ਗਿਆਨੀ ਸੋਹਣ ਸਿੰਘ ਸੀਤਲ (7-8-1909-23-9-1998) ਵੀਹਵੀਂ ਸਦੀ ਦੇ ਪ੍ਰਮੁੱਖ ਢਾਡੀਆਂ ਵਿੱਚੋਂ ਸਿਰਕੱਢ ਸਨ ਜਿਨ੍ਹਾਂ ਨੇ ਲੱਗਭਗ ਛੇ ਦਹਾਕੇ ਸਿੱਖ ਸੰਗਤਾਂ ਨੂੰ ਆਪਣੀ ਢਾਡੀ ਕਲਾ ਨਾਲ ਨਿਹਾਲ ਕੀਤਾ ਅਤੇ ਗੁਰ-ਇਤਿਹਾਸ ਤੋਂ ਲੈ ਕੇ ਸਿੱਖ ਇਤਿਹਾਸ ਤੇ ਸਮਕਾਲੀ ਘਟਨਾਵਾਂ ਬਾਰੇ ਕਾਵਿ-ਰਚਨਾ ਕਰ ਕੇ ਆਪਣੇ ਅਥਾਹ ਗਿਆਨ ਦਾ ਪਰਿਚਯ ਦਿੱਤਾ। ਸਿੱਖ ਧਰਮ ਦੀ ਵਿਆਖਿਆ ਨੂੰ ਨਵੇਂ ਰੰਗ ਵਿਚ ਪ੍ਰਸਤੁਤ ਕੀਤਾ। ਆਪ ਨੇ ਰਚਨਾ ਕਰਨ ਤੋਂ ਪਹਿਲਾਂ ਵਿਸ਼ੇ ਨਾਲ ਸੰਬੰਧਿਤ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ ਅਤੇ ਥਾਂ-ਥਾਂ ਗ੍ਰੰਥਾਂ ਦੇ ਹਵਾਲੇ ਦਿੱਤੇ ਜਿਨ੍ਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਆਪ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ, ਫਾਰਸੀ, ਹਿੰਦੀ ਆਦਿ ਦੇ ਵੀ ਵਿਦਵਾਨ ਸਨ। ਦੂਜੀ ਮਹੱਤਵਪੂਰਨ ਗੱਲ ਹੈ ਕਿ ਆਪ ਨਿਰੇ ਢਾਡੀ ਹੀ ਨਹੀਂ ਸਨ, ਸ਼ਰਧਾਲੂ ਸਿੱਖ ਸਨ। ਆਪ ਦਾ ਸਿੱਖੀ ਲਈ, ਗੁਰੂ ਸਾਹਿਬਾਨ ਲਈ ਅਤੇ ਸ਼ਹੀਦਾਂ-ਮੁਰੀਦਾਂ ਆਦਿ ਲਈ ਠਾਠਾਂ ਮਾਰਦਾ ਦਿਲੀ ਪਿਆਰ ਆਪ ਦੀਆਂ ਰਚਨਾਵਾਂ ਵਿਚ ਵੇਖਿਆ ਜਾ ਸਕਦਾ ਹੈ।
ਗਿਆਨੀ ਜੀ ਨੇ ਆਪਣੀ ਜੀਵਨੀ ‘ਵੇਖੀ ਮਾਣੀ ਦੁਨੀਆਂ’ ਵਿਚ ਜ਼ਿਕਰ ਕੀਤਾ ਹੈ ਕਿ ਪਿਤਾ ਜੀ ਦੀ ਮੌਤ ਉਪਰੰਤ ਸ਼ਰੀਕ ਆਪ ਦੀ ਫਸਲ ਉਜਾੜ ਦਿੰਦੇ ਸਨ ਤੇ ਹੋਰ ਨੁਕਸਾਨ ਕਰਨੋਂ ਗੁਰੇਜ਼ ਨਹੀਂ ਸਨ ਕਰਦੇ। ਇਕ ਵਾਰ 1936 ਈ. ਵਿਚ ਬਾਬਾ ਬੀਰ ਸਿੰਘ ਦੇ ਅਸਥਾਨ ਰੱਤੋਕੇ ਵਿਖੇ ਸਜੇ ਵੱਡੇ ਦੀਵਾਨ ਵਿਚ ਆਪ ਨੇ ‘ਸਿੱਖ ਰਾਜ ਕਿਵੇਂ ਗਿਆ’ ਵਿਸ਼ੇ ’ਤੇ ਢਾਡੀ ਵਾਰਾਂ ਤੇ ਵਿਆਖਿਆ ਪੇਸ਼ ਕੀਤੀ ਤਾਂ ਹਜ਼ਾਰਾਂ ਸਿੱਖ ਸੰਗਤਾਂ ਦੇ ਅੱਥਰੂ ਵਹਿ ਤੁਰੇ। ਆਪ ਦੇ ਸ਼ਰੀਕ ਵੀ ਸੁਣ ਰਹੇ ਸਨ। ਉਹ ਦੀਵਾਨ ਮਗਰੋਂ ਆਪ ਨੂੰ ਮਿਲੇ ਤੇ ਕਹਿਣ ਲੱਗੇ, ਭਾਈ ਅਸੀਂ ਦੁਸ਼ਮਣੀਆਂ ਕੱਢਣ ਲਈ ਤੇਰੀ ਫਸਲ ਉਜਾੜਦੇ ਸਾਂ। ਹੁਣ ਸਭ ਝਗੜੇ-ਝਾਂਜੇ ਛੱਡ ਦਿੱਤੇ ਹਨ। ਅਸੀਂ ਰਾਖੀ ਕਰਿਆ ਕਰਾਂਗੇ। ਇਸ ਤੋਂ ਆਪ ਦੀ ਢਾਡੀ ਕਲਾ ਦੀ ਸਮਰੱਥਾ ਦਾ ਗਿਆਨ ਹੋ ਜਾਂਦਾ ਹੈ। ਉਸ ਉਪਰੰਤ ਆਪ ਨੇ ਨਿਸਚਿੰਤ ਹੋ ਕੇ ਸਾਰੀ ਉਮਰ ਗੁਰ-ਸੇਵਾ ਨੂੰ ਸਮਰਪਿਤ ਕਰ ਦਿੱਤੀ।
ਢਾਡੀ ਪਰੰਪਰਾ ਬਹੁਤ ਪ੍ਰਾਚੀਨ ਹੈ। ਇਹ ਕਲਾਕਾਰ ਰੁਮਾਂਟਿਕ ਕਿੱਸੇ ਜਾਂ ਬਾਦਸ਼ਾਹਾਂ/ਆਸ਼ਰਯ ਦਾਤਿਆਂ ਦੇ ਗੁਣਾਂ ਦਾ ਗਾਇਨ ਕਰਦੇ ਸਨ ਜਾਂ ਬੀਰ ਗਥਾਵਾਂ ਗਾਉਂਦੇ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਬੀਰ ਰਸੀ ਵਾਰਾਂ ਦਾ ਗਾਇਨ ਕੀਤਾ ਜਾਣ ਲੱਗਾ। ਉਨ੍ਹੀਵੀਂ ਸਦੀ ਵਿਚ ਬਹੁਤੇ ਢਾਡੀ ਕਿੱਸਿਆਂ ਦਾ ਗਾਇਨ ਕਰਨ ਲੱਗੇ। ਪਰ ਸਿੰਘ ਸਭਾ ਲਹਿਰ ਤੋਂ ਪ੍ਰਭਾਵਿਤ ਹੋ ਕੇ ਹੋਰ ਢਾਡੀਆਂ ਨੇ ਸੁਨਹਿਰੀ ਸਿੱਖ ਇਤਿਹਾਸ ਨੂੰ ਗਾਉਣਾ ਸ਼ੁਰੂ ਕੀਤਾ। ਦੀਵਾਨਾਂ ਵਿਚ ਸਿੱਖਾਂ ਦੀਆਂ ਕੁਰਬਾਨੀਆਂ, ਸ਼ਹੀਦੀਆਂ ਤੇ ਗੁਰੂ ਜੀ ਨੂੰ ਸਮਰਪਿਤ ਹੋ ਕੇ ਸਹਾਰੇ ਅਕਹਿ ਤੇ ਅਸਹਿ ਕਸ਼ਟਾਂ ਨੂੰ ਬੜੇ ਕਲਾਮਈ ਤੇ ਜਜ਼ਬਾਤੀ ਰੰਗ ਵਿਚ ਪੇਸ਼ ਕੀਤਾ ਜਾਣ ਲੱਗਾ ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਸਿੱਖੀ ਤੋਂ ਦੂਰ ਹੋ ਗਏ ਤੇ ਹੋ ਰਹੇ ਸਿੱਖਾਂ ਨੂੰ ਮੁੜ ਸੁਨਹਿਰੀ ਅਤੀਤ ਨੇ ਸਿੰਘ ਸਜਣ ਲਈ ਮਜਬੂਰ ਕੀਤਾ। ਇਸ ਲਹਿਰ ਦੀ ਕਾਮਯਾਬੀ ਵਿਚ ਢਾਡੀ ਸਿੰਘਾਂ ਦਾ ਬੜਾ ਅਹਿਮ ਯੋਗਦਾਨ ਰਿਹਾ ਹੈ। ਰਾਜਨੀਤਿਕ ਖੇਤਰ ਵਿਚ ਮੱਲਾਂ ਮਾਰਨ ਵਾਲੀ ਅਕਾਲੀ ਲਹਿਰ ਨੂੰ ਹੁਲਾਰਾ ਦੇਣ ਲਈ ਢਾਡੀਆਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਕੱਟ ਕੇ ਅਜ਼ਾਦ ਹੋਣ ਲਈ ਪ੍ਰੇਰਨਾ ਦਿੱਤੀ। ਭਾਈ ਸੋਹਣ ਸਿੰਘ ਘੁੱਕੇਵਾਲੀਆ, ਸਰਦਾਰ ਕਿਸ਼ਨ ਸਿੰਘ ਕੜਤੋੜ, ਸੋਹਣ ਸਿੰਘ ਭੀਲਾ, ਨਿਰਵੈਰ ਸਿੰਘ, ਢਾਡੀ ਮੱਸਾ ਸਿੰਘ, ਪਾਲ ਸਿੰਘ ਪੰਛੀ, ਦਇਆ ਸਿੰਘ ਦਿਲਬਰ ਆਦਿ ਪ੍ਰਸਿੱਧ ਢਾਡੀ ਹਨ ਜਿਨ੍ਹਾਂ ਦੀ ਦੇਣ ਮਹਾਨ ਹੈ।
ਗਿਆਨੀ ਸੋਹਣ ਸਿੰਘ ਸੀਤਲ ਸਿਰਮੌਰ ਢਾਡੀ ਸਨ ਕਿਉਂਕਿ ਆਪ ਜਿੱਥੇ ਉੱਤਮ ਵਿਆਖਿਆਕਾਰ ਤੇ ਸਟੇਜ ਦੇ ਧਨੀ ਸਨ ਉਥੇ ਆਪ ਪ੍ਰਸੰਗ/ਵਾਰਾਂ ਦੇ ਰਚੇਤਾ ਵੀ ਸਨ। ਆਪ ਦੇ ਪ੍ਰਸੰਗ ਤੇ ਵਾਰਾਂ ਜਿੱਥੇ ਇਤਿਹਾਸਕ ਪੱਖੋਂ ਸਹੀ ਹਨ ਉਥੇ ਆਪ ਨੇ ਮੌਖਿਕ ਪਰੰਪਰਾ ਤੋਂ ਵੀ ਲਾਭ ਉਠਾਇਆ ਹੈ ਤੇ ਸਿੱਖਾਂ ਦੇ ਮਨਾਂ ਵਿਚ ਘਰ ਕਰ ਚੁੱਕੀਆਂ ਸਾਖੀਆਂ ਨੂੰ ਵੀ ਆਪਣੇ ਵਿਸ਼ੇਸ਼ ਰੰਗ ਵਿਚ ਪੇਸ਼ ਕਰਨ ਦੀ ਕਮਾਲ ਕਰ ਵਿਖਾਈ ਹੈ। ਆਪ ਨੇ ਜਨਮ ਸਾਖੀਆਂ, ਗੁਰਬਿਲਾਸ, ਸੂਰਜ ਪ੍ਰਕਾਸ਼, ਬੰਸਾਵਲੀਨਾਮਾ, ਮਹਿਮਾ ਪ੍ਰਕਾਸ਼ ਆਦਿ ਸ੍ਰੋਤ-ਗ੍ਰੰਥਾਂ ਨੂੰ ਅਧਾਰ ਬਣਾਇਆ ਹੈ। ਨਾਲ ਹੀ ਦੂਜੇ ਦਰਜੇ ਦੇ ਗ੍ਰੰਥਾਂ ਤੋਂ ਵੀ ਮਦਦ ਲਈ ਹੈ। ਅੰਗਰੇਜ਼ ਤੇ ਮੁਸਲਮਾਨ ਇਤਿਹਾਸਕਾਰਾਂ ਦੇ ਗ੍ਰੰਥਾਂ ਨੂੰ ਪੂਰੀ ਸਾਵਧਾਨੀ ਨਾਲ ਵਰਤਦਿਆਂ ਉਨ੍ਹਾਂ ਵਿਚਲੀ ਪੱਖਪਾਤੀ ਬਿਰਤੀ ਨੂੰ ਵੀ ਉਜਾਗਰ ਕੀਤਾ ਹੈ। ਇਹ ਗਿਆਨੀ ਜੀ ਦੀ ਵਿਵੇਕ ਨਾਲ ਵਰੋਸਾਈ ਨਜ਼ਰ ਦਾ ਕਮਾਲ ਹੈ।
ਗਿਆਨੀ ਜੀ ਇਤਿਹਾਸਕ ਵਿਖਿਆਨ ਦੇਣ ਵਿਚ ਮਾਹਿਰ ਸਨ। ਆਪ ਜਦੋਂ ਕਿਸੇ ਘਟਨਾ ਦਾ ਵਿਵਰਣ ਦਿੰਦੇ ਤਾਂ ਸਮਾਂ, ਸਥਾਨ, ਮਿਤੀ, ਤਿਥੀ ਆਦਿ ਸਭ ਦੱਸਦਿਆਂ ਉਸ ਘਟਨਾ ਨੂੰ ਸਾਕਾਰ ਕਰ ਵਿਖਾਉਂਦੇ ਸਨ। ਪਾਠਕ/ਸ੍ਰੋਤਾ ਇਉਂ ਮਹਿਸੂਸ ਕਰਦਾ ਸੀ ਜਿਵੇਂ ਸਭ ਕੁਝ ਉਸ ਦੇ ਸਾਹਮਣੇ ਵਾਪਰਿਆ ਹੋਵੇ। ਇਹ ਗੁਣ ਆਪ ਦੀਆਂ ਲਿਖਤਾਂ ਵਿਚ ਵੀ ਦੇਖਿਆ ਜਾ ਸਕਦਾ ਹੈ।
ਇਕ ਉਦਾਹਰਣ ਦੇਖੋ:
“ਕੌਣ ਹਨ ਉਹ ਸਿੱਖ?” ਨਾਦਰ ਨੇ ਗੱਜ ਕੇ ਕਿਹਾ।
“ਗੁਰੂ ਗੋਬਿੰਦ ਸਿੰਘ ਦਾ ਸਾਜਿਆ ਇਕ ਨਵਾਂ ਪੰਥ” ਖਾਨ ਬਹਾਦਰ ਨੇ ਛੋਟਾ ਜਿਹਾ ਉੱਤਰ ਦਿੱਤਾ।
“ਕਿੱਥੇ ਹਨ ਉਨ੍ਹਾਂ ਦੇ ਘਰ?” ਨਾਦਰ ਨੇ ਪੁੱਛਿਆ। “ਘੋੜਿਆਂ ਦੀਆਂ ਕਾਠੀਆਂ ਉੱਤੇ”, ਉੱਤਰ ਮਿਲਿਆ।
“ਕਿਹੜੇ ਹਨ ਉਨ੍ਹਾਂ ਕੋਲ ਕਿਲ੍ਹੇ, ਜਿਨ੍ਹਾਂ ਦੇ ਮਾਣ ’ਤੇ ਉਹ ਲੜਦੇ ਹਨ?” “ਲੱਖੀ ਜੰਗਲ ਤੇ ਕਾਹਨੂੰਵਾਨ ਦਾ ਛੰਭ”
“ਤਾਂ ਉਹ ਖਾਂਦੇ ਕਿੱਥੋਂ ਨੇ?” “ਦਰਖਤਾਂ ਦੇ ਪੱਤਰ ਤੋੜ ਕੇ”
ਇਹ ਸੁਣ ਕੇ ਨਾਦਰ ਸੋਚੀਂ ਪੈ ਗਿਆ। (‘ਸੀਤਲ ਅੰਗਿਆਰੇ’, ਪੰਨਾ 78-79)
ਅਜਿਹੀਆਂ ਬੇਅੰਤ ਉਦਾਹਰਣਾਂ ਉਨ੍ਹਾਂ ਦੀਆਂ ਲਿਖਤਾਂ ’ਚੋਂ ਸਹਿਜੇ ਹੀ ਮਿਲ ਸਕਦੀਆਂ ਹਨ।
ਗਿਆਨੀ ਸੋਹਣ ਸਿੰਘ ਸੀਤਲ ਦੇ ਵਿਸ਼ਿਆਂ ਦਾ ਘੇਰਾ ਬਹੁਤ ਵਿਸ਼ਾਲ ਹੈ ਕਿਉਂਕਿ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ. ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਤਕ ਨੂੰ ਆਪਣੀ ਲਿਖਤ ਦਾ ਵਿਸ਼ਾ ਬਣਾਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਵਿਚ ਅਹਿਮ ਘਟਨਾਵਾਂ ਨੂੰ ਆਪਣੇ ਪ੍ਰਸੰਗ ਵਿਚ ਪੇਸ਼ ਕੀਤਾ ਹੈ। ਦਸਮ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਲੈ ਕੇ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਗੁਰਬਖਸ਼ ਸਿੰਘ, ਬਾਬਾ ਦੀਪ ਸਿੰਘ ਆਦਿ ਜਿਹੇ ਮਹਾਨ ਜੋਧਿਆਂ ਦੀਆਂ ਸ਼ਹੀਦੀਆਂ ਨੂੰ ਵਿਸਤਾਰ ਸਹਿਤ ਆਪਣੇ ਪ੍ਰਸੰਗਾਂ ਵਿਚ ਪੇਸ਼ ਕੀਤਾ ਹੈ। ਸਿੱਖ ਰਾਜ ਦੀ ਸਥਾਪਤੀ ਤੋਂ ਸਿੱਖ ਰਾਜ ਦੇ ਸੂਰਜ ਨੂੰ ਅਸਤ ਹੁੰਦਿਆਂ ਮਨ ਵਿਚ ਦੇਖਦਿਆਂ ਇਸ ਦਾ ਵਰਣਨ ਬਹੁਤ ਹੀ ਰੂਹ ਨਾਲ ਕੀਤਾ ਹੈ। ਵੀਹਵੀਂ ਸਦੀ ਵਿਚ ਵਾਪਰੀਆਂ ਅਹਿਮ ਘਟਨਾਵਾਂ ਦਾ ਜ਼ਿਕਰ ਵੀ ਆਪ ਨੇ ਬਹੁਤ ਸ਼ਿੱਦਤ ਨਾਲ ਆਪਣੀਆਂ ਰਚਨਾਵਾਂ ਵਿਚ ਕੀਤਾ ਹੈ। ਨਨਕਾਣਾ ਸਾਹਿਬ ਦੇ ਸਾਕੇ ਤੋਂ ਲੈ ਕੇ ਜੰਗ ਹਿੰਦ ਚੀਨ ਬਾਰੇ ਆਪ ਨੇ ਬਹੁਤ ਵਿਸਤਾਰ ਨਾਲ ਵਿਵਰਣ ਪ੍ਰਸਤੁਤ ਕਰਦਿਆਂ ਆਪਣੀ ਨਿਰਪੱਖ ਇਤਿਹਾਸਕ ਦ੍ਰਿਸ਼ਟੀ ਤੇ ਕਾਵਿ-ਕਲਾ ਦੀ ਕੌਸ਼ਲਤਾ ਦਾ ਪ੍ਰਦਰਸ਼ਨ ਕੀਤਾ ਹੈ।
ਗਿਆਨੀ ਸੋਹਣ ਸਿੰਘ ਸੀਤਲ ਦੀਆਂ ਰਚਨਾਵਾਂ ਵਿਚ ਬੀਰ ਤੇ ਕਰੁਣਾ ਰਸ ਦੀ ਪ੍ਰਧਾਨਤਾ ਹੈ ਜਦੋਂ ਕਿ ਪੂਰਵ-ਢਾਡੀ ਪਰੰਪਰਾ ਵਿਚ ਬੀਰ ਰਸ ਪ੍ਰਧਾਨ ਰਚਨਾਵਾਂ ਦਾ ਗਾਇਨ ਕੀਤਾ ਜਾਂਦਾ ਸੀ। ਜੰਗਾਂ-ਯੁਧਾਂ ਦਾ ਬਿਰਤਾਂਤ ਬੀਰ ਰਸੀ ਰੰਗ-ਰੂਪ ਵਾਲਾ ਹੁੰਦਾ ਹੈ ਤੇ ਸ਼ਹੀਦੀਆਂ ਵਾਲੇ ਪ੍ਰਸੰਗ ਵਿਚ ਕਰੁਣਾ ਰਸ ਪ੍ਰਮੁੱਖ ਹੈ ਤੇ ਉਹ ਸ਼ਹੀਦੀ ਭਾਵੇਂ ਸਤਿਗੁਰੂ ਅਰਜਨ ਦੇਵ ਜੀ ਦੀ ਹੈ ਭਾਵੇਂ ਬੀਰ ਹਕੀਕਤ ਰਾਏ ਦੀ। ਪਰ ਵਿਸ਼ੇਸ਼ਤਾ ਇਹ ਹੈ ਕਿ ਕਰੁਣਾ ਰਸ ਦੀ ਪ੍ਰਧਾਨਤਾ ਉਦਾਸੀ ਪੈਦਾ ਨਹੀਂ ਕਰਦੀ ਸਗੋਂ ਉਤਸ਼ਾਹ ਤੇ ਜ਼ਾਲਮ ਪ੍ਰਤੀ ਘਿਰਣਾ ਦੀ ਭਾਵਨਾ ਪੈਦਾ ਕਰਦੀ ਹੈ।
ਗਿਆਨੀ ਸੀਤਲ ਹੁਰਾਂ ਦੀਆਂ ਵਾਰਾਂ/ਪ੍ਰਸੰਗਾਂ ਵਿਚ ਲੋਕ-ਰੰਗ ਬਹੁਤ ਗੂੜ੍ਹਾ ਹੈ। ਕਿਉਂਕਿ ਆਪ ਨੇ ਰਾਗਾਂ, ਪੁਰਾਤਨ ਵਾਰਾਂ ਦੀਆਂ ਧੁਨਾਂ, ਪਉੜੀਆਂ, ਨਿਸ਼ਾਨੀ ਛੰਦ, ਸਾਕਾ ਪੂਰਨ, ਮਿਰਜ਼ਾ, ਰਸਾਲੂ, ਹੀਰ ਆਦਿ ਦੀਆਂ ਧੁਨਾਂ ’ਤੇ ਕਾਵਿ-ਰਚਨਾ ਕਰ ਕੇ ਲੋਕ-ਮਾਨਸ ਨੂੰ ਪ੍ਰਭਾਵਿਤ ਕੀਤਾ ਹੈ ਤੇ ਛੰਦ ਵੀ ਉਹ ਵਰਤੇ ਹਨ ਜੋ ਲੋਕ-ਮਨ ਦੇ ਬਹੁਤ ਨੇੜੇ ਹਨ ਜਿਵੇਂ ਸਵੱਈਆ, ਕਬਿੱਤ, ਡਿਉਢ, ਕੋਰੜਾ, ਟੱਪਾ, ਬੈਂਤ ਆਦਿ। ਆਪ ਨੇ ‘ਗੱਡੀ’ ਨਾਮਕ ਨਵਾਂ ਕਾਵਿ ਰੂਪ ਜਾਂ ਛੰਦ ਸਿਰਜਿਆ ਹੈ ਜੋ ਬਹੁਤ ਹੀ ਮਕਬੂਲ ਹੋਇਆ। ਇਸ ਦੀ ਇਕ ਉਦਾਹਰਣ ਦੇਖੋ:
ਗੱਡੀ ਭਰ ਕੇ ਸਪੈਸ਼ਲ ਤੋਰੀ
ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ
ਜਿਦ੍ਹੇ ਵਿਚ ਸੀ ਪੈਨਸ਼ਨੀ ਕੈਦੀ
ਕੈਦ ਕੀਤੇ ਗੁਰੂ ਬਾਗ ਤੋਂ
ਪੰਜੇ ਸਾਹਿਬ ਦੀ ਸੰਗਤ ਨੇ ਸੁਣਿਆ
ਸੇਵਾ ਦਾ ਪ੍ਰੇਮ ਜਾਗਿਆ
ਚਾਹ ਦੁੱਧ ਤੇ ਪਦਾਰਥ ਮੇਵੇ
ਲੈ ਪੁੱਜੇ ਟੇਸ਼ਨ ’ਤੇ
ਜਥੇਦਾਰ ਨੇ ਜਾ ਅਰਜ਼ ਗੁਜਾਰੀ
ਕੋਲ ਜਾ ਕੇ ਬਾਬੂ ਸਾਹਿਬ ਦੇ
ਗੱਡੀ ਪੰਦਰ੍ਹਾਂ ਮਿੰਟ ਠਹਿਰ ਜਾਵੇ
ਖਾਲਸੇ ਨੇ ਚਾਹ ਛਕਣੀ।
ਇਉਂ ਸੀਤਲ ਜੀ ਇਹ ਛੰਦ ਚਲਦਿਆਂ ਸਿੱਖਾਂ ਦੀ ਸ਼ਹੀਦੀ ਦੀ ਗਾਥਾ ਨੂੰ ਬਹੁਤ ਸਫਲਤਾ ਨਾਲ ਪ੍ਰਸਤੁਤ ਕਰ ਜਾਂਦੇ ਹਨ।
ਗਿਆਨੀ ਸੋਹਣ ਸਿੰਘ ਸੀਤਲ ਵਿਦਵਾਨ ਪ੍ਰਚਾਰਕ ਸਨ ਜਿਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਵਿਗਿਆਨਕ ਢੰਗ ਨਾਲ ਪੇਸ਼ ਕਰਨ ਲਈ ਸੱਚਾਈ ਦੀ ਤਹਿ ਤਕ ਜਾਣ ਦਾ ਜਤਨ ਕੀਤਾ। ਆਪ ਨੇ ਉਪਲਬਧ ਇਤਿਹਾਸ ਤੇ ਕਾਵਿ-ਗ੍ਰੰਥਾਂ ਦਾ ਡੂੰਘਾ ਅਧਿਐਨ ਕਰ ਕੇ ਸਿੱਖ ਧਰਮ ਦੇ ਪ੍ਰਚਾਰ ਲਈ ਗੁਰੂ ਸਾਹਿਬਾਨ ਦੇ ਜੀਵਨ ਲਿਖੇ ਤੇ ਸਿੱਖ ਇਤਿਹਾਸ ਨੂੰ ਬਹੁਤ ਸ਼ਿੱਦਤ ਨਾਲ ਪੇਸ਼ ਕਰਨ ਦਾ ਜਤਨ ਕੀਤਾ। ਆਪ ਦੀਆਂ ਪੁਸਤਕਾਂ ਨੂੰ ਵਿਦਵਾਨਾਂ ਨੇ ਪ੍ਰਮਾਣਿਕ ਮੰਨਿਆ ਹੈ ਤੇ ਆਮ ਸਿੱਖ ਸੰਗਤਾਂ ਨੇ ਉਨ੍ਹਾਂ ਨੂੰ ਸ਼ਰਧਾ ਨਾਲ ਪੜ੍ਹਿਆ ਹੈ ਤੇ ਵਿਚਾਰਨ ਉਪਰੰਤ ਉਸ ਨੂੰ ਸਤਿ ਕਰਕੇ ਮੰਨਿਆ ਹੈ। ਗਿਆਨੀ ਜੀ ਦੀਆਂ ਇਤਿਹਾਸ ਨਾਲ ਸੰਬੰਧਿਤ ਪੁਸਤਕਾਂ ਜਿਵੇਂ ਮਨੁੱਖਤਾ ਦੇ ਗੁਰੂ : ਗੁਰੂ ਗੋਬਿੰਦ ਸਿੰਘ, ਮਨੁੱਖਤਾ ਦੇ ਗੁਰੂ : ਗੁਰੂ ਨਾਨਕ ਦੇਵ ਜੀ, ਮਨੁੱਖਤਾ ਦੇ ਗੁਰੂ : ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ; ਲਾਸਾਨੀ ਸ਼ਹੀਦ ਗੁਰੂ ਤੇਗ ਬਹਾਦਰ ਜੀ, ਸਿੱਖ ਰਾਜ ਕਿਵੇਂ ਗਿਆ, ਸਿੱਖ ਰਾਜ ਕਿਵੇਂ ਬਣਿਆ, ਦੁਖੀਏ ਮਾਂ ਪੁੱਤ, ਸਿੱਖ ਰਾਜ ਤੇ ਸ਼ੇਰੇ ਪੰਜਾਬ, ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਆਦਿ ਆਪਣੇ ਖੇਤਰ ਵਿਚ ਮਹੱਤਵਪੂਰਨ ਲਿਖਤਾਂ ਮੰਨੀਆਂ ਗਈਆਂ ਹਨ ਤੇ ਭਵਿੱਖ ਵਿਚ ਇਨ੍ਹਾਂ ਦਾ ਮੁੱਲ ਕਾਇਮ ਰਹਿਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਆਪ ਨੇ ਸ਼ਰਧਾ ਤੇ ਵਿਗਿਆਨਕ ਸੋਚ ਨੂੰ ਕਾਇਮ ਰੱਖਦਿਆਂ ਇਨ੍ਹਾਂ ਦੀ ਰਚਨਾ ਕੀਤੀ ਹੈ। ਇਉਂ ਆਪ ਨੇ ਲੱਗਭਗ ਚਾਰ ਸਦੀਆਂ ਦੇ ਸਿੱਖ ਇਤਿਹਾਸ ਨੂੰ ਆਪਣੀ ਢਾਡੀ-ਕਲਾ ਤੇ ਇਤਿਹਾਸ ਲੇਖਣ ਦਾ ਵਿਸ਼ਾ ਬਣਾ ਕੇ ਕਮਾਲ ਦੀ ਰਚਨਾ ਕੀਤੀ ਹੈ।
ਗਿਆਨੀ ਸੋਹਣ ਸਿੰਘ ਸੀਤਲ ਦੀ ਵਡਿਆਈ ਇਸ ਗੱਲ ਵਿਚ ਵੀ ਹੈ ਕਿ ਆਪ ਉਨ੍ਹਾਂ ਉਂਗਲਾਂ ’ਤੇ ਗਿਣਨਯੋਗ ਢਾਡੀਆਂ ਵਿੱਚੋਂ ਹਨ, ਜਿਨ੍ਹਾਂ ਨੇ ਸੰਗਤਾਂ ਨੂੰ ਇਤਿਹਾਸ ਸੁਣਾਉਣ ਦੇ ਨਾਲ-ਨਾਲ ਉੱਚ ਪੱਧਰ ਦੀ ਰਚਨਾ ਵੀ ਕੀਤੀ ਹੈ। ਆਪ ਕੇਵਲ ਆਪਣਾ ਲਿਖਿਆ ਹੀ ਗਾਉਂਦੇ ਸਨ ਤੇ ਸੰਗਤਾਂ ਨੂੰ ਨਿਹਾਲ ਕਰਦੇ ਸਨ ਪਰ ਉਨ੍ਹਾਂ ਦੇ ਬਹੁਤ ਸਾਰੇ ਸਮਕਾਲੀ ਤੇ ਹੁਣ ਪ੍ਰਚਾਰ ਕਰ ਰਹੇ ਢਾਡੀ ਜਥੇ ਉਨ੍ਹਾਂ ਦੀਆਂ ਰਚਨਾਵਾਂ ਗਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਆਪ ਨੇ ਉੱਦਮ ਕਰਕੇ ਆਪਣਾ ਰਚਿਤ ਸਾਹਿਤ ਆਪ ਹੀ ਪ੍ਰਕਾਸ਼ਿਤ ਕਰ ਕੇ ਜਿੱਥੇ ਸੰਭਾਲਣ ਦਾ ਉਪਰਾਲਾ ਕੀਤਾ, ਉਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰ-ਇਤਿਹਾਸ ਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਕਾਫੀ ਸਮੱਗਰੀ ਪ੍ਰਸਤੁਤ ਕਰ ਕੇ ਸਿੱਖਾਂ ਤੋਂ ਮਾਣ-ਸਤਿਕਾਰ ਤੇ ਗੁਰੂ ਤੋਂ ਬਖਸ਼ਿਸ਼ ਤੇ ਅਸੀਸ ਪ੍ਰਾਪਤ ਕੀਤੀ।
ਗਿਆਨੀ ਸੋਹਣ ਸਿੰਘ ਸੀਤਲ ਪੰਜਾਬੀ ਢਾਡੀ ਪਰੰਪਰਾ ਦੇ ਮਾਣਯੋਗ ਹੀਰੇ ਹਨ ਜਿਨ੍ਹਾਂ ਨੂੰ ਸੰਗਤਾਂ ਸਦੀਆਂ ਤਕ ਯਾਦ ਕਰਦੀਆਂ ਰਹਿਣਗੀਆਂ ਤੇ ਉਨ੍ਹਾਂ ਦੀਆਂ ਰਚਨਾਵਾਂ ਪੜ੍ਹ ਕੇ ਗੁਰੂ-ਘਰ ਨਾਲ ਜੁੜਨ ਲਈ ਜਤਨ ਕਰਨਗੀਆਂ।
ਲੇਖਕ ਬਾਰੇ
# 8 ਦਸਮੇਸ਼ ਨਗਰ, ਪੁਲੀਸ ਲਾਈਨ ਰੋਡ, ਪਟਿਆਲਾ
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/October 1, 2007
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/May 1, 2008
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/November 1, 2008
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/August 1, 2010