editor@sikharchives.org

ਸਿੱਖ ਧਰਮ ਦੇ ਇਤਿਹਾਸ ਦੀ ਉਸਾਰੀ ਵਿਚ ਸਿੱਖ ਇਸਤਰੀਆਂ ਦਾ ਯੋਗਦਾਨ

ਸਿੱਖ ਇਸਤਰੀਆਂ ਨੇ ਮਾਂ, ਭੈਣ, ਸਪੁੱਤਰੀ, ਧਰਮ ਪਤਨੀ, ਦਾਦੀ, ਨੂੰਹ, ਆਗੂ, ਆਦਿ ਅਨੇਕਾਂ ਰੂਪਾਂ ਵਿਚ ਸਿੱਖ ਧਰਮ ਦੀ ਉਸਾਰੀ ਲਈ ਵਡਮੁੱਲਾ ਯੋਗਦਾਨ ਪਾਇਆ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਧਰਮ ਦੇ ਇਤਿਹਾਸ ਨੂੰ ਜਾਣਨ ਵਾਲੇ ਇਸ ਤੱਥ ਤੋਂ ਜਾਣੂ ਹਨ ਕਿ ਸਿੱਖ ਇਤਿਹਾਸ ਨਾ ਕੇਵਲ ਮਰਦਾਂ ਦੇ ਕਾਰਨਾਮਿਆਂ ਨਾਲ ਹੀ ਸ਼ੋਭ ਰਿਹਾ ਹੈ, ਸਗੋਂ ਸਿੱਖ ਇਸਤਰੀਆਂ ਦਾ ਵੀ ਇਸ ਵਿਚ ਅਹਿਮ ਸਥਾਨ ਹੈ। ਸਿੱਖ ਇਸਤਰੀਆਂ ਨੇ ਮਾਂ, ਭੈਣ, ਸਪੁੱਤਰੀ, ਧਰਮ ਪਤਨੀ, ਦਾਦੀ, ਨੂੰਹ, ਆਗੂ, ਆਦਿ ਅਨੇਕਾਂ ਰੂਪਾਂ ਵਿਚ ਸਿੱਖ ਧਰਮ ਦੀ ਉਸਾਰੀ ਲਈ ਵਡਮੁੱਲਾ ਯੋਗਦਾਨ ਪਾਇਆ ਹੈ। ਨਿਰਸੰਦੇਹ, ਜੇ ਸਿੱਖ ਇਤਿਹਾਸ ਵਿੱਚੋਂ ਇਸਤਰੀਆਂ ਦੀ ਭੂਮਿਕਾ ਨੂੰ ਕੱਢ ਦਿੱਤਾ ਜਾਵੇ ਤਾਂ ਇਸ ਦਾ ਸਰੂਪ ਹੀ ਬਦਲ ਜਾਵੇਗਾ।

ਸਿੱਖ ਇਤਿਹਾਸ ’ਤੇ ਝਾਤੀ ਮਾਰਿਆਂ ਇਹ ਤੱਥ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਜਿਸ ਸਿੱਖੀ ਮਹੱਲ ਦੀ ਸਿਰਜਣਾ ਕੀਤੀ ਗਈ ਹੈ, ਉਸ ਦੀ ਨੀਂਹ ਰੱਖਣ, ਉਸਾਰਨ ਤੇ ਅੰਤਿਮ ਰੂਪ ਦੇਣ ਲਈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਦਸ ਗੁਰੂ ਸਾਹਿਬਾਨ ਨੇ ਘਾਲਣਾ ਘਾਲੀ ਤੇ ਬਾਅਦ ਵਿਚ ਸਮੇਂ ਦੀਆਂ ਅਨੇਕਾਂ ਹਨੇਰੀਆਂ-ਝੱਖੜਾਂ ਤੋਂ ਬਚਾਉਣ ਲਈ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਉੱਥੇ ਸਿੱਖ ਇਸਤਰੀਆਂ ਵੀ ਪਿੱਛੇ ਨਹੀਂ ਰਹੀਆਂ। “ਸਿੱਖੀ ਦਾ ਮਹਾਨ ਗੌਰਵਮਈ ਵਿਰਸਾ ਇਸਤਰੀ ਜਾਤੀ ਦੇ ਬਲੀਦਾਨ, ਤਪ, ਤਿਆਗ, ਰੂਹਾਨੀਅਤ, ਪਿਆਰ, ਸੇਵਾ, ਸਿਮਰਨ ਅਤੇ ਪੰਥ ਦੀ ਚੜ੍ਹਦੀ-ਕਲਾ ਲਈ ਕੀਤੀਆਂ ਬੇਮਿਸਾਲ ਅਤੇ ਬੇਅੰਤ ਕੁਰਬਾਨੀਆਂ ਦੀ ਦਾਸਤਾਨ ਹੈ।… ਸਿੱਖ ਇਤਿਹਾਸ ਸੂਰਬੀਰਾਂ ਦਾ ਇਤਿਹਾਸ ਹੈ। ਇਸ ਇਤਿਹਾਸ ਨੂੰ ਸਿਰਜਣ ਵਿਚ ਉਨ੍ਹਾਂ ਸਿੱਖ ਇਸਤਰੀਆਂ ਦੇ ਯੋਗਦਾਨ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਨੇ ਇਸ ਵਿਲੱਖਣ ਇਤਿਹਾਸ ਦੇ ਪੌਦੇ ਨੂੰ ਆਪਣੀ ਮਮਤਾ ਦੇ ਖੂਨ ਨਾਲ ਸਿੰਜ ਕੇ ਵੱਡਾ ਕੀਤਾ ਅਤੇ ਇਸ ਇਤਿਹਾਸ ਨੇ ਇਕ ਅਜਿਹੇ ਦਰੱਖ਼ਤ ਦਾ ਰੂਪ ਧਾਰਨ ਕੀਤਾ ਜਿਸ ਦੀ ਠੰਢੀ ਛਾਂ ਸਮੁੱਚੀ ਇਨਸਾਨੀਅਤ ਲਈ ਸਾਂਝੀ ਹੈ।”1

ਅਸੀਂ ਵਿਸ਼ੇ ਦਾ ਅਰੰਭ ਸਿੱਖ ਇਸਤਰੀਆਂ ਦੁਆਰਾ ਮਾਂ ਦੇ ਰੂਪ ਵਿਚ ਨਿਭਾਈ ਭੂਮਿਕਾ ਤੋਂ ਕਰਦੇ ਹਾਂ ਕਿਉਂਕਿ ਮਾਵਾਂ ਤੋਂ ਬਿਨਾਂ ਕਿਸੇ ਜੀਵ ਦੀ ਹੋਂਦ ਹੀ ਸੰਭਵ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਮਾਂ-ਰੂਪ ਨੂੰ ਸਾਹਮਣੇ ਰੱਖ ਕੇ ਹੀ, ਮਰਦ ਪ੍ਰਧਾਨ ਸਮਾਜ ਨੂੰ, ਇਸਤਰੀ ਦੀ ਮਹਤੱਤਾ ਤੋਂ ਜਾਣੂ ਕਰਵਾਉਣ ਲਈ ਫ਼ੁਰਮਾਇਆ ਹੈ:

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)

ਗੁਰੂ ਜੀ ਦੁਆਰਾ ਉਚਾਰਨ ਕੀਤੇ ਇਸ ਪਵਿੱਤਰ ਕਥਨ ਨੇ ਸਮੁੱਚੀ ਮਨੁੱਖਤਾ ਨੂੰ ਸੁਨੇਹਾ ਦਿੱਤਾ ਕਿ ਭਾਵੇਂ ਕੋਈ ਗ੍ਰਿਹਸਤੀ ਹੈ ਜਾਂ ਘਰ-ਬਾਰ ਤਿਆਗੀ, ਕਿਸੇ ਨੂੰ ਵੀ ਜਨਮ ਦੇਣ ਵਾਲੀ ਮਾਂ ਨੂੰ ਨਿੰਦਣਾ ਸ਼ੋਭਾ ਨਹੀਂ ਦਿੰਦਾ। ਇਹ ਕਿੰਤੂ-ਰਹਿਤ ਸਚਾਈ ਹੈ ਕਿ ਜਿੱਥੇ ਮਾਂ ਬੱਚੇ ਨੂੰ ਜਨਮ ਦੇ ਕੇ ਉਸ ਦੀ ਸਾਂਝ ਸੰਸਾਰ ਨਾਲ ਪੁਆਉਂਦੀ ਹੈ ਉੱਥੇ ਉਸ ਦੀ ਪਹਿਲੀ ਸਿੱਖਿਆ-ਦਾਤੀ ਵੀ ਹੁੰਦੀ ਹੈ ਜੋ ਬੱਚੇ ਨੂੰ ਬੋਲਣਾ, ਤੁਰਨਾ, ਖਾਣਾ-ਪੀਣਾ, ਖੇਡਣਾ, ਵੱਡਿਆਂ ਦਾ ਸਤਿਕਾਰ ਕਰਨਾ, ਸਦਾ ਸੱਚ ਬੋਲਣਾ, ਕਿਸੇ ਨੂੰ ਧੋਖਾ ਨਾ ਦੇਣਾ, ਲੋੜਵੰਦਾਂ ਦੀ ਮਦਦ ਕਰਨੀ, ਆਲੇ-ਦੁਆਲੇ ਨੂੰ ਸੁਹਣਾ ਬਣਾ ਕੇ ਰੱਖਣਾ, ਆਪਣਾ ਕੰਮ ਆਪਣੀ ਹੱਥੀਂ ਤੇ ਨੇਕ-ਨੀਅਤੀ ਨਾਲ ਕਰਨਾ, ਆਦਿ ਅਨੇਕਾਂ ਸ਼ੁਭ ਗੁਣ ਸਿਖਾਉਂਦੀ ਹੋਈ ਉਸ ਨੂੰ ਨੇਕ ਇਨਸਾਨ ਦੇ ਰੂਪ ਵਿਚ ਪਾਲ-ਪੋਸ ਕੇ ਜਵਾਨ ਕਰਦੀ ਹੈ। ਵਿਸ਼ਵ-ਇਤਿਹਾਸ ਗਵਾਹ ਹੈ ਕਿ ਸੰਸਾਰ ਦੇ ਗੁਰੂ, ਭਗਤ, ਦਾਰਸ਼ਨਿਕ, ਮਹਾਨ ਯੋਧੇ, ਵਿਗਿਆਨੀ, ਬੁੱਧੀਜੀਵੀ, ਮਹਾਨ ਸਿਆਸਤਦਾਨ ਆਦਿ ਆਪਣੀ ਮਾਂ ਵੱਲੋਂ ਦਿੱਤੀ ਗਈ ਮੁੱਢਲੀ ਸਿੱਖਿਆ ਤੇ ਉਸ ਦੀ ਦੂਰ-ਅੰਦੇਸ਼ੀ ਸਦਕਾ ਹੀ ਮਹਾਨ ਬਣੇ ਹਨ। ਮਨੋਵਿਗਿਆਨੀਆਂ ਨੇ ਤਾਂ ਇਹ ਵੀ ਸਿੱਧ ਕਰ ਦਿੱਤਾ ਹੈ ਕਿ ਜਦੋਂ ਬੱਚਾ ਮਾਂ ਦੇ ਗਰਭ ਵਿਚ ਪਲ ਰਿਹਾ ਹੁੰਦਾ ਹੈ ਤਾਂ ਵੀ ਉਹ ਮਾਂ ਦਾ ਪ੍ਰਭਾਵ ਕਬੂਲਦਾ ਹੈ ਤੇ ਉਸ ਦੀ ਸੋਚ-ਵਿਚਾਰ, ਸੰਗਤ, ਵਿਉਹਾਰ, ਵਾਤਾਵਰਨ ਆਦਿ ਦਾ ਅਸਰ ਸੁਭਾਵਿਕ ਹੀ ਬੱਚੇ ’ਤੇ ਪੈਂਦਾ ਹੈ। ਇਸੇ ਲਈ ਮਾਂ ਬਣਨ ਵਾਲੀ ਇਸਤਰੀ ਨੂੰ ਚੰਗੇ ਸ਼ਾਂਤ ਵਾਤਾਵਰਨ ਵਿਚ ਰਹਿ ਕੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨ ਤੇ ਉਸਾਰੂ ਸੋਚ ਰੱਖਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਸੱਚ ਤਾਂ ਇਹ ਹੈ ਕਿ ਚੰਗੀ ਮਾਂ ਬਿਨਾਂ ਚੰਗੇ ਸਮਾਜ ਦੀ ਸਿਰਜਣਾ ਸੰਭਵ ਨਹੀਂ ਹੈ। ਸ਼ਾਇਦ ਇਸੇ ਲਈ ਨਿਪੋਲੀਅਨ ਨੇ ਕਿਹਾ ਸੀ: ‘ਮੈਨੂੰ ਤੁਸੀਂ ਚੰਗੀਆਂ ਮਾਵਾਂ ਦਿਉ, ਮੈਂ ਤੁਹਾਨੂੰ ਚੰਗਾ ਸਮਾਜ ਦਿਆਂਗਾ।’

ਸਿੱਖ ਕੌਮ ਨੂੰ ਫ਼ਖ਼ਰ ਹੈ ਕਿ ਸਿੱਖ ਗੁਰੂ ਸਾਹਿਬਾਨ ਦੀਆਂ ਮਾਤਾਵਾਂ ਮਹਾਨ ਤੇ ਆਦਰਸ਼ਕ ਸਿੱਖ ਇਸਤਰੀਆਂ ਸਨ ਜਿਨ੍ਹਾਂ ਦੇ ਸੰਸਕਾਰਾਂ ਤੇ ਵਿਚਾਰਾਂ ਦਾ ਪ੍ਰਭਾਵ ਸਹਿਜ-ਸੁਭਾ ਹੀ ਸਿੱਖ ਗੁਰੂ-ਸ਼ਖਸੀਅਤਾਂ ਨੇ ਕਬੂਲਿਆ। ਗੁਰਬਾਣੀ ਦੇ ਮਹਾਂਵਾਕ “ਧਨੁ ਜਨਨੀ ਜਿਨਿ ਜਾਇਆ” ਅਨੁਸਾਰ ਗੁਰੂ-ਮਾਤਾਵਾਂ ਧੰਨ ਹਨ ਜਿਨ੍ਹਾਂ ਨੇ ਗੁਰੂ- ਪੁੱਤਰਾਂ ਨੂੰ ਜਨਮ ਦਿੱਤਾ ਤੇ ਉਨ੍ਹਾਂ ਨੂੰ ਸਹੀ ਸਿੱਖਿਆ ਦੇ ਕੇ ਗੁਰੂ-ਸ਼ਖਸੀਅਤਾਂ ਬਣਨ ਦੇ ਯੋਗ ਬਣਾਇਆ। ਮਾਂ ਦੇ ਰੂਪ ਵਿਚ ਪਹਿਲਾ ਨਾਂ ਪਰਮ ਪੂਜਨੀਕ ਮਾਤਾ ਤ੍ਰਿਪਤਾ ਜੀ ਦਾ ਆਉਂਦਾ ਹੈ ਜਿਨ੍ਹਾਂ ਦੀ ਪਵਿੱਤਰ ਕੁੱਖ ਤੋਂ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ (1469 ਈ. ਵਿਚ) ਜਨਮ ਲਿਆ। ਗੁਰੂ ਜੀ ਦੀ ਆਮਦ ਨੂੰ ਭਾਈ ਗੁਰਦਾਸ ਜੀ ਨੇ ਬੜੇ ਅਲੰਕ੍ਰਿਤ ਢੰਗ ਨਾਲ ਹੇਠ ਲਿਖੇ ਸ਼ਬਦਾਂ ਵਿਚ ਬਿਆਨਿਆ ਹੈ:

ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ। (ਵਾਰ 1:27)

ਕਿਹਾ ਗਿਆ ਹੈ: ‘ਜਨਨੀ ਜਨੇ ਤਾਂ ਭਗਤ ਜਨ, ਕੈ ਦਾਤਾ ਕੈ ਸੂਰ। ਨਹੀਂ ਤਾਂ ਜਨਨੀ ਬਾਂਝ ਰਹੇ, ਕਾਹੇ ਗਵਾਵਹਿ ਨੂਰ।’ ਫਿਰ ਮਾਤਾ ਤ੍ਰਿਪਤਾ ਜੀ ਨੇ ਤਾਂ ‘ਅਕਾਲ ਰੂਪ’ ਬਾਲਕ (ਨਾਨਕ) ਨੂੰ ਜਨਮ ਦੇ ਕੇ ਆਪਣੀ ਕੁੱਖ ਨੂੰ ਸਾਰਥਕ ਕਰ ਦਿੱਤਾ ਹੈ ਕਿਉਂਕਿ ਜਗਤ-ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾ ਕੇਵਲ ਭਗਤ, ਮਹਾਨ ਦਾਤੇ ਤੇ ਸੂਰਮੇ ਸਨ ਸਗੋਂ ਮਰਦ-ਏ-ਕਾਮਿਲ ਸਨ। ਗੁਰੂ ਜੀ ਦੀ ਸਿਫ਼ਤ ਕਰਦਿਆਂ ਡਾ. ਮੁਹੰਮਦ ਇਕਬਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸੰਬੰਧੀ ਕਿਹਾ ਸੀ:‘ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ। ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਇਆ ਫਿਰ ਖ਼੍ਵਾਬ ਸੇ।’ ਮਾਤਾ ਤ੍ਰਿਪਤਾ ਜੀ ਦੀ ਇਸ ਦੇਣ ਲਈ ਨਾ ਕੇਵਲ ਸਿੱਖ ਕੌਮ ਤੇ ਭਾਰਤ-ਵਰਸ਼ ਹੀ ਰਿਣੀ ਹੈ ਸਗੋਂ ਸਮੁੱਚਾ ਸੰਸਾਰ ਕਰਜ਼ਦਾਰ ਹੈ।

ਭੈਣ ਦੇ ਰੂਪ ਵਿਚ ਬੇਬੇ ਨਾਨਕੀ ਜੀ (ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੂਜਨੀਕ ਭੈਣ ਜੀ) ਦੀ ਸਿੱਖ ਧਰਮ ਨੂੰ ਦਿੱਤੀ ਦੇਣ ਬਾਰੇ ਕੌਣ ਨਹੀਂ ਜਾਣਦਾ? ਇਤਿਹਾਸਕ ਲਿਖਤਾਂ ਦੱਸਦੀਆਂ ਹਨ ਕਿ ਭੈਣ ਨਾਨਕੀ ਜੀ ਨੇ ਸਭ ਤੋਂ ਪਹਿਲਾਂ ਜਾਣ ਲਿਆ ਸੀ ਕਿ ਉਸ ਦਾ ਵੀਰ ਸਾਧਾਰਨ ਬਾਲਕ ਨਹੀਂ ਹੈ, ਇਸੇ ਲਈ ਆਪ ਨੂੰ ਪਹਿਲੀ ‘ਸਿੱਖ’ ਹੋਣ ਦਾ ਮਾਣ ਪ੍ਰਾਪਤ ਹੈ। ਬੇਬੇ ਨਾਨਕੀ ਜੀ (ਜੋ ਸੁਲਤਾਨਪੁਰ ਲੋਧੀ ਵਿਖੇ ਭਾਈ ਜੈ ਰਾਮ ਜੀ ਨਾਲ ਵਿਆਹੇ ਹੋਏ ਸਨ) ਵੀਰ ਨੂੰ ਆਪਣੇ ਪਾਸ ਲੈ ਗਏ ਤੇ ਉੱਥੇ ਆਪਣੇ ਪਤੀ ਨੂੰ ਕਹਿ ਕੇ ਨਵਾਬ ਦੌਲਤ ਖ਼ਾਨ ਲੋਧੀ ਦੇ ਮੋਦੀਖ਼ਾਨੇ ਵਿਚ ਮੋਦੀ ਦੇ ਅਹੁਦੇ ’ਤੇ ਰਖਵਾ ਦਿੱਤਾ। ਇੱਥੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਨੂੰ ਤਾਰਨ ਦੇ ਉਦੇਸ਼ ਨਾਲ ਉਦਾਸੀਆਂ ਅਰੰਭੀਆਂ ਸਨ। ਜਨਮ ਸਾਖੀਆਂ ਵਿਚ ਅਨੇਕਾਂ ਉਦਾਹਰਣਾਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਭੈਣ ਨੇ ਆਪਣੇ ਵੀਰ ਦੀਆਂ ਉਦਾਸੀਆਂ ਦੀ ਸਫਲਤਾ ਵਿਚ ਮਹਾਨ ਹਿੱਸਾ ਪਾਇਆ ਹੈ। ਜਿਵੇਂ ਭਾਈ ਮਰਦਾਨਾ ਜੀ ਨੂੰ ਰਬਾਬ ਮੁਹੱਈਆ ਕਰਵਾਉਣੀ2, ਵੀਰ ਦੇ ਜਾਣ ਤੋਂ ਬਾਅਦ ਨਣਦ ਤੇ ਭੂਆ ਦੇ ਰੂਪ ਵਿਚ ਆਪਣੀ ਭਰਜਾਈ ਤੇ ਭਤੀਜਿਆਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਲੈਣੀ ਅਤੇ ਵੀਰ ਨੂੰ ਸਫ਼ਰ ਦੀਆਂ ਹੋਰ ਸਹੂਲਤਾਂ ਮੁਹੱਈਆ ਕਰਵਾਉਣੀਆਂ ਆਦਿ।

ਧਰਮ-ਪਤਨੀ ਦੇ ਰੂਪ ਵਿਚ ਮਾਤਾ ਸੁਲੱਖਣੀ ਜੀ (ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਮ-ਪਤਨੀ) ਦਾ ਯੋਗਦਾਨ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦਾ ਤਿਆਗ ਇਸਤਰੀਆਂ ਲਈ ਇਕ ਮਿਸਾਲ ਹੈ ਜਿਨ੍ਹਾਂ ਨੇ ਆਪਣੇ ਪਤੀ ਦੀਆਂ (ਲੰਬੇ ਸਮੇਂ ਦੀਆਂ) ਉਦਾਸੀਆਂ ਦੌਰਾਨ ਨਾਲ ਜਾਣ ਦੀ ਜ਼ਿਦ ਨਾ ਕਰ ਕੇ ਜਗਤ-ਗੁਰੂ ਦੇ ‘ਕਲ ਤਾਰਣ’ ਤੇ ਜਗਤ-ਉਧਾਰਨ ਦੇ ਕਾਰਜਾਂ ਵਿਚ ਕੋਈ ਵਿਘਨ ਨਹੀ ਪਾਇਆ ਸਗੋਂ ਪਤੀ-ਗੁਰੂ ਦੀ ਯਾਦ ਨੂੰ ਆਪਣੇ ਹਿਰਦੇ ਅੰਦਰ ਸਮਾ ਕੇ, ਆਪਣੀ ਨਣਦ (ਬੇਬੇ ਨਾਨਕੀ ਜੀ) ਕੋਲ ਰਹਿ ਕੇ ਦੋਹਾਂ ਪੁੱਤਰਾਂ ਦੀ ਪਾਲਣਾ-ਪੋਸਣਾ ਕਰਦੇ ਰਹੇ।

ਇਸੇ ਤਰ੍ਹਾਂ ਮਾਤਾ ਖੀਵੀ ਜੀ (ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਧਰਮ- ਪਤਨੀ) ਸੰਬੰਧੀ ਜ਼ਿਕਰ ਆਉਂਦਾ ਹੈ ਕਿ ਜਦੋਂ ਉਨ੍ਹਾਂ ਦੇ ਪਤੀ ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾਂ ਨੂੰ ਜਥਾ ਲੈ ਕੇ ਗਏ ਪਰ ਸੰਗ ਨੂੰ ਰਾਹ ਵਿਚ ਛੱਡ ਕੇ ਆਪ ਕਰਤਾਰਪੁਰ ਚਲੇ ਗਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਕੇ ਉੱਥੇ ਹੀ ਰਹਿ ਗਏ। ਸੰਗ ਵਾਪਸ ਆ ਗਿਆ ਤਾਂ ਲੋਕਾਂ ਨੇ ਕਿਹਾ: “ਤੇਰਾ ਪਤੀ ਤੇਰਾ ਸਾਥ ਛੱਡ ਕਰਤਾਰਪੁਰ ਦਾ ਹੋ ਗਿਆ।…ਲਹਿਣਾ (ਜੀ) ਕਰਤਾਰਪੁਰ ਹੀ ਨਾਨਕ ਤਪੇ ਪਾਸ ਰਹਿ ਪਿਆ ਈ, ਸੰਗ ਨੂੰ ਜਵਾਬ ਦੇ ਦਿਤਾ ਸੂ। ਆਪ ਸਾਧ ਹੋ ਕੇ ਬਹਿ ਗਿਆ ਈ…।” ਤਾਂ ਮਾਤਾ ਖੀਵੀ ਜੀ ਨੇ ਸਿਰਫ਼ ਇਹ ਹੀ ਆਖਿਆ: “ਜੇ ਉਹ ਗੋਦੜੀ ਪਾਏ ਤਾਂ ਲੀਰਾਂ ਹੰਡਾਸਾਂ, ਜਿਸ ਹਾਲ ਰੱਖੇ ਉਸ ਹਾਲ ਹੀ ਰਵਾਂਗੀ।” ਠੰਢੇ ਸੁਭਾਅ ਦੀ ਮੂਰਤ ਮਾਤਾ ਖੀਵੀ ਜੀ ਅਡੋਲ ਰਹੇ। ਜਦੋਂ ਪਤੀ ਨੇ ਮੁੜ ਆ ਕੇ ਦੁਬਾਰਾ ਪੱਕੇ ਤੌਰ ’ਤੇ ਜਾਣ ਦੀ ਤਿਆਰੀ ਕਰ ਲਈ ਤਾਂ ਕਿਸੇ ਪ੍ਰਕਾਰ ਦੀ ਰੋਕ ਨਾ ਪਾਈ ਸਗੋਂ ਰਜ਼ਾ ਵਿਚ ਰਾਜ਼ੀ ਰਹਿ ਕੇ ਬੱਚਿਆਂ ਦੀ ਪਾਲਣਾ ਦੀ ਜ਼ਿੰਮੇਵਾਰੀ ਸੰਭਾਲ ਲਈ।3 ਜਦੋਂ ਭਾਈ ਲਹਿਣਾ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਏ ਤਾਂ ਮਾਤਾ ਖੀਵੀ ਜੀ ਨੂੰ ਲੰਗਰ ਦੀ ਸੇਵਾ ਸੌਂਪੀ ਗਈ। ਜਿੱਥੇ ਇਕ ਪਾਸੇ ਪਤੀ-ਗੁਰੂ, ਗੁਰ-ਸ਼ਬਦ ਤੇ ਨਾਮ ਦੀ ਦੌਲਤ ਸੰਗਤਾਂ ਦੀ ਝੋਲੀ ਵਿਚ ਪਾ ਰਹੇ ਸਨ ਉੱਥੇ ਦੂਜੇ ਪਾਸੇ ਮਾਤਾ ਖੀਵੀ ਜੀ ਭਾਂਤ-ਭਾਂਤ ਦੇ ਭੋਜਨ ਅਤੇ ਘਿਉ ਵਾਲੀ ਖੀਰ ਦਾ ਲੰਗਰ ਪੰਗਤਾਂ ਵਿਚ ਵਰਤਾ ਰਹੇ ਸਨ। ਲੰਗਰ ਤੇ ਪੰਗਤ ਦੀ ਪਰੰਪਰਾ ਨੂੰ ਪਰਿਪੱਕਤਾ ਦੇਣ ਦੀ ਵਡਿਆਈ ਮਾਤਾ ਖੀਵੀ ਜੀ ਨੂੰ ਜਾਂਦੀ ਹੈ ਕਿਉਂਕਿ ਲੰਗਰ ਦਾ ਸਮੁੱਚਾ ਪ੍ਰਬੰਧ ਉਨ੍ਹਾਂ ਦੇ ਹੱਥ ਵਿਚ ਹੀ ਸੀ। ਇੱਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਲੰਗਰ ਦੀ ਪ੍ਰਥਾ ਦਾ ਅਰੰਭ ਭਾਵੇਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ ਪਰ ਇਸ ਨੂੰ ਸੰਸਥਾਤਮਿਕ ਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਹੀ ਪ੍ਰਾਪਤ ਹੋਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਾਤਾ ਖੀਵੀ ਜੀ ਨੂੰ ‘ਨੇਕ ਜਨ’ ਕਹਿ ਕੇ ਵਡਿਆਈ ਦਿੱਤੀ ਹੈ:

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥…
ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ॥ (ਪੰਨਾ 967)

ਇਸੇ ਤਰ੍ਹਾਂ ਮਾਤਾ ਖੀਵੀ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਦਾ ਨਾਂ ਵੀ ਸਿੱਖ ਇਸਤਰੀਆਂ ਵਿਚ ਅਹਿਮ ਸਥਾਨ ਰੱਖਦਾ ਹੈ। ਮਾਤਾ ਖੀਵੀ ਜੀ ਨੇ ਆਪਣੀ ਸਪੁੱਤਰੀ ਬੀਬੀ ਅਮਰੋ ਜੀ ਨੂੰ ਸਿੱਖੀ ਦਾ ਪਾਠ ਪੜ੍ਹਾ ਕੇ ਚੰਗੀ ਮਾਂ ਦਾ ਰੋਲ ਵੀ ਅਦਾ ਕੀਤਾ ਹੈ। ਸਪੁੱਤਰੀ ਦੇ ਰੂਪ ਵਿਚ ਬੀਬੀ ਅਮਰੋ ਜੀ (ਦੂਜੇ ਗੁਰੂ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ, ਜੋ ਸ੍ਰੀ ਅਮਰਦਾਸ ਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ) ਦੀ ਦੇਣ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਦੀ ਰਸਨਾ ਤੋਂ ਉਚਰੇ ਗੁਰ-ਸ਼ਬਦ ਨੇ ਬਾਬਾ ਅਮਰਦਾਸ ਜੀ ਦੀ ਕਾਇਆ ਪਲਟ ਦਿੱਤੀ। ਉਹ ਇਕ ਸਾਧਾਰਨ ਤੀਰਥ ਯਾਤਰੀ ਤੋਂ ਸਿੱਖ ਧਰਮ ਦੇ ਤੀਸਰੇ ਗੁਰੂ, ਨਿਥਾਵਿਆਂ ਦੇ ਥਾਂ, ਨਿਮਾਣਿਆਂ ਦੇ ਮਾਣ ਤੇ ਨਿਤਾਣਿਆਂ ਦੇ ਤਾਣ ਬਣ ਗਏ। ਸਿੱਖ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਬੀਬੀ ਅਮਰੋ ਜੀ ਇਕ ਦਿਨ ਅੰਮ੍ਰਿਤ ਵੇਲੇ ਦੁੱਧ ਰਿੜਕਦਿਆਂ ਗੁਰਬਾਣੀ ਦਾ ਪਾਠ ਬਹੁਤ ਮਧੁਰ ਅਵਾਜ਼ ਵਿਚ ਕਰ ਰਹੇ ਸੀ। ਜਦੋਂ ਇਹ ਪਾਠ ਸ੍ਰੀ ਅਮਰਦਾਸ ਦਾਸ ਜੀ ਦੇ ਕੰਨੀਂ ਪਿਆ ਤਾਂ ਸੁਣਦਿਆਂ ਹੀ ਆਪ ਜੀ ਦੇ ਮਨ ਵਿਚ ਧੂਹ ਪਈ। ਬੀਬੀ ਅਮਰੋ ਜੀ ਤੋਂ ਪੁੱਛਿਆ ਕਿ ਉਹ ਕਿਸ ਦੀ ਬਾਣੀ ਪੜ੍ਹ ਰਹੇ ਸੀ? ਇਹ ਪਤਾ ਲੱਗਣ ’ਤੇ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਤੇ ਉਨ੍ਹਾਂ ਦੀ ਗੱਦੀ ’ਤੇ ਸ੍ਰੀ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹਨ ਤਾਂ ਉਨ੍ਹਾਂ ਦੇ ਦਿਲ ਵਿਚ ਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਜਾਗ ਪਈ। ਆਪ ਬੀਬੀ ਅਮਰੋ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਪਹੁੰਚ ਗਏ। ਜਦੋਂ ਆਪ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਮਨ ਨੂੰ ਅਥਾਹ ਸ਼ਾਂਤੀ ਮਿਲੀ। ਇਸ ਤਰ੍ਹਾਂ ਬੀਬੀ ਅਮਰੋ ਜੀ ਸ੍ਰੀ (ਗੁਰੂ) ਅਮਰਦਾਸ ਜੀ ਲਈ ਗੁਰੂ-ਮਿਲਾਪ ਦਾ ਸਾਧਨ ਬਣੇ।

ਸਪੁੱਤਰੀ ਤੇ ਧਰਮ-ਪਤਨੀ ਦੇ ਰੂਪ ਵਿਚ ਬੀਬੀ ਭਾਨੀ ਜੀ (ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਤੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੀ ਧਰਮ-ਪਤਨੀ), ਜੋ ਨਿਸ਼ਕਾਮ ਸੇਵਾ-ਭਾਵ ਤੇ ਭਾਣੇ ਵਿਚ ਵਿਚਰਨ ਵਾਲੇ ਸਨ, ਦਾ ਵੀ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਯੋਗਦਾਨ ਹੈ। ਪਿਤਾ ਗੁਰੂ ਜੀ ਦੀ ਅਥਾਹ ਸੇਵਾ ਸਦਕਾ ਇਤਿਹਾਸ ਦਾ ਰੁਖ਼ ਹੀ ਬਦਲ ਦਿੱਤਾ। ਇਤਿਹਾਸਕਾਰਾਂ ਅਨੁਸਾਰ ਬੀਬੀ ਭਾਨੀ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਚਾਰ ਸਾਹਿਬਜ਼ਾਦਿਆਂ (ਪੁੱਤਰ ਤੇ ਅਗਲੀਆਂ ਚਾਰ ਪੀੜ੍ਹੀਆਂ) ਤਕ ਸ਼ਾਨਦਾਰ ਪ੍ਰਭਾਵ ਪਾਇਆ। ਇਸ ਤੋਂ ਬਿਨਾਂ ਆਪ ਨੇ ਸ੍ਰੀ ਅੰਮ੍ਰਿਤਸਰ ਜੀ ਦੀ ਉਸਾਰੀ ਸਮੇਂ ਵੀ ਮਹਾਨ ਹਿੱਸਾ ਪਾਇਆ ਹੈ।

ਧਰਮ-ਪਤਨੀ ਤੇ ਮਾਂ ਦੇ ਰੂਪ ਵਿਚ ਮਾਤਾ ਗੰਗਾ ਜੀ (ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ {ਸ਼ਹੀਦਾਂ ਦੇ ਸਿਰਤਾਜ} ਦੀ ਧਰਮ-ਪਤਨੀ ਤੇ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਾਤਾ ਜੀ) ਨੇ ਆਪਣੇ ਗੁਰੂ-ਪਤੀ ਦੀ ਹਰ ਸੁਖ-ਸਹੂਲਤ ਦਾ ਖ਼ਿਆਲ ਰੱਖਿਆ ਅਤੇ ਆਪਣੇ ਸਪੁੱਤਰ ਸ੍ਰੀ ਹਰਿਗੋਬਿੰਦ ਜੀ ਦੀ ਸ਼ਖਸੀਅਤ ਦੇ ਸਰਬ-ਪੱਖੀ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ। ਆਪ ਜੀ ਨੇ ਬਾਲ-ਪੁੱਤਰ ਨੂੰ ਮਜ਼ਬੂਤ ਤੇ ਦ੍ਰਿੜ੍ਹ-ਸੰਕਲਪਾਂ ਨਾਲ ਲਬਰੇਜ਼ ਕਰ ਕੇ ‘ਵਡ ਯੋਧਾ ਬਹੁ ਪਰਉਪਕਾਰੀ’ ਅਤੇ ‘ਮੀਰੀ ਪੀਰੀ ਦੇ ਮਾਲਕ’ ਦੇ ਰੂਪ ਵਿਚ ਗੁਰਗੱਦੀ ਦਾ ਛੇਵਾਂ ਵਾਰਸ ਦੇ ਕੇ, ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਆਪ ਜੀ ਦੇ ਸਪੁੱਤਰ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨ ਕੇ ਸਿੱਖ ਧਰਮ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕੀਤਾ ਹੈ। ਮਾਤਾ ਗੰਗਾ ਜੀ ਨੇ ਗੁਰੂ-ਪਤੀ ਦੀ ਸ਼ਹਾਦਤ ਨੂੰ ਬਹੁਤ ਵੱਡੇ ਜਿਗਰੇ ਨਾਲ ਸਹਾਰਿਆ ਤੇ ਅਨੇਕਾਂ ਕਠਨਾਈਆਂ ਦਾ ਸਾਹਮਣਾ ਕਰਦੇ ਹੋਏ ਵੀ ਥੰਮ੍ਹ ਵਾਂਗ ਮਜ਼ਬੂਤ ਰਹੇ। ਆਪ ਜੀ ਗੁਰੂ-ਘਰ ਦੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਉਂਦੇ ਰਹੇ। ਇਸ ਤੋਂ ਇਲਾਵਾ ਮਾਤਾ ਗੰਗਾ ਜੀ ਨੇ ਗੁਰਸਿੱਖਾਂ ਦਾ ਸਤਿਕਾਰ ਕਰਨ ਦੀ ਅਮਲੀ ਸਿੱਖਿਆ ਵੀ ਦਿੱਤੀ ਹੈ।

ਸਪੁੱਤਰੀ ਤੇ ਮਾਂ ਦੇ ਰੂਪ ਵਿਚ ਬੀਬੀ ਵੀਰੋ ਜੀ (ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਸਪੁੱਤਰੀ) ਦੀ ਵੀ ਸਿੱਖ ਧਰਮ ਦੇ ਇਤਿਹਾਸ ਨੂੰ ਮਹਾਨ ਦੇਣ ਹੈ। ਆਪ ਨੇ ਅਜਿਹੇ ਸੂਰਬੀਰ ਪੰਜ ਪੁੱਤਰਾਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਭੰਗਾਣੀ ਦੇ ਯੁੱਧ ਵਿੱਚ ਆਪਣੀ ਵੀਰਤਾ ਦੇ ਜੌਹਰ ਵਿਖਾਏ। ਬੀਬੀ ਵੀਰੋ ਜੀ ਦੇ ਦੋ ਪੁੱਤਰਾਂ (ਸ੍ਰੀ ਸੰਗੋ ਸ਼ਾਹ ਤੇ ਸ੍ਰੀ ਜੀਤ ਮੱਲ ਜੀ) ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਨ੍ਹਾਂ ਦਾ ਜ਼ਿਕਰ ‘ਬਚਿੱਤਰ ਨਾਟਕ’ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਹੈ। ਬੀਬੀ ਵੀਰੋ ਜੀ ਨੂੰ ਉਨ੍ਹਾਂ ਦੀ ਮਾਤਾ ਦਮੋਦਰੀ ਜੀ (ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਧਰਮ-ਪਤਨੀ) ਤੋਂ ਗੁਰਮਤਿ ਤੇ ਗੁਰਸਿੱਖੀ ਵਾਲੇ ਸੰਸਕਾਰ ਮਿਲੇ ਸਨ।

ਧਰਮ-ਪਤਨੀ ਤੇ ਮਾਂ ਦੇ ਰੂਪ ਵਿਚ ਮਾਤਾ ਕਿਸ਼ਨ ਕੌਰ ਜੀ (ਸਤਵੇਂ ਗੁਰੂ, ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਧਰਮ-ਪਤਨੀ ਤੇ ਅਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਜੀ) ਨੇ ਆਪਣੇ ਗੁਰੂ-ਪਤੀ ਦਾ ਸਾਇਆ ਸਿਰੋਂ ਉੱਠ ਜਾਣ ਬਾਅਦ, ਆਪਣੇ ਬਾਲ-ਪੁੱਤਰ ਦੀ ਜ਼ਿੰਮੇਵਾਰੀ ਨੂੰ ਸਿਦਕ ਨਾਲ ਨਿਭਾਇਆ। ਪੰਜ ਸਾਲ ਦੇ ਪੁੱਤਰ ਨੂੰ ਗੁਰਗੱਦੀ ’ਤੇ ਬੈਠਿਆਂ ਵੇਖ ਕੇ ਮਾਂ ਧੰਨ ਹੋ ਰਹੀ ਸੀ ਤੇ ਨਾਲ ਹੀ ਬੇਅੰਤ ਜ਼ਿੰਮੇਵਾਰੀਆਂ ਦੀ ਪੰਡ ਸਿਰ ’ਤੇ ਸੀ। ਜਵਾਨੀ ਦੀ ਤਿੱਖੜ ਦੁਪਹਿਰ ਪਤੀ ਤੋਂ ਬਿਨਾਂ ਕੱਟਣੀ ਮੁਹਾਲ ਸੀ ਪਰ ਮਾਤਾ ਜੀ ਦੇ ਅਨੂਠੇ ਸਿਦਕ ਨੇ ਸਭ ਕੁਝ ਸਹਿ ਕੇ ਸਿੱਖੀ ਮਰਯਾਦਾ ਦੀ ਪਾਲਣਾ ਬਹੁਤ ਦ੍ਰਿੜ੍ਹਤਾ ਨਾਲ ਕੀਤੀ ਤੇ ਸਿੱਖ ਇਤਿਹਾਸ ਵਿਚ ਇਕ ਮਿਸਾਲ ਕਾਇਮ ਕਰ ਦਿੱਤੀ। ਆਪ ਆਪਣੇ ਬਾਲ ਪੁੱਤਰ ਨੂੰ ਗੁਰੂ ਰੂਪ ਜਾਣਦੇ ਸਨ ਤੇ ਉਨ੍ਹਾਂ ਦੀ ਹਰ ਆਗਿਆ ਨੂੰ ਗੁਰੂ-ਆਗਿਆ ਸਮਝਦੇ ਸਨ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਿੱਲੀ ਵਿਚ ਜੋਤੀ ਜੋਤਿ ਸਮਾਉਣ ਤੋਂ ਬਾਅਦ ਆਪ ਗੁਰੂ-ਪਤੀ ਤੇ ਗੁਰੂ-ਪੁੱਤਰ ਦੇ ਵਿਛੋੜੇ ਵਿਚ ਲੰਬੇ ਸਮੇਂ ਤਕ ਭਾਣੇ ਵਿਚ ਰਹਿ ਕੇ ਜਿਊਂਦੇ ਰਹੇ।

ਮਾਂ ਦੇ ਰੂਪ ਵਿਚ ਮਾਤਾ ਨਾਨਕੀ ਜੀ (ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਧਰਮ-ਪਤਨੀ ਤੇ ਮਾਤਾ ਸ੍ਰੀ ਗੁਰੂ ਤੇਗ ਬਹਾਦਰ ਜੀ) ਨੂੰ ਸਿੱਖ ਇਤਿਹਾਸ ਵਿਚ ਗੌਰਵਮਈ ਸਥਾਨ ਪ੍ਰਾਪਤ ਹੈ। ਇਤਿਹਾਸ ਸਾਖੀ ਹੈ ਕਿ ਇਨ੍ਹਾਂ ਦੀ ਕੁੱਖ ਤੋਂ ਇਕ ਮਹਾਨ ਬਾਲਕ ਨੇ ਜਨਮ ਲਿਆ ਜੋ ਸਿੱਖ ਧਰਮ ਦੇ ਨੌਵੇਂ ਗੁਰੂ ਬਣੇ ਤੇ ਧਰਮ ਦੀ ਰੱਖਿਆ ਲਈ ਦਿੱਲੀ ਵਿਖੇ ਸ਼ਹਾਦਤ ਦੇ ਕੇ ‘ਧਰਮ ਦੀ ਚਾਦਰ’ ਬਣੇ। ਇਸ ਮਹਾਨ ਕੁਰਬਾਨੀ ਸੰਬੰਧੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਥਨ ਕਰਦੇ ਹਨ:

ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਆ ਪਯਾਨ॥
ਤੇਗ ਬਹਾਦੁਰ ਸੀ ਕ੍ਰਿਆ ਕਰੀ ਨ ਕਿਨਹੂੰ ਆਨਿ॥ (ਬਚਿਤ੍ਰ ਨਾਟਕ)

ਧਰਮ-ਪਤਨੀ, ਮਾਂ ਤੇ ਦਾਦੀ ਦੇ ਰੂਪ ਵਿਚ ਮਾਤਾ ਗੁਜਰੀ ਜੀ (ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧਰਮ-ਪਤਨੀ) ਦੀ ਸਿੱਖ ਧਰਮ ਨੂੰ ਬਹੁਮੁੱਲੀ ਦੇਣ ਹੈ ਜਿਨ੍ਹਾਂ ਨੇ (ਆਪਣੇ ਪਤੀ ਦੇ ਹੁਕਮ ਵਿਚ ਰਹਿੰਦਿਆਂ) 22 ਸਾਲ 9 ਮਹੀਨੇ ਅਤੇ ਕੁਝ ਦਿਨ ਬਾਬੇ ਬਕਾਲੇ ਗੁਰੂ-ਪਤੀ ਦੇ ਨਾਲ ਆਤਮ-ਸਾਧਨਾ ਸਾਧੀ। ਅਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਪਿੱਛੋਂ ਆਪ ਜੀ ਦੇ ਪਤੀ ਗੁਰਗੱਦੀ ’ਤੇ ਬਿਰਾਜਮਾਨ ਹੋਏ ਤਾਂ ਮਾਤਾ ਗੁਜਰੀ ਜੀ ਆਪਣੇ ਗੁਰੂ-ਪਤੀ ਨਾਲ ਪੰਜਾਬ ਤੋਂ ਬਾਹਰ ਇਲਾਹਾਬਾਦ ਤੇ ਫਿਰ ਪਟਨੇ ਚਲੇ ਗਏ। ਇੱਥੇ 1666 ਈ. ਵਿਚ ਆਪ ਜੀ ਦੀ ਪਵਿੱਤਰ ਕੁੱਖ ਤੋਂ ਅਜਿਹੇ ਹੋਣਹਾਰ ਬਾਲਕ ਸ੍ਰੀ ਗੋਬਿੰਦ ਰਾਇ ਜੀ ਦਾ ਜਨਮ ਹੋਇਆ, ਜਿਸ ਨੇ ਕੇਵਲ 9 ਸਾਲ ਦੀ ਉਮਰ ਵਿਚ ਆਪਣੇ ਪਿਤਾ ਨੂੰ ਸ਼ਹੀਦੀ ਦੇਣ ਲਈ ਦਿੱਲੀ ਤੋਰ ਦਿੱਤਾ ਤੇ ਫਿਰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿਚ ਅਜਿਹੇ ਕਾਰਨਾਮੇ ਕਰ ਵਿਖਾਏ ਜਿਨ੍ਹਾਂ ਨੇ ਭਾਰਤ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। ਆਪਣੇ ਪਤੀ ਦੀ ਸ਼ਹਾਦਤ ਤੋਂ ਬਾਅਦ ਮਾਤਾ ਜੀ ਦੇ ਸਿਰ ਦਾ ਤਾਜ ਖੁੱਸ ਗਿਆ ਪਰ ਇਤਿਹਾਸ ਗਵਾਹ ਹੈ ਕਿ ਇਨ੍ਹਾਂ ਨਾਜ਼ੁਕ ਪਲਾਂ ਵਿਚ ਆਪ ਨੇ ਆਪਣੇ 9 ਸਾਲ ਦੇ ਬਾਲ ਗੋਬਿੰਦ ਰਾਇ ਜੀ ਨੂੰ ਉਸ ਕਰਤੱਵ ਲਈ ਤਿਆਰ ਕੀਤਾ ਜਿਸ ਦੀ ਪੂਰਤੀ ਲਈ ਉਨ੍ਹਾਂ ਨੂੰ ਅਕਾਲ ਪੁਰਖ ਨੇ ਸੰਸਾਰ ਵਿਚ ਭੇਜਿਆ ਸੀ। ਆਪ ਜੀ ਦੇ ਸਪੁੱਤਰ ਨੇ ਭਾਰਤੀਆਂ ਨੂੰ ਆਪਣੇ ਧਰਮ ਦੀ ਰੱਖਿਆ ਕਰਨ ਦੇ ਯੋਗ ਬਣਾ ਦਿੱਤਾ। ਕਿਸੇ ਸ਼ਾਇਰ ਨੇ ਠੀਕ ਕਿਹਾ ਹੈ- ‘ਨਾ ਕਹੂੰ ਜਬ ਕੀ, ਨ ਕਹੂੰ ਤਬ ਕੀ, ਬਾਤ ਕਹੂੰ ਮੈਂ ਅਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਤੋ ਸੁੰਨਤ ਹੋਤੀ ਸਭ ਕੀ।’

ਦਾਦੀ ਦੇ ਰੂਪ ਵਿਚ ਵੀ ਮਾਤਾ ਗੁਜਰੀ ਜੀ ਦੀ ਸਿੱਖ ਧਰਮ ਨੂੰ ਲਾਸਾਨੀ ਦੇਣ ਹੈ। ਜ਼ਿਕਰ ਆਉਂਦਾ ਹੈ ਕਿ ਸਰਸਾ ਨਦੀ ਦੇ ਕੰਢੇ ਜੰਗ ਉਪਰੰਤ ਦੋ ਛੋਟੇ ਸਾਹਿਬਜ਼ਾਦੇ- ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ, ਮਾਤਾਵਾਂ ਤੇ ਵੱਡੇ ਸਾਹਿਬਜ਼ਾਦਿਆਂ ਤੋਂ ਵਿੱਛੜ ਕੇ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਗੰਗੂ ਰਸੋਈਏ ਨਾਲ ਉਸ ਦੇ ਪਿੰਡ ਸਹੇੜੀ ਚਲੇ ਗਏ ਸਨ। ਗੰਗੂ ਨੇ ਮੁਸਲਮਾਨ ਹਕੂਮਤ ਕੋਲੋਂ ਇਨਾਮ ਹਾਸਲ ਕਰਨ ਲਈ ਮਾਤਾ ਜੀ ਅਤੇ ਮਾਸੂਮ ਬੱਚਿਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਤੇ ਉਨ੍ਹਾਂ ਨੂੰ ਸਰਹੰਦ ਦੇ ਠੰਢੇ ਬੁਰਜ ਵਿਚ ਕੈਦ ਕਰਵਾ ਦਿੱਤਾ। ਇੱਥੇ ਬੈਠ ਕੇ (ਪੋਹ ਦੇ ਮਹੀਨੇ ਵਿਚ) ਸਾਰੀ-ਸਾਰੀ ਰਾਤ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਵਿਚ ਸਿੰਘਾਂ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਾ-ਸੁਣਾ ਕੇ ਨਿਰਭੈਤਾ ਤੇ ਬੀਰਤਾ ਦਾ ਜਜ਼ਬਾ ਭਰਦੇ ਰਹਿੰਦੇ ਤਾਂ ਕਿ ਉਹ ਮੁਗਲ ਹਕੂਮਤ ਦੇ ਹਾਕਮਾਂ ਸਾਹਮਣੇ ਡੋਲ ਨਾ ਜਾਣ। ਸਵੇਰੇ ਆਪ ਉਨ੍ਹਾਂ ਨੂੰ ਤਿਆਰ ਕਰਦੇ ਤੇ ਸਮਝਾਉਂਦੇ, “ਆਪਣੇ ਧਰਮ ਨੂੰ ਜਾਨਾਂ ਵਾਰ ਕੇ ਵੀ ਕਾਇਮ ਰੱਖਣਾ। ਤੁਸੀਂ ਉਸ ਗੁਰੂ ਗੋਬਿੰਦ ਸਿੰਘ ਦੇ ਸ਼ੇਰ ਬੱਚੇ ਹੋ, ਜਿਸ ਨੇ ਜ਼ਾਲਮਾਂ ਤੋਂ ਕਦੀ ਈਨ ਨਹੀਂ ਮੰਨੀ। ਉਸ ਦਾਦੇ ਦੇ ਪੋਤੇ ਹੋ ਜਿਸ ਨੇ ਧਰਮ ਦੀ ਖਾਤਰ ਆਪਣਾ ਸੀਸ ਵਾਰ ਦਿੱਤਾ। ਵੇਖਿਓ! ਕਿਤੇ ਵਜ਼ੀਰ ਖਾਂ ਵੱਲੋਂ ਦਿੱਤੇ ਲਾਲਚ ਜਾਂ ਡਰਾਵਿਆਂ ਕਾਰਨ ਧਰਮ ਵਲੋਂ ਕਮਜ਼ੋਰੀ ਨਾ ਵਿਖਾ ਜਾਇਓ।” ਨਵਾਬ ਦੇ ਸਿਪਾਹੀਆਂ ਵੱਲੋਂ ਸਾਹਿਬਜ਼ਾਦਿਆਂ ਨੂੰ ਲਿਜਾ ਕੇ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਨਵਾਬ ਨੇ ਬੱਚਿਆਂ ਨੂੰ ਇਸਲਾਮ ਕਬੂਲਣ ਲਈ ਕਿਹਾ ਅਤੇ ਨਾ ਮੰਨਣ ’ਤੇ ਉਨ੍ਹਾਂ ਨੂੰ ਮੌਤ ਦਾ ਡਰ ਦਿੱਤਾ ਗਿਆ ਪਰ ਦਾਦੀ ਮਾਤਾ ਜੀ ਦੀ ਸਿੱਖਿਆ ਅਨੁਸਾਰ ਸਾਹਿਬਜ਼ਾਦਿਆਂ ਨੇ ਨਿਝੱਕ ਹੋ ਕੇ ਜਵਾਬ ਦਿੱਤਾ: “ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੰਤਾਨ ਹਾਂ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹਾਂ। ਅਸੀਂ ਧਰਮ ਲਈ ਸ਼ਹੀਦ ਹੋਣਾ ਜਾਣਦੇ ਹਾਂ। ਅਸੀਂ ਧਰਮ ਛੱਡ ਕੇ ਜਿਊਣ ਨੂੰ ਤਿਆਰ ਨਹੀਂ। ਤੁਹਾਡਾ ਜਿਵੇਂ ਜੀਅ ਕਰਦਾ ਹੈ ਕਰ ਲਵੋ।” ਇਸ ਸਮੇਂ ਬੱਚਿਆਂ ਦੇ ਚਿਹਰਿਆਂ ’ਤੇ ਕੋਈ ਡਰ ਦਾ ਚਿੰਨ੍ਹ ਨਹੀਂ ਸੀ। ਦੀਵਾਨ ਸੁੱਚਾ ਨੰਦ ਦੇ ਸੂਬੇ ਨੂੰ ਹੋਰ ਉਕਸਾਉਣ ਤੇ ਭੜਕਾਉਣ ’ਤੇ ਨਵਾਬ ਨੇ ਹੁਕਮ ਦੇ ਦਿੱਤਾ ਕਿ ਸਾਹਿਬਜ਼ਾਦਿਆਂ ਨੂੰ ਜਿਊਂਦੇ-ਜੀਅ ਨੀਹਾਂ ਵਿਚ ਚਿਣ ਦਿੱਤਾ ਜਾਵੇ। ਨਵਾਬ ਦੇ ਹੁਕਮ ਅਨੁਸਾਰ ਬੱਚਿਆਂ ਨੂੰ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਅੰਤਲੇ ਸਵਾਸ ਤਕ ਉਹ ਵਾਹਿਗੁਰੂ ਦਾ ਜਾਪ ਕਰਦੇ ਰਹੇ। ਉਨ੍ਹਾਂ ਨੇ ਚੜ੍ਹਦੀ ਕਲਾ ਵਿਚ ਰਹਿ ਕੇ ਮੌਤ ਲਾੜੀ ਨੂੰ ਪ੍ਰਣਾ ਲਿਆ। ਇਹ ਦਾਦੀ ਮਾਂ ਮਾਤਾ ਗੁਜਰੀ ਜੀ ਦੀ ਸਿੱਖਿਆ ਦਾ ਹੀ ਸਿੱਟਾ ਸੀ ਕਿ ਉਹ ਧਰਮ ਤੋਂ ਥਿੜਕੇ ਨਹੀਂ।

ਪੋਤਰਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਨੇ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ ਤੇ ਸੱਚਖੰਡ ਪਧਾਰ ਗਏ। ਧੰਨ ਹੈ ਦਾਦੀ ਮਾਤਾ! ਜਿਸ ਨੇ ਆਪਣੇ (ਜਿਗਰ ਦੇ ਟੋਟੇ) ਪੋਤਰਿਆਂ ਨੂੰ ‘ਸੀਸ ਜਾਇ ਪਰ ਸਿਰਰ ਨ ਜਾਇ’ ਦੀ ਸਿੱਖਿਆ ਦੇ ਕੇ ਸ਼ਹੀਦ ਹੋਣ ਲਈ ਤੋਰਿਆ ਤੇ ਆਪ ਵੀ ਠੰਢੇ ਬੁਰਜ ਵਿਚ ਸ਼ਹਾਦਤ ਦਾ ਜਾਮ ਪੀਤਾ। ਮਾਤਾ ਜੀ ਨੇ ਸਿੱਖ ਧਰਮ ਵਿਚ ਇਸਤਰੀਆਂ ਦੀ ਸ਼ਹਾਦਤ ਦੀ ਬੁਨਿਆਦ ਰੱਖ ਦਿੱਤੀ। ਦੀਵਾਨ ਟੋਡਰ ਮੱਲ ਨੇ ਮੋਹਰਾਂ ਵਿਛਾ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਸਸਕਾਰ ਕਰਨ ਲਈ ਜਗ੍ਹਾ ਲਈ ਤੇ ਪੂਰਨ ਮਰਿਆਦਾ ਤੇ ਸਤਿਕਾਰ ਨਾਲ ਸਸਕਾਰ ਕਰ ਦਿੱਤਾ। ਅੱਜਕਲ੍ਹ ਇਸ ਸਥਾਨ ’ਤੇ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਤ ਹੈ ਜੋ ਮਾਤਾ ਗੁਜਰੀ ਜੀ ਤੇ ਉਨ੍ਹਾਂ ਦੇ ਪੋਤਰਿਆਂ ਦੀ ਸ਼ਹਾਦਤ ਦੀ ਯਾਦ ਦਿਵਾਉਂਦਾ ਹੈ।

ਮਾਤਾ ਗੁਜਰੀ ਜੀ ਸਿੱਖ ਧਰਮ ਦੇ ਇਤਿਹਾਸ ਵਿਚ ਪਹਿਲੀ ਇਸਤਰੀ ਸ਼ਹੀਦ ਮੰਨੇ ਗਏ ਹਨ ਜਿਨ੍ਹਾਂ ਦੇ ਪੂਰਨਿਆਂ ’ਤੇ ਚੱਲਦਿਆਂ ਹੋਇਆਂ ਅਨੇਕਾਂ ਸਿੱਖ ਬੀਬੀਆਂ ਨੇ ਆਪਣਾ ਧਰਮ ਨਿਬਾਹੁੰਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਆਓ, ਆਪਾਂ ਸਾਰੇ ਪ੍ਰਣਾਮ ਕਰੀਏ ਮਹਾਨ ਧਰਮ-ਪਤਨੀ, ਮਹਾਨ ਮਾਤਾ ਤੇ ਮਹਾਨ ਦਾਦੀ ਮਾਤਾ ਗੁਜਰੀ ਜੀ ਨੂੰ ਜੋ ਸਿੱਖ ਇਤਿਹਾਸ ਦੀ ਉਹ ਅਨੂਪਮ ਤੇ ਸਿਦਕੀ ਸਾਧਕ ਹੋ ਨਿਬੜੀ ਹੈ ਜਿਸ ਨੇ ਉਮਰ ਭਰ ਲੰਮੇ ਸੰਘਰਸ਼ ਨੂੰ ਆਪਣੇ ਤਨ ਤੇ ਮਨ ਦੇ ਪਿੰਡੇ ’ਤੇ ਬੜੀ ਦਲੇਰੀ ਨਾਲ ਹੰਢਾਇਆ ਹੈ।

ਪ੍ਰਚਾਰਕ ਦੇ ਰੂਪ ਵਿਚ ਬੀਬੀ ਮਥੋ ਜੀ (ਮੁਰਾਰੀ ਜੀ ਦੀ ਪਤਨੀ) ਨੇ ਆਪਣੇ ਪਤੀ ਨਾਲ ਗੁਰਮਤਿ ਦਾ ਭਾਰੀ ਪ੍ਰਚਾਰ ਕੀਤਾ, ਜਿਸ ਕਾਰਨ ਦੋਹਾਂ ਦਾ ਸੰਮਿਲਤ ਨਾਂ ਇਤਿਹਾਸ ਵਿਚ ਪ੍ਰਸਿੱਧ ਹੈ।4 ਇੱਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਗੁਰਮਤਿ ਦਾ ਪ੍ਰਚਾਰ ਕਰਨ ਲਈ ਜਿਨ੍ਹਾਂ 22 ਮੰਜੀਆਂ ਦੀ ਸਥਾਪਨਾ ਕੀਤੀ ਗਈ ਸੀ, ਉਨ੍ਹਾਂ ਮੰਜੀਆਂ ਦੇ ਜ਼ਿੰਮੇਵਾਰਾਂ ਵਿਚ ਮਥੋ-ਮੁਰਾਰੀ ਦਾ ਨਾਂ ਵੀ ਸ਼ਾਮਲ ਹੈ।

ਨੇਤਾ ਦੇ ਰੂਪ ਵਿਚ ਮਾਈ ਭਾਗੋ ਜੀ ਤੇ ਹੋਰ ਮਾਤਾਵਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਕਾਲ ਵਿਚ ਹੀ, ਰਾਹੋਂ ਖੁੰਝੇ ਮਾਝੇ ਦੇ ਸਿੰਘਾਂ (ਜੋ ਅਨੰਦਪੁਰ ਸਾਹਿਬ ਦੀ ਜੰਗ ਵਿਚ ਅਤਿ ਔਕੜ ਸਮੇਂ ਗੁਰੂ ਨੂੰ ਬੇਦਾਵਾ ਲਿਖ ਕੇ ਦੇ ਘਰੀਂ ਆ ਗਏ ਸਨ) ਨੂੰ ਪ੍ਰੇਰਨਾ ਦੇ ਕੇ ਮੁੜ ਗੁਰੂ ਨਾਲ ਜੋੜਿਆ ਸੀ। ਸਿੱਖ ਇਤਿਹਾਸ ਗਵਾਹ ਹੈ ਕਿ ਸਿੱਖ ਬੀਬੀਆਂ ਨੇ ਇਨ੍ਹਾਂ ਬੇਮੁਖ ਹੋਏ ਸਿੰਘਾਂ ਨੂੰ ਅਜਿਹੇ ਨਮੋਸ਼ੀ ਭਰੇ ਸ਼ਬਦਾਂ (ਚੂੜੀਆਂ ਪਾ ਕੇ ਘਰਾਂ ਵਿਚ ਬੈਠੋ) ਵਿਚ ਧਿੱਕਾਰਾਂ ਪਾਈਆਂ ਕਿ ਉਹ ਗੁਰੂ ਦੀ ਸੇਵਾ ਵਿਚ ਹਾਜ਼ਰ ਹੋ ਕੇ ਮਾਫ਼ੀ ਮੰਗਣ ਲਈ ਤਿਆਰ ਹੋ ਗਏ। ਗੁਰੂ ਸਾਹਿਬ ਦਾ ਸਾਥ ਨਿਭਾਉਣ ਦਾ ਨਿਸ਼ਚਾ ਕਰ ਕੇ ਇਸਤਰੀਆਂ ਦੀ ਨੁਮਾਇੰਦਗੀ ਮਾਈ ਭਾਗੋ ਜੀ ਨੇ ਕੀਤੀ। ਬਹਾਦਰ ਬੀਬੀ ਨੇ ਮਰਦਾਵਾਂ ਭੇਸ ਧਾਰਿਆ, ਸ਼ਸਤਰ ਧਾਰਨ ਕੀਤੇ ਅਤੇ ਘੋੜੇ ’ਤੇ ਸਵਾਰ ਹੋ ਕੇ ਮੈਦਾਨ ਵਿਚ ਨਿੱਤਰੀ। ਐਨਾ ਹੀ ਨਹੀਂ ਇਸ ਚੜ੍ਹਦੀ ਕਲਾ ਵਾਲੀ ਸਿੱਖ ਬੀਬੀ ਦੀ ਅਗਵਾਈ ਵਿਚ ਸਿੰਘਾਂ ਨੇ ਖਿਦਰਾਣੇ ਦੀ ਢਾਬ (ਮੁਕਤਸਰ) ਦੇ ਜੰਗ-ਏ-ਮੈਦਾਨ ਵਿਚ ਮੁਗ਼ਲ ਫੌਜਾਂ ਦਾ ਡੱਟ ਕੇ ਮੁਕਾਬਲਾ ਕੀਤਾ। ਸਿੱਖ ਇਤਿਹਾਸ ਵਿਚ ਮਾਈ ਭਾਗੋ ਜੀ ਵਰਗੀਆਂ ਬਹਾਦਰ ਇਸਤਰੀਆਂ ਨੇ ਯੁੱਧ-ਖੇਤਰ ਵਿਚ ਮਰਦਾਂ ਦੀ ਅਗਵਾਈ ਕਰ ਕੇ ਇਤਿਹਾਸ ਵਿਚ ਇਸਤਰੀ ਜਾਤੀ ਦੀ ਮਹਾਨ ਦੇਣ ਨੂੰ ਉਜਾਗਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇੱਥੇ ਹੀ ਭਾਈ ਮਹਾਂ ਸਿੰਘ ਦੁਆਰਾ ਬੇਨਤੀ ਕਰਨ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਪਾੜ ਦਿੱਤਾ ਸੀ। ਗੁਰੂ ਸਾਹਿਬਾਨ ਤੋਂ ਬਾਅਦ ਵੀ ਸਿੱਖੀ ਮਹੱਲ ਨੂੰ ਢਹਿ-ਢੇਰੀ ਹੋਣ ਤੋਂ ਬਚਾਉਣ ਲਈ ਸਿੱਖ ਕੌਮ ਦੇ ਅਨੇਕਾਂ ਪਰਵਾਨਿਆਂ ਨੇ ਆਪਣੇ ਸਿਰਾਂ ਦੀਆਂ ਥੰਮ੍ਹੀਆਂ ਦਿੱਤੀਆਂ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਮਾਤਾਵਾਂ (ਜਿਨ੍ਹਾਂ ਨੇ ਆਪਣੇ ਜੀਵਨ ਗੁਰ-ਮਰਯਾਦਾ ਅਨੁਸਾਰ ਢਾਲੇ ਹੋਏ ਸਨ) ਤੋਂ ਸਹੀ ਸੇਧ ਮਿਲੀ ਸੀ।

ਸ਼ਹੀਦ ਸਿੰਘਣੀਆਂ ਦੇ ਰੂਪ ਵਿਚ ਸਿੱਖੀ-ਸਿਦਕ ਦੀਆਂ ਧਾਰਨੀ ਇਸਤਰੀਆਂ ਆਪ ਵੀ ਧਰਮ ਦੀ ਖਾਤਰ ਸ਼ਹਾਦਤ ਦੇਣ ਵਿਚ ਪਿੱਛੇ ਨਹੀਂ ਰਹੀਆਂ। ਇਤਿਹਾਸਕ ਤੱਥ ਗਵਾਹੀ ਭਰਦੇ ਹਨ ਕਿ ਸਿੱਖ ਮਾਤਾਵਾਂ ਨੇ ਆਪ ਵੀ ਮੁਗ਼ਲਾਂ ਦੀ ਕੈਦ ਵਿਚ ਹਰ ਰੋਜ਼ ਸਵਾ-ਸਵਾ ਮਣ ਪੀਸਣੇ ਪੀਸੇ, ਖੰਨੀਂ-ਖੰਨੀਂ ਰੋਟੀ ਖਾ ਕੇ ਗੁਜ਼ਾਰਾ ਕੀਤਾ ਤੇ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ਵਿਚ ਹਾਰ ਪੁਆਏ ਪਰ ਧਰਮ ਨਹੀਂ ਹਾਰਿਆ। ਇਨ੍ਹਾਂ ਦੇ ਅਦੁੱਤੀ ਤੇ ਸਿਦਕ ਭਰੇ ਕਾਰਨਾਮਿਆਂ ਦੀ ਯਾਦਗਾਰ ਅੱਜ ਵੀ ਲਾਹੌਰ ਵਿਚ ‘ਸ਼ਹੀਦ ਗੰਜ ਸਿੰਘਾਂ-ਸਿੰਘਣੀਆਂ’ ਦੇ ਨਾਂ ’ਤੇ ਕਾਇਮ ਹੈ। ਇਨ੍ਹਾਂ ਦੇ ਸਿੱਖੀ ਆਚਰਨ ਤੇ ਸਿੱਖੀ ਜੀਵਨ ਵਿਚ ਪਰਿਪੱਕਤਾ ਸਦਕਾ ਉਨ੍ਹਾਂ ਨੂੰ ਯਾਦ ਕਰਦੇ ਹੋਏ ਅਸੀਂ ਰੋਜ਼ਾਨਾ ਅਰਦਾਸ ਵਿਚ ਪੜ੍ਹਦੇ ਹਾਂ:

‘ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਲਈ ਸੀਸ ਦਿੱਤੇ… ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ।’

ਪੁਰਾਤਨ ਸਿੱਖ ਇਤਿਹਾਸ ਦੇ ਪੰਨਿਆਂ ਨੂੰ ਉਲਟਾਇਆਂ ਹੋਰ ਅਨੇਕਾਂ ਬਹਾਦਰ ਵੀਰਾਂਗਣਾਂ ਦੇ ਨਾਂ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੇ ਦਲੇਰੀ ਤੇ ਆਪਣੇ ਉੱਚੇ ਇਖ਼ਲਾਕ ਦੀ ਬਦੌਲਤ ਆਉਣ ਵਾਲੀਆਂ ਪੀੜ੍ਹੀਆਂ ਲਈ ਪੂਰਨੇ ਪਾਏ ਹਨ। ਬੀਬੀ ਸਤਵੰਤ ਕੌਰ ਨੇ ਵੈਰੀਆਂ ਦੇ ਵਿਚ ਰਹਿ ਕੇ, ਗੁਰੂ ਦੇ ਓਟ-ਆਸਰੇ ਨਾਲ ਆਪਣੀ ਇੱਜ਼ਤ ਨੂੰ ਮਹਿਫੂਜ਼ ਰੱਖਿਆ ਸੀ। ਬੀਬੀ ਸੁੰਦਰੀ (ਸੁੰਦਰ ਕੌਰ), ਬੀਬੀ ਦਲੇਰ ਕੌਰ ਤੇ ਬੀਬੀ ਹਰਸ਼ਰਨ ਕੌਰ ਨੇ ਸਿੱਖ ਰਾਜ ਦੀਆਂ ਔਕੜਾਂ ਸਮੇਂ ਜਾਨ ਤਲੀ ’ਤੇ ਧਰ ਕੇ ਬਹਾਦਰੀ ਦੇ ਜੌਹਰ ਵਿਖਾਏ ਸਨ। ਬੀਬੀ ਅਨੂਪ ਕੌਰ ਨੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਦੇ ਸੈਨਿਕਾਂ ਨਾਲ ਯੁੱਧ ਕੀਤਾ ਅਤੇ ਆਪਣਾ ਜੀਵਨ ਕੌਮ ਲਈ ਕੁਰਬਾਨ ਕਰ ਦਿੱਤਾ। ਮਾਤਾ ਦੀਪ ਕੌਰ ਨੇ ਇਸਤਰੀਆਂ ਨੂੰ ਭਗਤੀ ਦੇ ਨਾਲ-ਨਾਲ ਸ਼ਸਤਰਾਂ ਨਾਲ ਲੈਸ ਕਰਨ ਦੀ ਸਿਖਲਾਈ ਦਿੱਤੀ ਅਤੇ ਉਨ੍ਹਾਂ ਦੇ ਮਨਾਂ ਵਿੱਚੋਂ ਵਹਿਮਾਂ-ਭਰਮਾਂ ਨੂੰ ਕੱਢ ਕੇ ਜ਼ਿੰਦਗੀ ਦੀ ਇਕ ਨਵੀਂ ਦਿਸ਼ਾ ਦਿੱਤੀ। ਸ਼ਾਸਕ ਦੇ ਰੂਪ ਵਿਚ ਰਾਣੀ ਸਾਹਿਬ ਕੌਰ (ਪਟਿਆਲੇ ਵਾਲੀ) ਦਾ ਨਾਂ ਰਾਜਨੀਤਿਕ ਖੇਤਰ ਵਿਚ ਬੜੇ ਮਾਣ ਨਾਲ ਲਿਆ ਜਾਂਦਾ ਹੈ। ਉਸ ਨੇ ਯੁੱਧ ਦੇ ਮੈਦਾਨ ਵਿਚ ਮਰਹੱਟਾ ਫੌਜ ਦੇ ਕਈ ਮਹਾਨ ਨਾਇਕਾਂ ਨੂੰ ਆਪਣੀ ਤਲਵਾਰ ਨਾਲ ਮੌਤ ਦੇ ਘਾਟ ਉਤਾਰਿਆ। ਸਰਦਾਰਨੀ ਸਦਾ ਕੌਰ ਅਦੁੱਤੀ ਬਹਾਦਰੀ ਤੇ ਅਸਧਾਰਨ ਯੋਗਤਾ ਦੀ ਮਾਲਕ ਸੀ ਜਿਸ ਨੇ ਪੰਜਾਬ ਵਿਚ ਖਾਲਸਾ ਰਾਜ ਦੀ ਸਥਾਪਨਾ ਵਿਚ ਅਹਿਮ ਯੋਗਦਾਨ ਪਾਇਆ ਅਤੇ ਘਨੱਈਆ ਮਿਸਲ ਦੀ ਅਗਵਾਈ ਕਰਦਿਆਂ ਉਸ ਨੇ ਯੁੱਧ ਦੇ ਮੈਦਾਨ ਵਿਚ ਦੁਸ਼ਮਣਾਂ ਦੇ ਛੱਕੇ ਛੁਡਾ ਦਿੱਤੇ। ਮਹਾਰਾਣੀ ਜਿੰਦਾਂ (ਮਹਾਰਾਜਾ ਰਣਜੀਤ ਸਿੰਘ ਦੀ ਧਰਮ-ਪਤਨੀ) ਪੰਜਾਬ ਦੀ ਸੁਤੰਤਰਤਾ ਨੂੰ ਕਾਇਮ ਰੱਖਣ ਲਈ ਜ਼ਿੰਦਗੀ ਭਰ ਅੰਗਰੇਜ਼ਾਂ ਨਾਲ ਸੰਘਰਸ਼ ਕਰਦੀ ਰਹੀ। ਉਸ ਨੇ ਆਪਣੇ ਪੁੱਤਰ ਕੰਵਰ ਦਲੀਪ ਸਿੰਘ (ਜੋ ਈਸਾਈ ਮੱਤ ਦੇ ਪ੍ਰਭਾਵ ਅਧੀਨ ਕੇਸ ਕਟਵਾ ਚੁੱਕਾ ਸੀ) ਨੂੰ ਸਿੱਖ ਧਰਮ ਵਿਚ ਵਾਪਸ ਆਉਣ ਲਈ ਪ੍ਰੇਰਿਆ।

ਇਸ ਤੋਂ ਬਾਅਦ ਦੇ ਸਮੇਂ ਵਿਚ ਵੀ ਮਹਾਨ ਸਿੱਖ ਇਸਤਰੀਆਂ (ਬੀਬੀ ਆਗਿਆ ਕੌਰ, ਬੀਬੀ ਬਲਬੀਰ ਕੌਰ, ਬੀਬੀ ਭਾਗਭਰੀ, ਸਰਦਾਰਨੀ ਧਰਮ ਕੌਰ, ਬੀਬੀ ਦਰਸ਼ਨ ਕੌਰ, ਬੀਬੀ ਹਰਨਾਮ ਕੌਰ, ਬੀਬੀ ਖੇਮ ਕੌਰ, ਬੀਬੀ ਰਣਜੀਤ ਕੌਰ, ਬੀਬੀ ਰਾਜਿੰਦਰ ਕੌਰ, ਬੀਬੀ ਰਜਨੀ, ਬੀਬੀ ਸਚਨ ਸੱਚ ਜੀ, ਕਾਬਲ ਵਾਲੀ ਮਾਈ, ਆਦਿ)4 ਹੋਈਆਂ ਹਨ ਜਿਨ੍ਹਾਂ ਨੇ ਹਜ਼ਾਰਾਂ ਕੁਰਬਾਨੀਆਂ ਦੇ ਕੇ ਸਿਰਜੇ ਇਸ ਮਹਾਨ ਸਿੱਖ ਧਰਮ ਤੇ ਸਿੱਖ ਇਤਿਹਾਸ ਦੇ ਵਿਰਸੇ ਦੀ ਆਨ-ਸ਼ਾਨ ਨੂੰ ਬਰਕਰਾਰ ਰੱਖਣ ਲਈ ਆਪਣਾ ਯੋਗਦਾਨ ਕਿਸੇ ਨਾ ਕਿਸੇ ਰੂਪ ਵਿਚ ਪਾਇਆ ਹੈ ਤੇ ਪਾ ਰਹੀਆਂ ਹਨ। ਇਹੀ ਕਾਰਨ ਹੈ ਕਿ ਅੱਜ ਵੀ ਸਿੱਖੀ ਜੀਵਨ-ਜਾਚ ਧਾਰਨ ਕਰਨ ਵਾਲੀਆਂ ਇਸਤਰੀਆਂ ਦਾ ਸਮਾਜ ਵਿਚ ਸਥਾਨ ਬਹੁਤ ਸਤਿਕਾਰਯੋਗ ਹੈ।

ਵਿਦਵਾਨਾਂ ਦੁਆਰਾ ਸਿੱਖ ਇਸਤਰੀਆਂ ਦੀ ਦੇਣ ਸੰਬੰਧੀ ਪ੍ਰਗਟਾਏ ਵਿਚਾਰ ਆਪ ਨਾਲ ਸਾਂਝੇ ਕਰਦੀ ਹਾਂ: “…ਸਪਸ਼ਟ ਹੈ, ਗੁਰੂ ਮਹਿਲਾਂ ਅਤੇ ਗੁਰੂ-ਘਰ ਨਾਲ ਜੁੜੀਆਂ ਹੋਰ ਸਿੱਖ ਬੀਬੀਆਂ ਨੇ ਆਪ ਤਾਂ ਇਕ ਵਿਸ਼ੇਸ਼ ਭੂਮਿਕਾ ਨਿਬਾਹੀ ਹੀ ਹੈ, ਨਾਲ ਹੀ ਉਨ੍ਹਾਂ ਨੇ ਆਪਣੇ ਕਿਰਦਾਰ ਨਾਲ ਸਮੁੱਚੀ ਇਸਤਰੀ ਜਾਤੀ ਨੂੰ ਵੀ ਪ੍ਰੇਰਿਤ ਕੀਤਾ। ਉਸ ਵਿਚ ਇਕ ਨਵੀਂ ਚੇਤਨਾ ਦਾ ਸੰਚਾਰ ਕੀਤਾ, ਇਕ ਨਵੀਂ ਰੂਹ ਫੂਕ ਦਿੱਤੀ। ਉਸ ਨੂੰ ਸਮਾਜ ਵਿਚ ਆਪਣੇ ਹਿੱਸੇ ਦੀ ਉਚੇਚੀ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ। ਅਸਲ ਵਿਚ ਗੁਰੂ ਮਹਿਲ ਤਾਂ ਇਸਤਰੀਆਂ ਦੇ ਪ੍ਰੇਰਨਾ-ਸਰੋਤ ਤੇ ਰੋਲ-ਮਾਡਲ ਬਣ ਗਏ ਸਨ। ਉਹ ਆਪਣੇ ਵਿਹਾਰ ਰਾਹੀਂ, ਇਸਤਰੀ ਜਾਤੀ ਵਿਰੁੱਧ ਸਦੀਆਂ ਤੋਂ ਚਲੇ ਆ ਰਹੇ ਵਿਤਕਰੇ ਭਰਪੂਰ ਸਮਾਜੀ ਵਤੀਰੇ ਨੂੰ ਚੁਣੌਤੀ ਦੇ ਰਹੇ ਸਨ ਅਤੇ ਫੇਰ ਪਰਦੇ ਵਿਚ ਰਹਿਣ ਵਾਲੀ ਇਸਤਰੀ ਲਈ ਪਰਦੇ ਤੋਂ ਬਾਹਰ ਨਿਕਲ ਕੇ ਸਮਾਜ ਵਿਚ ਆਜ਼ਾਦ ਤੇ ਖੁੱਲ੍ਹਾ ਵਿਚਰਨ ਦਾ ਰਾਹ ਪੱਧਰਾ ਕਰ ਰਹੇ ਸਨ। ਪਾਬੰਦੀਆਂ ਨੂੰ ਤੋੜ ਕੇ ਇਸਤਰੀਆਂ ਨੂੰ ਸੰਗਤ ਤੇ ਪੰਗਤ ਦਾ ਸਰਗਰਮ ਹਿੱਸੇਦਾਰ ਬਣਾ ਰਹੇ ਸਨ। ਇਕ ਤਰ੍ਹਾਂ ਨਾਲ ਕਿਹਾ ਜਾਵੇ ਤਾਂ ਉਨ੍ਹਾਂ ਨੇ ਇਸਤਰੀਆਂ ਦੀ ਮੁਕਤੀ ਦਾ, ਉਨ੍ਹਾਂ ਦੇ ਸੁਤੰਤਰਤਾ ਦੇ ਅੰਦੋਲਨ ਦਾ ਮੁੱਢ ਬੰਨ੍ਹਿਆ ਸੀ ਅਤੇ ਉਨ੍ਹਾਂ ਨੂੰ ਪੁਰਖਾਂ ਦੇ ਬਰਾਬਰ ਲਿਆ ਖੜ੍ਹਾ ਕਰਨ ਦੀ ਮੁੱਢਲੀ ਸਥਿਤੀ ਪੈਦਾ ਕਰ ਦਿੱਤੀ ਸੀ।”5

“ਜੇਕਰ ਗੁਰੂ ਕਾਲ ਸਮੇਂ ਦੇ ਸਿੱਖ ਸਮਾਜ ਵੱਲ ਝਾਤੀ ਮਾਰੀਏ ਤਾਂ …ਅਜਿਹੀਆਂ ਮਹਾਨ ਇਸਤਰੀਆਂ ਭਾਰਤ ਦੇ ਇਤਿਹਾਸ ’ਤੇ ਉਜਾਗਰ ਹੋਈਆਂ ਦਿੱਸਦੀਆਂ ਹਨ ਜਿਨ੍ਹਾਂ ਦਾ ਨਾਮ ਉਨ੍ਹਾਂ ਦੀ ਅਜ਼ੀਮ-ਉਲ-ਸ਼ਾਨ ਸ਼ਖ਼ਸੀਅਤ ਅਤੇ ਦੇਸ਼ ਕੌਮ ਦੀ ਵਿਗੜੀ ਨੂੰ ਸੰਵਾਰਨ ਲਈ ਕੀਤੀਆਂ ਕੁਰਬਾਨੀਆਂ ਕਾਰਨ ਹਮੇਸ਼ਾਂ ਲਈ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਂਦਾ ਰਹੇਗਾ। ਜਦੋਂ ਸਿੱਖ ਸਮਾਜ ਤੇ ਰਹੁ-ਰੀਤੀ ਵਿਚ ਇਸਤਰੀ ਨੂੰ ਮਰਦ ਦੇ ਬਰਾਬਰ ਹੀ ਨਹੀਂ ਸਗੋਂ ਉਨ੍ਹਾਂ ਤੋਂ ਵੀ ਅੱਗੇ ਸਮਝਣ ਦੀ ਪਿਰਤ ਪੈ ਗਈ ਤਾਂ ਇਤਿਹਾਸ ਗਵਾਹ ਹੈ ਕਿ ਸਿੱਖ ਸੂਰਬੀਰ ਬੱਚੀਆਂ ਨੇ ਆਪਣੇ ਪਤੀਆਂ, ਪੁੱਤਰਾਂ ਤੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੈਦਾਨ-ਏ-ਜੰਗ ਵਿਚ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਵਿਚ ਕਸਰ ਨਹੀਂ ਛੱਡੀ।…ਗੁਰੂ ਸਾਹਿਬਾਨ ਵੱਲੋਂ ਦਰਸਾਏ ਬਰਾਬਰੀ ਦੇ ਮਾਰਗ ’ਤੇ ਚੱਲਦਿਆਂ ਹੋਇਆਂ ਸਿੱਖ ਵੀਰਾਂਗਣਾਂ ਜ਼ਿੰਦਗੀ ਦੇ ਹਰ ਖੇਤਰ ਵਿਚ ਪੇਸ਼ ਰਹੀਆਂ ਅਤੇ ਜਦ ਵੀ ਉਨ੍ਹਾਂ ਨੂੰ ਅਵਸਰ ਮਿਲਿਆ ਉਨ੍ਹਾਂ ਨੇ ਆਪਣੀ ਅਦੁੱਤੀ ਕਾਬਲੀਅਤ ਅਤੇ ਵਿਕਸਿਤ ਹਸਤੀ ਦਾ ਅਨੂਪਮ ਪ੍ਰਦਰਸ਼ਨ ਕੀਤਾ।”6

ਸਿੱਖ ਇਸਤਰੀਆਂ ਦੇ ਯੋਗਦਾਨ ਨੂੰ ਯਾਦ ਕਰਨਾ ਅਜੋਕੇ ਸਮੇਂ ਦੀ ਲੋੜ

ਅੱਜ ਜਦੋਂ ਕੁਝ ਸਿੱਖ ਧਰਮ ਦੇ ਦਰਦੀ ਇਕੱਠੇ ਹੋ ਕੇ ਬੈਠਦੇ ਹਨ ਤਾਂ ਉਨ੍ਹਾਂ ਸਾਹਮਣੇ ਇਕ ਗੰਭੀਰ ਸਮੱਸਿਆ ਇਹ ਹੁੰਦੀ ਹੈ ਕਿ ਸਿੱਖ ਧਰਮ ਨੂੰ ਢਾਹ ਲੱਗ ਰਹੀ ਹੈ ਭਾਵ ਸਿੱਖ ਨੌਜਵਾਨ ਬੱਚੇ ਤੇ ਬੱਚੀਆਂ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ। ਉਹ ਇਸ ਦੇ ਕਾਰਨਾਂ ਬਾਰੇ ਸੋਚਦੇ ਹਨ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਆਖਰ ਇਸ ਗਿਰਾਵਟ ਦੀ ਜ਼ਿੰਮੇਵਾਰੀ ਕਿਸ ਦੀ ਹੈ? ਇਸ ਗਿਰਾਵਟ ਦੇ ਕਈ ਕਾਰਨ ਹੋ ਸਕਦੇ ਹਨ, ਪਰ ਸਾਡੇ ਵਿਚਾਰ ਅਨੁਸਾਰ ਸਾਡੀਆਂ ਬਜ਼ੁਰਗ ਇਸਤਰੀਆਂ ਦੀ ਸਿੱਖਿਆ ਨੇ ਸਿੱਖ ਆਚਰਨ ਦੀ ਉਸਾਰੀ ਵਿਚ ਜੋ ਹਿੱਸਾ ਪਾਇਆ ਹੈ, ਉਸ ਤੋਂ ਅੱਜ ਸਿੱਖ ਕੌਮ ਵਾਂਝੀ ਹੋ ਗਈ ਹੈ। ਸਿੱਖ ਇਸਤਰੀਆਂ ਦੀ ਸਹੀ ਅਗਵਾਈ ਦੀ ਅਣਹੋਂਦ ਹੀ ਸਿੱਖ ਬੱਚਿਆਂ ਤੇ ਨੌਜਵਾਨਾਂ ਦਾ ਸਿੱਖੀ ਤੋਂ ਦੂਰ ਜਾਣ ਦਾ ਮੁੱਢਲਾ ਕਾਰਨ ਹੈ। ਇਸ ਲਈ ਲੋੜ ਹੈ ਪਿਛਲੇ ਇਤਿਹਾਸ ਦੇ ਪੰਨਿਆਂ ਨੂੰ ਉਲਟਾਉਣ ਤੇ ਉਸ ਤੋਂ ਸੇਧ ਲੈਣ ਦੀ।

ਹੁਣ ਸਿੱਖ ਇਸਤਰੀਆਂ ਨੂੰ ਫਿਰ ਮਾਈ ਭਾਗੋ ਜੀ ਵਾਂਗ ਚੜ੍ਹਦੀ ਕਲਾ ਵਾਲਾ ਰੋਲ ਅਦਾ ਕਰਨਾ ਚਾਹੀਦਾ ਹੈ ਤਾਂ ਕਿ ਭੁੱਲੇ ਸਿੱਖ ਨੌਜਵਾਨ ਲੜਕਿਆਂ ਤੇ ਲੜਕੀਆਂ ਨੂੰ ਸਹੀ ਰਸਤਾ ਦਿਖਾਇਆ ਜਾ ਸਕੇ ਤੇ ਗੁਰਮਤਿ ਮਾਰਗ ’ਤੇ ਚੱਲਣ ਲਈ ਪ੍ਰੇਰਨਾ ਦਿੱਤੀ ਜਾਵੇ। ਮਾਵਾਂ ਆਪਣੇ ਬੱਚਿਆਂ ਨੂੰ ਲੋਰੀਆਂ ਦਿੰਦੇ ਹੋਏ “ਨਿਮਖ ਨ ਬਿਸਰਉ ਤਮੁ੍‍ ਕਉ ਹਰਿ ਹਰਿ ਸਦਾ ਭਜਹੁ ਜਗਦੀਸ” ਦੀ ਅਸੀਸ ਦੇਣ। ਬਚਪਨ ਵਿਚ ਹੀ ਗੁਰੂ ਇਤਿਹਾਸ ਤੋਂ ਜਾਣੂ ਕਰਵਾਉਣ ਤਾਂ ਕਿ ਬੱਚਿਆਂ ਦੇ ਦਿਲਾਂ ਵਿਚ ਮੁੱਢ ਤੋਂ ਹੀ ਆਪਣੇ ਸਿੱਖ ਵਿਰਸੇ ਦੀ ਸਰਬਉੱਚਤਾ ਦਾ ਅਹਿਸਾਸ ਪੈਦਾ ਹੋਵੇ। ਉਹ ਮਾਣ ਮਹਿਸੂਸ ਕਰਨ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ। ਪਰ ਅਜਿਹਾ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਿੱਖ ਇਸਤਰੀਆਂ ਦਾ ਆਪਣਾ ਨਿੱਜੀ ਜੀਵਨ ਨਮੂਨੇ ਦਾ ਹੋਵੇਗਾ। ਜੇ ਉਹ ਆਪ ਗੁਰਮਤਿ ਦੇ ਸਿਧਾਂਤਾਂ ਤੋਂ ਜਾਣੂ ਹੋਣਗੀਆਂ ਤੇ ਅਮਲੀ ਤੌਰ ’ਤੇ ਉਹ ਸਿੱਖੀ ਅਸੂਲਾਂ ਅਨੁਸਾਰ ਜੀਵਨ ਬਿਤਾ ਰਹੀਆਂ ਹੋਣਗੀਆਂ। ਜੇ ਸਿੱਖ ਇਸਤਰੀਆਂ ਆਪਣੇ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਅੱਖੋਂ ਓਹਲੇ ਕਰ ਕੇ ਆਪ ਵਹਿਮਾਂ-ਭਰਮਾਂ ਵਿਚ ਫਸੀਆਂ ਹੋਈਆਂ ਹਨ, ਵਰਤ ਰੱਖਦੀਆਂ, ਸਰਾਧ ਕਰਾਉਂਦੀਆਂ, ਨੌਂ ਗ੍ਰਿਹਾਂ ਦੀ ਪੂਜਾ ਕਰਦੀਆਂ, ਸੂਤਕ-ਪਾਤਕ ਮੰਨਦੀਆਂ, ਪੀਰਾਂ ਦੀਆਂ ਮਜ਼ਾਰਾਂ ’ਤੇ ਦੇਗਾਂ ਚੜ੍ਹਾਉਂਦੀਆਂ, ਗੁੱਗਾ ਪੂਜਦੀਆਂ, ਧਾਗੇ-ਤਵੀਤ ਕਰਵਾਉਂਦੀਆਂ, ਜੋਤਸ਼ੀਆਂ ਜਾਂ ਬਾਬਿਆਂ ਤੋਂ ਪੁੱਛਾਂ ਪਵਾਉਂਦੀਆਂ ਫਿਰਦੀਆਂ ਹਨ ਤਾਂ ਉਨ੍ਹਾਂ ਦੇ ਧੀਆਂ-ਪੁੱਤ ਕੀ ਸਿੱਖਣਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਸਿੱਖਿਆ ਮਿਲੇਗੀ? ਉਹ ਤਾਂ ਖ਼ੁਦ ਹੀ ਜ਼ਹਾਲਤ ਦੀ ਜ਼ਿੰਦਗੀ ਬਸਰ ਕਰ ਰਹੀਆਂ ਹਨ। ਇਹ ਕੌੜਾ ਸੱਚ ਹੈ ਕਿ ਅੱਜ ਸਾਡੀਆਂ ਬਹੁਤੀਆਂ ਸਿੱਖ ਇਸਤਰੀਆਂ ਖ਼ੁਦ ਹੀ ਕੁਰਾਹੇ ਪਈਆਂ ਹੋਈਆਂ ਹਨ। ਉਹ ਭੁੱਲ ਗਈਆਂ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਵਹਿਮਾਂ-ਭਰਮਾਂ, ਕਰਮ-ਕਾਂਡਾਂ, ਕੁਰੀਤੀਆਂ ਤੋਂ ਸਖ਼ਤੀ ਨਾਲ ਵਰਜਿਆ ਸੀ ਪਰ ਉਹ ਫਿਰ ਸਾਡੇ ਜੀਵਨ ਵਿਚ ਸ਼ਾਮਲ ਹੋ ਗਈਆਂ ਹਨ ਤੇ ਇਸ ਦੀ ਜ਼ਿੰਮੇਵਾਰ ਵੀ ਮੁੱਖ ਤੌਰ ’ਤੇ ਅੱਜ ਦੀ ਸਿੱਖ ਇਸਤਰੀ ਹੀ ਹੈ। ਗੁਰੂ ਜੀ ਦਾ ਹੁਕਮ ਹੈ ਕਿ “ਗੁਰੂ ਦਾ ਸਿੱਖ ਜਨਮ ਤੋਂ ਲੈ ਕੇ ਦੇਹਾਂਤ ਤਕ ਗੁਰ-ਮਰਯਾਦਾ ਕਰੇ। ਸਿੱਖ ਦੀ ਆਮ ਰਹਿਣੀ, ਕਿਰਤ-ਵਿਰਤ ਗੁਰਮਤਿ ਅਨੁਸਾਰ ਹੋਵੇ।” ਇਸ ਲਈ ਆਪਾਂ ਨੂੰ ਸਿੱਖ ਰਹਿਤ ਮਰਯਾਦਾ ਵਿਚ ਦੱਸੀ ‘ਗੁਰਮਤਿ ਰਹਿਣੀ’ ਨੂੰ ਜਾਣਨਾ ਜ਼ਰੂਰੀ ਹੈ ਤਾਂ ਕਿ ਉਸ ਰੋਸ਼ਨੀ ਵਿਚ ਆਪਣਾ ਜੀਵਨ ਢਾਲ ਸਕੀਏ ਤੇ ਬੱਚਿਆਂ ਨੂੰ ਵੀ ਗੁਰੂ ਦੀ ਸਿੱਖਿਆ ਦੇਈਏ। ਇਸ ਤੋਂ ਬਿਨਾਂ ਗੁਰਬਾਣੀ ’ਤੇ ਅਧਾਰਤ ਹੋਰ ਦਿਸ਼ਾ-ਨਿਰਦੇਸ਼, ਜਿਹੜੇ ਸਿੱਖ ਰਹਿਤ ਮਰਯਾਦਾ ਵਿਚ ‘ਸ਼ਖਸੀ ਤੇ ਪੰਥਕ ਰਹਿਣੀ’ ਸਿਰਲੇਖਾਂ ਅਧੀਨ ਲਿਖੇ ਹਨ, ਉਨ੍ਹਾਂ ਅਨੁਸਾਰ ਸਿੱਖ ਇਸਤਰੀਆਂ ਨੂੰ ਆਪਣਾ ਜੀਵਨ-ਵਿਉਹਾਰ ਚਲਾਉਣਾ ਚਾਹੀਦਾ ਹੈ ਤੇ ਹੋਰਨਾਂ ਲਈ ਵੀ ਆਦਰਸ਼ ਬਣਨਾ ਚਾਹੀਦਾ ਹੈ।

ਪਦ-ਟਿੱਪਣੀਆਂ ਅਤੇ ਹਵਾਲੇ

1. ਸ. ਅਮਰਜੀਤ ਸਿੰਘ, ‘ਸਰਬੰਸ ਦਾਨੀ ਮਾਤਾ ਗੁਜਰੀ ਜੀ’, ਅਜੀਤ: 9 ਅਕਤੂਬਰ, 2008.
2. “ਮਰਦਾਨਾ ਜੀ ਨੂੰ ਨਵੀਂ ਰਬਾਬ ਫ਼ਿਰੰਦੇ ਕੋਲੋਂ ਭੈਣ ਨਾਨਕੀ ਜੀ ਪਾਸੋਂ ਇਕ ਰੁਪਿਆ ਲੈ ਕੇ ਬਣਵਾਈ ਸੀ ਤਾਂ ਕਿ ਭੈਣ-ਪ੍ਰੇਮ ਨਾਲ ਰਵ੍ਹੇ।” ਪ੍ਰਿੰ. ਸਤਿਬੀਰ ਸਿੰਘ, ਸਾਡਾ ਇਤਿਹਾਸ, ਨਿਊ ਬੁੱਕ ਕੰਪਨੀ, ਜਲੰਧਰ- 1991, ਪੰਨਾ 89.
3. ਪ੍ਰਿੰ. ਸਤਿਬੀਰ ਸਿੰਘ, ‘ਮਾਤਾ ਖੀਵੀ ਜੀ’, ਸੱਚਖੰਡ ਪੱਤਰ, ਅਗਸਤ 2008.
4. ਮਹਾਨ ਕੋਸ਼, ਪੰਨਾ 945.
5. ਡਾ. ਜਸਪਾਲ ਸਿੰਘ, ‘ਸਿੱਖ ਇਤਿਹਾਸ ਦਾ ਸੰਦੇਸ਼ ਕੀ ਹੈ?’ ਅਜੀਤ, 6 ਸਤੰਬਰ 2005.
6. ਸ. ਸਰੂਪ ਸਿੰਘ ਅਲੱਗ, ਆਨੰਦਪੁਰ ਸੰਦੇਸ਼, ਜਨਵਰੀ 1993, ਪੰਨਾ 19.

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਤੇ ਡਾਕ: ਸੂਲਰ, ਜ਼ਿਲ੍ਹਾ ਪਟਿਆਲਾ-147001

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)