editor@sikharchives.org

ਤੇਰਾ ਨਾਮੁ ਹੈ ਅਧਾਰਾ

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਤਿਤ ਪਾਵਨ, ਧਰਤੀ ਦੇ ਪ੍ਰਿਤਪਾਲਕ, ਸੂਰਮੇ, ਸਭ ਦੇ ਦੁੱਖ-ਦਲਿੱਦਰ ਦੂਰ ਕਰਨ ਵਾਲੇ ਵਾਹਿਗੁਰੂ ਦੇ ਪਵਿੱਤਰ ਨਾਮ ਦਾ ਆਸਰਾ ਲੈਣ ਲਈ ਮਨੁੱਖ-ਮਾਤਰ ਨੂੰ ਪ੍ਰੇਰਨਾ ਦਿੰਦਿਆਂ ਫ਼ੁਰਮਾਉਂਦੇ ਹਨ ਕਿ ਜੋ ਵੀ ਜੀਵ ਵਾਹਿਗੁਰੂ ਦੇ ਪਵਿੱਤਰ ਨਾਮ ਦਾ ਆਸਰਾ ਲੈਂਦਾ ਹੈ ਤੇ ਜੀਵਨ ਦਾ ਆਧਾਰ ਬਣਾਉਂਦਾ ਹੈ, ਉਸ ਦੇ ਦੁੱਖ-ਦਲਿੱਦਰ ਤੇ ਕਲਹ-ਕਲੇਸ਼ ਨੱਠ ਜਾਂਦੇ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਤੇਰਾ ਨਾਮੁ ਹੈ ਅਧਾਰਾ’ ਅੰਮ੍ਰਿਤ-ਬਚਨ ਭਗਤ ਨਾਮਦੇਵ ਜੀ ਦੀ ਪਵਿੱਤਰ ਰਸਨਾ ਰਾਹੀਂ ਉਚਾਰੇ ਹੋਏ ਸ਼ਬਦ ਹਨ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 727 ’ਤੇ ਸੁਭਾਇਮਾਨ ਹਨ। ਸੰਪੂਰਨ ਸ਼ਬਦ ਇਸ ਪ੍ਰਕਾਰ ਹੈ:

ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ॥
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ॥1॥ ਰਹਾਉ॥
ਕਰੀਮਾਂ ਰਹੀਮਾਂ ਅਲਾਹ ਤੂ ਗਨੀਂ॥
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀਂ॥1॥
ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ॥
ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ॥2॥
ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ॥
ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ॥3॥1॥2॥ (ਪੰਨਾ 727)

ਇਸ ਸ਼ਬਦ ਨੂੰ ਗਹੁ ਨਾਲ ਵਿਚਾਰਿਆਂ ਇਸ ਵਿੱਚੋਂ ਜੀਵ ਦੀ ਭਾਵਨਾ ਦੇ ਤਿੰਨ ਵੱਡੇ ਪੱਖ ਉਜਾਗਰ ਹੁੰਦੇ ਹਨ:

1. ਸਰਬ-ਸ਼ਕਤੀਮਾਨ, ਸਰਬ-ਵਿਆਪਕ, ਪ੍ਰਿਤਪਾਲਕ, ਦਇਆਲੂ, ਪਰਮਾਤਮਾ ਦੀ ਵਡਿਆਈ ਰਹਿਮਤ ਅਤੇ ਬਖਸ਼ਿਸ਼ ’ਤੇ ਦ੍ਰਿੜ੍ਹ ਵਿਸ਼ਵਾਸ।

2. ਨਿਮਰਤਾ ਵਜੋਂ ਭਗਤ ਜੀ ਦੀ ਆਪਣੀ ਮਸਕੀਨਤਾ, ਲਾਚਾਰੀ ਅਤੇ ਬੇਵਸੀ ਦਾ ਅਹਿਸਾਸ।

3.ਮਾਲਕ ਦੀ ਸ਼ਰਨੀਂ ਪੈ ਕੇ ਬਖਸ਼ਿਸ਼ ਦੀ ਪ੍ਰਾਪਤੀ ਲਈ ਜਾਚਨਾ ਪ੍ਰਗਟ ਹੁੰਦੀ ਤੇ ਅਧੀਨਗੀ ਦਾ ਪ੍ਰਗਟਾਵਾ ਪੂਰਨ ਵਿਸ਼ਵਾਸ ਤੇ ਸਿਦਕਵਾਨ ਹੋਣਾ। ਭਗਤ ਜੀ ਉਸ ਵਾਹਿਗੁਰੂ ਨੂੰ ਅੰਨ੍ਹੇ ਦੀ ਡੰਗੋਰੀ ਤੇ ਆਪਣਾ ਆਸਰਾ ਦੱਸਦਿਆਂ ਫ਼ਰਮਾਉਂਦੇ ਹਨ ਕਿ ਮੈਂ ਬੜਾ ਗਰੀਬ ਹਾਂ, ਲਾਚਾਰ ਤੇ ਮਸਕੀਨ ਹਾਂ, ਕੇਵਲ ਤੇ ਕੇਵਲ ਤੇਰੇ ਨਾਮ ਦਾ ਹੀ ਆਸਰਾ ਹੈ। ਹੇ ਅੱਲਾਹ, ਹੇ ਕਰੀਮ, ਰਹਿਮਤਾਂ ਕਰਨ ਵਾਲੇ ਤੇ ਵੱਡੇ ਸ਼ਾਹ, ਤੂੰ ਹਰ ਵੇਲੇ ਹਾਜ਼ਰ-ਨਾਜ਼ਰ ਮੇਰਾ ਮਾਲਕ ਹੈਂ। ਤਾਂ ਫਿਰ ਮੈਨੂੰ ਹੋਰ ਕਿਸੇ ਦੀ ਮੁਹਤਾਜ਼ੀ ਦੀ ਕੀ ਲੋੜ ਹੈ? ਹੇ ਮਾਲਕ, ਤੂੰ ਰਹਿਮਤਾਂ ਦਾ ਦਰਿਆ ਹੈਂ। ਤੂੰ ਸਭ ਨੂੰ ਦਾਤਾਂ ਦੇਣ ਵਾਲਾ ਦਾਤਾ ਹੈਂ। ਤੂੰ ਬਹੁਤ ਹੀ ਧਨੀ ਤੇ ਅਮੀਰ ਹੈਂ। ਤੂੰ ਹੀ ਜੀਵਾਂ ਨੂੰ ਪਦਾਰਥ ਦੇਣ ਤੇ ਮੋੜ ਲੈਣ ਦੇ ਸਮਰੱਥ ਹੈਂ। ਹੋਰ ਕਿਸੇ ਵਿਚ ਸਮਰੱਥਾ ਨਹੀਂ। ਹੇ ਨਾਮਦੇਵ ਦੇ ਮਾਲਕ, ਤੂੰ ਸਭ ਬਖ਼ਸ਼ਿਸ਼ਾਂ ਕਰਨ ਵਾਲਾ ਹੈਂ। ਤੂੰ ਸਭ ਦੇ ਦਿਲਾਂ ਦੀ ਜਾਣਨ ਵਾਲਾ ਅੰਤਰਜਾਮੀ ਹੈਂ। ਮੇਰੇ ਵਿਚ ਤੇਰੇ ਇਨ੍ਹਾਂ ਮਹਾਨ ਗੁਣਾਂ ਦਾ ਵਰਣਨ ਕਰਨ ਲਈ ਕੋਈ ਸਮਰੱਥਾ ਨਹੀਂ। ਇਸ ਲਈ ਸਭ ਪਾਸੇ ਦੀ ਝਾਕ ਛੱਡ ਕੇ ਤੇਰੀ ਚਰਨ-ਸ਼ਰਨ ਵਿਚ ਆ ਡਿੱਗਾ ਹਾਂ। ਆਪਣੀ ਮਸਕੀਨਤਾ, ਨਿਰਬਲਤਾ ਅਤੇ ਬੇਵਸੀ ਨੂੰ ਕਬੂਲ ਕਰਦਿਆਂ ਤੇਰੇ ਦਰ ਤੋਂ ਬਖ਼ਸ਼ਿਸ਼ਾਂ ਤੇ ਰਹਿਮਤਾਂ ਦੀ ਭੀਖ ਮੰਗਦਾ ਹਾਂ। ਇਨ੍ਹਾਂ ਅੰਮ੍ਰਿਤ-ਬਚਨਾਂ ਦੀ ਪਰਪੱਕਤਾ ਵਿਚ ਸੇਵਾ ਤੇ ਨਿਮਰਤਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਧਨਾਸਰੀ ਰਾਗ ਵਿਚ ਫ਼ਰਮਾਨ ਕਰਦੇ ਹਨ:

ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ॥
ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ॥1॥
ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ॥
ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ॥1॥ ਰਹਾਉ॥ (ਪੰਨਾ 666)

ਸਤਿਗੁਰੂ ਜੀ ਵਾਹਿਗੁਰੂ ਨੂੰ ਕਰਨ ਕਾਰਨ ਸਮਰੱਥ ਤੇ ਦਇਆਲੂ ਕਹਿ ਕੇ ਉਸ ਦੀ ਕੀਰਤੀ ਕਰਦਿਆਂ ਫ਼ਰਮਾਉਂਦੇ ਹਨ- ਤੇਰੇ ਨਾਮ ਦਾ ਆਸਰਾ ਸਾਰੇ ਸੰਸਾਰ ਨੂੰ ਹੈ ਤੇ ਮੈਂ ਤੇਰੇ ਨਾਮ ਤੋਂ ਬਲਿਹਾਰਣੇ ਵਾਰਣੇ ਜਾਂਦਾ ਹਾਂ। ਇਕ ਭਿਖਾਰੀ ਹੋਣ ਦੇ ਨਾਤੇ ਅਤੇ ਤੇਰੇ ਪਾਸ ਦਾਤਾਂ ਦੇ ਬੇਅੰਤ ਭੰਡਾਰੇ ਹੋਣ ਕਾਰਨ ਤੇਰੇ ਦਰ ’ਤੇ ਤੇਰੇ ਨਾਮ ਦੀ ਜਾਚਨਾ ਕਰਦਾ ਹਾਂ। ਇਸੇ ਪ੍ਰਥਾਇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਧਨਾਸਰੀ ਰਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਅੰਕਿਤ ਅੰਮ੍ਰਿਤ-ਬਚਨਾਂ ਰਾਹੀਂ ਫ਼ਰਮਾਉਂਦੇ ਹਨ:

ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ॥
ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ॥ (ਪੰਨਾ 674)

ਔਗੁਣਾਂ ਨਾਲ ਭਰਿਆ ਮਨੁੱਖ ਆਪਣੇ ਕਿਸੇ ਵਿਅਕਤੀਗਤ ਗੁਣ ਕਰਕੇ ਤਾਂ ਪਰਮਾਤਮਾ ਦੇ ਪਿਆਰ ਦਾ ਹੱਕਦਾਰ ਨਹੀਂ ਹੋ ਸਕਦਾ। ਉਹ ਤਾਂ ਕੇਵਲ ਪ੍ਰਭੂ ਪਾਸ ਆਪਣੀ ਬੇਵਸੀ ਨੂੰ ਤਸਲੀਮ ਕਰ ਕੇ ਦਇਆ ਤੇ ਬਖਸ਼ਿਸ਼ ਲਈ ਜੋਦੜੀ ਹੀ ਕਰ ਸਕਦਾ ਹੈ। ਵਾਹਿਗੁਰੂ ਦੀ ਨਦਰਿ ਤਾਂ ਹਰ ਵੇਲੇ ਹਰ ਥਾਂ ਵਰਤ ਰਹੀ ਹੈ। ਉਹ ਸਾਨੂੰ ਭੁੱਲੜਾਂ ਨੂੰ ਕਈ ਤਰੀਕਿਆਂ ਨਾਲ ਮੱਤ ਦੇ ਕੇ ਰਾਹੇ ਪਾਉਂਦੀ ਹੈ। ਪਰ ਮਨੁੱਖ ਦੀ ਅਲਪ ਬੁੱਧੀ ਸਮਝਣ ਤੋਂ ਅਸਮਰੱਥ ਰਹਿੰਦੀ ਹੈ ਤੇ ਜ਼ਿੰਦਗੀ ਵਿਚ ਮਨੁੱਖ ਪਾਪ ਅਪਰਾਧਾਂ ਵਿਚ ਖੱਚਤ ਰਹਿੰਦਾ ਹੈ। ਕੇਵਲ ਤੇ ਕੇਵਲ ਪ੍ਰਭੂ ਦੇ ਪਵਿੱਤਰ ਨਾਮ ਦੇ ਆਸਰੇ ਦੀ ਦੁਹਾਈ ਪਾਇਆਂ ਹੀ ਕੁਝ ਪੱਲੇ ਪੈਂਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਰਬ-ਸ਼ਕਤੀਮਾਨ ਮਾਲਕ ਦੇ ਦਰਾਂ ’ਤੇ ਬਹੁੜੀ ਲਈ ਅਰਦਾਸ ਕਰਦਿਆਂ ਫ਼ੁਰਮਾਉਂਦੇ ਹਨ:

ਜੇਤਾ ਦੇਹਿ ਤੇਤਾ ਹਉ ਖਾਉ॥
ਬਿਆ ਦਰੁ ਨਾਹੀ ਕੈ ਦਰਿ ਜਾਉ॥
ਨਾਨਕੁ ਏਕ ਕਹੈ ਅਰਦਾਸਿ॥
ਜੀਉ ਪਿੰਡੁ ਸਭੁ ਤੇਰੈ ਪਾਸਿ॥ (ਪੰਨਾ 25)

ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ॥
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ॥ (ਪੰਨਾ 156)

ਸ਼ਹੀਦਾਂ ਦੇ ਸਿਰਤਾਜ, ਨਿਮਰਤਾ ਦੇ ਪੁੰਜ, ਬਾਣੀ ਦੇ ਬੋਹਿਥ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਵਾਹਿਗੁਰੂ ਦੇ ਪਵਿੱਤਰ ਨਾਮ ਦੀ ਵਡਿਆਈ ਤੇ ਮਨੁੱਖ ਦੀ ਮਸਕੀਨਤਾ ਦਾ ਵਰਣਨ ਕਰਦਿਆਂ ਅੰਮ੍ਰਿਤ ਬਚਨ ਕਰਦੇ ਹਨ:

ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ॥
ਖਾਟਣ ਕਉ ਹਰਿ ਹਰਿ ਰੋਜਗਾਰੁ॥
ਸੰਚਣ ਕਉ ਹਰਿ ਏਕੋ ਨਾਮੁ॥
ਹਲਤਿ ਪਲਤਿ ਤਾ ਕੈ ਆਵੈ ਕਾਮ॥1॥
ਨਾਮਿ ਰਤੇ ਪ੍ਰਭ ਰੰਗਿ ਅਪਾਰ॥
ਸਾਧ ਗਾਵਹਿ ਗੁਣ ਏਕ ਨਿਰੰਕਾਰ॥ ਰਹਾਉ॥
ਸਾਧ ਕੀ ਸੋਭਾ ਅਤਿ ਮਸਕੀਨੀ॥
ਸੰਤ ਵਡਾਈ ਹਰਿ ਜਸੁ ਚੀਨੀ॥
ਅਨਦੁ ਸੰਤਨ ਕੈ ਭਗਤਿ ਗੋਵਿੰਦ॥
ਸੂਖੁ ਸੰਤਨ ਕੈ ਬਿਨਸੀ ਚਿੰਦ॥(ਪੰਨਾ 676)

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਤਿਤ ਪਾਵਨ, ਧਰਤੀ ਦੇ ਪ੍ਰਿਤਪਾਲਕ, ਸੂਰਮੇ, ਸਭ ਦੇ ਦੁੱਖ-ਦਲਿੱਦਰ ਦੂਰ ਕਰਨ ਵਾਲੇ ਵਾਹਿਗੁਰੂ ਦੇ ਪਵਿੱਤਰ ਨਾਮ ਦਾ ਆਸਰਾ ਲੈਣ ਲਈ ਮਨੁੱਖ-ਮਾਤਰ ਨੂੰ ਪ੍ਰੇਰਨਾ ਦਿੰਦਿਆਂ ਫ਼ੁਰਮਾਉਂਦੇ ਹਨ ਕਿ ਜੋ ਵੀ ਜੀਵ ਵਾਹਿਗੁਰੂ ਦੇ ਪਵਿੱਤਰ ਨਾਮ ਦਾ ਆਸਰਾ ਲੈਂਦਾ ਹੈ ਤੇ ਜੀਵਨ ਦਾ ਆਧਾਰ ਬਣਾਉਂਦਾ ਹੈ, ਉਸ ਦੇ ਦੁੱਖ-ਦਲਿੱਦਰ ਤੇ ਕਲਹ-ਕਲੇਸ਼ ਨੱਠ ਜਾਂਦੇ ਹਨ। ਫ਼ਰਮਾਨ ਹੈ:

ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ॥
ਸਰਣਿ ਸੂਰ ਭਗਵਾਨਹ ਜਪੰਤਿ ਨਾਨਕ ਹਰਿ ਹਰਿ ਹਰੇ॥1॥
ਛਡਿਓ ਹਭੁ ਆਪੁ ਲਗੜੋ ਚਰਣਾ ਪਾਸਿ॥
ਨਠੜੋ ਦੁਖ ਤਾਪੁ ਨਾਨਕ ਪ੍ਰਭੁ ਪੇਖੰਦਿਆ॥2॥ (ਪੰਨਾ 709)

ਨਾਮ ਦੀ ਮਹਿਮਾ, ਵਡਿਆਈ, ਉਸਤਤੀ, ਕੀਰਤੀ ਤੇ ਪ੍ਰਭੂ ਦੇ ਨਾਮ ਨੂੰ ਜੀਵਨ ਦਾ ਆਧਾਰ ਆਸਰਾ ਬਣਾਉਣ ਲਈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤ-ਬਚਨਾਂ ਦੀ ਬਖਸ਼ਿਸ਼ ਕਰਦੇ ਹਨ:

ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ॥
ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ॥1॥
ਮਨ ਮੇਰੇ ਰਾਮ ਨਾਮੁ ਜਪਿ ਜਾਪੁ॥
ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ॥ (ਪੰਨਾ 48)

ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਾਲਕ ਦੋ ਜਹਾਨ ਦੀ ਸਿਫਤੋ-ਸਲਾਹ ਕਰਦਿਆਂ ਫ਼ੁਰਮਾਉਂਦੇ ਹਨ ਕਿ ਉਸ ਦਾ ਪਵਿੱਤਰ ਨਾਮ ਆਪਣੇ ਆਪ ਵਿਚ ਇਕ ਵੱਡੀ ਸ਼ਕਤੀ ਹੈ ਤੇ ਜਿਨ੍ਹਾਂ ਨੇ ਸਿਦਕ ਤੇ ਭਰੋਸਾ ਕਰਕੇ ਇਸ ਨਾਮ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਉਨ੍ਹਾਂ ਸੰਬੰਧੀ ਅਨੇਕ ਐਸੀਆਂ ਉਦਾਹਰਣਾਂ ਹਨ ਕਿ ਐਸੇ ਗਰੀਬ, ਨਿਮਾਣੇ ਤੇ ਸਮਾਜ ਵੱਲੋਂ ਘਿਰਣਾ ਤੇ ਨਫ਼ਰਤ ਕਰਨ ਕਾਰਨ ਪਛਾੜੇ ਗਏ, ਦੱਬੇ-ਕੁਚਲੇ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਪੈਦਾ ਹੋਏ ਬੰਦਿਆਂ ਨੇ ਜਦੋਂ ਪ੍ਰਭੂ ਦੇ ਨਾਮ ਦੀ ਪਹਿਚਾਣ ਕੀਤੀ ਤੇ ਉਸ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਅਤੇ ਜੀਵਨ ਜਾਣਿਆ ਤਾਂ ਉਨ੍ਹਾਂ ਦੀ ਸਮਾਜ ਵੱਲੋਂ ਘ੍ਰਿਣਤ ਤੇ ਪਛਾੜੇ ਲੋਕਾਂ ਦੀ ‘ਭਗਤ-ਭਗਤ’ ਕਹਿ ਕੇ ਸੋਭਾ ਹੋਈ ਤੇ ਵਕਤ ਦੇ ਰਾਜੇ-ਮਹਾਰਾਜੇ ਵੀ ਉਨ੍ਹਾਂ ਦੇ ਚਰਨਾਂ ’ਤੇ ਝੁਕਣ ਲਈ ਮਜਬੂਰ ਹੋਏ। ਇਹ ਪ੍ਰਭੂ ਦੇ ਨਾਮ ਦੀ ਅਨੋਖੀ ਕਰਾਮਾਤ ਹੈ, ਜਿਸ ਦਾ ਵਰਣਨ ਸ੍ਰੀ ਗੁਰੂ ਰਾਮਦਾਸ ਜੀ ਸੂਹੀ ਰਾਗ ਅੰਦਰ ਅੰਮ੍ਰਿਤ-ਬਚਨਾਂ ਰਾਹੀਂ ਕਰਦੇ ਹਨ:

ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ॥
ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ॥1॥
ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ॥1॥ ਰਹਾਉ॥
ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ॥
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ॥2॥
ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ॥
ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ॥3॥
ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ॥
ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ॥4॥1॥8॥ (ਪੰਨਾ 733)

ਉਪਰੋਕਤ ਸ਼ਬਦ ਵਿਚ ਗੁਰੂ ਸਾਹਿਬ ਨੇ ਵੱਖ-ਵੱਖ ਵਰਗਾਂ ਦੇ ਤਿੰਨ ਆਮ ਸਾਧਾਰਨ ਤੇ ਅਖੌਤੀ ਪੱਛੜੇ ਵਰਗ ਦੇ ਮਨੁੱਖਾਂ ਦਾ ਵਰਣਨ ਕੀਤਾ ਹੈ, ਜਿਨ੍ਹਾਂ ਨੇ ਨਾਮ ਨੂੰ ਜ਼ਿੰਦਗੀ ਦਾ ਆਧਾਰ ਬਣਾ ਕੇ ਵਿਸ਼ਵਾਸ, ਭਰੋਸੇ ਤੇ ਸਿਦਕ ਨਾਲ ਜੀਵਨ ਬਤੀਤ ਕੀਤਾ। ਸ੍ਰੀ ਕ੍ਰਿਸ਼ਨ ਜੀ ਨੇ ਦੁਰਯੋਧਨ ਰਾਜੇ ਦੇ ਮਹੱਲਾਂ ਨੂੰ ਛੱਡ ਕੇ ਦਾਸੀ ਦੇ ਪੁੱਤਰ ਬਿਦਰ ਦੀ ਝੁੱਗੀ ਵਿਚ ਨਿਵਾਸ ਕੀਤਾ। ਅਲੂਣਾ ਸਾਗ ਤੇ ਨਿਗੂਣਾ ਖਾਣਾ ਖਾਣ ਨੂੰ ਇਸ ਲਈ ਬਿਹਤਰ ਸਮਝਿਆ ਕਿ ਬਿਦਰ ਮਾਲਕ ਦੇ ਨਾਮ ਨਾਲ ਜੁੜਿਆ ਹੋਣ ਕਰਕੇ ਪ੍ਰਭੂ ਦਾ ਇਕ ਭਗਤ ਸੀ। ਇਸੇ ਤਰ੍ਹਾਂ ਆਪ ਭਗਤ ਰਵਿਦਾਸ ਜੀ ਦਾ ਵਰਣਨ ਕਰਦਿਆਂ ਫ਼ੁਰਮਾਉਂਦੇ ਹਨ ਕਿ ਹਰਿ ਦੀ ਉਸਤਤਿ ਕਰਨ ਤੇ ਨਿਮਖ-ਨਿਮਖ ਉਸ ਦੀ ਕੀਰਤੀ ਕਰ ਕੇ, ਗੁਣ ਗਾਉਣ ਕਰਕੇ ਉਹ ਉੱਤਮ ਪਦਵੀ ਨੂੰ ਪ੍ਰਾਪਤ ਹੋਏ ਤੇ ਉਨ੍ਹਾਂ ਦੇ ਚਰਨਾਂ ’ਤੇ ਚਹੁੰ ਵਰਨਾਂ ਦੇ ਲੋਕ ਝੁਕੇ ਅਤੇ ਭਗਤ ਨਾਮਦੇਵ ਜੀ, ਜੋ ਅਖੌਤੀ ਜਾਤ ਕਰਕੇ ਛੀਂਬੇ ਕਹੇ ਜਾਂਦੇ ਸਨ, ਦੀ ਹਰਿ ਨਾਲ ਪ੍ਰੀਤ ਲੱਗਣ, ਨਾਮ-ਸਿਮਰਨ ਵਿਚ ਜੁੜਨ ਤੇ ਭਗਤੀ-ਭਾਵ ਨੂੰ ਆਪਣੇ ਜੀਵਨ ਅੰਦਰ ਵਸਾਉਣ ਕਾਰਨ ਜਦੋਂ ਸਮੇਂ ਦੇ ਅਖੌਤੀ ਖੱਤਰੀ ਉੱਠ ਖੜ੍ਹੇ ਹੋਏ ਤੇ ਬ੍ਰਾਹਮਣਾਂ ਨੇ ਭਗਤ ਨਾਮਦੇਵ ਜੀ ਨੂੰ ਪ੍ਰਭੂ ਦੀ ਕੀਰਤੀ ਕਰਨ ਵਾਸਤੇ ਮੰਦਰ ਵਿਚ ਨਾ ਜਾਣ ਦਿੱਤਾ ਤਾਂ ਭਗਤ ਜੀ ਮੰਦਰ ਦੇ ਪਿਛਵਾੜੇ ਬਹਿ ਕੇ ਹਰਿ-ਜੱਸ ਕਰਨ ਲੱਗੇ ਤਾਂ ਵਾਹਿਗੁਰੂ ਨੇ ਜਿਸ ਦੇ ਕਿ ਉਹ ਸੇਵਕ ਤੇ ਦਾਸ ਸਨ, ਆਪਣੇ ਭਗਤ ਦੀ ਸੋਭਾ ਨੂੰ ਸੰਸਾਰ ਵਿਚ ਪ੍ਰਗਟਾਉਣ ਲਈ ਆਪਣੇ ਭਗਤ ਵੱਲ ਮੂੰਹ ਤੇ ਅਭਿਮਾਨੀ ਤੇ ਜਾਤ ਵਰਨ ’ਚ ਲਿੱਬੜੇ ਖੱਤਰੀ ਬ੍ਰਾਹਮਣਾਂ ਵੱਲ ਪਿੱਠ ਕਰ ਕੇ ਸੰਸਾਰ ਵਿਚ ਭਗਤ ਨਾਮਦੇਵ ਜੀ ਦੀ ਸੋਭਾ ਨੂੰ ਚਮਕਾਇਆ।

ਇਸ ਨੂੰ ਹੋਰ ਪ੍ਰਤੱਖ ਰੂਪ ਵਿਚ ਪ੍ਰਗਟ ਕਰਦਿਆਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਭਗਤ ਪ੍ਰਹਿਲਾਦ ਤੇ ਹਰਨਾਕਸ਼ ਦਾ ਵਰਣਨ ਕਰਦਿਆਂ ਆਪਣੇ ਆਪ ਨੂੰ ਵਾਹਿਗੁਰੂ ਦਾ ਸ਼ਰੀਕ ਬਣਾਈ ਬੈਠੇ ਹੰਕਾਰੀ, ਅਭਿਮਾਨੀ, ਜ਼ਾਲਮ ਅਤੇ ਅੱਤਿਆਚਾਰੀ ਹਰਨਾਕਸ਼ ਨੂੰ ਦੁਸ਼ਟ ਕਿਹਾ ਹੈ ਤੇ ਉਸ ਦੇ ਆਪਣੇ ਹੀ ਪੁੱਤਰ ਜੋ ਪ੍ਰਭੂ-ਭਗਤੀ ਵਿਚ ਪਰਪੱਕ ਸੀ, ਨੂੰ ਸੰਤ ਤੇ ਭਗਤ ਕਹਿ ਕੇ ਵਡਿਆਇਆ ਹੈ ਅਤੇ ਇਥੇ ਵੀ ਭਗਤ ਨਾਮਦੇਵ ਜੀ ਦਾ ਵਰਣਨ ਕਰਦਿਆਂ ਅਭਿਮਾਨੀਆਂ ਤੇ ਅਖੌਤੀ ਉੱਚੀ ਜਾਤਾਂ ਵਾਲਿਆਂ ਨੂੰ ਹੰਕਾਰੀ ਤੇ ਨਿੰਦਕ ਆਖ ਕੇ ਤੇ ਨਾਮਦੇਵ ਜੀ ਨੂੰ ਸੰਤ ਭਗਤ ਕਹਿ ਕੇ ਸਤਿਕਾਰਿਆ। ਆਪ ਜੀ ਅੰਮ੍ਰਿਤ-ਬਚਨਾਂ ਰਾਹੀਂ ਫ਼ੁਰਮਾਉਂਦੇ ਹਨ ਕਿ ਜੁਗਾਂ- ਜੁਗਾਂਤਰਾਂ ਵਿਚ ਪ੍ਰਭੂ ਆਪਣੇ ਭਗਤ ਦੀ ਪੈਜ ਰੱਖਦਾ ਆਇਆ ਹੈ। ਆਸਾ ਰਾਗ ਵਿਚ ਛੰਦ ਦੇ ਰੂਪ ਵਿਚ ਸ੍ਰੀ ਗੁਰੂ ਰਾਮਦਾਸ ਜੀ ਦਾ ਫ਼ਰਮਾਨ ਹੈ:

ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ॥
ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ॥
ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ॥4॥ (ਪੰਨਾ 451)

ਭਗਤ ਰਵਿਦਾਸ ਜੀ ਜੋ ਇਕ ਗਰੀਬ ਤੇ ਪੱਛੜੇ ਹੋਏ ਘਰਾਣੇ ਵਿਚ ਬਨਾਰਸ ਦੀ ਇਤਿਹਾਸਕ ਅਤੇ ਧਾਰਮਿਕ ਘੁੱਗ ਵੱਸਦੀ ਨਗਰੀ ਵਿਚ ਪੈਦਾ ਹੋਏ; ਜਾਤ- ਅਭਿਮਾਨੀਆਂ ਅਤੇ ਵਿੱਦਿਆ ਦੇ ਅਹੰਕਾਰੀਆਂ ਦੀ ਘਿਰਣਾ ਦਾ ਸ਼ਿਕਾਰ ਹੋ, ਵੱਡੀ ਸੜਕ ਦੇ ਕਿਨਾਰੇ ਨਿਵੇਕਲੀ ਝੁੱਗੀ ਵਿਚ ਬੈਠ, ਪਰਮਾਤਮਾ ਦੀ ਭਗਤੀ ਵਿਚ ਜੁੜ ਗਏ। ਲੋਕਾਂ ਦੀਆਂ ਜੁੱਤੀਆਂ ਗੰਢ ਕੇ ਕਿਰਤ ਵੀ ਕਰਦੇ, ਨਾਮ ਵੀ ਜਪਦੇ। ਇਸ ਤਰ੍ਹਾਂ ਆਪ ਉਸ ਦੇ ਸ਼ੁਕਰਾਨੇ ਵਿਚ ਜ਼ਿੰਦਗੀ ਬਤੀਤ ਕਰ ਰਹੇ ਸਨ। ਸਰਬ-ਸ਼ਕਤੀਮਾਨ ਵਾਹਿਗੁਰੂ ਜਿਸ ਦੀ ਉਹ ਇਕ-ਰਸ ਭਗਤੀ ਵਿਚ ਮਗਨ ਰਹਿੰਦੇ ਸਨ, ਉਸ ਮਾਲਕ ਦੀ ਉਨ੍ਹਾਂ ਉੱਪਰ ਅਪਾਰ ਬਖ਼ਸ਼ਿਸ਼ ਹੋਈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)