editor@sikharchives.org

ਸਮਕਾਲੀ ਜਨ-ਜੀਵਨ ਤੇ ਸੀਤਲ ਜੀ ਦੀ ਜੀਵਨੀ

ਉਨ੍ਹਾਂ ਦਾ ਸੰਪੂਰਨ ਵਾਰਾਂ ਦਾ ਸੰਗ੍ਰਹਿ, ਕੁਝ ਨਾਵਲ, ਸਿੱਖ ਇਤਿਹਾਸ ਦੇ ਸੋਮੇ ਤੇ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਜਨਮ 7 ਅਗਸਤ 1909 ਤੋਂ ਲੈ ਕੇ ਅਗਸਤ 2009 ਤਕ ਪੂਰੇ ਸੌ ਸਾਲ ਦੇ ਪੰਜਾਬ ਦੀ ਸਮਾਜਿਕ ਤੇ ਧਾਰਮਿਕ ਪੱਖ ਦੀ ਤਸਵੀਰ ਸਾਡੇ ਅੱਖਾਂ ਅੱਗੇ ਘੁੰਮ ਜਾਂਦੀ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਰਕਾਰੀ ਹਾਈ ਸਕੂਲ ਭੜਾਣਾ (ਜ਼ਿਲ੍ਹਾ ਫਿਰੋਜ਼ਪੁਰ) ਤੋਂ ਛੇਵੀਂ ਤੋਂ ਦਸਵੀਂ ਤਕ ਵਿੱਦਿਆ ਪ੍ਰਾਪਤ ਕਰਨ ਸਮੇਂ ਸਾਨੂੰ ਪਤਾ ਨਹੀਂ ਸੀ ਕਿ ਇਹ ਪ੍ਰਸਿੱਧ ਢਾਡੀ ਸੋਹਣ ਸਿੰਘ ਸੀਤਲ ਦਾ ਸਹੁਰਾ ਪਿੰਡ ਹੈ। ਬਚਪਨ ਦੀ ਯਾਦ ਜ਼ਰੂਰ ਹੈ ਕਿ ਇਸ ਪਿੰਡ ਦੇ ਇਕ ਧਾਰਮਿਕ ਸਮਾਗਮ ਸਮੇਂ ਜੋ ਢਾਡੀ ਜਥਾ ਵਾਰਾਂ ਗਾ ਰਿਹਾ ਸੀ ਉਹ ਸੀਤਲ ਜੀ ਦਾ ਜਥਾ ਸੀ। ਕਾਫੀ ਚਿਰ ਬਾਅਦ ਇਕ-ਦੋ ਵੱਡੇ ਸਮਾਗਮਾਂ ਵਿਚ ਸੁਣਿਆ ਅਤੇ ਫਿਰ ਉਨ੍ਹਾਂ ਦਾ ਸੰਪੂਰਨ ਵਾਰਾਂ ਦਾ ਸੰਗ੍ਰਹਿ, ਕੁਝ ਨਾਵਲ, ਸਿੱਖ ਇਤਿਹਾਸ ਦੇ ਸੋਮੇ ਤੇ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਜਨਮ 7 ਅਗਸਤ 1909 ਤੋਂ ਲੈ ਕੇ ਅਗਸਤ 2009 ਤਕ ਪੂਰੇ ਸੌ ਸਾਲ ਦੇ ਪੰਜਾਬ ਦੀ ਸਮਾਜਿਕ ਤੇ ਧਾਰਮਿਕ ਪੱਖ ਦੀ ਤਸਵੀਰ ਸਾਡੇ ਅੱਖਾਂ ਅੱਗੇ ਘੁੰਮ ਜਾਂਦੀ ਹੈ। ਮੈਂ ਕੁਝ ਵਿਸ਼ੇਸ਼ ਨੁਕਤੇ ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ ਜੋ ਸੀਤਲ ਜੀ ਦੀ ਜੀਵਨੀ ‘ਵੇਖੀ ਮਾਣੀ ਦੁਨੀਆਂ’ ’ਤੇ ਅਧਾਰਿਤ ਹਨ:

‘ਉਸ ਸਮੇਂ ਲੋਕਾਂ ਦਾ ਇਤਿਹਾਸ ਕੌਣ ਸਾਂਭਦਾ ਸੀ?’

Dhadi Sohan Singh Seetal
ਢਾਡੀ ਸੋਹਣ ਸਿੰਘ ਸੀਤਲ

“ਪਿੰਡਾਂ ਵਿਚ ਮਰਾਸੀ ਤੇ ਸਾਂਹਸੀ ਵਿਆਹ ਸ਼ਾਦੀ ਸਮੇਂ ‘ਕਲਾਣ’ ਕਰਿਆ ਕਰਦੇ ਸਨ। ਕਿਸੇ ਘਰ ਦੀ ਬੰਸਾਵਲੀ ਦੀ ਜਾਣਕਾਰੀ ਬਾਰੇ ਇਹ ਸਭ ਤੋਂ ਚੰਗਾ ਸਾਧਨ ਸੀ।” (ਪੰਨਾ 13-14)

‘ਉਸ ਸਮੇਂ ਜੰਮਦੀਆਂ ਧੀਆਂ ਸੰਬੰਧੀ ਸਮਾਜ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਸੀ ਅਤੇ ਬੱਚੇ ਦੀ ਮੌਤ ਬਾਰੇ ਲੋਕ-ਵਿਸ਼ਵਾਸ ਕੀ ਸਨ?’

“ਛੋਟੀ ਉਮਰੇ ਕੰਨਿਆਂ ਦੇ ਗੁਜਰ ਜਾਣ ਦਾ ਲੋਕ ਬਹੁਤਾ ਅਫਸੋਸ ਨਹੀਂ ਸੀ ਕਰਿਆ ਕਰਦੇ, ਜੇ ਉਹ ਪਲੇਠੀ ਦੀ ਨਾ ਹੋਵੇ। ਪਹਿਲੇ ਬਾਲ ਦਾ ਗੁਜ਼ਰ ਜਾਣਾ ਬਹੁਤ ਬੁਰਾ ਮੰਨਿਆ ਜਾਂਦਾ ਸੀ। ਗੁਆਂਢਣਾਂ ਉਸ ਦੇ ਮੱਥੇ ਲੱਗਣੋਂ ਵੀ ਝਿਜਕਿਆ ਕਰਦੀਆਂ ਸਨ।” (ਪੰਨਾ 30)

‘ਉਸ ਸਮੇਂ ਪਿੰਡਾਂ ਵਿਚ ਵਿੱਦਿਆ ਦਾ ਪਾਸਾਰ ਕਿਹੋ ਜਿਹਾ ਸੀ?’ “ਸਾਡੇ ਪਿੰਡ ਦੀ ਵਸੋਂ ਉਸ ਵੇਲੇ ਹਜ਼ਾਰ ਦੇ ਕਰੀਬ ਸੀ, ਪਰ ਜੇ ਓਸੇ ਬੋਲੀ ਵਿਚ ਫੜ੍ਹ ਮਾਰਨੀ ਹੋਵੇ ਤਾਂ ਮੈਂ ਕਹਿ ਸਕਦਾ ਹਾਂ ਕਿ ਮੈਥੋਂ ਪਹਿਲਾਂ ਸਾਰਾ ਪਿੰਡ ਅੰਗੂਠਾ ਲਾਉਣ ਵਾਲਾ ਸੀ, ਦਸਤਖ਼ਤ ਕਰਨ ਵਾਲਾ ਕੋਈ ਨਹੀਂ ਸੀ। ਮੇਰੀ ਸੰਭਾਲ ਤੋਂ ਪਹਿਲਾਂ ਪਿੰਡ ਵਿਚ ਜਿਹੜੇ ਤਿੰਨ ਬਜ਼ੁਰਗ ਪੜ੍ਹੇ ਹੋਏ ਵੀ ਸਮਝੇ ਜਾਂਦੇ ਸਨ, ਉਹ ਮੋਟੇ ਅੱਖਰਾਂ ਵਿਚ ਛਪੀ ਹੋਈ ਗੁਰਮੁਖੀ ਜੋੜ ਕਰਕੇ ਸਹਿਜ-ਸਹਿਜ ਪੜ੍ਹ ਸਕਦੇ ਸਨ ਪਰ ਲਿਖ ਨਹੀਂ ਸਨ ਸਕਦੇ, ਨਾ ਲਿਖਿਆ ਹੋਇਆ ਪੜ੍ਹ ਸਕਦੇ ਸਨ।” (ਪੰਨਾ 32)

‘ਉਸ ਸਮੇਂ ਦੇ ਇਕ ਸਿੱਖ ਪ੍ਰਚਾਰਕ ਦਾ ਪ੍ਰਚਾਰ ਢੰਗ ਕਿਹੋ ਜਿਹਾ ਸੀ?’

“ਸੰਤ ਜਵੰਦ ਸਿੰਘ ਜੀ ਠੱਠੇ ਵਾਲਿਆਂ ਨੇ ਸਾਡੇ ਇਲਾਕੇ ਵਿਚ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਸੀ। ਉਹ ਨਿਹੰਗ ਬਾਣੇ ਵਿਚ ਘੋੜੇ ’ਤੇ ਅਸਵਾਰ ਪਿੰਡਾਂ ਦਾ ਦੌਰਾ ਕਰਿਆ ਕਰਦੇ। ਦੋ-ਚਾਰ ਸਿੰਘ ਉਨ੍ਹਾਂ ਨਾਲ ਹੋਰ ਵੀ ਹੁੰਦੇ। ਉਹ ਜਿਸ ਪਿੰਡ ਜਾਂਦੇ, ਬੜੇ ਸਰਲ ਢੰਗ ਨਾਲ ਕਹਿੰਦੇ, “ਭਾਈ ਸਿੰਘੋ! ਫੌਜਾਂ ਨੇ ਲੰਗਰ ਛਕਣਾ ਹੈ, ਪਰ ਛਕਾਂਗੇ ਤਾਂ ਜੇ ਕੁਛ ਸਿੰਘ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਣਗੇ। ਉਨ੍ਹਾਂ ਦਾ ਲੋਕਾਂ ’ਤੇ ਬਹੁਤ ਅਸਰ ਸੀ।” (ਪੰਨਾ 32-33)

‘ਉਸ ਸਮੇਂ ਛੋਟੇ ਬੱਚਿਆਂ ਦੀ ਰੱਖਿਆ ਤੇ ਟੂਣੇ ਟਾਮਣੇ ਪ੍ਰਤੀ ਲੋਕਾਂ ਦੇ ਕੀ ਵਿਸ਼ਵਾਸ ਸਨ?’

“ਅਨਪੜ੍ਹਤਾ ਦੇ ਕਾਰਨ ਸਾਡੇ ਇਲਾਕੇ ਵਿਚ ਆਮ ਰਿਵਾਜ ਸੀ ਕਿ ਛੋਟੇ ਜਿਹੇ ਬੱਚੇ ਦੇ ਕੇਸਾਂ ਦੀ ਇਕ ਲਿਟ ਕੈਂਚੀ ਨਾਲ ਜ਼ਰੂਰ ਕੱਟ ਦੇਣੀ। ਉਹਨਾਂ ਬਿਰਧ ਮਾਈਆਂ ਦਾ ਵਿਸ਼ਵਾਸ ਸੀ ਕਿ ਜਿਸ ਬੱਚੇ ਦੇ ਕੇਸਾਂ ਦੀ ਲਿਟ ਕੱਟੀ ਹੋਵੇ, ਉਹਦੇ ਉੱਤੇ ਕਿਸੇ ਕਿਸਮ ਦਾ ਟੂਣਾ-ਟਮਾਣਾ ਜਾਂ ਜੰਤਰ-ਮੰਤਰ ਅਸਰ ਨਹੀਂ ਕਰਦਾ।” (ਪੰਨਾ 35)

ਜਦ ਸੀਤਲ ਜੀ ਦੀ ਮਾਤਾ ਨੂੰ ਗੁਆਂਢਣਾਂ ਨੇ ਲਿਟ ਕੱਟ ਕੇ ਤਵੀਤ ਵਿਚ ਮੜ੍ਹ ਕੇ ਗਲ਼ ਪਾਉਣ ਲਈ ਕਿਹਾ ਤਾਂ ਉਹਨਾਂ ਕੀ ਉੱਤਰ ਦੇਣਾ?

“ਮੇਰੀ ਮਾਤਾ ਜੀ ਨੇ ਬੜੀ ਦ੍ਰਿੜ੍ਹਤਾ ਨਾਲ ਉੱਤਰ ਦੇਣਾ, “ਨਹੀਂ ਬੇਬੇ! ਮੈਂ ਆਪਣੇ ਹੱਥੀਂ ਪੁੱਤਰ ਦੇ ਸੁੱਚੇ ਕੇਸ ਜੂਠੇ ਨਹੀਂ ਕਰਨੇ। ਇਹਦਾ ਗੁਰੂ ਮਹਾਰਾਜ ਰਾਖਾ ਏ।” (ਸੀਤਲ ਜੀ ਨੇ ਇਹ ਪ੍ਰਣ ਸਾਰੀ ਉਮਰ ਨਿਭਾਇਆ)” (ਪੰਨਾ 35)

‘ਉਸ ਸਮੇਂ ਪਿੰਡਾਂ ਵਿਚ ਪਾਂਧੇ ਦਾ ਕੰਮ ਤੇ ਲੋਕਾਂ ਦਾ ਪਹਿਰਾਵਾ ਕੀ ਸੀ?’

“ਪਾਂਧੇ ਨੇ ਸੰਗਰਾਂਦ, ਮੱਸਿਆ, ਪੁੰਨਿਆ, ਇਕਾਦਸ਼ੀ ਇੱਕੋ ਸਾਹੇ ਦੱਸ ਦੇਣੀਆਂ, ਨਾਲ-ਨਾਲ ਮਹੀਨੇ ਦੀਆਂ ਤਾਰੀਖਾਂ ਬੋਲੀ ਜਾਣੀਆਂ। ਪਿੰਡਾਂ ਵਿਚ ਖੱਦਰ ਪਹਿਨਣ ਦਾ ਰਿਵਾਜ ਮਹਾਤਮਾ ਗਾਂਧੀ ਦੇ ਪਰਚਾਰ ਤੋਂ ਪਹਿਲਾਂ ਵੀ ਸੀ।” (ਪੰਨਾ 41)

‘ਉਸ ਸਮੇਂ ਵਿੱਦਿਆ ਤੇ ਧਰਮ ਪ੍ਰਤੀ ਉਦਾਸੀ ਸਾਧੂਆਂ ਦਾ ਕੀ ਯੋਗਦਾਨ ਸੀ?’

“ਮੈਂ ਓਦੋਂ ਛੇ ਕੁ ਸਾਲ ਦਾ ਸਾਂ। ਸਾਡੇ ਪਿੰਡ ਵਿਚ ਇਕ ਉਦਾਸੀ ਸਾਧੂ ‘ਹਰੀਦਾਸ’ ਆ ਗਿਆ। ਉਸ ਵੇਲੇ ਗੁਰਦੁਆਰੇ ਦੇ ਸਿਰਫ ਦੋ ਕੱਚੇ ਕਮਰੇ ਹੀ ਸਨ। ਉਹਨੇ ਪਿੰਡ ਵਾਲਿਆਂ ਨੂੰ ਕੱਠੇ ਕਰਕੇ ਕਿਹਾ, ਮੈਂ ਬੱਚਿਆਂ ਨੂੰ ਗੁਰਮੁਖੀ ਪੜ੍ਹਾਵਾਂਗਾ, ਪਰਸ਼ਾਦੇ ਨਗਰ ਵਿੱਚੋਂ ਮੇਰਾ ਚੇਲਾ ਲੈ ਆਇਆ ਕਰੇਗਾ। ਹੋਰ ਕਿਸੇ ਚੀਜ਼ ਦੀ ਸਾਨੂੰ ਇਛਿਆ ਨਹੀਂ।” (ਪੰਨਾ 47)

‘ਨਸ਼ਿਆਂ ਸਬੰਧੀ ਬਜ਼ੁਰਗਾਂ ਦੀ ਕੀ ਧਾਰਨਾ ਸੀ?’

“ਮੇਰੇ ਵਾਸਤੇ ਪਿਤਾ ਦਾ ਉਪਦੇਸ਼ ਸੀ, “ਵੇਖ, ਇਕ ਗੱਲ ਯਾਦ ਰੱਖੀਂ, ਹਰ ਕਿਸਮ ਦੇ ਨਸ਼ਿਆਂ ਤੋਂ ਬਚਿਆ ਰਹੀਂ। ਨਸ਼ਾ ਅਜਿਹਾ ਰੋਗ ਹੈ ਜੋ ਆਦਮੀ ਆਪ ਲਾ ਲੈਂਦਾ ਹੈ ਤੇ ਫਿਰ ਇਹ ਸਿਰ ਦੇ ਨਾਲ ਹੀ ਜਾਂਦਾ ਹੈ।” (ਪੰਨਾ 74)

‘ਉਸ ਸਮੇਂ ਵਿਆਹ-ਸ਼ਾਦੀਆਂ ਸਬੰਧੀ ਵਹਿਮ-ਵਿਚਾਰ ਕਿਹੋ ਜਿਹੇ ਸਨ?’

“ਜੇ ਕਿਸੇ ਨੇ ਦੂਰ ਢੁਕਣਾ ਹੋਵੇ ਤਾਂ ਨੀਂਗਰ ਚੰਦ ਦੀ ਨ੍ਹਾਈ-ਧੋਈ ਦੀਆਂ ਸਾਰੀਆਂ ਰਸਮਾਂ ਪਹਿਲੀ ਸ਼ਾਮ ਨੂੰ ਹੀ ਹੋ ਜਾਣੀਆਂ, ਵਾਗ ਗੁੰਦਾਈ ਪਿੱਛੋਂ ਲਾੜੇ ਨੂੰ ਵਾਪਸ ਘਰ ਨਾ ਲਿਆਉਣਾ, ਸਗੋਂ ਬਾਹਰ ਸੱਥ ਵਿਚ ਜਾਂ ਗੁਰਦੁਆਰੇ ਹੀ ਰਾਤ ਰੱਖਣਾ। ਅਰਥ ਇਹ ਸਮਝਿਆ ਜਾਂਦਾ ਸੀ ਕਿ ਵਿਦਾਇਗੀ ਪਿੱਛੋਂ ਉਹ ਡੋਲੀ ਲੈ ਕੇ ਹੀ ਘਰ ਪਰਤੇ। ਇਕੱਲੇ ਦਾ ਘਰ ਮੁੜਨਾ ਮਾੜਾ ਸ਼ਗਨ ਸਮਝਿਆ ਜਾਂਦਾ ਸੀ। (ਪੰਨਾ 85)

ਇਸੇ ਤਰ੍ਹਾਂ ਜੇ ਦਰਿਆਉਂ ਪਾਰ ਢੁਕਣਾ ਹੋਵੇ ਤਾਂ ਵਹਿਮ ਸੀ ਕਿ ਨ੍ਹਾਈ ਧੋਈ ਕਰਕੇ ਦਰਿਆ ਉੱਪਰ ਦੀ ਨਹੀਂ ਲੰਘਣਾ ਅਤੇ ਉਸ ਸਮੇਂ ਪਤਨੀ ਆਪਣੇ ਪਤੀ ਕੋਲੋਂ ਘੁੰਡ ਕੱਢਦੀ ਸੀ।”

‘ਉਸ ਸਮੇਂ ਕੋਈ ਆਪਣੀ ਪਤਨੀ ਦਾ ਨਾਮ ਨਹੀਂ ਸੀ ਲੈਂਦਾ ਪਰ ਕੀ ਕਹਿ ਕੇ ਬੁਲਾਉਂਦੇ ਸਨ?’

“ਮਾਲਕ ਨੇ ਘਰ ਦੀ ਨੂੰ ਵਾਜ ਮਾਰਨੀ ਤਾਂ “ਉ ਬੋਲੀਏ!” ਜਾਂ “ਕਮਲੀਏ” ਕਹਿ ਕੇ ਬੁਲਾਉਣਾ। ਘਰ ਬਾਲ ਹੋ ਜਾਣ ਤੋਂ ਪਿੱਛੋਂ ਫਲਾਨੇ ਦੀ ਮਾਂ ਕਹਿ ਕੇ ਬੁਲਾਉਣ ਦੀ ਸਹੂਲਤ ਮਿਲ ਜਾਣੀ।” (ਪੰਨਾ 91)

(ਸੀਤਲ ਜੀ ਨੇ ਲਿਖਿਆ ਕਿ ਮੈਂ ਇਹ ਭਰਮ ਤੋੜਿਆ ਤੇ ਆਪਣੀ ਪਤਨੀ ਦਾ ਨਾਉਂ ‘ਕਰਤਾਰ ਕੌਰ’ ਕਹਿ ਕੇ ਬੁਲਾਉਣ ਲੱਗ ਪਿਆ, ਇਸ ਦੀ ਕਬੀਲੇ ਵਿਚ ਚਰਚਾ ਹੋਈ ਕਿ ਸੀਤਲ ਆਪਣੀ ਪਤਨੀ ਦਾ ਨਾਮ ਲੈ ਕੇ ਬੁਲਾਉਂਦਾ ਹੈ)

‘ਉਸ ਸਮੇਂ ਰਾਸਧਾਰੀਏ ਪਿੰਡਾਂ ਵਿਚ ਕੀ ਗਾਉਂਦੇ ਸਨ?’

“ਰਾਸਧਾਰੀਏ ਪੂਰਨ ਭਗਤ, ਰਾਜਾ ਹਰੀ ਚੰਦ ਆਦਿ ਦੇ ਖੁੱਲ੍ਹੇ ਨਾਟਕ ਕਰਦੇ ਸਨ। ਉਨ੍ਹਾਂ ਵਿਚ ਇਕ ਰਬਾਬੀਆਂ ਦਾ ਲੜਕਾ ਸੀ। ਆਪਣੀ ਵਾਰੀ ਸਮੇਂ ਉਹ ਬਹੁਤੇ ਗੁਰਬਾਣੀ ਦੇ ਸ਼ਬਦ ਕਿਹਾ ਕਰਦਾ ਸੀ। ਭਿੰਨੀ ਰਾਤ ਉਹਦੀ ਵਾਜ ਸਾਰੇ ਪਿੰਡ ਵਿਚ ਸੁਣੀਂਦੀ ਸੀ। ਉਹ ਸਾਰੀ ਮੰਡਲੀ ਦੀ ਜਾਨ ਸੀ।” (ਪੰਨਾ 112)

‘ਜਦ ਇਕ ਆਪਣੇ ਸਰੀਰ ਦੀ ਪੂਜਾ ਕਰਵਾਉਣ ਵਾਲਾ ਮਹਾਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪਲੰਘ ਉੱਤੇ ਚੌਕੜੀ ਮਾਰ ਬੈਠਾ ਤਾਂ ਸੀਤਲ ਜੀ ਨੇ ਵਿਰੋਧ ਕੀਤਾ ਪਰ ਅਗਿਆਨੀ ਸ਼ਰਧਾਲੂਆਂ ਦਾ ਕੀ ਤਰਕ ਸੀ?’

“ਉਹ ਸਾਡੇ ਗੁਰੂ ਹਨ। ਜਿਥੇ ਸਾਡੀ ਮਰਜੀ ਏ ਬਿਠਾਵਾਂਗੇ।” ਸੀਤਲ ਜੀ ਨੇ ਲਿਖਿਆ, “ਮੇਰਾ ਗੁੱਸਾ ਹੋਰ ਬੇਕਾਬੂ ਹੋ ਗਿਆ, ਮੈਂ ਜ਼ਰਾ ਉੱਚੀ ਸੁਰ ਵਿਚ ਕਿਹਾ ਤਾਂ ਅਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ। ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬੈਠੇ, ਅਸੀਂ ਉਠਾਉਣਾ ਵੀ ਜਾਣਦੇ ਹਾਂ।” (ਪੰਨਾ 140)

‘ਜਦ ਸੀਤਲ ਜੀ ਨੇ ਸੌ ਸਫ਼ੇ ਦੀ ਪੁਸਤਕ ‘ਸੀਤਲ ਕਿਰਣਾਂ’ ਛਾਪਣ ਲਈ ਤਿਆਰ ਕੀਤੀ ਤਾਂ ਉਸ ਸਮੇਂ ਪ੍ਰਕਾਸ਼ਕਾਂ ਦਾ ਨਜ਼ਰੀਆ ਕੀ ਸੀ?’

“ਮੈਂ ਅੰਮ੍ਰਿਤਸਰ ਦੇ ਸਾਰੇ ਦੁਕਾਨਦਾਰਾਂ ਪਾਸ ਫਿਰਿਆ ਤੇ ਏਥੋਂ ਤਕ ਕਿਹਾ ਕਿ ਮੁਫ਼ਤੋ-ਮੁਫ਼ਤ ਛਾਪ ਲਵੋ, ਸਦਾ ਵਾਸਤੇ ਕਾਪੀ ਰਾਈਟ ਤੁਹਾਡਾ। ਮੈਨੂੰ ਏਨੀ ਖੁਸ਼ੀ ਹੀ ਬੜੀ ਹੈ, ਲੋਕ ਕਹਿਣਗੇ ਇਸ ਬੰਦੇ ਦੀ ਇਕ ਕਿਤਾਬ ਵੀ ਛਪੀ ਹੋਈ ਹੈ। ਪਰ ਉਸ ਸਮੇਂ ਮੁਫ਼ਤੋ-ਮੁਫ਼ਤ ਛਾਪਣ ਵਾਸਤੇ ਵੀ ਕੋਈ ਤਿਆਰ ਨਾ ਹੋਇਆ।” (ਪੰਨਾ 148) (ਸੀਤਲ ਜੀ ਨੇ ਲਿਖਿਆ ਕਿ ਏਹੋ ਕਿਤਾਬ ਹੁਣ ਤਕ ਡੇਢ ਲੱਖ ਤੋਂ ਵੱਧ ਵਿਕੀ ਹੈ)

‘ਜਦ ਪਾਕਿਸਤਨ ਦੀ ਵੰਡ ਸਮੇਂ ਸੀਤਲ ਜੀ ਦਾ ਜੱਦੀ ਪਿੰਡ (ਕਾਦੀਵਿੰਡ) ਪਾਕਿਸਤਾਨ ਵਿਚ ਆ ਗਿਆ ਤਾਂ ਮੁਸਲਮਾਨ ਭਰਾਵਾਂ ਨੇ ਬਹੁਤ ਵੈਰਾਗ ਕੀਤਾ। ਸੀਤਲ ਜੀ ਦੀ ਕੀ ਸੋਚ ਸੀ?’

“ਮੈਂ ਉਸ ਵੇਲੇ ਸੋਚ ਰਿਹਾ ਸਾਂ, ਜਿਹੜੀ ਇਨਸਾਨੀਅਤ ਸਧਾਰਨ ਮਨੁੱਖਾਂ ਵਿਚ ਹੈ, ਓਹਾ ਕਿਤੇ ਨੀਤੀਵਾਨਾਂ ਵਿਚ ਵੀ ਹੁੰਦੀ, ਤਾਂ ਇਹ ਮੁਲਕ ਟੁਕੜੇ ਨਾ ਹੁੰਦਾ। ਨੀਤੀਵਾਨਾਂ ਦੀ ਤੰਗਦਿਲੀ ਨੇ ਮੁਲਕ ਦੀ ਖ਼ੂਬਸੂਰਤੀ ਮਾਰ ਦਿੱਤੀ ਹੈ।” (ਪੰਨਾ 163)

‘ਗਿਆਨ ਪੱਖੋਂ ਸੀਤਲ ਜੀ ਨੇ ਜੀਵਨ ਦਾ ਤੱਤਸਾਰ ਕੀ ਦਿੱਤਾ ਹੈ?’

“ਉਮਰ ਭਰ ਦੇ ਤਜ਼ਰਬੇ ਨੇ ਮੈਨੂੰ ਇਹ ਸਿਖਾਇਆ ਕਿ ਜਦ ਮੈਂ ਬਹੁਤ ਥੋੜ੍ਹਾ ਜਾਣਦਾ ਸਾਂ, ਤਾਂ ਮੈਂ ਸਮਝਦਾ ਸਾਂ ਮੈਂ ਬਹੁਤ ਵਿਦਵਾਨ ਹਾਂ। ਪਰ ਹੁਣ ਬਹੁਤ ਕੁਛ ਜਾਨਣ ਦੇ ਬਾਅਦ ਮੈਨੂੰ ਗਿਆਨ ਹੋਇਆ ਹੈ ਕਿ ਮੈਂ ਬਹੁਤ ਥੋੜ੍ਹਾ ਜਾਣਦਾ ਹਾਂ ਤੇ ਐਸਾ ਭੁਲੇਖਾ ਹੀ ਮਨੁੱਖ ਦੀ ਸਭ ਤੋਂ ਵੱਡੀ ਅਗਿਆਨਤਾ ਹੈ।” (ਪੰਨਾ 124)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Inderjit Singh Gogoani

ਇੰਦਰਜੀਤ ਸਿੰਘ ਗੋਗੋਆਣੀ ਸਿੱਖ ਪੰਥ ਦੇ ਪ੍ਰਮੁੱਖ ਵਿਦਵਾਨ ਲੇਖਕਾਂ ਦੀ ਲੜੀ ਵਿੱਚ ਆਉਂਦੇ ਹਨ। ਆਪ ਨੇ ਸਿੱਖੀ ਤੇ ਸਿੱਖ ਇਤਿਹਾਸ ਨਾਲ ਸੰਬੰਧਤ ਅਨੇਕਾਂ ਪੁਸਤਕਾਂ ਦੇ ਨਾਲ-ਨਾਲ ਗੁਰਮਤਿ ਸਿਧਾਂਤ ਨਾਲ ਸੰਬੰਧਤ ਤੇ ਹੋਰ ਖੋਜ-ਭਰਪੂਰ ਲੇਖ ਸਿੱਖ ਪੰਥ ਦੀ ਝੋਲੀ ਪਾਉਂਦੇ ਆ ਰਹੇ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)