ਜਦੋਂ ਤੋਂ ਸੰਸਾਰ ਉੱਤੇ ਮਨੁੱਖ ਦੀ ਹੋਂਦ ਬਣੀ ਹੈ, ਉਦੋਂ ਤੋਂ ਹੀ ਇਸਤਰੀ ਸਮੇਂ-ਸਮੇਂ ’ਤੇ ਕਈ ਕਿਰਦਾਰ ਨਿਭਾਉਂਦੀ ਆ ਰਹੀ ਹੈ। ਕਦੇ ਮਾਂ ਬਣ ਕੇ ਬੱਚਿਆਂ ਨੂੰ ਜਨਮ ਦੇਣ ਵਾਲੀ ‘ਜੀਵਨ ਦਾਤੀ’, ਕਦੇ ਭਰਾਵਾਂ ਦੀ ਲੰਮੀ ਉਮਰ ਦੀਆਂ ਸੁੱਖਾਂ ਮੰਗਣ ਵਾਲੀ ‘ਜੀਵਨ ਰਾਖੀ’ ਤੇ ਕਦੇ ਪਤਨੀ ਬਣ ਕੇ ਉਮਰ ਭਰ ਦੁਖ-ਸੁਖ ਵੰਡਾਉਣ ਵਾਲੀ ‘ਜੀਵਨ ਸਾਥੀ’ ਤੇ ਹੋਰ ਅਨੇਕਾਂ ਪਰਵਾਰਿਕ ਰਿਸ਼ਤਿਆਂ ਦੀ ਸਾਂਝ ਪਾਉਣ ਵਾਲੀ ਅਨੇਕਾਂ ਗੁਣਾਂ ਦੀ ਗੁਥਲੀ ਹੈ ਇਸਤਰੀ।
ਔਰਤ ਏਕ-ਰੂਪ ਅਨੇਕ ਦੇ ਕਿਰਦਾਰ ਨਿਭਾਉਣ ਵਾਲੀ ਔਰਤ ਦਾ ਜੀਵਨ ਅੱਜ ਤਕ ਕੋਈ ਬਹੁਤ ਸੁਖਾਲਾ ਨਹੀਂ ਰਿਹਾ ਹੈ। ਇਸ ਨੂੰ ਸਮੇਂ-ਸਮੇਂ ’ਤੇ ਕਈ ਸੰਤਾਪ ਆਪਣੇ ਪਿੰਡੇ ’ਤੇ ਹੰਢਾਉਣੇ ਪਏ ਹਨ। ਪਰ ਫਿਰ ਵੀ ਇਹ ਡੋਲੀ ਨਹੀਂ ਹੈ। ਭਾਵੇਂ ਇਸਤਰੀ ਨਾਲ ਕਿੰਨੀਆਂ ਵਧੀਕੀਆਂ ਹੋਈਆਂ, ਪਰ ਸਮੇਂ-ਸਮੇਂ ’ਤੇ ਇਸ ਨੇ ਆਪਣੀ ਹੋਂਦ ਦਾ ਪ੍ਰਤੱਖ ਸਬੂਤ ਦਿੱਤਾ ਹੈ। ਸਿੱਖ ਧਰਮ ਦੇ ਮੋਢੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸਤਰੀ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਤੇ ਕਿਹਾ ਕਿ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ’ ਕਿਉਂਕਿ ਜਦੋਂ ਗੁਰੂ ਸਾਹਿਬ ਨੇ ਅਵਤਾਰ ਧਾਰਿਆ ਤਾਂ ਸਾਰਾ ਸੰਸਾਰ ਵਹਿਮਾਂ-ਭਰਮਾਂ ਅਤੇ ਪਾਖੰਡਾਂ ਨਾਲ ਭਰਿਆ ਪਿਆ ਸੀ। ਇਸਤਰੀ ਦੀ ਆਰਥਿਕ ਤੇ ਸਮਾਜਿਕ ਹਾਲਤ ਬਹੁਤ ਹੀ ਤਰਸਯੋਗ ਸੀ। ਉਸ ਨੂੰ ਕਿਸੇ ਵੀ ਪਾਸੇ ਤੋਂ ਇਨਸਾਫ ਨਹੀਂ ਸੀ ਮਿਲਦਾ। ਗੁਰੂ ਸਾਹਿਬ ਨੇ ਇਸਤਰੀ ਦੇ ਹੱਕ ’ਚ ਨਾਅਰਾ ਲਾਇਆ ਕਿ ਇਹੋ ਇਸਤਰੀ ਰਾਜੇ ਰਾਣਿਆਂ ਨੂੰ ਜਨਮ ਦਿੰਦੀ ਹੈ ਅਤੇ ਪਾਲਦੀ ਹੈ। ਹਰੇਕ ਮਰਦ ਦਾ ਰਿਸ਼ਤਾ ਇਸਤਰੀ ਨਾਲ ਖਾਸ ਅਹਿਮੀਅਤ ਰੱਖਦਾ ਹੈ। ਇਹ ਹਰ ਦੁਖ-ਸੁਖ ’ਚ ਮਨੁੱਖ ਦੀ ਸਹਾਇਕ ਹੈ ਤਾਂ ਫਿਰ ਉਸ ਨਾਲ ਬੁਰਾ ਸਲੂਕ ਕਿਉਂ? ਉਨ੍ਹਾਂ ਸਤੀ ਦੀ ਵੀ ਨਿੰਦਾ ਕੀਤੀ ਅਤੇ ਉਸ ਸਮੇਂ ਇਸਤਰੀ ’ਤੇ ਹੋ ਰਹੇ ਅੱਤਿਆਚਾਰਾਂ ਬਾਰੇ ਸਾਰੀ ਕਹਾਣੀ ਆਪਣੀ ਬਾਣੀ ਰਾਹੀਂ ਬਿਆਨ ਕੀਤੀ ਹੈ।
ਸਮੇਂ-ਸਮੇਂ ’ਤੇ ਇਸਤਰੀ ਦੇ ਜੀਵਨ ’ਚ ਕਈ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ। ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਅਤੇ ਹੋਰ ਬਾਕੀ ਦੇ ਇਤਿਹਾਸ ਨੂੰ ਵੇਖੀਏ ਤਾਂ ਹੋਰ ਕਿਸੇ ਨੇ ਵੀ ਓਨੀ ਔਰਤ ਦੇ ਹੱਕ ਦੀ ਗੱਲ ਨਹੀਂ ਕੀਤੀ, ਜੋ ਸ਼ੁਰੂਆਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ। ਸਗੋਂ ਹੋਰਨਾਂ ਵੱਲੋਂ ਉਸ ਦੀ ਤੁਲਨਾ ਸੱਪਣੀ ਅਤੇ ਅੱਗ ਨਾਲ ਕੀਤੀ ਜਾਂਦੀ ਰਹੀ ਹੈ। ਇੱਥੋਂ ਤਕ ਕਿ ਮੁਹੰਮਦ ਗਜ਼ਨਵੀ ਵਰਗਿਆਂ ਨੇ ਤਾਂ ਭਾਰਤ ਉੱਤੇ ਹਮਲਿਆਂ ਸਮੇਂ ਲੜਕੀਆਂ ਨੂੰ ਭੇਡਾਂ, ਬੱਕਰੀਆਂ ਦੇ ਝੁੰਡਾਂ ਵਾਂਗ ਬੰਦੀ ਬਣਾਇਆ ਅਤੇ ਉਨ੍ਹਾਂ ਨੂੰ ਬਾਜ਼ਾਰਾਂ ਵਿਚ ਵੀ ਵੇਚਿਆ। ਮੁਗ਼ਲ ਕਾਲ ਵਿਚ ਇਸਤਰੀ ਦੀ ਹਾਲਤ ਵਧੀਆ ਨਹੀਂ ਸੀ, ਉਸ ਨੂੰ ਪਰਦੇ ਵਿਚ ਹੀ ਰੱਖਿਆ ਜਾਂਦਾ ਸੀ ਪਰ ਹਮੇਸ਼ਾਂ ਹੀ ਇਸਤਰੀ ਆਪਣੇ ਸਵੈਮਾਨ ਦੀ ਖਾਤਰ ਸਮਾਜ ਨਾਲ ਲੜਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਦੀ ਰਹੀ ਹੈ। ਔਕੜਾਂ ਅਤੇ ਤਸੀਹੇ ਵੀ ਝੱਲਦੀ ਰਹੀ ਹੈ। ਮਾਤਾ ਗੁਜਰੀ ਜੀ ਦੀ ਕੁਰਬਾਨੀ ਤੇ ਹੌਂਸਲੇ ਦੀ ਮਿਸਾਲ ਕਿਤੇ ਨਹੀਂ ਮਿਲਦੀ ਜਿਨ੍ਹਾਂ ਨੇ ਆਪਣੇ ਪਤੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਚਾਰ ਪੋਤਰਿਆਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਵੀ ਧਰਮ ਤੋਂ ਕੁਰਬਾਨ ਹੋਣ ਲਈ ਪ੍ਰੇਰਿਆ। ਮਾਈ ਭਾਗੋ ਜੀ ਨੇ 40 ਮੁਕਤਿਆਂ ਨੂੰ ਪ੍ਰੇਰ ਕੇ ਦੁਬਾਰਾ ਗੁਰੂ ਦੇ ਲੜ ਲਾਇਆ। ਅਨੇਕਾਂ ਸਿੰਘ ਸ਼ਹੀਦਾਂ ਨੂੰ ਜਾਂਬਾਜ਼ ਸਿਪਾਹੀ ਬਣਾਉਣ ਪਿੱਛੇ ਵੀ ਕਿਸੇ ਨਾ ਕਿਸੇ ਇਸਤਰੀ ਦਾ ਹੱਥ ਰਿਹਾ ਹੈ ਜਿਨ੍ਹਾਂ ਨੇ ਸਮੇਂ-ਸਮੇਂ ’ਤੇ ਕਦੇ ਧਰਮ ਦੀ ਖਾਤਰ ਤੇ ਕਦੇ ਦੇਸ਼ ਦੀ ਅਜ਼ਾਦੀ ਲਈ ਆਪਣਾ ਬਲੀਦਾਨ ਦਿੱਤਾ ਤੇ ਸ਼ਹੀਦੀਆਂ ਦੀ ਪਿਰਤ ਪਾਈ ਹੈ। ਕਿਉਂਕਿ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਸਭ ਤੋਂ ਵੱਧ ਰੋਲ ਅਤੇ ਯੋਗਦਾਨ ‘ਮਾਂ’ ਦਾ ਹੀ ਹੁੰਦਾ ਹੈ ਇਸੇ ਲਈ ਹੀ ਅਮਰੀਕਾ ਦੇ ਰਹਿ ਚੁੱਕੇ ਸੁਪ੍ਰਸਿੱਦ ਰਾਸ਼ਟਰਪਤੀ ਮਿਸਟਰ ਅਬਰਾਹਮ ਲਿੰਕਨ ਨੇ ਕਿਹਾ ਹੈ ਕਿ ‘ਜੋ ਕੁਝ ਮੈਂ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ, ਆਪਣੀ ਫਰਿਸ਼ਤਿਆਂ ਵਰਗੀ ਮਾਂ ਦਾ ਸਦਕਾ ਹਾਂ’। ਪ੍ਰਸਿੱਧ ਕਵੀ ਪ੍ਰੋ. ਮੋਹਨ ਸਿੰਘ ਨੇ ਵੀ ਮਾਂ ਬਾਰੇ ਬੜਾ ਵਧੀਆ ਲਿਖਿਆ ਹੈ:
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ,
ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ।
ਬਾਕੀ ਕੁੱਲ ਦੁਨੀਆਂ ਦੇ ਬੂਟੇ, ਜੜ੍ਹ ਸੁੱਕਿਆਂ ਸੁੱਕ ਜਾਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ, ਇਹ ਬੂਟਾ ਸੁੱਕ ਜਾਏ।
ਸਮੇਂ ਦੀ ਡੋਰ ਨਾਲ ਬੱਝੀ ਔਰਤ ਗੁੰਮਨਾਮੀ ਦੇ ਹਨ੍ਹੇਰਿਆਂ ’ਚੋਂ ਗੁਜ਼ਰ ਕੇ ਅੱਜ ਖੁੱਲ੍ਹੇ ਅਸਮਾਨ ’ਚ ਕਲਾਬਾਜ਼ੀਆਂ ਲਾਉਣ ਦੇ ਸਮਰੱਥ ਹੋ ਗਈ ਹੈ। ਅੱਜ ਦੁਨੀਆਂ ਦਾ ਕੋਈ ਵੀ ਖੇਤਰ ਅਜਿਹਾ ਨਹੀਂ ਹੈ, ਜਿਸ ਵਿਚ ਇਸਤਰੀ ਨੇ ਮੱਲਾਂ ਨਹੀਂ ਮਾਰੀਆਂ। ਪੜ੍ਹਾਈ ਦੇ ਖੇਤਰ ’ਚ ਅੱਵਲ ਰਹਿਣ ਨਾਲ ਉਹ ਉੱਚ ਅਫ਼ਸਰ, ਡਾਕਟਰ, ਵਕੀਲ, ਪ੍ਰੋਫੈਸਰ, ਇੰਜੀਨੀਅਰ, ਵਿਗਿਆਨੀ, ਪਾਇਲਟ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਮੰਤਰੀ ਅਤੇ ਖੇਡਾਂ ਦੇ ਖੇਤਰ ’ਚ ਅਹਿਮ ਪ੍ਰਾਪਤੀਆਂ ਦੇ ਕੀਰਤੀਮਾਨ ਸਥਾਪਿਤ ਕਰ ਕੇ ਅੱਜ ਹਰ ਖੇਤਰ ’ਚ ਆਪਣੀ ਧਾਂਕ ਜਮਾਈ ਬੈਠੀ ਹੈ ਜਿਸ ਵਿਚ ਉਸ ਦੀ ਸਹਿਣਸ਼ੀਲਤਾ, ਮਿਹਨਤ ਅਤੇ ਇਮਾਨਦਾਰੀ ਨੇ ਉਸ ਦਾ ਸਾਥ ਰੱਜ ਕੇ ਨਿਭਾਇਆ ਹੈ। ਜੇ ਸਾਹਿਤ ਦੀ ਗੱਲ ਕਰੀਏ ਤਾਂ ਸੰਸਾਰ ਦੀ ਸ਼ਾਇਦ ਹੀ ਕੋਈ ਭਾਸ਼ਾ ਹੋਵੇ ਜਿਸ ਵਿਚ ਇਸਤਰੀਆਂ ਨੇ ਨਹੀਂ ਲਿਖਿਆ ਪਰ ਏਨੀਆਂ ਪ੍ਰਾਪਤੀਆਂ ਦੇ ਬਾਵਜੂਦ ਵੀ ਇਸ ਕੌੜੀ ਸੱਚਾਈ ਤੋਂ ਮੂੰਹ ਨਹੀਂ ਫੇਰਿਆ ਜਾ ਸਕਦਾ ਕਿ ਇਸਤਰੀ ਨੂੰ ਅੱਜ ਵੀ ਮਜਬੂਰਨ ਕਈ ਐਸੇ ਹਾਲਾਤਾਂ ਨਾਲ ਸਮਝੌਤਾ ਕਰਨਾ ਪੈਂਦਾ ਹੈ ਜੋ ਉਹ ਨਹੀਂ ਕਰਨਾ ਚਾਹੁੰਦੀ। ਭਾਵੇਂ ਕਿ ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਅੱਜ ਤਕ ਇਸਤਰੀ ਦੀ ਅਜ਼ਾਦੀ ਜਾਂ ਉਸ ਦੇ ਹੱਕਾਂ ਲਈ ਕਈ ਕਾਨੂੰਨ ਬਣਾਏ ਹਨ, ਕਿਸੇ ਨੇ ਕਿੰਨੇ ਪ੍ਰਤੀਸ਼ਤ ਤੇ ਕਿਸੇ ਨੇ ਕਿੰਨੇ ਪ੍ਰਤੀਸ਼ਤ ਹੱਕ ਇਸਤਰੀ ਲਈ ਰਾਖਵੇਂਕਰਨ ਦਾ ਐਲਾਨ ਕੀਤਾ ਪਰ ਸੱਚ ਤਾਂ ਇਹ ਹੈ ਕਿ ਅੱਜ ਵੀ ਬਹੁਤ ਸਾਰੀਆਂ ਇਸਤਰੀਆਂ ਲਈ ਆਪਣੇ ਹੱਕਾਂ ਨੂੰ ਮਰਜ਼ੀ ਨਾਲ ਮਾਣਨ ਦੀ ਅਜ਼ਾਦੀ ਨਹੀਂ ਹੈ। ਅੱਜ ਵੀ ਬਹੁਤ ਸਾਰੀਆਂ ਇਸਤਰੀਆਂ ਜੀਵਨ ਦੇ ਮੁੱਢਲੇ ਅਧਿਕਾਰਾਂ ਅਤੇ ਅਜੋਕੇ ਯੁੱਗ ਦੇ ਸਾਧਾਰਨ ਸੁਖਾਂ ਤੋਂ ਵਾਂਝੀਆਂ ਹਨ ਅਤੇ ਸੰਤਾਪ ਵਰਗੀ ਜੂਨ ਹੰਢਾ ਰਹੀਆਂ ਹਨ। ਅੱਜ ਵੀ ਕਈ ਪੇਂਡੂ ਤੇ ਸ਼ਹਿਰੀ ਖੇਤਰਾਂ, ਪੱਛੜੀਆਂ ਜਾਤੀਆਂ ਅਤੇ ਕਬੀਲਿਆਂ ਵਰਗੀਆਂ ਥਾਵਾਂ ’ਤੇ ਇਸਤਰੀ ਦਾ ਸ਼ੋਸ਼ਣ ਨਿਰੰਤਰ ਜਾਰੀ ਹੈ।
ਕਿਤੇ ਦਾਜ ਦੀ ਲਾਹਨਤ, ਕਿਤੇ ਪੁੱਤਰ-ਮੋਹ ਦੀ ਲਾਲਸਾ, ਕਿਤੇ ਬਦਲੇ ਦੀ ਅੱਗ, ਕਿਤੇ ਘਟੀਆ ਸੋਚ ਦਾ ਸਮਾਜਿਕ ਕਿਰਦਾਰ, ਕਿਤੇ ਈਰਖਾ ਦੀ ਜਲਣ ਅਤੇ ਹੋਰ ਵੀ ਕਈ ਤਰ੍ਹਾਂ ਨਾਲ ਇਸਤਰੀਆਂ ਦੇ ਜਜ਼ਬਾਤਾਂ, ਖਾਹਿਸ਼ਾਂ, ਪੰਖੇਰੂ-ਸੋਚ ਅਤੇ ਅਰਮਾਨਾਂ ਦਾ ਸਿਵਾ ਬਲਣ ਦਾ ਸੇਕ ਅਤੇ ਧੂੰਆਂ ਕਿਸੇ ਨਾ ਕਿਸੇ ਪਾਸਿਓਂ ਉੱਠਦਾ ਹੀ ਰਹਿੰਦਾ ਹੈ ਜੋ ਇਕ ਕੌੜੀ ਸਚਾਈ ਹੈ ਜਿਸ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਸਗੋਂ ਇਸ ਨੂੰ ਮੰਨ ਕੇ ਸਮਾਜ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਅੱਜ ਵੀ ਲੋੜ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਇਸਤਰੀ ਬਾਬਤ ਲਿਖੀਆਂ ਇਨ੍ਹਾਂ ਤੁਕਾਂ ਦੇ ਅਰਥਾਂ ਨੂੰ ਸਰਲ ਰੂਪ ਵਿਚ ਸਮਝਣ ਦੀ ਕਿ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)
ਲੇਖਕ ਬਾਰੇ
ਪਿੰਡ ਬੂਲੇਵਾਲ, ਡਾਕ: ਨੌਸ਼ਹਿਰਾ ਮੱਝਾ ਸਿੰਘ, ਤਹਿ: ਤੇ ਜ਼ਿਲ੍ਹਾ ਗੁਰਦਾਸਪੁਰ-143518
- ਹੋਰ ਲੇਖ ਉਪਲੱਭਧ ਨਹੀਂ ਹਨ