editor@sikharchives.org

ਢਾਢੀ ਕਰੇ ਪਸਾਉ ਸਬਦੁ ਵਜਾਇਆ (ਸੀਤਲ ਜੀ ਦੇ ਪਾਠਕ ਹੋਣ ਦਾ ਅਨੁਭਵ)

ਲੇਖਕ ਕੋਈ ਅਸਮਾਨ ਤੋਂ ਉਤਰੀ ਘੜੀ-ਘੜਾਈ ਸ਼ਖ਼ਸੀਅਤ ਨਹੀਂ ਹੁੰਦਾ, ਵਕਤ ਦੇ ਥਪੇੜਿਆਂ ਤੇ ਜੀਵਨ-ਰਾਹ ਦੀਆਂ ਦੁਸ਼ਵਾਰੀਆਂ ਨੂੰ ਖਿੜੇ-ਮੱਥੇ ਝਾਗਦਾ, ਹਨ੍ਹੇਰੇ ਵਿਚ ਜੂਝ ਕੇ ਚਾਨਣ ਦੀ ਤਲਾਸ਼ ਕਰਨ ਵਾਲਾ, ਸਿਰੜੀ ਜੀਊੜਾ ਹੁੰਦਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਢਾਡੀ ਸਿੰਘਾਂ ਪਾਸੋਂ ਵਾਰਾਂ ਸ੍ਰਵਣ ਕਰਦਿਆਂ ਹਰ ਦੂਜੇ-ਤੀਜੇ ਜਥੇ ਮੂੰਹੋਂ ‘ਬਾਪੂ ਸੋਹਣ ਸਿੰਘ ਸੀਤਲ’ ਦਾ ਮੋਹ ਭਿੱਜੇ ਸ਼ੁਕਰਾਨੇ ਸਹਿਤ, ਜ਼ਿਕਰ ਸੁਣਨ ਨੂੰ ਅਕਸਰ ਮਿਲ ਜਾਂਦਾ ਹੈ। ਯੂਨੀਵਰਸਿਟੀਆਂ ਜਾਂ ਹੋਰ ਸਾਹਿਤਕ ਅਦਾਰਿਆਂ ਵਿਚ ਵਿਚਰਦਿਆਂ ਨਾਵਲਕਾਰ ਗਿਆਨੀ ਸੋਹਣ ਸਿੰਘ ਸੀਤਲ ਦੇ ਬਹੁਮੁੱਲੇ ਕੰਮ ਦੀ ਸ਼ਲਾਘਾ ਸੁਣਨ ਨੂੰ ਮਿਲਦੀ ਹੈ। ਦਸਵੀਂ ਜਮਾਤ ਦੇ ਪਾਠ-ਕ੍ਰਮ ਵਿਚ ਪੜ੍ਹੇ ਸੀਤਲ ਜੀ ਦੇ ਨਾਵਲ ‘ਤੂਤਾਂ ਵਾਲਾ ਖੂਹ’ ਤੋਂ ਲੈ ਕੇ ਬੀ.ਏ., ਐੱਮ.ਏ. ਪੱਧਰ ਦੇ ਸਿਲੇਬਸਾਂ ਦੇ ਨਾਲ-ਨਾਲ ਐੱਮ.ਫਿਲ. ਅਤੇ ਪੀ.ਐੱਚ.ਡੀ. ਤਕ ਦੇ ਉਚੇਰੇ ਖੋਜ-ਕਾਰਜਾਂ ਵਿਚ ਸੀਤਲ-ਰਚਨਾਵਲੀ ਨੂੰ ਉਚੇਚ ਨਾਲ ਆਧਾਰ-ਸਮੱਗਰੀ ਵਜੋਂ ਗ੍ਰਹਿਣ ਕੀਤਾ ਜਾਂਦਾ ਹੈ। ਸਿੱਖ ਇਤਿਹਾਸ ਦੀ ਪ੍ਰਮਾਣਿਕਤਾ ਘੋਖਣੀ ਹੋਵੇ ਤਾਂ ਗਿਆਨੀ ਸੋਹਣ ਸਿੰਘ ਸੀਤਲ ਦੇ ਰਚੇ ਗ੍ਰੰਥਾਂ ਨੂੰ ਵਾਚਿਆ ਜਾਂਦਾ ਹੈ। ਭੁੱਲੇ-ਵਿੱਸਰੇ ਲੋਕ-ਵਿਰਸੇ ਦੇ ਉਚਿਤ ਪਰਿਪੇਖ ਗ੍ਰਹਿਣ ਕਰਨੇ ਹੋਣ ਤਾਂ ਗਿਆਨੀ ਸੋਹਣ ਸਿੰਘ ਸੀਤਲ ਦੀ ਜੀਵਨੀ ‘ਵੇਖੀ ਮਾਣੀ ਦੁਨੀਆਂ’ ਪੜ੍ਹਨੀ ਪੈਂਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਉਸੇ ਕਿਤਾਬ ਤੋਂ ਲੇਖਕਾਂ ਪਾਸੋਂ ‘ਮੇਰੀ ਸਾਹਿਤਕ ਸ੍ਵੈ-ਜੀਵਨੀ’ ਨਾਮਕ ਪੁਸਤਕ ਲੜੀ ਲਿਖਵਾਉਣ ਦੀ ਪ੍ਰੇਰਨਾ ਮਿਲਦੀ ਹੈ ਤੇ ਉਸ ਲੜੀ ਦਾ ਅਰੰਭ ਵੀ 1986 ਈ. ਵਿਚ ਗਿਆਨੀ ਸੋਹਣ ਸਿੰਘ ਸੀਤਲ ਪਾਸੋਂ ਹੀ ਪਹਿਲੀ ਸਾਹਿਤਕ ਸ੍ਵੈ-ਜੀਵਨੀ ਪੁਸਤਕ ਲਿਖਵਾ ਕੇ ਕੀਤਾ ਜਾਂਦਾ ਹੈ।

Dhadi Sohan Singh Seetal
Dhadi Sohan Singh Seetal

ਏਨੇ ਵਸਫ਼ਾਂ (ਸਾਹਿਤਕ ਗੁਣਾਂ) ਨਾਲ ਭਰਪੂਰ ਅਤੇ ਏਨੇ ਹਲਕਿਆਂ ਵਿਚ ਪ੍ਰਬੀਨ ਕਲਾਕਾਰ/ਕਲਮਕਾਰ ਦਾ ਪਾਠਕ ਹੋਣਾ ਚੰਗੇ ਭਾਗਾਂ ਦੀ ਅਲਾਮਤ ਹੈ। ਗਿਆਨ ਹਮੇਸ਼ਾਂ ਉਚਾਣ ਤੋਂ ਨਿਵਾਣ ਵੱਲ ਵਹਿੰਦਾ ਹੈ। ਬਾਪੂ ਸੀਤਲ ਜੀ ਭਾਵੇਂ ਜ਼ਿੰਦਗੀ ਵਿਚ ਕਿਸੇ ਵੀ ਬੁਲੰਦੀ ’ਤੇ ਪੁੱਜ ਗਏ ਹੋਣ ਉਨ੍ਹਾਂ ਨੇ ਆਪਣੀ ਨਿਵਾਣਤਾ ਨੂੰ ਭੁਲਾਇਆ ਨਹੀਂ, ਨਿਰਮਾਣਤਾ ਨੂੰ ਗੁਆਇਆ ਨਹੀਂ। ਉਨ੍ਹਾਂ ਦੀ ਬੁਲੰਦੀ ਦਾ ਇਹੋ ਰਾਜ਼ ਹੈ।

ਉਨ੍ਹਾਂ ਦਾ ਅਦਨਾ ਪਾਠਕ ਹੋਣ ਦੇ ਨਾਤੇ ਜੋ ਕੁਝ ਅਚੇਤ ਜਾਂ ਸੁਚੇਤ ਗ੍ਰਹਿਣ ਕੀਤਾ ਉਨ੍ਹਾਂ ਦਾ ਮਖ਼ਸੂਸ ਜ਼ਿਕਰ ਕਰਦਿਆਂ ਮੈਨੂੰ ਇਸ ਗੱਲ ਦਾ ਫ਼ਖ਼ਰ ਹੈ ਕਿ ਸਾਨੂੰ ਉਨ੍ਹਾਂ ਦੀ ਛਾਵੇਂ ਵਿਚਰਨ ਦਾ ਮੌਕਾ ਮਿਲਿਆ।

ਮੇਰੇ ਛੋਟੇ ਵੀਰ ਡਾ. ਭੁਪਿੰਦਰ ਸਿੰਘ ਜੋ ਇਸ ਸਮੇਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੰਜਾਬੀ ਅਧਿਆਪਨ ਦੀ ਸੇਵਾ ਨਿਭਾ ਰਹੇ ਹਨ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਸੁਖਦੇਵ ਸਿੰਘ ਖਾਹਰਾ ਦੀ ਨਿਗਰਾਨੀ ਹੇਠ ‘ਗਿਆਨੀ ਸੋਹਣ ਸਿੰਘ ਸੀਤਲ’ ਦੇ ਨਾਵਲਾਂ ਦਾ ਸਾਹਿਤ-ਇਤਿਹਾਸਕ ਪਰਿਪੇਖ’ ਵਿਸ਼ੇ ’ਤੇ ਪੀ.ਐੱਚ.ਡੀ. ਦਾ ਖੋਜ-ਕਾਰਜ ਮੁਕੰਮਲ ਕੀਤਾ। ਇਸ ਖੋਜ-ਕਾਰਜ ਦੌਰਾਨ ਬਾਪੂ ਸੀਤਲ ਜੀ ਨਾਲ ਅਨੇਕਾਂ ਮੁਲਾਕਾਤਾਂ ਹੋਈਆਂ। ਉਹ ਵਾਕਿਆ ਹੀ ਏਨੇ ਸਹਿਜ, ਸੰਤੋਖੀ ਤੇ ਸੀਤਲ ਸੁਭਾਅ ਸਨ ਕਿ ਉਨ੍ਹਾਂ ਦੀ ਇਕ ਮਿਲਣੀ ਵੀ ਵਿਸਾਰਨੀ ਮੁਸ਼ਕਿਲ ਹੈ। ਗੁਰਮੁਖਤਾਈ ਦੀ ਮੂੰਹ- ਬੋਲਦੀ ਤਸਵੀਰ।

ਆਪਣੀ ਲਿਖਤ ਨੂੰ ਉਹ ਰੱਬੀ ਬਖ਼ਸ਼ਿਸ਼ ਪ੍ਰਵਾਨਦੇ ਸਨ ਤੇ ਲਿਖਣ-ਪ੍ਰੇਰਨਾ ਉਨ੍ਹਾਂ ਨੂੰ ਆਪਣੇ ਪਾਠਕਾਂ/ਸ੍ਰੋਤਿਆਂ ਤੋਂ ਪ੍ਰਾਪਤ ਹੁੰਦੀ ਸੀ। ਸਫ਼ਲ ਸਿਰਮੌਰ ਢਾਡੀ ਹੋਣ ਦੇ ਨਾਤੇ ਪੂਰੀ ਦੁਨੀਆਂ ਦੇ ਸਿੱਖ-ਜਗਤ ਨਾਲ ਉਨ੍ਹਾਂ ਦਾ ਵਾਹ-ਵਾਸਤਾ ਸੀ। ਤਜਰਬੇ ਦਾ ਸਕੂਲ, ਉਨ੍ਹਾਂ ਦੀ ਹਕੀਕੀ ਪਾਠਸ਼ਾਲਾ, ਜਿਸ ਵਿੱਚੋਂ ਜੱਦੋ-ਜਹਿਦ ਦੀ ਕਰੜੀ ਫੀਸ ਤਾਰ ਕੇ ਅੰਤਲੇ ਸੁਭਾਅ ਤਕ ਉਨ੍ਹਾਂ ਨੇ ਜੋ ਕੁਝ ਸਿੱਖਿਆ, ਉਹ ਕਲਮ ਦੀ ਸਿਆਹੀ ਰਾਹੀਂ ਪਾਠਕਾਂ ਦੇ ਹਨੇਰੇ ਮਾਰਗ ਨੂੰ ਰੁਸ਼ਨਾਉਣ ਲਈ ਸਾਹਿਤ ਦੀ ਝੋਲੀ ਵਿਚ ਪਾ ਦਿੱਤਾ।

ਲੇਖਕ ਕੋਈ ਅਸਮਾਨ ਤੋਂ ਉਤਰੀ ਘੜੀ-ਘੜਾਈ ਸ਼ਖ਼ਸੀਅਤ ਨਹੀਂ ਹੁੰਦਾ। ਵਕਤ ਦੇ ਥਪੇੜਿਆਂ ਤੇ ਜੀਵਨ-ਰਾਹ ਦੀਆਂ ਦੁਸ਼ਵਾਰੀਆਂ ਨੂੰ ਖਿੜੇ-ਮੱਥੇ ਝਾਗਦਾ, ਹਨ੍ਹੇਰੇ ਵਿਚ ਜੂਝ ਕੇ ਚਾਨਣ ਦੀ ਤਲਾਸ਼ ਕਰਨ ਵਾਲਾ, ਸਿਰੜੀ ਜੀਊੜਾ ਹੁੰਦਾ ਹੈ। ਬਾਹਰੋਂ ਸਾਲਮ ਦਿੱਸਦਾ ਪਰ ਅੰਦਰੋਂ ਬੰਦ-ਬੰਦ ਕੱਟਿਆ ਹੁੰਦਾ ਹੈ, ਪੋਟਾ-ਪੋਟਾ ਦਰਦ ਨਾਲ ਵਿੰਨ੍ਹਿਆ ਤੇ ਵਕਤ ਦੀ ਸੂਹੀ ਤਵੀ ਦਾ ਸੇਕ ਹੰਢਾਉਂਦਾ ਉਹਦਾ ਲੂੰ-ਲੂੰ ਮੱਚਦਾ ਹੁੰਦਾ ਹੈ, ਵਕਤ ਦੀ ਸਿਤਮ-ਜ਼ਰੀਫ਼ੀ ਹੱਥੋਂ, ਪਰ ਉਹ ਹੌਂਸਲਾ ਨਹੀਂ ਹਾਰਦਾ ਤੇ ਇਕ ਦਿਨ ਅਮਰ ਹੋ ਜਾਂਦਾ ਹੈ। ਇਸੇ ਲਈ ਲੇਖਕ ਮਰ ਕੇ ਵੀ ਮਰਦਾ ਨਹੀਂ। ‘ਸੀ’ ਨਹੀਂ ਬਣਦਾ, ‘ਹੈ’ ਹੀ ਰਹਿੰਦਾ ਹੈ ਕਿਉਂਕਿ ਜ਼ਿੰਦਗੀ ਦੀਆਂ ਨਿਗੂਣੀਆਂ ਕੁੜੱਤਣਾਂ, ਝਾਗਦਿਆਂ ਉਸ ਨੇ ‘ਸੀ-ਸੀ’ ਨਹੀਂ ਕੀਤੀ ਹੁੰਦੀ।

ਸੀਤਲ ਜੀ ਦੀ ਜੀਵਨੀ ਪੜ੍ਹੋ, ਇਨ੍ਹਾਂ ਤਲਖ਼ ਹਕੀਕਤਾਂ ਦੇ ਪ੍ਰਤੱਖ ਦੀਦਾਰੇ ਹੋ ਜਾਣਗੇ।

ਸੀਤਲ ਜੀ ਨੇ ਜੋ ਕੁਝ ਵੀ ਕੀਤਾ, ਮਿੱਥ ਕੇ ਨਹੀਂ ਕੀਤਾ। ਹਾਲਾਤ ਦੀ ਲੋੜ ਸੀ, ਉਹ ਕਰਦਾ ਗਿਆ ਕਿਉਂਕਿ ਸਰੀਰ ‘ਕਰਮ’ ਖੰਡ ਦੇ ਰੂਪ ਵਿਚ ਪ੍ਰਾਪਤ ਸੀ ‘ਸੱਚ’ ਦੇ ਖੰਡ ਦੀ ਉਸ ਨੂੰ ਤਲਾਸ਼ ਸੀ। ਝੂਠ ਨਾਲ ਜੂਝਣਾ ਉਸ ਦਾ ‘ਧਰਮ’ ਸੀ ਤੇ ‘ਗਿਆਨ’ ਉਸ ਨੂੰ ਸੁੱਤੇ-ਸਿੱਧ ਹੀ ਗੁਰੂ-ਬਖ਼ਸ਼ਿਸ਼ ਦੁਆਰਾ ਪ੍ਰਾਪਤ ਹੋ ਰਿਹਾ ਸੀ। ਨਤੀਜਾ ਉਹ ਖ਼ੁਦ ਸੱਚਖੰਡ ਵਾਸੀ ਹੋ ਗਿਆ ਤੇ ਪਾਠਕਾਂ ਲਈ ਅਮੁੱਕ ਸੱਚ ਪ੍ਰਕਾਸ਼ ਬਣ ਗਿਆ।

‘ਮੇਰੀ ਸਾਹਿਤਕ ਸ੍ਵੈ-ਜੀਵਨੀ’ ਦੇ ਅੰਤ ਵਿਚ ਸੀਤਲ ਜੀ ਲਿਖਦੇ ਹਨ ਕਿ ‘ਮੈਂ ਜੋ ਕੁਛ ਵੀ ਹਾਂ, ਪਾਠਕਾਂ ਦੀ ਸਹਾਇਤਾ ਨਾਲ ਹਾਂ।’ ਇਹ ਅਟੱਲ ਹਕੀਕਤ ਹੈ ਕਿ ਪਾਠਕ, ਲੇਖਕ ਦੀ ਹਕੀਕੀ ਤਾਕਤ ਹੁੰਦੇ ਹਨ। ਉਸ ਦੇ ਚੰਗੇ ਤੋਂ ਚੰਗੇਰੇ ਤੇ ਵਧੇਰੇ ਸਿਰਜਣਾਤਮਕ ਹੋਣ ਦੀ ਪ੍ਰੇਰਨਾ।

ਦੇਖਣਾ ਇਹ ਹੈ ਕਿ ਲਿਖਤ ਵਿਚਲੇ ਕਿਹੜੇ ਗੁਣ ਪਾਠਕ ਨੂੰ ਖਿੱਚਦੇ ਹਨ। ਨਿਰਸੰਦੇਹ, ਜਿਹੜੇ ਪਾਠਕ ਦੇ ਅੰਦਰ ਕਿਤੇ ਦੱਬੇ ਪਏ ਹੁੰਦੇ ਹਨ ਤੇ ਲੇਖਕ ਉਨ੍ਹਾਂ ਦੀ ਉਜਾਗਰੀ ਵਿਚ ਸਹਾਈ ਹੁੰਦਾ ਹੈ। ਸਾਹਿਤ ਦਾ ਮੂਲ ਤੱਤ ‘ਸਤਿਅੰ, ਸ਼ਿਵੰ, ਸੁੰਦਰੰ’, ਸੀਤਲ ਜੀ ਦੀ ਵਿਲੱਖਣਤਾ ਸਥਾਪਿਤ ਕਰਨ ਵਿਚ ਸਹਾਇਕ ਹੈ। ਸੀਤਲ ਜੀ ਦੀ ਬੋਲੀ ਵਿਚਲੀ ਠੇਠਤਾ ਅਤੇ ਪੰਜਾਬੀਅਤ ਦੇ ਸੁਭਾਵਕ ਗੁਣ ਪਾਠਕ ਨੂੰ ਉਸ ਨਾਲ ਤੋਰੀ ਰੱਖਦੇ ਹਨ। ਆਪਣੇ ਤੋਂ ਪੂਰਬਲੀ ਗਦ-ਪਰੰਪਰਾ ਵਿਚ ਖੜ੍ਹੇ ਉਹ ਨਿਵੇਕਲੇ ਪਛਾਣੇ ਜਾਂਦੇ ਹਨ। ਭਾਈ ਵੀਰ ਸਿੰਘ, ਭਾਈ ਮੋਹਨ ਸਿੰਘ ਵੈਦ ਪਰੰਪਰਾ ਦੇ ਇਤਿਹਾਸਕ-ਸੁਧਾਰਕ ਨਾਵਲਾਂ ਤੋਂ ਲੈ ਕੇ ਸ. ਨਾਨਕ ਸਿੰਘ-ਸ. ਸੁਰਿੰਦਰ ਸਿੰਘ (ਨਰੂਲਾ) ਦੇ ਸਮਾਜਿਕ-ਯਥਾਰਥਕ ਨਾਵਲਾਂ ਦੇ ਪ੍ਰਸੰਗ ਵਿਚ ਵਿਚਰਦਿਆਂ, ਸੀਤਲ ਜੀ ਰਚਿਤ ਨਾਵਲਾਂ ਦਾ ਨਿਵੇਕਲਾਪਨ ਉਨ੍ਹਾਂ ਦੇ ਸਿਰਜਣਾਤਮਕ ਵਿਵੇਕ ਵਿੱਚੋਂ ਪਛਾਣਿਆ ਜਾਂਦਾ ਹੈ। ਸੀਤਲ ਜੀ ਦਾ ਭਾਵ-ਵਿਵੇਕ ਖ਼ਾਲਸ ਪੰਜਾਬੀ ਹੈ। ਪੰਜਾਬੀ ਬੰਦਾ ਅੰਤਾਂ ਦੇ ਦੁੱਖ ਵਿਚ ਘਿਰਿਆ ਵੀ ਅਤਿ-ਭਾਵੁਕ ਨਹੀਂ ਹੁੰਦਾ, ਉਸ ਦੀ ਖੜੀ ਬੋਲੀ, ਉਸ ਦੇ ਭਾਵਾਤਮਕ ਸੰਤੁਲਨ ਨੂੰ ਵਿਗੜਨ ਨਹੀਂ ਦਿੰਦੀ। ਸੀਤਲ ਰਚਨਾਵਲੀ ਇਸ ਭਾਵ- ਵਿਵੇਕ ਨਾਲ ਸਰਾਬੋਰ ਹੈ। ਗਿਆਨੀ ਗੁਰਦਿੱਤ ਸਿੰਘ ਰਚਿਤ ‘ਮੇਰਾ ਪਿੰਡ’ ਜਾਂ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ‘ਪ੍ਰੀਤ ਫ਼ਲਸਫ਼ੇ’ ਵਾਂਗ ਉਹ ਨਿਰੋਲ ਆਦਰਸ਼ਕ ਜਾਂ ਉਪਭਾਵੁਕ ਨਹੀਂ ਹੁੰਦਾ। ਵਸਤੂ, ਵਿਚਾਰ ਤੇ ਭਾਵ ਦੀ ਤਿਕੋਨ ਸਿਰਜਦਾ ਉਹ ਜੀਵਨ ਦੀਆਂ ਕਠੋਰ ਹਕੀਕਤਾਂ ਨੂੰ ਖ਼ਾਲਸ ਪੰਜਾਬੀ ਲਹਿਜ਼ੇ ਵਿਚ ਪੇਸ਼ ਕਰਨ ਵਾਲਾ ਨਿਪੁੰਨ ਕਲਾਕਾਰ ਹੈ। ਇਕ ਸਫ਼ਲ ਢਾਡੀ ਹੋਣ ਦੇ ਨਾਤੇ ਜਿਵੇਂ ਉਹ ਸ੍ਰੋਤੇ ਦੀ ਅੱਖ ਵਿਚ ਅੱਖ ਪਾ ਕੇ ਸਮੇਂ ਦਾ ਸੱਚ ਪੜ੍ਹ ਲੈਣ ਦੇ ਸਮਰੱਥ ਸੀ, ਉਵੇਂ ਵੀ ਉਸ ਦੇ ਅੱਖਰ ਪਾਠਕਾਂ ਦੇ ਮਨਾਂ ਦੀ ਟੋਹ ਲੈਣ ਦੇ ਸਮਰੱਥ ਹਨ।

ਸੀਤਲ ਜੀ ਨੂੰ ਝੋਰਾ ਹੈ ਕਿ ‘ਵਿਰਸੇ ਵਿਚ ਮੈਨੂੰ ਜਾਇਦਾਦ ਤਾਂ ਮਿਲੀ, ਪਰ ਵਿੱਦਿਆ ਨਹੀਂ’। ਤਹਿਸੀਲ ਕਸੂਰ (ਹੁਣ ਪਾਕਿਸਤਾਨ ਵਿਚਲਾ ਇਕ ਜ਼ਿਲ੍ਹਾ) ਦੇ ਪਿੰਡ ‘ਕਾਦੀਵਿੰਡ’ ਦੇ ਇਕ ਹਜ਼ਾਰ ਦੇ ਕਰੀਬ ਅੰਗੂਠਾ-ਛਾਪ ਵੱਸੋਂ ਵਿਚਲੇ ‘ਦੋ- ਤਿੰਨ’ ਪੜ੍ਹੇ ਹੋਏ ਸਮਝੇ ਜਾਂਦੇ ਬਜ਼ੁਰਗਾਂ ਵਿਚ ਸੀਤਲ ਜੀ ਦੇ ਪਿਤਾ ਸਰਦਾਰ ਖ਼ੁਸ਼ਹਾਲ ਸਿੰਘ ਵੀ ਸਨ, ਜੋ ਦੋ ਗ੍ਰੰਥਾਂ, ‘ਅੰਮ੍ਰਿਤ ਸਾਗਰ’ (ਵੈਦਿਕ ਹਿਕਮਤ ਸੰਬੰਧੀ) ਤੇ ‘ਭਾਈ ਬਾਲੇ ਵਾਲੀ ਜਨਮ ਸਾਖੀ’ ਦੀ ਜਾਣਕਾਰੀ ਰੱਖਦੇ ਸਨ ਪਰ ਉਨ੍ਹਾਂ ਕੋਲ ਪੁੱਤਰ ਨੂੰ ਪੜ੍ਹਾਉਣ ਦੀ ਵਿਹਲ ਨਹੀਂ ਸੀ। ਪਿੰਡ ਦੇ ਗੁਰਦੁਆਰੇ ਵਿਚ ਨਵੇਂ ਆਏ ਸਾਧੂ ਹਰੀਦਾਸ ਪਾਸੋਂ ਗੁਰਮੁਖੀ ਦੇ ਅੱਖਰ ਉਠਾਲਣੇ ਸਿੱਖਣ ਵੇਲੇ ਸੀਤਲ ਜੀ ਦੀ ਉਮਰ ਛੇ ਸਾਲ ਸੀ, ਜਿਸ ਨੇ ਪੰਜ ਗ੍ਰੰਥੀ ਪੜ੍ਹਾ ਕੇ ਉਨ੍ਹਾਂ ਨੂੰ ‘ਕਿੱਸੇ’ ਪੜ੍ਹਨ ਜੋਗਾ ਵੀ ਕਰ ਦਿੱਤਾ। ਸ. ਕਰਤਾਰ ਸਿੰਘ ਕਲਾਸਵਾਲੀਏ ਦੇ ‘ਸਿਦਕ ਖ਼ਾਲਸਾ ਤੇਗ਼ ਖ਼ਾਲਸਾ’ ਸਿੱਖ ਇਤਿਹਾਸਕ ਕਿੱਸੇ ਨੇ ਉਨ੍ਹਾਂ ਦੇ ਜੀਵਨ ਨੂੰ ਅਜਿਹਾ ਮੋੜ ਦਿੱਤਾ ਕਿ ਉਨ੍ਹਾਂ ਅੰਦਰ ਢਾਡੀ ਹੋਣ ਦਾ ਬੀਜ ਬੀਜਿਆ ਗਿਆ ਜਿਸ ਨੂੰ ਪੁੰਗਰਦਿਆਂ ਤੇ ਬਾਬਾ ਬੋਹੜ ਬਣਦਿਆਂ ਭਾਵੇਂ ਉਮਰ ਲੱਗ ਗਈ ਪਰ ਅੱਜ ਉਸ ਬੋਹੜ ਦੀ ਛਾਂ ਮਾਣਨ ਵਾਲੇ ਅਨਗਿਣਤ ਹਨ।

ਉਨ੍ਹਾਂ ਦੀ ਲਿਖਤ ਵਿਚ ਸਾਂਭੀਆਂ ਬਚਪਨ ਦੀਆਂ ਬਾਪੂ ਤੋਂ ਸੁਣੀਆਂ ਬਾਤਾਂ, ਅਜੋਕੇ ਵਿਗਿਆਨਕ ਪਾਠਕਾਂ ਲਈ ਅਬੁੱਝ ਤੇ ਅਭੁੱਲ ਹਨ, ਜਿਵੇਂ:

‘ਜੇ ਜਾਵਣ ਤਾਂ ਦੁੱਖ ਘਨੇਰਾ, ਆਵਣ ਤਾਂ ਕਲਪਾਵਣ
ਰਾਮ ਕਰੇ, ਇਹ ਰਹਿਣ ਸਲਾਮਤ, ਨਾ ਆਵਣ ਨਾ ਜਾਵਣ।

ਭਾਵ : ਅੱਖਾਂ ਆ ਜਾਣ ਤਾਂ ਤਕਲੀਫ਼ਦੇਹ ਹਨ, ਚਲੀਆਂ ਜਾਣ ਤਾਂ ਦੁਨੀਆਂ ਅਸਲੋਂ ਹਨੇਰ ਹੋ ਜਾਂਦੀ ਹੈ, ਇਹ ਨਿਰੋਈਆਂ ਰਹਿਣ ਤਾਂ ਹੀ ਸੁਖਦਾਇਕ ਹਨ।

ਦੁਗਲ ਜੀਭ, ਪਰ ਸਰਪ ਨਹੀਂ, ਅਸ਼ਟ ਭੁਜੀ ਨਹੀਂ ਭਵਾਨੀ
ਉਡ ਕਰ ਮਾਰੇ, ਪੰਖ ਨਹੀਂ, ਬੁਝੋ ਬ੍ਰਹਮ ਗਿਆਨੀ।

ਭਾਵ: ਉਸ ਦੀਆਂ ਦੋ ਜੀਭਾਂ ਹਨ ਪਰ ਉਹ ਸੱਪ ਨਹੀਂ। ਉਸ ਦੀਆਂ ਅੱਠ ਬਾਹਾਂ ਹਨ, ਉਹ ਭਵਾਨੀ ਨਹੀਂ, ਉਹ ਉੱਡ ਕੇ ਮਾਰਦੀ ਹੈ ਪਰ ਉਸ ਦੇ ਖੰਭ ਕੋਈ ਨਹੀਂ। ਜੁਆਬ : ਜਾਲ਼ਾ ਤਣਨ ਵਾਲੀ ਮੱਕੜੀ।

ਅਜਿਹੀਆਂ ਗੁੰਝਲਦਾਰ ਬਾਤਾਂ ਵਿੱਚੋਂ ਲੰਘੇ ਬਚਪਨ ਵੱਲੋਂ ਟੋਟਕੇ ਜੋੜਨੇ ਸੁਭਾਵਕ ਸਨ, ਜਿਨ੍ਹਾਂ ਨੂੰ ਲੇਖਕ ਨੇ ਕਵਿਤਾ ਦੀ ਥਾਂ ‘ਬੱਚਿਆਂ ਦੇ ਖੂਹ ਕਿਆਰੇ ਬਣਾ ਕੇ ਖੇਡਣ ਵਾਲੀ ਖੇਡ’ ਨਾਲ ਤੁਲਨਾ ਦਿੱਤੀ ਹੈ। ਸਾਨੂੰ ਸ਼ਹਿਰ ਦੇ ਜੰਮਪਲਾਂ ਨੂੰ ਤਾਂ ਇਸ ਖੇਡ ਬਾਰੇ ਵੀ ਇਲਮ ਕੋਈ ਨਹੀਂ।

ਸੀਤਲ ਜੀ 16ਵੀਂ ਤੋਂ 19ਵੀਂ ਸਦੀ ਦੇ ਸਿੱਖ ਇਤਿਹਾਸ ਦੇ ਗੰਭੀਰ ਖੋਜੀ ਹਨ ਤੇ 20ਵੀਂ ਸਦੀ ਦੇ ਇਤਿਹਾਸ ਦੇ ਚਸ਼ਮਦੀਦ ਗਵਾਹ। 7 ਅਗਸਤ 1909 ਤੋਂ- 1998 ਵਿਚਕਾਰ ਜੀਵੇ ਲੇਖਕ ਸੀਤਲ ਜੀ ਦੀਆਂ ਲਿਖਤਾਂ ਵਿਚ 1914 ਈ. ਵਿਚ ਅਰੰਭ ਹੋਏ ਪਹਿਲੇ ਸੰਸਾਰ ਯੁੱਧ, 16 ਨਵੰਬਰ 1915 ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਲੱਗੀ ਫਾਂਸੀ, 15 ਨਵੰਬਰ 1920 ਨੂੰ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 14 ਦਸੰਬਰ 1920 ਨੂੰ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ, 25 ਜਨਵਰੀ 1921 ਨੂੰ ਹੋਏ ਤਰਨਤਾਰਨ ਸਾਕੇ, 20 ਫਰਵਰੀ 1921 ਨੂੰ ਹੋਏ ਨਨਕਾਣਾ ਸਾਹਿਬ ਸਾਕੇ, 7 ਅਗਸਤ 1922 ਨੂੰ ਲੱਗੇ ‘ਗੁਰੂ ਕਾ ਬਾਗ ਮੋਰਚੇ’ ਤੇ 15 ਸਤੰਬਰ 1923 ਨੂੰ ਲੱਗੇ ‘ਜੈਤੋ ਦੇ ਮੋਰਚੇ’ ਤੋਂ ਇਲਾਵਾ ਹੁਣ ਤਕ ਦੇ ਸਾਰੇ ਇਤਿਹਾਸਕ ਵੇਰਵੇ ਸਲੀਕੇ ਨਾਲ ਸੰਭਾਲੇ ਪਏ ਹਨ।

ਰੋਲਟ ਬਿੱਲ, ਮਾਰਸ਼ਲ ਲਾਅ, ਜਲ੍ਹਿਆਂ ਵਾਲਾ ਬਾਗ਼ ਤੇ ਹੋਰ ਬਹੁਤ ਸਾਰੇ ਬ੍ਰਿਟਿਸ਼ ਅਤਿਆਚਾਰਾਂ ਦੇ ਖ਼ਿਲਾਫ਼ ਉਨ੍ਹਾਂ ਦੇ ਕੋਮਲ ਹਿਰਦੇ ਦੀ ਆਵਾਜ਼ ਕਵਿਤਾ ਦੇ ਰੂਪ ਵਿਚ ਬਚਪਨ ਵਿਚ ਹੀ ਸਟੇਜਾਂ ਤੋਂ ਝਰਨ ਲੱਗ ਪਈ। 1924 ਈ. ਵਿਚ 15 ਵਰ੍ਹੇ ਦੀ ਉਮਰੇ, ਉਨ੍ਹਾਂ ਦੀ ਪਹਿਲੀ ਕਵਿਤਾ ਆਪਣੇ ਵੇਲੇ ਦੇ ਪ੍ਰਸਿੱਧ ਪੰਜਾਬੀ ਅਖ਼ਬਾਰ ‘ਅਕਾਲੀ’ ਵਿਚ ਛਪ ਗਈ ਸੀ।

12 ਫ਼ਰਵਰੀ 1923 ਨੂੰ ਮਹਿਕਮਾ ਤਾਲੀਮ ਵੱਲੋਂ ਅਰੰਭੀ ਇਕ ਨਵੀਂ ਸਕੀਮ ਅਧੀਨ ਖੁੱਲ੍ਹੇ ‘ਇਕ ਮਾਸਟਰ’ ਵਾਲੇ ‘ਸ੍ਵੈ-ਸਿਰਜਿਤ’ ਸਕੂਲ ਵਿਚ ਦਾਖਲਾ ਲੈਣ ਉਪਰੰਤ ਸੀਤਲ ਜੀ ਨੇ ਕਰੜੀ ਮਿਹਨਤ ਤੇ ਲਗਨ ਨਾਲ ਮਾਰਚ 1924 ਤਕ ਪੁੱਜਦਿਆਂ ਚੌਥੀ ਜਮਾਤ ਪਾਸ ਕਰ ਲਈ ਸੀ, ਯਾਅਨੀ 3-3 ਮਹੀਨਿਆਂ ਵਿਚ ਇਕ ਜਮਾਤ ਦਾ ਸਿਲੇਬਸ ਮੁਕਾਇਆ ਤੇ ਉਰਦੂ-ਫ਼ਾਰਸੀ ਵਿਚ ਮੁਹਾਰਤ ਹਾਸਲ ਕੀਤੀ। ਇਹ ਘਟਨਾ ਅੱਜ ਵੀ ਕਿਸੇ ਪਾਠਕ ਦਾ ਜੀਵਨ ਬਦਲਣ ਦੇ ਸਮਰੱਥ ਹੈ।

ਕਵਿਤਾ ਸੀਤਲ ਜੀ ਦੇ ਖੂਨ ਵਿਚ ਹੈ। ਗੁਰਬਾਣੀ ਉਨ੍ਹਾਂ ਦੀਆਂ ਰਗਾਂ ਵਿਚ ਸਮਾਈ ਹੋਈ ਹੈ। ਸੰਸਾਰ ਦਾ ਉਚੇਰਾ ਸਾਹਿਤ ਉਨ੍ਹਾਂ ਦਾ ਪ੍ਰੇਰਨਾ-ਸ੍ਰੋਤ ਹੈ। ਆਪਣੇ ਪੜ੍ਹੇ ਦਾ ਤੁਲਨਾਤਮਕ ਅਧਿਐਨ ਪੇਸ਼ ਕਰਦੇ ਹੋਏ, ਉਹ ਆਪਣੇ ਪਾਠਕ ਨੂੰ ਸੁੱਤੇ-ਸਿੱਧ ਹੀ ਸਮਝਾ ਜਾਂਦੇ ਹਨ ਕਿ ਭਾਰਤੀ ਸਾਹਿਤ ਵਿਚ ਇਸਤਰੀ ਵੱਲੋਂ ਪੁਰਸ਼ ਵਾਸਤੇ ਪ੍ਰੇਮ-ਪ੍ਰਗਟਾਓ ਹੁੰਦਾ ਹੈ, ਜਿਸ ਦਾ ਪ੍ਰਭਾਵ ਗੁਰਬਾਣੀ ਵਿਚ ਵੀ ਪ੍ਰਤੱਖ ਹੈ। ਸਮੂਹ ਭਗਤਾਂ ਤੇ ਗੁਰੂ ਸਾਹਿਬਾਨ ਨੇ ਪਰਮੇਸ਼ਰ ਨੂੰ ਪਤੀ/ਕੰਤ ਮੰਨ ਕੇ ਸੋਹਾਗਣੀ ਵਜੋਂ ਸ੍ਵੈ-ਪ੍ਰੇਮ ਪ੍ਰਗਟਾਇਆ ਹੈ ਪਰ ਅਰਬੀ ਸਾਹਿਤ ਵਿਚ ਇਸ ਦੇ ਉਲਟ ਇਸਤਰੀ ਨੂੰ ‘ਮਾਸ਼ੂਕ’ ਤੇ ਪੁਰਸ਼ ਨੂੰ ‘ਆਸ਼ਿਕ’ ਅਤੇ ਫ਼ਾਰਸੀ ਵਿਚ ਵੱਡੀ ਉਮਰ ਦਾ ਪੁਰਸ਼ ‘ਪ੍ਰੇਮੀ’ ਤੇ ਛੋਟੀ ਉਮਰ ਦਾ ‘ਪ੍ਰੀਤਮ’ ਹੈ। ਉਰਦੂ ਸਾਹਿਤ ਅਚੇਤ ਹੀ ਫ਼ਾਰਸੀ ਪ੍ਰਭਾਵ ਅਧੀਨ ਵਿਚਰਦਾ ਹੈ। ਸੀਤਲ ਜੀ ਨੇ ਵੀ ਇਸ ਪ੍ਰਭਾਵ ਅਧੀਨ ਉਰਦੂ ਸ਼ਾਇਰੀ ਕੀਤੀ:

ਗੁਜ਼ਰੇ ਹੂਏ ਜ਼ਮਾਨੇ ਕਾ ਹਰ ਸੂ ਤਜ਼ਕਰਾ ਹੈ,
 ਹੈ ਹਰ ਜ਼ਬਾਂ ਪਿ ਹਰ ਜਾ ਉਨ ਅਕਾਲੋਂ ਕੀ ਬਾਤੇਂ
ਮਰਨੇ ਕੇ ਬਾਦ ‘ਸੀਤਲ’ ਅਪਨੀ ਕਰੇਂਗੇ ਕੋਈ,
ਕਰਤੇ ਹੈਂ ਹਮ ਜਹਾਂ ਮੇਂ, ਗੁਜ਼ਰੇ ਹੂਓਂ ਕੀ ਬਾਤੇਂ।

ਅਠਵੀਂ ਜਮਾਤ ਵਿਚ ਰਚੇ ਅਜਿਹੇ ਸ਼ੇਅਰਾਂ ਵਿੱਚੋਂ ਹੀ ਸੀਤਲ ਜੀ ਦੀ ਸਾਹਿਤਕ ਚਿਣਗ ਨੂੰ ਪਛਾਣਿਆ ਜਾ ਸਕਦਾ ਹੈ।

ਢਾਡੀ ਬਣਨਾ ਵੀ ਉਨ੍ਹਾਂ ਦਾ ਇਤਫ਼ਾਕਨ ਹੀ ਸੀ। 1934 ਈ. ਵਿਚ ਉਨ੍ਹਾਂ ਦੇ ਪਿੰਡੋਂ ਲੰਘੀ ਰਾਸ-ਮੰਡਲੀ ਪਿੱਛੋਂ, ਪਿੰਡ ਦੇ ਮੁੰਡਿਆਂ ਵਿਚ ਵੀ ਸਟੇਜ ਲਾ ਕੇ ਰਾਸ ਰਚਾਉਣ ਦੀ ਰੀਝ ਜਾਗ ਪਈ ਸੀ ਤੇ ਉਹ ਪਿੰਡ ਵਿਚ ਸਭ ਤੋਂ ਵੱਧ ਪੜ੍ਹੇ-ਲਿਖੇ ਸਾਥੀ ਸੀਤਲ ਜੀ ਦਾ ਸਹਿਯੋਗ ਭਾਲਦੇ, ਉਨ੍ਹਾਂ ਨੂੰ ਰਾਸ ਲਈ ਤਾਂ ਨਹੀਂ ਸੀ ਮਨਾ ਸਕੇ, ਪਰ ਮੱਸਿਆ, ਸੰਗਰਾਂਦ ਤੇ ਪਿੰਡ ਵਿਚ ਰੌਣਕ ਲਾਉਣ ਲਈ ‘ਢਾਡੀ ਜਥਾ’ ਬਣਾਉਣ ਵਿਚ ਕਾਮਯਾਬ ਹੋ ਗਏ ਸਨ, ਜਿਨ੍ਹਾਂ ਦੀ ਸਿਖਲਾਈ ਲਈ ਲਲਿਆਣੀ ਦੇ ਬਜ਼ੁਰਗ ਸ਼ੇਖ਼ (ਭਿਰਾਈ) ਚਿਰਾਗ਼ਦੀਨ ਦੀ ਢੱਡ-ਸਾਰੰਗੀ ਤੇ ‘ਸੁਰ’ ‘ਤਾਰ’ (ਸੁਰ ਤੇ ਤਾਲ) ਦੇ ਅਸੂਲਾਂ ਨੇ 6 ਮਹੀਨੇ ਇਨ੍ਹਾਂ ਦੇ ਕੋਲ ਰਹਿ ਕੇ ਰਹਿਨੁਮਾਈ ਦਿੱਤੀ ਤੇ ਇਹ ਢਾਡੀ ਜਥਾ ਤਿਆਰ ਹੋ ਗਿਆ ਜਿਸ ਦੀ ਲੋੜ ਪੂਰਤੀ ਲਈ ਪ੍ਰਸੰਗ ਸਹਿਤ ਕਿੱਸਿਆਂ ਦੇ ਰੂਪ ਵਿਚ ‘ਸੀਤਲ ਕਿਰਣਾਂ’ ਜਿਹੀਆਂ 18 ਕਾਮਯਾਬ ਪੁਸਤਕਾਂ ਦੀ ਰਚਨਾ ਵੀ ਸੀਤਲ ਜੀ ਨੇ ਗੁਰੂ-ਬਖ਼ਸ਼ਿਸ਼ ਸਦਕਾ ਕੀਤੀ।

ਇਹ ਗੱਲ ਸੀਤਲ ਜੀ ਨੇ ਬੜੇ ਮਾਣ ਨਾਲ ਤਸਲੀਮ ਕੀਤੀ ਹੈ ਕਿ ‘ਜੇ ਮੈਂ ਕੁਦਰਤ ਵੱਲੋਂ ਢਾਡੀ ਨਾ ਬਣਦਾ ਤਾਂ ਸ਼ਾਇਦ ਕੁਝ ਵੀ ਨਾ ਬਣ ਸਕਦਾ।’ ਉਨ੍ਹਾਂ ਦੇ ਅਵਚੇਤਨ ਵਿਚ ਮਾਝ ਮਹਲਾ 1 ਦੀ ਇਸ ਅੰਤਿਮ ਪਉੜੀ ਦਾ ਅੱਖਰ-ਅੱਖਰ ਉਕਰਿਆ ਪਿਆ ਹੈ ਕਿ –

ਹਉ ਢਾਢੀ ਵੇਕਾਰੁ ਕਾਰੈ ਲਾਇਆ ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥
ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥
ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥
ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥
ਢਾਢੀ ਕਰੇ ਪਸਾਉ ਸਬਦੁ ਵਜਾਇਆ ॥
ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥27॥ (ਪੰਨਾ 150)

ਸੀਤਲ ਜੀ ਨੇ ਜੀਵਨ ਵਿਚ ਜਿਸ ਕੰਮ ਨੂੰ ਵੀ ਹੱਥ ਪਾਇਆ, ਉਸ ਦੇ ਧੁਰ ਡੂੰਘ ਤਕ ਲਹਿਣ ਦਾ ਉਪਰਾਲਾ ਕੀਤਾ; ਜਿਸ ਸਿਨਫ਼ ਵਿਚ ਵੀ ਲਿਖਿਆ, ਉਸ ਨਾਲ ਇਨਸਾਫ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਜੇ ਨਾਟਕ ‘ਮੁੱਲ ਦਾ ਮਾਸ’ ਨਾਵਲ ਬਣ ਕੇ ਪਾਠਕਾਂ ਵਿਚ ਮਕਬੂਲ ਹੋਣ ਦੇ ਸਮਰੱਥ ਸੀ ਤਾਂ ਉਸ ਨੂੰ ਨਾਵਲ ਵਿਚ ਢਾਲਣ ਪਿੱਛੋਂ ਫਿਰ ਨਾਵਲ ਖੇਤਰ ਵਿਚ ਅਜਿਹੀ ਵਿੱਢ ਪਾਈ ਕਿ ਉਹ ਇਤਿਹਾਸਕ ਸਿੱਧ ਹੋਈ ਤੇ 1949 ਈ. ਵਿਚ ਰਚੇ ‘ਮੁੱਲ ਦਾ ਮਾਸ’ ਤੋਂ ਲੈ ਕੇ 1973 ਈ. ਵਿਚ ‘ਸੁੰਞਾ ਆਹਲਣਾ’ ਤਕ 22 ਕਾਮਯਾਬ ਨਾਵਲ ਰਚੇ। 24 ਕਹਾਣੀਆਂ ਲਿਖਣ ਪਿੱਛੋਂ ਮਹਿਸੂਸ ਕੀਤਾ ਕਿ ਕਹਾਣੀ ਨਾਲੋਂ ਨਾਵਲ ਵਿਚ ਉਹ ਵਧੇਰੇ ਸਫ਼ਲ ਲੇਖਕ ਹੋ ਸਕਦੇ ਹਨ। ਸਿੱਖ ਇਤਿਹਾਸ ਬਾਰੇ 75 ਪੁਸਤਕਾਂ ਰਚ ਕੇ ਸਿੱਖ ਇਤਿਹਾਸ ਦੇ ਬਹੁਤ ਵੱਡੇ ਖੱਪੇ ਦੀ ਪੂਰਤੀ ਕੀਤੀ ਤੇ ਪ੍ਰਮਾਣਿਕ ਦਸਤਾਵੇਜ਼ਾਂ ਤਕ ਪਾਠਕਾਂ ਦੀ ਰਸਾਈ ਕਰਵਾਈ। ‘ਵਾਰ’ ਨੂੰ ‘ਵਾਰਤਾ’ ਦੇ ਸ਼ਬਦੀ ਅਰਥਾਂ ਵਿਚ ਗ੍ਰਹਿਣ ਕਰਨ ਵਾਲੇ ਸੀਤਲ ਜੀ ਦੀ ਸਪੱਸ਼ਟ ਧਾਰਨਾ ਹੈ ਕਿ ਜੋ ਫ਼ਰਕ ‘ਨਾਵਲ’ ਤੇ ‘ਛੋਟੀ ਕਹਾਣੀ’ ਵਿਚ ਹੈ, ਓਹੀ ਫ਼ਰਕ ‘ਮਹਾਂਕਾਵਿ’ ਤੇ ‘ਵਾਰ’ ਵਿਚ ਹੈ। ਵਾਰ ਵਿਚ ਜੀਵਨ ਦੇ ਖ਼ਾਸ ਹਿੱਸੇ ਜਾਂ ਘਟਨਾ ਦਾ ਵਰਣਨ ਹੁੰਦਾ ਹੈ। ‘ਸੀਤਲ ਵਾਰਾਂ’ ਵਿਚ ਦਰਜ ਘਟਨਾਵਾਂ ਅੱਜ ਨੌਜਵਾਨ ਢਾਡੀਆਂ ਲਈ ਮਾਰਗ ਦਰਸ਼ਕ ਹਨ। ਵਾਰਾਂ ਵਿਚ ‘ਬੀਰ ਰਸ’ ਤੇ ‘ਸ਼ਿੰਗਾਰ ਰਸ’ ਦੇ ਨਾਲ- ਨਾਲ ‘ਕਰੁਣਾ ਰਸ’ ਦੀ ਪ੍ਰਧਾਨਤਾ ਤੇ ਕਲਾਸੀਕਲ ਧੁਨਾਂ ਸੰਗ ਗਾਇਕੀ ਪ੍ਰਵਾਨ ਹੁੰਦੀ ਹੈ। ਹੀਰ ਦੀ ਤਰਜ਼ ’ਤੇ ਲਿਖੀ ਤੇ ਗਾਈ ਕਿਸੇ ਵਾਰ ਕਾਰਨ ਉਸ ਲੈਅ ਦਾ ਨਾਂ ਵੀ ‘ਹੀਰ’ ਜਾਂ ‘ਕਲੀ’ ਪੈਣ ਵਾਂਙ ਮਿਰਜ਼ਾ, ਦੁੱਲਾ, ਸੱਸੀ, ਸੋਹਣੀ, ਮਲਕੀ, ਪੂਰਨ, ਰਾਠੌੜ ਆਦਿ ਧੁਨਾਂ ਨੂੰ ਸੀਤਲ ਜੀ ਨੇ ਢਾਡੀਆਂ ਦੇ ਕਲਾਸੀਕਲ ਰਾਗ ਮੰਨਣ ਦੀ ਸਿਫ਼ਾਰਿਸ਼ ਕੀਤੀ ਹੈ ਕਿਉਂਕਿ ਇਨ੍ਹਾਂ ਦਾ ਸਬੰਧ ‘ਸਮੇਂ’ ਨਾਲੋਂ ਕਹਾਣੀ ਦੇ ‘ਵਿਸ਼ੇ-ਵਸਤੂ’ ਨਾਲ ਵਧੇਰੇ ਹੁੰਦਾ ਹੈ।

ਕਵਿਤਾ ਬਾਰੇ ਸੀਤਲ ਜੀ ਦੀ ਰਾਏ ਬੜੀ ਨਿੱਗਰ ਹੈ ਕਿ ਉਸ ਵਿਚ ਲੈਅ, ਤੋਲ, ਸ਼ਬਦਾਂ ਦੀ ਬਣਤਰ ਤੇ ਤਰਤੀਬ ਪਿੰਗਲ ਸ਼ਾਸਤਰ ਅਨੁਸਾਰ ਹੋਣੀ ਚਾਹੀਦੀ ਹੈ। ਅਜੋਕੀ ਖੁੱਲ੍ਹੀ ਕਵਿਤਾ ਨੂੰ ਉਨ੍ਹਾਂ ਨੇ ਕਵਿਤਾ ਹੀ ਪ੍ਰਵਾਨ ਨਹੀਂ ਕੀਤਾ। ਉਨ੍ਹਾਂ ਦੀ ਜਾਚੇ ਉੱਤਮ ਵਿਚਾਰ ਤਾਂ ਵਾਰਤਕ ਵਿਚ ਵੀ ਦਿੱਤੇ ਜਾ ਸਕਦੇ ਹਨ ਤੇ ਕਵਿਤਾ ਵਿਚ ਵੀ ਪਰ ਕਵਿਤਾ ਓਹੀ ਹੈ ਜੋ ਸਾਜ਼ਾਂ ਨਾਲ ਗਾਈ ਜਾ ਸਕੇ। ਉਨ੍ਹਾਂ ਦਾ ਇਹ ਮੱਤ ਵੀ ਸਪੱਸ਼ਟ ਹੈ ਕਿ ਹਰ ਗਾਈ ਜਾਣ ਵਾਲੀ ਕਵਿਤਾ ‘ਗੀਤ’ ਨਹੀਂ ਹੁੰਦੀ। ਗੀਤ ਦਾ ਮੂੰਹ-ਮੁਹਾਂਦਰਾ ਤੇ ਰੰਗ-ਰੂਪ ਨਿਰੋਲ ਆਪਣਾ ਹੁੰਦਾ ਹੈ। ਉਨ੍ਹਾਂ ਦੀ ਜਾਚੇ ਗੀਤ ਦੀ ਬੋਲੀ, ਸ਼ਬਦ- ਬਣਤਰ ਤੇ ਖ਼ਿਆਲਾਂ ਦੀ ਉਡਾਰੀ ਇਹੋ ਜਿਹੀ ਹੋਣੀ ਚਾਹੀਦੀ ਹੈ, ਜਿਸ ਨਾਲ ਇਸ ਵਿਚਲੇ ‘ਪਾਤਰ’ ਦੀ ਰੂਪ-ਰੇਖਾ ਚੰਗੀ ਤਰ੍ਹਾਂ ਉਘੜ ਪਵੇ। ਇਹ ਜੀਵਨ ਦੇ ਛੋਟੇ ਹਿੱਸੇ ਦੀ ਇਕ-ਪੱਖੀ ਤਸਵੀਰ ਹੈ, ਬਹੁ-ਪੱਖੀ ਨਹੀਂ ਜੋ ਕਾਵਿ-ਮਸਤੀ ਦੀ ਉਪਜ ਹੈ।

ਪੰਜਾਬੀ ਲੋਕ-ਗੀਤਾਂ ਬਾਰੇ ਸੀਤਲ ਜੀ ਦਾ ਵਿਸ਼ਲੇਸ਼ਣ ਬੜਾ ਭਾਵਪੂਰਤ ਹੈ, ਪਹਿਲੀ ਵਾਰ ਸੀਤਲ ਜੀ ਦੀ ਲਿਖਤ ਵਿੱਚੋਂ ਹੀ ਮੈਨੂੰ ਸੋਝੀ ਹੋਈ ਕਿ ਅੱਜ ਤਕ ਬਾਲੜੀਆਂ ਦੇ ਮੂੰਹੋਂ ਸੁਣਦੇ ਰਹੇ, ‘ਕਿਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ’ ਵਾਲੇ ਅਸਲ ਬੋਲ ਤਾਂ ‘ਕਿੰਗਰੀ ਕਰੀਰ ਦੀ, ਪੱਗ ਮੇਰੇ ਵੀਰ ਦੀ’ ਹਨ।

45 ਵਰ੍ਹੇ ਦੀ ਉਮਰ ਵਿਚ ਸੀਤਲ ਜੀ ਦੇ ਗੀਤਾਂ ਦੀ ਪਹਿਲੀ ਕਿਤਾਬ ‘ਕੇਸਰੀ ਦੁਪੱਟਾ’ ਛਪੀ। ਪ੍ਰਸਿੱਧ ਕਵੀ ਤੇ ਚਿੰਤਕ ਸ. ਵਿਧਾਤਾ ਸਿੰਘ ਤੀਰ ਨੇ ਲਿਖਿਆ ਹੈ ਕਿ ‘ਸੀਤਲ ਵਾਰਕਾਰ ਨਾਲੋਂ ਵਧੇਰੇ ਗੀਤਕਾਰ ਹੈ’। ਸ. ਕਰਤਾਰ ਸਿੰਘ ਬਲੱਗਣ ਦੇ ਮਾਸਿਕ ਪੱਤਰ ‘ਕਵਿਤਾ’ ਵਿਚ ਨੰਦ ਲਾਲ ਨੂਰਪੁਰੀ ਤੇ ਗਿਆਨੀ ਸੋਹਣ ਸਿੰਘ ਸੀਤਲ ‘ਇਸ ਮਹੀਨੇ ਦਾ ਗੀਤ’ ਸਿਰਲੇਖ ਹੇਠ ਬੁਰਦੋ-ਬੁਰਦੀ ਛਪਦੇ ਰਹੇ। ਸੀਤਲ ਜੀ ਦੀ ਸ਼ਾਦੀ ਤਾਂ ਸਰਦਾਰਨੀ ਕਰਤਾਰ ਕੌਰ ਨਾਲ ਉਦੋਂ ਹੀ ਹੋ ਗਈ ਸੀ, ਜਦੋਂ ਉਹ ਅਜੇ ਦਸਵੀਂ ਜਮਾਤ ਵਿਚ ਪੜ੍ਹਦੇ ਸਨ। ਬੀਬੀ ਕਰਤਾਰ ਕੌਰ ਦਾ ਜਨਮ ਵੀ 1909 ਈ. ਦਾ ਹੀ ਹੈ, ਇੰਨ-ਬਿੰਨ ਸੀਤਲ ਜੀ ਦੀ ਹਮਉਮਰ। ਦੋਹਾਂ ਨੇ ਭਰਪੂਰ ਦੰਪਤੀ-ਪਿਆਰ ਨਾਲ ਜੀਵਨ ਦੇ ਹਰ ਰੰਗ ਨੂੰ ਮਾਣਿਆ। ਸੀਤਲ ਜੀ ਦਾ ਨਿਸ਼ਚਾ ਹੈ ਕਿ ਵਿਆਹੁਤਾ ਪਿਆਰ ਹੀ ਹੰਢਣਸਾਰ ਹੁੰਦਾ ਹੈ। ਇਸੇ ਲਈ ਉਨ੍ਹਾਂ ਦੇ ਗੀਤਾਂ ਵਿਚ ਦੰਪਤੀ-ਪਿਆਰ ਠਾਠਾਂ ਮਾਰਦਾ ਹੈ। ਇਸ ਤੋਂ ਇਲਾਵਾ ਦੇਸ਼-ਭਗਤੀ ਤੇ ਰਾਜਨੀਤੀ’ ਨੂੰ ਵੀ ਸੀਤਲ- ਗੀਤਾਵਲੀ ਵਿਚ ਪ੍ਰਵੇਸ਼ ਪ੍ਰਾਪਤ ਹੋਇਆ, ਜਿਵੇਂ:

‘ਮਿਰਕਣ ਨਾ ਜਾਹ ਵੇ ਚੰਨ! ਛੱਡ ਕੇ ਸੁਰਗ ਦਾ ਵਾਸਾ’
‘ਜੇਕਰ ਮੈਨੂੰ ਰੱਜਵੀਂ ਰੋਟੀ ਦੇਂਦਾ ਮੇਰਾ ਦੇਸ਼, ਮੈਂ ਕਿਉਂ ਜਾਂਦਾ ਪਰਦੇਸ!’

ਪੰਜਾਬੀ ਸਾਹਿਤ ਵਿੱਚੋਂ ਪਰਵਾਸੀ ਚੇਤਨਾ ਨੂੰ ਪਛਾਣਨ ਦੀ ਜਿੰਨੀਂ ਹੋੜ ਅੱਜ ਦਿਖਾਈ ਦਿੰਦੀ ਹੈ, ਉਸ ਦੇ ਬੀਜ ਤਾਂ ਸੀਤਲ ਜੀ ਦੇ ਉਪਰੋਕਤ ਗੀਤ ਦੀ ਇੱਕੋ ਸਤਰ ਵਿੱਚੋਂ ਪੁੰਗਰਦੇ ਦਿਖਾਈ ਦਿੰਦੇ ਹਨ ਕਿ ਆਪਣੇ ਘਰ ਦੀਆਂ ਭੁੱਖਾਂ ਹੀ ਬੰਦੇ ਨੂੰ ‘ਬਾਰ ਪਰਾਏ’ ਬਹਿਣ ’ਤੇ ਮਜਬੂਰ ਕਰਦੀਆਂ ਹਨ। ਸੀਤਲ ਜੀ ਨੇ ਨਿਝੱਕ ਰੂਪ ਵਿਚ ਆਪਣੇ ਨਾਵਲਾਂ ਰਾਹੀਂ ਮਾਨਵੀ ਭੁੱਖਾਂ ਦੇ ਬਿਓਰੇ ਪੇਸ਼ ਕੀਤੇ ਤੇ ਉਨ੍ਹਾਂ ਨਾਲ ਜੂਝਣ ਵਾਲਿਆਂ ਦੇ ਮਾਨਸਿਕ ਵਿਸ਼ਲੇਸ਼ਣ ਪੇਸ਼ ਕਰਦਿਆਂ ਉਕਤੀਆਂ ਦੇ ਰੂਪ ਵਿਚ ਅੱਟਲ ਸੱਚਾਈਆਂ ਉਲੀਕੀਆਂ ਹਨ, ਜਿਵੇਂ :

ੳ) ਕਾਨੂੰਨ ਸਦਾ ਅਧੂਰਾ ਤੇ ਲੰਗੜਾ ਰਿਹਾ ਹੈ। ਨਾ ਇਹ ਅੱਜ ਤਕ ਹਰ ਦੋਸ਼ੀ ਨੂੰ ਸਜ਼ਾ ਦੇ ਸਕਿਆ ਹੈ, ਨਾ ਹਰ ਸਤਾਏ ਹੋਏ ਨੂੰ ਇਨਸਾਫ਼। ਪਰ ਕੀ ਕਾਨੂੰਨ ਤੋਂ ਬਚ ਜਾਣ ਵਾਲਾ ਦੋਸ਼ੀ ਸਜ਼ਾ ਤੋਂ ਵੀ ਬਚ ਸਕਦਾ ਹੈ? ਸ਼ਾਇਦ ਨਹੀਂ। ਮੈਂ ਕਾਨੂੰਨ ਤੋਂ ਬਚ ਗਿਆ ਸਾਂ, ਪਰ ਸਜ਼ਾ ਭੁਗਤ ਰਿਹਾ ਹਾਂ।

ਅ) ਕੰਮ ਕਰਨ ਲਈ ਸਿਰਫ਼ ਸਰੀਰਕ ਬਲ ਹੀ ਨਹੀਂ, ਸਿਰੜ ਵੀ ਜ਼ਰੂਰੀ ਹੈ। ਬੰਦਾ ਰੋਂਦਾ ਜੰਮਦਾ ਏ ਤੇ ਜੇ ਮਰਿਆ ਵੀ ਰੋਂਦਾ ਈ ਤਾਂ ਜੰਮਣ ਤੇ ਮਰਨ ਵਿਚ ਕੀ ਫ਼ਰਕ ਹੋਇਆ? ਬੰਦੇ ਨੂੰ ਚਾਹੀਦਾ ਏ ਉਹ ਹੱਸਦਾ-ਹੱਸਦਾ ਮਰੇ। ਮੇਲਾ ਛੱਡਣ ਲੱਗਿਆਂ ਬੁਸਕਣਾ ਕਿਹੜੀ ਗੱਲੋਂ? ਤੇ ਮਰਨ ਲੱਗਿਆਂ ਮਗਰਲਿਆਂ ਨੂੰ ਮੱਤਾਂ ਦੇਣੀਆਂ ਵੱਡੀ ਬੇਸਮਝੀ ਹੈ। ਜ਼ਮਾਨਾ ਜਿਉਂਦਿਆਂ ਦੀ ਮੱਤ ’ਤੇ ਚਲਦਾ ਨਹੀਂ ਤਾਂ ਮੋਇਆਂ ਹੋਇਆਂ ਦੀ ਮੱਤ ਕਿਵੇਂ ਮੰਨ ਲਵੇਗਾ?

(ੲ) ਇਕ ਪਤਨੀ ਤੇ ਛੋਟਾ ਪਰਿਵਾਰ ਸੁਖੀ ਜੀਵਨ ਲਈ ਜ਼ਰੂਰੀ ਹੈ ਪਰ ਜ਼ਿੰਦਗੀ ਕਿਸੇ ਵੀ ਫਾਰਮੂਲੇ ਦੇ ਅਧੀਨ ਨਹੀਂ ਚੱਲਦੀ।

ਸ) ਥੋੜ੍ਹੀ ਆਮਦਨ ਵਾਸਤੇ ਕਰਜ਼ਾ ਇਕ ਜਿੱਲਣ ਹੈ।

ਹ) ਕੁਰਬਾਨੀ ਵੇਚਣੀ ਧਰਮ ਵੇਚਣ ਦੇ ਬਰਾਬਰ ਹੈ।

ਕ) ਹਰ ਬੋਲੀ ਆਪਣੀ ਲਿੱਪੀ ਵਿਚ ਹੀ ਠੀਕ ਤਰ੍ਹਾਂ ਲਿਖੀ ਜਾ ਸਕਦੀ ਹੈ।

ਖ) ਲੇਖਕ ਕੋਲੋਂ ਕੋਈ ਗੱਲ ਵੀ ਸੁੱਤੇ ਸਿਧ ਜਾਂ ਅਵੇਸਲੇ ਨਹੀਂ ਹੁੰਦੀ।

ਗ) ਵਰਤਮਾਨ ਯੁੱਗ ਵਿਚ ਕਿਸੇ ਮੁਲਕ ਨੂੰ ਵੀ ਲੜਾਈ ਤੋਂ ਫ਼ਾਇਦਾ ਨਹੀਂ ਪੁੱਜ ਸਕਦਾ।

ਘ) ਵੰਡ-ਵੰਡਾਈ ਨਾਲ ਇਹ ਲੜਾਈ (ਦੇਸ਼-ਵੰਡ 1947 ਈ.) ਸਦਾ ਵਾਸਤੇ ਮੁੱਕ ਨਹੀਂ ਗਈ, ਹੁਣ ਇਹ ਛੁਰਿਆਂ/ਤਲਵਾਰਾਂ ਨਾਲ ਲੜੇ ਹਨ, ਭਲਕੇ ਟੈਂਕਾਂ ਤੇ ਹਵਾਈ ਜਹਾਜ਼ਾਂ ਨਾਲ ਲੜਨਗੇ। (ਭਾਰਤ-ਪਾਕਿ ਜੰਗਾਂ)

ਙ) ਹਰ ਰਾਜ ਬਣਤਰ ਵਿਚ ਕੁਝ ਬੁੱਧੀਜੀਵੀ, ਅਸੰਤੁਸ਼ਟ ਰਹਿਣਗੇ।

ਚ) ਮਾਰਕਸਿਜ਼ਮ ਸਿਰਫ਼ ਸਰੀਰ ਦੀਆਂ ਲੋੜਾਂ ਦੀ ਗੱਲ ਕਰਦਾ ਹੈ ਪਰ ਗੁਰਬਾਣੀ ਸਰੀਰ ਤੇ ਆਤਮਾ ਦੋਹਾਂ ਦੀ।

ਇਉਂ ਸੀਤਲ ਜੀ ਦੀ ਲਿਖਤ ਯਥਾਰਥਕ ਵੀ ਹੈ, ਦਾਰਸ਼ਨਿਕ ਵੀ ਤੇ ਵਿਅੰਗ ਭਰਪੂਰ ਵੀ।

ਉਨ੍ਹਾਂ ਕੋਲ ਜ਼ਿੰਦਗੀ ਦਾ ਵਿਸ਼ਾਲ ਤਜ਼ਰਬਾ ਹੈ, ਗੁਰਬਾਣੀ ਦੀ ਗਹਿਨ ਚੇਤਨਾ, ਜੋ ਉਨ੍ਹਾਂ ਦੇ ਰਚਨਾਤਮਕ ਵਿਵੇਕ ਨੂੰ ਸੇਧ ਦਿੰਦੀ ਹੈ।

ਸੀਤਲ ਜੀ ਦੀਆਂ ਰਚਨਾਵਾਂ ਵਿਚ ਕਮਾਲ ਦੀ ਪਕੜ ਹੈ, ਰਚਨਾ ਸ਼ੁਰੂ ਕਰ ਲਓ, ਫਿਰ ਉਹ ਖ਼ੁਦ-ਬ-ਖ਼ੁਦ ਪਾਠਕ ਨੂੰ ਵਹਾ ਲੈਂਦੀ ਹੈ। ਪੰਜਾਬੀ ਦੇ ਇਕ ਪ੍ਰਸਿੱਧ ਨਾਵਲਕਾਰ ਨੇ ਲਿਖਿਆ ਸੀ ਕਿ ‘ਮੈਨੂੰ ਆਲੋਚਕ ਮਿਲ ਗਏ ਪਰ ਪਾਠਕ ਨਹੀਂ ਮਿਲੇ’। ਸੀਤਲ ਜੀ ਨੂੰ ਪਾਠਕ ਮਿਲ ਗਏ, ਇਸ ਲਈ ਉਨ੍ਹਾਂ ਨੇ ਆਲੋਚਕਾਂ ਦੀ ਚਿੰਤਾ ਛੱਡ ਦਿੱਤੀ। ਹੁਣ ਉਨ੍ਹਾਂ ਦੀਆਂ ਕੁਝ ਰਚਨਾਵਾਂ ਨੂੰ ਮਾਨਤਾ ਮਿਲ ਰਹੀ ਹੈ, ਉਨ੍ਹਾਂ ਦੇ ਹੁੰਦਿਆਂ ਨਹੀਂ ਮਿਲੀ। ਇਹੋ ਉਨ੍ਹਾਂ ਦੀ ਲਿਖਤ ਦੇ ਜੀਂਊਂਦੇ ਹੋਣ ਦਾ ਪ੍ਰਮਾਣ ਹੈ। ਉਨ੍ਹਾਂ ਨੂੰ ਅਹਿਸਾਸ ਹੈ ਕਿ ਸਾਹਿਤ ਦਾ ਪਹਿਲਾ ਗੁਣ ‘ਮਨੋਰੰਜਨ’ ਹੈ। ਸੀਤਲ ਜੀ ਬੇਲੋੜੇ ਵਿਸਤਾਰ, ਨਾ-ਮੰਨਣਯੋਗ ਵਿਚਾਰਾਂ ਅਤੇ ਬੇਰਸੀ ਬੋਲੀ ਤੋਂ ਦੂਰ ਹੋਣ ਕਾਰਨ ਪਾਠਕ ਦਿਲਾਂ ਦੇ ਨੇੜੇ ਹਨ।

ਬਕੌਲ ਸੀਤਲ ਜੀ ਉਹ ਸਭ ਤੋਂ ਪਹਿਲਾਂ ‘ਢਾਡੀ’ ਹਨ, ਫਿਰ ‘ਸਿੱਖ ਇਤਿਹਾਸ ਲੇਖਕ’ ਤੇ ਫਿਰ ‘ਨਾਵਲਕਾਰ’ ਪਰ ਮੇਰੀ ਜਾਚੇ ਉਹ ਸੱਚੇ-ਸੱਚੇ ਲੇਖਕ ਹਨ ਤੇ ਹਰ ਖੇਤਰ ਵਿਚ ਇੱਕੋ ਜਿਹੇ ਇਮਾਨਦਾਰ ਤੇ ਖਰੇ। ਉਨ੍ਹਾਂ ਦੀ ਗੀਤਕਾਰੀ ਤੇ ਵਾਰਕਾਰੀ ਵੀ ਉਨ੍ਹਾਂ ਦੀ ਇਤਿਹਾਸਕਾਰੀ ਤੇ ਗਲਪਕਾਰੀ ਵਾਂਙ ਮਹੱਤਵਪੂਰਨ ਹੈ। ਉਨ੍ਹਾਂ ਦੀ ਲਿਖਤ ਵਿਚਲੀਆਂ ਸਮੀਖਿਆਕਾਰੀ ਟਿੱਪਣੀਆਂ ਵੀ ਸੇਧ-ਯੁਕਤ ਹਨ। ਉਹ ‘ਹਿੰਦੀ ਦੇ ਦੋਹੇ’, ‘ਉਰਦੂ ਦੀ ਗ਼ਜ਼ਲ’ ਅਤੇ ‘ਪੰਜਾਬੀ ਦੇ ਗੀਤਾਂ’ ਦਾ ਮੱਦਾਹ ਹੈ।

ਸਿੱਖ ਇਤਿਹਾਸਕਾਰੀ ਬਾਰੇ ਕੀਤੇ ਉਨ੍ਹਾਂ ਦੇ ਦਸਤਾਵੇਜ਼ੀ ਕੰਮ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਖੋਜਕਾਰੀ ਲਗਨ ਕਿੰਨੀ ਪੱਕੀ ਪੀਢੀ ਸੀ। ਉਹ ਉਰਦੂ, ਫ਼ਾਰਸੀ, ਅਰਬੀ ਤੋਂ ਇਲਾਵਾ ਦੇਵਨਾਗਰੀ ਵਿਚ ਲਿਖੇ ਗ੍ਰੰਥਾਂ ਦੇ ਵੀ ਗਿਆਤਾ ਸਨ। ਪੁਰਾਤਨ ਸਮੇਂ ਵਿਚ ਵਰਤੇ ਜਾਂਦੇ ਸੂਚਕ ਸੰਮਤਾਂ ਨੂੰ ਉਠਾਲਦਿਆਂ ਉਹ ਉਚਿਤ ਤਸ਼ਰੀਹ ਕਰਦੇ ਸਨ, ਜਿਵੇਂ:

‘ਸੰਮਤ ਸੋਲਾਂ ਸੋ ਗ੍ਰਹਿ ਜਾਨੋ’ (1609 ਬਿ.) ‘ਸਸਿ ਖਟ ਰਿਤ ਗ੍ਰਹਿ ਸੰਮਤੋ’ (1669) ‘ਸਸਿ ਖਟ ਗ੍ਰਹਿ ਪੁਨ ਬੇਦ ਬਖਾਨੀ’ (1694)

ਸੰਮਤ ਦਾ ਉਪਰੋਕਤ ਢੰਗ ਲਿਖਣਾ ਸੌਖਾ ਹੈ ਪਰ ਸਮਝਣਾ ਔਖਾ ਜਦ ਕਿ ਅਰਬੀ-ਫ਼ਾਰਸੀ ਦਾ ‘ਅਬਜ਼ਦ’ ਢੰਗ ਲਿਖਣਾ ਔਖਾ ਹੈ ਪਰ ਸਮਝਣਾ ਸੌਖਾ। ਉਸ ਵਿਚ ਅੱਖਰਾਂ ਦੀਆਂ ਕੀਮਤਾਂ ਨਿਸ਼ਚਿਤ ਜੁ ਹੁੰਦੀਆਂ ਹਨ।

‘ਸ੍ਰੀ ਗੁਰ ਸੋਭਾ’ ਤੋਂ ਲੈ ਕੇ ‘ਸੂਰਜ ਪ੍ਰਕਾਸ਼’ ਤਕ ਸਭ ਇਤਿਹਾਸਕ ਗ੍ਰੰਥਾਂ ਦੀ ਖੋਜ ਕਰਦਿਆਂ ਉਨ੍ਹਾਂ ਨੇ ਸਿੱਧ ਕੀਤਾ ਹੈ ਕਿ ਬ੍ਰਿਜ ਭਾਸ਼ਾ ਦੇ ਰਲੇ ਨਾਲ ਔਖੀ ਸ਼ਬਦਾਵਲੀ ਵਰਤ ਕੇ ਰਚੇ ਗਏ ਇਹ ਸਾਰੇ ਗ੍ਰੰਥ ਇਕ ਤਾਂ ਇਸ ਲਈ ਔਖੀ ਬੋਲੀ ਵਿਚ ਰਚੇ ਗਏ ਕਿ ‘ਓਦੋਂ ਇਹ ਰਿਵਾਜ ਹੀ ਸੀ ਕਿ ਕੋਈ ਜਿੰਨੀ ਔਖੀ ਬੋਲੀ ਵਰਤੇ, ਓਨਾ ਹੀ ਵੱਡਾ ਵਿਦਵਾਨ ਮੰਨਿਆ ਜਾਂਦਾ ਹੈ’। (ਇਹ ਧਾਰਨਾ ਹਰ ਕਾਲ ਦਾ ਸੱਚ ਜਾਪਦੀ ਹੈ) ਜ਼ਿੰਮੇਵਾਰੀ ਭਰਪੂਰ ਕਥਨ ਉਪਰੰਤ ਸੀਤਲ ਜੀ ਨੇ 1981 ਤੋਂ 1984 ਤਕ 70- 75 ਵਰ੍ਹੇ ਦੀ ਉਮਰ ਵਿਚ ਰੋਜ਼ਾਨਾ 8-9 ਘੰਟੇ ਦੀ ਬੈਠਕ ਦੇ ਕੇ ‘ਸਿੱਖ ਇਤਿਹਾਸ ਦੇ ਸੋਮੇ’ ਤੇ ‘ਮੇਰੇ ਇਤਿਹਾਸਕ ਲੈਕਚਰ’ ਆਦਿ ਖੋਜ-ਪੁਸਤਕਾਂ ਦੀ ਰਚਨਾ ਕਰ ਕੇ ਪੰਜਾਬੀ ਸਾਹਿਤ ਦੇ ਭੰਡਾਰ ਵਿਚ ਨਰੋਆ ਵਾਧਾ ਕੀਤਾ।

ਨਿਰਸੰਦੇਹ, ਗਿਆਨੀ ਸੋਹਣ ਸਿੰਘ ਸੀਤਲ ਦਾ ਪਾਠਕ ਹੋਣਾ, ਆਪਣੀ ਵਿਰਾਸਤੀ ਅਮੀਰੀ ਦਾ ਹੱਕੀ ਵਾਰਿਸ ਹੋਣਾ ਹੈ। ਉਨ੍ਹਾਂ ਨੇ ਸੰਤੁਸ਼ਟ ਜੀਵਨ ਜੀਵਿਆ ਹੈ ਤੇ ਉਹ ਪਾਠਕਾਂ ਨੂੰ ਭਰਪੂਰ ਸੰਤੁਸ਼ਟੀ ਪ੍ਰਦਾਨ ਕਰਨ ਦੇ ਸਮਰੱਥ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Jatinderpal Singh Jolly
ਸਾਬਕਾ ਪ੍ਰੋਫ਼ੈਸਰ ਅਤੇ ਰੀਡਰ -ਵਿਖੇ: ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ

ਗੁਰਪੁਰਵਾਸੀ ਡਾ. ਜਤਿੰਦਰਪਾਲ ਸਿੰਘ ਜੌਲੀ(1960-2009) ਸਾਬਕਾ ਪ੍ਰੋਫ਼ੈਸਰ ਅਤੇ ਰੀਡਰ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਤੇ ਇੱਕ ਮਸ਼ਹੂਰ ਕਵੀ ਉੱਘੇ ਲੇਖਕ ਸਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)