ਪਰਮਾਤਮਾ ਦੀ ਰਚੀ ਹੋਈ ਇਸ ਸ੍ਰਿਸ਼ਟੀ ਅੰਦਰ ਕਈ ਵਾਰ ਅਜਿਹੇ ਮਹਾਨ ਵਿਅਕਤੀ ਪ੍ਰਵੇਸ਼ ਕਰਦੇ ਹਨ ਜਿਨ੍ਹਾਂ ਦੀ ਯਾਦ ਸਦੀਵੀਂ ਬਣੀ ਰਹਿੰਦੀ ਹੈ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਵੀ ਲੋਕ ਉਨ੍ਹਾਂ ਦੇ ਬੋਲਾਂ ਨੂੰ ਤਰਸਦੇ ਹਨ ਅਤੇ ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਉਨ੍ਹਾਂ ਦੀ ਤਸਵੀਰ ਵੇਖਦੇ ਹਨ। ਸੂਰਜ ਆਪਣੇ ਨਾਲ ਜੁੜੀਆਂ ਕਹਾਣੀਆਂ ਦੀ ਪ੍ਰਵਾਹ ਨਹੀਂ ਕਰਦਾ। ਉਹ ਰੋਜ਼ਾਨਾ ਚੜ੍ਹਦਾ ਹੈ ਤੇ ਸਮੁੱਚੇ ਸੰਸਾਰ ਨੂੰ ਚਾਨਣ ਦੀਆਂ ਰਿਸ਼ਮਾਂ ਦੀ ਦਾਤ ਵੰਡ ਕੇ ਰਾਤ ਦੀ ਬੁਕਲ ਵਿਚ ਖਮੋਸ਼ ਹੋ ਜਾਂਦਾ ਹੈ। ਉਹ ਵੱਖਰੀ ਗੱਲ ਹੈ ਕਿ ਸੰਸਾਰਿਕ ਲੋਕਾਂ ਦਾ ਸੂਰਜ ਪ੍ਰਤੀ ਦ੍ਰਿਸ਼ਟੀਕੋਣ ਅਲੱਗ-ਅਲੱਗ ਹੈ। ਕੋਈ ਮਨੁੱਖ ਚੜ੍ਹਦੇ ਸੂਰਜ ਦੀ ਲਾਲੀ ਵਿੱਚੋਂ ਆਪਣੇ ਜੀਵਨ ਦੀ ਸੱਜਰੀ ਸਵੇਰ ਭਾਲਦਾ ਹੈ ਤੇ ਕੋਈ ਦਾਨਿਸ਼ਮੰਦ ਡੁੱਬਦੇ ਸੂਰਜ ਦੀਆਂ ਸੁਨਹਿਰੀ ਕਿਰਣਾਂ ਵਿੱਚੋਂ ਮੌਤ ਦੇ ਕਾਲੇ ਪਰਛਾਵਿਆਂ ਦੀ ਹਕੀਕਤ ਨੂੰ ਪ੍ਰਵਾਨ ਕਰਦਾ ਹੈ। ਪਰ ਜਿਸ ਸੂਰਜ ਦੀ ਆਖ਼ਰੀ ਝਲਕ ਦੇ ਰੂ-ਬ-ਰੂ ਆਪਾਂ ਹੋ ਰਹੇ ਹਾਂ ਉਹ ਪੈਦਾ ਤਾਂ ਇਸ ਦੁਨੀਆਂ ’ਤੇ ਆਮ ਆਦਮੀ ਵਾਂਗ ਹੋਇਆ ਪਰ ਆਪਣੀ ਨੇਕ ਕਰਨੀ ਸਦਕਾ ਆਪਣੇ ਇਸ਼ਟ ਨੂੰ ਪੂਜਦਾ-ਪੂਜਦਾ ਲੱਖਾਂ ਲੋਕਾਂ ਲਈ ਸਤਿਕਾਰਯੋਗ ਹੋ ਨਿਬੜਿਆ। ਪੰਜਾਬੀ ਸਾਹਿਤ ਦੀ ਹਿੱਕ ਉੱਤੇ ਉਹਦੇ ‘ਕਰਮ’ ਦੀਆਂ ਅਮਿੱਟ ਪੈੜਾਂ ਦੇ ਨਿਸ਼ਾਨ ਨਵੇਂ ਰਾਹਗੀਰਾਂ ਦਾ ਪੱਥ ਪ੍ਰਦਰਸ਼ਕ ਕਰਦੇ ਰਹਿਣਗੇ। ਜਿਵੇਂ ਕਿਸੇ ਸ਼ਾਇਰ ਦਾ ਕਥਨ ਹੈ “ਹਰ ਦੌਰ ਕੇ ਮਲਾਹ ਹਮੇਂ ਯਾਦ ਰਖੇਂਗੇ, ਸਾਹਿਲ ਪੇ ਕੁਛ ਐਸੇ ਨਿਸ਼ਾਂ ਛੋੜਦੇਂ ਹਮ”। ਆਪਣੇ ਇਸ਼ਟ ਦੀ ਇਬਾਦਤ ਹਿੱਤ ਉਹ ਕਰਮਯੋਗੀ ਲਗਾਤਾਰ ਅਠਾਰਾਂ-ਅਠਾਰਾਂ ਘੰਟੇ ਬੈਠ ਕੇ ਵੀ ਲਿਖਦਾ ਰਿਹਾ। ਅੱਜ ਅਸੀਂ ਉਸ ਮਹਾਨ ਆਤਮਾ ਦੇ ਸਰੀਰਕ ਰੂਪੀ ਪਿੰਜਰਾ ਤਿਆਗਣ ਤੋਂ ਕੁਝ ਘੰਟੇ ਪਹਿਲਾਂ ਕਹੇ ਹੋਏ ਸ਼ਬਦ ਹੂ-ਬ-ਹੂ ਸਾਂਝੇ ਕਰ ਰਹੇ ਹਾਂ ਜਿਸ ਦਾ ਨਾਮ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ ਭਾਵ ਸ਼੍ਰੋਮਣੀ ਢਾਡੀ ਅਤੇ ਨਾਵਲਕਾਰ ਗਿਆਨੀ ਸੋਹਣ ਸਿੰਘ ‘ਸੀਤਲ’। ਇਹ ਸੂਰਜ ਦੇ ਡੁੱਬਣ ਦੀ ਆਖ਼ਰੀ ਝਲਕ ਸੀ ਭਾਵ ਉਨ੍ਹਾਂ ਦੀ ਜ਼ਿੰਦਗੀ ਦੀ ਆਖਰੀ ਰਾਤ ਤੋਂ ਪਹਿਲਾਂ 22 ਸਤੰਬਰ 1998 ਦਾ ਦਿਨ, ਸੰਬੰਧ ਇਸ ਤਰ੍ਹਾਂ ਜੁੜਿਆ ਕਿ ਦਾਸ ਨੇ ਚੰਡੀਗੜ੍ਹ ਤੋਂ ਬਟਾਲੇ ਵਾਇਆ ਰੋਪੜ ਆਉਣਾ ਸੀ ਪਰ ਸੀਤਲ-ਮਿਲਾਪ ਦੀ ਤਾਂਘ ਲੁਧਿਆਣੇ ਲੈ ਗਈ। ਜਦੋਂ ਬੱਸ ਅੱਡੇ ’ਤੇ ਪਹੁੰਚਿਆ ਤਾਂ ਮੋਹਲੇਧਾਰ ਬਾਰਿਸ਼ ਵਿਚ ਛੱਤਰੀ ਵਾਲੇ ਰਿਕਸ਼ੇ ਵਿਚ ਬੈਠ ਕੇ, ਠੀਕ ਦੋ ਵਜੇ ਦਾਸ ਸੀਤਲ ਭਵਨ ਲੁਧਿਆਣਾ ਵਿਖੇ ਪਹੁੰਚ ਗਿਆ। ਗੇਟ ਲੰਘ ਕੇ ਕੀ ਵੇਖਿਆ ਕਿ ਇਕ ਵੱਡੇ ਸਾਰੇ ਮਕਾਨ ਦੇ ਇਕ ਹਿੱਸੇ ਵਿਚ ਇਕ ਛੋਟੀ ਜਿਹੀ ਚਾਰਪਾਈ ਤੇ ਬਾਥਰੂਮ ਦੇ ਨਜ਼ਦੀਕ ਬੇ-ਵੱਸੀ ਦੇ ਆਲਿਮ ਵਿਚ ਬੈਠਾ ਹੋਇਆ ਸਿੱਖ ਜਗਤ ਦਾ ਮਹਾਨ ਵਿਦਵਾਨ ਢਾਡੀ ਗਿਆਨੀ ਸੋਹਣ ਸਿੰਘ ਸੀਤਲ। ਜ਼ਿੰਦਗੀ ਦੇ ਉਸ ਆਖਰੀ ਦਿਨ ਉਨ੍ਹਾਂ ਪਹਿਰਾਵੇ ਵਜੋਂ ਚਿੱਟਾ ਕੁੜਤਾ ਪਜ਼ਾਮਾ, ਉੱਪਰ ਲੱਕੜੀ ਦੇ ਮਿਆਨ ਵਾਲੀ ਰਵਾਇਤੀ ਸ੍ਰੀ ਸਾਹਿਬ, ਉੱਪਰ ਦੀ ਚਿੱਟੀ ਪਤਲੀ ਜਿਹੀ ਜੈਕਟ ਤੇ ਸੀਸ ’ਤੇ ਛੋਟੀ ਜਿਹੀ ਪੀਲੇ ਰੰਗ ਦੀ ਕੇਸਕੀ ਸਜਾਈ ਹੋਈ ਸੀ। ਬੜੇ ਅਦਬ ਸਹਿਤ ਦਾਸ ਫਤਹ ਬੁਲਾ ਕੇ ਉਨ੍ਹਾਂ ਦੇ ਕੋਲ ਬੈਠਾ ਹੋਇਆ ਇਹ ਕਹਿ ਰਿਹਾ ਸੀ, “ਬਾਪੂ ਜੀ! ਤੁਹਾਡਾ ਪਿਛੋਕੜ ਅਤੇ ਢਾਡੀ ਕਲਾ ਬਾਰੇ ਆਉਣਾ ਕਿਵੇਂ ਹੋਇਆ ਹੈ?” ਤਾਂ ਇਕਦਮ ਜਿਵੇਂ ਉਨ੍ਹਾਂ ਦੀ ਸਾਰੀ ਸਰੀਰਕ ਸ਼ਕਤੀ ਉਨ੍ਹਾਂ ਦੀ ਰਸਨਾ ‘ਤੇ ਆ ਗਈ ਹੋਵੇ, ਚਿਹਰੇ ਦਾ ਨੂਰ ਵਧਿਆ ਤੇ ਮਿੱਠ-ਬੋਲੀ ਵਿਚ ਕਹਿਣ ਲੱਗੇ, “ਬੇਟਾ! ਮੈਂ ਮਾਪਿਆਂ ਦਾ ਇਕਲੌਤਾ ਬੇਟਾ ਸਾਂ, ਜ਼ਮੀਨ-ਜਾਇਦਾਦ ਚੋਖੀ ਸੀ। ਸ਼ਰੀਕ ਵੈਰੀ ਸਨ। ਉਨ੍ਹਾਂ ਕਈ ਵਾਰ ਮੈਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ।”
“ਛੋਟੀ ਉਮਰ ਵਿਚ ਹੀ ਮੈਨੂੰ ਧਾਰਮਿਕ ਕਵਿਤਾਵਾਂ ਪੜ੍ਹਨ ਦਾ ਸ਼ੌਂਕ ਸੀ। ਪੜ੍ਹਾਈ ਵਿਚ ਮੈਂ ਮੈਟ੍ਰਿਕ ਪਾਸ ਕੀਤੀ। ਪਰ ਉਸ ਜ਼ਮਾਨੇ ਵਿਚ ਕੋਈ ਵਿਰਲਾ ਹੀ ਮੈਟ੍ਰਿਕ ਕਰਦਾ ਸੀ। ਭਰ ਜਵਾਨੀ ਦੀ ਉਮਰ ਵਿਚ ਆਪਣੇ ਪਿੰਡ ਦੇ ਤਿੰਨ ਹਾਣੀਆਂ ਨੂੰ ਨਾਲ ਲੈ ਕੇ ਜਥਾ ਬਣਾਇਆ। ਸਰੰਗੀ ਅਤੇ ਢੱਡਾਂ ਸਿੱਖਣ ਵਾਸਤੇ ਚਿਰਾਗ਼ਦੀਨ ਮੁਸਲਮਾਨ ਨੂੰ ਉਸਤਾਦ ਧਾਰਿਆ ਅਤੇ ਪਹਿਲਾ ਦੀਵਾਨ ਅਸੀਂ ਕਸੂਰ ਵਿਖੇ ਕੀਤਾ। ਉਸ ਤੋਂ ਬਾਅਦ ਤਰਨਤਾਰਨ ਹਰ ਮੱਸਿਆ ‘ਤੇ ਜਾਣਾ। ਸਾਡੇ ਸਮੇਂ ਵਿਚ ਸ. ਸੋਹਣ ਸਿੰਘ ਘੁੱਕੇਵਾਲੀ ਅਤੇ ਸ. ਕਿਸ਼ਨ ਸਿੰਘ ਦੇ ਜਥੇ ਮਸ਼ਹੂਰ ਸਨ। ਪਰ ਮੇਰਾ ਇਤਿਹਾਸ ਕਹਿਣ ਦਾ ਨਿਵੇਕਲਾ ਢੰਗ ਸੰਗਤਾਂ ਨੇ ਬਹੁਤ ਪਸੰਦ ਕੀਤਾ। ਵਾਹਿਗੁਰੂ ਦੀ ਰਹਿਮਤ, ਸਾਜ਼ ਚੁੱਕ ਕੇ ਪਿੰਡੋਂ ਤੁਰਿਆਂ ਨੂੰ ਜਿਹੜੇ ਮਜ਼ਾਕ ਕਰਦੇ ਸਨ ਉਹੀ ਸਾਡੇ ਪ੍ਰਸੰਸਕ ਬਣ ਗਏ। ਇਥੋਂ ਤਕ ਕਿ ਸਾਡੇ ਇਲਾਕੇ ਦਾ ਇਕ ਮੰਨਿਆ ਬਦਮਾਸ਼ ਜਿਸ ਨੂੰ ਮੇਰੇ ਸ਼ਰੀਕਾਂ ਨੇ ਮੈਨੂੰ ਮਰਵਾਉਣ ਵਾਸਤੇ ਕਿਹਾ ਸੀ ਉਹ ਮੈਥੋਂ ਮੁਆਫੀ ਮੰਗਣ ਵਾਸਤੇ ਆਇਆ।
ਸੰਗਤਾਂ ਤੋਂ ਮਿਲੀ ਦਾਦ ਨੇ ਮੈਨੂੰ ਹੋਰ ਮਿਹਨਤ ਕਰਨ ਲਈ ਮਜਬੂਰ ਕੀਤਾ। ਮੈਂ ਆਪਣੇ ਕਿੱਤੇ ਵਿਚ ਨਿਪੁੰਨ ਹੋਣ ਲਈ ਆਪਣੇ ਧਰਮ ਦੇ ਇਤਿਹਾਸ ਤੋਂ ਇਲਾਵਾ ਚਾਰੇ ਵੇਦ, ਸ਼ਾਸ਼ਤਰ, ਉਪਨਿਸ਼ਦਾਂ, ਈਸਾਈ ਧਰਮ ਦੀਆਂ ਦੋਵੇਂ ਅੰਜੀਲਾਂ ਅਤੇ ਕੁਰਾਨ ਪੜ੍ਹੀ। ਜਦੋਂ ਮੈਂ ਨਾਵਲ ‘ਦੀਵੇ ਦੀ ਲੋਅ’ ਲਿਖਿਆ ਤਾਂ ਮੌਲਵੀ ਮੈਨੂੰ ਮਰਵਾ ਦਿੰਦੇ ਜੇ ਕੁਰਾਨ ਦਾ ਅਧਿਐਨ ਨਾ ਕੀਤਾ ਹੁੰਦਾ। ਇਸ ਤੋਂ ਇਲਾਵਾ ਕਾਲੀਦਾਸ ਤੋਂ ਲੈ ਕੇ ਰਵਿੰਦਰ ਨਾਥ ਟੈਗੋਰ ਤਕ ਸ਼ਾਇਦ ਕੋਈ ਹੀ ਹਿੰਦੀ, ਸੰਸਕ੍ਰਿਤ, ਬੰਗਾਲੀ ਦਾ ਲੇਖਕ ਹੋਵੇਗਾ ਜਿਸ ਨੂੰ ਮੈਂ ਨਾ ਪੜ੍ਹਿਆ ਹੋਵੇ।
ਜਦੋਂ ਮੈਂ ਉਨ੍ਹਾਂ ਦੀਆਂ ਲਿਖਤਾਂ ਬਾਰੇ ਗੱਲ ਛੇੜੀ ਤਾਂ ਕਹਿਣ ਲੱਗੇ ਕਿ ਸ਼ੁਰੂ ਤੋਂ ਹੀ ਮੈਨੂੰ ਆਪਣੇ ਲਿਖੇ ਪ੍ਰਸੰਗ ਬੋਲਣ ਦੀ ਆਦਤ ਸੀ। ਫਿਰ ਲੁਧਿਆਣੇ ਆ ਕੇ ਮੈਂ ਰਾਤ ਇਕ ਵਜੇ ਤਕ ਬੈਠ ਕੇ ਲਿਖਦਾ ਰਿਹਾ। ਨਤੀਜੇ ਵਜੋਂ ਮੇਰੇ ਗੋਡੇ ਜੁੜ ਗਏ ਅਤੇ ਦਰਦ ਹੋਣੀ ਸ਼ੁਰੂ ਹੋ ਗਈ। ਹੁਣ ਮੈਂ ਲਿਖਣਾ ਛੱਡ ਦਿੱਤਾ ਹੈ।
‘ਸਿੱਖ ਰਾਜ ਕਿਵੇਂ ਗਿਆ’ ਮੇਰਾ ਬਹੁਤ ਵਿਕਿਆ। ਪਰ ਬਹੁਤ ਮਿਹਨਤ ਨਾਲ ਲਿਖੇ ‘ਸਿੱਖ ਇਤਿਹਾਸ ਦੇ ਸੋਮੇ’ ਘੱਟ ਵਿਕੇ। ਪਰ ਮੈਂ ਸੰਤੁਸ਼ਟ ਹਾਂ। ਮੇਰਾ ਲਿਖਿਆ ਨਾਵਲ ‘ਜੁੱਗ ਬਦਲ ਗਿਆ’ ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਪੁਰਸਕਾਰ ਵਿਜੇਤਾ ਹੈ। ਇਸ ਤਰ੍ਹਾਂ ‘ਧਰਤੀ ਦੇ ਦੇਵਤੇ’ ਅਤੇ ‘ਤੂਤਾਂ ਵਾਲਾ ਖੂਹ’ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਏ ਜਾਂਦੇ ਰਹੇ। ਬੇਟਾ! ਮੈਂ ਢਾਡੀ ਕਲਾ ਦੇ ਆਸਰੇ ਸਾਰੀ ਦੁਨੀਆਂ ਵੇਖੀ ਹੈ। ਪਰ ਆਪਣੇ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਲੱਭਣੀ!”
ਜਦੋਂ ਮੈਂ ਮਾਨ-ਸਨਮਾਨਾਂ ਬਾਰੇ ਪੁੱਛਿਆ ਤਾਂ ਸੰਤੁਸ਼ਟ ਭਾਵ ਵਿਚ ਬੋਲੇ ਕਿ ਮੈਂ ਕਦੇ ਕਿਸੇ ਦੀ ਚਾਪਲੂਸੀ ਕਰ ਕੇ ਕੁਝ ਨਹੀਂ ਮੰਗਿਆ। ਜੋ ਮੇਰੀ ਝੋਲੀ ਵਿਚ ਪਿਆ ਇਹ ਵਾਹਿਗੁਰੂ ਦੀ ਕਿਰਪਾ ਨਾਲ ਅਤੇ ਉਸ ਦੁਆਰਾ ਬਖਸ਼ੇ ਗੁਣਾਂ ਕਰਕੇ ਮਿਲਿਆ ਹੈ। ਕੋਈ ਦੁਖਦਾਈ ਘਟਨਾ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਮੇਰੇ ਵਾਸਤੇ ਸਭ ਤੋਂ ਦੁਖਦਾਈ ਘਟਨਾ ਸੀ। ਪਾਕਿਸਤਾਨ ਤੋਂ ਇਧਰ ਆ ਕੇ ‘ਪੰਜਾਬ ਦਾ ਉਜਾੜਾ’ ਪੁਸਤਕ ਲਿਖ ਕੇ ਮੈਂ ਆਪਣੇ ਮਨ ਦਾ ਭਾਰ ਹੌਲਾ ਕੀਤਾ। ਅੰਗਰੇਜ਼ ਚਲੇ ਗਏ, ਗੁਣ ਨਾਲ ਲੈ ਗਏ ਪਰ ਔਗੁਣ ਇਥੇ ਛੱਡ ਗਏ। ਉਸ ਤੋਂ ਬਾਅਦ ਮੈਨੂੰ ਆਪਣੀ ਧਰਮ ਪਤਨੀ ਕਰਤਾਰ ਕੌਰ ਦੇ ਅਤੇ ਸਾਰੰਗੀ ਮਾਸਟਰ ਪੂਰਨ ਸਿੰਘ ਦੇ ਵਿੱਛੜਨ ਦਾ ਬਹੁਤ ਦੁੱਖ ਹੋਇਆ। ਜਦੋਂ ਮੈਂ ‘ਸੀਤਲ’ ਤਖ਼ੱਲਸ ਬਾਰੇ ਗੱਲ ਕੀਤੀ ਤਾਂ ਕਹਿਣ ਲੱਗੇ ਕਿ ਬਚਪਨ ਤੋਂ ਹੀ ਮੈਂ ਠੰਢੇ ਸੁਭਾਅ ਦਾ ਮਾਲਕ ਸਾਂ ਸੋ ਆਪਣਾ ਤਖ਼ੱਲਸ ਮੈਂ ਆਪ ਹੀ ‘ਸੀਤਲ’ ਰੱਖ ਲਿਆ। ਗੱਲਬਾਤ ਦੌਰਾਨ ਉਨ੍ਹਾਂ ਨੂੰ ਬਾਰ-ਬਾਰ ਖੰਘ ਆਉਂਦੀ ਰਹੀ ਤੇ ਉਹ ਛਾਤੀ ਵਿਚ ਹਲਕੀ-ਹਲਕੀ ਦਰਦ ਮਹਿਸੂਸ ਕਰਦੇ ਰਹੇ। ਸੋ ਅਚਾਨਕ ਮੈਂ ਉਨ੍ਹਾਂ ਦੀ ਬਿਰਧ ਅਵਸਥਾ ਅਤੇ ਬਿਮਾਰੀ ਦੀ ਹਾਲਤ ਵਿਚ ਇਕੱਲੇ ਰਹਿਣ ਬਾਰੇ ਜ਼ਿਕਰ ਕੀਤਾ ਤਾਂ ਉਹ ਹੱਸ ਕੇ ਕਹਿਣ ਲੱਗੇ, “ਇਹਦਾ ਕਾਰਨ ‘ਸੀਤਲ’ ਹੀ ਹੈ। ਮੇਰੀ ਅੰਤਿਮ ਇੱਛਾ ਹੈ ਕਿ ਮੇਰਾ ਆਖਰੀ ਸਵਾਸ ਪੰਜਾਬ ਦੀ ਧਰਤੀ ‘ਤੇ ਪੂਰਾ ਹੋਵੇ ਪਰ ਮੇਰੇ ਬੇਟੇ ਕੈਨੇਡਾ ਵਿਚ ਹਨ। ਉਨ੍ਹਾਂ ਵਾਸਤੇ ਮੇਰੇ ਕੋਲ ਨਾ ਬੈਠਣਾ ਮਜਬੂਰੀ ਹੈ। ਮੈਂ ਉਥੇ ਨਹੀਂ ਜਾ ਸਕਦਾ। ਵੈਸੇ ਮੈਂ ਆਪਣੇ ਵੱਡੇ ਲੜਕੇ ਨੂੰ ਫੋਨ ਕੀਤਾ ਹੈ, ਉਹ ਜਲਦੀ ਆਉਣ ਵਾਲਾ ਹੈ।
ਜਦੋਂ ਮੈਂ ਆਪਣੇ ਕਵੀਸ਼ਰ ਹੋਣ ਬਾਰੇ ਦੱਸਿਆ ਤਾਂ ਕਹਿਣ ਲੱਗੇ, “ਬੇਟਾ! ਕਲਾ ਕੋਈ ਮਾੜੀ ਨਹੀਂ, ਪਰ ਯਾਦ ਰੱਖੀਂ, ਕਿਸਮਤ ਅਜਾਈਂ ਜਾ ਸਕਦੀ ਹੈ, ਪਰ ਮਿਹਨਤ ਨਹੀਂ। ਮਿਹਨਤ ਕਰਨੀ, ਭਰੋਸਾ ਰੱਖਣਾ! ਉੱਚਾ ਨਾਮ ਪੈਦਾ ਹੋਵੇਗਾ।” ਮੈਂ ਸਵਾਲ ਕੀਤਾ, “ਪਿਤਾ ਜੀ! ਕੁਝ ਲੋਕ ਤੁਹਾਡੀਆਂ ਵਾਰਾਂ ਪਿੱਛੇ ਆਪਣਾ ਨਾਮ ਲਿਖ ਲੈਂਦੇ ਹਨ।” ਤਾਂ ਕਹਿਣ ਲੱਗੇ, “ਇਹਦੇ ਨਾਲ ਮੈਨੂੰ ਕੀ ਫਰਕ ਪੈਂਦਾ ਹੈ? ਪਰ ਝੂਠੀ ਵਡਿਆਈ ਨਾਲ ਆਤਮਾ ਖੁਸ਼ ਨਹੀਂ ਹੁੰਦੀ।”
ਉਨ੍ਹਾਂ ਦਾ ਦਿਲ ਕਰਦਾ ਸੀ ਹੋਰ ਗੱਲਾਂ ਕਰਨ ਨੂੰ ਪਰ ਮੈਨੂੰ ਲੰਮੇ ਪੈਂਡੇ ਦਾ ਫਿਕਰ ਸੀ। ਸੋ ਮੈਂ ਤੁਰਨ ਲੱਗਿਆਂ ਕੁਝ ਕਿਤਾਬਾਂ ਲਈਆਂ। ਪਰ ਇਕ ਕਿਤਾਬ ਉਨ੍ਹਾਂ ਮੇਰੇ ਹੱਥੋਂ ਫੜ ਕੇ ਆਪਣੇ ਸੱਜੇ ਪਾਸੇ ਰੱਖ ਲਈ, ਕਿਉਂਕਿ ਉਨ੍ਹਾਂ ਕੋਲ ਉਹਦੀ ਇਕ ਹੀ ਕਾਪੀ ਸੀ। ਪਰ ਬੜੀ ਤਸੱਲੀ ਨਾਲ ਕਹਿਣ ਲੱਗੇ, “ਇਸ ਕਿਤਾਬ ਦੀ ਨਵੀਂ ਐਡੀਸ਼ਨ ਲਾਹੌਰ ਬੁੱਕ ਵਾਲਿਆਂ ਤੋਂ ਛਪਵਾ ਦੇਵਾਂਗਾ, ਫਿਰ ਆ ਕੇ ਲੈ ਜਾਵੀਂ (ਸ਼ਾਇਦ ਹਾਲੇ ਉਨ੍ਹਾਂ ਨੂੰ ਹੋਰ ਜਿਊਣ ਦੀ ਆਸ ਸੀ)।” ਵਿਦਾ ਹੋਣ ਸਮੇਂ ਮੈਂ ਅਦਬ ਸਹਿਤ ਫਤਿਹ ਬੁਲਾਈ ਤੇ ਉਨ੍ਹਾਂ ਮੰਜੀ ਤੋਂ ਉਠ ਕੇ ਛਾਤੀ ਨਾਲ ਲਾ ਕੇ ਅਸ਼ੀਰਵਾਦ ਦਿੱਤੀ।
ਮੈਂ ਇਕ ਮਹੀਨੇ ਤਕ ਫਿਰ ਆਉਣ ਦਾ ਵਾਅਦਾ ਕਰ ਕੇ ਤੁਰ ਆਇਆ। ਪਰ ਅਗਲੇ ਦਿਨ 23 ਸਤੰਬਰ ਨੂੰ ਕੌਮ ਦਾ ਇਹ ਮਹਾਨ ਢਾਡੀ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਗਿਆ ਪਰ ਪਿੱਛੇ ਛੱਡ ਗਿਆ ਇਕ ਅਮਿਟ ਯਾਦ ਜੋ ਕਿ ਫਿੱਕੀ ਨਹੀਂ ਪਵੇਗੀ ਸਗੋਂ ਸਮੇਂ ਨਾਲ ਹੋਰ ਵੀ ਨਿੱਖਰਦੀ ਰਹੇਗੀ।
ਸੀਤਲ ਜੀ ਨੂੰ ਯਾਦ ਕਰਦਿਆਂ
ਸੌ ਸਾਲ ਪਹਿਲਾਂ ਇਸ ਜਗਤ ਅੰਦਰ, ਪੈਦਾ ਕਲਮ ਦਾ ਨੇਕ ਅਵਤਾਰ ਹੋਇਆ।
ਦੁਨੀਆਂ ਜਾਣਦੀ ਉਸ ਦੇ ਉਪਕਾਰ ਤਾਈਂ, ਸੀਤਲ ਨਾਮ ਮਸ਼ਹੂਰ ਸੰਸਾਰ ਹੋਇਆ।
ਜਿਹਦੇ ‘ਕਰਮ’ ਤੇ ਕਿਰਪਾ ਕਰਤਾਰ ਦੀ ਸੀ, ਰੁਸਤ ਸਾਹਿਤ ਦਾ ਸ਼ਾਹ ਅਸਵਾਰ ਹੋਇਆ।
ਸੱਚੀ ਗੱਲ ਹੈ ਉਹਦੇ ਜਿਹਾ ‘ਕਰਮਯੋਗੀ’, ਨਾ ਕੋਈ ਸ਼ਾਇਰ, ਢਾਡੀ, ਨਾਵਲਕਾਰ ਹੋਇਆ।
ਕਰਦਾ ਜਦੋਂ ਵਖਿਆਨ ਇਤਿਹਾਸ ਉੱਤੇ, ਮੁਖੋਂ ਫੁੱਲ ਗਿਆਨ ਦੇ ਬਰਸਦੇ ਸੀ।
ਦੇਂਦਾ ਘੋਲ ਸੁਗੰਧੀਆਂ ਫਿਜ਼ਾ ਅੰਦਰ, ਲੋਕੀਂ ਉਸ ਦੇ ਬੋਲਾਂ ਨੂੰ ਤਰਸਦੇ ਸੀ।
ਚਿਹਰਾ ਦਰਸ਼ਨੀ ਸੁਹਣੀ ਦਸਤਾਰ ਸਿਰ ’ਤੇ, ਮੋਂਹਦਾ ਦਿਲਾਂ ਨੂੰ ਮਰਦ ਜਵਾਨ ਸੀ ਉਹ।
ਲੱਗਾ ਦਾਗ਼ ਨਾ ਜਿਹਦੀ ਪੁਸ਼ਾਕ ਉੱਤੇ, ਉੱਚਾ ਨੇਕ-ਇਖਲਾਕ ਇਨਸਾਨ ਸੀ ਉਹ।
ਅੱਠੇ ਪਹਿਰ ਹਲੀਮੀ ਦੀ ਕਰੇ ਪੂਜਾ, ਸਿਦਕੀ ਸਿੱਖ ਪੂਰਾ, ਧੀਰਜਵਾਨ ਸੀ ਉਹ।
ਸੱਚੀ ਗੱਲ ਸਟੇਜ ’ਤੇ ਕਹਿਣ ਵਾਲਾ, ਵਕਤਾ ਦਰਸ਼ਨੀ, ਖੋਜੀ ਵਿਦਵਾਨ ਸੀ ਉਹ।
ਸ਼ੁਕਰ ਰੱਬ ਦਾ, ਅੱਜ ਜੇ ਕੌਮ ਮੇਰੀ, ਉਹਦੇ ਜਨਮ ਦੀ ਯਾਦ ਮਨਾਉਣ ਲੱਗੀ।
‘ਭਾਗੋਵਾਲੀਆ’ ਸਾਹਿਤ ਇਤਿਹਾਸ ਅੰਦਰ, ਪਿਰਤ ਨਵੀਂ ਨਿਵੇਕਲੀ ਪਾਉਣ ਲੱਗੀ।
ਲੇਖਕ ਬਾਰੇ
- ਭਾਈ ਜੋਗਾ ਸਿੰਘ ਭਾਗੋਵਾਲੀਆhttps://sikharchives.org/kosh/author/%e0%a8%ad%e0%a8%be%e0%a8%88-%e0%a8%9c%e0%a9%8b%e0%a8%97%e0%a8%be-%e0%a8%b8%e0%a8%bf%e0%a9%b0%e0%a8%98-%e0%a8%ad%e0%a8%be%e0%a8%97%e0%a9%8b%e0%a8%b5%e0%a8%be%e0%a8%b2%e0%a9%80%e0%a8%86/April 1, 2009
- ਭਾਈ ਜੋਗਾ ਸਿੰਘ ਭਾਗੋਵਾਲੀਆhttps://sikharchives.org/kosh/author/%e0%a8%ad%e0%a8%be%e0%a8%88-%e0%a8%9c%e0%a9%8b%e0%a8%97%e0%a8%be-%e0%a8%b8%e0%a8%bf%e0%a9%b0%e0%a8%98-%e0%a8%ad%e0%a8%be%e0%a8%97%e0%a9%8b%e0%a8%b5%e0%a8%be%e0%a8%b2%e0%a9%80%e0%a8%86/June 1, 2010