਕ ਲਿਲਾਟੰ॥
ਦੁਇ ਧੋਤੀ ਬਸਤ੍ਰ ਕਪਾਟੰ॥
ਜੋ ਜਾਨਸਿ ਬ੍ਰਹਮੰ ਕਰਮੰ॥
ਸਭ ਫੋਕਟ ਨਿਸਚੈ ਕਰਮੰ॥
ਕਹੁ ਨਾਨਕ ਨਿਸਚੌ ਧ੍ਹਿਾਵੈ॥
ਬਿਨੁ ਸਤਿਗੁਰ ਬਾਟ ਨ ਪਾਵੈ॥1॥ (ਪੰਨਾ 1353)
ਭਾਵ-ਅਰਥ : ਇਸ ਸਾਰੇ ਸ਼ਬਦ ਦਾ ਭਾਵ-ਅਰਥ ਇਹ ਹੈ ਕਿ ਪ੍ਰਭੂ ਨੂੰ ਪਾਉਣ ਲਈ ਪਾਖੰਡਾਂ ਦੀ ਲੋੜ ਨਹੀਂ ਹੈ, ਵੇਦਾਂ ਤੇ ਸ਼ਾਸਤਰਾਂ ਦਾ ਪਾਠ ਕਰ ਕੇ ਦੂਸਰੇ ਲੋਕਾਂ ’ਤੇ ਆਪਣੀ ਪੰਡਤਾਈ ਦਾ ਇੰਦਰ-ਜਾਲ ਪਾਉਣ ਵਾਲੇ, ਝੂਠ ਨੂੰ ਸੱਚ ਦੇ ਗਹਿਣਿਆਂ ਨਾਲ ਸਜਾ ਕੇ ਪੇਸ਼ ਕਰਨ ਵਾਲੇ, ਮੱਥੇ ਉੱਤੇ ਚੰਦਨ ਦਾ ਟਿੱਕਾ, ਗਲ ਤੁਲਸੀ ਮਾਲਾ, ਦੋ-ਦੋ ਧੋਤੀਆਂ ਰੱਖ ਕੇ ਜੀਵ ਸਚਿਆਰ ਤੇ ਪੰਡਿਤ ਨਹੀਂ ਬਣ ਸਕਦਾ ਤੇ ਨਾ ਹੀ ਪ੍ਰਭੂ ਨੂੰ ਪਾ ਸਕਦਾ ਹੈ। ਜੋ ਮਨੁੱਖ ਹਰੀ ਨੂੰ ਪਾਉਣਾ ਜਾਣਦਾ ਹੈ ਉਸ ਲਈ ਇਹ ਸਾਰੇ ਵਿਹਾਰ ਫੋਕੇ ਹਨ। ਜੇ ਸ਼ਰਧਾ ਰੱਖ ਕੇ ਪਰਮਾਤਮਾ ਨੂੰ ਸਿਮਰਿਆ ਜਾਵੇ ਤਾਂ ਹੀ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੈ ਤੇ ਇਹ ਰਸਤਾ ਗੁਰੂ ਤੋਂ ਬਿਨਾਂ ਨਹੀਂ ਲੱਭ ਸਕਦਾ।
ਨਿਹਫਲੰ ਤਸ੍ਹ ਜਨਮਸ੍ਹ ਜਾਵਦ ਬ੍ਰਹਮ ਨ ਬਿੰਦਤੇ॥
ਸਾਗਰੰ ਸੰਸਾਰਸ੍ਹ ਗੁਰ ਪਰਸਾਦੀ ਤਰਹਿ ਕੇ॥
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ॥
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ॥2॥ (ਪੰਨਾ 1353)
ਭਾਵ-ਅਰਥ : ਇਸ ਸਲੋਕ ਤੋਂ ਭਾਵ ਇਹ ਹੈ ਕਿ ਜਦ ਤਕ ਮਨੁੱਖ ਪਰਮੇਸ਼ਵਰ ਨਾਲ ਡੂੰਘੀ ਸਾਂਝ ਨਹੀਂ ਪਾਉਂਦਾ ਤਦ ਤਕ ਉਸ ਦਾ ਸੰਸਾਰ ’ਤੇ ਆਉਣਾ ਵਿਅਰਥ ਹੈ। ਜੋ ਜੀਵ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ ਤੇ ਨਾਮ-ਸਿਮਰਨ ਕਰਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਂਦਾ ਹੈ, ਉਹ ਪਰਮੇਸ਼ਰ ਸਭ ਕੁਝ ਕਰਨ ਦੇ ਸਮਰੱਥ ਹੈ, ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਦੇ ਵੱਸ ਹੈ ਤੇ ਜਿਵੇਂ ਉਹ ਸੰਸਾਰੀ ਜੀਵਾਂ ਨੂੰ ਨਚਾਉਂਦਾ ਹੈ ਉਵੇਂ ਉਹ ਨੱਚਦੇ ਹਨ।
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ॥
ਖ੍ਹਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ॥
ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ॥
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ॥3॥ (ਪੰਨਾ 1353)
ਭਾਵ-ਅਰਥ: ਜਾਤੀ-ਵੰਡ ਦੇ ਵਿਤਕਰੇ ਨੂੰ ਪਾਉਣ ਵਾਲੇ ਜਾਤਾਂ ਅਨੁਸਾਰ ਹੀ ਧਰਮ ਦੀ ਵੰਡ ਕਰਦੇ ਹਨ ਜਿਵੇਂ ਕਿ ਜੋਗੀਆਂ ਦਾ ਧਰਮ ਗਿਆਨ ਪ੍ਰਾਪਤ ਕਰਨਾ, ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਕਰਨਾ, ਖੱਤਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨੇ, ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨਾ ਹੈ ਪਰ ਗੁਰੂ ਸਾਹਿਬ ਅਨੁਸਾਰ ਸਭ ਦਾ ਸ੍ਰੇਸ਼ਟ ਧਰਮ ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਜੋ ਹਰੇਕ ਮਨੁੱਖ ਲਈ ਸਾਂਝਾ ਹੈ ਭਾਵੇਂ ਉਹ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦਾ ਹੋਵੇ ਅਤੇ ਅਜਿਹਾ ਕਰਨ ਵਾਲਾ ਜੀਵ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ।
ਏਕ ਕ੍ਰਿਸ੍ਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ॥
ਆਤਮੰ ਸ੍ਰੀ ਬਾਸ੍ਵਦੇਵਸ੍ਹ ਜੇ ਕੋਈ ਜਾਨਸਿ ਭੇਵ॥
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ॥4॥ (ਪੰਨਾ 1353)
ਭਾਵ-ਅਰਥ : ਇਕ ਪਰਮੇਸ਼ਰ ਹੀ ਸਾਰੇ ਦੇਵਾਂ, ਰਾਖਸ਼ਾਂ, ਤੇਜੱਸਵੀਆਂ, ਅਵਤਾਰਾਂ, ਪੈਗੰਬਰਾਂ ਆਦਿ ਸਭ ਦੀ ਆਤਮਾ ਹੈ। ਜੋ ਜੀਵ ਪ੍ਰਭੂ ਦੇ ਇਸ ਭੇਦ ਨੂੰ ਜਾਣ ਲੈਂਦਾ ਹੈ ਉਹ ਉਸ ਦਾ ਰੂਪ ਹੋ ਜਾਂਦਾ ਹੈ ਤੇ ਪਰਮਾਤਮਾ ਉਸ ਦਾ ਦਾਸ ਬਣ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੋਰ ਵੀ ਬਹੁਤ ਸਾਰੇ ਸ਼ਬਦ, ਸਲੋਕ ਆਏ ਹਨ ਜੋ ਇਕ ਤੋਂ ਵੱਧ ਜਗ੍ਹਾ ’ਤੇ ਵੱਖੋ-ਵੱਖਰੇ ਸਿਰਲੇਖ ਹੇਠ ਕੁਝ ਕੁ ਲਗਾਂ, ਮਾਤਰਾਂ ਤੇ ਪਾਠਾਂ ਦੇ ਭੇਦ ਨਾਲ ਸੁਸ਼ੋਭਿਤ ਹਨ। ਗੁਰੂ ਸਾਹਿਬ ਸਮਰੱਥ ਤੇ ਸਰਬ-ਕਲਾ ਸੰਪੂਰਨ ਸਨ। ਉਨ੍ਹਾਂ ਨੇ ਲੋਕਾਈ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਅਗਾਧ ਬੋਧ, ਤਾਰਨਹਾਰ ਜਹਾਜ਼ ਬਣਾਇਆ। ਇਸ ਲਈ ਮਹਲਾ 1, 2 ਜਾਂ ਭਗਤ ਬਾਣੀ ਆਦਿ ਦੀ ਵਿਚਾਰ ਵਿਚ ਪੈਣ ਦੀ ਬਜਾਏ ਉਨ੍ਹਾਂ ਦੇ ਭਾਵ ਨੂੰ ਪੜ੍ਹਨ ਤੇ ਸਮਝਣ ਦੀ ਲੋੜ ਹੈ ਤਾਂ ਜੋ ਕਲਜੁਗ ਦੇ ਦੁੱਖਾਂ ਭਰੇ ਸਮੁੰਦਰ ਤੋਂ ਪਾਰ ਲੰਘਿਆ ਜਾ ਸਕੇ ਕਿਉਂਕਿ ਸਾਰੇ ਸ਼ਬਦਾਂ ਦਾ ਭਾਵ ਇੱਕ ਹੀ ਹੈ।
ਲੇਖਕ ਬਾਰੇ
- ਗਿਆਨੀ ਮੋਹਨ ਸਿੰਘhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%ae%e0%a9%8b%e0%a8%b9%e0%a8%a8-%e0%a8%b8%e0%a8%bf%e0%a9%b0%e0%a8%98/June 1, 2009
- ਗਿਆਨੀ ਮੋਹਨ ਸਿੰਘhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%ae%e0%a9%8b%e0%a8%b9%e0%a8%a8-%e0%a8%b8%e0%a8%bf%e0%a9%b0%e0%a8%98/June 1, 2009
- ਗਿਆਨੀ ਮੋਹਨ ਸਿੰਘhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%ae%e0%a9%8b%e0%a8%b9%e0%a8%a8-%e0%a8%b8%e0%a8%bf%e0%a9%b0%e0%a8%98/July 1, 2009
- ਗਿਆਨੀ ਮੋਹਨ ਸਿੰਘhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%ae%e0%a9%8b%e0%a8%b9%e0%a8%a8-%e0%a8%b8%e0%a8%bf%e0%a9%b0%e0%a8%98/October 1, 2009