editor@sikharchives.org

ਗਿਆਨੀ ਦਿੱਤ ਸਿੰਘ ਦਾ ਪੰਥਕ ਪਿਆਰ

ਗਿਆਨੀ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਜੋ ਮਨੁੱਖੀ ਜੀਵਨ ਦਾ ਮਨੋਰਥ ਦਿੱਤਾ ਹੈ ਉਹ ਸਭਨਾਂ ਲਈ ਪ੍ਰੇਰਨਾ-ਸ੍ਰੋਤ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗਿਆਨੀ ਦਿੱਤ ਸਿੰਘ ਦਾ ਜੀਵਨ-ਕਾਲ 21 ਅਪ੍ਰੈਲ 1850 ਈ. ਤੋਂ ਸ਼ੁਰੂ ਹੋ ਕੇ 6 ਸਤੰਬਰ 1901 ਈ. ਨੂੰ ਸਮਾਪਤ ਹੋ ਜਾਂਦਾ ਹੈ। ਪਰ ਇਤਿਹਾਸ ਦੇ ਪੰਨਿਆਂ ’ਤੇ ਉਨ੍ਹਾਂ ਦੀਆਂ ਪੈੜਾਂ ਦੇ ਨਿਸ਼ਾਨ ਗਹਿਰੇ ਹਨ ਜੋ ਪੰਥਕ ਪਿੜ ਅੰਦਰ ਕਾਰਜਸ਼ੀਲ ਪੰਥ-ਦਰਦੀਆਂ ਲਈ ਪ੍ਰੇਰਨਾ-ਸ੍ਰੋਤ ਰਹੇ ਅਤੇ ਰਹਿਣਗੇ। ਭਾਈ ਦੀਵਾਨ ਸਿੰਘ ਦੇ ਗ੍ਰਹਿ ਮਾਤਾ ਰਾਮ ਕੌਰ ਦੀ ਕੁੱਖੋਂ, ਪਿੰਡ ਕਲੌੜ (ਪਹਿਲਾਂ ਰਿਆਸਤ ਪਟਿਆਲਾ, ਹੁਣ ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿਖੇ ਰਾਮਦਾਸੀਆ ਬਰਾਦਰੀ ’ਚ ਜਨਮੇ। ਇਸ ਬਾਲਕ ਦਾ ਪਹਿਲਾ ਨਾਉਂ ਰਾਮਦਿੱਤਾ ਸੀ ਜੋ ਸਿੰਘ ਸਭਾ ਲਹਿਰ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਦਿੱਤ ਸਿੰਘ ਹੋਇਆ। ਵਕਤ ਨਾਲ ਉਨ੍ਹਾਂ ਦੀ ਉੱਚ ਦੁਮਾਲੜੀ ਸ਼ਖ਼ਸੀਅਤ ਸਮਕਾਲੀ ਚੁਣੌਤੀਆਂ ਦੇ ਸਨਮੁਖ ਅਨੇਕ ਤਰ੍ਹਾਂ ਨਾਲ ਪ੍ਰਕਾਸ਼ਮਾਨ ਹੋਈ। ਉਨ੍ਹੀਵੀਂ ਸਦੀ ਦੇ ਅੰਤਲੇ ਦਹਾਕਿਆਂ ਵਿਚ ਸਮੇਂ ਦੀਆਂ ਸੁਵਿਧਾਵਾਂ ਤੇ ਸਾਧਨਾਂ ਉੱਪਰ ਨਜ਼ਰ ਮਾਰੀਏ ਤਾਂ ਉਨ੍ਹਾਂ ਸਮਿਆਂ ਵਿਚ ਗਿਆਨੀ ਜੀ ਦਾ ਕਾਰਜ ਬੜਾ ਅਹਿਮ ਸਥਾਨ ਰੱਖਦਾ ਹੈ। ਅਨੇਕ ਪ੍ਰਕਾਰ ਦੀਆਂ ਰੁਕਾਵਟਾਂ ਵੀ ਉਨ੍ਹਾਂ ਨੂੰ ਆਪਣੇ ਮਾਰਗ ਤੋਂ ਅਟਕਾ ਨਹੀਂ ਸਕੀਆਂ। ਜੇਕਰ ਗਿਆਨੀ ਜੀ ਦੀ ਉਮਰ ਨੂੰ ਸਾਲਾਂ ਨਾਲ ਮਾਪੀਏ ਤਾਂ ਪੰਜ ਦਹਾਕਿਆਂ ਦੇ ਕਰੀਬ ਹੈ ਪਰੰਤੂ ਜੇ ਸਰਗਰਮੀਆਂ ਨੂੰ ਦੇਖੀਏ ਤਾਂ ਉਨ੍ਹਾਂ ਦੀ ਸ੍ਵੈ-ਜੀਵਨੀ ਅਨੁਸਾਰ ਉਨ੍ਹਾਂ ਨੇ ਅੱਠ ਨੌਂ ਸਾਲ ਦੀ ਉਮਰੇ ਬਤੌਰ ਪ੍ਰਚਾਰਕ ਵਿਚਰਨਾ ਸ਼ੁਰੂ ਕੀਤਾ, ਨਾਲ-ਨਾਲ ਵਿਦਿਆ-ਪ੍ਰਾਪਤੀ, ਅਨੇਕ ਪੁਸਤਕਾਂ ਦੇ ਰਚਾਇਤਾ, 13 ਜੂਨ 1886 ਈ. ਤੋਂ ਸਤੰਬਰ 1901 ਈ. ਤਕ ਖ਼ਾਲਸਾ ਅਖ਼ਬਾਰ ਲਾਹੌਰ ਦੀ ਸੰਪਾਦਨਾ, ਅਨੇਕਾਂ ਲੜੀਵਾਰ ਕਾਲਮ, ਦੂਰ-ਦੂਰ ਤਕ ਪ੍ਰਚਾਰ ਦੌਰੇ, ਗੋਸ਼ਟੀਆਂ, ਸਿੱਖ ਪੰਥ ਨੂੰ ਕੁਝ ਕਰਨ ਦੇ ਸੁਝਾਉ, ਪਾਠਕਾਂ ਦੇ ਪ੍ਰਸ਼ਨਾਂ ਦੇ ਉੱਤਰ, ਦਿਨ-ਰਾਤ ਗਹਿਰੀ ਮੁਸ਼ੱਕਤ, ਰੋਜ਼ਗਾਰ ਲਈ ਓਰੀਅੰਟਲ ਕਾਲਜ ਦੀ ਅਧਿਆਪਕੀ, ਧਰਮ ਪ੍ਰਚਾਰ ਲਈ ਮਿਸ਼ਨਰੀ ਸਪਿਰਟ ਉਨ੍ਹਾਂ ਦੀ ਪੰਥਕ ਭਾਵਨਾ ਦਾ ਪ੍ਰਤੱਖ ਪ੍ਰਮਾਣ ਹਨ।

ਗਿਆਨੀ ਦਿੱਤ ਸਿੰਘ

ਸ੍ਰੀ ਗੁਰੂ ਸਿੰਘ ਸਭਾ ਲਾਹੌਰ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਦਾ ਹਰ ਪਲ ਸ੍ਰੀ ਗੁਰੂ ਗ੍ਰੰਥ ਤੇ ਗੁਰੂ-ਪੰਥ ਨੂੰ ਸਮਰਪਿਤ ਸੀ। ਇਹ ਵੀ ਹਕੀਕਤ ਹੈ ਕਿ ਐਸੇ ਚਿੰਤਕ ਭਵਿੱਖਮੁਖੀ ਹੁੰਦੇ ਹਨ ਪਰ ਸਾਧਾਰਨ ਵਰਗ ਸਮਾਂ ਪਾ ਕੇ ਹੀ ਉਨ੍ਹਾਂ ਦੇ ਵਿਚਾਰਾਂ ਦੀ ਸਮਝ ਤਕ ਪਹੁੰਚਦਾ ਹੈ। ਜੇਕਰ ਉਨ੍ਹਾਂ ਨੇ ਸ਼ਹੀਦੀ ਪ੍ਰਸੰਗ ਕਾਵਿ ਰੂਪ ਵਿਚ ਲਿਖੇ ਤਾਂ ਅੰਤ ਆਪਣੀ ਕੌਮ ਨੂੰ ਸੁਨੇਹਾ ਦਿੰਦਿਆਂ ਪਤਿਤਪੁਣੇ ਤੋਂ ਵਰਜਿਆ ਹੈ। ਉਹ ਇਸ ਤਰ੍ਹਾਂ ਪ੍ਰਕਰਣ ਸਿਰਜਦੇ ਸਨ ਕਿ ਪੜ੍ਹਨ-ਸੁਣਨ ਵਾਲਾ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਪ੍ਰਸੰਗ ਲਿਖਦਿਆਂ ਵੀ ਪੰਥ ਨੂੰ ਹਰ ਪੱਖੋਂ ਸੁਚੇਤ ਕੀਤਾ ਹੈ। ਹਰ ਪ੍ਰਸੰਗ ਦਾ ਤੱਤਸਾਰ ਬਤੌਰ ਉਪਦੇਸ਼ ਸਵਾਲ ਕਰਦਾ ਹੈ, ਜਿਵੇਂ:

ਪਰ ਜੋ ਅੱਜਕਲ੍ਹ ਦੇ ਬਾਂਕੇ, ਮੋਢਿਆਂ ’ਤੇ ਥੁੱਕ ਪਾਉਨ।
ਨਾਲ ਕੈਂਚੀਆਂ ਬੈਠ ਚੁਬਾਰੇ, ਆਪੇ ਸੀਸ ਮੁੰਡਾਉਨ।
ਰਤੀ ਸ਼ਰਮ ਨਾ ਕਰਦੇ ਮਨ ਵਿਚ, ਸਿੱਖੀ ਦੇ ਹੋ ਵੈਰੀ।
ਕਹੋ ਭਲਾ ਫਿਰ ਕਦ ਹੋਵੇਗੀ, ਐਸਯਾਂ ਤਾਈਂ ਖੈਰੀ?
ਜੀਵਨ ਮਰਨ ਤਿਨਾ ਦਾ ਦਿੱਸਦਾ ਜਗ ਵਿਚ ਇਕੋ ਜੇਹਾ।
ਕਹੋ ਭਲਾ ਫਿਰ ਫ਼ਖ਼ਰ ਉਨ੍ਹਾਂ ਦਾ ਕੌਮ ਪੰਥ ਨੂੰ ਕੇਹਾ? (ਭਾਈ ਤਾਰੂ ਸਿੰਘ ਜੀ ਸ਼ਹੀਦ)

ਇਸ ਤਰ੍ਹਾਂ ਇਹ ਸ਼ਹੀਦੀ ਪ੍ਰਸੰਗ ਖਾਲਸਾ ਅਖ਼ਬਾਰ ਲਾਹੌਰ ਵਿਚ ਵੀ ਛਪਦੇ ਰਹੇ ਤੇ ਬਾਅਦ ਵਿਚ ਛੋਟੇ ਅਕਾਰ ਦੀਆਂ ਪੁਸਤਕਾਂ ਵੀ ਛਪੀਆਂ ਤੇ ਫਿਰ ਸ਼ਹੀਦੀ ਪ੍ਰਸੰਗਾਂ ਦੀ ਵੱਡ-ਅਕਾਰੀ ਪੁਸਤਕ ਵੀ ਬਣੀ। ਗਿਆਨੀ ਜੀ ਕੌਮ ਨੂੰ ਪ੍ਰੇਰਦੇ ਸਨ ਕਿ ਪੰਥ ਆਪਣੇ ਤਖ਼ਤਾਂ ਦੀ ਸ਼ਕਤੀ ਨਾਲ ਜੁੜ ਕੇ ਮੀਰੀ ਗੁਣਾਂ ਦਾ ਧਾਰਨੀ ਹੋ ਸਕਦਾ ਹੈ ਕਿਉਂਕਿ ਇਹ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਹੈ। ਭਾਵੇਂ ਅਜੋਕੇ ਸਮੇਂ ਵਿਚ ਗਿਆਨੀ ਦਿੱਤ ਸਿੰਘ ਦੇ ਨਾਉਂ ਉੱਤੇ ਨਵੀਆਂ ਲਹਿਰਾਂ ਚਲਾਉਣ ਦੀਆਂ ਗੱਲਾਂ ਕਰਨ ਵਾਲੇ ਤਖ਼ਤਾਂ ਬਾਰੇ ਚੰਗੀ ਭਾਵਨਾ ਨਹੀਂ ਰੱਖਦੇ ਪਰ ਗਿਆਨੀ ਜੀ ਦੀ ਭਾਵਨਾ ਸੀ:

ਗੁਰਬਾਣੀ ਤੋਂ ਬੇਮੁੱਖ ਹੁੰਦੇ, ਸੱਸੀ ਪੁੰਨੂੰ ਗਾਵਨ।
ਤਖ਼ਤਾਂ ਦੀ ਉਹ ਛੱਡ ਯਾਤ੍ਰਾ, ਗੰਗਾ ਵੱਲ ਉੱਠ ਧਾਵਨ।
ਛੱਡ ਗੁਰੂ ਦੀ ਦੇਗ ਪਿਆਰੀ, ਸਰਵਰ ਰੋਟ ਪਕਾਂਦੇ।
ਸਿੱਖਾਂ ਨੂੰ ਨਾ ਦੇਨ ਗ੍ਰਾਹੀ, ਭੈਰੋਂ ਸ੍ਵਾਨ ਰਜਾਂਦੇ। (ਭਾਈ ਬੋਤਾ ਸਿੰਘ ਦੀ ਸ਼ਹੀਦੀ)

ਇਸ ਤੋਂ ਇਲਾਵਾ ‘ਦਸਮ ਗ੍ਰੰਥ’ ਸੰਬੰਧੀ ਅਨੇਕਾਂ ਸ਼ੰਕਆਂ ਦੇ ਉੱਤਰ ਉਨ੍ਹਾਂ ਨੇ ਆਪਣੀ ਵੱਡ-ਅਕਾਰੀ ਪੁਸਤਕ ‘ਦੁਰਗਾ ਪ੍ਰਬੋਧ’ ਵਿਚ ਦਿੱਤੇ ਹਨ ਜੋ ਸਤੰਬਰ 1899 ਈ. ਨੂੰ ਪ੍ਰਕਾਸ਼ਤ ਹੋਈ। ਜਦ ਦੁਰਗਾ ਭਗਤ ‘ਪ੍ਰਿਥਮ ਭਗੌਤੀ ਸਿਮਰਿ ਕੈ’ ਅਤੇ ‘ਨਮਸਕਾਰ ਸ੍ਰੀ ਖੜਗ ਕਉ’ ਦੇ ਖੜਗ ਸ਼ਬਦ ਨੂੰ ਦੁਰਗਾ ਪੂਜਾ ਨਾਲ ਜੋੜਦਾ ਹੈ ਤਾਂ ਅੱਗੋਂ ਉੱਤਰ ਹੈ:

‘ਪੁਨ ਇਹ ਖੜਗ ਨਾਮ ਹੈ ਜੋਈ॥
ਈਸ੍ਵਰ ਗੁਣ ਵਾਚਕ ਹੈ ਸੋਈ॥

ਜੇ ਤਲਵਾਰ ਨੂੰ ਹੀ ਇਸ਼ਟ ਮੰਨਿਆ ਜਾਏ ਤਾਂ ਅੱਗੇ ਖੜਗ ਦੇ ਗੁਣ ਦੱਸੇ ਹਨ ਜੋ ਉਸ ਵਿਚ ਨਹੀਂ ਪਾਏ ਜਾਂਦੇ, ਕਿੰਤੂ ਉਹ ਖੜਗ ਕੇਤ ਅਰਥਾਤ ਅਕਾਲ ਦੇ ਵਿਚ ਹੀ ਪਾਏ ਜਾਣਗੇ॥’ (ਦੁਰਗਾ ਪ੍ਰਬੋਧ)

ਉਨ੍ਹਾਂ ਦੀਆਂ ਰਚਿਤ ਪੁਸਤਕਾਂ ਇਤਿਹਾਸਕ ਜੀਵਨੀਆਂ, ਸਿੱਖ ਸ਼ਹਾਦਤਾਂ, ਧਰਮ ਤੇ ਫ਼ਲਸਫ਼ਾ, ਵਿਅੰਗ ਤੇ ਆਲੋਚਨਾ, ਨੀਤੀ ਸ਼ਾਸਤਰ, ਗੁਰਬਾਣੀ ਵਿਆਖਿਆ, ਕਿੱਸਾ ਕਾਵਿ ਤੇ ਗੁਲਾਬਦਾਸੀ ਸਾਹਿਤ ਨਾਲ ਸੰਬੰਧਿਤ ਹਨ। ਮੂਲ ਮਿਸ਼ਨ ਸਭਨਾਂ ਦਾ ਪ੍ਰਚਾਰ ਤੇ ਸੁਧਾਰ ਹੈ।

ਜਦ ਉਹ ਸਮਕਾਲੀ ਸਿੱਖ ਸਮਾਜ ਦੀ ਧਰਮ ਪੱਖੋਂ ਗਿਰਾਵਟ ਦੇਖਦੇ ਤਾਂ ਉਨ੍ਹਾਂ ਦੇ ਮਨ ਵਿਚ ਹੂਕ ਉੱਠਦੀ ਕਿ ਸਿੱਖਾਂ ਦੀ ਧਰਮ ਪ੍ਰਤੀ ਲਾਪਰਵਾਹੀ ਘਾਤਕ ਹੈ।

ਸਿਕਲੀਗਰਾਂ ਸੰਬੰਧੀ ਅੱਜ ਵੀ ਬਹੁਤ ਸਾਰੇ ਪੰਥ-ਦਰਦੀ ਕਾਰਜਸ਼ੀਲ ਹਨ। ਆਪਣਾ ਕੌਮੀ ਫਰਜ਼ ਸਮਝ ਕੇ ਉਨ੍ਹਾਂ ਲਈ ਕੁਝ ਨਾ ਕੁਝ ਕਰੀ ਜਾ ਰਹੇ ਹਨ। ਇਸ ਵਿਸ਼ੇ ਸੰਬੰਧੀ ਗਿਆਨੀ ਦਿੱਤ ਸਿੰਘ ਵੀ ਸਿੱਖ ਪੰਥ ਨੂੰ ਕੁਝ ਕਰਨ ਲਈ ਪ੍ਰੇਰਦੇ ਰਹੇ ਜੋ ਉਨ੍ਹਾਂ ਦਾ ਕੌਮੀ ਪਿਆਰ ਹੈ:

ਤੀਸਰਾ ਸਿਕਲੀਗਰ ਜੋ ਮਾਰਵਾੜੀ ਖਾਲਸਾ ਹੈ ਸੋ ਵਿਚਾਰੇ ਝੁੱਗੀਆਂ ਪਾ ਕੇ ਬਾਹਰ ਬੈਠੇ ਰਹਿੰਦੇ ਹਨ ਅਰ ਇਨ੍ਹਾਂ ਦਾ ਕੰਮ ਸ਼ਸਤਰ ਬਨਾ ਕੇ ਵੇਚਨੇ ਅਰ ਸ਼ਕਾਰ ਮਾਰ ਕੇ ਨਿਰਬਾਹ ਕਰਨਾ ਹੈ ਪਰੰਤੂ ਖਾਲਸਾ ਧਰਮ ਵਿਚ ਏਹ ਲੋਗ ਬਹੁਤ ਹੀ ਪੱਕੇ ਪਾਏ ਗਏ ਹਨ ਜੋ ਕੈਂਚੀ ਯਾ ਉਸਤ੍ਰਾ ਸਿਰ ਨੂੰ ਲਾਉਣਾ ਆਪਣੀ ਮੌਤ ਦਾ ਨਮੂਨਾ ਜਾਨਦੇ ਹਨ। ਇਨ੍ਹਾਂ ਤਰਫ ਭੀ ਖਾਲਸਾ ਨੇ ਕੋਈ ਖਿਆਲ ਨਹੀਂ ਕੀਤਾ। (26 ਅਗਸਤ 1898 ਈ., ਖਾ. ਅ. ਲਾਹੌਰ)

ਕਈ ਵਾਰ ਉਨ੍ਹਾਂ ਨੇ ਕੌਮ ਦੇ ਉਪਦੇਸ਼ਕਾਂ ਨੂੰ ਵੀ ਨਹੀਂ ਬਖਸ਼ਿਆ। ਬਹੁਤੇ ਉਪਦੇਸ਼ਕ ਉਨ੍ਹਾਂ ਦੀ ਕਸਵੱਟੀ ’ਤੇ ਖਰੇ ਨਹੀਂ ਸਨ ਉਤਰਦੇ। ਫਿਰ ਪੰਥ ਸਾਹਵੇਂ ਇਸ ਸੱਚਾਈ ਨੂੰ ਪੇਸ਼ ਕਰਨ ਲੱਗਿਆਂ ਗਿਆਨੀ ਜੀ ਨੇ ਝਿਜਕ ਮਹਿਸੂਸ ਨਹੀਂ ਕੀਤੀ। ਨਮੂਨੇ ਵਜੋਂ ਪੇਸ਼ ਹੈ:

ਜਦ ਅਸੀਂ ਖਾਲਸਾ ਪੰਥ ਦੇ ਉਪਦੇਸ਼ਕਾਂ ਵੱਲ ਭੀ ਖਯਾਲ ਕਰਦੇ ਹਾਂ ਤਦ ਉਨ੍ਹਾਂ ਨੂੰ ਭੀ ਭੰਡ ਭਗਤੀਆਂ ਵਾਂਗ ਪਾਉਂਦੇ ਹਾਂ, ਜਿਸ ਤੇ ਉਹ ਅਪਨਾ ਉਪਦੇਸ਼ ਕਰਕੇ ਖਾਲੀ ਪੇਟ ਵਜਾਉਨ ਲੱਗ ਜਾਂਦੇ ਹਨ ਅਤੇ ਕਈ ਪੁਰਖਾਂ ਨੇ ਇਸੇ ਉਪਦੇਸ਼ ਦੀ ਆੜ ਵਿਚ ਕਈ ਸਭਾ ਵਿੱਚੋਂ ਚੰਦੇ ਕੱਠੇ ਕੀਤੇ ਅਰ ਅਪਨੇ ਗੁਰਛੱਰਰੇ ਉਡਾਏ ਹਨ, ਫਿਰ ਅਜਿਹੇ ਮਦਾਰੀ ਦੇ ਤਮਾਸ਼ੇ ਕਰਨੇ ਵਾਲੇ ਉਪਦੇਸ਼ਕਾਂ ਤੇ ਕਦੇ ਪੰਥ ਦਾ ਸੁਧਾਰ ਹੋ ਸਕਦਾ ਹੈ, ਯਾ ਧਰਮ ਦੀ ਉਨਤੀ ਹੋ ਸਕਦੀ ਹੈ? (23 ਜੂਨ 1899 ਈ., ਖਾ. ਅ. ਲਾਹੌਰ)

ਗਿਆਨੀ ਜੀ ਸਿੱਖ ਪੰਥ ਦੀ ਸਿਧਾਂਤਕ ਮੌਲਿਕਤਾ ਤੇ ਸਮਾਜਿਕ ਏਕਤਾ ਨੂੰ ਦੂਸ਼ਤ ਹੋਣ ਤੋਂ ਬਚਾਉਣ ਲਈ ਸਦਾ ਤਤਪਰ ਰਹੇ। ਉਨ੍ਹਾਂ ਅਨੁਸਾਰ ਸਿੱਖ ਪੰਥ ਦਾ ਮਿਲਗੋਭਾ ਹੋ ਜਾਣਾ ਹੀ ਕਈ ਬਖੇੜਿਆਂ ਦਾ ਕਾਰਨ ਬਣਿਆ। ਆਪਣੇ ਖਿਆਲ ਕਾਵਿ ਰੂਪ ਵਿਚ ਪ੍ਰਗਟ ਕਰਦੇ ਹਨ:

ਜਦ ਤਕ ਪੰਥ ਗੁਰੂ ਦਾ ਪਿਆਰਾ।
ਅੰਨਮਤਾਂ ਤੇ ਰਿਹਾ ਨਯਾਰਾ॥
ਤਦ ਤੱਕ ਇਹ ਸਾਰੀ ਬੁਰਿਆਈ।
ਨਹੀਂ ਪੰਥ ਅੰਦਰ ਸੀ ਆਈ॥
ਪਰ ਮਿਲਗੋਭਾ ਹੋ ਗਿਆ।
ਗੁਰਮਤ ਤਯਾਗ ਏਸ ਨੇ ਦਿਆ॥
ਤਦ ਥੋਂ ਐਸੇ ਕਈ ਬਖੇੜੇ।
ਆ ਕੇ ਪਏ ਨਿਕੰਮੇ ਝੇੜੇ॥ (ਗੁਰਮਤਿ ਆਰਤੀ ਪ੍ਰਬੋਧ)

ਗਿਆਨੀ ਦਿੱਤ ਸਿੰਘ ਕੌਮੀ ਉੱਨਤੀ ਲਈ ਕੌਮ ਦੀਆਂ ਇਸਤਰੀਆਂ ਨੂੰ ਵੀ ਧਰਮ-ਕਰਮ ਵਿਚ ਪ੍ਰਪੱਕ ਦੇਖਣ ਦੇ ਚਾਹਵਾਨ ਸਨ। ਉਨ੍ਹਾਂ ਦੀ ਵਿਚਾਰਧਾਰਾ ਸੀ ਕਿ ਇਸਤਰੀਆਂ ਦਾ ਧਰਮ ਵਿਚ ਦ੍ਰਿੜ੍ਹ ਤੇ ਵਿਸ਼ਵਾਸੀ ਹੋਣਾ ਅਤਿ ਜ਼ਰੂਰੀ ਹੈ। ਉਨ੍ਹਾਂ ਦੀ ਇਕ ਸੰਪਾਦਕੀ ‘ਸਾਡੀਆਂ ਸਿੰਘਣੀਆਂ ਦੀ ਉੱਨਤੀ ਲਈ ਇਕ ਬੇਨਤੀ’ ਉਨ੍ਹਾਂ ਦੇ ਕੌਮੀ ਦਰਦ ਦਾ ਪ੍ਰਤੱਖ ਪ੍ਰਗਟਾਵਾ ਹੈ:

ਜਿਸ ਕੌਮ ਦੀਆਂ ਇਸਤ੍ਰੀਆਂ ਧਰਮ ਪਰ ਦ੍ਰਿੜ ਅਤੇ ਸ੍ਰੇਸ਼ਟਾਚਾਰ ਵਿਖੇ ਪ੍ਰੇਮ ਰੱਖਦੀਆਂ ਹੋਣ, ਉਸ ਕੌਮ ਦੇ ਹੋਣਹਾਰ ਬੱਚੇ ਭੀ ਛੋਟੀ ਉਮਰਾਂ ਤੋਂ ਹੀ ਧਰਮ ਦੇ ਨਿਸਚੇ ਵਾਲੇ ਹੁੰਦੇ ਹਨ। ਕਾਰਣ ਇਹ ਹੈ ਕਿ ਉਹ ਛੋਟੀ ਉਮਰਾਂ ਤੋਂ ਹੀ ਧਰਮ ਦੀਆਂ ਗੱਲਾਂ ਆਪਣੀ ਮਾਈ ਪਾਸੋਂ ਸੁਣਦੇ ਰਹਿੰਦੇ ਹਨ, ਜਿਸ ’ਤੇ ਉਨ੍ਹਾਂ ਦੇ ਹਿਰਦਿਆਂ ਵਿਚ ਧਰਮ ਦਾ ਅੰਕੁਰ ਦ੍ਰਿੜ੍ਹ ਹੋ ਜਾਂਦਾ ਹੈ ਪਰੰਤੂ ਜਿਸ ਕੌਮ ਦੀਆਂ ਇਸਤ੍ਰੀਆਂ ਧਰਮ-ਕਰਮ ਵਿਚ ਪ੍ਰੇਮ ਨਾ ਰੱਖਦੀਆਂ ਹੋਣ ਉਹ ਕੌਮਾਂ ਕਦੇ ਭੀ ਆਪਣੀ ਉਨਤੀ ਨਹੀਂ ਕਰ ਸਕਦੀਆਂ। (9 ਅਗਸਤ 1901 ਈ., ਖਾ. ਅ. ਲਾਹੌਰ)

ਉਹ ਕੌਮੀ ਉੱਨਤੀ ਲਈ ਸਮੇਂ-ਸਮੇਂ ਗੁਰਦੁਆਰਿਆਂ ਵਿਚ ਬਿਹਤਰ ਸਹੂਲਤਾਂ, ਉਪਦੇਸ਼ਕ ਫੰਡ ਲਈ ਮਾਇਆ, ਬਿਹੰਗਮ ਸਿੰਘਾਂ ਲਈ ਪਰਸ਼ਾਦੇ ਦਾ ਪ੍ਰਬੰਧ, ਧਰਮ ਪ੍ਰਚਾਰ ਲਈ ਅਖਬਾਰ ਤੇ ਪ੍ਰੈਸ, ਵਿੱਦਿਆ ਲਈ ਸਕੂਲਾਂ ਤੇ ਕਾਲਜਾਂ ਦੀ ਲੋੜ ਸੰਬੰਧੀ ਚਰਚਾ ਕਰਦੇ ਰਹਿੰਦੇ ਸਨ। ਕਈ ਵਾਰ ਕੌਮ ਨੂੰ ਉਲਾਂਭਾ ਵੀ ਦਿੰਦੇ ਸਨ ਕਿ ਖਾਲਸੇ ਪਾਸ ਸਭ ਕੁਝ ਹੈ ਪਰ ਉਸ ਦੇ ਵਰਤਣ ਦੀ ਤਰਤੀਬ ਨਹੀਂ ਹੈ। ਉਨ੍ਹਾਂ ਨੇ ਸਿੱਖ ਪੰਥ ਨੂੰ ਇਕ ਕੌਮੀ ਫੰਡ ਕਾਇਮ ਕਰਨ ਦੀ ਤਜਵੀਜ਼ ਦਿੱਤੀ ਅਤੇ ਨਾਲ-ਨਾਲ ਕੌਮ ਵੱਲੋਂ ਬੇਲੋੜੇ ਖਰਚਿਆਂ ਦਾ ਹਵਾਲਾ ਵੀ ਦਿੱਤਾ ਕਿ ਕਿਸ ਤਰ੍ਹਾਂ ਹੋਰ ਰੀਤਾਂ-ਰਸਮਾਂ ’ਤੇ ਫਜ਼ੂਲ ਖਰਚਾ ਕੀਤਾ ਜਾਂਦਾ ਹੈ।

ਸਭ ਤੇ ਪਹਿਲਾਂ ਜਨਮ ਸੰਸਕਾਰ ਹੈ, ਉਸ ਸਮਯ ਜਿਤਨਾ ਰੁਪੱਯਾ ਖ਼ਾਲਸਾ ਖੁਸ਼ੀ ਵਿਚ ਅੰਨਮਤੀਆਂ ਨੂੰ ਦੇਨ ਪਰ ਖਰਚ ਕਰਦਾ ਹੈ ਉਸ ਥੋਂ ਅੱਧਾ ਭੀ ਗੁਰ ਮ੍ਰਯਾਦਾ ਪਰ ਖਰਚ ਕਰੇ ਤਦ ਸਭ ਕੁਛ ਸਿੱਧ ਹੋ ਸਕਦਾ ਹੈ। ਇਸੇ ਤਰ੍ਹਾਂ ਬਯਾਹ ਅਤੇ ਚਲਾਣੇ ਪਰ ਭੀ ਜੋ ਰੁਪੈਯਾ ਅੰਨਮਤੀਆਂ ਨੂੰ ਦਿੱਤਾ ਜਾਂਦਾ ਹੈ ਸੋ ਸਭ ਪੰਥ ਦੇ ਉਤਮ ਕੰਮਾਂ ਲਈ ਗੌਲਕ ਵਿਚ ਰਖਿਆ ਜਾਏ ਅਰ ਇਹ ਗੋਲਕ ਹਰ ਨਗਰ ਵਿਚ ਖੋਲੇ ਜਾਨ ਅਤੇ ਹਰ ਇਕ ਸਿੰਘ ਸ਼ਾਦੀ ਗਮੀ ਦੇ ਸਮਯ ਪਰ ਇਨ੍ਹਾਂ ਵਿਚ ਅਪਨਾ ਦਾਨ ਪਾਉਂਦਾ ਰਹੇ, ਜਿਸਤੇ ਸਾਲ ਮਗਰੋਂ ਉਸ ਨੂੰ ਖੋਲ ਕੇ ਜਦ ਦੇਖਿਆ ਜਾਵੇ ਤਦ ਸੈਂਕੜਿਆਂ ਤਕ ਨੌਬਤ ਹੋਵੇਗੀ ਜਿਸਨੂੰ ਉਸ ਨਗਰ ਦੇ ਮੁਖੀਏ ਸਿੰਘ ਉਸ ਦੇ ਹਿੱਸੇ ਕਰ ਦਿਆ ਕਰਨ, ਜਿਨ੍ਹਾਂ ਵਿਚੋਂ ਇਕ ਗੁਰਦੁਆਰਿਆਂ ਦਾ, ਦੂਜਾ ਉਪਦੇਸ਼ਕਾਂ ਦਾ, ਤੀਜਾ ਕਾਲਜ ਯਾਂ ਸਕੂਲਾਂ ਦਾ ਅਤੇ ਚੌਥਾ ਅਖਬਾਰ ਨੂੰ ਦਿੱਤਾ ਜਾਵੇ। ਇਸ ਰੀਤੀ ਦੇ ਪ੍ਰਚਲਤ ਹੋਣ ਤੇ ਆਸ਼ਾ ਪੈਂਦੀ ਹੈ ਜੋ ਸਾਰੇ ਮਨੋਰਥ ਸਿੱਧ ਹੋ ਸਕਦੇ ਹਨ। (9 ਮਾਰਚ 1900 ਈ., ਖਾ. ਅ. ਲਾਹੌਰ)

ਗਿਆਨੀ ਜੀ ਸਿੱਖ ਸਮਾਜ ਵਿਚ ਫੈਲੇ ਫੋਕਟ ਕਰਮ-ਕਾਂਡ, ਵਹਿਮਾਂ-ਭਰਮਾਂ ਤੇ ਅੰਧ-ਵਿਸ਼ਵਾਸਾਂ ਨੂੰ ਕੌਮੀ ਵਿਕਾਸ ਦੇ ਮਾਰਗ ਵਿਚ ਬਹੁਤ ਵੱਡਾ ਅੜਿੱਕਾ ਸਮਝਦੇ ਸਨ। ਉਸ ਸਮੇਂ ਸਿੱਖ ਸਮਾਜ ਵਿਚ ਗੁੱਗਾ ਪੀਰ ਤੇ ਸਖੀ ਸਰਵਰ ਦੀ ਪੂਜਾ ਪ੍ਰਚਲਤ ਸੀ। ਗਿਆਨੀ ਜੀ ਨੇ ਇਨ੍ਹਾਂ ਵਿਸ਼ਿਆਂ ਉੱਪਰ ਲੇਖ ਅਤੇ ਪੁਸਤਕਾਂ ਲਿਖ ਕੇ ਵੀ ਸਿੱਖ ਸਮਾਜ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ। (ਇਸ ਸਬੰਧੀ ਜਾਗਰਤ ਹੋਏ ਲੋਕਾਂ ਦੇ ਵੱਖ-ਵੱਖ ਇਲਾਕਿਆਂ ਤੋਂ ਛਪੇ ‘ਖਾਲਸਾ ਅਖ਼ਬਾਰ ਲਾਹੌਰ ਵਿਚ’ ਖ਼ਤ ਤੇ ਪਾਠਕਾਂ ਦੇ ਪੱਤਰ ਇਸ ਦੇ ਗਵਾਹ ਹਨ।) ਉਹ ਆਪਣੇ ਪ੍ਰਚਾਰ-ਦੌਰਿਆਂ ਵਿਚ ਵੀ ਇਨ੍ਹਾਂ ਫੋਕਟ ਕਰਮਾਂ ਦਾ ਭਰਪੂਰ ਖੰਡਨ ਕਰਦੇ ਸਨ। ਗੁਰਬਾਣੀ ਉੱਪਰ ਗਿਆਨੀ ਜੀ ਦਾ ਅਟੱਲ ਨਿਸ਼ਚਾ ਸੀ ਅਤੇ ਇਕ ਅਕਾਲ ਦੀ ਪੂਜਾ ਉਹ ਸਦਾ ਦ੍ਰਿੜ੍ਹ ਕਰਵਾਉਂਦੇ ਸਨ। ਮੜ੍ਹੀ ਮਸਾਣ, ਕਬਰਾਂ ਤੇ ਭੈਰੋਂ ਭੂਤ ਦੀ ਪੂਜਾ ਵੱਲੋਂ ਉਹ ਸਿੱਖ ਸਮਾਜ ਨੂੰ ਸਖ਼ਤੀ ਨਾਲ ਵਰਜਦੇ ਸਨ:

ਏਹ ਸਗਲ ਜੋਇ ਪਖੰਡ ਜਗ ਮਹਿ ਆਇ ਕਰ ਫੈਲੇ ਵਡੇ॥
ਸਭ ਮੜੀ ਔਰ ਮਸਾਨ ਗੁੱਗਾ ਭੈਰੋਂ ਭੂਤ ਨਾ ਮਨ ਗਡੇ॥
ਏਹ ਉੜੇ ਧਰਤ ਤੇ ਪਾਇ ਤਬ ਬਲ ਛੁਟੇਂ ਲੋਗ ਅਜੋਗ ਸੇ॥
ਇਕ ਪੂਜ ਪੁਰਬ ਅਕਾਲ ਕੋ ਫਿਰ ਮੁਕਤ ਪਾਵਹਿ ਰੋਗ ਸੇ॥ (ਗੁੱਗਾ ਗੋਪੜਾ)

ਇਸੇ ਤਰ੍ਹਾਂ ਵੱਖ-ਵੱਖ ਪਾਖੰਡ-ਕਰਮ ਕਰਕੇ ਸਰੀਰਾਂ ਦੀ ਪੂਜਾ ਕਰਵਾਉਣ ਵਾਲਿਆਂ ਤੇ ਕੰਨਾਂ ਵਿਚ ਮੰਤਰ ਦੇਣ ਵਾਲਿਆਂ ਨੂੰ, ਗਿਆਨੀ ਜੀ ਬਨਾਰਸ ਦੇ ਠੱਗ ਅਤੇ ਪੰਥ-ਦੋਖੀ ਪ੍ਰਚਾਰ ਕੇ ਆਪਣੀ ਕੌਮ ਨੂੰ ਸੁਚੇਤ ਕਰਦੇ ਸਨ। ਉਨ੍ਹਾਂ ਦੀਆਂ ਕਾਵਿ ਰੂਪ ਵਿਚ ਰਚੀਆਂ ਪੰਕਤੀਆਂ ਤਾਂ ਅਜੋਕੇ ਸਮੇਂ ਦੀ ਵੀ ਤਸਵੀਰ ਪੇਸ਼ ਕਰ ਜਾਂਦੀਆਂ ਹਨ:

ਕੰਨ ਵਿਚ ਜੋ ਮੰਤ੍ਰ ਦੇ ਹੈਂ।
ਪੁਨ ਆਗੈ ਹੋ ਕੇ ਜੋ ਲੈ ਹੈਂ॥
ਪਹਿਲਾ ਠੱਗ ਬਨਾਰਸ ਭਾਰਾ।
ਦੂਜਾ ਧੋਖੇ ਵਿਚ ਵਿਚਾਰਾ॥
ਓਹ ਜਾਣੈ ਮੈਂ ਬੁੱਧੂ ਕੀਤਾ।
ਦੂਜਾ ਸਮਝੇ ਗੁਰ ਧਰ ਲੀਤਾ॥
ਮੰਤਰ ਦਾਤਾ ਲੋਭ ਗ੍ਰਸਿਆ।
ਦੂਜਾ ਮੂਰਖ ਪੰਛੀ ਫਸਿਆ॥  (11 ਸਤੰਬਰ 1893 ਈ., ਖਾ. ਅ. ਲਾਹੌਰ)

ਜਦ ਉਹ ਕੌਮੀ ਸ਼ਕਤੀ ਨੂੰ ਖੇਰੂੰ-ਖੇਰੂੰ ਹੋਈ ਦੇਖਦੇ ਸਨ ਤਾਂ ਗਿਆਨੀ ਜੀ ਨੇ ਇਕਜੁਟ ਹੋਣ ਵਾਸਤੇ ਬਹੁਤ ਦਲੀਲਾਂ ਨਾਲ ਸਮਝਾਇਆ। ਨਵੀਆਂ ਸਿੰਘ ਸਭਾਵਾਂ ਦੇ ਬਣਨ ’ਤੇ ਵਧਾਈ ਦੇਣਾ ਅਤੇ ਫਿਰ ਪ੍ਰਚਾਰ-ਦੌਰਿਆਂ ’ਤੇ ਜਾ ਕੇ ਉਤਸ਼ਾਹਤ ਕਰਨਾ ਉਨ੍ਹਾਂ ਦੀਆਂ ਜੀਵਨ-ਸਰਗਰਮੀਆਂ ਸਨ। ਵਿੱਦਿਆ ਦੇ ਪ੍ਰਚਾਰ ਲਈ ਦਲੀਲਾਂ, ਉੱਦਮ, ਖਾਲਸਾ ਕਾਲਜ ਦੇ ਸ਼ੁਰੂ ਹੋਣ ’ਤੇ ਅਤਿਅੰਤ ਖੁਸ਼ੀ ਦਾ ਪ੍ਰਗਟਾਵਾ, ਕਾਲਜ ਵਿਦਿਆਰਥੀਆਂ ਲਈ ਪੁਸਤਕਾਂ ਲਿਖੀਆਂ, ਖੇਮ ਸਿੰਘ ਬੇਦੀ ਧੜੇ ਨੂੰ ਗਦੈਲਾ ਦਾਸੀਏ ਲਿਖਣਾ ਤੇ ‘ਸ੍ਵਪਨ ਨਾਟਕ’ ਵਿਰੋਧੀ ਧੜਿਆਂ ਉੱਪਰ ਪ੍ਰਸ਼ਨ ਚਿੰਨ੍ਹ ਸੀ। ਉਹ ਪਹਿਲੀ ਉਮਰੇ ਗੁਲਾਬ ਦਾਸੀ ਸੰਪਰਦਾ ਨਾਲ ਸੰਬੰਧ ਰੱਖਦੇ ਸਨ ਤੇ ਉਨ੍ਹਾਂ ਦੇ ਪ੍ਰਚਾਰਕ ਵੀ ਰਹੇ ਪਰ ‘ਆਰੀਆ ਸਮਾਜ’ ਦੇ ਪ੍ਰਚਾਰਕ ਹੋਣ ਦਾ ਲੇਬਲ ਉਨ੍ਹਾਂ ਉੱਪਰ ਗ਼ਲਤ ਲਗਾਇਆ ਗਿਆ ਹੈ। ਇਸ ਸੰਬੰਧੀ ਉਨ੍ਹਾਂ ਦੇ ਸੰਪਾਦਕੀ ਲੇਖ ਗਵਾਹ ਹਨ ਪਰ ਇਹ ਵਿਸ਼ਾ ਵੱਖਰੇ ਲੇਖ ਦੀ ਮੰਗ ਕਰਦਾ ਹੈ। ‘ਸਿੱਖ ਰਹਿਤ ਮਰਯਾਦਾ’ ਨਾਲ ਸੰਬੰਧਿਤ ਸਵਾਲ ਅਤੇ ‘ਹਮ ਹਿੰਦੂ ਨਹੀਂ’ ਪੁਸਤਕ ਦਾ ਕਾਫੀ ਹਵਾਲਾ ਗਿਆਨੀ ਜੀ ਦੇ ਲੇਖਾਂ ਤੇ ਪ੍ਰਸ਼ਨਾਂ ਦੇ ਉੱਤਰਾਂ ਵਿੱਚੋਂ ਮਿਲਦਾ ਹੈ।

ਉਹ ਕਹਿਣੀ ਤੇ ਕਰਨੀ ਦੇ ਪੂਰੇ-ਸੂਰੇ ਸਨ। ਗਿਆਨੀ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਜੋ ਮਨੁੱਖੀ ਜੀਵਨ ਦਾ ਮਨੋਰਥ ਦਿੱਤਾ ਹੈ ਉਹ ਸਭਨਾਂ ਲਈ ਪ੍ਰੇਰਨਾ-ਸ੍ਰੋਤ ਹੈ:

ਮਨੁੱਖਾ ਜਨਮ ਦਾ ਫਲ ਨਿਰਾ ਢਾਈ ਸੇਰ ਅੰਨ ਗੰਦਾ ਕਰਨਾ ਹੀ ਨਹੀਂ ਹੈ ਕਿੰਤੂ ਇਸ ਤੋਂ ਬਿਨਾਂ ਪਰਉਪਕਾਰਤਾ ਭੀ ਇਸ ਦੇ ਜੀਵਨ ਦਾ ਮੁੱਖ ਫਲ ਸਮਝਿਆ ਜਾਂਦਾ ਹੈ, ਜਿਸ ਵਿਚ ਇਹ ਸ਼ੁਭ ਗੁਣ ਨਹੀਂ ਹਨ ਸੋ ਪੁਰਖ ਦੇਖਨ ਮਾਤ੍ਰ ਹੀ ਆਦਮੀ ਦੀ ਸੂਰਤ ਹੈ ਪਰੰਤੂ ਅਸਲ ਵਿਚ ਉਹ ਚਿਤ੍ਰਕਾਰੀ ਦੇ ਦੀਵੇ ਦੀ ਤਰ੍ਹਾਂ ਹੈ ਜੋ ਦੀਵਾਰ ਪਰ ਰਹਿ ਕੇ ਭੀ ਹੀ ਕੁਝ ਲਾਭ ਨਹੀਂ ਪਹੁੰਚਾ ਸਕਦਾ, ਕਿੰਤੂ ਕੇਵਲ ਨਾਮ ਮਾਤ੍ਰ ਹੀ ਦੀਪਕ ਹੈ, ਏਹ ਹਾਲ ਉਸ ਆਦਮੀ ਦਾ ਹੈ ਜੋ ਪੇਟ ਭਰਨੇ ਵਾਲਾ ਪਾਮਰ ਹੈ। (25 ਸਤੰਬਰ, 1896 ਈ., ਖਾ. ਅ. ਲਾਹੌਰ)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Inderjit Singh Gogoani

ਇੰਦਰਜੀਤ ਸਿੰਘ ਗੋਗੋਆਣੀ ਸਿੱਖ ਪੰਥ ਦੇ ਪ੍ਰਮੁੱਖ ਵਿਦਵਾਨ ਲੇਖਕਾਂ ਦੀ ਲੜੀ ਵਿੱਚ ਆਉਂਦੇ ਹਨ। ਆਪ ਨੇ ਸਿੱਖੀ ਤੇ ਸਿੱਖ ਇਤਿਹਾਸ ਨਾਲ ਸੰਬੰਧਤ ਅਨੇਕਾਂ ਪੁਸਤਕਾਂ ਦੇ ਨਾਲ-ਨਾਲ ਗੁਰਮਤਿ ਸਿਧਾਂਤ ਨਾਲ ਸੰਬੰਧਤ ਤੇ ਹੋਰ ਖੋਜ-ਭਰਪੂਰ ਲੇਖ ਸਿੱਖ ਪੰਥ ਦੀ ਝੋਲੀ ਪਾਉਂਦੇ ਆ ਰਹੇ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)