ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਬਾਣੀ ਸਿੱਖ ਧਰਮ ਦਰਸ਼ਨ ਦਾ ਮੂਲ ਅਧਾਰ ਹੈ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਕੇਂਦਰੀ ਸਰੋਕਾਰ ਅਧਿਆਤਮਕ ਵਿਚਾਰਧਾਰਾ ਦੇ ਨਿਰੂਪਣ ਨਾਲ ਸੰਬੰਧਿਤ ਹੈ। ਦਾਰਸ਼ਨਿਕ ਸੰਕਲਪਾਂ ਦੇ ਅਭਿਵਿਅੰਜਨ ਰਾਹੀਂ ਉਨ੍ਹਾਂ ਨੇ ਬ੍ਰਹਮ ਨਾਲ ਇਕਸੁਰ ਹੋ ਕੇ ਮੁਕਤੀ ਪ੍ਰਾਪਤ ਕਰਨ ਦੇ ਵਿਧੀ-ਵਿਧਾਨ ਨੂੰ ਅਭਿਵਿਅਕਤ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਮਨੁੱਖ ਦੇ ਅਧਿਆਤਮਕ ਵਿਕਾਸ ਦੀ ਅਭਿਵਿਅਕਤੀ ਕਰਦਿਆਂ ਉਸ ਨੂੰ ਉਚੇਰੀਆਂ ਅਧਿਆਤਮਕ ਮੰਜ਼ਿਲਾਂ ਉੱਪਰ ਪਹੁੰਚਾਉਣ ਲਈ ਰਾਹ-ਦਸੇਰੀ ਬਣਦੀ ਹੈ। ਅਧਿਆਤਮਕ ਚਿੰਤਨ ਦੇ ਸਮਾਨਾਂਤਰ ਮਾਨਵੀ ਜੀਵਨ ਨਾਲ ਸੰਬੰਧਿਤ ਸਰੋਕਾਰਾਂ ਨਾਲ ਨਾਤਾ ਜੋੜਨ ਦੀ ਪ੍ਰਕਿਰਤੀ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਉਨ੍ਹਾਂ ਦੀ ਬਾਣੀ ਵਿਚ ਆਦਰਸ਼ਕ ਮਨੁੱਖ ਅਤੇ ਸੁਚੱਜੇ ਸਮਾਜ ਦੀ ਸਿਰਜਣਾ ਦਾ ਸਰੋਕਾਰ ਵੀ ਪ੍ਰਮੁੱਖਤਾ ਸਹਿਤ ਪ੍ਰਸਤੁਤ ਹੋਇਆ ਹੈ।
ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਮਾਨਵੀ ਜੀਵਨ ਭਾਵੇਂ ਉਹ ਅਧਿਆਤਮਕ ਹੋਵੇ ਜਾਂ ਸਮਾਜਿਕ, ਨਾਲ ਅਤਿਅੰਤ ਨੇੜਤਾ ਰੱਖਦੀ ਹੈ। ਇਸ ਵਿੱਚੋਂ ਜੀਵਨ ਦੀ ਹਰੇਕ ਸਮੱਸਿਆ ਦਾ ਹੱਲ ਸਹਿਲਤਾ ਨਾਲ ਲੱਭਿਆ ਜਾ ਸਕਦਾ ਹੈ। ਇਸ ਦੀ ਇਸੇ ਵਿਸ਼ੇਸ਼ਤਾ ਵਿਚ ਇਸ ਦੀ ਸਰਬਕਾਲੀ ਪ੍ਰਸੰਗਿਕਤਾ ਵਿਦਮਾਨ ਹੈ। ਜਿਉਂ-ਜਿਉਂ ਸੱਭਿਅਤਾ ਵਿਕਾਸ ਕਰ ਰਹੀ ਹੈ ਅਤੇ ਮਨੁੱਖ ਵਿਗਿਆਨਕ, ਪਦਾਰਥਕ ਉੱਨਤੀ ਦੀਆਂ ਨਵੀਨਤਮ ਬੁਲੰਦੀਆਂ ਨੂੰ ਛੋਹ ਰਿਹਾ ਹੈ ਤਿਉਂ-ਤਿਉਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੀ ਪ੍ਰਸੰਗਿਕਤਾ ਦ੍ਰਿੜ੍ਹ ਹੋ ਰਹੀ ਹੈ। ਹਥਲੇ ਖੋਜ-ਪੱਤਰ ਦਾ ਸੰਬੰਧ ਵਰਤਮਾਨ ਸਮੇਂ ਦੀ ਮੁੱਖ ਸਮੱਸਿਆ ਵਾਤਾਵਰਨ ਦੀ ਸੰਭਾਲ ਸੰਬੰਧੀ ਚੇਤੰਨਤਾ ਦੇ ਸੰਬੰਧ ਵਿਚ ਗੁਰੂ ਨਾਨਕ ਬਾਣੀ ਦੀ ਪ੍ਰਸੰਗਿਕਤਾ ਨੂੰ ਵਾਚਣ ਨਾਲ ਸੰਬੰਧਿਤ ਹੈ।
ਸਰਲ ਅਰਥਾਂ ਵਿਚ ਵਾਤਾਵਰਨ ਤੋਂ ਭਾਵ ਆਲੇ-ਦੁਆਲੇ ਅਥਵਾ ਚੌਗਿਰਦੇ ਤੋਂ ਲਿਆ ਜਾਂਦਾ ਹੈ। ਵਾਤਾਵਰਨ ਤੋਂ ਭਾਵ ਅੰਤਰ-ਕਿਰਿਆ ਕਰਦੇ ਉਨ੍ਹਾਂ ਵਿਭਿੰਨ ਖੰਡਾਂ ਤੋਂ ਹੈ ਜਿਸ ਵਿਚ ਅਸੀਂ ਰਹਿੰਦੇ ਹਾਂ। ਇਸ ਦੇ ਅੰਤਰਗਤ ਭੂ-ਮੰਡਲ, ਜਲ-ਮੰਡਲ, ਵਾਯੂ-ਮੰਡਲ, ਜੀਵ-ਮੰਡਲ ਆਉਂਦੇ ਹਨ।1 ਅਸਲ ਵਿਚ ਜੋ ਕੁਝ ਵੀ ਆਲੇ-ਦੁਆਲੇ ਵਿਚ ਵਿਆਪਤ ਹੈ, ਵਾਤਾਵਰਨ ਅਖਵਾਉਂਦਾ ਹੈ। ਭੌਤਿਕ, ਰਸਾਇਣਿਕ ਅਤੇ ਜੈਵਿਕ ਤੱਤਾਂ ਦੀ ਸੁਮੇਲਤਾ ਸਦਕਾ ਹੀ ਵਾਤਾਵਰਨ ਦੀ ਸਿਰਜਣਾ ਹੁੰਦੀ ਹੈ। ਜ਼ਮੀਨ, ਹਵਾ, ਪਾਣੀ, ਬਨਸਪਤੀ, ਨਿਰਜੀਵ ਵਸਤੂਆਂ ਆਦਿ ਸਭ ਕੁਝ ਵਾਤਾਵਰਨ ਦਾ ਅੰਗ ਹਨ। ਕੁਦਰਤੀ ਢੰਗ ਨਾਲ ਕਿਰਿਆਸ਼ੀਲ ਸੰਤੁਲਿਤ, ਸ਼ੁੱਧ ਵਾਤਾਵਰਨ ਹੀ ਮਾਨਵੀ ਜੀਵਨ ਲਈ ਸੁਚੱਜਾ ਰਹਿਣਯੋਗ ਸਥਾਨ ਹੁੰਦਾ ਹੈ।
ਅਜੋਕੇ ਸਮੇਂ ਵਿਚ ਵਾਤਾਵਰਨ ਪ੍ਰਦੂਸ਼ਣ ਦਾ ਵਰਤਾਰਾ ਸਮੁੱਚੇ ਸੰਸਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮਨੁੱਖੀ ਜਨਸੰਖਿਆ ਵਿਚ ਲਗਾਤਾਰ ਵਾਧਾ, ਉਦਯੋਗਿਕ ਵਿਕਾਸ ਦੀ ਤੀਬਰ ਗਤੀ, ਵਿਗਿਆਨ ਅਤੇ ਤਕਨਾਲੌਜੀ ਦੀ ਆਮਦ ਨੇ ਸਾਡੇ ਵਾਤਾਵਰਨ ਅਤੇ ਕੁਦਰਤੀ ਸੋਮਿਆਂ ਦੇ ਆਧਾਰ ਨੂੰ ਵੱਡੀ ਢਾਹ ਲਾਈ ਹੈ।1 ਭਾਵੇਂ ਕਿ ਮਨੁੱਖ ਨੇ ਵਿਗਿਆਨਕ ਉੱਨਤੀ ਸਦਕਾ ਜੀਵਨ ਜਿਊਣ ਲਈ ਅਨੇਕ ਪ੍ਰਕਾਰ ਦੀਆਂ ਸੁਖ-ਸਹੂਲਤਾਂ ਦੇ ਸਾਧਨ ਸਿਰਜ ਲਏ ਹਨ ਪਰ ਇਸ ਦੇ ਸਕਾਰਾਤਮਕ (ਉਸਾਰੂ) ਪਹਿਲੂਆਂ ਦੀ ਨਿਸਬਤ ਨਕਾਰਾਤਮਕ (ਢਾਊ) ਪੱਖਾਂ ਨੇ ਵੀ ਮਾਨਵੀ ਜੀਵਨ ਦੀਆਂ ਸਮੱਸਿਆਵਾਂ ਵਿਚ ਵੱਡੀ ਮਾਤਰਾ ਵਿਚ ਵਾਧਾ ਕੀਤਾ ਹੈ। ਵਿਗਿਆਨ ਮੂਲ ਰੂਪ ਵਿਚ ਮਨੁੱਖ ਦੀ ਬਿਹਤਰੀ ਲਈ ਈਜਾਦ ਕੀਤਾ ਵਿਧਾਨ ਹੈ, ਜਿਸ ਨੂੰ ਮਨੁੱਖ ਨੇ ਆਪਣੇ ਸਵਾਰਥ ਦੀ ਪੂਰਤੀ ਲਈ ਗ਼ਲਤ ਦਿਸ਼ਾ ਵਿਚ ਇਸਤੇਮਾਲ ਕਰਦਿਆਂ ਮਾਨਵੀ ਵਿਨਾਸ਼ ਦਾ ਅਧਾਰ ਬਣਾ ਲਿਆ ਹੈ। ਵਿਗਿਆਨ ਅਤੇ ਤਕਨਾਲੌਜੀ ਦੇ ਵਿਕਾਸ ਨੇ ਮਨੁੱਖ ਨੂੰ ਕੁਦਰਤੀ ਸੋਮਿਆਂ ਉੱਪਰ ਆਪਣਾ ਗ਼ਲਬਾ ਕਾਇਮ ਕਰਨ ਅਤੇ ਇਨ੍ਹਾਂ ਦੀ ਆਪਣੇ ਸਵਾਰਥਾਂ ਦੀ ਪੂਰਤੀ ਹਿਤ ਵਰਤੋਂ ਕਰਨ ਲਈ ਉਕਸਾਇਆ ਹੈ ਜਿਸ ਕਾਰਨ ਕੁਦਰਤ ਦਾ ਸੰਤੁਲਨ ਵਿਗੜਨਾ ਸੁਭਾਵਿਕ ਸੀ ਅਤੇ ਇਸ ਦੇ ਮਾੜੇ ਪ੍ਰਭਾਵਾਂ ਨੇ ਜੀਵਨ ਅਤੇ ਕੁਦਰਤ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ।3 ਵਰਤਮਾਨ ਸਮੇਂ ਵਿਚ ਮਨੁੱਖ ਹਵਾ-ਪ੍ਰਦੂਸ਼ਣ, ਪਾਣੀ-ਪ੍ਰਦੂਸ਼ਣ, ਭੂ-ਪ੍ਰਦੂਸ਼ਣ ਆਦਿਕ ਦਰਪੇਸ਼ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਓਜ਼ੋਨ ਪਰਤ ਵਿਚ ਹੋਏ ਛੇਕਾਂ (Black Holes) ਦੇ ਕਾਰਨ ਧਰਤੀ ਉੱਪਰ ਮਨੁੱਖ ਨੂੰ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਧਰਤੀ ਦਾ ਵਧਦਾ ਤਾਪਮਾਨ (Global Warming) ਵੀ ਮਨੁੱਖੀ ਹੋਂਦ ਲਈ ਖ਼ਤਰੇ ਦੀ ਘੰਟੀ ਬਣਿਆ ਹੋਇਆ ਹੈ। ਸਮੁੱਚੇ ਵਿਗਿਆਨਕ ਇਸ ਤੱਥ ’ਤੇ ਇਕਮੱਤ ਹਨ ਕਿ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ। ਇਸ ਦੇ ਸਿੱਟੇ ਵਜੋਂ ਸਮੁੰਦਰ ਦਾ ਸਤਰ ਵਧ ਰਿਹਾ ਹੈ ਜਿਸ ਦੇ ਪ੍ਰਤੀਕੂਲ ਪ੍ਰਭਾਵ ਪੈਣੇ ਯਕੀਨੀ ਹਨ।4 ਵਿਗਿਆਨਕ ਉੱਨਤੀ ਸਦਕਾ ਭਾਵੇਂ ਜੀਵਨ ਸੁਖਮਈ ਹੋਇਆ ਹੈ ਪਰੰਤੂ ਇਸ ਦੇ ਸਿੱਟੇ ਵਜੋਂ ਵਾਤਾਵਰਨ ਦੀ ਸ਼ੁੱਧਤਾ ਨੂੰ ਚੋਖੀ ਜ਼ਰਬ ਵੀ ਲੱਗੀ ਹੈ।
ਪਾਣੀ ਜੀਵਨ ਦਾ ਅਧਾਰ-ਸ੍ਰੋਤ ਹੈ। ਮਨੁੱਖ ਦੀਆਂ ਬੁਨਿਆਦੀ ਲੋੜਾਂ ਵਿਚ ਸ਼ੁੱਧ ਪਾਣੀ ਅਤਿਅੰਤ ਮਹੱਤਵ ਦਾ ਧਾਰਨੀ ਹੈ। ਜੀਵਨ ਵਿਚ ਇਸ ਦਾ ਮਹੱਤਵ ਅੰਮ੍ਰਿਤ ਸਮਾਨ ਮੰਨਿਆ ਜਾਂਦਾ ਹੈ। ਮਨੁੱਖ ਦਾ ਪਾਣੀ ਨਾਲ ਬੜਾ ਗੂੜ੍ਹਾ ਰਿਸ਼ਤਾ ਹੈ। ਹਰੇਕ ਸੱਭਿਅਤਾ ਇਸ ਬਹੁਮੁੱਲੇ ਜੀਵਨਦਾਇਕ ਸ੍ਰੋਤ ਸਦਕਾ ਹੀ ਉਗਮਦੀ, ਵਿਗਸਦੀ ਅਤੇ ਉੱਨਤ ਹੁੰਦੀ ਹੈ।5 ਪੀਣ ਯੋਗ ਪਦਾਰਥ ਦੇ ਤੌਰ ’ਤੇ ਪਾਣੀ ਜਿੱਥੇ ਜੀਵਨ ਦਾ ਜ਼ਰੂਰੀ ਅੰਗ ਹੈ ਉਥੇ ਦੈਨਿਕ ਲੋੜਾਂ ਵਿਚ ਵੀ ਇਸ ਦਾ ਸਭ ਤੋਂ ਵੱਧ ਮਹੱਤਵ ਹੈ। ਰੋਜ਼ਾਨਾ ਜੀਵਨ ਦੇ ਤਕਰੀਬਨ ਹਰੇਕ ਕੰਮ ਵਿਚ ਇਸ ਦੀ ਸ਼ਮੂਲੀਅਤ ਹੁੰਦੀ ਹੈ। ਇਸ ਦੇ ਨਾਲ ਹੀ ਇਸ ਦਾ ਧਾਰਮਿਕ ਮਹੱਤਵ ਇਸ ਨੂੰ ਪੂਜਣਯੋਗ ਵੀ ਬਣਾ ਦਿੰਦਾ ਹੈ। ਸਦੀਆਂ ਤੋਂ ਪਾਣੀ ਦੀ ਮਹੱਤਤਾ ਨੂੰ ਸਮਝਦਾ ਅਤੇ ਪ੍ਰਵਾਨਦਾ ਆਇਆ ਮਨੁੱਖ ਇਸ ਕੁਦਰਤੀ ਸੋਮੇ ਦੀ ਸੰਭਾਲ ਲਈ ਹਰ ਸੰਭਵ ਉਪਰਾਲਾ ਕਰਦਾ ਸੀ। ਪਰੰਤੂ ਅਜੋਕੇ ਸਮੇਂ ਵਿਚ ਮਨੁੱਖ ਹੀ ਇਸ ਜੀਵਨਦਾਇਕ ਕੁਦਰਤੀ ਦਾਤ ਦਾ ਸਭ ਤੋਂ ਵੱਡਾ ਦੁਸ਼ਮਣ ਬਣਿਆ ਹੋਇਆ ਹੈ। ਪਾਣੀ ਵਰਗੇ ਕੁਦਰਤੀ ਸੋਮੇ ਦੇ ਵਿਨਾਸ਼ ਵੱਲ ਰੁਚਿਤ ਮਨੁੱਖ ਖੁਦ ਆਪਣੇ ਖਾਤਮੇ ਦਾ ਮੰਜ਼ਰ ਸਿਰਜ ਰਿਹਾ ਹੈ। ਪਾਣੀ ਦਾ ਨਿਰੰਤਰ ਹੋ ਰਿਹਾ ਪ੍ਰਦੂਸ਼ਣ ਮਨੁੱਖੀ ਹੋਂਦ ਲਈ ਨਿਸ਼ਚੇ ਹੀ ਖ਼ਤਰਨਾਕ ਹੈ। ਪਾਣੀ ਪ੍ਰਦੂਸ਼ਣ ਤੋਂ ਭਾਵ ਉਸ ਵਿਚ ਨੁਕਸਾਨਦਾਇਕ ਪਦਾਰਥਾਂ ਦੀ ਵੱਡੀ ਮਾਤਰਾ ਵਿਚ ਮੌਜੂਦਗੀ ਤੋਂ ਹੈ।6 ਉਦਯੋਗਿਕ ਇਕਾਈਆਂ ਵਿੱਚੋਂ ਨਿਕਾਸਿਤ ਹਾਨੀਕਾਰਕ ਰਸਾਇਣ, ਵਾਫਰ (ਫਾਲਤੂ) ਪਦਾਰਥ, ਜ਼ਹਿਰੀਲੇ ਮਾਦੇ ਆਦਿ ਨੂੰ ਨੇੜਲੇ ਦਰਿਆ, ਝੀਲ, ਨਾਲੇ ਆਦਿਕ ਪਾਣੀ ਦੇ ਸੋਮਿਆਂ ਵਿਚ ਪ੍ਰਵਾਹਿਤ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਪਾਣੀ ਦੇ ਇਹ ਸੋਮੇ ਪ੍ਰਦੂਸ਼ਿਤ ਹੋ ਕੇ ਮਾਨਵੀ ਜੀਵਨ ਲਈ ਖ਼ਤਰਨਾਕ ਬਣ ਜਾਂਦੇ ਹਨ। ਫਸਲਾਂ ਤੋਂ ਵੱਧ ਝਾੜ ਲੈਣ ਲਈ ਵਰਤੇ ਜਾਂਦੇ ਹਾਨੀਕਾਰਕ ਰਸਾਇਣਾਂ, ਕੀੜੇਮਾਰ ਦਵਾਈਆਂ ਅਤੇ ਖਾਦਾਂ ਆਦਿ ਦੀ ਕੀਤੀ ਜਾਂਦੀ ਅੰਨ੍ਹੇਵਾਹ ਵਰਤੋਂ ਵੀ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਦੀ ਹੈ ਜਿਸ ਨਾਲ ਅੰਮ੍ਰਿਤ ਰੂਪੀ ਪਾਣੀ ਜ਼ਹਿਰ ਵਿਚ ਰੂਪਾਂਤਰਿਤ ਹੋ ਰਿਹਾ ਹੈ। ਅਬਾਦੀ ਦੁਆਰਾ ਦੈਨਿਕ ਕ੍ਰਿਆਵਾਂ ਦੇ ਕਾਰਜ ਦੁਆਰਾ ਪ੍ਰਦੂਸ਼ਿਤ ਪਾਣੀ ਵੀ ਸੀਵਰੇਜ ਵਿਵਸਥਾ ਰਾਹੀਂ ਪਾਣੀ ਦੇ ਸੋਮਿਆਂ ਵਿਚ ਮਿਲਾ ਦਿੱਤਾ ਜਾਂਦਾ ਹੈ। ਇਸ ਨਾਲ ਵੀ ਜਲ-ਪ੍ਰਦੂਸ਼ਣ ਦੀ ਕਿਰਿਆ ਵਾਪਰਦੀ ਹੈ। ਇਸ ਪ੍ਰਕਾਰ ਮਨੁੱਖ ਵਿਭਿੰਨ ਕਾਰਜਾਂ ਦੁਆਰਾ ਲਗਾਤਾਰ ਪਾਣੀ ਪ੍ਰਦੂਸ਼ਿਤ ਕਰ ਰਿਹਾ ਹੈ ਅਤੇ ਇਸ ਦੇ ਸਿੱਟਿਆਂ ਦੀ ਵਿਕਰਾਲਤਾ ਨੂੰ ਅੱਖੋਂ-ਪਰੋਖੇ ਕਰ ਰਿਹਾ ਹੈ।
ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਵਿਚ ਪਾਣੀ ਨੂੰ ਜੀਵਨ ਦੀ ਸ਼ੁਰੂਆਤ ਵਜੋਂ ਪ੍ਰਤਿਬਿੰਬਤ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਜੀਵਨ ਦਾ ਪਹਿਲਾ ਸਿਰਜਣਹਾਰ ਹੀ ਪਾਣੀ ਨੂੰ ਮੰਨਿਆ ਹੈ। ਅਸਲ ਵਿਚ ਪਾਣੀ ਸਜੀਵਤਾ ਦਾ ਅਧਾਰ ਹੈ। ਗੁਰ ਫ਼ਰਮਾਨ ਹੈ:
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ (ਪੰਨਾ 472)
ਗੁਰੂ ਨਾਨਕ ਸਾਹਿਬ ਨੇ ਪਾਣੀ ਨੂੰ ਪਿਤਾ ਦਾ ਦਰਜਾ ਦਿੰਦਿਆਂ ਜੀਵਨ ਵਿਚ ਇਸ ਦੀ ਅਤਿਅੰਤ ਮਹੱਤਤਾ ਨੂੰ ਮੂਰਤੀਮਾਨ ਕੀਤਾ ਹੈ। ਗੁਰੂ ਸਾਹਿਬ ਪਾਣੀ ਨੂੰ ਸਿਰਜਣਾਤਮਕ ਸ਼ਕਤੀ ਰੱਖਣ ਕਾਰਨ ਆਪਣੀ ਬਾਣੀ ਵਿਚ ਵਡਿਆਉਂਦੇ ਹਨ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ (ਪੰਨਾ 8)
ਪਾਣੀ, ਸੁੱਚਮਤਾ ਦਾ ਪ੍ਰਤੀਕ ਹੈ। ਨਿਰਮਲ ਜਲ ਆਪਣੇ ਸੰਪਰਕ ਵਿਚ ਆਉਣ ਵਾਲਿਆਂ ਜੀਵਾਂ, ਵਸਤਾਂ, ਪਦਾਰਥਾਂ ਆਦਿ ਦੀ ਮੈਲ ਉਤਾਰ ਕੇ ਉਨ੍ਹਾਂ ਨੂੰ ਸ਼ੁੱਧ, ਪਵਿੱਤਰ ਕਰਦਾ ਹੈ। ਕੋਈ ਵੀ ਧਾਰਮਿਕ ਕਾਰਜ ਕਰਨ ਲੱਗਿਆਂ ਇਸ਼ਨਾਨ ਜਾਂ ਹੱਥ ਸੁੱਚੇ ਕਰਨ ਦੀ ਕਿਰਿਆ ਪਾਣੀ ਦੁਆਰਾ ਹੀ ਕੀਤੀ ਜਾਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਵੇਈਂ ਪ੍ਰਵੇਸ਼ ਵਾਲੀ ਸਾਖੀ ਜਿਸ ਸਦਕਾ ਉਹ ਅਕਾਲ ਪੁਰਖ ਦੇ ਦਰਬਾਰ ਵਿਚ ਜਾ ਪਹੁੰਚਦੇ ਹਨ ਪਾਣੀ ਦੀ ਸੁੱਚਮਤਾ ਨੂੰ ਸੁਦ੍ਰਿੜ੍ਹ ਕਰਨ ਵਾਲੀ ਮਹੱਤਵਪੂਰਨ ਘਟਨਾ ਹੈ। ਗੁਰੂ ਨਾਨਕ ਸਾਹਿਬ ਨੇ ਪਾਣੀ ਦੀ ਇਹ ਪ੍ਰਕਿਰਤੀ ਵੀ ਦਰਸਾਈ ਹੈ ਕਿ ਇਹ ਆਪਣੇ ਕੋਲ ਆਉਣ ਵਾਲਿਆਂ ਦੀ ਮੈਲ ਉਤਾਰ ਕੇ ਉਸਨੂੰ ਆਪਣੇ ਵਿਚ ਸਮਾਉਂਦਾ ਹੈ ਅਤੇ ਉਨ੍ਹਾਂ ਨੂੰ ਸੁੱਚਮਤਾ ਪ੍ਰਦਾਨ ਕਰਦਾ ਹੈ। ਅਜਿਹਾ ਕਰ ਕੇ ਵੀ ਇਹ ਖੁਦ ਨਿਰਮਲ ਅਤੇ ਪਵਿੱਤਰ ਰਹਿੰਦਾ ਹੈ। ਇਸ ਤਰ੍ਹਾਂ ਦਰਿਆ (ਜਲ) ਦੀ ਪ੍ਰਕਿਰਤੀ ਵੀ ਗੁਰੂ ਵਾਲੀ ਹੈ। ਗੁਰਵਾਕ ਹੈ:
ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ॥ (ਪੰਨਾ 1329)
ਪਰੰਤੂ ਅਜੋਕੇ ਸਮੇਂ ਵਿਚ ਮਨੁੱਖ ਦੀ ਪਾਣੀ ਪ੍ਰਤੀ ਨਿਰਦੈਇਤਾ ਅਤੇ ਅਸਤਿਕਾਰ ਵਾਲੀ ਪ੍ਰਵਿਰਤੀ ਕਰਕੇ ਕੁਦਰਤ ਦੇ ਇਸ ਅਨਮੋਲ ਰਤਨ ਦੀ ਦੁਰਦਸ਼ਾ ਹੋ ਰਹੀ ਹੈ। ਮਨੁੱਖ ਆਪਣੀਆਂ ਭੌਤਿਕ, ਪਦਾਰਥਕ ਲੋੜਾਂ ਅਤੇ ਸਵਾਰਥਾਂ ਕਰਕੇ ਜਲ-ਪ੍ਰਦੂਸ਼ਣ ਦਾ ਕਾਰਜ ਤੀਬਰਤਾ ਅਤੇ ਨਿਰੰਤਰਤਾ ਨਾਲ ਕਰ ਰਿਹਾ ਹੈ। ਅਜਿਹੀ ਪ੍ਰਸਥਿਤੀ ਵਿਚ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਸਾਰਥਿਕਤਾ ਸਵੈਸਿੱਧ ਹੈ। ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਣੀ ਪ੍ਰਤੀ ਉਪਰੋਕਤ ਪਹੁੰਚ ਨੂੰ ਅਪਣਾ ਲਿਆ ਜਾਵੇ ਤਾਂ ਪਾਣੀ ਦੀ ਹੋ ਰਹੀ ਦੁਰਦਸ਼ਾ ਨੂੰ ਰੋਕਿਆ ਜਾ ਸਕਦਾ ਹੈ। ਪਾਣੀ ਨੂੰ ਪਿਤਾ, ਗੁਰੂ ਦੀ ਨਿਆਈਂ ਸਮਝ ਕੇ ਇਸ ਦੀ ਦੁਰਉਪਯੋਗਤਾ ਨੂੰ ਰੋਕਿਆ ਜਾਵੇ ਤਾਂ ਇਸ ਜੀਵਨਦਾਇਕ ਸੋਮੇ ਨੂੰ ਬਚਾਇਆ ਜਾ ਸਕਦਾ ਹੈ।
ਹਵਾ ਮਨੁੱਖੀ ਜ਼ਿੰਦਗੀ ਨੂੰ ਚਲਾਉਣ ਵਾਲਾ ਅਜਿਹਾ ਤੱਤ ਹੈ ਜਿਸ ਦੀ ਅਣਹੋਂਦ ਵਿਚ ਜੀਵਨ ਦੀ ਕਲਪਨਾ ਵੀ ਅਸੰਭਵ ਹੈ। ਜੀਵ ਹਰ ਪਲ ਸਾਹ ਲੈਂਦਾ ਹੈ ਜੋ ਹਵਾ ਦੀ ਹੋਂਦ ਸਦਕਾ ਹੀ ਸੰਭਵ ਹੈ। ਮਨੁੱਖੀ ਜੀਵਨ ਦੀਆਂ ਹੋਰ ਬੁਨਿਆਦੀ ਜ਼ਰੂਰਤਾਂ ਦਾ ਤਾਂ ਸ਼ਾਇਦ ਕੋਈ ਬਦਲਵਾਂ ਰੂਪ ਹੋ ਸਕਦਾ ਹੈ ਪਰ ਹਵਾ ਦਾ ਕੋਈ ਬਦਲਵਾਂ ਹੱਲ ਨਹੀਂ ਹੈ। ਪਰੰਤੂ ਅਜੋਕਾ ਸਵਾਰਥੀ ਮਨੁੱਖ ਇਸ ਜੀਵਨਦਾਇਕ ਤੱਤ ਨੂੰ ਵੀ ਆਪਣੀਆਂ ਪਦਾਰਥਕ ਲੋੜਾਂ ਦੀ ਪੂਰਤੀ ਲਈ ਗੰਧਲਾ ਕਰਨੋਂ ਗੁਰੇਜ਼ ਨਹੀਂ ਕਰ ਰਿਹਾ। ਵਾਤਾਵਰਨੀ ਪ੍ਰਦੂਸ਼ਣ ਵਿਚ ਹਵਾ-ਪ੍ਰਦੂਸ਼ਣ ਵੀ ਅਹਿਮ ਸਥਾਨ ਰੱਖਦਾ ਹੈ। ਸਾਡੇ ਆਲੇ-ਦੁਆਲੇ ਦੀ ਵਾਯੂਮੰਡਲੀ ਪਰਤ ਵਿਚ ਮੌਜੂਦ ਧੂੜ, ਧੂੰਆਂ, ਧੁੰਦ, ਬਦਬੂ ਅਤੇ ਵਾਸ਼ਪ ਆਦਿ ਦੀ ਉਹ ਅਣਉਚਿਤ ਮਾਤਰਾ; ਜੋ ਮਨੁੱਖਾਂ, ਪੌਦਿਆਂ ਜਾਂ ਜੀਵਾਂ ਲਈ ਨੁਕਸਾਨਦੇਹ ਪ੍ਰਭਾਵਾਂ ਦੇ ਕਾਰਨ ਬਣਦੀ ਹੈ, ਨੂੰ ਹਵਾ-ਪ੍ਰਦੂਸ਼ਣ ਕਿਹਾ ਜਾਂਦਾ ਹੈ।7 ਉਦਯੋਗਾਂ ਦੁਆਰਾ ਛੱਡਿਆ ਜਾਂਦਾ ਜ਼ਹਿਰੀਲਾ ਧੂੰਆਂ, ਵਾਹਨਾਂ ਦੁਆਰਾ ਕੀਤਾ ਜਾਂਦਾ ਪ੍ਰਦੂਸ਼ਣ ਅਤੇ ਵਿਭਿੰਨ ਤਰੀਕਿਆਂ ਦੁਆਰਾ ਹਵਾ ਨੂੰ ਪ੍ਰਦੂਸ਼ਿਤ ਕਰ ਕੇ ਮਨੁੱਖੀ ਸਰੀਰਾਂ ਲਈ ਹਾਨੀਕਾਰਕ ਬਣਾਇਆ ਜਾਂਦਾ ਹੈ। ਅਜੋਕੇ ਸਮੇਂ ਵਿਚ ਤਾਂ ਬੜੀ ਤੇਜ਼ੀ ਅਤੇ ਨਿਰੰਤਰਤਾ ਨਾਲ ਹਵਾ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ।
ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਵਿਚ ਹਵਾ ਨੂੰ ‘ਗੁਰੂ’ ਦਾ ਦਰਜਾ ਦਿੱਤਾ ਗਿਆ ਹੈ। ਸਮੁੱਚੇ ਸੰਸਾਰ ਦੇ ਜੀਵ-ਜੰਤੂਆਂ ਲਈ ਹਵਾ ਦਾ ਸਥਾਨ ਨਿਸ਼ਚੇ ਹੀ ਗੁਰੂ ਸਮਾਨ ਹੈ। ਹਵਾ ਨੂੰ ਗੁਰੂ ਇਸ ਲਈ ਕਿਹਾ ਗਿਆ ਹੈ ਕਿਉਂਕਿ ਜਿਸ ਪ੍ਰਕਾਰ ਜੀਵਾਤਮਾ ਨੂੰ ਗੁਰੂ ਦੀ ਲੋੜ ਰਹਿੰਦੀ ਹੈ ਉਸੇ ਤਰ੍ਹਾਂ ਹਵਾ ਵੀ ਸਰੀਰ ਨੂੰ ਸਜੀਵਤਾ ਪ੍ਰਦਾਨ ਕਰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹਵਾ ਨੂੰ ਗੁਰੂ ਕਹਿ ਕੇ ਸਤਿਕਾਰ ਦੇਣਾ ਉਨ੍ਹਾਂ ਦੇ ਹਵਾ ਦੀ ਮਹੱਤਤਾ ਨੂੰ ਸਮਝਣ ਦਾ ਲਖਾਇਕ ਹੈ ਜਿਸ ਪ੍ਰਤੀ ਗੁਰੂ ਸਾਹਿਬ ਫ਼ਰਮਾਨ ਕਰਦੇ ਹਨ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ (ਪੰਨਾ 8)
ਅਸਲ ਵਿਚ ਇਹ ਸਰੀਰ ਪਾਣੀ, ਹਵਾ ਅਤੇ ਅਗਨੀ ਦੀ ਸੁਮੇਲਤਾ ਦਾ ਨਤੀਜਾ ਹੈ ਜਿਸ ਸਬੰਧੀ ਗੁਰਬਾਣੀ ਵਿਚ ਫ਼ਰਮਾਨ ਹੈ:
ਪਉਣੈ ਪਾਣੀ ਅਗਨੀ ਕਾ ਮੇਲੁ॥ (ਪੰਨਾ 152)
ਉਪਰੋਕਤ ਤੱਤਾਂ ਦੇ ਕਰਕੇ ਸਰੀਰ ਦੀ ਹੋਂਦ ਹੈ। ਇਨ੍ਹਾਂ ਵਿੱਚੋਂ ਕੋਈ ਵੀ ਤੱਤ ਮਨਫੀ ਕਰ ਦਿੱਤਾ ਜਾਵੇ ਤਾਂ ਜੀਵਨ ਦੀ ਹੋਂਦ ਖ਼ਤਮ ਹੋ ਜਾਵੇਗੀ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਹਵਾ (ਪਵਣੁ) ਦੀ ਮਹੱਤਵਸ਼ੀਲਤਾ ਨੂੰ ਦ੍ਰਿੜ੍ਹਤਾ ਨਾਲ ਪ੍ਰਸਤੁਤ ਕੀਤਾ ਗਿਆ ਹੈ। ਅਜੋਕੇ ਸਮੇਂ ਵਿਚ ਮਨੁੱਖ ਦੁਆਰਾ ਸ਼ੁੱਧ ਹਵਾ ਦੀ ਮਹੱਤਤਾ ਨੂੰ ਵਿਸਾਰ ਕੇ ਇਸ ਦਾ ਆਪਣੇ ਨਿੱਜੀ ਸਵਾਰਥਾਂ ਦੀ ਖਾਤਰ ਕੀਤਾ ਜਾ ਰਿਹਾ ਪ੍ਰਦੂਸ਼ਣ ਨਿਸ਼ਚੇ ਹੀ ਚਿੰਤਾ ਦਾ ਵਿਸ਼ਾ ਹੈ।
ਵਾਤਾਵਰਨੀ ਪ੍ਰਦੂਸ਼ਣ ਦੇ ਅੰਤਰਗਤ ਭੂ-ਪ੍ਰਦੂਸ਼ਣ ਵੀ ਇਕ ਅਹਿਮ ਕਾਰਕ ਹੈ। ਭੂਮੀ ਦੇ ਭੌਤਿਕ, ਰਸਾਇਣਿਕ ਜਾਂ ਜੈਵਿਕ ਗੁਣਾਂ ਵਿਚ ਅਜਿਹੀ ਕੋਈ ਵੀ ਮਾੜੀ ਤਬਦੀਲੀ ਜਿਸ ਦਾ ਅਸਰ ਮਨੁੱਖ ਅਤੇ ਹੋਰ ਜੀਵਾਂ ’ਤੇ ਪੈਂਦਾ ਹੋਵੇ ਜਾਂ ਜਿਸ ਕਰਕੇ ਭੂਮੀ ਦੇ ਕੁਦਰਤੀ ਗੁਣ ਤੇ ਉਸ ਦੀ ਉਪਯੋਗਤਾ ਖ਼ਤਮ ਹੁੰਦੀ ਹੋਵੇ ਭੂਮੀ ਪ੍ਰਦੂਸ਼ਣ ਕਹਾਉਂਦੀ ਹੈ।8 ਅਜੋਕੇ ਮਨੁੱਖ ਨੇ ਆਪਣੇ ਸਵਾਰਥਾਂ ਦੀ ਖ਼ਾਤਰ ਧਰਤੀ ਨੂੰ ਪਲੀਤ ਕਰ ਦਿੱਤਾ ਹੈ। ਖੇਤੀਬਾੜੀ ਕਾਰਜਾਂ ਵਿਚ ਰਸਾਇਣਿਕ ਖਾਦਾਂ, ਕੀੜੇਮਾਰ ਦਵਾਈਆਂ ਦੀ ਬੇਤਹਾਸ਼ਾ ਵਰਤੋਂ ਨੇ ਧਰਤੀ ਨੂੰ ਪਲੀਤਣ ਵਿਚ ਨਕਾਰਾਤਮਕ ਭੂਮਿਕਾ ਨਿਭਾਈ ਹੈ।
ਮਨੁੱਖ ਨੇ ਉਤਪਾਦਨ ਵਧਾਉਣ ਦੀ ਖਾਤਰ ਧਰਤੀ ਉੱਪਰ ਅਨੇਕਾਂ ਜ਼ੁਲਮ ਢਾਹੇ ਹਨ ਜਿਸ ਕਰਕੇ ਇਸ ਦੇ ਉਪਜਾਊਪਣ ਵਿਚ ਨਿਰੰਤਰ ਗਿਰਾਵਟ ਆ ਰਹੀ ਹੈ। ਰੋਜ਼ਾਨਾ ਜੀਵਨ ਵਿਚ ਉਤਪੰਨ ਹੋਣ ਵਾਲਾ ਕੂੜਾ-ਕਰਕਟ ਵੀ ਧਰਤੀ ਦੇ ਵਾਤਾਵਰਨ ਨੂੰ ਗੰਧਲਾ ਕਰਨ ਵਿਚ ਭਰਪੂਰ ਯੋਗਦਾਨ ਪਾਉਂਦਾ ਹੈ। ਰੋਜ਼ਾਨਾ ਜੀਵਨ ਵਿਚ ਪਲਾਸਟਿਕ ਦੀ ਵਧ ਰਹੀ ਵਰਤੋਂ ਨੇ ਧਰਤੀ ਦੇ ਪ੍ਰਦੂਸ਼ਣ ਵਿਚ ਅਥਾਹ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਉਦਯੋਗਾਂ ਦੁਆਰਾ ਪੈਦਾ ਹੁੰਦੇ ਫਾਲਤੂ ਕੂੜਾ-ਕਰਕਟ ਨੇ ਵੀ ਭੂ-ਪ੍ਰਦੂਸ਼ਣ ਵਿਚ ਵੱਡਾ ਰੋਲ ਅਦਾ ਕੀਤਾ ਹੈ।
ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਵਿਚ ਧਰਤੀ ਨੂੰ ‘ਮਾਤਾ’ ਵਜੋਂ ਮੂਰਤੀਮਾਨ ਕਰ ਕੇ ਸਤਿਕਾਰ ਦਿੱਤਾ ਗਿਆ ਹੈ। ਧਰਤੀ ਦੀ ਪ੍ਰਕਿਰਤੀ ਨਿਸ਼ਚੇ ਹੀ ਮਾਤਾ ਵਾਲੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦੇ ਤੌਰ ’ਤੇ ਮੂਰਤੀਮਾਨ ਕਰਦੇ ਹਨ। ਉਨ੍ਹਾਂ ਦੀ ਬਾਣੀ ਵਿਚ ਧਰਤੀ ਨੂੰ ਨਿਮਰਤਾ, ਧੀਰਜ ਵਰਗੇ ਉਚੇਰੇ ਮਾਨਵੀ ਸਦੁਗੁਣਾਂ ਦੇ ਪ੍ਰਤੀਕ ਵਜੋਂ ਪ੍ਰਸਤੁਤ ਕੀਤਾ ਗਿਆ ਹੈ। ਧਰਤੀ ਉੱਪਰ ਹਲ ਚਲਾ ਕੇ ਬੀਜ ਬੀਜਿਆ ਜਾਂਦਾ ਹੈ, ਉਸ ਨੂੰ ਪਾਣੀ ਨਾਲ ਸਿੰਜਿਆ ਜਾਂਦਾ ਹੈ ਜਿਸ ਨਾਲ ਜੀਵਨਦਾਇਕ ਅਨਾਜ ਦੀ ਉਤਪਤੀ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਇਸ ਕਿਰਿਆ ਦਾ ਰੂਪਾਂਤਰਣ ਆਪਣੇ ਜੀਵਨ ਵਿਚ ਕਰਨ ਲਈ ਪ੍ਰੇਰਿਤ ਕਰਦੇ ਹਨ ਜਿਸ ਸਦਕਾ ਉਹ ਪਰਮਾਤਮਾ ਦਾ ਨਾਮ-ਸਿਮਰਨ ਕਰ ਕੇ ਵਿਸ਼ੇ-ਵਿਕਾਰਾਂ, ਵਾਸ਼ਨਾਵਾਂ ਤੋਂ ਮੁਕਤ ਹੋ ਜਾਵੇਗਾ:
ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ॥
ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ॥ (ਪੰਨਾ 23)
ਗੁਰਬਾਣੀ ਵਿਚ ਧਰਤੀ ਨੂੰ ਸਹਿਨਸ਼ੀਲਤਾ ਦੇ ਸਿਖਰਤਮ ਪ੍ਰਤੀਕ ਵਜੋਂ ਅਭਿਵਿਅੰਜਤ ਕੀਤਾ ਗਿਆ ਹੈ। ਜਿਸ ਉੱਪਰ ਸਮੁੱਚੀ ਖਲਕਤ ਦਾ ਭਾਰ ਹੈ, ਭਾਵ ਜਿਸ ਧਰਤੀ ਨੇ ਸਮੁੱਚੀ ਖਲਕਤ ਦਾ ਭਾਰ ਆਪਣੇ ਉੱਪਰ ਉਠਾਇਆ ਹੋਇਆ ਹੈ, ਉਹ ਧੰਨ ਹੈ। ਉਸ ਤੋਂ ਬਲਿਹਾਰੇ ਜਾਇਆ ਜਾ ਸਕਦਾ ਹੈ। ਉਸ ਦਾ ਅਪਮਾਨ ਜਾਂ ਤ੍ਰਿਸਕਾਰ ਤਾਂ ਮਨੁੱਖ ਲਈ ਅਕ੍ਰਿਤਘਣਤਾ ਹੈ।9 ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਧਰਤੀ ਦੀ ਸਹਿਨਸ਼ੀਲਤਾ, ਨਿਮਰਤਾ ਵਾਲੀ ਪ੍ਰਕਿਰਤੀ ਦਰਸਾ ਕੇ ਮਨੁੱਖ ਨੂੰ ਇਸ ਨੂੰ ਪ੍ਰਦੂਸ਼ਿਤ ਨਾ ਕਰਨ, ਜ਼ੁਲਮ ਨਾ ਕਰਨ ਦਾ ਸੰਦੇਸ਼ ਦਿੰਦੇ ਹਨ।
ਰੁੱਖ ਸੰਤੁਲਿਤ ਵਾਤਾਵਰਨ ਦੀ ਸਥਾਪਨਾ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਹਨ। ਹਵਾ ਪ੍ਰਦੂਸ਼ਣ ਨੂੰ ਘਟਾਉਣ ਵਿਚ ਇਨ੍ਹਾਂ ਦੀ ਭੂਮਿਕਾ ਅਹਿਮ ਹੈ। ਰੁੱਖਾਂ ਦੀ ਬਹੁਤਾਤ ਸਦਕਾ ਹੀ ਧਰਤੀ ਉੱਪਰ ਹਰਿਆਵਲ ਆ ਸਕਦੀ ਹੈ ਜੋ ਪ੍ਰਕਿਰਤੀ ਵਿਚ ਸੁੰਦਰਤਾ ਅਤੇ ਸ਼ੁੱਧਤਾ ਲਿਆਉਣ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਰੁੱਖ ਹਵਾ ਵਿੱਚੋਂ ਕਾਰਬਨ ਡਾਇਆਕਸਾਇਡ ਨੂੰ ਜਜ਼ਬ ਕਰ ਕੇ ਮਾਨਵੀ ਜੀਵਨ ਲਈ ਲਾਹੇਵੰਦ ਆਕਸੀਜਨ ਹਵਾ ਵਿਚ ਮਿਲਾਉਂਦੇ ਹਨ। ਪ੍ਰਦੂਸ਼ਣ-ਮੁਕਤ ਅਤੇ ਸ਼ੁੱਧ ਆਕਸੀਜਨ ਯੁਕਤ ਹਵਾ ਸਦਕਾ ਹੀ ਮਾਨਵੀ ਜੀਵਨ ਦੀ ਹੋਂਦ ਹੈ। ਭਾਰਤ ਵਿਚ ਕੁਦਰਤੀ ਬਨਸਪਤੀ ਦੇ ਵਿਭਿੰਨਤਾ ਅਤੇ ਵਿਆਪਕਤਾ ਸਹਿਤ ਫੈਲਣ ਲਈ ਅਨੁਕੂਲ ਭੂਗੋਲਿਕ ਹਾਲਾਤ ਰਹੇ ਹਨ। ਪਰੰਤੂ ਮਨੁੱਖੀ ਵਿਕਾਸ ਦੇ ਲੰਮੇ ਦੌਰ ਵਿਚ ਜੰਗਲਾਂ ਨੂੰ ਬੜੀ ਢਾਹ ਲੱਗੀ ਹੈ। ਮਨੁੱਖ ਨੇ ਆਪਣੇ ਰਹਿਣ ਲਈ, ਖੇਤੀਬਾੜੀ, ਉਦਯੋਗਾਂ ਅਤੇ ਵਿਕਾਸ ਯੋਜਨਾਵਾਂ ਲਈ ਰੁੱਖਾਂ ਦਾ ਅੰਨ੍ਹੇਵਾਹ ਵਿਨਾਸ਼ ਕੀਤਾ ਹੈ।10 ਵਰਤਮਾਨ ਸਮੇਂ ਵਿਚ ਮਨੁੱਖ ਰੁੱਖਾਂ ਦੀ ਅੰਧਾ-ਧੁੰਦ ਕਟਾਈ ਕਰ ਕੇ ਸ਼ੁੱਧ ਹਵਾ ਤੋਂ ਵੀ ਮਹਿਰੂਮ ਹੋ ਰਿਹਾ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਰੁੱਖ ਨੂੰ ਪਰਮਾਤਮਾ ਦੇ ਬਿੰਬ ਵਜੋਂ ਪ੍ਰਸਤੁਤ ਕਰ ਕੇ ਇਸ ਦੀ ਅਤਿਅਧਿਕ ਮਹੱਤਤਾ ਨੂੰ ਮੂਰਤੀਮਾਨ ਕੀਤਾ ਗਿਆ ਹੈ:
ਸਾਹਿਬੁ ਸਫਲਿਓ ਰੁਖੜਾ ਅੰਮ੍ਰਿਤੁ ਜਾ ਕਾ ਨਾਉ॥ (ਪੰਨਾ 557)
ਜੇਕਰ ਅਜੋਕਾ ਮਨੁੱਖ ਰੁੱਖਾਂ ਦੇ ਮਹੱਤਵ ਨੂੰ ਸਮਝ ਕੇ ਇਨ੍ਹਾਂ ਦੇ ਵਿਨਾਸ਼ ਦੀ ਥਾਂ ਵਿਕਾਸ ਵੱਲ ਰੁਚਿਤ ਹੋ ਜਾਵੇ ਤਾਂ ਰੁੱਖਾਂ ਦੀ ਕਟਾਈ ਸਦਕਾ ਵਧ ਰਹੇ ਹਵਾ-ਪ੍ਰਦੂਸ਼ਣ ਤੋਂ ਨਿਜਾਤ ਪਾਈ ਜਾ ਸਕਦੀ ਹੈ। ਵਰਤਮਾਨ ਸਮੇਂ ਵਿਚ ਰੁੱਖਾਂ ਦੀ ਕਟਾਈ ਰੋਕਣ ਦੇ ਨਾਲ-ਨਾਲ ਭਰਪੂਰ ਮਾਤਰਾ ਵਿਚ ਰੁੱਖ ਲਗਾ ਕੇ ਧਰਤੀ ਨੂੰ ਮੁੜ ਹਰਿਆ-ਭਰਿਆ ਕਰਨ ਦੀ ਸਖ਼ਤ ਲੋੜ ਹੈ।
ਇਸ ਤਰ੍ਹਾਂ ਦ੍ਰਿਸ਼ਟਮਾਨ ਹੁੰਦਾ ਹੈ ਕਿ ਅਜੋਕੇ ਮਾਨਵ ਨੇ ਭੌਤਿਕਵਾਦੀ, ਪਦਾਰਥਵਾਦੀ ਸਵਾਰਥਾਂ ਦੀ ਖ਼ਾਤਰ ਵਾਤਾਵਰਨ ਨੂੰ ਬੇਇੰਤਹਾ ਪ੍ਰਦੂਸ਼ਿਤ ਕੀਤਾ ਹੈ ਅਤੇ ਇਹ ਪ੍ਰਦੂਸ਼ਣ ਨਿਰੰਤਰ ਜਾਰੀ ਹੈ। ਮਨੁੱਖ ਨੇ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਖਾਤਰ ਹਵਾ, ਪਾਣੀ, ਧਰਤੀ ਨੂੰ ਪ੍ਰਦੂਸ਼ਿਤ ਕਰ ਕੇ ਇਕ ਤਰ੍ਹਾਂ ਨਾਲ ਰੋਗੀ ਬਣਾ ਦਿੱਤਾ ਹੈ:
ਪਉਣੁ ਪਾਣੀ ਬੈਸੰਤਰੁ ਰੋਗੀ ਰੋਗੀ ਧਰਤਿ ਸਭੋਗੀ॥ (ਪੰਨਾ 1153)
ਉਪਰੋਕਤ ਵਿਚਾਰ-ਚਰਚਾ ਉਪਰੰਤ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਸ਼ਹਿਰੀਕਰਨ ਅਤੇ ਉਦਯੋਗੀਕਰਨ ਦੇ ਅਜੋਕੇ ਦੌਰ ਨੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕੀਤਾ ਹੈ। ਅਜਿਹਾ ਪ੍ਰਦੂਸ਼ਿਤ ਵਾਤਾਵਰਨ ਮਾਨਵੀ ਜੀਵਨ ਦੀ ਹੋਂਦ ਲਈ ਪ੍ਰਤੀਕੂਲ ਪ੍ਰਭਾਵਾਂ ਵਾਲਾ ਹੈ। ਅਜੋਕੇ ਸਮੇਂ ਵਿਚ ਪ੍ਰਦੂਸ਼ਣ ਤੋਂ ਨਿਜਾਤ ਪ੍ਰਾਪਤ ਕਰਨ ਅਤੇ ਵਾਤਾਵਰਨ ਨੂੰ ਸ਼ੁੱਧ, ਸੰਤੁਲਿਤ ਬਣਾਈ ਰੱਖਣ ਦੀ ਸਖ਼ਤ ਜ਼ਰੂਰਤ ਹੈ। ਅਜਿਹੇ ਹਾਲਾਤ ਵਿਚ ਗੁਰੂ ਨਾਨਕ ਸਾਹਿਬ ਦੀ ਬਾਣੀ ਨਿਸ਼ਚੇ ਹੀ ਇਕ ਮਾਰਗ-ਦਰਸ਼ਕ ਦੀ ਸੁਚੱਜੀ ਭੂਮਿਕਾ ਅਦਾ ਕਰ ਸਕਦੀ ਹੈ।
ਲੇਖਕ ਬਾਰੇ
ਖੋਜ ਵਿਦਿਆਰਥੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
- ਹੋਰ ਲੇਖ ਉਪਲੱਭਧ ਨਹੀਂ ਹਨ