editor@sikharchives.org

ਬਲਵੰਡ ਖੀਵੀ ਨੇਕ ਜਨ

ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਅਰੰਭੀ ਸਰਬਪੱਖੀ ਇਨਕਲਾਬੀ ਲਹਿਰ ਨੇ ਭਾਰਤ ਅਤੇ ਖਾਸ ਕਰਕੇ ਪੰਜਾਬ ਦੀ ਹਰ ਪੱਖੋਂ ਕਾਇਆ ਕਲਪ ਕਰ ਦਿੱਤੀ। ਹਰ ਖੇਤਰ ਵਿਚ ਅਸਚਰਜ ਕਰਨ ਵਾਲੇ ਕਾਰਨਾਮੇ ਕੀਤੇ ਅਤੇ ਅਣਕਿਆਸੀਆਂ ਤਬਦੀਲੀਆਂ ਲਿਆਂਦੀਆਂ ਜਿਸ ਦੇ ਨਤੀਜੇ ਵਜੋਂ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਖੇਤਰ ਵਿਚ ਇਤਿਹਾਸ ਨੇ ਇਕ ਨਵਾਂ ਮੋੜ ਲਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁਰਾਣੇ ਜਗੀਰਦਾਰੀ, ਸਰਮਾਏਦਾਰੀ, ਅਜਾਰੇਦਾਰੀ, ਪੂੰਜੀਪਤੀ ਸਿਸਟਮ ਅਤੇ ਕਰਮਕਾਂਡੀ, ਪਾਖੰਡੀ, ਕਪਟੀ ਅਤੇ ਛਲੀ ਅਖੌਤੀ ਧਾਰਮਿਕ ਰਹੁਰੀਤੀਆਂ ਅਤੇ ਲੋਟੂ ਅਤੇ ਐਸ਼ਪ੍ਰਸਤੀ ਵਿਚ ਗ੍ਰਸੇ ਹੋਏ ਜਗੀਰਦਾਰ ਅਤੇ ਅਖੌਤੀ ਉੱਚ ਜਾਤੀਆਂ ਦੇ ਲੋਕਾਂ ਵੱਲੋਂ ਗਰੀਬ ਕਿਰਤੀਆਂ, ਸੂਦਰਾਂ ਦੀਆਂ ਜਿੰਦਗੀਆਂ ਨਾਲ ਕੀਤੇ ਜਾ ਰਹੇ ਖਿਲਵਾੜ, ਸ਼ੋਸ਼ਣ ਨੂੰ ਅਤੇ ਜੋਕਾਂ ਵਾਂਗੂ ਗਰੀਬ ਕਿਰਤੀਆਂ ਦਾ ਖੂਨ ਚੂਸਣ ਵਾਲੇ ਅਤੇ ਉਨ੍ਹਾਂ ਉੱਤੇ ਅਣਮਨੁੱਖੀ ਜ਼ੁਲਮ ਢਾਹੁਣ ਵਾਲੇ ਰਜਵਾੜਿਆਂ ਅਤੇ ਉਨ੍ਹਾਂ ਦੇ ਭ੍ਰਿਸ਼ਟ ਪ੍ਰਸ਼ਾਸਨ ਦੇ ਜ਼ੁਲਮ, ਧੱਕੇ ਅਤੇ ਬੇਇਨਸਾਫੀ ਕਾਰਨ ਚੱਕੀ ਦੇ ਪੁੜਾਂ ਹੇਠ ਪੀਸੇ ਜਾਣ ਵਾਲੀ ਪਰਜਾ

“ਰਾਜੇ ਪਾਪੁ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ”

ਤਥਾ

“ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ੍ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ੍ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥”

ਅਤੇ ਊਚ-ਨੀਚ, ਜਾਤ ਅਤੇ ਵਰਣ-ਵੰਡ ਅਤੇ ਚਾਰ ਆਸ਼ਰਮਾਂ ਵਿਚ ਵੰਡੀ ਜਨਤਾ ਕਾਰਨ ਲੀਰੋ-ਲੀਰ ਹੋਏ ਸਮਾਜ ਅਤੇ ਧਾਰਮਿਕ ਖੇਤਰ ਵਿਚ

“ਕਾਜ਼ੀ ਹੋਇ ਰਿਸਵਤੀ ਵਢੀ ਲੈ ਕੇ ਹਕੁ ਗਵਾਈ”

ਵਾਲੇ ਰਾਜਨੀਤਿਕ ਅਤੇ ਧਾਰਮਿਕ, ਸਮਾਜਿਕ ਸਿਸਟਮ ਨੂੰ ਵੰਗਾਰਿਆ ਅਤੇ ਆਪਣੀ

“ਧੁਰ ਕੀ ਬਾਣੀ ਆਈ॥
ਤਿਨਿ ਸਗਲੀ ਚਿੰਤ ਮਿਟਾਈ॥”

ਅਤੇ ਭਾਈ ਮਰਦਾਨਾ ਜੀ ਵੱਲੋਂ ਵਜਾਈ ਰਬਾਬ ਦੀਆਂ ਕਠੋਰ ਮਨਾਂ ਨੂੰ ਠਾਰ ਦੇਣ ਵਾਲੀਆਂ ਕੋਮਲ ਧੁਨਾਂ ਦੁਆਰਾ ਉਸ ਨਖਿਧ, ਲੋਕ-ਮਾਰੂ, ਕੁਰੱਪਟ ਅਤੇ ਜ਼ੁਲਮੀ ਸਿਸਟਮ ਨੂੰ ਤਹਿਸ-ਨਹਿਸ ਕਰ ਦਿੱਤਾ ਅਤੇ ਇੱਕ

“ਨਾਨਕ ਨਿਰਮਲ ਪੰਥ ਚਲਾਇਆ॥”

ਸੰਸਾਰ ਵਿਚ ਬਹੁਤ ਇਨਕਲਾਬ ਅਤੇ ਕ੍ਰਾਂਤੀਆਂ ਆਈਆਂ ਅਤੇ ਕਈ ਖੇਤਰਾਂ ਵਿਚ ਉਨ੍ਹਾਂ ਦੇ ਸਾਰਥਕ ਨਤੀਜੇ ਵੀ ਨਿਕਲੇ ਪਰੰਤੂ ਇਹ “ਸਿੱਖ ਕ੍ਰਾਂਤੀ” ਅਤੇ “ਸਿੱਖ ਇਨਕਲਾਬ” ਆਪਣੀ ਹੀ ਕਿਸਮ ਦਾ ਮੁਕੰਮਲ, ਨਿਰਾਲਾ ਅਤੇ ਨਿਵੇਕਲਾ ਸੀ ਜੋ ਸਾਰਥਕ ਸੀ, ਠੋਸ ਸੀ, ਆਧੁਨਿਕ ਲੀਹਾਂ ਉੱਤੇ ਸੀ, ਸਾਰੀ ਲੋਕਾਈ ਲਈ ਸੀ। ਜਿਸ ਦੇ ਦਾਇਰੇ ਅੰਦਰ ਲੋਕਾਈ ਦੀਆਂ ਸਮੱਸਿਆਵਾਂ, ਦੁਬਿਧਾਵਾਂ ਅਤੇ ਰੁਕਾਵਟਾਂ ਨੂੰ ਸਰ ਕਰਕੇ ਇਕ ਨਵੇਂ-ਨਿਰੋਏ ਸਰਬਪੱਖੀ ਪ੍ਰਫੁਲਤ, ਵਿਕਸਤ, ਉੱਨਤ ਅਤੇ ਖੁਸ਼ਹਾਲ ਸਮਾਜ ਦੀ ਸਿਰਜਨਾ ਦਾ ਕਾਰਜ ਆਉਂਦਾ ਸੀ। ਇਸ “ਮੁਕੰਮਲ ਕ੍ਰਾਂਤੀ” ਲਈ, ਜਿਵੇਂ ਹਰ ਕ੍ਰਾਂਤੀ ਦੀ ਮੁੱਢਲੀ ਲੋੜ ਹੁੰਦੀ ਹੈ, ਇਕ ਨਵੀਂ-ਨਰੋਈ, ਸਾਰਥਕ, ਠੋਸ ਅਤੇ ਨਿੱਘਰ “ਵਿਚਾਰਧਾਰਾ” ਅਤੇ “ਫਿਲਾਸਫੀ” ਦੀ ਲੋੜ ਸੀ, ਉਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। “ਨਿਰਮਲ ਪੰਥ” ਦੇ ਇਸ ਸੱਚ ਧਰਮ ਦੇ ਮਾਰਗ ਦੇ ਫਲਸਫੇ ਦਾ ਨਾਮ ਹੈ “ਗੁਰਮਤਿ ਵਿਚਾਰਧਾਰਾ” ਜੋ ਸਮੁੱਚੀ ਲੋਕਾਈ ਦੀਆਂ ਸਮੂਹ ਆਧੁਨਿਕ ਸਮੱਸਿਆਵਾਂ ਦਾ “ਸੰਪੂਰਨ ਸਮਾਧਾਨ” ਮੁਹੱਈਆ ਕਰਾਉਂਦੀ ਹੈ। ਇਸ ਫਿਲਾਸਫੀ ਦੇ ਬੇਅੰਤ ਅਤੇ ਅਨੰਤ ਅੰਸ਼ ਅਤੇ ਸੰਕਲਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਉਂ ਵਿਦਮਾਨ ਹਨ, ਜਿਸ ਤਰ੍ਹਾਂ ਸਮੁੰਦ-ਸਾਗਰ ਵਿਚ ਅਨੇਕ ਭਾਂਤ ਦੇ ਬੇਅੰਤ ਹੀਰੇ, ਜਵਾਹਰਾਤ ਰਤਨ ਵਿਦਮਾਨ ਹੈ।

“ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ॥”

ਦੇ ਮਹਾਂਵਾਕ ਅਨੁਸਾਰ ਬਿਬੇਕ ਬੁੱਧੀ ਵਾਲੇ ਗੁਰਮੁਖ ਪਿਆਰੇ ਇਸ ਸਮੁੰਦ- ਸਾਗਰ ਵਿੱਚੋਂ

“ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸਕਾ ਸਭਸੁ ਅਧਾਰੋ॥

ਅਨੁਸਾਰ ਇਹ ਨਿਆਮਤਾਂ ਲੱਭ ਲੈਂਦੇ ਹਨ ਅਤੇ ਉਨ੍ਹਾਂ ਦੇ “ਲੋਕ ਸੁਖੀ ਪਰਲੋਕ ਸੁਹੇਲੇ” ਹੋ ਜਾਂਦੇ ਹਨ। ਉਨ੍ਹਾਂ ਦਾ ਸੰਸਾਰ ਅੰਦਰ ਆਉਣਾ ਸਫਲ ਹੋ ਜਾਂਦਾ ਹੈ। ਉਹ

“ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ॥
ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ॥”

ਵਾਲੀ ਸਥਿਤੀ ਪ੍ਰਾਪਤ ਕਰ ਲੈਂਦੇ ਹਨ। ਇਸ ਕ੍ਰਾਂਤੀ ਵਿਚ ਹੋਰਨਾਂ ਪਹਿਲੂਆਂ ਦੇ ਨਾਲ-ਨਾਲ ਸਮੇਂ ਦੇ ਸਮਾਜ ਵਿਚ ਔਰਤ ਦੀ ਹੋ ਰਹੀ ਦੁਰਗਤੀ, ਅਧੋਗਤੀ, ਅਪਮਾਨ, ਸ਼ੋਸ਼ਣ ਅਤੇ ਬੇਹੁਰਮਤੀ ਕਾਰਨ ਬਣੀ ਅਬਲਾ, ਨਿਮਾਣੀ, ਨਿਤਾਣੀ, ਪੈਰ ਦੀ ਜੁੱਤੀ ਅਤੇ ਕਲੰਕਣ ਗਰਦਾਨੀ ਗਈ “ਇਸਤਰੀ” ਦੇ ਉਥਾਨ, ਸਨਮਾਨ, ਸਤਿਕਾਰ, ਸਵੈਮਾਣ ਦੀ ਬਹਾਲੀ ਲਈ ਵੀ ਭਰਪੂਰ ਹੰਭਲਾ ਮਾਰਿਆ ਗਿਆ ਹੈ ਅਤੇ ਠੋਸ ਦਲੀਲਾਂ ਦੇ ਕੇ ਔਰਤ ਨੂੰ ਜਗਤ-ਜਣਨੀ ਅਤੇ ਸਮਾਜ ਦਾ ਧੁਰਾ, ਸੰਸਾਰ ਦਾ ਕੇਂਦਰ-ਬਿੰਦੂ ਸਿੱਧ ਕੀਤਾ ਹੈ ਤਾਂ ਜੋ ਗ੍ਰਿਹਸਤ-ਸਮਾਜ ਦਾ ਸੰਤੁਲਨ ਸਹੀ ਕਾਇਮ ਕੀਤਾ ਜਾ ਸਕੇ, ਗ੍ਰਿਹਸਤ-ਸਮਾਜ ਖੁਸ਼ਹਾਲ ਹੋ ਸਕੇ, ਆਪਸੀ ਪਿਆਰ, ਸਤਿਕਾਰ, ਸਹਿਨਸ਼ੀਲਤਾ ਅਤੇ ਸਹਿਯੋਗ ਪੂਰੀ ਤਰ੍ਹਾਂ ਕਾਇਮ ਹੋ ਸਕੇ। ਭਾਰਤ ਵਿਚ ਪੱਥਰ ਦੀ ਮੂਰਤੀ ਬਣਾ ਕੇ ਦੇਵੀ ਦੀ ਪੂਜਾ ਤਾਂ ਕੀਤੀ ਜਾਂਦੀ ਸੀ ਜੋ ਅੱਜ ਵੀ ਜਾਰੀ ਹੈ ਪਰ ਹੱਡ-ਮਾਸ ਦੀ ਜਿਉਂਦੀ-ਜਾਗਦੀ ਔਰਤ ਨਾਲ ਘਿਰਣਾ ਅਤੇ ਦੁਰਵਿਵਹਾਰ ਕੀਤਾ ਜਾਂਦਾ ਸੀ। ਦੇਵੀ ਦੇ ਰੂਪ ਵਿਚ ਨਾਰੀ ਸ਼ਕਤੀ ਨੂੰ ਪ੍ਰਵਾਨਿਆ ਤਾਂ ਜਾਂਦਾ ਸੀ ਪਰ ਉਸ ਦੀ ਜੀਵਤ ਹੋਂਦ-ਹਸਤੀ ਨੂੰ ਧਿਰਕਾਰਿਆ ਅਤੇ ਤ੍ਰਿਸਕਾਰਿਆ ਜਾਂਦਾ ਸੀ। ਗੁਰੂ ਸਾਹਿਬ ਨੇ ਇਸ “ਮੁਕੰਮਲ ਅਤੇ ਅਦੁੱਤੀ ਕ੍ਰਾਂਤੀ” ਦੀ ਸੰਪੂਰਨਤਾ ਅਤੇ ਸਫਲਤਾ ਲਈ ਆਪਣਾ ਨਿੱਜੀ ਅਮਲੀ ਜੀਵਨ ਇਕ ਆਦਰਸ਼ਕ ਜੀਵਨ ਰੋਲ-ਮਾਡਲ ਦੇ ਤੌਰ ਉੱਤੇ ਸੰਸਾਰ ਸਾਹਮਣੇ ਪੇਸ਼ ਕੀਤਾ। ਗੁਰਮਤਿ ਨੇ ਸੰਸਾਰ ਨੂੰ ਬਿਲਕੁਲ ਨਵਾਂ, ਨਿਰੋਆ, ਸ੍ਰੇਸ਼ਠ ਅਤੇ ਸਾਰਥਕ ਸਿਧਾਂਤ, ਸਿਸਟਮ, ਸ਼ਿਸ਼ਟਾਚਾਰ ਅਤੇ ਸਦਾਚਾਰ ਪ੍ਰਦਾਨ ਕੀਤਾ। ਇਸ ਵਿਚ ਹੋਰਨਾਂ ਮਹੱਤਵਪੂਰਨ ਬਾਤਾਂ ਤੋਂ ਇਲਾਵਾ ਦਰਸ਼ਨ-ਇਸ਼ਨਾਨ ਦੀ ਸਾਂਝ, ਕਥਾ-ਕੀਰਤਨ ਅਤੇ ਨਾਮ ਜਪਣ ਦੀ ਸਾਂਝ, ਖਾਣ-ਪੀਣ ਦੀ ਸਾਂਝ, ਸਹਿਹੋਂਦ ਅਤੇ ਸਹਿਨਸ਼ੀਲਤਾ ਦਾ ਸਿਧਾਂਤ ਸੀ ਜਿਸ ਦਾ ਆਧਾਰ ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ, ਸੇਵਾ, ਸਿਮਰਨ, ਪੰਗਤ ਅਤੇ ਸੰਗਤ ਸੀ। ਇਸ ਤਰ੍ਹਾਂ ਸਿੱਖ ਗੁਰਦੁਆਰਾ ਸਾਹਿਬ ਦੀ ਸੰਸਥਾ ਨਿਆਸਰਿਆਂ ਦਾ ਆਸਰਾ, ਨਿਓਟਿਆਂ ਦੀ ਓਟ, ਲੋੜਵੰਦਾਂ ਲਈ ਲੰਗਰ, ਨਿਘਰਿਆ ਲਈ ਰੈਣ-ਬਸੇਰਾ, ਆਤਮ-ਅਭਿਲਾਖੀਆਂ ਲਈ ਸਿਮਰਨ ਦਾ ਸਥਾਨ, ਗਰੀਬਾਂ ਅਤੇ ਅਨਾਥਾਂ ਲਈ ਸਹਾਇਤਾ ਦਾ ਕੇਂਦਰ, ਮਰੀਜ਼ਾਂ, ਬੀਮਾਰਾਂ ਅਤੇ ਲਾਚਾਰਾਂ ਅਤੇ ਲੋੜਵੰਦਾਂ ਲਈ ਚਕਿਤਸਾ (ਦਵਾ-ਦਾਰੂ) ਦਾ ਪ੍ਰਬੰਧ ਆਦਿ ਬਣ ਗਿਆ। ਸੱਚਮੁਚ ਹੀ ਗੁਰਦੁਆਰਾ ਸਾਹਿਬ ਸਰਬ-ਸਾਂਝੇ ਰੱਬ ਦਾ ਸਰਬ-ਸਾਂਝਾ ਪਵਿੱਤਰ ਸਥਾਨ ਬਣ ਗਿਆ ਜਿਸ ਵਿੱਚੋਂ “ਸਰਬਸਾਂਝੀ ਗੁਰਬਾਣੀ” ਅਤੇ ਗੁਰਮਤਿ ਸੰਗੀਤ ਦੀਆਂ ਕੋਮਲ ਧੁਨਾਂ ਦੇ ਫੁਹਾਰੇ ਫੁੱਟ-ਫੁੱਟ ਪੈਂਦੇ ਹੋਏ ਤਪਦੇ ਹਿਰਦਿਆਂ ਨੂੰ ਠਾਰਦਾ ਅੰਮ੍ਰਿਤ ਵਰਸਦਾ ਹੈ। ਗੁਰਦੁਆਰਾ ਸਾਹਿਬ ਦਾ ਪਵਿੱਤਰ ਉਪਦੇਸ਼ ਸਾਰੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ, ਊਚ-ਨੀਚ, ਜਾਤ-ਪਾਤੀ, ਰਾਣਾ ਅਤੇ ਰੰਕ, ਗਰੀਬ-ਅਮੀਰ, ਪੜ੍ਹਿਆ-ਅਣਪੜ੍ਹਿਆ ਦੀਆਂ ਸਭ ਵੱਲਗਣਾਂ ਨੂੰ ਟੱਪ ਕੇ-ਸਰ ਕਰ ਕੇ ਸਰਬ-ਲੋਕਾਈ ਲਈ ਇਕ ਸਮਾਨ ਹੈ। ਤਾਕੀਦੀ ਸਿਧਾਂਤ ਹੈ

“ਗੁਰਿ ਕਹਿਆ ਸਾ ਕਾਰ ਕਮਾਵਹੁ॥
ਗੁਰ ਕੀ ਕਰਣੀ ਕਾਹੇ ਧਾਵਹੁ॥”

ਮਹਾਨ ਪੰਥਕ ਵਿਦਵਾਨ ਭਾਈ ਗੁਰਦਾਸ ਜੀ ਸਿੱਖੀ ਬਾਰੇ ਇਉਂ ਫਰਮਾਉਂਦੇ ਹਨ,

“ਗੁਰਸਿਖੀ ਦਾ ਕਰਮੁ ਏਹੁ ਗੁਰ ਫਰਮਾਏ ਗੁਰ ਸਿਖ ਕਰਣਾ॥

ਗੁਰ ਕਿਰਪਾ ਗੁਰੁ ਸਿਖ ਗੁਰ ਸਰਣਾ” ਭਾਈ ਗੁਰਦਾਸ ਜੀ ਇਹ ਵੀ ਸਪਸ਼ਟ ਕਰਦੇ ਹਨ ਕਿ ਗੁਰ ਸਿੱਖੀ ਕਮਾਉਣੀ “ਖੰਡੇ ਦੀ ਧਾਰ” ਉੱਤੇ ਤੁਰਨ ਦੇ ਤੁੱਲ ਹੈ। ਭਾਈ ਸਾਹਿਬ ਕਹਿੰਦੇ ਹਨ:

“ਗੁਰ ਸਿਖੀ ਬਰੀਕ ਹੈ ਸਿਲ ਚਟਣੁ ਫਿਕੀ।
ਤ੍ਰਿਖੀ ਖੰਡੇ ਧਾਰ ਹੈ ਉਹੁ ਵਾਲਹੁ ਨਿਕੀ।
ਭੂਤ ਭਵਿਖ ਨ ਵਰਤਮਾਨ ਸਰਿ ਮਿਕਣਿ ਮਿਕੀ।”

ਗੁਰਮਤਿ ਦੇ ਧਾਰਨੀ ਲਈ ਸਤ, ਸੰਤੋਖ, ਦਇਆ, ਖਿਮਾ ਆਦਿ ਉਸ ਦੇ ਮੁੱਖ ਗਹਿਣੇ ਹਨ ਜਿਨ੍ਹਾਂ ਨੂੰ ਧਾਰਨ ਕਰ ਕੇ ਉਹ ਆਦਰਸ਼ਕ ਜੀਵ ਹੋ ਨਿੱਬੜਦਾ ਹੈ ਅਤੇ ਗੁਰ ਦਰਬਾਰ ਵਿਚ ਪ੍ਰਵਾਨ ਚੜ੍ਹਦਾ ਹੈ। ਗੁਰ ਫਰਮਾਨ ਹੈ,

“ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ॥”

ਪਰੰਤੂ ਸਤਿਗੁਰਾਂ ਨੇ

“ਅਵਰ ਉਪਦੇਸੈ ਆਪਿ ਨ ਕਰੈ॥
ਆਵਤ ਜਾਵਤ ਜਨਮੈ ਮਰੈ॥”

ਵਾਲੀ ਨੀਤੀ ਨੂੰ ਅਖਤਿਆਰ ਅਤੇ ਧਾਰਨ ਨਹੀਂ ਕੀਤਾ। ਉਨ੍ਹਾਂ ਦੀ “ਕਹਿਣੀ ਅਤੇ ਕਰਣੀ” ਵਿਚ ਪੂਰਾ ਸੰਤੁਲਨ ਸੀ ਅਤੇ ਇਸੇ ਕਰਕੇ ਉਨ੍ਹਾਂ ਨੇ ਲੋਕਾਈ ਸਾਹਮਣੇ ਆਪਣੇ ਆਦਰਸ਼ਕ ਜੀਵਨ ਦੁਆਰਾ “ਮਿਸਾਲੀ ਅਤੇ ਮਿਆਰੀ ਜੀਵਨ ਜੁਗਤ” ਪੇਸ਼ ਕੀਤੀ। ਇਹ ਜੀਵਨ-ਜੁਗਤ,

“ਰਾਜ ਮਹਿ ਰਾਜੁ ਜੋਗ ਮਹਿ ਜੋਗੀ॥
ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ੍॥

ਅਤੇ

“ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥”

ਉੱਤੇ ਅਧਾਰਿਤ ਹੈ। ਇਸ ਗੁਰਮਤਿ ਸਭਿਆਚਾਰ ਨੂੰ ਅਪਣਾ ਕੇ ਸਿੰਘਾਂ-ਸੂਰਮਿਆਂ, ਭੁਝੰਗੀਆਂ ਅਤੇ ਸਿੰਘਣੀਆਂ ਨੇ ਸੰਸਾਰ ਨੂੰ ਦੰਗ ਅਤੇ ਹੈਰਾਨ ਕਰਨ ਵਾਲੇ ਕਾਰਨਾਮੇ ਕਰ ਵਿਖਾਏ। ਇਹ ਸਿੱਖੀ ਜੀਵਨ ਕੇਵਲ ਮੈਦਾਨੇ-ਜੰਗ ਵਿਚ ਖੰਡਾ ਖੜਕਾਉਣ ਵਾਲਾ ਹੀ ਨਹੀਂ ਹੈ। ਇੱਥੇ ਤਾਂ ਜਿਸ ਨੇ ਪੰਜੇ ਵਿਸ਼ੇ-ਵਿਕਾਰਾਂ ਉੱਤੇ ਕਾਬੂ ਪਾ ਲਿਆ ਉਹ ਵੀ ਉੱਤਮ ਦਰਜੇ ਦਾ ਸੂਰਾ ਅਤੇ ਵਰਿਆਮ ਗਿਣਿਆ ਗਿਆ ਹੈ

“ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ॥

ਤਥਾ

“ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥”

ਦਾ ਮਹਾਨ ਉਪਦੇਸ਼ ਅਤੇ ਸਿਧਾਂਤ ਹੈ। ਇਸ ਦਾ ਆਧਾਰ ਹੈ “ਸੇਵਾ-ਸਿਮਰਨ ਦੇ ਨਾਲ-ਨਾਲ ਸਹਿਜਤਾ, ਸਹਿਨਸ਼ੀਲਤਾ, ਸਾਂਝੀਵਾਲਤਾ ਅਤੇ ਉਦਮ ਕਰਨਾ ਅਤੇ ਪਰਉਪਕਾਰੀ ਹੋਣਾ।” ਗੁਰ ਫੁਰਮਾਨ ਹੈ,

“ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥”।

ਭਾਈ ਗੁਰਦਾਸ ਜੀ ਵੀ ਕਥਨ ਕਰਦੇ ਹਨ,

“ਵਿਣੁ ਸੇਵਾ ਧ੍ਰਿਗੁ ਹਥ ਪੈਰ ਹੋਰ ਨਿਹਫਲ ਕਰਣੀ।”

ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਜਾਤ-ਪਾਤੀ ਸਿਸਟਮ ਅਤੇ ਧਰਮ ਵਿਚ ਕੁਝ ਇਕ ਅਖੌਤੀ ਉੱਤਮ ਜਾਤੀ ਲੋਕਾਂ ਦੀ ਅਜਾਰੇਦਾਰੀ ਅਤੇ ਠੇਕੇਦਾਰੀ ਸਮਾਪਤ ਕਰਕੇ ਇਸ ਵਿਚ ਆਮ ਕਿਰਤੀ ਅਤੇ ਸੂਦਰ ਅਤੇ ਅਛੂਤ ਸਮਝੇ ਜਾਂਦੇ ਅਖੌਤੀ ਤੌਰ ਉੱਤੇ ਨੀਵੇਂ ਲੋਕਾਂ ਅਤੇ ਪੈਰ ਦੀ ਜੁੱਤੀ ਸਮਝੀ ਜਾਂਦੀ ਔਰਤ ਨੂੰ ਬਰਾਬਰ ਦਾ ਸਥਾਨ, ਸਨਮਾਣ, ਸਤਿਕਾਰ ਅਤੇ ਸ੍ਰੇਸ਼ਟਤਾ ਪ੍ਰਦਾਨ ਕਰਾਉਣਾ ਅਤੇ “ਕਾਦਰ ਦੀ ਕੁਦਰਤ” ਵਿਚ ਬਰਾਬਰ ਦਾ ਸਾਂਝੀਵਾਲ ਬਣਾਉਣਾ ਸੀ। ਇਸ ਦਾ ਆਧਾਰ ਸਤਿਗੁਰਾਂ ਨੇ ਹੋਰਨਾਂ ਢੰਗ-ਤਰੀਕਿਆਂ ਦੇ ਨਾਲ-ਨਾਲ “ਸੰਗਤ ਅਤੇ ਪੰਗਤ” ਦੇ ਸੰਕਲਪ ਨੂੰ ਬਣਾਇਆ। ਸੰਗਤ ਵਿਚ ਸਭ ਨੂੰ ਇੱਕੋ ਸਮੇਂ ਇੱਕੋ ਸਥਾਨ (ਸਤਿਸੰਗਤ ਵਿਚ) ਇਕਸਾਰ ਸ਼ਬਦ ਦੀ ਦੌਲਤ ਦਾ ਲੰਗਰ ਵੰਡਿਆ ਜਾਂਦਾ ਹੈ ਅਤੇ ਸ਼ਬਦ-ਕੀਰਤਨ, ਕਥਾ, ਪਾਠ ਅਤੇ ਅਰਦਾਸ ਕੋਈ ਵੀ ਕਰ ਸਕਦਾ ਹੈ। ਇਸ ਉੱਤੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਵਿਸ਼ੇਸ਼ ਜਾਤੀ ਦਾ ਅਧਿਕਾਰ ਨਹੀਂ ਹੈ। ਇੱਥੇ ਤਾਂ

ਸਤਸੰਗਤਿ ਕੈਸੀ ਜਾਣੀਐ॥
ਜਿਥੈ ਏਕੋ ਨਾਮੁ ਵਖਾਣੀਐ॥”

ਹੀ ਹੈ। ਇੱਥੇ ਤਾਂ ਜੀਵਨ ਦੇ ਹਰਿ ਪਹਿਲੂ ਵਿਚ ਸੱਚ ਦਾ ਹੀ ਵਰਤਾਰਾ ਹੈ। ਖਾਣ, ਪੀਣ, ਪਹਿਨਣ, ਉਠਣ, ਬੈਠਣ, ਸੋਚਣ ਆਦਿ। ਭਾਵ ਹਰ ਸਮੇਂ ਸੱਚ ਨੂੰ ਹੀ ਪਰਨਾਏ ਕਹਿਣਾ ਹੈ। ਗੁਰਵਾਕ ਹੈ:

ਸਚੁ ਖਾਣਾ ਸਚੁ ਪੈਨਣਾ ਸਚੇ ਹੀ ਵਿਚਿ ਵਾਸੁ॥
ਸਦਾ ਸਚਾ ਸਾਲਾਹਣਾ ਸਚੈ ਸਬਦਿ ਨਿਵਾਸੁ॥
ਸਭੁ ਆਤਮ ਰਾਮੁ ਪਛਾਣਿਆ ਗੁਰਮਤੀ ਨਿਜ ਘਰਿ ਵਾਸੁ॥ (ਪੰਨਾ 69)

ਇਸ ਤਰ੍ਹਾਂ

“ਏਕੁ ਪਿਤਾ ਏਕਸ ਕੇ ਹਮ ਬਾਰਿਕ”

ਅਤੇ

“ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥”

ਦੇ ਮਹਾਨ ਸਿਧਾਂਤ ਅਨੁਸਾਰ ਇੱਕੋ ਪੰਗਤ ਵਿਚ ਸਾਰਿਆਂ ਨੂੰ ਇੱਕੋ ਥਾਂ, ਇਕਸਾਰ ਬਿਨਾਂ ਕਿਸੇ ਜਾਤੀ-ਪਾਤੀ, ਊਚ-ਨੀਚ, ਛੋਟੇ ਅਤੇ ਵੱਡੇ ਦੇ ਭਿੰਨ-ਭੇਦ ਦੇ “ਰਾਣਾ ਰੰਕ ਬਰਾਬਰੀ” ਦੇ ਸਿਧਾਂਤ ਅਨੁਸਾਰ ਲੰਗਰ ਵੰਡਿਆ ਜਾਂਦਾ ਹੈ। ਜੇਕਰ ਸਮੇਂ ਦਾ ਸ਼ਕਤੀਸ਼ਾਲੀ ਬਾਦਸ਼ਾਹ ਅਕਬਰ ਸਤਿਗੁਰਾਂ ਦੇ ਦਰਸ਼ਨ-ਦੀਦਾਰੇ ਲਈ ਆਇਆ ਤਾਂ ਉਸ ਨੂੰ ਵੀ ਗੁਰਮਤਿ ਸਿਧਾਂਤ ਅਨੁਸਾਰ “ਪਹਿਲੇ ਪੰਗਤ ਪਾਛੇ ਸੰਗਤ” ਅਨੁਸਾਰ ਹੀ ਕਰਨਾ ਪਿਆ। ਪੰਗਤ ਵਿਚ ਸੰਗਤ ਨਾਲ ਪਰਸ਼ਾਦਾ ਛਕ ਕੇ ਅਕਬਰ ਨਿਹਾਲ ਹੋ ਗਿਆ ਸੀ ਅਤੇ ਉਸ ਨੇ ਗੁਰੂ-ਘਰ ਨਮਿਤ ਵੱਡੀ ਜਗੀਰ ਲਗਾਉਣ ਦੀ ਪੇਸ਼ਕਸ਼ ਵੀ ਕੀਤੀ ਸੀ। ਸਮੇਂ ਦੇ ਸਮਾਜ ਵਿਚ ਇਹ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਸੀ। ਇਸ ਤਰ੍ਹਾਂ ਸਮਾਜ ਵਿਚ ਧਿਰਕਾਰੀ, ਅਬਲਾ, ਨਿਮਾਣੀ, ਨਿਤਾਣੀ ਅਤੇ ਕਲੰਕਣ ਸਮਝੀ ਜਾਂਦੀ ਔਰਤ ਦਾ ਅਸਲੀ, ਅਹਿਮ ਅਤੇ ਸਹੀ ਰੂਪ ਪੇਸ਼ ਕਰਨ ਲਈ ਗੁਰੂ ਪਰਵਾਰ ਨਾਲ ਸੰਬੰਧਿਤ ਵੱਖ-ਵੱਖ ਔਰਤ ਸਖਸੀਅਤਾਂ ਨੇ ਸਮੇਂ-ਸਮੇਂ ਆਪਣਾ ਵਿਲੱਖਣ ਅਤੇ ਪੱਥ-ਪਰਦਰਸ਼ਕ ਰੋਲ ਨਿਭਾ ਕੇ ਇਸ ਖੇਤਰ ਵਿਚ ਭਰਪੂਰ ਯੋਗਦਾਨ ਪਾਇਆ ਅਤੇ ਆਪਣੇ ਅਮਲੀ ਜੀਵਨ ਦੁਆਰਾ ਇਸ “ਨਵੀਂ ਰੋਸ਼ਨੀ” ਨੂੰ ਜੱਗ ਜ਼ਾਹਰ ਕੀਤਾ। ਇਹ ਭਾਵੇਂ ਬੇਬੇ ਨਾਨਕੀ ਜੀ ਸਨ, ਭਾਵੇਂ ਮਾਤਾ ਖੀਵੀ ਜੀ ਸਨ, ਭਾਵੇਂ ਬੀਬੀ ਭਾਨੀ ਜੀ, ਭਾਵੇਂ ਮਾਤਾ ਗੰਗਾ ਜੀ ਸਨ, ਭਾਵੇਂ ਮਾਤਾ ਗੁਜਰੀ ਜੀ ਸਨ ਅਤੇ ਭਾਵੇਂ ਮਾਤਾ ਸੁੰਦਰੀ ਜੀ ਸਨ। ਇਨ੍ਹਾਂ ਦਾ ਯੋਗਦਾਨ ਇਸ “ਸਿੱਖ ਕ੍ਰਾਂਤੀ” ਨੂੰ ਨੇਪਰੇ ਚਾੜ੍ਹਨ ਵਿਚ ਬਹੁਤ ਹੀ ਸਾਰਥਕ ਅਤੇ ਭਾਵਪੂਰਤ ਰਿਹਾ। ਇੱਥੇ ਇਹ ਵੀ ਵਰਣਨ ਕਰਨਾ ਯੋਗ ਹੋਵੇਗਾ ਕਿ ਸ਼ਬਦ ਦੇ ਲੰਗਰ ਲਈ ਗੁਰੂ ਜੀ ਦਾ ਮਹਾਨ ਅਤੇ ਮਹੱਤਵਪੂਰਨ ਉਪਦੇਸ਼

“ਅਨਦਿਨੁ ਰਾਮ ਕੇ ਗੁਣ ਕਹੀਐ॥
ਸਗਲ ਪਦਾਰਥ ਸਰਬ ਸੂਖ ਸਿਧਿ ਮਨ ਬਾਂਛਤ ਫਲ ਲਹੀਐ॥ ਰਹਾਉ॥
ਆਵਹੁ ਸੰਤ ਪ੍ਰਾਨ ਸੁਖਦਾਤੇ ਸਿਮਰਹ ਪ੍ਰਭੁ ਅਬਿਨਾਸੀ॥
ਅਨਾਥਹ ਨਾਥੁ ਦੀਨ ਦੁਖ ਭੰਜਨ ਪੂਰਿ ਰਹਿਓ ਘਟ ਵਾਸੀ॥
ਗਾਵਤ ਸੁਨਤ ਸੁਨਾਵਤ ਸਰਧਾ ਹਰਿ ਰਸੁ ਪੀ ਵਡਭਾਗੇ॥
ਕਲਿ ਕਲੇਸ ਮਿਟੇ ਸਭਿ ਤਨ ਤੇ ਰਾਮ ਨਾਮ ਲਿਵ ਜਾਗੇ॥”

ਕਿਉਂਕਿ ਗੁਰੂ ਜੀ ਵਿਸ਼ਵਾਸ ਸਹਿਤ ਸਮਝਾਉਂਦੇ ਹਨ ਕਿ ਸਤਿ ਸੰਗਤ ਵਿਚ ਨਾਮ ਜਪਿਆਂ ਮਨੁੱਖਾ ਜੀਵਨ ਸਫਲ ਹੋ ਜਾਂਦਾ ਹੈ। ਗੁਰ-ਵਾਕ ਹੈ,

“ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ॥
ਅਉਰ ਧਰਮ ਤਾ ਕੈ ਸਮ ਨਾਹਨਿ ਇਹ ਬਿਧਿ ਬੇਦੁ ਬਤਾਵੈ॥”

ਤਥਾ

“ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ॥
ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ॥”

ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚਾ ਸੌਦਾ ਕਰਕੇ ਗੁਰੂ ਕੇ ਲੰਗਰ ਦੀ ਪ੍ਰਥਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਅਰੰਭੀ ਸੀ। ਇਸ ਨੂੰ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਨੇ ਸਦੀਵ ਕਾਲ ਲਈ ਇਕ ਸੰਸਥਾ “ਲੰਗਰ ਗੁਰੂ ਕਾ” ਦਾ ਰੂਪ ਦੇ ਦਿੱਤਾ। “ਲੰਗਰ ਗੁਰੂ ਕਾ” ਦੀ ਤਿਆਰੀ ਵਿਚ ਕੋਈ ਇਸਤਰੀ-ਪੁਰਸ਼ ਬਿਨਾਂ ਕਿਸੇ ਜਾਤ-ਪਾਤ ਦੇ ਭਿੰਨ-ਭੇਦ ਦੇ ਸ਼ਾਮਲ ਹੋ ਸਕਦਾ ਹੈ ਅਤੇ ਇਸੇ ਤਰ੍ਹਾਂ ਲੰਗਰ ਵਰਤਾਉਣ ਵਿਚ ਵੀ ਬਿਨਾਂ ਊਚ-ਨੀਚ ਦੇ ਭਿੰਨ-ਭੇਦ ਦੇ ਕੋਈ ਇਸਤਰੀ-ਪੁਰਸ਼ ਸੇਵਾ ਕਰ ਸਕਦਾ ਹੈ। ਜਿਸ ਦੇਸ਼ ਵਿਚ ਅਖੌਤੀ ਨੀਚ ਜਾਤਾਂ ਨਾਲ ਸੰਬੰਧਿਤ ਇਸਤਰੀ-ਪੁਰਸ਼ ਨੂੰ ਛੂਹਣ ਨਾਲ ਵੀ ਅਖੌਤੀ ਉੱਚ-ਜਾਤੀਆਂ ਦੇ ਲੋਕ ਭਿੱਟੇ ਜਾਂਦੇ ਸਨ ਅਤੇ ਸ਼ੂਦਰ ਨੂੰ ਢੇਡ ਕਹਿ ਕੇ ਬੁਲਾਇਆ ਜਾਂਦਾ ਸੀ, ਸੱਚਮੁੱਚ ਇਕ ਮਹਾਨ ਕ੍ਰਾਂਤੀ ਸੀ ਜੋ ਅਦਭੂਤ ਸੀ। ਅਸਲ ਵਿਚ ਹੁਣ ਖਡੂਰ ਸਾਹਿਬ ਵਿਖੇ ਪਵਿੱਤਰ ਗੁਰੂ ਅਸਥਾਨ ਅਜੋਕੇ ਗੁਰਦੁਆਰਾ ਸਾਹਿਬ ਦਾ ਮੂਲ ਅਤੇ ਮੁੱਢਲਾ ਰੂਪ ਬਣ ਗਿਆ ਸੀ। ਲੰਗਰ ਅਤੇ ਪੰਗਤ ਦੇ ਖੇਤਰ ਵਿਚ ਮਾਤਾ ਖੀਵੀ ਜੀ ਵੱਲੋਂ ਨਿਭਾਏ ਇਤਿਹਾਸਕ ਕਿਰਦਾਰ ਬਾਰੇ ਇਸ ਲੇਖ ਵਿਚ ਸੰਖੇਪ ਜਿਹੀ ਜਾਣਕਾਰੀ ਹਾਸਲ ਕਰਨ ਦਾ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਕਿਰਪਾ, ਸਮਰੱਥਾ, ਬਲ ਅਤੇ ਬੁੱਧੀ ਬਖਸ਼ਣ ਤਾਂ ਜੋ ਗੁਰਮਤਿ ਸਿਧਾਂਤ ਅਤੇ ਗੁਰ-ਇਤਿਹਾਸ ਦੇ ਪਰੀਪੇਖ ਵਿਚ ਸੰਗਤਾਂ ਦੀ ਜਾਣਕਾਰੀ ਲਈ ਕੁਝ ਪੇਸ਼ ਕਰ ਸਕੀਏ।

ਇਸ ਤੋਂ ਪਹਿਲਾਂ ਕਿ ਮਾਤਾ ਖੀਵੀ ਜੀ ਦੇ ਜੀਵਨ, ਸਭਿਆਚਾਰ, ਸਦਾਚਾਰ ਅਤੇ ਮਿਸਾਲੀ ਯੋਗਦਾਨ ਬਾਰੇ ਵਿਚਾਰ-ਚਰਚਾ ਕਰੀਏ। ਸੰਖੇਪ ਰੂਪ ਵਿਚ ਸਤਿਗੁਰਾਂ ਵੱਲੋਂ “ਇਸਤਰੀ” ਬਾਰੇ ਕੀਤੀਆਂ ਟਿੱਪਣੀਆਂ ਬਾਰੇ ਜਾਣਨਾ ਸਾਰਥਕ ਅਤੇ ਯੋਗ ਹੋਵੇਗਾ। ਸਤਿਗੁਰਾਂ ਨੇ ਇਸਤਰੀ ਨੂੰ ਇਸਤਰੀ ਦੀ ਜਣਨੀ, ਜਗਤ ਦੀ ਜਣਨੀ, ਅਖੌਤੀ ਨਿਹਕਲੰਕ ਰਾਜਿਆਂ-ਮਹਾਰਾਜਿਆਂ ਦੀ ਜਣਨੀ,

“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥”

ਅਤੇ

“ਨਿਜ ਭਗਤੀ ਸੀਲਵੰਤੀ ਨਾਰਿ॥
ਰੂਪਿ ਅਨੂਪ ਪੂਰੀ ਆਚਾਰਿ॥
ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ॥
ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ॥”

ਸਹਿਨਸ਼ੀਲਤਾ ਅਤੇ ਸਹਿਜਤਾ ਦੀ ਪੁੰਜ, ਮਨੁੱਖਤਾ ਦੀ ਪਹਿਲੀ ਅਧਿਆਪਕ, ਸਮਾਜ ਦੀ ਪੱਥ-ਪਰਦਰਸ਼ਕ, ਸੰਸਾਰ ਦਾ ਪਾਲਣ-ਪੋਸ਼ਣ ਕਰਨ ਵਾਲੀ, ਕਾਦਰ ਦੀ ਕੁਦਰਤ ਦਾ ਦੂਤ ਅਤੇ ਸਾਰਿਆਂ ਸਦਗੁਣਾਂ ਦੀ ਖਾਣ

“ਬਤੀਹ ਸੁਲਖਣੀ ਸਚੁ ਸੰਤਤਿ ਪੂਤ॥
ਆਗਿਆਕਾਰੀ ਸੁਘੜ ਸਰੂਪ॥
ਇਛ ਪੂਰੇ ਮਨ ਕੰਤ ਸੁਆਮੀ॥
ਸਗਲ ਸੰਤੋਖੀ ਦੇਰ ਜੇਠਾਨੀ॥
ਸਭ ਪਰਵਾਰੈ ਮਾਹਿ ਸਰੇਸਟ॥
ਮਤੀ ਦੇਵੀ ਦੇਵਰ ਜੇਸਟ॥”

ਆਦਿ ਅਲੰਕਾਰਾਂ ਅਤੇ ਵਿਸ਼ੇਸ਼ਣਾਂ ਨਾਲ ਸ਼ਿੰਗਾਰਿਆ ਅਤੇ ਨਿਵਾਜਿਆ ਹੈ। ਸੱਚਮੁੱਚ ਹੀ “ਮਾਂ ਇਸਤਰੀ” ਧਰਤੀ ਉੱਤੇ ਚੱਲਦਾ-ਫਿਰਦਾ ਅਤੇ ਜਿਉਂਦਾ-ਜਾਗਦਾ ਰੱਬ ਹੈ। ਸਗੋਂ ਰੱਬ ਨੇ ਆਪਣੇ ਨਾਲੋਂ ਵੀ ਇਕ ਗੁਣ “ਇਸਤਰੀ ਮਾਂ” ਨੂੰ ਵੱਧ ਬਖਸ਼ਿਸ਼ ਕੀਤਾ ਹੈ। ਭਾਈ ਕਾਹਨ ਸਿੰਘ ਨਾਭਾ ਇਸਤਰੀ ਨੂੰ ਅਕਾਲ ਪੁਰਖ ਵੱਲੋਂ ਬਖਸ਼ੇ (32) ਬਤੀਂ ਸਦਗੁਣਾਂ ਦੀ ਤਫਸੀਲ ਇਉਂ ਦਿੰਦੇ ਹਨ:-

(1) ਸੁੰਦਰਤਾ (2) ਸਵੱਛਤਾ (3) ਲੱਜਾ (4) ਚਤੁਰਾਈ (5) ਵਿਦਿਯਾ (6) ਪਤੀ-ਭਗਤੀ (7) ਸੇਵਾ (8) ਦਯਾ (9) ਸਤਯ (10) ਪ੍ਰਿਯ ਬਾਣੀ (11) ਪ੍ਰਸੰਨਤਾ (12) ਨਿਮਰਤਾ (13) ਨਿਸ਼ਕਪਟਤਾ (14) ਏਕਤਾ (15) ਧੀਰਜ (16) ਧਰਮ-ਨਿਸ਼ਠਾ (17) ਸੰਯਮ (18) ਉਦਾਰਤਾ (19) ਗੰਭੀਰਤਾ (20) ਉੱਦਮ (21) ਰਾਗ (22) ਕਾਵਯ (23) ਚਿਤ੍ਰ (24) ਔਸ਼ਧ (25) ਸੂਰਬੀਰਤਾ (26) ਰਸੋਈ (27) ਸਿਉਣਾ (28) ਪਰੋਣ (29) ਵਿਦਿਆ (30) ਪਰ-ਪਰਿਵਾਰ ਨੂੰ ਯਥਾ ਜੋਗ ਸੰਵਾਰਨਾ (31) ਬਜ਼ੁਰਗਾਂ ਦਾ ਮਾਨ-ਸਨਮਾਨ (32) ਘਰ ਆਏ ਪਰਹੁਣਿਆਂ ਦਾ ਆਦਰ-ਮਾਨ ਕਰਨਾ।

ਸੱਚਮੁੱਚ ਹੀ ਜਿੱਥੇ ਅਜਿਹੇ ਸਦਗੁਣਾਂ ਵਾਲੀ “ਇਸਤਰੀ” ਹੋਵੇਗੀ ਉਹ ਘਰ-ਗ੍ਰਹਿ ਸਵਰਗ ਹੋਵੇਗਾ। ਸਮੂਹ ਪ੍ਰਕਾਰ ਦੀਆਂ ਖੁਸ਼ੀਆਂ ਉੱਥੇ ਪ੍ਰਾਪਤ ਹੋਣਗੀਆਂ। ਪਰਉਪਕਾਰ, ਨਿਮਰਤਾ, ਸਹਿਜਤਾ ਅਤੇ ਸਹਿਨਸ਼ੀਲਤਾ ਉਸ ਘਰ ਦੇ ਪ੍ਰਮੁੱਖ ਲੱਛਣ ਹੋਣਗੇ। ਅਜਿਹੀ “ਬੀਬੀ” ਬਾਰੇ ਹੀ ਸਤਿਗੁਰਾਂ ਨੇ ਫਰਮਾਇਆ ਹੈ:

ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ॥
ਜਨ ਨਾਨਕ ਸੁਖੇ ਸੁਖਿ ਵਿਹਾਇ॥ (ਪੰਨਾ 371)

ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਉਨ੍ਹਾਂ ਦੀ ਧਰਮ ਸੁਪਤਨੀ ਮਾਤਾ ਖੀਵੀ ਜੀ ਇਨ੍ਹਾਂ ਸਾਰੇ ਸਦਗੁਣਾਂ ਦਾ ਮੁਜੱਸਮਾ ਸਨ। ਆਓ! ਉਨ੍ਹਾਂ ਦੇ ਜੀਵਨ, ਪ੍ਰਾਪਤੀਆਂ ਅਤੇ ਕਿਰਦਾਰ ਬਾਰੇ ਸੰਖੇਪ ਜਾਣਕਾਰੀ ਹਾਸਲ ਕਰੀਏ।

ਮਾਤਾ ਖੀਵੀ ਜੀ ਦਾ ਜਨਮ ਉਦੋਂ ਦੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਹੁਣ ਜ਼ਿਲ੍ਹਾ ਤਰਨਤਾਰਨ ਦੇ ਨਗਰ ਸੰਘਰ ਦੇ ਵਸਨੀਕ ਇਕ ਦੁਕਾਨਦਾਰ ਭਾਈ ਦੇਵੀ ਚੰਦ ਖੱਤਰੀ ਦੇ ਗ੍ਰਹਿ ਮਾਤਾ ਕਰਮ ਦੇਵੀ ਦੀ ਕੁੱਖੋਂ ਸੰਨ 1506 ਈ: ਵਿਚ ਹੋਇਆ। ਭਾਈ ਦੇਵੀ ਚੰਦ ਛੋਟੇ ਪੱਧਰ ਉੱਤੇ ਸ਼ਾਹੂਕਾਰੇ ਦਾ ਕੰਮ ਵੀ ਕਰਦੇ ਸਨ। ਬਚਪਨ ਵਿਚ ਹੀ ਸਾਊ, ਸਾਧੂ, ਮਿਠਬੋਲੜਾ ਅਤੇ ਮਸਤ ਸੁਭਾਅ ਹੋਣ ਕਰਕੇ ਮਾਤਾ-ਪਿਤਾ ਨੇ ਆਪਣੀ ਬਾਲੜੀ ਦਾ ਨਾਮ ਖੀਵੀ ਰੱਖਿਆ। ਖੀਵੀ ਜੀ ਦੇ ਮਾਤਾ-ਪਿਤਾ ਦੇਵੀ ਦੇ ਪੁਜਾਰੀ ਭਾਵ ਧਾਰਮਿਕ ਬਿਰਤੀ ਵਾਲੇ ਵਿਅਕਤੀ ਸਨ ਅਤੇ ਬਾਲ ਅਵਸਥਾ ਵਿਚ ਮਾਤਾ-ਪਿਤਾ ਦੇ ਧਾਰਮਿਕ ਜੀਵਨ ਦਾ ਪ੍ਰਭਾਵ ਪੈਣਾ ਕੁਦਰਤੀ ਸੀ। ਇਸ ਤਰ੍ਹਾਂ ਬਾਲ ਅਵਸਥਾ ਵਿਚ ਹੀ ਬੀਬੀ ਖੀਵੀ ਜੀ ਨੇ ਸੀਲ, ਸੰਤੋਖ, ਸੰਜਮ ਅਤੇ ਸੱਚ ਦੇ ਸ਼ੁਭ ਗੁਣ ਗ੍ਰਹਿਣ ਕਰ ਲਏ ਸਨ। ਦੁਕਾਨ ਉੱਤੇ ਆਪਣੇ ਪਿਤਾ ਅਤੇ ਘਰ-ਪਰਵਾਰ ਵਿਚ ਆਏ-ਗਏ ਦੀ ਸੇਵਾ ਕਰਨ ਵਿਚ ਆਪਣੀ ਮਾਤਾ ਦੀ ਮਦਦ ਕਰਨਾ ਅਤੇ ਮਾਤਾ-ਪਿਤਾ ਦੁਆਰਾ ਪੂਜਾ ਕਰਨ ਸਮੇਂ ਉਨ੍ਹਾਂ ਪਾਸ ਬੈਠਣਾ ਬੀਬੀ ਖੀਵੀ ਦਾ ਨਿਤ ਕਰਮ ਬਣ ਗਿਆ। ਸਮੇਂ ਦੇ ਰਿਵਾਜ ਅਨੁਸਾਰ ਬੀਬੀ ਵਿਰਾਈ ਜੋ ਭਾਈ ਦੇਵੀ ਚੰਦ ਦੇ ਪਰਵਾਰ ਦੇ ਨੇੜੂਆਂ ਵਿੱਚੋਂ ਸਨ ਅਤੇ ਖਡੂਰ ਸਾਹਿਬ ਦੇ ਵਸਨੀਕ ਭਾਈ ਫੇਰੂ ਮੱਲ, ਜੋ ਕਿ ਫਿਰੋਜ਼ਪੁਰ ਦੇ ਅਧਿਕਾਰੀ ਪਾਸ ਨੌਕਰੀ ਕਰਦੇ ਸਨ, ਨਾਲ ਵੀ ਨੇੜਲੇ ਸੰਬੰਧ ਸਨ, ਦੇ ਕਹਿਣ ਉੱਤੇ ਬੀਬੀ ਖੀਵੀ ਦਾ ਵਿਆਹ ਭਾਈ ਫੇਰੂ ਮੱਲ ਦੇ ਬੇਟੇ ਭਾਈ ਲਹਿਣਾ ਜੀ ਨਾਲ 16 ਮੱਘਰ ਸੰਮਤ 1576 ਮੁਤਾਬਕ ਸੰਨ 1519 ਈ: ਵਿਚ ਹੋ ਗਿਆ। ਭਾਈ ਫੇਰੂ ਮੱਲ ਦਾ ਪਰਵਾਰ ਵੀ ਭਾਈ ਲਹਿਣਾ ਜੀ ਨਾਲ ਤੀਰਥ ਯਾਤਰਾ ਉੱਤੇ ਜਾਇਆ ਕਰਦੇ ਸਨ। ਇਸ ਤਰ੍ਹਾਂ ਦੋਹਾਂ ਪਰਵਾਰਾਂ ਵਿਚ ਸਮਾਜਿਕ ਸਾਂਝ ਦੇ ਨਾਲ-ਨਾਲ ਧਾਰਮਿਕ ਸਾਂਝ ਵੀ ਸੀ। ਇਸ ਸੋਚ, ਸੁਭਾਅ, ਸਮਾਜਿਕ ਅਤੇ ਧਾਰਮਿਕ ਸਾਂਝ ਦੇ ਕਾਰਨ ਇਹ ਨਵ-ਦੰਪਤੀ ਇਕਸਾਰਤਾ ਅਤੇ ਇਕਸੁਰਤਾ ਵਾਲੀ ਆਦਰਸ਼ਕ ਜੋੜੀ ਹੋ ਨਿੱਬੜੀ। ਦੋਹਾਂ ਨੇ ਆਪਣੀ ਨਿੱਜੀ ਹਉਮੈ ਅਤੇ ਹੰਗਤਾ ਸਮਾਪਤ ਕਰਕੇ ਆਪਣੀ ਹਸਤੀ ਇਕ-ਦੂਜੇ ਵਿਚ ਸਮੋ ਦਿੱਤੀ ਅਤੇ ਇਹ “ਏਕ ਜੋਤਿ ਦੁਇ ਮੂਰਤੀ” ਬਣ ਗਏ।

ਸੁਖੀ ਗ੍ਰਿਹਸਤੀ ਜੀਵਨ ਜਿਉਂਦਿਆਂ ਇਸ ਦੰਪਤੀ ਦੇ ਗ੍ਰਹਿ ਵਿਖੇ ਦੋ ਪੁੱਤਰਾਂ ਅਤੇ ਦੋ ਧੀਆਂ ਨੇ ਜਨਮ ਲਿਆ। ਵੱਡੇ ਪੁੱਤਰ ਦਾਸੂ ਜੀ ਦਾ ਜਨਮ 9 ਭਾਦਰੋਂ ਸੰਮਤ 1589 ਬਿਕਰਮੀ, ਬੀਬੀ ਅਨੋਖੀ ਜੀ ਦਾ ਜਨਮ 29 ਜੇਠ ਸੰਮਤ 1591 ਅਤੇ ਭਾਈ ਦਾਸੂ ਜੀ ਦਾ ਜਨਮ 1 ਵੈਸਾਖ ਸੰਮਤ 1594 ਨੂੰ ਅਤੇ ਬੀਬੀ ਅਮਰੋ ਜੀ ਦਾ ਜਨਮ 2 ਪੋਹ ਸੰਮਤ 1595 ਨੂੰ ਹੋਇਆ। ਦੋਹਾਂ ਜੀਆਂ ਨੇ ਆਪਣੇ ਗ੍ਰਿਹਸਤ ਦੀਆਂ ਜ਼ਿੰਮੇਂਵਾਰੀਆਂ ਬਾਖੂਬੀ ਨਿਭਾਉਂਦਿਆਂ ਬੱਚਿਆਂ ਦਾ ਵਧੀਆ ਤਰੀਕੇ ਨਾਲ ਪਾਲਣ-ਪੋਸ਼ਣ ਕੀਤਾ ਅਤੇ ਉਨ੍ਹਾਂ ਅੰਦਰ ਵੀ ਧਾਰਮਿਕ ਸੰਸਕਾਰ ਪੈਦਾ ਕੀਤੇ।

ਭਾਈ ਫੇਰੂ ਮੱਲ ਅਤੇ ਭਾਈ ਦੇਵੀ ਚੰਦ ਹਰ ਵਰ੍ਹੇ ਧਾਰਮਿਕ ਯਾਤਰਾ ਉੱਤੇ ਜਾਇਆ ਕਰਦੇ ਸਨ ਅਤੇ ਭਾਈ ਲਹਿਣਾ ਜੀ ਵੀ ਆਪਣੇ ਪਿਤਾ ਜੀ ਨਾਲ ਹੀ ਹੁੰਦੇ। ਭਾਈ ਫੇਰੂ ਮੱਲ ਜੀ ਦੇ ਅਕਾਲ ਚਲਾਣੇ ਮਗਰੋਂ ਜਿੱਥੇ ਭਾਈ ਲਹਿਣਾ ਜੀ ਨੇ ਆਪਣੇ ਪਿਤਾ ਦੀਆਂ ਸਾਰੀਆਂ ਜਿੰਮੇਵਾਰੀਆਂ ਸੰਭਾਲੀਆਂ ਉੱਥੇ ਉਨ੍ਹਾਂ ਵਾਂਗ ਹੀ ਹੋਰ ਦਰਸ਼ਨ- ਅਭਿਲਾਖੀਆਂ ਨੂੰ ਨਾਲ ਲੈ ਕੇ ਤੀਰਥ ਯਾਤਰਾ ਉੱਤੇ ਜਾਂਦੇ ਸਨ ਪਰੰਤੂ ਉਨ੍ਹਾਂ ਨੂੰ ਉਹ ਆਤਮਿਕ ਤ੍ਰਿਪਤੀ ਦੀ ਪ੍ਰਾਪਤੀ ਨਹੀਂ ਸੀ ਹੋ ਰਹੀ, ਜਿਸ ਦੀ ਭਾਲ ਵਿਚ ਉਹ ਹਮੇਸ਼ਾ ਹੀ ਆਸ਼ਾਵਾਦੀ ਰਹਿੰਦੇ ਅਤੇ ਲੋਚਦੇ ਰਹਿੰਦੇ। ਭਾਈ ਲਹਿਣਾ ਜੀ ਦੀ ਮਾਨਸਿਕ ਦਸ਼ਾ ਤੋਂ ਬੀਬੀ ਖੀਵੀ ਜੀ ਪੂਰੀ ਤਰ੍ਹਾਂ ਜਾਣੂ ਹੀ ਨਹੀਂ ਸਨ ਸਗੋਂ ਉਹ ਖੁਦ ਵੀ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਸਨ। ਅੰਤ ਉਹ ਸੁਭਾਗਾ ਦਿਹਾੜਾ ਵੀ ਆ ਗਿਆ ਜਦੋਂ ਭਾਈ ਲਹਿਣਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਪ੍ਰਾਪਤ ਹੋਈ ਅਤੇ ਤੀਰਥ ਯਾਤਰਾ ਤੋਂ ਮੁੜਦਿਆਂ ਰਸਤੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਕਰਤਾਰਪੁਰ (ਕਰਤਾਰ ਪੁਰਿ ਕਰਤਾ ਵਸੈ) ਚਲੇ ਗਏ। ਬਸ ਫਿਰ ਕੀ ਸੀ ਪਹਿਲੀ ਮੁਲਾਕਾਤ ਵਿਚ ਹੀ ਭਾਈ ਲਹਿਣਾ ਜੀ ਨੂੰ “ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ॥” ਅਨੁਸਾਰ ਆਪਣੀ ਮਨ ਬਾਂਛਤ ਵਸਤੂ ਸੱਚ, ਸੰਤੋਖ, ਆਤਮਿਕ ਤ੍ਰਿਪਤੀ ਅਤੇ ਸ਼ਾਂਤੀ ਦੀ ਪ੍ਰਾਪਤੀ ਹੋ ਗਈ ਅਤੇ ਉਹ ਨਿਹਾਲ ਹੋ ਗਏ ਅਤੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੀ ਹੋ ਕੇ ਰਹਿ ਗਏ:

ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ॥
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ॥ (ਪੰਨਾ 204)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ (ਗੁਰੂ ਘਰ) ਦੀ ਇਹ ਮਹਿਮਾ ਵਡਿਆਈ ਹੈ ਕਿ ਇੱਥੇ

“ਕਥਾ ਕੀਰਤਨੁ ਹਰਿ ਅਤਿ ਘਨਾ ਸੁਖ ਸਹਜ ਬਿਸ੍ਰਾਮੁ॥”

ਦੀ ਅਨੰਦਮਈ ਸਥਿਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਵੀ ਮਾਈ-ਭਾਈ ਇਕ ਮਨ, ਇਕ ਚਿੱਤ ਕਰਕੇ ਮਨਸਾ ਧਾਰ ਕੇ ਇੱਥੇ ਆਉਂਦਾ ਹੈ ਉਸ ਦੀਆਂ ਸ਼ੁਭ ਇਛਾਵਾਂ ਅਤੇ ਭਾਵਨਾ ਦੀ ਪੂਰਤੀ ਹੋ ਜਾਂਦੀ ਹੈ। ਗੁਰ ਫਰਮਾਨ ਹੈ:

ਮਨਸਾ ਧਾਰਿ ਜੋ ਘਰ ਤੇ ਆਵੈ॥
ਸਾਧਸੰਗਿ ਜਨਮੁ ਮਰਣੁ ਮਿਟਾਵੈ॥
ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ॥ (ਪੰਨਾ 103-04)

ਜਦ ਮੰਜ਼ਲ ਮਿਲ ਜਾਏ ਤਾਂ ਰਾਹੀ ਭਟਕਦੇ ਨਹੀਂ। ਕਰਤਾਰਪੁਰ ਹੀ ਸੰਗਤ ਦਾ ਰਸ ਅਤੇ ਅਨੰਦ ਮਾਣਦੇ ਰਹੇ। ਭਾਈ ਲਹਿਣਾ ਜੀ ਨੇ ਆਪਣੇ ਸੰਗੀ-ਸਾਥੀਆਂ ਨੂੰ ਵਾਪਸ ਖਡੂਰ ਚਲੇ ਜਾਣ ਲਈ ਕਿਹਾ ਕਿਉਂਕਿ ਭਾਈ ਲਹਿਣਾ ਜੀ ਨੂੰ ਅਸਲੀ ਘਰ ਮਿਲ ਗਿਆ ਸੀ ਜਿੱਥੇ ਪੱਕਾ ਟਿਕਾਣਾ ਕਰਨ ਦਾ ਉਨ੍ਹਾਂ ਨੇ ਫੈਸਲਾ ਕਰ ਲਿਆ ਸੀ। ਜਿਸ ਆਤਮਿਕ ਤ੍ਰਿਪਤੀ ਤਥਾ ਆਨੰਦ ਦੀ ਭਾਲ ਵਿਚ ਭਾਈ ਲਹਿਣਾ ਜੀ ਸਨ, ਸੱਚੇ ਗੁਰੂ ਨੂੰ ਮਿਲ ਕੇ ਉਹ ਪ੍ਰਾਪਤ ਹੋ ਗਈ। ਫੁਰਮਾਨ ਹੈ,

“ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ॥
ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ॥”

ਭਾਈ ਲਹਿਣਾ ਜੀ ਨੇ ਆਪਣੇ ਸੰਗੀਆਂ ਨੂੰ ਇਹ ਸੁਨੇਹਾ ਬੀਬੀ ਖੀਵੀ ਨੂੰ ਵੀ ਦੇਣ ਲਈ ਕਿਹਾ। ਖਡੂਰ ਸਾਹਿਬ ਪਹੁੰਚਦਿਆਂ ਹੀ ਉਨ੍ਹਾਂ ਸੰਗੀ-ਸਾਥੀਆਂ ਨੇ ਇਹ ਸੁਨੇਹਾ ਬੀਬੀ ਖੀਵੀ ਜੀ ਨੂੰ ਦੇ ਦਿੱਤਾ ਜਿਸ ਨੂੰ ਸੁਣ ਕੇ ਉਹ ਅਤਿਅੰਤ ਖੁਸ਼ ਹੋਏ ਜਿਵੇਂ ਉਨ੍ਹਾਂ ਨੂੰ ਵੀ ਮੰਜ਼ਲ ਮਿਲ ਗਈ ਹੋਵੇ। ਮਾਤਾ ਖੀਵੀ ਜੀ ਨੂੰ ਜਦੋਂ ਲੋਕਾਂ ਨੇ ਵਾਰ-ਵਾਰ ਆਖਿਆ ਕਿ ਤੇਰਾ ਪਤੀ ਤਾਂ ਹੁਣ ਘਰ-ਗ੍ਰਿਹਸਤ-ਤਿਆਗ ਕੇ ਸਾਧੂ ਹੀ ਬਣ ਗਿਆ ਹੈ ਤਾਂ ਤੇਰਾ ਅਤੇ ਤੇਰੇ ਬੱਚਿਆਂ ਦਾ ਕੀ ਬਣੇਗਾ ਤਾਂ ਮਾਤਾ ਖੀਵੀ ਜੀ ਨੇ ਬੜੇ ਹੌਸਲੇ, ਵਿਸ਼ਵਾਸ ਅਤੇ ਠਰੰਮੇ ਨਾਲ ਜਵਾਬ ਦਿੱਤਾ,

“ਜੇ ਉਹ ਗੋਦੜੀ ਪਾਏਗਾ ਤਾਂ ਮੈਂ ਲੀਰਾਂ ਹੰਡਾਸਾਂ।
ਜਿਸ ਹਾਲ ਰਖੇਗਾ ਉਸ ਹਾਲ ਹੀ ਰਹਾਂਗੀ।”

ਭਾਈ ਲਹਿਣਾ ਜੀ 1532 ਈ: ਤੋਂ 1539 ਈ: ਤੀਕ ਕਰਤਾਰਪੁਰ ਸੇਵਾ ਵਿਚ ਲੀਨ ਰਹੇ ਅਤੇ ਇੱਥੇ ਹੀ 1539 ਈ: ਵਿਚ

“ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥

ਅਨੁਸਾਰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਹੋ ਗਏ। ਉਨ੍ਹਾਂ ਨੇ ਪੂਰੀ ਸੰਤੁਸ਼ਟੀ ਅਤੇ ਸੰਤੋਖ ਨਾਲ ਆਪਣੀਆਂ ਗ੍ਰਿਹਸਤੀ ਜ਼ਿੰਮੇਵਾਰੀਆਂ ਸੰਭਾਲ ਲਈਆਂ। ਅਜਿਹਾ ਵਰਤਾਰਾ ਕੋਈ ਵਿਰਲੀ ਜੀਵਨ-ਸਾਥਣ ਹੀ ਅਖਤਿਆਰ ਕਰ ਸਕਦੀ ਹੈ। ਇਹ ਇਕ ਆਦਰਸ਼ਕ ਪਤਨੀ ਦਾ ਗੁਣ ਹੀ ਹੋ ਸਕਦਾ ਹੈ। ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਭਾਈ ਲਹਿਣਾ ਜੀ ਗੁਰੂ ਜੀ ਦੀ ਆਗਿਆ ਅਨੁਸਾਰ ਸਮੇਂ-ਸਮੇਂ ਘਰ-ਗ੍ਰਿਹਸਤੀ ਦੀ ਸਾਰ ਲੈਣ ਲਈ ਖਡੂਰ ਸਾਹਿਬ ਆਉਂਦੇ ਰਹਿੰਦੇ ਸਨ ਕਿਉਂਕਿ ਸਿੱਖੀ ਦਾ ਕਰਮ ਗ੍ਰਿਹਸਤੀ ਜੀਵਨ ਦਾ ਤਿਆਗ ਨਹੀਂ ਹੈ ਸਗੋਂ ਇਸ ਦੇ ਫਰਜ਼ਾਂ ਦੀ ਪਾਲਣਾ ਕਰਨਾ ਹੈ।

ਇਤਿਹਾਸਕਾਰ ਲਿਖਦੇ ਹਨ ਕਿ ਕਦੀ-ਕਦੀ ਮਾਤਾ ਖੀਵੀ ਜੀ ਵੀ ਭਾਈ ਲਹਿਣੇ ਜੀ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ-ਦੀਦਾਰੇ ਕਰਨ ਲਈ ਜਾਇਆ ਕਰਦੇ ਸਨ ਜਿੱਥੇ ਜਾ ਕੇ ਉਹ “ਗੁਰੂ ਕੇ ਲੰਗਰ” ਵਿਚ ਸੇਵਾ ਕਰਦੇ। ਲੰਗਰ ਤਿਆਰ ਕਰਵਾਉਂਦੇ, ਵਰਤਾਉਂਦੇ ਅਤੇ ਜੂਠੇ ਬਰਤਨਾਂ ਨੂੰ ਮਾਂਜਣ ਦੀ ਸੇਵਾ ਕਰਦੇ। ਬਸ

“ਸੇਵਕ ਕਉ ਸੇਵਾ ਬਨਿ ਆਈ॥
ਹੁਕਮੁ ਬੂਝਿ ਪਰਮ ਪਦੁ ਪਾਈ॥”

ਦੇ ਮਹਾਂਵਾਕ ਅਨੁਸਾਰ ਮਾਤਾ ਖੀਵੀ ਜੀ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲੰਗਰ ਵਿਚ ਸੇਵਾ ਪ੍ਰਵਾਨ ਚੜ੍ਹੀ ਅਤੇ ਉਹ

“ਨਾਨਕ ਨਦਰੀ ਨਦਰਿ ਨਿਹਾਲ॥”

ਹੋ ਗਏ। ਧੰਨ ਹੋ ਗਏ। ਗੁਰੂ ਜੀ ਨੂੰ ਪੂਰਨ ਸਮਰਪਤਿ ਹੋ ਕੇ ਕੀਤੀ ਸੇਵਾ, ਸਿਮਰਨ ਅਤੇ ਨਿੱਜੀ ਹਉਮੈ-ਹੰਗਤਾ-ਹੰਕਾਰ ਦਾ ਤਿਆਗ ਕਰਨ ਕਰਕੇ ਭਾਈ ਲਹਿਣਾ ਜੀ ਦਾ ਹਿਰਦਾ (ਪਾਤਰ) ਸ਼ੁੱਧ ਹੋ ਗਿਆ ਸੀ। ਬਸ ਇਸ ਵਿਚ ਹੁਣ ਨਾਮ-ਅੰਮ੍ਰਿਤ ਦੇ ਟਿੱਕ ਜਾਣ ਦੀ ਹੀ ਲੋੜ ਸੀ। ਪਾਤਰ ਤਿਆਰ ਸੀ। ਹੁਣ ਉਹ ਸਤਿਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿਚ ਮੋਹਰੀ ਹੀ ਬਣ ਗਏ। ਭਾਈ ਲਹਿਣਾ ਜੀ ਦੇ ਗੁਣਾਂ, ਸਮਰਪਨ ਦੀ ਭਾਵਨਾ, ਤਿਆਗ, ਅਟੁੱਟ ਵਿਸ਼ਵਾਸ ਅਤੇ ਸੇਵਾ ਅਤੇ ਸਿਮਰਨ ਦੁਆਰਾ ਸ਼ੁੱਧ ਹੋਈ ਆਤਮਾ ਕਾਰਨ ਹੀ ਭਾਈ ਲਹਿਣਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਗ ਹੀ ਬਣਾ ਲਿਆ ਅਤੇ ਇਕ ਦਿਨ ਸੁਭਾਗੇ ਸਮੇਂ ਦੁਨੀਆਂ ਦੇ ਮਹਾਨ, ਕ੍ਰਾਂਤੀਕਾਰੀ, ਇਨਕਲਾਬੀ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਖੇਤਰ ਵਿਚ ਇਕ ਬੇਮਿਸਾਲ ਇਨਕਲਾਬੀ ਕਦਮ ਚੁੱਕਦਿਆਂ ਆਪਣੇ ਸਿੱਖ ਸੇਵਕ ਭਾਈ ਲਹਿਣਾ ਜੀ ਨੂੰ ਆਪਣੀ ਥਾਂ ਗੁਰਤਾਗੱਦੀ ਉੱਤੇ ਬਿਰਾਜਮਾਨ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਗੁਰੂ ਥਾਪ ਕੇ ਆਪ ਉਨ੍ਹਾਂ ਨੂੰ ਨਤਮਸਤਕ ਹੋਏ ਅਤੇ ਸਿੱਖ ਸੰਗਤ ਨੂੰ ਵੀ ਇਹੋ ਹੀ ਕਰਨ ਦਾ ਆਦੇਸ਼ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਤਰਾਧਿਕਾਰੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਜਾ ਕੇ ਧਰਮ ਪ੍ਰਚਾਰ ਅਤੇ ਸੰਸਾਰ ਦੇ ਕਲਿਆਣ ਲਈ ਕਾਰਜਸ਼ੀਲ ਹੋਣ ਵਾਸਤੇ ਭੇਜ ਦਿੱਤਾ। ਇਸ ਤਰ੍ਹਾਂ ਹੁਣ ਖਡੂਰ ਸਦਾ ਲਈ ਖਡੂਰ ਸਾਹਿਬ ਬਣ ਗਿਆ।

ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਤੋਂ ਹੁੰਦਿਆਂ ਹੋਇਆਂ ਮਾਈ ਭਿਰਾਈ, ਜੋ ਗੁਰੂ ਜੀ ਦੀ ਰਿਸ਼ਤੇ ਵਿਚ ਭੂਆ ਜੀ ਲੱਗਦੇ ਸਨ, ਦੇ ਘਰ ਜਾ ਠਹਿਰੇ ਅਤੇ ਅਗਿਆਤਵਾਸ ਵਿਚ ਚਲੇ ਗਏ। ਗੁਰੂ ਜੀ ਨੇ ਮਾਈ ਭਿਰਾਈ ਨੂੰ ਕਹਿ ਦਿੱਤਾ ਕਿ ਕਿਸੇ ਨੂੰ ਉਨ੍ਹਾਂ ਬਾਰੇ ਨਾ ਦੱਸਿਆ ਜਾਵੇ। ਇਸ ਨਾਲ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਦੇ ਲਈ ਬਿਹਬਲ ਹੋ ਗਈਆਂ ਅਤੇ ਉਨ੍ਹਾਂ ਨੇ ਬਾਬਾ ਬੁੱਢਾ ਜੀ ਅਤੇ ਮਾਤਾ ਖੀਵੀ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਸੰਗਤਾਂ ਨੂੰ ਦਰਸ਼ਨ-ਦੀਦਾਰੇ ਦੇਣ ਅਤੇ ਪ੍ਰਵਚਨ ਕਰਨ ਹਿੱਤ ਸੰਗਤਾਂ ਦੇ ਰੂਬਰੂ ਹੋਣ ਅਤੇ ਪ੍ਰਤੱਖ ਰੂਪ ਵਿਚ ਪ੍ਰਗਟ ਹੋਣ ਲਈ ਕਹਿਣ। ਮਾਤਾ ਖੀਵੀ ਜੀ ਆਪਣੇ ਬੱਚਿਆਂ ਦੀ ਮਾਤਾ ਸੀ, ਆਪਣੇ ਪਤੀ ਦੀ ਪਤਨੀ ਸੀ। ਇਸ ਤੋਂ ਵੀ ਉਪਰ ਉਹ ਗੁਰੂ ਕੇ ਮਹਿਲ ਹੋਣ ਕਾਰਨ ਸੰਗਤਾਂ ਦੇ ਜਜ਼ਬਾਤਾਂ ਦਾ ਅਸਰ ਕਬੂਲਣ ਅਤੇ ਭਾਵਨਾਵਾਂ ਦੀ ਮਹੱਤਤਾ ਸਮਝਣ ਵਾਲੀ ਸੀ। ਮਾਤਾ ਖੀਵੀ ਜੀ ਇਕ ਸਿਆਣੀ ਸੁਆਣੀ ਸੀ। ਉਹ ਬਾਬਾ ਬੁੱਢਾ ਜੀ ਅਤੇ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਮਾਈ ਭਿਰਾਈ ਦੇ ਗ੍ਰਹਿ ਵਿਖੇ ਪੁੱਜ ਗਏ। ਉਨ੍ਹਾਂ ਨੇ ਮਾਈ ਭਿਰਾਈ ਜੀ ਨੂੰ ਗੁਰੂ ਜੀ ਨਾਲ ਮੁਲਾਕਾਤ ਕਰਾਉਣ ਲਈ ਬੇਨਤੀ ਕੀਤੀ ਪਰੰਤੂ ਉਨ੍ਹਾਂ ਨੇ ਗੁਰੂ ਜੀ ਦੇ ਹੁਕਮ ਬਾਰੇ ਦੱਸ ਦਿੱਤਾ ਅਤੇ ਆਪਣੀ ਬੇਵੱਸੀ ਪ੍ਰਗਟ ਕੀਤੀ। ਬਾਬਾ ਬੁੱਢਾ ਜੀ ਨੇ, ਸਮੇਤ ਮਾਤਾ ਖੀਵੀ ਜੀ, ਉਨ੍ਹਾਂ ਦੇ ਪੁੱਤਰ ਅਤੇ ਸਿੱਖ ਸੰਗਤ ਨੂੰ ਨਾਲ ਲੈ ਕੇ ਮਾਈ ਭਿਰਾਈ ਦੇ ਘਰ ਦੇ ਬਾਹਰ ਬੈਠਕੇ ਸ਼ਬਦ ਕੀਰਤਨ ਅਰੰਭ ਕਰ ਦਿੱਤਾ। ਜਦੋਂ ਗੁਰੂ ਜੀ ਨੂੰ ਗੁਰਮਤਿ ਸੰਗੀਤ ਸੰਗ ਗੁਰਬਾਣੀ ਦਾ ਕੀਰਤਨ ਕੰਨੀਂ ਪਇਆ ਤਾਂ ਉਹ ਵਾਹੁ-ਵਾਹੁ ਕਰਦੇ ਬਾਹਰ ਆ ਗਏ ਅਤੇ ਮਾਤਾ ਖੀਵੀ ਜੀ, ਬਾਬਾ ਬੁੱਢਾ ਜੀ ਅਤੇ ਸਿੱਖ ਸੰਗਤ ਦੀ ਬੇਨਤੀ ਮੰਨ ਕੇ ਵਾਪਸ ਖਡੂਰ ਸਾਹਿਬ ਆ ਗਏ।

ਹੁਣ ਖਡੂਰ ਸਾਹਿਬ ਵਿਖੇ ਸੰਗਤਾਂ ਦੀਆਂ ਰੌਣਕਾਂ ਲੱਗਣ ਲੱਗ ਪਈਆਂ। ਗੁਰੁ ਜੀ ਸੰਗਤ ਵਿਚ ਸੁਸ਼ੋਭਿਤ ਹੋ ਕੇ ਗੁਰਬਾਣੀ ਉਚਾਰਨ ਕਰਦੇ, ਕਥਾ ਅਤੇ ਕੀਰਤਨ ਕਰਦੇ ਅਤੇ ਸੰਗਤਾਂ ਦੀ ਆਤਮਿਕ ਭੁੱਖ ਦੀ ਤ੍ਰਿਪਤੀ ਕਰਦੇ ਅਤੇ ਗਰੀਬ ਮਰੀਜ਼ਾਂ ਦੀ ਦਵਾ-ਦਾਰੂ ਕਰਦੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜੁਆਨ ਪੀੜ੍ਹੀ ਨੂੰ ਬਲਸ਼ਾਲੀ ਬਣਾਉਣ ਅਤੇ ਬੁਰੀਆਂ ਆਦਤਾਂ ਵੱਲ ਆਕਰਸ਼ਿਤ ਹੋਣ ਤੋਂ ਰੋਕਣ ਲਈ ਮੱਲ ਅਖਾੜੇ ਦਾ ਅਰੰਭ ਕੀਤਾ। ਗੁਰੂ ਜੀ ਨੇ ਗੁਰਮੁਖੀ ਲਿੱਪੀ ਵਿਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਣੀ ਅਰੰਭ ਕਰ ਦਿੱਤੀ। ਉਧਰ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ “ਧਰਮਸ਼ਾਲ” ਵਿਖੇ “ਲੰਗਰ ਗੁਰੂ ਕਾ” ਚੱਲਦਾ ਸੀ। ਉਸੇ ਤਰ੍ਹਾਂ ਪਤੀ ਗੁਰੂ ਜੀ ਦੀ ਆਗਿਆ ਨਾਲ ਮਾਤਾ ਖੀਵੀ ਜੀ ਨੇ ਪੂਰੀ ਸ਼ਰਧਾ, ਲਗਨ ਅਤੇ ਪ੍ਰੀਤੀ ਭਾਵਨਾ ਨਾਲ ਖਡੂਰ ਸਾਹਿਬ ਵਿਖੇ ਅਰੰਭ ਕਰ ਦਿੱਤਾ ਅਤੇ ਹੁਣ ਇਹ “ਲੰਗਰ ਗੁਰੂ ਕਾ” ਸੰਸਥਾਗਤ ਰੂਪ ਧਾਰਨ ਕਰ ਗਿਆ। ਹਰ ਰੋਜ਼ ਦਾਲ, ਸਬਜ਼ੀਆਂ, ਪਰਸ਼ਾਦਿਆਂ ਦੇ ਨਾਲ ਘਿਉ ਵਾਲੀ ਰਸਮਈ ਖੀਰ ਵੀ ਤਿਆਰ ਕਰ ਕੇ ਵਰਤਾਈ ਜਾਣ ਲੱਗੀ। ਲੰਗਰ ਲਈ ਰਾਸ਼ਨ ਨੇੜੇ ਦੇ ਪਿੰਡਾਂ ਦੀਆਂ ਸੰਗਤਾਂ ਲੋੜ ਤੋਂ ਵੀ ਵੱਧ ਬੜੀ ਸ਼ਰਧਾ ਨਾਲ ਲਿਆਉਂਦੀਆਂ। ਸੰਗਤਾਂ ਆਪਣੇ ਹੱਥੀਂ ਲੰਗਰ ਤਿਆਰ ਕਰ ਕੇ ਵਰਤਾਉਂਦੀਆਂ ਅਤੇ ਮਾਤਾ ਖੀਵੀ ਜੀ ਲੰਗਰ ਤਿਆਰ ਕਰਨ, ਵਰਤਾਉਣ ਅਤੇ ਜੂਠੇ ਬਰਤਨਾਂ ਦੀ ਸਫਾਈ ਦੀ ਸੇਵਾ ਆਪਣੇ ਹੱਥੀਂ ਕਰਦੇ ਅਤੇ ਅਨੰਦਿਤ ਹੁੰਦੇ।

“ਸੇਵਾ ਕਰਤ ਹੋਇ ਨਿਹਕਾਮੀ॥
ਤਿਸ ਕਉ ਹੋਤ ਪਰਾਪਤਿ ਸੁਆਮੀ॥”

ਤਥਾ

“ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ॥
ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ॥”

ਗੁਰੂ-ਘਰ ਦੀ ਇਹ ਵਡਿਆਈ ਉੱਤਮ ਹੈ ਜੋ ਹਰ ਮਨੁੱਖ ਲਈ ਕਲਿਆਣਕਾਰੀ ਹੈ। ਸ਼ਾਇਦ ਹੀ ਦੁਨੀਆਂ ਦੇ ਕਿਸੇ ਹੋਰ ਰਹਿਬਰ ਦੀ ਧਰਮ-ਸੁਪਤਨੀ ਨੇ ਇਸ ਤਰ੍ਹਾਂ ਸੇਵਾ-ਭਾਵਨਾ ਨਾਲ ਸੰਗਤਾਂ ਦੀ ਆਓ-ਭਗਤ ਕੀਤੀ ਹੋਵੇ। ਇਹ ਗੁਣ ਤਾਂ ਕੇਵਲ ਤੇ ਕੇਵਲ ਗੁਰੂ-ਘਰ ਦੇ ਹੀ ਹਿੱਸੇ ਆਇਆ ਹੈ। ਗੁਰੂ-ਘਰ ਦੀਆਂ ਤਥਾ ਸਿੱਖ ਕ੍ਰਾਂਤੀ ਦੀਆਂ ਹੋਰਨਾਂ ਨਵੀਆਂ, ਨਿਵੇਕਲੀਆਂ ਅਤੇ ਨਿਰਾਲੀਆਂ ਲੀਹਾਂ ਵਾਂਗ ਇਹ ਵੀ ਇਕ ਨਵੀਂ ਲੀਹ ਸੀ। ਮਾਤਾ ਖੀਵੀ ਜੀ ਲੰਗਰ ਦੀ ਸੇਵਾ ਦੇ ਨਾਲ-ਨਾਲ ਸਤਿਨਾਮ ਦਾ ਜਾਪ ਕਰਦੇ ਅਤੇ ਗੁਰਬਾਣੀ ਦੇ ਸ਼ਬਦ ਪੜ੍ਹਦੇ ਅਤੇ ਸੰਗਤਾਂ ਨੂੰ ਆਪਣੇ ਨਾਲ ਸ਼ਾਮਲ ਕਰਦੇ। ਇਹ

“ਆਪਿ ਜਪਹੁ ਅਵਰਹ ਨਾਮੁ ਜਪਾਵਹੁ॥”

ਦੇ ਗੁਰਮਤਿ ਸਿਧਾਂਤ ਅਨੁਸਾਰ ਹੀ ਸੀ। ਸ਼ਰਧਾ-ਭਾਵਨਾ ਨਾਲ ਤਿਆਰ ਕੀਤਾ ਮਾਤਾ ਖੀਵੀ ਜੀ ਦਾ ਲੰਗਰ ਅਤਿ ਸੁਆਦੀ ਅਤੇ ਰਸੀਲਾ ਹੁੰਦਾ ਸੀ ਜਿਸ ਦੀਆਂ ਧੁੰਮਾਂ ਆਲੇ-ਦੁਆਲੇ ਦੇ ਇਲਾਕਿਆਂ ਵਿਚ ਜਲਦੀ ਹੀ ਪੈ ਗਈਆਂ। ਲੰਗਰ ਬਿਨਾਂ ਕਿਸੇ ਜਾਤ-ਪਾਤੀ, ਊਚ-ਨੀਚ, ਵੱਡੇ-ਛੋਟੇ, ਧਰਮ, ਰੰਗ ਅਤੇ ਨਸਲ ਦੇ ਭਿੰਨ-ਭੇਦ ਤੋਂ ਤਿਆਰ ਕੀਤਾ ਜਾਂਦਾ ਸੀ ਅਤੇ ਵਰਤਾਇਆ ਜਾਂਦਾ ਸੀ। ਕੋਈ ਇਸਤਰੀ ਜਾਂ ਪੁਰਸ਼ ਕਿਸੇ ਵੀ ਜਾਤ, ਧਰਮ, ਨਸਲ, ਰੰਗ ਨਾਲ ਸੰਬੰਧ ਰੱਖਣ ਵਾਲਾ ਲੰਗਰ ਦੀ ਤਿਆਰੀ ਅਤੇ ਵਰਤਾਉਣ ਵਿਚ ਹਿੱਸਾ ਲੈ ਸਕਦਾ ਸੀ ਅਤੇ ਸਾਰਿਆਂ ਲਈ ਇੱਕੋ ਥਾਂ ਅਤੇ ਇੱਕੋ ਸਮੇਂ ਪੰਗਤ ਲੱਗਦੀ ਅਤੇ ਸਾਰੇ ਹੀ ਸੰਗਤੀ ਰੂਪ ਵਿਚ ਪੰਗਤ ਵਿਚ ਸੱਜ ਕੇ ਲੰਗਰ ਛਕ ਕੇ ਆਪਣੇ ਪੇਟ ਦੀ ਤ੍ਰਿਪਤੀ ਕਰਦੇ ਅਤੇ ਅਨੰਦਿਤ ਹੋ ਕੇ ਜਾਂਦੇ। ਦੁਨੀਆਂ ਵਿਚ ਇਹ ਆਪਣੀ ਕਿਸਮ ਦੀ ਹੀ ਕ੍ਰਾਂਤੀ ਸੀ ਜਿਸ ਵਿਚ ਸੰਗਤੀ ਰੂਪ ਸ਼ਬਦ ਦਾ ਲੰਗਰ, ਪੰਗਤੀ ਰੂਪ ਵਿਚ ਲੰਗਰ, ਸਾਰਿਆਂ ਲਈ ਦਵਾਖਾਨੇ ਵਿਚ ਦਵਾ-ਦਾਰੂ ਦਾ ਪ੍ਰਬੰਧ ਅਤੇ ਮੱਲ-ਅਖਾੜਿਆਂ ਵਿਚ ਸਭ ਲਈ ਵਰਜ਼ਿਸ਼ ਕਰਨ ਦੀ ਸਹੂਲਤ ਅਤੇ ਇੱਕੋ ਥਾਂ ਉੱਤੇ ਇਸ਼ਨਾਨ ਕਰਨ ਦੀ ਖੁੱਲ੍ਹ ਸੀ। ਅਚੰਭੇ ਅਤੇ ਅਸਚਰਜਤਾ ਦੀ ਗੱਲ ਤਾਂ ਇਹ ਸੀ ਕਿ ਇਹ ਸਭ ਕੁਝ ਉਸ ਦੇਸ਼ ਵਿਚ ਹੋ ਰਿਹਾ ਸੀ ਜਿੱਥੇ ਸਮਾਜ ਵਰਣਾਂ, ਆਸ਼ਰਮਾਂ, ਜਾਤਾਂ-ਪਾਤਾਂ, ਊਚ-ਨੀਚ ਵਿਚ ਵੰਡਿਆ ਹੋਣ ਕਰਕੇ ਲੀਰੋ- ਲੀਰ ਹੋਇਆ ਪਿਆ ਸੀ ਅਤੇ ਸ਼ੂਦਰ ਅਤੇ ਔਰਤ ਲਈ ਇਹ ਸਭ ਵਿਵਰਜਿਤ ਸੀ। ਇਸ ਤਰ੍ਹਾਂ ਮਾਤਾ ਖੀਵੀ ਜੀ ਪਹਿਲੀ ਸਿੱਖ ਇਸਤਰੀ ਪ੍ਰਚਾਰਕ ਹੋ ਨਿੱਬੜੇ। ਗੁਰੂ ਕੇ ਲੰਗਰ ਦੀ ਸ਼ੋਭਾ ਦੂਰ-ਦੂਰ ਤੀਕ ਫੈਲ ਗਈ ਅਤੇ ਲੰਗਰ ਛਕਣ ਵਾਲਾ ਹਰ ਵਿਅਕਤੀ ਧੰਨ-ਧੰਨ ਕਰ ਉੱਠਦਾ। ਇੱਥੋਂ ਤੀਕ ਕਿ ਕਈ ਵਾਰ ਇਸ ਰਸਤੇ ਲੰਘਦੀਆਂ ਬਾਦਸ਼ਾਹ ਦੀਆਂ ਤੁਰਕੀ ਫੌਜਾਂ ਵੀ ਲੰਗਰ ਵਿੱਚੋਂ ਹੀ ਪ੍ਰਸ਼ਾਦਾ ਛਕਦੀਆਂ ਸਨ। ਭਾਵੇਂ ਉਨ੍ਹਾਂ ਦਾ ਸੰਬੰਧ ਇਸਲਾਮ ਨਾਲ ਸੀ ਅਤੇ ਉਹ ਭਾਰਤੀ ਹਿੰਦੂਆਂ ਉੱਤੇ ਜ਼ੁਲਮ ਵੀ ਢਾਹੁੰਦੇ ਸਨ ਅਤੇ ਗੁਰੂ-ਘਰ ਦੇ ਵੀ ਵਿਰੋਧੀ ਸਨ ਪਰੰਤੂ ਗੁਰੂ-ਘਰ ਦੀ ਉਪਮਾ-ਵਡਿਆਈ ਹੀ ਇਹ ਹੈ ਕਿ ਕੋਈ ਵੀ ਆਵੇ ਇੱਥੇ ਬੈਠ ਕੇ ਕਥਾ-ਕੀਰਤਨ ਸਰਵਣ ਕਰ ਸਕਦਾ ਹੈ, ਲੰਗਰ ਛਕ ਸਕਦਾ ਹੈ, ਸਰੋਵਰ ਵਿਚ ਇਸ਼ਨਾਨ ਕਰ ਸਕਦਾ ਹੈ, ਦਵਾਖਾਨੇ ਤੋਂ ਦਵਾ ਹਾਸਲ ਕਰ ਸਕਦਾ ਹੈ ਅਤੇ ਲੋੜ ਹੋਵੇ ਤਾਂ ਰੈਣ-ਬਸੇਰੇ ਲਈ ਸਰਾਂ ਵਿਚ ਠਹਿਰ ਸਕਦਾ ਹੈ। ਇਹ ਗੁਰੂ ਕਾ ਘਰ-ਰੱਬ ਦਾ ਘਰ ਸਭ ਲਈ ਹਮੇਸ਼ਾਂ ਹੀ ਹਾਜ਼ਰ ਹੈ। ਕਬੀਰ ਜੀ ਇਉਂ ਫਰਮਾਉਂਦੇ ਹਨ:

ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ॥
ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ॥ (ਪੰਨਾ 1367)

ਇਸੇ ਤਰ੍ਹਾਂ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦੀ ਸੇਵਾ ਹੋ ਰਹੀ ਸੀ ਤਾਂ ਉੱਥੇ ਵੀ ਇਹੋ ਸਭ ਕੁਝ ਜਾਰੀ ਸੀ ਅਤੇ ਬੁੱਲ੍ਹੇ ਸ਼ਾਹ ਅਸ਼-ਅਸ਼ ਕਰਦਾ ਕਹਿ ਉੱਠਿਆ ਸੀ:

ਇੱਟ ਖੜਕੇ, ਦੁੱਕੜ ਵੱਜੇ ਨਾਲੇ ਤਪੇ ਚੁੱਲ੍ਹਾ
ਇਨ੍ਹੀਂ ਗੱਲੀਂ ਰੱਬ ਵੀ ਰਾਜ਼ੀ, ਨਾਲੇ ਰਾਜ਼ੀ ਬੁੱਲ੍ਹਾ।

ਖਡੂਰ ਸਾਹਿਬ ਵਿਖੇ ਗੁਰੂ ਕੇ ਲੰਗਰ ਦੀ ਸ਼ੋਭਾ ਵਡਿਆਈ ਵੇਖ ਕੇ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਇਸ ਦੀ ਉਪਮਾ ਆਪਣੀ ਬਾਣੀ ਵਿਚ ਇਉਂ ਕੀਤੀ ਹੈ ਕਿ ਸਾਰੀ ਤਸਵੀਰ ਹਰ ਸੁਣਨ ਵਾਲੇ ਦੇ ਅੱਖਾਂ ਸਾਹਮਣੇ ਪ੍ਰਤੱਖ ਰੂਪ ਵਿਚ ਪ੍ਰਗਟ ਹੋ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਵਿਚ ਹੋਰ ਕਿਸੇ ਵੀ ਗੁਰੂ ਕੇ ਮਹਿਲ ਦਾ ਜ਼ਿਕਰ ਨਹੀਂ ਮਿਲਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਭਾਈ ਸੱਤਾ-ਬਲਵੰਡ ਜੀ ਦੀ ਵਾਰ ਰਾਮਕਲੀ ਦਾ ਸ਼ਬਦ ਨਿਮਨ ਅਨੁਸਾਰ ਹੈ:

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥
ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ॥
ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ॥
ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ॥ (ਪੰਨਾ 967)

ਪ੍ਰੋਫੈਸਰ ਸਾਹਿਬ ਸਿੰਘ ਜੀ ਇਸ ਸ਼ਬਦ ਦੇ ਅਰਥ ਇਉਂ ਕਰਦੇ ਹਨ ਕਿ ਭਾਈ ਬਲਵੰਡ ਜੀ ਕਹਿੰਦੇ ਹਨ ਕਿ ਆਪਣੇ ਪਤੀ ਸ੍ਰੀ ਗੁਰੂ ਅੰਗਦ ਦੇਵ ਜੀ ਵਾਂਗ ਮਾਤਾ ਖੀਵੀ ਜੀ ਬਹੁਤ ਹੀ ਭਲੇ ਅਤੇ ਨੇਕ ਸੁਭਾਅ ਦੇ ਹਨ। ਉਨ੍ਹਾਂ ਦੇ ਪਾਸ ਬੈਠਿਆਂ ਹਿਰਦੇ ਨੂੰ ਸ਼ਾਂਤੀ ਮਿਲਦੀ ਹੈ। ਉਹ ਇਕ ਵੱਡੇ ਸੰਘਣੇ ਪੱਤਿਆਂ ਵਾਲੇ ਬ੍ਰਿਛ ਦੀ ਨਿਆਈਂ ਹਨ ਜਿਸ ਦੀ ਸੰਘਣੀ ਛਾਂ ਮਾਣਿਆਂ ਹਮੇਸ਼ਾਂ ਸੀਤਲ ਠੰਡ ਹੀ ਮਿਲਦੀ ਹੈ। ਜੇ ਸ੍ਰੀ ਗੁਰੂ ਅੰਗਦ ਦੇਵ ਜੀ ਨਾਮ ਦੀ ਦੌਲਤ ਵੰਡ ਰਹੇ ਸਨ ਤਾਂ ਮਾਤਾ ਖੀਵੀ ਜੀ ਲੰਗਰ ਵਿਚ ਘਿਉ ਵਾਲੀ ਰਸਮਈ ਖੀਰ ਵਰਤਾ ਰਹੇ ਹਨ। ਮਾਤਾ ਖੀਵੀ ਜੀ ਮਿੱਠ ਬੋਲੜੇ, ਉਦਾਰਚਿਤ, ਸਹਿਜ ਅਤੇ ਸ਼ਾਂਤ ਸੁਭਾਅ ਅਤੇ ਸਮ-ਦ੍ਰਿਸ਼ਟੀ ਵਾਲੇ ਪਰਉਪਕਾਰੀ ਹਨ। ਗੁਰੂ-ਘਰ ਵਿਚ ਉਹ ਇਸ ਕਰਕੇ ਕਬੂਲ ਚੜ੍ਹੇ ਕਿਉਂਕਿ ਉਨ੍ਹਾਂ ਦੀ ਮਰਦਾਂ ਵਾਲੀ ਕਰੜੀ ਘਾਲਣਾ ਹੈ। ਅਸਲ ਵਿਚ ਮਾਤਾ ਖੀਵੀ ਜੀ ਦੇ ਪਤੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਹਸਤੀ ਹੀ ਐਸੀ ਸੀ ਕਿ ਉਨ੍ਹਾਂ ਨੇ ਸਾਰੀ ਧਰਤ-ਲੋਕਾਈ ਦਾ ਬੋਝ ਚੁੱਕਿਆ ਹੋਇਆ ਸੀ।

ਮਾਤਾ ਖੀਵੀ ਜੀ ਦਾ ਅਜਿਹਾ ਸੇਵਾ ਕਰਨ, ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਵਾਲਾ ਜੀਵਨ ਸਾਡੀ ਅਜੋਕੀ ਪੀੜ੍ਹੀ ਲਈ ਬਹੁਤ ਮਹੱਤਵ ਰੱਖਦਾ ਹੈ। ਇਹੋ ਹੀ ਗੁਰਮੁਖ-ਜੀਵਨ ਦਾ ਸਾਰ ਹੈ ਅਤੇ ਇਸ ਰਾਹੀਂ ਸਰਬ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਬਾਣੀ ਸਾਨੂੰ ਇਉਂ ਸੇਧ ਦਿੰਦੀ ਹੈ:

ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ॥ (ਪੰਨਾ 51)

ਤਥਾ

ਅੰਮ੍ਰਿਤੁ ਭੋਜਨੁ ਨਾਮੁ ਹਰਿ ਰਜਿ ਰਜਿ ਜਨ ਖਾਹੁ॥
ਸਭਿ ਪਦਾਰਥ ਪਾਈਅਨਿ ਸਿਮਰਣੁ ਸਚੁ ਲਾਹੁ॥
ਸੰਤ ਪਿਆਰੇ ਪਾਰਬ੍ਰਹਮ ਨਾਨਕ ਹਰਿ ਅਗਮ ਅਗਾਹੁ॥ (ਪੰਨਾ 556)

ਇਸ ਤਰ੍ਹਾਂ ਅਸੀਂ ਸਹਿਜੇ ਹੀ ਕਹਿ ਸਕਦੇ ਹਾਂ ਕਿ ਖਡੂਰ ਸਾਹਿਬ ਹੁਣ ਅਜੋਕੇ ਗੁਰਦੁਆਰਾ ਸਾਹਿਬ ਦੀ ਸੰਸਥਾ ਦਾ ਮੁੱਢਲਾ ਅਤੇ ਮੂਲ ਰੂਪ ਬਣ ਗਿਆ ਸੀ ਜੋ ਸਦੀਵ ਕਾਲ ਲਈ ਕਾਇਮ-ਦਾਇਮ ਰਹੇਗਾ। ਭਾਵੇਂ ਕੁਝ ਮਨਮੱਤੀਏ ਆਪਣੀ ਧਨ-ਦੌਲਤ ਅਤੇ ਅਖੌਤੀ ਤਰੱਕੀ ਅਤੇ ਆਰਥਿਕ ਖੁਸਹਾਲੀ ਕਾਰਨ ਹਉਮੈ ਵੱਸ ਹੋਏ ਕੁਝ ਮਨੁੱਖ ਜਾਂ ਉਨ੍ਹਾਂ ਦੇ ਗਰੁੱਪ ਬਦਨੀਤੀ ਜਾਂ ਆਧੁਨਿਕਤਾ ਦੀ ਚਕਾਚੌਂਧ ਵਿਚ ਚੁੰਧਿਆਏ ਹੋਏ ਇਸ ਮਹਾਨ ਸੰਸਥਾ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰ ਰਹੇ ਹਨ ਪਰੰਤੂ ਉਨ੍ਹਾਂ ਦੇ ਸ਼ਰਾਰਤੀ ਸੁਪਨੇ ਕਦੀ ਪੂਰੇ ਨਹੀਂ ਹੋਣਗੇ।

ਮਾਤਾ ਖੀਵੀ ਜੀ ਦਾ ਇਕ ਹੋਰ ਗੁਣ ਇਹ ਸੀ ਕਿ ਉਹ ਆਪਣੇ ਪਤੀ ਦੀ ਭਗਤੀ ਵਿਚ ਕੋਈ ਦਖਲ ਨਹੀਂ ਸਨ ਦਿੰਦੇ। ਜਦੋਂ ਗੁਰੂ ਜੀ ਸੱਦ ਦੇ ਤਾਂ ਹੀ ਉਨ੍ਹਾਂ ਪਾਸ ਜਾਂਦੇ। ‘ਸੂਰਜ ਪ੍ਰਕਾਸ਼’ ਵਿਚ ਅੰਕਿਤ ਹੈ:

ਪਤਿ ਬ੍ਰਤ ਧਰਨ ਦ੍ਰਿੜਾ ਅਨੁਗ੍ਰਾਹੀ।
ਖਾਨ ਪਾਨ ਧਾਰਨ ਸੁਧਿ ਸਾਹੀ।
ਕਰ ਜੋਰਹਿ ਆਇਸ ਕੋ ਮਾਨਹਿ।
ਅਧਿਕ ਪ੍ਰੀਤ ਤੇ ਸੇਵਾ ਚਾਨਹਿ।
ਨਿਤਿ ਪ੍ਰਤਿ ਚਹਤਿ ਪਰ ਧਨ ਪਹੁੰਚਾਵਹਿ।
ਆਇਸ ਇ ਦਰਸ ਕੋ ਆਵਹਿ।

ਜਦੋਂ ਫਿਰੋਜ਼ਪੁਰ ਦੇ ਚੌਧਰੀ ਨਾਲ ਕਿਸੇ ਗੱਲੋਂ ਅਣਬਣ ਹੋ ਜਾਣ ਕਾਰਨ ਭਾਈ ਫੇਰੂ ਮੱਲ ਨੂੰ ਨੌਕਰੀ ਛੱਡਣੀ ਪਈ ਤਾਂ ਉਹ ਮਾਤਾ ਖੀਵੀ ਜੀ ਦੇ ਪਿਤਾ ਭਾਈ ਦੇਵੀ ਚੰਦ ਪਾਸ ਸਮੇਤ ਭਾਈ ਲਹਿਣਾ ਜੀ ਪਹੁੰਚ ਗਏ ਅਤੇ ਉਨ੍ਹਾਂ ਨੇ “ਹਰੀ ਕੇ ਪੱਤਣ” ਵਿਖੇ ਦੁਕਾਨ ਪਾ ਲਈ ਪਰੰਤੂ ਉੱਥੇ ਬਹੁਤੀ ਕਾਮਯਾਬੀ ਨਾ ਮਿਲਣ ਕਾਰਨ ਭਾਈ ਲਹਿਣਾ ਜੀ ਉਦਾਸ ਰਹਿਣ ਲੱਗੇ ਤਾਂ ਮਾਤਾ ਖੀਵੀ ਜੀ ਨੇ ਬੰਸਾਵਲੀ ਨਾਮੇ ਅਨੁਸਾਰ ਜੋ ਲਹਿਣਾ ਜੀ ਨੂੰ ਕਿਹਾ ਉਹ ਮੰਨ ਗਏ। ਇਸ ਬਾਰੇ ਇਉਂ ਅੰਕਿਤ ਹੈ:

ਰਿਦਾ ਉਦਾਸ ਲਹਿਣੇ ਕਾ ਤਬ ਹੋਇਆ।
ਮਾਤਾ ਖੀਵੀ ਬਚਨ ਇਹ ਢੋਇਆ।
ਅਸੀਂ ਵਤਨ ਵਡਿਆਂ ਕੇ ਅਪਨੇ ਚਲੋ।
ਹੁਣ ਇੱਥੇ ਰਹਣਾ ਨਹੀਂ ਭਲੋ।

ਇਸ ਤਰ੍ਹਾਂ ਲਹਿਣਾ ਜੀ ਸੰਘਰ ਆ ਗਏ ਅਤੇ ਦੁਕਾਨਦਾਰੀ ਅਤੇ ਸ਼ਾਹੂਕਾਰਾ ਕੰਮ ਕਰਨ ਲੱਗ ਪਏ ਅਤੇ ਇੱਥੇ ਹੀ 1526 ਈ: ਵਿਚ ਭਾਈ ਫੇਰੂ ਮੱਲ ਜੀ ਚਲਾਣਾ ਕਰ ਗਏ।

ਮਾਤਾ ਖੀਵੀ ਜੀ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਏਕ ਜੋਤਿ ਦੁਇ ਮੂਰਤੀ ਸਨ। ਉਨ੍ਹਾਂ ਨੇ ਕਦੀ ਆਪਣੇ ਪਤੀ ਗੁਰੂ ਦਾ ਹੁਕਮ ਨਹੀਂ ਸੀ ਮੋੜਿਆ। ਕਦੀ ਕਿੰਤੂ-ਪਰੰਤੂ ਨਹੀਂ ਸੀ ਕੀਤਾ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਵਿੱਤਰ ਨਿਰਮਲ ਕਥਨ ਵੀ ਹੈ:

ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮਾ੍ਲਿਓਇ॥
ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ॥ (ਪੰਨਾ 792)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿਚ ਬੀਬੀਆਂ ਨੂੰ ਬਿਨਾਂ ਘੁੰਡ ਕੱਢੇ ਆਉਣ, ਸੇਵਾ ਕਰਨ ਅਤੇ ਗੁਰਬਾਣੀ-ਕੀਰਤਨ ਸੁਣਨ ਦੀ ਆਗਿਆ ਸੀ। ਕਰਤਾਰਪੁਰ ਦੀ ਇਹੋ ਕ੍ਰਾਂਤੀਕਾਰੀ ਰੀਤ ਮਾਤਾ ਖੀਵੀ ਜੀ ਨੇ ਖਡੂਰ ਸਾਹਿਬ ਦੀ ਧਰਤੀ ਉੱਤੇ ਪ੍ਰਚਲਤ ਕੀਤੀ ਜਿਸ ਕਰਕੇ ਮਾਤਾ ਖੀਵੀ ਜੀ ਨੂੰ ਸਿੱਖ ਧਰਮ ਦੀ ਪਹਿਲੀ ਇਸਤਰੀ ਪ੍ਰਚਾਰਕ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ।

ਮਾਤਾ ਖੀਵੀ ਜੀ ਦੀ ਬੇਟੀ ਬੀਬੀ ਅਮਰੋ ਜੀ ਦੀ ਪ੍ਰੇਰਨਾ ਸਦਕਾ ਉਨ੍ਹਾਂ ਦੇ ਸਹੁਰੇ-ਘਰ ਦੇ ਬਜ਼ੁਰਗ ਭਾਈ ਅਮਰਦਾਸ ਜੋ ਦੇਵੀ ਦੇ ਪੁਜਾਰੀ ਸਨ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਆਏ ਤਾਂ ਉੱਥੋਂ ਦੀ ਸੋਭਾ, ਕਾਰਜ ਮਾਹੌਲ ਅਤੇ ਸਿਧਾਂਤ ਨੂੰ ਵੇਖ ਸਮਝ ਕੇ ਉੱਥੇ ਹੀ ਟਿਕ ਗਏ ਅਤੇ ਭਾਵੇਂ ਉਹ ਰਿਸ਼ਤੇ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕੁੜਮ ਸਨ ਪਰੰਤੂ ਉਨ੍ਹਾਂ ਨੇ ਜਦੋਂ ਇਹ ਵੇਖਿਆ ਕਿ ਗੁਰੂ-ਪਤਨੀ ਮਾਤਾ ਖੀਵੀ ਜੀ ਖ਼ੁਦ ਹੱਥੀਂ ਲੰਗਰ ਤਿਆਰ ਕਰ ਰਹੇ ਹਨ, ਵਰਤਾ ਰਹੇ ਹਨ ਅਤੇ ਜੂਠੇ ਬਰਤਨ ਮਾਂਜਣ ਦੀ ਸੇਵਾ ਨਿਝਕ ਹੋ ਕੇ ਪੂਰੀ ਸ਼ਰਧਾ ਨਾਲ ਕਰ ਰਹੇ ਹਨ ਤਾਂ ਉਨ੍ਹਾਂ ਨੇ ਵੀ ਲੰਗਰ ਵਿਚ ਬਰਤਨ ਮਾਂਜਣ ਅਤੇ ਪਾਣੀ ਲਿਆਉਣ ਦੀ ਸੇਵਾ ਅਰੰਭ ਦਿੱਤੀ। ਇਸੇ ਤਰ੍ਹਾਂ ਮਾਤਾ ਖੀਵੀ ਜੀ ਦਾ ਜੀਵਨ ਅਨੇਕਾਂ ਵਿਅਕਤੀਆਂ ਲਈ ਇਕ ਮਿਸਾਲ ਅਤੇ ਪ੍ਰੇਰਨਾ-ਸ੍ਰੋਤ ਬਣਿਆ ਅਤੇ ਲੋਕਾਂ ਅੰਦਰ ਨਿਸ਼ਕਾਮ ਸੇਵਾ ਕਰਨ ਦੀ ਭਾਵਨਾ ਜਾਗੀ।

ਮਾਤਾ ਖੀਵੀ ਜੀ ਇਕ ਆਦਰਸ਼ਕ ਮਾਤਾ ਵੀ ਸੀ। ਜਿਸ ਨੇ ਆਪਣੇ ਬੇਟਿਆਂ ਅਤੇ ਬੇਟੀਆਂ ਅੰਦਰ ਸੇਵਾ ਅਤੇ ਸਿਮਰਨ ਦੇ ਗੁਣ ਭਰੇ। ਉਹ ਆਪਣੇ ਬੱਚਿਆਂ ਨਾਲ ਅਥਾਹ ਪਿਆਰ ਵੀ ਕਰਦੇ ਸਨ। ਜਦੋਂ ਵੀ ਉਨ੍ਹਾਂ ਦੀਆਂ ਬੇਟੀਆਂ ਆਪਣੇ ਸਹੁਰੇ ਘਰ ਜਾਣ ਲਈ ਪੇਕੇ ਘਰ ਤੋਂ ਵਿਦਾ ਲੈਂਦੀਆਂ ਤਾਂ ਹਰ ਮਾਂ ਵਾਂਗ ਮਾਤਾ ਖੀਵੀ ਜੀ ਦੀਆਂ ਅੱਖਾਂ ਵੀ ਸੇਜਲ ਹੋ ਜਾਂਦੀਆਂ ਸਨ। ਮਾਤਾ ਖੀਵੀ ਜੀ ਆਪਣੀਆਂ ਸਾਰੀਆਂ ਬਹੁਪੱਖੀ ਜ਼ਿੰਮੇਵਾਰੀਆਂ ਦੇ ਬਾਵਜੂਦ ਗੁਰੂ ਸਾਹਿਬ ਦੇ ਸੁਖ-ਅਰਾਮ ਦਾ ਵੀ ਪੂਰਾ ਧਿਆਨ ਰੱਖਦੇ ਸਨ। ‘ਤਵਾਰੀਖ ਗੁਰੂ ਖਾਲਸਾ’ ਦੇ ਸਫ਼ਾ 528 ਉੱਤੇ ਅੰਕਿਤ ਹੈ ਕਿ ਗੁਰੂ ਅੰਗਦ ਦੇਵ ਜੀ ਅੱਠੀਂ ਪਹਿਰੀ ਜੌਂ ਦੀ ਰੋਟੀ ਖਾਂਦੇ ਜੋ ਅਣ-ਚੋਪੜੀ, ਮੋਟੀ ਅਤੇ ਕੱਚੇ ਪਾਉ ਦੀ ਹੁੰਦੀ ਸੀ। ਜੋ ਕੁਝ ਲੰਗਰ ਲਈ ਸੰਗਤਾਂ ਵੱਲੋਂ ਚੜ੍ਹਤ ਵਿਚ ਆਉਂਦਾ ਉਹ ਸੰਗਤਾਂ ਲਈ ਹੀ ਲੰਗਰ ਵਿਚ ਵਰਤਾਇਆ ਜਾਂਦਾ ਪਰੰਤੂ ਗੁਰੂ ਜੀ ਸਮੇਤ ਮਾਤਾ ਖੀਵੀ ਜੀ ਦੇ ਹੱਥੀਂ ਕਿਰਤ ਕਰਕੇ ਹੀ ਆਪਣਾ ਨਿਰਬਾਹ ਕਰਦੇ ਸਨ। ਸੱਚਮੁੱਚ ਹੀ ਉਹ “ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥” ਸਦਗੁਣਾਂ ਵਾਲੀ ਇਕ ਆਦਰਸ਼ਕ ਪਤਨੀ ਸਨ।

ਜਦੋਂ ਮਾਤਾ ਖੀਵੀ ਜੀ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰਾਂ ਦਾਸੂ ਜੀ ਅਤੇ ਦਾਤੂ ਜੀ ਨੇ ਘੋੜੀ ਉੱਤੇ ਚੜ੍ਹ ਕੇ ਭਾਈ ਅਮਰਦਾਸ ਦਾ ਪਿੱਛਾ ਕੀਤਾ ਅਤੇ ਬਾਸਰਕੇ ਉਨ੍ਹਾਂ ਨੂੰ ਘੇਰ ਲੈਣ ਦੀ ਗੱਲ ਸੁਣੀ ਤਾਂ ਮਾਤਾ ਖੀਵੀ ਜੀ (ਭਾਵੇਂ ਉਸ ਸਮੇਂ ਭਾਈ ਅਮਰਦਾਸ ਗੁਰੂ ਨਹੀਂ ਸਨ ਬਣੇ) ਆਪਣੇ ਦੋਹਾਂ ਪੁੱਤਰਾਂ ਨੂੰ ਨਾਲ ਲੈ ਕੇ ਉਨ੍ਹਾਂ ਪਾਸ ਗਏ ਤਾਂ ਭਾਈ ਅਮਰਦਾਸ ਨੇ ਮਾਤਾ ਖੀਵੀ ਜੀ ਨੂੰ ਬਾਸਰਕੇ ਵੇਖਕੇ ਕਿਹਾ ਕਿ ਤੁਸੀਂ ਕਿਉਂ ਖੇਚਲ ਕੀਤੀ, ਮੈਨੂੰ ਬੁਲਾ ਲੈਣਾ ਸੀ ਤਾਂ ਨਿਮਰਤਾ ਦੇ ਪੁੰਜ ਮਾਤਾ ਖੀਵੀ ਜੀ ਨੇ ਕਿਹਾ, “ਗੁਰੂ ਨਾਨਕ ਦੇ ਘਰ ਦੀ ਦੌਲਤ ਹੀ ਗਰੀਬੀ ਹੈ, ਨਿਮਰਤਾ ਹੈ। ਮੈਂ ਦੋਵੇਂ ਬੱਚੇ ਲੈ ਕੇ ਆਈ ਹਾਂ। ਇਨ੍ਹਾਂ ਨੇ ਲੋਕਾਂ ਦੇ ਚੁੱਕੇ-ਚੁਕਾਏ ਆਪ ਜੀ ਦੀ ਬੇਅਦਬੀ ਕੀਤੀ ਹੈ, ਆਪ ਮਿਹਰ ਕਰੋ, ਖਿਮਾ ਕਰੋ ਅਤੇ ਭੁੱਲਣਹਾਰ ਜਾਣ ਕੇ ਅਤੇ ਆਪਣੇ ਬੱਚੇ ਸਮਝ ਕੇ ਬਖਸ਼ ਦਿਉ ਜੀ।” (ਗੁਰੂ) ਅਮਰਦਾਸ ਜੀ ਨੇ ਕਿਹਾ ਕਿ ਬਖਸ਼ਣਹਾਰ ਤਾਂ ਗੁਰੂ ਅੰਗਦ ਦੇਵ ਜੀ ਹੀ ਹਨ ਤਾਂ ਮਾਤਾ ਖੀਵੀ ਜੀ ਨੇ ਕਿਹਾ, “ਮੈਨੂੰ ਪਤਾ ਹੈ ਕਿ ਇਹ ਅਪਰਾਧ ਬਖਸ਼ਣ ਯੋਗ ਨਹੀਂ। ਬੱਚਿਆਂ ਉੱਤੇ ਮਿਹਰ ਕਰ ਦਿਓ।” ਗੁਰੂ (ਅਮਰ ਦਾਸ) ਜੀ ਨੇ ਮਾਤਾ ਖੀਵੀ ਜੀ ਨੂੰ ਧੰਨ ਆਖ ਕੇ ਬੱਚਿਆਂ ਨੂੰ ਛਾਤੀ ਨਾਲ ਲਾ ਲਿਆ। ਅਜੋਕੀਆਂ ਮਾਤਾਵਾਂ ਲਈ ਇਹ ਇਕ ਬਹੁਤ ਹੀ ਸਾਰਥਕ ਅਤੇ ਉੱਤਮ ਉਪਦੇਸ਼ ਹੈ।

ਜਦੋਂ ਅਮਰੂ ਨਿਥਾਵੇਂ – ਅਮਰੂ ਨਿਤਾਣੇ ਅਤੇ ਅਮਰੂ ਨਿਮਾਣੇ – ਦੀ ਘਾਲ ਥਾਂਇ ਪਈ – ਸਫਲ ਹੋਈ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਨ੍ਹਾਂ ਨੂੰ ਗੁਰਗੱਦੀ ਉੱਤੇ ਬਿਰਾਜਮਾਨ ਕਰ ਕੇ ਮੱਥਾ ਟੇਕ ਕੇ ਸਭ ਸੰਗਤਾਂ ਨੂੰ ਗੁਰੂ ਅਮਰਦਾਸ ਜੀ ਨੂੰ ਸ੍ਰੀ ਗੁਰੂ ਨਾਨਕ ਦੀ ਗੱਦੀ ਦਾ ਸਹੀ ਵਾਰਸ ਮੰਨਦਿਆਂ ਉਨ੍ਹਾਂ ਦੇ ਆਦੇਸ਼ਾਂ ਅਤੇ ਉਪਦੇਸ਼ਾਂ ਉਪਰ ਪੂਰੀ ਸ਼ਰਧਾ ਅਤੇ ਸਤਿਕਾਰ ਸਹਿਤ ਅਮਲ ਕਰਨ ਦੀ ਆਗਿਆ ਕੀਤੀ। ਪਰੰਤੂ ਉਨ੍ਹਾਂ ਦੇ ਪੁੱਤਰਾਂ ਦਾਸੂ ਜੀ ਅਤੇ ਦਾਤੂ ਜੀ ਦੇ ਮਨ ਵਿਚ ਗੁਰਗੱਦੀ ਦੀ ਲਾਲਸਾ ਜਾਗ ਜਾਣ ਕਾਰਨ ਉਹ ਆਕੀ ਹੋ ਗਏ ਤਾਂ ਉਦੋਂ ਵੀ ਮਾਤਾ ਖੀਵੀ ਜੀ ਨੇ ਪੁੱਤਰ- ਮੋਹ ਨੂੰ ਤਿਆਗ ਕੇ ਗੁਰੂ ਜੀ ਦੀ ਰਜ਼ਾ ਵਿਚ ਰਹਿੰਦਿਆਂ ਉਨ੍ਹਾਂ ਦੇ ਹੁਕਮ ਉੱਤੇ ਫੁੱਲ ਚੜ੍ਹਾਏ ਅਤੇ ਆਪਣੇ ਪੁੱਤਰਾਂ ਨੂੰ ਸਮਝਾਇਆ। ਇਹ ਉਨ੍ਹਾਂ ਦਾ ਇਕ ਇਤਿਹਾਸਕ ਰੋਲ ਸੀ। ਸ੍ਰੀ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਤੋਂ ਉੱਠ ਕੇ ਗੋਇੰਦਵਾਲ ਸਾਹਿਬ ਚਲੇ ਗਏ ਅਤੇ ਉੱਥੇ ਰਹਿ ਕੇ ਗੁਰਤਾਗੱਦੀ ਦੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਣ ਲੱਗੇ ਅਤੇ ਹੁਣ ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰਾ ਬਣ ਗਿਆ ਸੀ ਅਤੇ ਸਿੱਖ ਸੰਗਤਾਂ ਦੀ ਬਹੁਤ ਰੌਣਕ ਰਹਿਣ ਲੱਗੀ। ਮਾਤਾ ਖੀਵੀ ਜੀ ਖਡੂਰ ਸਾਹਿਬ ਹੀ ਰਹੇ ਅਤੇ ਉੱਥੋਂ ਦੀਆਂ ਜ਼ਿੰਮੇਵਾਰੀਆਂ ਪੂਰੀ ਤਰ੍ਹਾਂ ਨਿਭਾਉਂਦੇ ਰਹੇ। ਗੁਰੂ ਕਾ ਲੰਗਰ ਜਿਉਂ ਦਾ ਤਿਉਂ ਚੱਲਦਾ ਰਿਹਾ। ਸ੍ਰੀ ਗੁਰੂ ਅਮਰਦਾਸ ਜੀ ਭਾਵੇਂ ਹੁਣ ਗੁਰਤਾਗੱਦੀ ਉੱਤੇ ਬਿਰਾਜਮਾਨ ਸਨ ਅਤੇ ਉਮਰ ਵਿਚ ਮਾਤਾ ਖੀਵੀ ਜੀ ਤੋਂ ਬਹੁਤ ਵੱਡੇ ਸਨ ਪਰੰਤੂ ਉਹ ਮਾਤਾ ਖੀਵੀ ਜੀ ਦਾ ਬਹੁਤ ਸਤਿਕਾਰ ਕਰਦੇ ਸਨ। ਇੱਥੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਮਾਤਾ ਜੀ ਦੇ ਸਤਿਕਾਰ ਵਜੋਂ ਉਨ੍ਹਾਂ ਨੂੰ ਅਕਸਰ ਮਿਲਣ ਆਉਂਦੇ ਸਨ। ਇਸੇ ਤਰ੍ਹਾਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਖਡੂਰ ਸਾਹਿਬ ਆ ਕੇ ਮਾਤਾ ਖੀਵੀ ਜੀ ਨੂੰ ਮਿਲੇ ਅਤੇ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ। ਸੱਚਮੁੱਚ ਹੀ ਮਾਤਾ ਖੀਵੀ ਜੀ “ਸਭ ਪਰਵਾਰੈ ਮਾਹਿ ਸਰੇਸਟ” ਕਰਕੇ ਮੰਨੇ ਗਏ। ਭਾਵੇਂ ਮਾਤਾ ਖੀਵੀ ਜੀ ਕਾਫੀ ਬਿਰਧ ਹੋ ਗਏ ਸਨ ਪਰੰਤੂ ਫਿਰ ਉਹ ਸ੍ਰੀ ਅੰਮ੍ਰਿਤਸਰ ਜਾ ਕੇ ਗੁਰੂ-ਘਰ ਦੀ ਕਾਰ-ਸੇਵਾ ਵਿਚ ਹਿੱਸਾ ਲੈਂਦੇ।

“ਭਉ ਭਗਤਿ ਕਰਿ ਨੀਚੁ ਸਦਾਏ॥
ਤਉ ਨਾਨਕ ਮੋਖੰਤਰੁ ਪਾਏ॥”

ਮਾਤਾ ਖੀਵੀ ਜੀ ਸਫਲ ਜੀਵਨ ਜਿਉਂਦਿਆਂ ਆਵਾਗਵਣ ਤੋਂ ਮੁਕਤ ਹੋ ਕੇ ਪ੍ਰਭੂ ਚਰਨਾਂ ਵਿਚ ਲੀਨ ਹੋ ਗਏ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਮਾਤਾ ਖੀਵੀ ਜੀ ਸੇਵਾ ਅਤੇ ਸਿਮਰਨ ਕਰਦਿਆਂ ਆਪਣਾ ਜੀਵਨ ਸਫਲਾ ਕਰਕੇ ਸੰਨ 1582 ਈ: ਵਿਚ ਖਡੂਰ ਸਾਹਿਬ ਅਕਾਲ ਚਲਾਣਾ ਕਰ ਗਏ। ਬੇਅੰਤ ਸਿੱਖ ਸੰਗਤਾਂ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵੀ ਅੰਤਮ ਸੰਸਕਾਰ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਖਡੂਰ ਸਾਹਿਬ ਪਹੁੰਚੇ। ਖਡੂਰ ਸਾਹਿਬ ਵਿਖੇ ਅੱਜ ਵੀ ਮਾਤਾ ਖੀਵੀ ਜੀ ਦੀ ਯਾਦ ਮੌਜੂਦ ਹੈ।

ਉਪਰੋਕਤ ਸੰਖੇਪ ਚਰਚਾ ਤੋਂ ਪਤਾ ਲੱਗਦਾ ਹੈ ਕਿ ਗੁਰਮਤਿ ਕ੍ਰਾਂਤੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ “ਇਸਤਰੀ” ਵਿਚ ਕਾਦਰ ਵੱਲੋਂ ਬਖਸ਼ਿਸ਼ ਕੀਤੇ ਹੋਏ ਸਦਗੁਣ ਤਾਂ ਮੌਜੂਦ ਹੀ ਸਨ ਪਰੰਤੂ ਸਮੇਂ ਦੀਆਂ ਧਾਰਮਿਕ ਅਤੇ ਸਮਾਜਿਕ ਕੱਟੜਤਾ ਵਾਲੀਆਂ ਗ਼ਲਤ ਅਤੇ ਗ਼ੈਰ-ਕੁਦਰਤੀ ਰਹੁ-ਰੀਤਾਂ ਅਤੇ ਗ਼ਲਤ-ਧਾਰਨਾਵਾਂ ਨੇ ਇਸਤਰੀ ਨੂੰ ਪਿਛਾਂਹ ਸੁੱਟ ਦਿੱਤਾ ਸੀ। ਸਮਾਜਿਕ-ਗ੍ਰਿਹਸਤੀ ਜੀਵਨ ਦੀ ਗੱਡੀ ਦੇ ਇਕ ਪਹੀਏ ਦੇ ਕਮਜ਼ੋਰ ਤਥਾ ਨਕਾਰਾ ਹੋ ਜਾਣ ਦੇ ਨਤੀਜੇ ਵਜੋਂ ਭਾਰਤੀ ਸਮਾਜ ਦਾ ਸੰਤੁਲਨ ਵਿਗੜ ਗਿਆ ਸੀ ਅਤੇ ਇਹ ਕਮਜ਼ੋਰ ਹੋ ਗਿਆ ਸੀ ਜਿਸ ਦਾ ਨਤੀਜਾ ਦੇਸ਼ ਦੀ ਲੰਮੀ ਗੁਲਾਮੀ ਵਿਚ ਨਿਕਲਿਆ। ਬਿਸਮਾਰਕ ਕਹਿੰਦਾ ਹੈ ਕਿ ਕਮਜ਼ੋਰ ਕੌਮਾਂ ਰਸਾਤਲ ਨੂੰ ਚਲੀਆਂ ਜਾਂਦੀਆਂ ਹਨ। ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਜੇਕਰ ਅਧਿਆਪਕ ਨੂੰ ਪੂਰਾ ਮਾਨ-ਸਨਮਾਨ ਦੇਣ ਦੀ ਥਾਂ ਉਸ ਨੂੰ ਅਪਮਾਨਿਤ ਕਰਾਂਗੇ, ਉਸ ਨੂੰ ਜ਼ਲੀਲ ਕਰਾਂਗੇ ਅਤੇ ਉਸ ਨੂੰ ਘਟੀਆ, ਮੰਦਾ ਅਤੇ ਨੀਚ ਸਮਝਾਂਗੇ ਤਾਂ ਕੀ ਉਹ ਆਪਣੀ ਕਲਾਸ ਨੂੰ ਮਿਆਰੀ ਸਿੱਖਿਆ ਦੇ ਸਕੇਗਾ? “ਮਾਤਾ” ਹੀ ਅਸਲ ਵਿਚ ਮਨੁੱਖ ਦੀ ਪਹਿਲੀ ਅਧਿਆਪਕ ਅਤੇ ਪੱਥ-ਪ੍ਰਦਰਸ਼ਕ ਹੈ। ਜੇਕਰ ਉਹ ਹੀ ਅਪਮਾਨਿਤ ਹੋ ਰਹੀ ਹੈ, ਜ਼ਲੀਲ ਹੋ ਰਹੀ ਹੈ, ਘਿਰਣਾ ਦਾ ਪਾਤਰ ਬਣੀ ਹੋਈ ਹੈ, ਹੀਣ ਸਮਝੀ ਜਾਂਦੀ ਹੈ, ਤਾਂ ਉਸ ਦੀ ਔਲਾਦ ਕਿਹੋ ਜਿਹੀ ਹੋਵੇਗੀ ਅਤੇ ਉਹ ਸਮਾਜ ਕਿਹਾ ਜਿਹਾ ਹੋਵੇਗਾ? ਆਪਾਂ ਸਹਿਜੇ ਹੀ ਉਸਦਾ ਅੰਦਾਜ਼ਾ ਲਗਾ ਸਕਦੇ ਹਾਂ। ਦੂਸਰੀ ਗੱਲ ਇਹ ਵੀ ਸਪਸ਼ਟ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਜਿਹੜੀ “ਮੁਕੰਮਲ ਕ੍ਰਾਂਤੀ” ਲਿਆਉਣਾ ਗੁਰੂ ਸਾਹਿਬਾਨ ਦਾ ਟੀਚਾ ਅਤੇ ਮਿਸ਼ਨ ਸੀ ਉਸ ਨੂੰ ਸਿਖਰ ਉੱਤੇ ਪਹੁੰਚਾਉਣ ਲਈ “ਇਸਤਰੀ” ਦਾ ਯੋਗਦਾਨ ਬਹੁਤ ਜ਼ਰੂਰੀ ਅਤੇ ਮਹੱਤਵਪੂਰਨ ਸੀ ਜੋ ਗੁਰੂ-ਮਹਿਲਾਂ ਅਤੇ ਪਰਵਾਰਾਂ ਨੇ ਬਾਖੂਬੀ ਨਿਭਾਇਆ ਅਤੇ ਗੁਰਮਤਿ ਦੇ ਵੱਖਰੇ-ਵੱਖਰੇ ਸੰਕਲਪਾਂ ਨੂੰ ਸਪਸ਼ਟ ਕਰਨ ਅਤੇ ਅਮਲੀ ਰੂਪ ਦੇਣ ਵਿਚ ਪੂਰਾ ਯੋਗਦਾਨ ਪਾਇਆ।

ਮਾਤਾ ਖੀਵੀ ਜੀ ਦਾ ਸਰਲ, ਸਭਿਅਕ, ਸਦਾਚਾਰਕ, ਮਿਸਾਲੀ ਅਤੇ ਮਿਆਰੀ ਜੀਵਨ, ਸੁਸ਼ੀਲ ਸੁਭਾਅ, ਵੰਡ ਛਕਣ ਦੀ ਇੱਛਾ-ਸ਼ਕਤੀ, ਸਹਿਨਸ਼ੀਲਤਾ, ਨਿਮਰਤਾ, ਸੇਵਾ, ਤਿਆਗ ਅਤੇ ਸਿਮਰਨ ਵਾਲਾ ਜੀਵਨ ਸਾਡੀ ਨੌਜੁਆਨ ਪੀੜ੍ਹੀ ਅਤੇ ਖਾਸ ਕਰਕੇ ਸਾਡੀਆਂ ਨੌਜੁਆਨ ਬੱਚੀਆਂ ਲਈ ਵਰਦਾਨ ਹੀ ਸਾਬਤ ਹੋਵੇਗਾ ਕਿਉਂਕਿ ਜਦੋਂ ਅਜੋਕੇ ਸਮਾਜ ਵੱਲ ਝਾਤੀ ਮਾਰਦੇ ਹਾਂ ਤਾਂ ਸਾਡੇ ਸਾਹਮਣੇ ਨੰਗੇਜਵਾਦ, ਅਸ਼ਲੀਲਤਾ, ਨਸ਼ਿਆਂ ’ਚ ਗ਼ਲਤਾਨ ਜੀਵਨ, ਕਾਮ-ਚੇਸ਼ਟਾਵਾਂ ਵਿਚ ਸੰਜਮ ਦਾ ਟੁੱਟਣਾ, ਪਵਿੱਤਰ ਸਮਾਜਿਕ ਰਿਸ਼ਤਿਆਂ ਦਾ ਟੁੱਟਣਾ ਹੀ ਨਹੀਂ ਸਗੋਂ ਤਾਰ-ਤਾਰ ਹੋ ਜਾਣਾ ਅਤੇ ਅਤਿ ਦੇ ਕਾਮੁਕ ਜੀਵਨ ਕਾਰਨ “ਸਵੈ-ਸੰਜਮ ਦੀ ਰੇਖਾ” ਦਾ ਮਿਟ ਜਾਣਾ ਅਤੇ ਨੌਜੁਆਨ ਪੀੜ੍ਹੀ ਦਾ ਨਿੱਘਰਿਆ ਅਤੇ ਅਸਭਿਅਕ ਜੀਵਨ, ਜਿਸ ਨੂੰ ਪੱਛਮੀ ਸਭਿਅਤਾ ਦੇ ਖੁੱਲ੍ਹੇਪਣ ਦਾ ਨਾਮ ਦਿੱਤਾ ਜਾਂਦਾ ਹੈ, ਸਾਡੀਆਂ ਮਹਾਨ ਸਮਾਜਿਕ ਅਤੇ ਧਾਰਮਿਕ ਪਰੰਪਰਾਵਾਂ ਅਤੇ ਸ਼ਾਨਾਂਮੱਤੀਆਂ ਰਵਾਇਤਾਂ ਨੂੰ ਤਹਿਸ-ਨਹਿਸ ਕਰ ਰਿਹਾ ਹੈ ਅਤੇ ਬੱਚੇ-ਬੱਚੀਆਂ ਦੇ ਮਾਪਿਆਂ ਨੂੰ ਹਮੇਸ਼ਾਂ ਮਜਬੂਰੀ ਵੱਸ ਨਮੋਸ਼ੀ ਅਤੇ ਘੋਰ ਮਾਯੂਸੀ ਦਾ ਮੂੰਹ ਵੇਖਣਾ ਪੈ ਰਿਹਾ ਹੈ। ਕਈ ਵਾਰ ਐਸਾ ਮਹਿਸੂਸ ਹੋਣ ਲੱਗਦਾ ਹੈ ਕਿ ਅਸੀਂ ਸਭਿਅਕ ਸਮਾਜ ਤੋਂ ਦੂਰ ਹੋ ਕੇ ਪਸ਼ੂ ਜਾਂ ਜੰਗਲੀ ਜੀਵਨ ਵੱਲ ਤੇਜੀ ਨਾਲ ਵਧ ਰਹੇ ਹਾਂ ਜੋ ਚਿੰਤਾਜਨਕ ਹੈ। ਇਸ ਲਈ ਜ਼ਰੂਰੀ ਹੈ ਕਿ ਜਿਵੇਂ ਕਾਦਰ ਦੀ ਕੁਦਰਤ ਦੀ ਹਰ ਸ਼ੈਅ ਵਿਚ ਸੰਜਮ ਹੈ, ਸਹਿਜ ਹੈ, ਨਿਰੰਤਰ ਸੰਤੁਲਨ ਹੈ ਉਸੇ ਤਰ੍ਹਾਂ ਸਾਡੇ ਜੀਵਨ ਵਿਚ ਵੀ ਇਨ੍ਹਾਂ ਨਿਯਮਾਂ ਅਤੇ ਕਦਰਾਂ-ਕੀਮਤਾਂ ਦੀ ਅਤੀ ਲੋੜ ਹੈ। ਨਹੀਂ ਤਾਂ ਜਿਵੇਂ ਕੁਦਰਤ ਦੇ ਨਿਯਮਾਂ ਨਾਲ ਛੇੜ-ਛਾੜ ਕਰਨ ਕਾਰਨ ਕੁਦਰਤ ਦੀ ਕਰੋਪੀ ਝੱਲਣੀ ਪੈਂਦੀ ਹੈ। ਇਸੇ ਤਰ੍ਹਾਂ ਸਮਾਜਿਕ ਜੀਵਨ ਵਿਚ ਸੰਜਮ ਅਤੇ ਸੰਤੁਲਨ ਟੁੱਟਣ ਨਾਲ ਜੀਵਨ ਬਰਬਾਦ ਹੋ ਜਾਵੇਗਾ। ਸੋ ਸੁਚੇਤ ਹੋਣ ਦੀ ਲੋੜ ਹੈ। ਮਹਾਨ ਮਾਤਾ ਖੀਵੀ ਜੀ ਦੇ ਮਿਆਰੀ, ਮਿਸਾਲੀ, ਸਭਿਅਕ, ਸੰਜਮੀ ਅਤੇ ਸੇਵਾ ਨੂੰ ਸਮਰਪਿਤ ਜੀਵਨ ਤੋਂ ਸਾਨੂੰ ਇਹੋ ਉਪਦੇਸ਼ ਮਿਲਦਾ ਹੈ। ਨਿਰਸੰਦੇਹ! ਮਾਤਾ ਖੀਵੀ ਜੀ ਇਕ ਨੇਕਦਿਲ, ਪਰਉਪਕਾਰੀ ਇਸਤਰੀ, ਸੇਵਾ ਅਤੇ ਸਿਮਰਨ ਦੇ ਪੁੰਜ, ਇਕ ਸੁਹਿਰਦ ਅਤੇ ਸੰਤੋਖੀ ਸੁਪਤਨੀ, ਇਕ ਹਮਦਰਦ ਅਤੇ ਸੁਯੋਗ ਮਾਤਾ, ਇਕ ਨਿਪੁੰਨ ਸਮਾਜ- ਸੇਵਕ ਰੱਬੀ ਰੰਗ ਵਿਚ ਰੰਗੀ ਰੂਹ ਅਤੇ ਕੋਮਲਤਾ ਦਾ ਵਹਿੰਦਾ ਦਰਿਆ ਪਹਿਲੇ ਇਸਤਰੀ ਪ੍ਰਚਾਰਕ ਸਨ। ਭਾਈ ਕਾਹਨ ਸਿੰਘ ਨਾਭਾ ‘ਖੀਵੀ’ ਸ਼ਬਦ ਦੇ ਅਰਥ ਹੀ ਰੱਬੀ ਰੰਗ ਵਿਚ ਮਸਤ, ਸੇਵਾ ਅਤੇ ਲਗਨ ਵਿਚ ਲੀਨ, ਸਹਿਜਤਾ ਅਤੇ ਨਿਮਰਤਾ ਦੇ ਦੈਵੀ ਰੰਗ ਵਿਚ ਸਦਾ ਰੰਗੇ ਦੱਸਦੇ ਹਨ। ਸੱਚਮੁੱਚ ਹੀ ਮਾਤਾ ਖੀਵੀ ਜੀ ਉੱਤੇ ਇਹ ਵਿਸੇਸ਼ਤਾਈਆਂ ਅਤੇ ਗੁਣ ਪੂਰੇ ਢੁੱਕਦੇ ਹਨ ਅਤੇ ਉਹ ਆਪਣੇ ਅਮਲੀ ਜੀਵਨ ਦੁਆਰਾ ਆਪਣੇ ਨਾਮ ਖੀਵੀ ਉੱਤੇ ਪੂਰੇ ਉਤਰੇ। ਇਸੇ ਲਈ ਭਾਈ ਬਲਵੰਡ “ਬਲਵੰਡ ਖੀਵੀ ਨੇਕ ਜਨ” ਕਹਿ ਕੇ ਸਤਿਕਾਰ ਦਿੰਦੇ ਹਨ। ਸਤਿਗੁਰੂ ਕੁਲਖਣੀ ਦੇ ਆਚਰਨ ਅਤੇ ਔਗੁਣਾਂ ਬਾਰੇ ਇਸ ਤਰ੍ਹਾਂ ਬਿਆਨ ਕਰਦੇ ਹਨ,

“ਸੂਹੈ ਵੇਸਿ ਕਾਮਣਿ ਕੁਲਖਣੀ ਜੋ ਪ੍ਰਭ ਛੋਡਿ ਪਰ ਪੁਰਖ ਧਰੇ ਪਿਆਰੁ॥
ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ॥”

ਅਤੇ ਸੀਲ, ਸੰਤੋਖ ਵਾਲੀ ਸੁਲੱਖਣੀ ਬਾਰੇ ਇਉਂ ਫੁਰਮਾਉਂਦੇ ਹਨ:-

ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਭਤਾਰੁ॥
ਸੂਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿਰੈ ਖਿਮਾ ਸੀਗਾਰੁ॥
ਪੇਈਐ ਸਾਹੁਰੈ ਬਹੁ ਸੋਭਾ ਪਾਏ ਤਿਸੁ ਪੂਜ ਕਰੇ ਸਭੁ ਸੈਸਾਰੁ॥ (ਪੰਨਾ 786)

ਮਾਤਾ ਖੀਵੀ ਜੀ ਸੁਲੱਖਣੀ ਦੇ ਸਮੂਹ ਸਦਗੁਣਾਂ ਦਾ ਮੁਜੱਸਮਾ ਸਨ। ਜਦੋਂ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਅਤੇ ਮਾਤਾ ਖੀਵੀ ਜੀ ਦੇ ਆਦਰਸ਼ਕ ਦੰਪਤੀ ਗ੍ਰਿਹਸਤੀ ਜੀਵਨ ਵੱਲ ਝਾਤੀ ਮਾਰਦੇ ਹਾਂ ਤਾਂ ਸਹਿਜੇ ਹੀ ਪਤਾ ਲਗ ਜਾਂਦਾ ਹੈ ਕਿ ਕਿਸ ਤਰ੍ਹਾਂ ਦੋਹਾਂ ਨੇ ਆਪਣੀ ਮਨੁੱਖੀ ਹਉਮੈ, ਹਸਤੀ ਅਤੇ ਹੰਗਤਾ ਨੂੰ ਮਿਟਾ ਕੇ ਇਕ-ਦੂਸਰੇ ਦੀ ਹੋਂਦ-ਹਸਤੀ ਵਿਚ ਸਮੋ ਦਿੱਤਾ। ਅਜੋਕੇ ਸਮੇਂ ਜਦੋਂ ਦੰਪਤੀ ਦੇ ਇਸ ਪਵਿੱਤਰ ਰਿਸ਼ਤੇ ਨੂੰ ਵੀ ਇਕ ਵਪਾਰ ਦਾ ਹੀ ਰੂਪ ਦੇ ਦਿੱਤਾ ਗਿਆ ਹੈ, ਜਦੋਂ ਤਕਰੀਬਨ 50 ਫੀ ਸਦੀ ਰਿਸ਼ਤੇ ਟੁੱਟ ਰਹੇ ਹਨ, ਆਪਸੀ ਨਫਰਤ ਅਤੇ ਕੁੜੱਤਣ ਵਧ ਰਹੀ ਹੈ, ਜਦੋਂ ਕਈ ਕੇਸਾਂ ਵਿਚ ਦੋਹਾਂ ਧਿਰਾਂ ਦੇ ਮਾਪਿਆਂ ਦੀ ਹਉਮੈ ਕਾਰਨ ਅਤੇ ਕਈ ਕੇਸਾਂ ਵਿਚ ਨੌਜੁਆਨ ਬੱਚੇ-ਬੱਚੀਆਂ ਦੀ ਆਪਸੀ ਹਉਮੈ, ਹੰਗਤਾ, ਹੰਕਾਰ ਅਤੇ ਨਿੱਜੀ ਸੁਆਰਥਾਂ ਕਾਰਨ ਪਵਿੱਤਰ ਰਿਸ਼ਤਾ ਭੰਗ ਹੋ ਰਿਹਾ, ਟੁੱਟ ਰਿਹਾ ਅਤੇ ਜਦੋਂ ਬਹੁਤ ਸਾਰੇ ਪਰਵਾਰ ਅਤੇ ਨੌਜੁਆਨ ਜੋੜੇ ਥਾਣਿਆਂ ਅਤੇ ਕਚਹਿਰੀਆਂ ਵਿਚ ਆਪਣਾ ਜੀਵਨ ਨਸ਼ਟ ਕਰ ਰਹੇ ਹਨ ਅਤੇ ਇਸ ਤੋਂ ਵੀ ਖਤਰਨਾਕ ਗੱਲ ਇਹ ਹੈ ਕਿ ਬਹੁਤ ਸਾਰੇ ਕੇਸਾਂ ਵਿਚ ਲੜਕੇ ਜਾਂ ਲੜਕੀਆਂ ਆਤਮ-ਹੱਤਿਆਵਾਂ ਕਰ ਰਹੇ ਹਨ, ਜਦੋਂ ਕੁਝ ਕੇਸਾਂ ਵਿਚ ਜਵਾਈਆਂ ਨੂੰ ਸਹੁਰਿਆਂ ਵੱਲੋਂ ਕਤਲ ਕੀਤਾ ਜਾ ਰਿਹਾ ਹੈ ਪਰੰਤੂ ਬਹੁਤੇ ਕੇਸਾਂ ਵਿਚ ਧਰਮ ਦੀਆਂ ਧੀਆਂ ਨੂੰਹਾਂ ਨੂੰ ਭਾਂਤ-ਭਾਂਤ ਦੇ ਹੱਥ-ਕੰਡੇ ਅਪਣਾ ਕੇ ਮਾਰਿਆ ਜਾ ਰਿਹਾ ਹੈ ਜਿਸ ਕਾਰਨ ਸਾਡੀ ਸਮਾਜਿਕ ਜ਼ਿੰਦਗੀ ਅਤੇ ਆਰਥਿਕ ਤਰੱਕੀ ਬੇਅਰਥ ਹੋ ਕੇ ਰਹਿ ਗਈ ਹੈ। ਇਸ ਅਤਿ ਚੁਣੌਤੀਆਂ ਭਰੀ ਸਥਿਤੀ ਵਿਚ ਮਾਤਾ ਖੀਵੀ ਜੀ ਦਾ ਗ੍ਰਿਹਸਤੀ ਜੀਵਨ, ਮਾਤਾ-ਪਿਤਾ ਦੀ ਆਗਿਆਕਾਰੀ ਬੇਟੀ, ਆਪਣੇ ਪਤੀ ਦੀ ਆਦਰਸ਼ਕ ਪਤਨੀ, ਇਕ ਆਦਰਸ਼ਕ ਮਾਤਾ, ਪਹਿਲੀ ਸਿੱਖ ਇਸਤਰੀ ਪ੍ਰਚਾਰਕ, ਪ੍ਰਥਮ ਸਮਾਜ-ਸੇਵਕ ਅਤੇ ਨਿੱਜ-ਭਗਤੀ ਵਿਚ ਸੇਵਾ- ਸਿਮਰਨ ਦੁਆਰਾ ਲੀਨ ਜ਼ਿੰਦਗੀ, ਸਾਡੀਆਂ ਨੌਜੁਆਨ ਬੱਚੀਆਂ, ਮਾਤਾਵਾਂ, ਭੈਣਾਂ, ਧੀਆਂ ਅਤੇ ਪਤਨੀਆਂ ਲਈ ਹਮੇਸ਼ਾਂ-ਹਮੇਸ਼ਾਂ ਲਈ ਪ੍ਰੇਰਨਾ ਸ੍ਰੋਤ ਬਣਿਆ ਰਹੇਗਾ ਜੋ ਸਾਡੀਆਂ ਨੌਜੁਆਨ ਬੱਚੀਆਂ ਅਤੇ ਮਾਤਾਵਾਂ ਲਈ ਰੋਲ ਮਾਡਲ ਜਾਂ ਸੁੰਦਰ ਨਮੂਨਾ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)