ਰੋਜ਼ਾਨਾ ਦੇ ਕਾਰ-ਵਿਹਾਰ ਵਿਚ ਜਦ ਕੋਈ ਕਿਸੇ ਹੋਰ ਲਈ ਕੋਈ ਕੰਮ-ਕਾਰ ਕਰੇ ਅਤੇ ਉਸ ਦੇ ਬਦਲੇ ਵਿਚ ਉਸ ਪਾਸੋਂ ਨਾ ਹੀ ਕੁਝ ਪ੍ਰਾਪਤ ਕਰੇ ਅਤੇ ਨਾ ਹੀ ਇੱਛਾ ਰੱਖੇ, ਇਸ ਨਿਸ਼ਕਾਮ ਅਤੇ ਨਿਰ-ਇੱਛਤ ਕੰਮ ਨੂੰ ਸੇਵਾ ਮੰਨਣਾ ਉਚਿੱਤ ਹੈ। ਮਨ ਵਿਚ ਪੈਦਾ ਹੋਇਆ ਸੇਵਾ ਦਾ ਚਾਅ ਤਨ ਜਾਂ ਸਰੀਰਿਕ ਅੰਗਾਂ ਅਤੇ ਧਨ-ਪਦਾਰਥਾਂ ਨਾਲ ਪੂਰਾ ਕੀਤਾ ਜਾ ਸਕਦਾ ਹੈ। ਹੱਥਾਂ-ਪੈਰਾਂ ਅਤੇ ਧਨ-ਪਦਾਰਥਾਂ ਨਾਲ ਕੀਤੀ ਗਈ ਕਾਰ ਨੂੰ ਸਰੀਰਿਕ ਸੇਵਾ ਕਿਹਾ ਗਿਆ ਹੈ।
ਗੁਰੂ ਸਾਹਿਬ ਅਨੁਸਾਰ ਜੋ ਪ੍ਰਾਣੀ ਨਿਸ਼ਕਾਮ ਹੋ ਕੇ ਸੇਵਾ ਕਰਦਾ ਹੈ, ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ:
ਸੇਵਾ ਕਰਤ ਹੋਇ ਨਿਹਕਾਮੀ॥
ਤਿਸ ਕਉ ਹੋਤ ਪਰਾਪਤਿ ਸੁਆਮੀ॥ (ਪੰਨਾ 286)
‘ਸੇਵਾ’ ਸ਼ਬਦ ਦੇ ਕਈ ਪ੍ਰਯਾਇ ਹਨ ਜਿਵੇਂ ਨਿਸ਼ਕਾਮ ਕਰਮ, ਨਿਰਇੱਛਤ ਕਰਮ, ਖਿਜਮਤ, ਖਿਦਮਤ, ਚਾਕਰੀ, ਟਹਿਲ ਆਦਿ। ਇਹ ਸਰੀਰਿਕ ਸੇਵਾ ਦੇ ਅਧੀਨ ਆਉਂਦੇ ਹਨ। ਸੋਚ-ਵਿਚਾਰ ਅਤੇ ਗਿਆਨ ਦੁਆਰਾ ਕੀਤੀ ਗਈ ਕਾਰ ਨੂੰ ਮਾਨਸਿਕ ਸੇਵਾ ਮੰਨਿਆ ਗਿਆ ਹੈ, ਜਿਸ ਵਿਚ ਉਪਾਸਨਾ, ਸਿਮਰਨ, ਪੂਜਾ-ਅਰਚਨਾ, ਜਪ-ਤਪ, ਭਗਤੀ, ਆਪ ਕਰਨੀ ਜਾਂ ਕਿਸੇ ਨੂੰ ਪ੍ਰੇਰਤ ਕਰ ਕੇ ਇਸ ਕਾਰੇ ਲਾਉਣਾ, ਮਾਨਸਿਕ ਸੇਵਾ ਮੰਨਿਆ ਜਾਂਦਾ ਹੈ।
ਸੇਵਾ ਕਰਨ ਵਾਲੇ ਨੂੰ ਗੁਰਬਾਣੀ ਵਿਚ ਸੇਵਕ, ਚਾਕਰ, ਦਾਸ, ਖਿਦਮਤਗਾਰ, ਖਿਜਮਤਗਾਰ, ਉਪਾਸ਼ਕ, ਜਨ, ਬੰਦਾ, ਭਗਤ ਆਦਿ ਸ਼ਬਦਾਂ ਨਾਲ ਪ੍ਰਗਟਾਇਆ ਗਿਆ ਹੈ। ਗੁਰਬਾਣੀ ਵਿਚ ਸੇਵਾ ਦੇ ਕਈ ਪੱਖ ਦ੍ਰਿਸ਼ਟਮਾਨ ਹੁੰਦੇ ਹਨ। ਸੇਵਾ ਕਰਨ ਦੇ ਚਾਰ ਮੁੱਖ ਢੰਗ ਹਨ:
1. ਹੱਥੀਂ ਸੇਵਾ
2. ਮਨ ਸੇਵਾ
3. ਧਨ ਸੇਵਾ
4. ਸੁਰਤਿ ਸੇਵਾ
ਹੱਥੀਂ ਸੇਵਾ ਵਿਚ ਮਨੁੱਖ ਦੂਸਰਿਆਂ ਦੀ ਸੇਵਾ ਆਪਣੇ ਹੱਥੀਂ ਕਰਦਾ ਹੈ। ਹੱਥਾਂ ਨਾਲ ਕੀਤੀ ਜਾਂਦੀ ਸੇਵਾ ਪੱਖਾ ਝੱਲਣਾ, ਮੁੱਠੀ ਚਾਪੀ, ਆਏ ਅਤਿਥੀ ਦੀ ਇਸ਼ਨਾਨ ਸੇਵਾ, ਸੰਗਤਾਂ ਨੂੰ ਜਲ ਛਕਾਉਣ, ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਬਣਾਉਣ ਦੀ ਸੇਵਾ, ਲੰਗਰ ਤਿਆਰ ਕਰਨ, ਗੁਰਦੁਆਰਾ ਸਾਹਿਬਾਨ ਵਿਚ ਸਫ਼ਾਈ ਆਦਿ ਸਭ ਹੱਥਾਂ ਦੁਆਰਾ ਸੇਵਾ ਕੀਤੀ ਜਾਂਦੀ ਹੈ। ਗੁਰਬਾਣੀ ਵਿਚ ਹੱਥੀਂ ਸੇਵਾ ਸੰਬੰਧੀ ਵਰਣਨ ਇਸ ਤਰ੍ਹਾਂ ਆਉਂਦਾ ਹੈ:
ਹਉ ਪਾਣੀ ਪਖਾ ਪੀਸਉ ਸੰਤ ਆਗੈ ਪਗ ਮਲਿ ਮਲਿ ਧੂਰਿ ਮੁਖਿ ਲਾਈਐ॥ (ਪੰਨਾ 881)
ਦੂਜੀ ਤਰ੍ਹਾਂ ਦੀ ਸੇਵਾ ਮਨ ਸੇਵਾ ਹੈ। ਮਨ ਲਾ ਕੇ ਕੀਤੀ ਸੇਵਾ ਹੀ ਗੁਰਮਤਿ ਵਿਚ ਪ੍ਰਵਾਨ ਮੰਨੀ ਜਾਂਦੀ ਹੈ। ਮਨ ਦੁਆਰਾ ਸੇਵਾ ਨੂੰ ਗੁਰਬਾਣੀ ਵਿਚ ਊਭੀ ਸੇਵਾ ਕਿਹਾ ਜਾਂਦਾ ਹੈ। ਗੁਰਵਾਕ ਹੈ:
ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ॥
ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ॥ (ਪੰਨਾ 647-48)
ਤੀਜੀ ਕਿਸਮ ਦੀ ਸੇਵਾ ਧਨ ਨਾਲ ਕੀਤੀ ਜਾਂਦੀ ਹੈ। ਧਨ ਨਾਲ ਸੇਵਾ ਰਾਹੀਂ ਗਰੀਬ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਗੁਰੂ-ਘਰ ਦੀ ਸਾਂਭ-ਸੰਭਾਲ ’ਤੇ ਮੁੜ ਮੁਰੰਮਤੀ ਵੀ ਧਨ ਦੁਆਰਾ ਹੀ ਕੀਤੀ ਜਾਂਦੀ ਹੈ। ਧਨ ਦੁਆਰਾ ਸੇਵਾ ਦਾਨ ਵੀ ਮੰਨਿਆ ਜਾਂਦਾ ਹੈ। ਗੁਰਬਾਣੀ ਵਿਚ ਲੋੜਵੰਦਾਂ ਦੀ ਸੇਵਾ ਨੂੰ ‘ਹਰਿ ਅਰਥ’ ਸੇਵਾ ਕਿਹਾ ਜਾਂਦਾ ਹੈ। ਗੁਰਬਾਣੀ ਵਿਚ ਧਨ ਸੇਵਾ ਬਾਰੇ ਫ਼ਰਮਾਨ ਹੈ:
ਗੁਰਮੁਖਿ ਸਭ ਪਵਿਤੁ ਹੈ ਧਨੁ ਸੰਪੈ ਮਾਇਆ॥
ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ॥ (ਪੰਨਾ 1246)
ਚੌਥੀ ਕਿਸਮ ਦੀ ਸੇਵਾ ਸੁਰਤਿ ਸੇਵਾ ਹੈ। ਸੁਰਤਿ ਚਿਤ ਨੂੰ ਕਿਹਾ ਜਾਂਦਾ ਹੈ। ਇਸ ਦੇ ਅਰਥ ਧਿਆਨ ਵੀ ਕੀਤੇ ਜਾਂਦੇ ਹਨ। ਇਕਾਗਰਚਿਤ ਹੋ ਕੇ ਕੀਤੀ ਸੇਵਾ ਨੂੰ ਸੁਰਤਿ ਸੇਵਾ ਕਿਹਾ ਜਾਂਦਾ ਹੈ। ਗੁਰਬਾਣੀ ਵਿਚ ਸੁਰਤਿ ਸੇਵਾ ਸੰਬੰਧੀ ਵਰਣਨ ਹੈ:
ਸੇਵਾ ਸੁਰਤਿ ਸਬਦਿ ਵੀਚਾਰਿ॥ (ਪੰਨਾ 1343)
ਸੇਵਾ ਇਕ ਐਸਾ ਗੁਣ ਹੈ, ਜੋ ਦੂਜਿਆਂ ਨੂੰ ਜੀਵਨ ਜਿਊਣ ਦੀ ਪ੍ਰੇਰਨਾ ਦਿੰਦਾ ਹੈ। ਜੀਵ ਦਾ ਮਨ ਲੋਕਾਈ ਪ੍ਰਤੀ ਦਇਆ ਅਤੇ ਪ੍ਰੇਮ-ਭਾਵਨਾ ਨਾਲ ਭਰਪੂਰ ਹੋਣਾ ਜ਼ਰੂਰੀ ਹੈ ਤਾਂ ਹੀ ਸੇਵਾ ਦਾ ਕਾਰਜ ਸੰਭਵ ਹੋ ਸਕਦਾ ਹੈ। ਸੇਵਾ ਕਰਨ ਵਾਲੇ ਦੀ ਅੰਤਰਮੁਖੀ ਅਵਸਥਾ ਹੁਕਮੀ ਪੁਰਸ਼ ਵਾਲੀ ਹੋਣੀ ਜ਼ਰੂਰੀ ਹੈ। ਸੇਵਾ ਕਰਦੇ ਸਮੇਂ ਜੀਵ ਦਾ ਮਨ ਪਰਮਾਤਮਾ ਅੱਗੇ ਅਰਜ਼ੋਈ ਵਿਚ ਜੁੜਿਆ ਹੋਣਾ ਜ਼ਰੂਰੀ ਹੈ ਕਿ ਹੇ ਵਾਹਿਗੁਰੂ! ਇਹ ਸਰੀਰ ਅਤੇ ਇਹ ਪ੍ਰਾਣ ਇਹ ਤੇਰੀ ਬਖ਼ਸ਼ਿਸ ਨਾਲ ਹੀ ਪ੍ਰਾਪਤ ਹੋਏ ਹਨ, ਜਿਸ ਵਿਚ ਮੇਰਾ ਕੁਝ ਨਹੀਂ ਹੈ, ਇਹ ਸਭ ਤੇਰਾ ਹੀ ਹੈ। ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵਰਤ ਕੇ ਵੀ ਮੈਂ ਤੇਰੀ ਅਤੇ ਤੇਰੀ ਪੈਦਾ ਕੀਤੀ ਹੋਈ ਕਾਇਨਾਤ ਦੀ ਸੇਵਾ ਕਰਨ ਦੇ ਯੋਗ ਨਹੀਂ ਹਾਂ। ਜੇਕਰ ਤੂੰ ਇਸ ਸੇਵਾ ਕਰਨ ਦੀ ਸਮਰੱਥਾ, ਬਖ਼ਸ਼ਿਸ਼ ਮੈਨੂੰ ਕਰ ਦੇਵੇਂ ਤਾਂ ਹੀ ਮੈਂ ਇਹ ਸੇਵਾ ਕਰਨ ਦੇ ਯੋਗ ਹੋ ਸਕਦਾ ਹਾਂ:
ਸੇਵਾ ਕਰੀ ਜੇ ਕਿਛੁ ਹੋਵੈ ਅਪਣਾ ਜੀਉ ਪਿੰਡੁ ਤੁਮਾਰਾ॥ (ਪੰਨਾ 635)
ਜੇਕਰ ਪਰਮਾਤਮਾ ਦੀ ਆਪਣੀ ਕਿਰਪਾ ਜੀਵ ਉੱਪਰ ਹੋਵੇ ਅਤੇ ਜੀਵ ਦੇ ਪੂਰਬਲੇ ਕਰਮਾਂ ਕਰਕੇ ਉਸ ਦੇ ਭਾਗਾਂ ਵਿਚ ਉਸ ਕਰਤੇ ਦੁਆਰਾ ਲਿਖੀ ਗਈ ਹੋਵੇ ਤਾਂ ਹੀ ਜੀਵ ਇਸ ਸੇਵਾ ਦੀ ਕਾਰ ਵਿਚ ਲੱਗ ਸਕਦਾ ਹੈ। ਕਰਤੇ ਦੀ ਕਿਰਪਾ-ਦ੍ਰਿਸ਼ਟੀ ਤੋਂ ਬਗੈਰ ਜੀਵ ਪਾਸੋਂ ਸੇਵਾ ਦਾ ਕੰਮ ਸੰਭਵ ਨਹੀਂ ਹੈ। ਫ਼ਰਮਾਨ ਹਨ:
ਮਸਤਕਿ ਭਾਗੁ ਹੋਵੈ ਧੁਰਿ ਲਿਖਿਆ ਤਾ ਸਤਗੁਰੁ ਸੇਵਾ ਲਾਏ॥ (ਪੰਨਾ 880)
ਜਿਸ ਕੈ ਮਸਤਕਿ ਕਰਮੁ ਹੋਇ ਸੋ ਸੇਵਾ ਲਾਗਾ॥ (ਪੰਨਾ 964)
ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ॥ (ਪੰਨਾ 457)
ਜੇਕਰ ਪਰਮਾਤਮਾ ਦੀ ਮਿਹਰ ਹੋਵੇ ਤਾਂ ਹੀ ਸੇਵਾ ਵਿਚ ਲੱਗਿਆ ਜਾ ਸਕਦਾ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਉਸ ਅਕਾਲ ਪੁਰਖ ਨੇ ਮੇਰੇ ਉੱਪਰ ਰਹਿਮਤ ਕੀਤੀ ਹੈ, ਜਿਸ ਕਰਕੇ ਮੈਂ ਸੇਵਾ ਵਿਚ ਲੱਗਿਆ ਹਾਂ:
ਦਇਆ ਮੋਹਿ ਕੀਜੈ ਦੇਵਾ॥
ਨਾਨਕ ਲਾਗੋ ਸੇਵਾ॥ (ਪੰਨਾ 1005)
ਵਾਹਿਗੁਰੂ ਜੀਵਾਂ ਤੋਂ ਵੱਖ ਨਹੀਂ ਹੈ। ਉਹ ਆਪ ਹਰ ਜੀਵ ਦੇ ਅੰਦਰ ਸਮੋਇਆ ਬੈਠਾ ਹੈ। ਹਰ ਪ੍ਰਾਣੀ ਨੂੰ ਜੀਵਾਂ ਦੇ ਦੁੱਖ ਵੰਡਾਉਣ ਵਾਸਤੇ ਅੱਗੇ ਆਉਣਾ ਜ਼ਰੂਰੀ ਹੈ। ਇਹ ਹੀ ਸੇਵਾ ਦਾ ਕੰਮ ਅਤੇ ਸੇਵਾ ਦੀ ਕਾਰ ਅਖਵਾਉਂਦਾ ਹੈ।
ਸਾਨੂੰ ਪਰਮਾਤਮਾ ਦੀ ਹੋਂਦ ਨੂੰ ਕਬੂਲ ਕਰਦਿਆਂ ਹੋਇਆਂ, ਜੀਵਾਂ ਦੀ ਸੇਵਾ ਕਰਨੀ ਚਾਹੀਦੀ ਹੈ। ਗੁਰੂ ਸਾਹਿਬਾਨ ਵੱਲੋਂ ਕੀਤੀ ਗਈ ਸੇਵਾ ਦੀਆਂ ਉਦਾਹਰਣਾਂ ਸਾਡੇ ਸਾਹਮਣੇ ਮੌਜੂਦ ਹਨ। ਸ੍ਰੀ ਗੁਰੂ ਅਮਰਦਾਸ ਜੀ ਆਪਣੇ ਹੱਥੀਂ ਕੋਹੜੀਆਂ ਦੀ ਸੇਵਾ ਕਰਿਆ ਕਰਦੇ ਸਨ। ਗ਼ਰੀਬ ਅਤੇ ਨਿਆਸਰਿਆਂ ਦੀ ਸੇਵਾ-ਸੰਭਾਲ ਕਰਿਆ ਕਰਦੇ ਸਨ। ਤਾਂ ਹੀ ਤਾਂ ਉਨ੍ਹਾਂ ਨੂੰ ਅੱਜ ਵੀ ‘ਨਿਆਸਰਿਆਂ ਦਾ ਆਸਰਾ’ ਆਖਿਆ ਜਾਂਦਾ ਹੈ। ਉਨ੍ਹਾਂ ਵੱਲੋਂ ਲੋੜਵੰਦਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਸੀ। ਇਹ ਪ੍ਰਥਾ ਸਿੱਖ ਧਰਮ ਵਿਚ ਅੱਜ ਵੀ ਪ੍ਰਚੱਲਤ ਹੈ। ਗੁਰੂ ਸਾਹਿਬਾਨ ਦੀਨ-ਦੁਖੀਆਂ ਦੀਆਂ ਜ਼ਰੂਰਤਾਂ ਵਾਸਤੇ ਹਰ ਤਰ੍ਹਾਂ ਦਾ ਪ੍ਰਬੰਧ ਕਰਦੇ ਸਨ।
ਸੇਵਾ ਕਰਦੇ ਸਮੇਂ ਜੀਵ ਨੂੰ ਕੇਵਲ ਪਰਮਾਤਮਾ ਦੀ ਮਿਹਰ ਦਾ ਅਨੁਭਵ ਕਰਨਾ ਹੀ ਉਚਿੱਤ ਹੈ। ਜੀਵ ਵਾਸਤੇ ਆਪਣੇ ਮਨ ਨੂੰ ਇਸ ਸਮਰੱਥ ਬਣਾਉਣਾ ਅਤਿ ਜ਼ਰੂਰੀ ਹੈ। ਮਨ ਨੂੰ ਪਰਮਾਤਮਾ ਦੇ ਹੁਕਮ ਅਨੁਸਾਰ ਢਾਲਣਾ ਅਤੇ ਉਸ ਦੀ ਰਜ਼ਾ ਦੇ ਅਧੀਨ ਹੋ ਕੇ ਅਡੋਲ ਰਹਿਣਾ ਜ਼ਰੂਰੀ ਹੈ। ਇਸ ਤੋਂ ਬਿਨਾਂ ਕੀਤੀ ਸੇਵਾ ਦੇ ਕਾਰਜ ਸੇਵਾ-ਭਾਵ ਦੇ ਘੇਰੇ ਤੋਂ ਬਾਹਰ ਰਹਿੰਦੇ ਹਨ ਅਤੇ ਇਹ ਕੰਮ ਸੇਵਾ ਦੀ ਬਜਾਏ ਹਉਮੈ ਦੇ ਪ੍ਰਭਾਵ ਹੇਠ ਹੋਏ ਮੰਨੇ ਜਾਣਗੇ, ਜਿਸ ਕਰਕੇ ਹਉਮੈ ਦੇ ਵੱਸ ਕੀਤੀ ਗਈ ਸੇਵਾ ਜੀਵ ਨੂੰ ਸੱਚੇ ਮਾਰਗ ਤੋਂ ਦੂਰ ਲੈ ਜਾਂਦੀ ਹੈ।
ਜਪ, ਤਪ, ਸੇਵਾ ਅਥਵਾ ਚਾਕਰੀ, ਜੋ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਦਿਆਂ ਹੋਇਆਂ ਉਸ ਦੇ ਹੁਕਮ ਅਧੀਨ ਕੀਤੀ ਜਾਵੇ ਤੇ ਜੋ ਅਕਾਲ ਪੁਰਖ ਨੂੰ ਭਾਉਂਦੀ ਹੋਵੇ, ਉਸ ਵਾਹਿਗੁਰੂ ਦੀ ਮਿਹਰ-ਦ੍ਰਿਸ਼ਟੀ ਨੂੰ ਉਜਾਗਰ ਕਰਦੀ ਹੈ। ਅਜਿਹੀ ਹੀ ਉਚਿੱਤ ਸੇਵਾ ਹੈ, ਬਾਕੀ ਸਭ ਵਿਅਰਥ ਹੈ:
ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ॥ (ਪੰਨਾ 1247)
ਸੇਵਾ ਵਿਚ ਨਿਸ਼ਕਾਮ ਸੇਵਾ ਸਭ ਤੋਂ ਉੱਚੀ ਪ੍ਰਵਾਨ ਕੀਤੀ ਜਾਂਦੀ ਹੈ, ਜਿਸ ਵਿਚ ਸੇਵਕ ਕਾਮਨਾ ਰਹਿਤ ਹੋ ਕੇ ਸੇਵਾ ਕਰਦਾ ਹੈ।
ਨਿਸ਼ਕਾਮ ਸੇਵਾ ਵਿਚ ਕੋਈ ਕਪਟ ਜਾਂ ਲਾਲਚੀ ਇੱਛਾ ਭਾਵਨਾ ਨਹੀਂ ਹੁੰਦੀ। ਇਹ ਨਿਹਕਪਟ ਹੋ ਕੇ ਕੀਤੀ ਸੇਵਾ ਸਰਬ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਸੰਬੰਧੀ ਗੁਰਵਾਕ ਹੈ:
ਨਿਹਕਪਟ ਸੇਵਾ ਕੀਜੈ ਹਰਿ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ॥ (ਪੰਨਾ 861)
ਕਾਮਨਾਵਾਂ ਭਰੀ ਅਖੌਤੀ ਸੇਵਾ ਗੁਰਮਤਿ ਵਿਚ ਪ੍ਰਵਾਨ ਨਹੀਂ ਹੈ:
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ॥ (ਪੰਨਾ 306)
ਸੇਵਾ ਕਰਦਿਆਂ ਇਸ ਨੂੰ ਗਿਣਾਉਣ ਨਾਲ ਸੇਵਾ ਥਾਂਇ ਨਹੀਂ ਪੈਂਦੀ। ਗੁਰਵਾਕ ਹੈ:
ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ॥ (ਪੰਨਾ 1246)
ਦੂਜੇ ਪਾਸੇ ਹਉਮੈ ਵਿਚ ਕੀਤੀ ਸੇਵਾ ਵੀ ਪ੍ਰਵਾਨ ਨਹੀਂ ਹੈ। ਜੋ ਮਨੁੱਖੀ ਸੇਵਾ ਕਰਦਿਆਂ ਹਉਮੈ, ਹੰਕਾਰ ਨੂੰ ਅੱਗੇ ਰੱਖਦਾ ਹੈ, ਕੀਤੀ ਸੇਵਾ ਨੂੰ ਵਧਾ-ਚੜ੍ਹਾ ਕੇ ਦੱਸਦਾ ਹੈ, ਉਹ ਜਨਮ-ਮਰਨ ਦੇ ਚੱਕਰਾਂ ਤੋਂ ਮੁਕਤ ਨਹੀਂ ਹੁੰਦਾ:
ਵਿਚਿ ਹਉਮੈ ਸੇਵਾ ਥਾਇ ਨ ਪਾਏ॥
ਜਨਮਿ ਮਰੈ ਫਿਰਿ ਆਵੈ ਜਾਏ॥ (ਪੰਨਾ 1071)
ਨਿਸ਼ਕਾਮ ਸੇਵਾ ਵਿਚ ਆਪੇ ਦਾ ਸਭ ਤਰ੍ਹਾਂ ਨਾਲ ਤਿਆਗ ਕਰਨਾ ਹੁੰਦਾ ਹੈ। ਸੇਵਾ ਕਰਦਿਆਂ ਆਪਣੇ ਆਪ ਨੂੰ ਤੁੱਛ ਸਮਝਣਾ ਹੀ ਜੀਵ ਲਈ ਅਵੱਸ਼ਕ ਹੈ। ਇਸ ਤਰ੍ਹਾਂ ਕੀਤੀ ਨਿਸ਼ਕਾਮ ਸੇਵਾ ਨਾਲ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਇਥੇ ਅਜਿਹਾ ਹੀ ਫ਼ਰਮਾਨ ਕਰਦੇ ਹਨ:
ਆਉ ਸਖੀ ਸੰਤ ਪਾਸਿ ਸੇਵਾ ਲਾਗੀਐ॥
ਪੀਸਉ ਚਰਣ ਪਖਾਰਿ ਆਪੁ ਤਿਆਗੀਐ॥
ਤਜਿ ਆਪੁ ਮਿਟੈ ਸੰਤਾਪੁ ਆਪੁ ਨਹ ਜਾਣਾਈਐ॥
ਸਰਣਿ ਗਹੀਜੈ ਮਾਨਿ ਲੀਜੈ ਕਰੇ ਸੋ ਸੁਖੁ ਪਾਈਐ॥ (ਪੰਨਾ 457)
ਪ੍ਰੇਮ ਅਤੇ ਸੇਵਾ ਨਾਲ ਜੀਵ ਨੂੰ ਆਦਰਸ਼ ਜੀਵਨ ਧਾਰਨ ਕਰਨ ਦੀ ਪ੍ਰੇਰਨਾ ਮਿਲਦੀ ਹੈ। ਪ੍ਰੇਮ-ਸੇਵਾ ਨੂੰ ਆਪਣੇ ਨਿੱਜੀ ਜੀਵਨ ਦਾ ਅੰਗ ਸਮਝ ਕੇ ਅਮਲੀ ਵਰਤੋਂ ਵਿਚ ਲਿਆਇਆ ਜਾਣਾ ਜ਼ਰੂਰੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਦਰਗਾਹ ਵਿਚ ਜਗ੍ਹਾ ਤਾਂ ਹੀ ਮਿਲ ਸਕਦੀ ਹੈ ਜੇਕਰ ਇਸ ਸੰਸਾਰ ਵਿਚ ਸੇਵਾ ਦੀ ਕਮਾਈ ਕੀਤੀ ਗਈ ਹੋਵੇ:
ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥ (ਪੰਨਾ 26)
ਪਰਮਾਤਮਾ ਦਾ ਨਾਮ ਜਪਣ ਵਾਸਤੇ ਸੇਵਾ ਉਚਿੱਤ ਹੈ। ਸੇਵਾ ਨਾਲ ਹੀ ਜੀਵ ਦਾ ਹਿਰਦਾ ਨਿਰਮਲ ਹੋਵੇਗਾ ਤਾਂ ਹੀ ਨਾਮ ਜਪਿਆ ਜਾ ਸਕੇਗਾ। ਸੇਵਾ ਤੋਂ ਬਿਨਾਂ ਨਾਮ ਅਤੇ ਪ੍ਰੇਮ ਸੰਭਲੇਗਾ ਨਹੀਂ। ਸੇਵਾ-ਵਿਹੂਣਾ ਨਾਮ ਜੀਵ ਦੇ ਹਿਰਦੇ ਵਿਚ ਠਹਿਰ ਨਹੀਂ ਸਕੇਗਾ। ਪ੍ਰੇਮ ਦੀ ਠੌਰ ਸੇਵਾ ਹੀ ਹੈ।
ਜੋ ਸੁਖੀਆਂ ਨਾਲ ਪਿਆਰ ਅਤੇ ਦੁਖੀਆਂ ’ਤੇ ਦਇਆ ਕਰਦੇ ਹੋਏ ਭਲੇ ਤੇ ਉਪਕਾਰ ਦੇ ਕੰਮ ਕਰਦੇ ਹਨ, ਉਨ੍ਹਾਂ ਦੇ ਮਨ ਦਾ ਲਗਾਓ ਸਦਾ ਪਰਮਾਤਮਾ ਵਿਚ ਲੱਗਿਆ ਰਹਿੰਦਾ ਹੈ। ਉਹ ਭੈ-ਭਰਮ ਤੋਂ ਰਹਿਤ ਹੋ ਕੇ ਚੜ੍ਹਦੀ ਕਲਾ ਵਿਚ ਜੀਵਨ ਬਤੀਤ ਕਰਦੇ ਹਨ। ਨਿਸ਼ਕਾਮ ਸੇਵਾ ਦੇ ਪੁੰਜ ਵਜੋਂ ਜਦੋਂ ਅਸੀਂ ਦੁਨਿਆਵੀ ਲੋਕਾਂ ਵੱਲ ਝਾਤੀ ਮਾਰਦੇ ਹਾਂ ਤਾਂ ਭਗਤ ਪੂਰਨ ਸਿੰਘ ਜੀ ਦੀ ਸੰਤ ਮੂਰਤਿ ਸਾਡੀਆਂ ਅੱਖਾਂ ਸਾਹਮਣੇ ਆ ਜਾਂਦੀ ਹੈ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੇਵਾ ਦੀ ਉਦਾਹਰਣ ਬਣਨ ਲਈ ਲਾ ਦਿੱਤਾ। ਬਚਪਨ ਵਿਚ ਹੀ ਸਖ਼ਤ ਮਿਹਨਤ ਅਤੇ ਲੋੜਵੰਦਾਂ ਦੀ ਸਹਾਇਤਾ ਉਨ੍ਹਾਂ ਨੇ ਆਪਣਾ ਜੀਵਨ-ਲਕਸ਼ ਬਣਾ ਲਿਆ ਸੀ। ਦੁਖੀਆਂ, ਬੇਸਹਾਰਾ, ਅੰਗਹੀਣਾਂ ਤੇ ਯਤੀਮਾਂ ਦੀ ਸੇਵਾ ਭਗਤ ਪੂਰਨ ਸਿੰਘ ਜੀ ਨੇ ਆਪਣੇ ਹੱਥੀਂ ਕੀਤੀ। ਇਹ ਸੇਵਾ ਨਿਸ਼ਕਾਮ ਸੇਵਾ ਸੀ। ਭਗਤ ਪੂਰਨ ਸਿੰਘ ਜੀ ਦੀ ਇੱਕੋ ਕਾਮਨਾ ਸੀ ਦੁਖੀਆਂ ਦੇ ਦਰਦ ਨੂੰ ਵੰਡਾਉਣਾ, ਇਹ ਸੇਵਾ ਉਹ ਕਿਸੇ ਉੱਚ-ਪਦਵੀ, ਆਗੂ ਜਾਂ ਸਨਮਾਨਾਂ ਲਈ ਨਹੀਂ ਸੀ ਕਰਦੇ, ਉਨ੍ਹਾਂ ਸਾਹਮਣੇ ਇਕ ਆਦਰਸ਼ ਹੀ ਦੁਖੀਆਂ ਦੀ ਸੇਵਾ ਪਰਮਾਤਮਾ ਦੀ ਸੇਵਾ ਹੁੰਦੀ ਸੀ, ਜੋ ਉਹ ਜੀਵਨ ਭਰ ਕਰਦੇ ਰਹੇ।
ਇਸ ਤਰ੍ਹਾਂ ਸੇਵਾ ਨੂੰ ਸਿੱਖੀ ਮਾਰਗ ਵਿਚ ਰੂਹਾਨੀ ਅਤੇ ਅਮਲੀ ਜੀਵਨ ਦਾ ਧੁਰਾ ਮੰਨਿਆ ਗਿਆ ਹੈ। ਗੁਰਬਾਣੀ ਬਾਰ-ਬਾਰ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਨਾਮ ਦੀ ਜਾਗ ਸੁਰਤਿ ਵਿਚ ਲਗਾਉਂਦਿਆਂ ਹੋਇਆਂ ਸੁਰਤਿ ਦੀ ਜਾਗ ਕਿਰਤ ਵਿਚ ਲਗਾ ਕੇ, ਪਰਮਾਰਥ ਵਿਚ ਉੱਨਤੀ ਕਰਦਿਆਂ ਹੋਇਆਂ ਮਾਨਵ-ਜਾਤੀ ਨੂੰ ਸੇਵਾ ਵਿਚ ਸਮਰਪਿਤ ਕਰ ਕੇ ਜੀਵਨ ਬਤੀਤ ਕੀਤਾ ਜਾਵੇ। ਸੇਵਾ ਜਿੱਥੇ ਜੀਵ ਨੂੰ ਪਰਮਾਤਮਾ ਨਾਲ ਜੋੜਦੀ ਹੈ, ਉਥੇ ਉਸ ਦੀ ਸਿਰਜੀ ਕਾਇਨਾਤ ਦੇ ਹਰ ਜੀਵ ਪ੍ਰਤਿ ਪ੍ਰੇਮ ਕਰਨ ਵੱਲ ਪ੍ਰੇਰਿਤ ਕਰਦੀ ਹੈ। ਇਸ ਕੰਮ ਲਈ ਉਹ ਮਨੁੱਖੀ ਜੀਵਨ-ਜਾਚ ਨੂੰ ਉੱਚੀ ਤੇ ਮਿਸਾਲੀ ਬਣਾਉਂਦੀ ਹੈ। ਸੇਵਾ ਸਮਾਜ ਵਿਚ ਰਹਿੰਦਿਆਂ ਪ੍ਰਭੂ-ਪ੍ਰੇਮ ਵੱਲ ਅਗ੍ਰਸਰ ਹੋਣ ਦੀ ਸਿੱਖਿਆ ਦਿੰਦੀ ਹੈ। ਇਹੀ ਕਾਰਨ ਹੈ ਕਿ ਸਿੱਖ ਧਰਮ ਅਨੁਸਾਰ ਸਿੱਖ ਨਾ ਕੇਵਲ ਆਪ ਤਰਦਾ ਹੈ ਸਗੋਂ ਹੋਰਨਾਂ ਨੂੰ ਵੀ ਤਾਰਦਾ ਹੈ।
ਲੇਖਕ ਬਾਰੇ
ਪਿੰਡ ਤੇ ਡਾਕ: ਘਣੀਏ ਕੇ ਬਾਂਗਰ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ
- ਗੁਰਮੀਤ ਸਿੰਘhttps://sikharchives.org/kosh/author/%e0%a8%97%e0%a9%81%e0%a8%b0%e0%a8%ae%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2009