ਕੇਸ ਨਾ ਕਟਾਏ ਭਾਵੇਂ ਖੋਪਰੀ ਲੁਹਾਈ,
ਭਾਈ ਤਾਰੂ ਸਿੰਘ ਤੇਰੀ ਧੰਨ ਹੈ ਕਮਾਈ।
ਜ਼ਾਲਮਾਂ ਨੂੰ ਸਿੱਖੀ ਤੇਰੀ ਹੋਈ ਦਰਕਾਰ ਨਾ,
ਪਾਪੀਆਂ ਨੂੰ ਭਾਵੇ ਤੇਰਾ ਪਰਉਪਕਾਰ ਨਾ।
ਗਰੀਬ ਦੁਖੀਆਂ ਦੇ ਜਾਵੇਂ ਦਰਦ ਵੰਡਾਈ,
ਭਾਈ ਤਾਰੂ ਸਿੰਘ … … …
ਮਾਤਾ ਅਤੇ ਭੈਣ ਤੇਰੀ ਸਾਰਾ ਪਰਵਾਰ ਹੀ,
ਸਿੱਖੀ ਨੂੰ ਸਮਰਪਿਤ ਐਸੇ ਸੇਵਾਦਾਰ ਸੀ।
ਤਨ, ਮਨ, ਧਨ ਜਾਣ ਸਭੇ ਘੋਲ ਘੁਮਾਈ,
ਭਾਈ ਤਾਰੂ ਸਿੰਘ … … …
ਸੂਬਾ ਕਹਿੰਦਾ ਕਿੰਨਾ ਸੁਹਣਾ ਲਗਦੈਂ ਜਵਾਨ ਤੂੰ,
ਮੁਸਲਮਾਨ ਬਣ ਜਾ ਗਵਾਉਨੈਂ ਕਾਹਤੋਂ ਜਾਨ ਤੂੰ?
ਜ਼ਿੰਦਗੀ, ਅਰਾਮ, ਐਸ਼ ਸਭ ਠੁਕਰਾਈ,
ਭਾਈ ਤਾਰੂ ਸਿੰਘ … … …
ਜ਼ਿੰਦਗੀ ਇਹ ਸੂਬਿਆ ਨਾ ਵਾਰ-ਵਾਰ ਥਿਉਣੀ ਐਂ,
ਮੈਂ ਤਾਂ ਸਿੱਖੀ ਕੇਸਾਂ-ਸੁਆਸਾਂ ਨਾਲ ਹੀ ਨਿਭਾਉਣੀ ਐਂ।
ਸੂਬੇ ਨੂੰ ਇਹ ਗੱਲ ਸਿੰਘ ਠੋਕ ਕੇ ਸੁਣਾਈ,
ਭਾਈ ਤਾਰੂ ਸਿੰਘ … … …
ਗੁੱਸੇ ਵਿਚ ਜ਼ਾਲਮ ਨੇ ਨਾਈ ਨੂੰ ਬੁਲਾਇਆ ਹੈ,
ਕੱਟ ਦਿਓ ਕੇਸ ਕਹਿੰਦਾ ਕਾਹਤੋਂ ਚਿਰ ਲਾਇਆ ਹੈ?
ਕੈਂਚੀ ਕੱਟਦੀ ਨਾ ਕੇਸ ਬੜੀ ਵਾਹ ਲਾਈ,
ਭਾਈ ਤਾਰੂ ਸਿੰਘ … … …
ਮੋਚੀ ਨੂੰ ਬੁਲਾ ਕੇ ਕਹਿੰਦਾ, ਖੋਪਰੀ ਹੀ ਲਾਹ ਦਿਓ,
ਸਿੱਖੀ-ਸਿੱਖੀ ਕਹਿੰਦਾ ਮਜ਼ਾ ਸਿੱਖੀ ਦਾ ਚਖਾ ਦਿਓ।
ਗੁਰੂ ਦੀ ਰਜ਼ਾ ਦੇ ਵਿਚ ਖੋਪਰੀ ਲੁਹਾਈ,
ਭਾਈ ਤਾਰੂ ਸਿੰਘ … … …
(ਵਜ਼ੀਰਾ) ਪਾਪੀ ਭੋਗ ਰਿਹਾ ਸਜ਼ਾ ਕੀਤੇ ਹੋਏ ਪਾਪ ਦੀ,
ਖਾ-ਖਾ ਜੁੱਤੀਆਂ ਉਹ ਮਰ ਗਿਆ ਆਪ ਹੀ।
ਓਧਰ ਸ਼ਹੀਦੀ ਭਾਈ ਤਾਰੂ ਸਿੰਘ ਪਾਈ,
ਭਾਈ ਤਾਰੂ ਸਿੰਘ … … …
ਸਿੱਖ ਵੀਰੋ ਅੱਜ ਸਾਰੇ ਕਰੋ ਇਕਰਾਰ ਜੀ,
ਪਤਿਤਪੁਣੇ ਨੂੰ ਛੱਡ ਬਣੋ ਸਰਦਾਰ ਜੀ।
ਆਖ ਦਾ ‘ਜਾਚਕ’ ਦੇਹ ਸ਼ਹੀਦਾਂ ਦੀ ਦੁਹਾਈ,
ਭਾਈ ਤਾਰੂ ਸਿੰਘ ਤੇਰੀ ਧੰਨ ਹੈ ਕਮਾਈ।
ਲੇਖਕ ਬਾਰੇ
(ਖੁੰਢ ਵਾਲਾ ਸੈਣੀਆਂ, ਡਾਕ: ਮੰਡੀ ਲਾਧੂਕਾ, ਤਹਿ: ਫ਼ਾਜ਼ਿਲਕਾ, ਜ਼ਿਲ੍ਹਾ ਫ਼ਿਰੋਜ਼ਪੁਰ-152123)
- ਮਾਸਟਰ ਸੁਖਦੇਵ ਸਿੰਘ ‘ਜਾਚਕ’https://sikharchives.org/kosh/author/%e0%a8%ae%e0%a8%be%e0%a8%b8%e0%a8%9f%e0%a8%b0-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%9c%e0%a8%be%e0%a8%9a%e0%a8%95/August 1, 2007