‘ਓਅੰਕਾਰੁ’ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਬਾਣੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 929 ਤੋਂ 938 ਤਕ ਦਰਜ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਵਿਚਾਰਧਾਰਾ ਮਨੁੱਖ ਨੂੰ ਦੈਵੀ ਮਨੁੱਖ ਬਣਾਉਣ ਵੱਲ ਰੁਚਿਤ ਹੈ। ਗੁਰੂ ਸਾਹਿਬ ਮਨੁੱਖ ਨੂੰ ਉਸ ਦੀ ਵਿਦਵਤਾ ਪ੍ਰਤੀ ਸੁਚੇਤ ਕਰਦੇ ਹਨ ਤੇ ਉਸ ਨੂੰ ਨੈਤਿਕਤਾ ਦਾ ਉਚਤਮ ਬੋਧ ਪ੍ਰਦਾਨ ਕਰਦੇ ਹਨ। ਵਿਸ਼ਵ ਦੇ ਸਮੂਹ ਪ੍ਰਾਣਧਾਰੀਆਂ ਵਿਚ ਮਨੁੱਖ ਹੀ ਇਕ ਅਜਿਹਾ ਜੀਵ ਹੈ ਜਿਸ ਨੂੰ ਨੈਤਿਕਤਾ ਦਾ ਗਿਆਨ ਤੇ ਅਨੁਭਵ ਹੈ। ਪਸ਼ੂ-ਜਗਤ ਵਿਚ ਨੈਤਿਕ ਚੇਤਨਤਾ ਨਹੀਂ ਹੈ ਕਿਉਂਕਿ ਉਸ ਵਿਚ ਭਲੇ-ਬੁਰੇ ਦੀ ਪਛਾਣ ਲਈ ਵਿਵੇਕਸ਼ੀਲ ਬੁੱਧੀ ਦੀ ਅਣਹੋਂਦ ਹੈ। ‘ਓਅੰਕਾਰੁ’ ਬਾਣੀ ਵਿਚ ਮਨੁੱਖੀ ਜੀਵਨ ਦੀ ਅਗਵਾਈ ਲਈ ਨੈਤਿਕਤਾ ਸੰਬੰਧੀ ਵਿਸ਼ੇਸ਼ ਚਰਚਾ ਹੋਈ ਹੈ ਜਿਸ ਨੂੰ ਹੇਠ ਲਿਖੇ ਪੱਖਾਂ ਦੀ ਜਾਣਕਾਰੀ ਨਾਲ ਸਮਝਿਆ ਜਾ ਸਕਦਾ ਹੈ:
1. ਮਨੁੱਖ ਦੀ ਦੋਹਰੀ ਪ੍ਰਕਿਰਤੀ;
2. ਮਨੁੱਖ ਤੇ ਰੱਬ ਦੇ ਸੰਬੰਧਾਂ ਦੀ ਜਾਣਕਾਰੀ ਅਤੇ ਨੈਤਿਕਤਾ ’ਤੇ ਪ੍ਰਭਾਵ;
3. ਇੰਦਰਿਆਵੀ ਸੰਸਾਰ ਦੀਆਂ ਖਿੱਚਾਂ ਦਾ ਦੁਰ-ਪ੍ਰਭਾਵ;
4. ਜੀਵਨ ਦੇ ਸੰਤੁਲਨ ’ਤੇ ਜ਼ੋਰ;
5. ਕਰਮਕਾਂਡ ਦੀ ਨਿੰਦਾ;
6. ਸ਼ੁਭ ਤੇ ਉਚਿਤ ਸੰਬੰਧੀ ਜਾਣਕਾਰੀ;
7. ਮਨੁੱਖੀ ਦੁਰਵਿਵਹਾਰ ਦੀ ਪਛਾਣ ਤੇ ਨਿੰਦਾ;
8. ਸੁਤੰਤਰਤਾ ਦਾ ਦ੍ਰਿਸ਼ਟੀਕੋਣ;
9. ਪਰਮਾਤਮਾ, ਗੁਰੂ ਤੇ ਗੁਰਬਾਣੀ ਦੀ ਵਿਸ਼ੇਸ਼ ਭੂਮਿਕਾ;
10. ਆਦਰਸ਼ਕ ਨੈਤਿਕ ਵਿਅਕਤੀ ਦਾ ਚਿੱਤਰ;
11. ਅੰਤਿਮ ਕੀਮਤਾਂ ਦੀ ਸੋਝੀ।
ਉਪਰੋਕਤ ਪੱਖਾਂ ਸੰਬੰਧੀ ਚਰਚਾ ਹੇਠ ਲਿਖੇ ਢੰਗ ਨਾਲ ਕੀਤੀ ਜਾਂਦੀ ਹੈ:
1. ਮਨੁੱਖ ਦੀ ਦੋਹਰੀ ਪ੍ਰਕਿਰਤੀ :
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਅਨੁਸਾਰ ਮਨੁੱਖ ਦੋਹਰੀ ਹਸਤੀ ਦਾ ਮਾਲਕ ਹੈ। ਪਰਮਾਤਮਾ ਨੇ ਉਸ ਨੂੰ ਪੈਦਾ ਕਰ ਕੇ ਫਿਰ ਆਪਣੇ ਆਪ ਨੂੰ ਉਸ ਵਿਚ ਟਿਕਾ ਦਿੱਤਾ ਹੈ। ਨਾਲ ਹੀ ਉਹ ਮਨੁੱਖ ਤੋਂ ਨਿਰਲੇਪ ਵੀ ਹੈ। ਗੁਰਵਾਕ ਹੈ:
ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ॥ (ਪੰਨਾ 937)
ਪਰਮਾਤਮਾ ਪ੍ਰਤੀ ਐਸਾ ਸੰਕਲਪ ਇਕ ਵਿਅਕਤੀ ਨੂੰ ਨੈਤਿਕ ਤੌਰ ’ਤੇ ਪਾਬੰਦ ਕਰਦਾ ਹੈ ਕਿ ਉਹ ਪ੍ਰਭੂ ਦੀ ਹਸਤੀ ਨੂੰ ਆਪਣੇ ਆਪ ਤਕ ਹੀ ਸੀਮਿਤ ਸਮਝੇ ਤੇ ਹੋਰਨਾਂ ਵਿਅਕਤੀਆਂ ਤੇ ਕੌਮਾਂ ਵਿਚ ਵੀ ਉਸ ਦੀ ਸ਼ਮੂਲੀਅਤ ਨੂੰ ਅਨੁਭਵ ਕਰੇ। ਜਿਵੇਂ ਕੱਟੜ ਮੁਸਲਮਾਨ ਰੱਬ ਨੂੰ, ਆਪਣੇ ਆਪ ਤਕ ਸੀਮਿਤ ਮੰਨਦੇ ਰਹੇ ਤੇ ਹੋਰ ਕੌਮਾਂ ਨੂੰ ਮੋਮਨ ਬਣਾਉਣ ਲਈ ਉਨ੍ਹਾਂ ’ਤੇ ਜਬਰੀ ਧਰਮ-ਬਦਲੀ ਕਰਨ ਲਈ ਜ਼ੁਲਮ ਢਾਹੁੰਦੇ ਰਹੇ। ਮਨੁੱਖ ਨੂੰ ਪ੍ਰਭੂ ਦੀ ਅੰਸ਼ ਮੰਨਣ ਵਾਲਾ ਦਇਆਵਾਨ ਹੋ ਨਿੱਬੜਦਾ ਹੈ ਤੇ ਜਬਰੀ ਧਰਮ-ਬਦਲੀ ਵਿਚ ਨਹੀਂ ਰੁੱਝਦਾ।
ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖ ਦੀ ਸੰਰਚਨਾ ਵਿਚ ਨੇਕੀਆਂ ਤੇ ਬਦੀਆਂ ਦੋਵੇਂ ਸ਼ਾਮਲ ਹਨ। ਪਰ ਇਸ ਦੇ ਗਿਆਨ ਲਈ ਸਤਿਗੁਰੂ ਦੀ ਸਹਾਇਤਾ ਤੇ ਸ਼ਬਦ ਦੀ ਵਿਚਾਰ ਦੀ ਜ਼ਰੂਰਤ ਹੈ। ਗੁਰ-ਫ਼ਰਮਾਨ ਹੈ:
ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ॥
ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ॥ (ਪੰਨਾ 936)
2. ਮਨੁੱਖ ਤੇ ਰੱਬ ਦੇ ਸੰਬੰਧਾਂ ਦੀ ਜਾਣਕਾਰੀ ਅਤੇ ਨੈਤਿਕਤਾ ’ਤੇ ਪ੍ਰਭਾਵ:
ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਓਅੰਕਾਰੁ’ ਬਾਣੀ ਵਿਚ ਮਨੁੱਖ ਦਾ ਈਸ਼ਵਰ ਨਾਲ ਸਿੱਧਾ ਸੰਪਰਕ ਸਥਾਪਤ ਕੀਤਾ ਹੈ। ਉਹ ਈਸ਼ਵਰ ਓਅੰਕਾਰ ਦੇ ਰੂਪ ਵਿਚ ਸਰਬ-ਵਿਆਪਕ ਹੈ। ਗੁਰੂ ਜੀ ਨੇ ਪ੍ਰਭੂ ਦੀ ਇਸ ਏਕਤਾ ਦੇ ਅਨੁਭਵ ਨੂੰ ਬ੍ਰਹਮ ਗਿਆਨ ਦਾ ਸੂਰਜ ਚੜ੍ਹਨ ਨਾਲ ਉਪਮਾ ਦਿੱਤੀ ਹੈ। ਇਸ ਦਿਸ਼ਾ ਵਿਚ ਮਨੁੱਖ ਸ਼ਕਤੀਸ਼ਾਲੀ ਹੋ ਕੇ ਰਾਕਸ਼-ਬਿਰਤੀਆਂ ਨੂੰ ਮਾਰਨ ਦੀ ਸਮਰੱਥਾ ਹਾਸਲ ਕਰ ਲੈਂਦਾ ਹੈ। ਉਹ ਨਾਮ ਤੇ ਰੂਪ ਤੋਂ ਪਾਰਗਾਮੀ ਹੋ ਕੇ ਪ੍ਰਭੂ-ਨਾਮ ਦੀ ਅਰਾਧਨਾ ਕਰਦਾ ਹੈ। ਪ੍ਰਭੂ-ਨਾਮ ਵਿਚ ਰੰਗੇ ਜਾਣ ਨਾਲ ਮਨੁੱਖ ਨੂੰ ਇੱਜ਼ਤ ਤੇ ਮਾਣ ਦੀ ਪ੍ਰਾਪਤੀ ਹੁੰਦੀ ਹੈ। ਇਸ ਦਸ਼ਾ ਵਿਚ ਵਿਅਕਤੀ ਨੂੰ ਇਹ ਪ੍ਰਤੱਖ ਅਨੁਭਵ ਹੁੰਦਾ ਹੈ ਕਿ ਉਹ ਮਾਲਕ ਆਪ ਹੀ ਸਾਰਾ ਕੁਝ ਸੁਣਦਾ, ਉਚਰਦਾ ਤੇ ਸੁਣਦਾ ਹੈ। ਉਹ ਹੀ ਸਾਰੀ ਹੋਣੀ ਨੂੰ ਘੜਨ ਵਾਲਾ, ਮਨ ਤੇ ਤਨ ਨੂੰ ਬਖਸ਼ਣ ਵਾਲਾ ਹੈ। ਉਹ ਸੰਸਾਰ ਦੀ ਜਿੰਦ-ਜਾਨ ਹੈ, ਉਸ ਤੋਂ ਬਗ਼ੈਰ ਹੋਰ ਕੁਝ ਨਹੀਂ। ਗੁਰੂ ਸਾਹਿਬ ਦਾ ਫ਼ਰਮਾਨ ਹੈ:
ਉਗਵੈ ਸੂਰੁ ਅਸੁਰ ਸੰਘਾਰੈ॥
ਊਚਉ ਦੇਖਿ ਸਬਦਿ ਬੀਚਾਰੈ॥
ਊਪਰਿ ਆਦਿ ਅੰਤਿ ਤਿਹੁ ਲੋਇ॥
ਆਪੇ ਕਰੈ ਕਥੈ ਸੁਣੈ ਸੋਇ॥
ਓਹੁ ਬਿਧਾਤਾ ਮਨੁ ਤਨੁ ਦੇਇ॥
ਓਹੁ ਬਿਧਾਤਾ ਮਨਿ ਮੁਖਿ ਸੋਇ॥
ਪ੍ਰਭੁ ਜਗਜੀਵਨੁ ਅਵਰੁ ਨ ਕੋਇ॥
ਨਾਨਕ ਨਾਮਿ ਰਤੇ ਪਤਿ ਹੋਇ॥ (ਪੰਨਾ 930-31)
ਇਸ ਤਰ੍ਹਾਂ ਪ੍ਰਭੂ ਦੀ ਸਰਬ-ਵਿਆਪਕਤਾ ਦਾ ਅਨੁਭਵ ਮਨੁੱਖ ਦੀ ਚੇਤਨਾ ਨੂੰ ਸੰਕੀਰਣਤਾ ਦੀ ਤੰਗ ਵਲਗਣ ’ਚੋਂ ਕੱਢ ਕੇ, ਉਸ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਉਚਿਆਉਂਦਾ ਹੈ।
3. ਇੰਦਰਿਆਵੀ ਸੰਸਾਰ ਦੀਆਂ ਖਿੱਚਾਂ ਦਾ ਦੁਰ-ਪ੍ਰਭਾਵ :
ਇੰਦਰਿਆਵੀ ਵਾਸ਼ਨਾਵਾਂ ਸੰਸਾਰ ਨੂੰ ਭਿਆਨਕ ਸਮੁੰਦਰ ਦਾ ਰੂਪ ਦਿੰਦੀਆਂ ਹਨ। ਮਨੁੱਖ ਮੰਝਧਾਰ ਵਿਚ ਫਸ ਕੇ ਡੁੱਬ ਜਾਂਦਾ ਹੈ। ਸੰਸਾਰੀ ਖਾਹਿਸ਼ਾਂ ਦੇ ਜਾਲ ਵਿਚ ਫਸੇ ਵਿਅਕਤੀਆਂ ਲਈ ਸ੍ਰੀ ਗੁਰੂ ਨਾਨਕ ਸਾਹਿਬ ਨੇ ‘ਓਅੰਕਾਰੁ’ ਬਾਣੀ ਵਿਚ ਕਾਂ ਤੇ ਮੱਛੀ ਦਾ ਪ੍ਰਤੀਕ ਵਰਤਿਆ ਹੈ ਜੋ ਲਾਲਚ ਦੇ ਵੱਸ ਜਾਲ ਵਿਚ ਫਸ ਕੇ ਆਪਣੀ ਮੌਤ ਸਹੇੜ ਲੈਂਦੇ ਹਨ। ਗੁਰ-ਫ਼ਰਮਾਨ ਹਨ:
ਭਭੈ ਭਉਜਲੁ ਮਾਰਗੁ ਵਿਖੜਾ ਆਸ ਨਿਰਾਸਾ ਤਰੀਐ॥
ਫਿਰਿ ਫਿਰਿ ਫਾਹੀ ਫਾਸੈ ਕਊਆ॥
ਫਿਰਿ ਪਛੁਤਾਨਾ ਅਬ ਕਿਆ ਹੂਆ॥
ਜਿਉ ਮਛੁਲੀ ਫਾਥੀ ਜਮ ਜਾਲਿ॥
ਵਿਣੁ ਗੁਰ ਦਾਤੇ ਮੁਕਤਿ ਨ ਭਾਲਿ॥ (ਪੰਨਾ 935)
ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਦੇ ਇੰਦਰਿਆਵੀ ਬੰਧਨ ਮਨੁੱਖੀ- ਹਿੱਤਾਂ ਵਿਚ ਟਕਰਾਉ ਪੈਦਾ ਕਰਦੇ ਹਨ। ਮਨੁੱਖ ਵਿਸ਼ਵ-ਵਿਆਪੀ ਇਕਸੁਰਤਾ ਤੋਂ ਟੁੱਟ ਕੇ, ਆਪਣੇ ਆਪ ਨਾਲੋਂ, ਸਮਾਜ ਨਾਲੋਂ, ਸੰਸਾਰ ਨਾਲੋਂ ਵੱਖ ਹੋ ਜਾਂਦਾ ਹੈ। ਇਹ ਦਸ਼ਾ ਸਰੰਦੇ ਦੀ ਟੁੱਟੀ ਤਾਰ ਵਾਂਗ ਹੈ, ਜੋ ਸੰਗੀਤਕ ਸੁਰ ਦੇਣ ਤੋਂ ਅਸਮਰੱਥ ਹੋ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ ਦੀ ਵੀ ਰਾਗਮਈ ਇਕਸੁਰਤਾ ਟੁੱਟ ਜਾਂਦੀ ਹੈ। ਗੁਰ-ਫ਼ੁਰਮਾਨ ਹੈ:
ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ॥ (ਪੰਨਾ 934)
ਵਿਅਕਤੀ ਲਈ ਸਹੀ ਮਾਰਗ ਇੰਦਰਿਆਵੀ ਖਿੱਚਾਂ ਤੋਂ ਬਚਣਾ ਤੇ ਅਸਲੀਅਤ ਦੀ ਤਲਾਸ਼ ਕਰਨਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਮਿਸਾਲ ਦੁਆਰਾ ਸਪੱਸ਼ਟ ਕੀਤਾ ਹੈ ਕਿ ਦੇਹ ਇਕ ਬ੍ਰਿਛ ਹੈ, ਆਤਮਾ ਇਕ ਪੰਛੀ ਹੈ, ਬ੍ਰਿਛ ਦੇ ਸ੍ਰੇਸ਼ਟ ਪੰਛੀ ਜੋ ਅਸਲੀਅਤ ਨੂੰ ਚੁਗਦੇ ਹਨ, ਉਹ ਪ੍ਰਭੂ ਨਾਲ ਮਿਲ ਜਾਂਦੇ ਹਨ। ਉਹ ਇਕ ਭੋਰਾ ਜਿੰਨਾ ਵੀ ਪਦਾਰਥਕ ਜੰਜਾਲ ਵਿਚ ਨਹੀਂ ਫਸਦੇ, ਪਾਪਾਂ ਦੇ ਬਹੁਤੇ ਚੋਗੇ ਪ੍ਰਤੀ ਆਕਰਸ਼ਿਤ ਹੋਣ ਵਾਲੇ ਪੰਛੀਆਂ ਦੇ ਪਰ ਕੁਤਰ ਦਿੱਤੇ ਜਾਂਦੇ ਹਨ। ਉਹ ਮੁਸੀਬਤਾਂ ਦੀ ਕੁੜਿੱਕੀ ਵਿਚ ਸਦਾ ਲਈ ਫਸ ਜਾਂਦੇ ਹਨ। ਗੁਰ-ਫ਼ੁਰਮਾਨ ਹੈ:
ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ॥
ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ॥
ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ॥
ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ॥ (ਪੰਨਾ 934)
‘ਓਅੰਕਾਰੁ’ ਬਾਣੀ ਵਿਚ ਕੀਤਾ ਅਜਿਹਾ ਵਰਣਨ ਉੱਚਤਮ ਨੈਤਿਕ ਪ੍ਰਣਾਲੀ ਉਤਪੰਨ ਕਰਨ ਦਾ ਸੰਕੇਤਕ ਹੈ ਜੋ ਮਨੁੱਖ ਨੂੰ ਅਸਲੀਅਤ ਦੀ ਤਲਾਸ਼ ਵੱਲ ਲਗਾ ਕੇ ਉਸ ਨੂੰ ਉੱਚ-ਨੈਤਿਕ ਵਿਅਕਤੀ ਵਜੋਂ ਉਭਾਰਦਾ ਹੈ।
4. ਜੀਵਨ ਦੇ ਸੰਤੁਲਨ ’ਤੇ ਜ਼ੋਰ :
ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਐਸੀ ਦੈਵੀ ਨੈਤਿਕਤਾ ਪ੍ਰਦਾਨ ਕਰਦੇ ਹਨ ਜੋ ਉਸ ਨੂੰ ਹਮੇਸ਼ਾਂ ਦਾ ਅਨੰਦ ਪ੍ਰਦਾਨ ਕਰਦੀ ਹੈ। ਉਹ ਮਨੁੱਖ ਨੂੰ ਵਿਚਾਰਸ਼ੀਲ ਜੀਵਨ ਸੂਝ ਪ੍ਰਦਾਨ ਕਰਦੇ ਹਨ ਤਾਂ ਜੁ ਵਿਅਕਤੀ ਆਪਣੇ ਜੀਵਨ ਵਿਚ ਸੰਤੁਲਨ ਉਤਪੰਨ ਕਰ ਸਕਦੇ ਹਨ। ਉਨ੍ਹਾਂ ਦੇ ਵਿਚਾਰ ਅਨੁਸਾਰ ਵਿਅਕਤੀ ਦਾ ਪਰਮ ਕਰਤੱਵ ਉਸ ਸੁਜਾਨ ਪੁਰਖ ਨਾਲ ਜੁੜਨਾ ਹੈ ਜੋ ਉਸ ਨਾਲ ਜੁੜ ਜਾਂਦਾ ਹੈ, ਉਹ ਸਹਿਨਸ਼ੀਲਤਾ ਦਾ ਨੈਤਿਕ ਗੁਣ ਅਪਣਾ ਕੇ ਜ਼ਹਿਰ ਤੇ ਅੰਮ੍ਰਿਤ ਨੂੰ ਇੱਕੋ ਜਿਹਾ ਸਮਝਦਾ ਹੈ। ਫ਼ਰਮਾਨ ਹੈ:
ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣੁ॥
ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣੁ॥ (ਪੰਨਾ 937)
5. ਕਰਮਕਾਂਡਾਂ ਦੀ ਨਿੰਦਾ :
ਕਰਮਕਾਂਡੀ ਰਸਮਾਂ-ਰੀਤਾਂ ਆਦਿ-ਕਾਲੀਨ ਸਮੇਂ ਨੈਤਿਕ ਕਸਵੱਟੀ ਦਾ ਕਾਰਜ ਕਰਦੀਆਂ ਸਨ। ਮਨੁੱਖ ਦੇ ਬੌਧਿਕ ਵਿਕਾਸ ਨਾਲ ਇਨ੍ਹਾਂ ਦੀ ਨਿਰੁੰਕਸ਼ਤਾ ਟੁੱਟ ਗਈ ਤੇ ਇਨ੍ਹਾਂ ਤੋਂ ਸੁਤੰਤਰ ਹੋ ਕੇ ਨੈਤਿਕ ਨਿਰਣੇ ਕੀਤੇ ਜਾਣ ਲੱਗੇ। ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਨੇਕੀ ਤੋਂ ਟੁੱਟਿਆ ਕਰਮਕਾਂਡ ਮਨੁੱਖ ਦੀ ਮੁਕਤੀ ਵਿਚ ਰੋਕ ਹੈ। ਨੇਕੀ ਤੋਂ ਬਿਨਾਂ ਵਿਅਕਤੀ ਇਨ੍ਹਾਂ ਵਿਚ ਖਚਿਤ ਹੋ ਕੇ ਜੀਵਨ ਨੂੰ ਵਿਅਰਥ ਗੁਆ ਲੈਂਦਾ ਹੈ। ਗੁਰਵਾਕ ਹੈ :
ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮ ਪੁਰਿ ਜਾਹਿ॥ (ਪੰਨਾ 934)
6. ਸ਼ੁਭ ਤੇ ਉਚਿਤ ਸੰਬੰਧੀ ਜਾਣਕਾਰੀ :
‘ਓਅੰਕਾਰੁ’ ਬਾਣੀ ਅਨੁਸਾਰ ਪ੍ਰਭੂ ਵਿਅਕਤੀ ਲਈ ਪਰਮ-ਸ਼ੁਭ ਤੇ ਉਚਿਤ ਹੈ। ਜਿਸ ਨੇ ਰੱਬ ਨੂੰ ਪ੍ਰਾਪਤ ਕਰ ਲਿਆ ਉਸ ਨੂੰ ਕਿਸੇ ਹੋਰ ਵਸਤ ਦੀ ਲੋੜ ਨਹੀਂ ਰਹਿੰਦੀ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਨ ਕਰਦੇ ਹਨ ਕਿ ਇਕ ਪਾਸੇ ਦੌਲਤ ਹੋਵੇ ਤੇ ਦੂਜੇ ਪਾਸੇ ਪ੍ਰਭੂ ਦੀ ਪ੍ਰੀਤ ਹੋਵੇ ਤਾਂ ਉਹ ਦੌਲਤ ਦੀ ਪਰਵਾਹ ਨਹੀਂ ਕਰਨਗੇ ਤੇ ਪ੍ਰਭੂ-ਪ੍ਰੀਤ ਨੂੰ ਤਰਜੀਹ ਦੇਣਗੇ:
ਧਨੁ ਗਇਆ ਤਾ ਜਾਣ ਦੇਹਿ ਜੇ ਰਾਚਹਿ ਰੰਗਿ ਏਕ॥
ਮਨੁ ਦੀਜੈ ਸਿਰੁ ਸਉਪੀਐ ਭੀ ਕਰਤੇ ਕੀ ਟੇਕ॥ (ਪੰਨਾ 934)
7. ਮਨੁੱਖੀ ਦੁਰ-ਵਿਵਹਾਰ ਦੀ ਨਿੰਦਾ :
‘ਓਅੰਕਾਰੁ’ ਬਾਣੀ ਵਿਅਕਤੀ ਦੇ ਦੁਰ- ਵਿਵਹਾਰ ਦੀ ਨਿੰਦਾ ਕਰਦੀ ਹੈ। ਉਨ੍ਹਾਂ ਅਨੁਸਾਰ ਪਾਪ ਬੁਰਾ ਹੈ ਪਰ ਪਾਪੀ ਨੂੰ ਮਿੱਠਾ ਲੱਗਦਾ ਹੈ:
ਪਾਪੁ ਬੁਰਾ ਪਾਪੀ ਕਉ ਪਿਆਰਾ॥
ਪਾਪਿ ਲਦੇ ਪਾਪੇ ਪਾਸਾਰਾ॥ (ਪੰਨਾ 935)
ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਕੂੜੀ ਤੇ ਜ਼ਹਿਰੀਲੀ ਦੌਲਤ ਇਕੱਠੀ ਕਰ ਕੇ ਬੰਦਾ ਸ਼ਾਹ ਤਾਂ ਅਖਵਾ ਲੈਂਦਾ ਹੈ ਪਰ ਦੂਈ-ਦਵੈਤ ਦੀ ਭਾਵਨਾ ਉਪਜਾ ਕੇ, ਆਪਣੇ ਆਪ ਨਾਲੋਂ ਤੇ ਸਮਾਜ ਨਾਲੋਂ ਟੁੱਟ ਕੇ, ਲੋਕ ਤੇ ਪਰਲੋਕ ਬਰਬਾਦ ਕਰ ਲੈਂਦਾ ਹੈ। ਗੁਰਵਾਕ ਹੈ:
ਸੁਇਨਾ ਰੁਪਾ ਸੰਚੀਐ ਧਨੁ ਕਾਚਾ ਬਿਖੁ ਛਾਰੁ॥
ਸਾਹੁ ਸਦਾਏ ਸੰਚਿ ਧਨੁ ਦੁਬਿਧਾ ਹੋਇ ਖੁਆਰੁ॥ (ਪੰਨਾ 937)
ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਗਿਆਨ ਦਾ ਦੁਰ-ਉਪਯੋਗ ਕਰਨਾ, ਇਲਮ ਦੀ ਸੌਦੇਬਾਜ਼ੀ ਕਰਨੀ, ਜ਼ਹਿਰ ਕਮਾਉਣ ਤੇ ਖਾਣ ਦੇ ਬਰਾਬਰ ਹੈ। ਸੱਚੀ ਸਿੱਖਿਆ ਨਾਮ-ਭਗਤੀ ਨੂੰ ਦ੍ਰਿੜ੍ਹ ਕਰਵਾਉਣ ਨਾਲ ਸੰਬੰਧਿਤ ਹੈ ਜੋ ਤਨ-ਮਨ ਨੂੰ ਨਿਰਮਲ ਕਰਦੀ ਹੈ:
ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ॥
ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ॥
ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ॥
ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ॥53॥
ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ॥
ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ॥ (ਪੰਨਾ 937-938)
ਇਸ ਤਰ੍ਹਾਂ ਦੁਰ-ਵਿਵਹਾਰ ਦੀ ਨਿੰਦਾ ਕਰਨ ਦਾ ਉਦੇਸ਼ ਇਹੀ ਹੈ ਕਿ ਮਨੁੱਖ ਵਿਚ ਉਚੇਰੀ ਨੈਤਿਕਤਾ ਉਤਪੰਨ ਹੋਵੇ।
8. ਸੁਤੰਤਰਤਾ ਦਾ ਦ੍ਰਿਸ਼ਟੀਕੋਣ :
ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਜੋ ਪਰਮਾਤਮਾ ਨੂੰ ਜਾਣਦਾ ਹੈ, ਉਹ ਅਵਗੁਣਾਂ ਤੋਂ ਅਜ਼ਾਦ ਹੋ ਕੇ ਪੂਰਨ ਸੁਤੰਤਰਤਾ ਦੀ ਪ੍ਰਾਪਤੀ ਕਰ ਲੈਂਦਾ ਹੈ। ਉਹ ਕੁੱਲ ਬੰਧਨਾਂ ਤੋਂ ਸੁਤੰਤਰ ਹੋ ਕੇ, ਪਵਿੱਤਰ ਹੋ ਕੇ, ਆਪਣੀ ਚੇਤਨਾ ਨੂੰ ਪਿਛਲੇ ਗੁਨਾਹਾਂ ਤੋਂ ਮੁਕਤ ਕਰ ਕੇ, ਪ੍ਰਭੂ ਦੇ ਅੰਦਰ ਦਾਖ਼ਲ ਹੋ ਜਾਂਦਾ ਹੈ ਜਿੱਥੇ ਉਸ ਨੂੰ ਜੀਵਨ ਦੀ ਹਕੀਕਤ ਦੀ ਸੋਝੀ ਦੀ ਦਾਤ ਮਿਲ ਜਾਂਦੀ ਹੈ। ਫ਼ਰਮਾਨ ਹੈ:
ਖਸਮੁ ਪਛਾਣੈ ਆਪਣਾ ਖੂਲੈ ਬੰਧੁ ਨ ਪਾਇ॥
ਸਬਦਿ ਮਹਲੀ ਖਰਾ ਤੂ ਖਿਮਾ ਸਚੁ ਸੁਖ ਭਾਇ॥ (ਪੰਨਾ 937)
9. ਪਰਮਾਤਮਾ, ਗੁਰੂ ਤੇ ਗੁਰਬਾਣੀ ਦੀ ਵਿਸ਼ੇਸ਼ ਭੂਮਿਕਾ :
ਪਰਮਾਤਮਾ, ਗੁਰੂ ਤੇ ਗੁਰਬਾਣੀ ਤਿੰਨੇ ਹੀ ਵਿਅਕਤੀ ਨੂੰ ਨੈਤਿਕ ਤੌਰ ’ਤੇ ਬਲਵਾਨ ਬਣਾਉਣ ਦੇ ਸਮਰੱਥ ਹਨ। ਜੀਵਨ ਦਾ ਕੁੱਲ ਗੌਰਵ ਤੇ ਠਾਠਾ, ਜੀਵਨ ਦੀ ਸ਼ੋਭਾ ਤੇ ਸ਼ਾਨ, ਤੇਜ ਅਥਵਾ ਪ੍ਰਤਾਪ, ਇਕਬਾਲ ਤੇ ਮਾਣ ਦਾ ਸੋਮਾ ਪਰਮਾਤਮਾ ਹੈ। ਪਰਮਾਤਮਾ ਜਿਸ ਨੂੰ ਚਾਹੁੰਦਾ ਹੈ, ਵਡਿਆਈਆਂ ਦੀ ਦਾਤ ਉਸ ਨੂੰ ਦੇ ਦਿੰਦਾ ਹੈ:
ਪ੍ਰੀਤਮ ਹਥਿ ਵਡਿਆਈਆ ਜੈ ਭਾਵੈ ਤੈ ਦੇਇ॥ (ਪੰਨਾ 936)
ਗੁਰੂ ਪਰਮਾਤਮਾ ਦਾ ਪ੍ਰਤੀਨਿਧ ਹੈ, ਉਹ ਕਲਾਤਮਿਕ ਚੇਤਨਾ ਹੈ, ਮਨੁੱਖਾਂ ਨੂੰ ਅਜ਼ਾਦ ਕਰਨ ਵਾਲਾ ਹੈ, ਉਹ ਪਰਮਾਤਮਾ ਦੇ ਗੁਣ, ਨੇਕੀਆਂ ਤੇ ਕੁੱਲ ਖ਼ਜ਼ਾਨੇ ਸ੍ਰਿਸ਼ਟੀ ਨੂੰ ਪ੍ਰਦਾਨ ਕਰਦਾ ਹੈ। ਗੁਰਵਾਕ ਹੈ:
ਲਾਲ ਰਤਨ ਬਹੁ ਮਾਣਕੀ ਸਤਿਗੁਰ ਹਾਥਿ ਭੰਡਾਰੁ॥ (ਪੰਨਾ 936)
ਗੁਰਬਾਣੀ ਧੁਰ ਕੀ ਬਾਣੀ ਹੈ ਜੋ ਸੰਸਾਰ ਦੀ ਕੁੱਲ ਚਿੰਤਾ ਨੂੰ ਮਿਟਾਉਣ ਵਾਲੀ ਹੈ। ਗੁਰਬਾਣੀ ਦੀ ਵਿਚਾਰ ਨਾਲ ਪ੍ਰਭੂ ਦੀ ਮਿਹਰ ਪ੍ਰਾਪਤ ਹੁੰਦੀ ਹੈ ਜਿਸ ਨਾਲ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਗੁਰਵਾਕ ਹੈ:
ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ॥ (ਪੰਨਾ 937)
10. ਆਦਰਸ਼ਕ ਨੈਤਿਕ ਵਿਅਕਤੀ ਦਾ ਚਿੱਤਰ :
‘ਓਅੰਕਾਰੁ’ ਬਾਣੀ ਵਿਚ, ਆਦਰਸ਼ਕ ਨੈਤਿਕ ਵਿਅਕਤੀ ਲਈ ‘ਸੂਰਬੀਰ ਸੰਗਰਾਮੀਏ’ ਦਾ ਸ਼ਬਦ ਵਰਤਿਆ ਗਿਆ ਹੈ। ਜੋ ਪ੍ਰਭੂ ਪ੍ਰਤੀ ਪੂਰਨ ਸਮਰਪਿਤ ਹਨ, ਆਪਣੇ ਘਰ ਅਰਥਾਤ ਆਪਣੇ ਅੰਤਰੀਵੀ ਸੰਸਾਰ ਦੀ ਰਖਵਾਲੀ ਕਰਦੇ ਹਨ ਤਾਂਕਿ ਵਾਸ਼ਨਾਵਾਂ ਇੰਦਰਿਆਵੀ ਦਰਵਾਜ਼ਿਆਂ ਰਾਹੀਂ ਆਤਮਿਕ ਬਾਦਸ਼ਾਹਤ ਦਾ ਸਿੰਘਾਸਣ ਨਾ ਹਿਲਾ ਦੇਣ। ਇਹ ਆਤਮਿਕ ਸੰਗਰਾਮੀਏ ਜੇਤੂ ਪ੍ਰਕਿਰਤੀ ਦੇ ਮਾਲਕ ਹਨ ਜੋ ਸ਼ੈਤਾਨੀ ਪਰਵਿਰਤੀਆਂ ਨੂੰ ਪਛਾੜਦੇ ਤੇ ਆਪਣੇ ਸ਼ਹਿਨਸ਼ਾਹ ਦੀ ਫ਼ਤਹ ਦਾ ਹੋਕਾ ਦਿੰਦੇ ਹਨ। ਗੁਰ-ਫ਼ਰਮਾਨ ਹੈ:
ਲਸਕਰੀਆ ਘਰ ਸੰਮਲੇ ਆਏ ਵਜਹੁ ਲਿਖਾਇ॥
ਕਾਰ ਕਮਾਵਹਿ ਸਿਰਿ ਧਣੀ ਲਾਹਾ ਪਲੈ ਪਾਇ॥
ਲਬੁ ਲੋਭੁ ਬੁਰਿਆਈਆ ਛੋਡੇ ਮਨਹੁ ਵਿਸਾਰਿ॥
ਗੜਿ ਦੋਹੀ ਪਾਤਿਸਾਹ ਕੀ ਕਦੇ ਨ ਆਵੈ ਹਾਰਿ॥
ਚਾਕਰੁ ਕਹੀਐ ਖਸਮ ਕਾ ਸਉਹੇ ਉਤਰ ਦੇਇ॥ (ਪੰਨਾ 936)
11. ਅੰਤਿਮ ਕੀਮਤਾਂ ਦੀ ਸੋਝੀ :
‘ਓਅੰਕਾਰੁ’ ਬਾਣੀ ਵਿਚ ਪ੍ਰਗਟਾਈ ਜੀਵਨ-ਜੁਗਤਿ ਅੰਤਿਮ ਕੀਮਤਾਂ ਦੀ ਹਾਮੀ ਹੈ। ਅੰਤਿਮ ਕੀਮਤਾਂ ਮਨੁੱਖ ਨੂੰ ਉੱਚਤਮ ਗਿਆਨ ਪ੍ਰਦਾਨ ਕਰਦੀਆਂ ਹਨ। ‘ਓਅੰਕਾਰੁ’ ਬਾਣੀ ਅਨੁਸਾਰ ਮਾਇਕ ਦੀਵਾਨਗੀ ਮਨੁੱਖ ਦੀ ਸਦਾਚਾਰਕ ਬਣਤਰ ਨੂੰ ਖੋਖਲਾ ਕਰਦੀ ਹੈ। ਇਹ ਇਕ ਨਸ਼ੀਲੀ ਬੂਟੀ ਵਾਂਗ ਹੈ ਜੋ ਨਾਸ਼ਵਾਨ ਬੰਦੇ ਨੂੰ ਕਮਲਾ ਕਰ ਦਿੰਦੀ ਹੈ। ਉਹ ਲਾਲਚ ਤੇ ਤਮ੍ਹਾ ਦਾ ਸ਼ਿਕਾਰ ਹੋ ਕੇ ਭ੍ਰਿਸ਼ਟਾਚਾਰ ਦੀ ਹਨ੍ਹੇਰੀ ਗਲੀ ਵਿਚ ਪ੍ਰਵੇਸ਼ ਕਰ ਜਾਂਦਾ ਹੈ ਤੇ ਆਪਣੀ ਬਰਬਾਦੀ ਕਰ ਲੈਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਰਮਾਨ ਹੈ:
ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ॥
ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ॥ (ਪੰਨਾ 930)
ਕੁਝ ਭੁੱਲੇ ਹੋਏ ਲੋਕ, ਸੁਆਦਲੇ ਖਾਣੇ, ਮੋਟਰ ਕਾਰਾਂ, ਬਿਜਲੀ ਦੇ ਉਪਕਰਣ, ਮਕਾਨ, ਕਰੰਸੀ ਨੋਟ, ਧਨ ਸਬੰਧੀ ਸਕੀਮਾਂ ਆਦਿ ਯੋਜਨਾਵਾਂ ਨੂੰ ਮਹਾਨਤਾ ਦਿੰਦੇ ਹਨ। ਕੁਝ ਲੋਕ ਸ਼ੁਹਰਤ, ਸਵੀਕਾਰਤਾ, ਅਸਰ-ਰਸੂਖ ਵਾਲੀਆਂ ਪੁਜ਼ੀਸ਼ਨਾਂ, ਮਹੱਤਵਪੂਰਨ ਵਿਅਕਤੀਆਂ ਨਾਲ ਮੇਲ-ਜੋਲ ਆਦਿ ਦੀਆਂ ਗੱਲਾਂ ਵੱਲ ਝੁਕੇ ਹੋਏ ਹਨ। ਇਹ ਕਦਰਾਂ-ਕੀਮਤਾਂ ਆਰਥਿਕ ਸ਼ੋਸ਼ਣ ਵਿਚ ਸਹਾਇਕ ਹੋ ਕੇ ਭਟਕਣਾ, ਅ-ਤ੍ਰਿਪਤੀ ਤੇ ਨਿਰਾਸ਼ਤਾ ਵਧਾਉਂਦੀਆਂ ਹਨ। ਅੱਜ ਦੇ ਬਹੁਤੇ ਲੋਕ ਭ੍ਰਿਸ਼ਟਾਚਾਰ ਵਿਚ ਗ੍ਰਸਦੇ ਜਾ ਰਹੇ ਹਨ। ‘ਓਅੰਕਾਰੁ’ ਬਾਣੀ ਵਿਚ ਇਸ ਜੀਵਨ-ਜਾਚ ਨੂੰ ਬੀਮਾਰ ਤਰਜ਼-ਏ-ਜ਼ਿੰਦਗੀ ਕਹਿ ਕੇ ਰੱਦ ਕੀਤਾ ਗਿਆ ਹੈ ਤੇ ਮਨੁੱਖ ਨੂੰ ਅੰਤਿਮ ਕੀਮਤਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ, ਜੋ ਨੇਕੀ ਤੇ ਧੀਰਜ, ਪ੍ਰੇਮ ਸਮਰਪਣ, ਅਡੋਲਤਾ ਤੇ ਡੂੰਘੇਰੀ ਦ੍ਰਿਸ਼ਟੀ ਦੇ ਨਾਵਾਂ ਨਾਲ ਜਾਣੀਆਂ ਜਾਂਦੀਆਂ ਹਨ। ਗੁਰ-ਫ਼ਰਮਾਨ ਹਨ:
ਮਨਿ ਤਨਿ ਮੁਖਿ ਜਾਪੈ ਸਦਾ ਗੁਣ ਅੰਤਰਿ ਮਨਿ ਧੀਰ॥ (ਪੰਨਾ 937)
ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ॥ (ਉਹੀ)
ਮਨੁ ਦੀਆ ਗੁਰਿ ਆਪਣੈ ਪਾਇਆ ਨਿਰਮਲ ਨਾਉ॥ (ਪੰਨਾ 933)
ਥਰ ਥਰ ਕੰਪੈ ਜੀਅੜਾ ਥਾਨ ਵਿਹੂਣਾ ਹੋਇ॥
ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨ ਫੀਟੈ ਕੋਇ॥ (ਪੰਨਾ 934)
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥ (ਪੰਨਾ 935)
ਸਾਰ-ਰੂਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ‘ਓਅੰਕਾਰੁ’ ਬਾਣੀ ਨੈਤਿਕ ਤੱਤਾਂ ਨਾਲ ਭਰਪੂਰ ਹੈ। ਇਹ ਸਾਨੂੰ ਮਨੁੱਖੀ ਆਚਾਰ ਨਾਲ ਸੰਬੰਧਿਤ ਸਿਧਾਂਤਾਂ ਦਾ ਬਿਓਰਾ ਪੇਸ਼ ਕਰਦੀ ਹੈ। ਦੂਸ਼ਿਤ ਕਰਮਾਂ ਦੀ ਨਿੰਦਾ ਕਰ ਕੇ ਉੱਤਮ ਨੈਤਿਕ ਪ੍ਰਣਾਲੀ ਦੀ ਸਿਰਜਣਾ ਵੱਲ ਸੰਕੇਤ ਕਰਦੀ ਹੈ। ਇਸ ਬਾਣੀ ਦਾ ਚਿੰਤਨ ਪਰਮਾਤਮਾ ਨਾਲ ਸਿਦਕਦਿਲੀ ਨਾਲ ਮੁਹੱਬਤ ਕਰਨ ’ਤੇ ਜ਼ੋਰ ਦਿੰਦਾ ਹੈ ਤੇ ਇਹ ਪਾਵਨ ਬਾਣੀ ਮਨੁੱਖ ਨੂੰ ਆਪਾ ਨਿਵਾਰ ਦੀ ਪ੍ਰਕਿਰਤੀ ਉਪਜਾਉਣ ਦੀ ਪ੍ਰੇਰਨਾ ਕਰਦੀ ਹੈ ਤਾਂਕਿ ਵਿਅਕਤੀ ਨੇਕੀਆਂ ਦੇ ਪੁੰਜ ਪਰਮਾਤਮਾ ਦੀ ਹਸਤੀ ਵਿਚ ਗੜੂੰਦ ਹੋ ਸਕੇ।
ਲੇਖਕ ਬਾਰੇ
- ਡਾ. ਇੰਦਰਜੀਤ ਸਿੰਘ ਫਗਵਾੜਾhttps://sikharchives.org/kosh/author/%e0%a8%a1%e0%a8%be-%e0%a8%87%e0%a9%b0%e0%a8%a6%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%ab%e0%a8%97%e0%a8%b5%e0%a8%be%e0%a9%9c%e0%a8%be/March 1, 2008