ਦਿੱਲੀ ਦਾ ਇਤਿਹਾਸ ਪੜ੍ਹਿਆਂ ਅਤੇ ਸੁਣਿਆਂ ਪਤਾ ਲੱਗਦਾ ਹੈ ਕਿ ਦਿੱਲੀ ਵਿਚ ਅਨੇਕਾਂ ਵਾਰ ਖੂਨ-ਖਰਾਬਾ ਹੁੰਦਾ ਰਿਹਾ ਹੈ। ਜਿਵੇਂ ਕਿ ਨਾਦਰਸ਼ਾਹ ਦੁਰਾਨੀ ਨੇ ਦਿੱਲੀ ਵਿਚ ਖੂਨ ਦੀਆਂ ਨਦੀਆਂ ਵਗਾਈਆਂ। ਇਹ ਹਮਲਾਵਰ ਵਿਦੇਸ਼ਾਂ ਤੋਂ ਆਉਂਦੇ ਰਹੇ। ਪਰ 31 ਅਕਤੂਬਰ 1984 ਵਿਚ ਦਿੱਲੀ ਦੇ ਹਮਲਾਵਰ ਦਿੱਲੀ ਦੇ ਹੀ ਲੋਕ ਬਣੇ, ਉਨ੍ਹਾਂ ਦਿੱਲੀ ਦੇ ਹੀ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਲਿਆ। ਗੱਲ ਉਸ ਵੇਲੇ ਦੀ ਹੈ 31 ਅਕਤੂਬਰ 1984 ਦੀ ਸਵੇਰ ਨੂੰ ਜਦੋਂ ਮੈਂ ਟਰਾਂਸਪੋਰਟ ਵਿਚ ਪਹੁੰਚਾ ਤਾਂ 9 ਕੁ ਵਜੇ ਦਾ ਟਾਈਮ ਸੀ। ਪਤਾ ਲੱਗਾ ਕਿ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਉਸ ਦੇ ਸਿੱਖ ਅੰਗ ਰਖਸ਼ਕਾਂ ਨੇ ਗੋਲੀਆਂ ਮਾਰ ਕੇ ਫੱਟੜ ਕਰ ਦਿੱਤਾ ਹੈ। ਮੈਂ ਵਾਪਸ ਸ਼ਹੀਦ ਨਗਰ ਪਹੁੰਚਾ ਤਾਂ ਇਹ ਗੱਲ ਆਪਣੇ ਘਰ ਵਾਲਿਆਂ ਨੂੰ ਦੱਸੀ ਕਿ ਇੰਦਰਾ ਗਾਂਧੀ ਨੂੰ ਉਸ ਦੇ ਬਾਡੀਗਾਰਡਾਂ ਨੇ ਫੱਟੜ ਕਰ ਦਿੱਤਾ ਹੈ। ਇਸ ਵਿਚ ਸਿੱਖ ਬਾਡੀਗਾਰਡਾਂ ਦਾ ਨਾਮ ਲਿਆ ਜਾਂਦਾ ਹੈ, ਇਸ ਲਈ ਸਿੱਖਾਂ ਉੱਤੇ ਹਮਲੇ ਹੋ ਸਕਦੇ ਹਨ। ਪਰ ਘਰ ਵਾਲੇ ਇਸ ਗੱਲ ਨੂੰ ਮੰਨਦੇ ਨਹੀਂ ਸੀ। ਥੋੜ੍ਹੀ ਦੇਰ ਬਾਅਦ ਰੇਡੀਓ, ਟੈਲੀਵੀਜ਼ਨ ਵਿਚ ਖ਼ਬਰ ਆ ਗਈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਿੱਖ ਬਾਡੀਗਾਰਡਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਹੈ। ਉਸ ਤੋਂ ਬਾਅਦ ਦਿੱਲੀ ਵਿਚ ਭਿਅੰਕਰ ਵਾਤਾਵਰਨ ਦਿਖਾਈ ਦੇਣ ਲੱਗਾ। ਬਹੁਤ ਸਾਰੇ ਲੋਕ ਹੈਰਾਨੀ ਵਿਚ ਡੁੱਬੇ ਵੇਖੇ, ਪਰ ਕੁਝ ਲੋਕ ਸ਼ਰਾਬਾਂ ਪੀ ਕੇ ਟਹਿਲਦੇ ਵੀ ਵੇਖੇ। ਰਾਜੀਵ ਗਾਂਧੀ ਉਸ ਵੇਲੇ ਕਲਕੱਤੇ ਪ੍ਰਚਾਰ ਦੌਰੇ ’ਤੇ ਪਹੁੰਚਿਆ ਹੋਇਆ ਸੀ। ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵਿਦੇਸ਼ ਦੌਰੇ ’ਤੇ ਸਪੇਨ ਪਹੁੰਚੇ ਹੋਏ ਸੀ। ਇਧਰ ਹਿੰਦੁਸਤਾਨ ਵਿਚ ਹਾਲਾਤ ਬਹੁਤ ਖਰਾਬ ਸਨ। ਦਿੱਲੀ ਵਿਚ ਸ਼ਰਾਬ ਪੀਣ ਵਾਲੇ ਲੋਕ ਆਉਂਦੇ-ਜਾਂਦੇ ਸਿੱਖਾਂ ਵੱਲ ਲਾਲ ਅੱਖਾਂ ਕੱਢ ਕੇ ਵੇਖਦੇ ਸੀ।
ਸ਼ਾਮ ਦੇ 5 ਕੁ ਵਜੇ ਖ਼ਬਰ ਆਈ ਕਿ ਰਾਸ਼ਟਰਪਤੀ ਗਿ. ਜ਼ੈਲ ਸਿੰਘ ਵਾਪਸ ਦਿੱਲੀ ਪਰਤ ਆਏ ਹਨ। ਸਿੱਖਾਂ ਨੇ ਕੁਝ ਸੁਖ ਦਾ ਸਾਹ ਲਿਆ। ਪਰ ਨਾਲ ਹੀ ਥੋੜ੍ਹੀ ਦੇਰ ਬਾਅਦ ਇੰਦਰਾ ਗਾਂਧੀ ਦੇ ਦਮ ਤੋੜ ਜਾਣ ਦੀ ਖ਼ਬਰ ਆਈ। ਲੋਕ ਹੈਰਾਨੀ ਵਿਚ ਡੁੱਬ ਗਏ ਅਤੇ ਸਿੱਖਾਂ ਦੇ ਘਰਾਂ ਵਿਚ ਚਰਚਾ ਚੱਲ ਰਹੀ ਸੀ ਕਿ ਸ਼ਰਾਬ ਪੀਣ ਵਾਲੇ ਲੋਕ ਸਿੱਖਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰਨਗੇ। ਦੂਸਰੇ ਪੱਖ ਵਿਚ ਕੁਝ ਲੋਕ ਕਹਿੰਦੇ ਸੀ ਕਿ, ‘ਰਾਸ਼ਟਰਪਤੀ ਸਿੱਖਾਂ ਦਾ ਹੈ, ਸਿੱਖਾਂ ਨਾਲ ਇਸ ਤਰ੍ਹਾਂ ਨਹੀਂ ਹੋਣ ਦੇਵੇਗਾ। ਜੇ ਇੰਦਰਾ ਗਾਂਧੀ ਪ੍ਰਲੋਕ ਸੁਧਾਰ ਗਈ ਹੈ ਤੇ ਪੁਲੀਸ ਤਾਂ ਨਹੀਂ ਪ੍ਰਲੋਕ ਸੁਧਾਰ ਗਈ! ਫੌਜ ਤਾਂ ਨਹੀਂ ਪ੍ਰਲੋਕ ਸੁਧਾਰ ਗਈ! ਇਹ ਸਭ ਕੁਝ ਰਾਸ਼ਟਰਪਤੀ ਦੇ ਹੱਥ ਵਿਚ ਹੈ। ਫਿਰ ਸਿੱਖਾਂ ਨਾਲ ਬੇਇਨਸਾਫੀ ਕਿਵੇਂ ਹੋ ਸਕਦੀ ਹੈ? ਇਹ ਚਰਚਾ ਮੇਰੇ ਆਪਣੇ ਘਰ ਵਿਚ ਵੀ ਚਲਦੀ ਰਹੀ। ਇਸ ਤਰ੍ਹਾਂ ਕਰਦਿਆਂ ਜਦੋਂ ਰਾਤ ਦੇ ਦਸ ਕੁ ਵੱਜੇ ਤਾਂ ਸਾਡੇ ਨਾਲ ਦੀ ਕਾਲੋਨੀ ਸੀਮਾਪੁਰੀ ਵਿੱਚੋਂ ਰੌਲੇ ਅਤੇ ਚੀਕਾਂ ਦੀ ਆਵਾਜ਼ ਸੁਣਾਈ ਦੇਣ ਲੱਗੀ। ਇਸ ਲਈ ਸਿੱਖਾਂ ਨੂੰ ਪਹਿਲਾਂ ਹੀ ਸ਼ੰਕਾ ਸੀ ਕਿ ਸ਼ਰਾਬੀ ਦਰਿੰਦੇ ਲੋਕ ਸਾਡਾ ਨੁਕਸਾਨ ਕਰਨਗੇ। ਗੱਲ ਇਸ ਤਰ੍ਹਾਂ ਵਾਪਰੀ। ਲੁਟੇਰਿਆਂ ਨੇ ਸਾਰੀ ਰਾਤ ਸੀਮਾਪੁਰੀ ਵਿਚ ਸਿੱਖਾਂ ਦੇ ਘਰਾਂ ਨੂੰ ਲੁੱਟਿਆ, ਉਜਾੜਿਆ ਤੇ ਸਾੜਿਆ। ਦਿੱਲੀ ਵਿਚ ਸਿੱਖਾਂ ਦੀ ਨੀਂਦ ਹਰਾਮ ਹੋ ਗਈ। ਇਸ ਤਰ੍ਹਾਂ ਪਹਿਰ ਦੀ ਰਾਤ ਬੀਤੀ ਤੇ ਦਿਨ ਚੜ੍ਹਿਆ। ਸਵੇਰ ਹੁੰਦਿਆਂ ਪੰਜਾਬੀ ਹਿੰਦੂ ਲੋਕ, ਜਿਹੜੇ ਸਿੱਖਾਂ ਨੂੰ ਆਪਣਾ ਭਾਈਚਾਰਾ ਸਮਝਦੇ ਸਨ ਨੇ ਸਿੱਖਾਂ ਦੀ ਰਾਜ਼ੀ-ਖੁਸ਼ੀ ਦਾ ਪਤਾ ਦਿੱਤਾ ਤਾਂ ਪਤਾ ਲੱਗਾ ਕਿ ਸੀਮਾਪੁਰੀ ਵਿਚ ਸਿੱਖਾਂ ਦੇ ਘਰ ਬੁਰੀ ਤਰ੍ਹਾਂ ਸਾੜ ਦਿੱਤੇ ਹਨ।
ਸੀਮਾਪੁਰੀ ਵਿਚ ਇਕ ਕਾਂਗਰਸੀ ਲੀਡਰ ਜਗਜੀਤ ਸਿੰਘ ਅਤੇ ਅਮਰਜੀਤ ਸਿੰਘ ਦੋਵੇਂ ਸਕੇ ਭਰਾ ਸਨ। ਇਨ੍ਹਾਂ ਉੱਤੇ ਰਾਤ ਨੂੰ ਹਮਲੇ ਹੋਏ। ਪਰ ਇਹ ਮੁਕਾਬਲਾ ਕਰ ਕੇ ਬਚੇ ਰਹੇ। ਪਹਿਲੀ ਨਵੰਬਰ ਨੂੰ ਦਿਨੇ 11 ਵਜੇ ਦੰਗੜਾਂ, ਲੁਟੇਰਿਆਂ ਦੇ ਹਜ਼ੂਮ ਨੇ ਭਾਰੀ ਗਿਣਤੀ ਵਿਚ ਕਾਂਗਰਸੀ ਜਗਜੀਤ ਸਿੰਘ ਦੀ ਕੋਠੀ ’ਤੇ ਹਮਲਾ ਕੀਤਾ। ਪਰ ਜਗਜੀਤ ਸਿੰਘ ਨੇ ਰਾਤ ਦੇ ਹਮਲੇ ਨੂੰ ਖਿਆਲ ਵਿਚ ਰੱਖਦਿਆਂ ਕੋਠੀ ਉੱਤੇ ਪੱਕੇ ਰੋੜਿਆਂ ਦਾ ਮਲਬਾ ਰੱਖਿਆ ਹੋਇਆ ਸੀ। ਜਦੋਂ ਦਿਨ ਦੇ 11 ਵਜੇ ਹਮਲਾ ਹੋਇਆ ਤਾਂ ਜਗਜੀਤ ਸਿੰਘ ਨੇ ਕੋਠੀ ਦੀ ਛੱਤ ਤੋਂ ਰੋੜੇ, ਪੱਥਰ ਵਰਸਾਉਣੇ ਸ਼ੁਰੂ ਕਰ ਦਿੱਤੇ। ਲੁਟੇਰਿਆਂ ਦੀ ਕੋਈ ਪੇਸ਼ ਨਾ ਜਾਣ ਦਿੱਤੀ। ਆਖਰ ਆਹਿਸਤਾ-ਆਹਿਸਤਾ ਦੰਗੜਾਂ ਦੀ ਗਿਣਤੀ ਵਧਦੀ ਗਈ। ਉਨ੍ਹਾਂ ਕੋਠੀ ਦੀ ਥੱਲੇ ਵਾਲੀ ਮੰਜ਼ਲ ਦੇ ਦਰਵਾਜ਼ੇ ਤੋੜ ਕੇ ਸਾਮਾਨ ਲੁੱਟ ਲਿਆ ਅਤੇ ਕੋਠੀ ਨੂੰ ਅੱਗ ਲਗਾ ਦਿੱਤੀ। ਜਗਜੀਤ ਸਿੰਘ ਨੇ ਕੋਠੇ ਤੋਂ ਪੱਥਰਾਂ ਦੀ ਵਾਛੜ ਸ਼ੁਰੂ ਕਰ ਦਿੱਤੀ। ਇਧਰ ਸੀਮਾਪੁਰੀ ਦੇ ਕਾਂਗਰਸੀਆਂ ਨੂੰ ਪਤਾ ਲੱਗਾ ਤਾਂ ਇਕ ਕਾਂਗਰਸੀਆਂ ਦਾ ਕਾਫਲਾ ਜਗਜੀਤ ਸਿੰਘ ਨੂੰ ਬਚਾਉਣ ਵਾਸਤੇ ਦੰਗੜਾਂ ਨਾਲ ਮੁਕਾਬਲੇ ’ਤੇ ਉਤਰ ਆਇਆ। ਪਰ ਬਚ-ਬਚਾਅ ਹੋ ਗਿਆ। ਥੋੜ੍ਹੀ ‘ਤੂੰ-ਤੂੰ, ਮੈਂ-ਮੈਂ’ ਤੋਂ ਬਾਅਦ ਕਾਂਗਰਸੀਆਂ ਨੇ ਜਗਜੀਤ ਸਿੰਘ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਸਵਾਲ ਪਾਰਟੀ ਦਾ ਨਹੀਂ ਸੀ, ਸਵਾਲ ਕੇਵਲ ਸਿੱਖਾਂ ਨੂੰ ਮਾਰਨ ਦਾ ਹੀ ਸੀ। ਇਸ ਲਈ ਜਗਜੀਤ ਸਿੰਘ ਨੂੰ ਕਾਂਗਰਸੀ ਹੋਣ ਕਰ ਕੇ ਕਾਂਗਰਸੀਆਂ ਨੇ ਬਚਾ ਲਿਆ ਅਤੇ ਉਸ ਦਾ ਲੁੱਟਿਆ ਹੋਇਆ 95 ਹਜ਼ਾਰ ਰੁਪਿਆ ਵੀ ਮਿਲ ਗਿਆ। ਪਰ ਉਨ੍ਹਾਂ ਨੇ ਕਿਸੇ ਹੋਰ ਸਿੱਖ ਦੀ ਮਦਦ ਨਹੀਂ ਕੀਤੀ। ਜਿਵੇਂ-ਜਿਵੇਂ ਦਿਨ ਗੁਜ਼ਰਦਾ ਜਾ ਰਿਹਾ ਸੀ, ਤਿਵੇਂ-ਤਿਵੇਂ ਸਿੱਖਾਂ ਨੂੰ ਮਾਰਨ ਦੀਆਂ ਖ਼ਬਰਾਂ ਸੁਣਨ ਵਿਚ ਆ ਰਹੀਆਂ ਸਨ।
ਸੀਮਾਪੁਰੀ ਤੋਂ ਪਹਾੜ ਵਾਲੇ ਪਾਸੇ ਇਕ ਸੁੰਦਰ ਨਗਰ ਕਾਲੋਨੀ ਸੀ ਜਿਥੇ ਕੋਈ 35-40 ਘਰ ਸਿੱਖਾਂ ਦੇ ਸਨ। ਇਥੇ ਵੀ ਪਹਿਲੀ ਤਾਰੀਕ ਨੂੰ ਕੋਈ ਡੇਢ-ਦੋ ਸੌ ਬੰਦੇ ਦੰਗੜਾਂ ਦਾ ਕਾਫਲਾ ਆਇਆ, ਜੋ ਕਿ ਗੁਰਦੁਆਰੇ ਨੂੰ ਅੱਗ ਲਾਉਣ ਆਏ ਸੀ। ਇਥੇ ਸ. ਦਿਲਬਾਗ ਸਿੰਘ ਪ੍ਰਧਾਨ ਸੀ। ਇਹ ਜ਼ਿਲ੍ਹਾ ਕੁਰੂਕਸ਼ੇਤਰ ਦਾ ਰਹਿਣ ਵਾਲਾ ਸੀ। ਉਸ ਦੇ ਨਾਲ ਸਾਰੇ ਸਿੱਖ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਬਚਾਉਣ ਵਾਸਤੇ ਆਏ। ਥੋੜ੍ਹਾ ਮੁਕਾਬਲਾ ਹੋਇਆ, ਸਿੱਖਾਂ ਨੇ ਦੰਗੜ ਕੁੱਟ-ਕੁੱਟ ਭਜਾ ਦਿੱਤੇ। ਉਧਰੋ-ਉਧਰੀ ਸੱਟਾਂ ਵੀ ਲੱਗੀਆਂ। ਸਮਾਂ ਪਾ ਕੇ ਲੁਟੇਰੇ ਦੁਬਾਰਾ ਵਧੇਰੇ ਗਿਣਤੀ ਵਿਚ ਆਏ। ਮੁਕਾਬਲਾ ਹੋਇਆ, ਸਿੱਖਾਂ ਨੇ ਇਸ ਵਾਰ ਦੰਗੜਾਂ ਨੂੰ ਤੇਗਾਂ ਨਾਲ ਭਜਾਇਆ। ਸ. ਦਿਲਬਾਗ ਸਿੰਘ ਦੇ ਸਾਥੀਆਂ ਨੇ ਗੁ: ਸਾਹਿਬ ਦੀ ਸ਼ਾਨ ਬਹਾਲ ਰੱਖੀ। ਪਰ ਸ. ਦਿਲਬਾਗ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਕਾਫੀ ਸੱਟਾਂ ਲੱਗ ਗਈਆਂ। ਪਰ ਜਦੋਂ ਤੀਸਰੀ ਵਾਰ ਦੰਗੜਾਂ ਦਾ ਬਹੁਤ ਭਾਰਾ ਕਾਫਲਾ ਮੁਕਾਬਲੇ ਦਾ ਪਲਾਨ ਬਣਾ ਕੇ ਗੁ: ਸੁੰਦਰ ਨਗਰ ਦੇ ਨਿਸ਼ਾਨ ਸਾਹਿਬ ਦਾ ਚੋਲਾ ਪਾੜਨ ਲੱਗਾ ਤਾਂ ਸ. ਦਿਲਬਾਗ ਸਿੰਘ ਨੇ ਲਲਕਾਰ ਕੇ ਆਖਿਆ, “ਜਿਸ ਨੇ ਨਿਸ਼ਾਨ ਸਾਹਿਬ ਨੂੰ ਹੱਥ ਲਾਇਆ ਉਸ ਦੇ ਹੱਥ ਵੱਢ ਦਿਆਂਗੇ।” ਇਕ ਦੰਗੜ ਨੇ ਨਿਸ਼ਾਨ ਸਾਹਿਬ ਦੇ ਚੋਲੇ ਨੂੰ ਅੱਗ ਲਾ ਦਿੱਤੀ। ਸ. ਦਿਲਬਾਗ ਸਿੰਘ ਨੇ ਉਸ ਉਤੇ ਤੇਗ ਦਾ ਵਾਰ ਕੀਤਾ। ਬਸ ਫਿਰ ਖੂੰਖਾਰ ਮੁਕਾਬਲਾ ਸ਼ੁਰੂ ਹੋਇਆ। ਦੰਗਲ ਹੜ੍ਹ ਵਾਂਗ ਵਧਦੇ ਜਾ ਰਹੇ ਸੀ। ਦੋ-ਢਾਈ ਘੰਟੇ ਦੇ ਮੁਕਾਬਲੇ ਪਿੱਛੋਂ ਬਹੁਤ ਸਾਰੇ ਸਿੱਖ ਮਾਰੇ ਜਾ ਚੁੱਕੇ ਸਨ। ਸ. ਦਿਲਬਾਗ ਸਿੰਘ ਦੰਗੜਾਂ ਦੇ ਇਕ ਘੇਰੇ ਵਿਚ ਤੇਗ ਚਲਾਉਂਦਾ ਸੀ। ਪਰ ਉਸ ਕੋਲੋਂ ਘੇਰਾ ਨਹੀਂ ਟੁੱਟ ਸਕਿਆ। ਫੱਟੜ ਹੋਇਆ ਸ. ਦਿਲਬਾਗ ਸਿੰਘ ਜਿਊਂਦਾ ਦੰਗੜਾਂ ਦੇ ਕਾਬੂ ਆ ਗਿਆ। ਸਾਥੀ ਬਹੁਤ ਮਰ ਚੁੱਕੇ ਸੀ। ਜੋ ਬਚੇ ਉਹ ਪੰਜਾਬੀ ਹਿੰਦੂਆਂ ਨੇ ਆਪਣੇ ਘਰੀਂ ਵਾੜ ਕੇ ਉਨ੍ਹਾਂ ਦੇ ਸਿਰ-ਮੂੰਹ ਮੁੰਨ ਕੇ ਕਿਸੇ ਨੂੰ ਪਾਣੀ ਦੀ ਬੋਤਲ ਦਿੱਤੀ, ਕਿਸੇ ਨੂੰ ਪਾਣੀ ਦਾ ਡੱਬਾ ਦਿੱਤਾ। ਇਸ ਤਰ੍ਹਾਂ ਟੱਟੀ ਬੈਠਣ ਦੇ ਬਹਾਨੇ ਬੰਦੇ ਜਿਊਂਦੇ ਬਚ ਕੇ ਨਿਕਲ ਗਏ। (ਇਹ 35-40 ਘਰਾਂ ਵਿੱਚੋਂ ਚੰਦ ਬੰਦੇ ਸਨ) ਸ. ਦਿਲਬਾਗ ਸਿੰਘ ਨੂੰ ਦੰਗੜਾਂ ਨੇ ਜਿਊਂਦੇ ਨੂੰ ਪਕੜ ਕੇ ਮੁਸ਼ਕਾਂ ਤਾੜ ਕੇ ਧਰਤੀ ’ਤੇ ਸੁੱਟ ਕੇ ਜੀਂਦੇ ਨੂੰ ਥੋੜ੍ਹੀ-ਥੋੜ੍ਹੀ ਅੱਗ ਬਾਲ ਕੇ ਤਪਾ-ਤਪਾ ਕੇ, ਸਾੜ-ਸਾੜ ਕੇ ਤਸੀਹੇ ਦਿੱਤੇ। ਸ਼ਾਮ ਤਕ ਸ. ਦਿਲਬਾਗ ਸਿੰਘ ਥੋੜ੍ਹੀ-ਥੋੜ੍ਹੀ ਅੱਗ ਵਿਚ ਸੜਦਾ ਤੇ ਭੁੱਜਦਾ ਰਿਹਾ। ਕਦੇ-ਕਦੇ ਬੜਾ ਲੰਮਾ ਸਾਹ ਲੈਂਦਾ ਸੀ। ਅਖੀਰ ਸਰੀਰ ਫੁੱਲ ਗਿਆ ਅਤੇ ਪਟਾਕਾ ਪੈ ਗਿਆ। ਜਦੋਂ ਸ. ਦਿਲਬਾਗ ਸਿੰਘ ਸਹਿਕਦਾ ਸੀ ਤਾਂ ਉਸ ਦੀ ਪਤਨੀ ਇਸ ਦੇ ਆਸੇ-ਪਾਸੇ ਤੋਂ ਭੱਜ ਕੇ ਉਤੇ ਡਿੱਗਣ ਨੂੰ ਪੈਂਦੀ ਸੀ। ਇਸ ਨੂੰ ਦੰਗੜ ਫੜ ਲੈਂਦੇ ਸੀ। ਜਿਹੜਾ ਫੜਦਾ ਸੀ, ਉਹ ਹੀ ਇਸ ਨਾਲ ਹੈਵਾਨਾਂ ਵਾਲੀਆਂ ਹਰਕਤਾਂ ਕਰਦਾ ਸੀ। ਇਸ ਦੀ ਵਿਧਵਾ ਪਤਨੀ ਦੀ ਸਰਕਾਰ ਨੇ ਕੀ ਮਦਦ ਕੀਤੀ ਹੈ, ਕੋਈ ਪਤਾ ਨਹੀਂ। ਸ. ਬਲਦੇਵ ਸਿੰਘ ਮੰਗੋਲਪੁਰੀ ਦੇ ਛੋਟੇ ਭਰਾ ਨੂੰ ਗਲ ਵਿਚ ਟਾਇਰ ਪਾ ਕੇ ਅੱਗ ਲਾ ਕੇ ਸਾੜਿਆ ਉਸ ਨੂੰ ਵੇਖ ਕੇ ਪਿਤਾ ਬਾਹਰ ਆਇਆ ਤਾਂ ਉਸ ਨੂੰ ਵੀ ਇਸੇ ਤਰ੍ਹਾਂ ਸਾੜਿਆ। ਫਿਰ ਸ. ਬਲਦੇਵ ਸਿੰਘ ਨੂੰ ਵੀ ਇਸੇ ਤਰ੍ਹਾਂ ਸਾੜਿਆ।
ਇਧਰ ਸੀਮਾਪੁਰੀ ਵਿਚ ਫੜੋ-ਮਾਰੋ ਦਾ ਬੜਾ ਜ਼ੋਰ ਸੀ। ਇਕ ਟਰਾਂਸਪੋਟਰ ਜਿਸ ਦੇ ਦੋ ਟਰੱਕ ਸਨ, ਇਹ ਰਿਟਾਇਰ ਫੌਜੀ ਜ਼ਿਲ੍ਹਾ ਲੁਧਿਆਣਾ ਪਿੰਡ ਰਕਬੇ ਦਾ ਰਹਿਣ ਵਾਲਾ ਸੀ। ਇਸ ਦੇ ਨਾਂ ਨੂੰ ਬਹੁਤ ਘੱਟ ਲੋਕ ਜਾਣਦੇ ਸੀ। ਇਸ ਬਜ਼ੁਰਗ ਨੂੰ ਇਹ ਲੋਕ ‘ਚਾਚਾ’ ਕਹਿ ਕੇ ਬੁਲਾਉਂਦੇ ਸੀ। ਸ਼ਾਮ ਦੇ ਟਾਇਮ ਦੰਗੜਾਂ ਨੇ ਚਾਚੇ ਦੇ ਮਕਾਨ ’ਤੇ ਹਮਲਾ ਕਰ ਦਿੱਤਾ। ਚਾਚਾ ਦੋ ਤਲਵਾਰਾਂ ਲੈ ਕੇ ਆਪਣੇ ਮਕਾਨ ਦੀ ਛੱਤ ’ਤੇ ਚੜ੍ਹ ਗਿਆ। ਦੰਗੜਾਂ ਦੀ ਭੀੜ ਵੀ ਮਗਰ ਚੜ੍ਹ ਗਈ ਤੇ ਚਾਚਾ ਕੋਠੇ ਦੀਆਂ ਛੱਤਾਂ ਤੋਂ ਹੁੰਦਾ ਹੋਇਆ ਦੂਰ ਜਾ ਕੇ ਥੱਲੇ ਉਤਰਿਆ। ਉਥੇ ਹੀ ਦੰਗੜਾਂ ਨੇ ਘੇਰਾ ਪਾ ਲਿਆ। ਪਰ ਚਾਚਾ ਤੇਗ ਦਾ ਖਿਡਾਰੀ ਸੀ। ਦੋ ਤਲਵਾਰਾਂ ਚਲਾ ਕੇ ਚਾਚੇ ਨੇ ਆਪਣੇ ਆਸ-ਪਾਸ ਦੇ ਘੇਰੇ ਨੂੰ ਤੋੜਿਆ। (ਸੀਮਾਪੁਰੀ ਵਿਚ ਪੁਲਿਸ ਥਾਣਾ ਸੀ) ਪੁਲਸ ਮੁਲਾਜ਼ਮ ਚਾਚੇ ਨੂੰ ਜਾਣਦੇ ਸੀ, ਕਿਉਂਕਿ ਚਾਚਾ ਬੜਾ ਮਿਲਾਪੜਾ ਬੰਦਾ ਸੀ। ਚਾਚੇ ਨੇ ਵੇਖਿਆ ਕਿ ਆਸੇ-ਪਾਸੇ ਕਾਫੀ ਦੁਨੀਆਂ ਸੀ। ਚਾਚੇ ਨੇ ਥਾਣੇ ਵੱਲ ਨੂੰ ਮੂੰਹ ਕਰ ਕੇ ਦੋ ਤਲਵਾਰਾਂ ਬੜੀ ਤੇਜ਼ੀ ਨਾਲ ਚਲਾਉਣੀਆਂ ਸ਼ੁਰੂ ਕਰ ਕੀਤੀਆਂ। ਚਾਰ ਪੈਰ ਦਾ ਪੈਂਤੜਾ ਖੇਡਦਾ ਹੋਇਆ, ਬੜੀ ਤੇਜ਼ੀ ਨਾਲ ਥਾਣੇ ਵਿਚ ਦਾਖਲ ਹੋਇਆ। ਅੱਗੋਂ ਪੁਲਸ ਨੇ ਦੰਗੜਾਂ ਨੂੰ ਝੂਠਾ ਜਿਹਾ ਦਾਬਾ ਮਾਰ ਕੇ ਪਿਛਾਂਹ ਹਟਾ ਦਿੱਤਾ। (ਇਥੋਂ ਪਤਾ ਲੱਗਦਾ ਹੈ ਕਿ ਸਿੱਖਾਂ ਨਾਲ ਜੋ ਕੁਝ ਕੀਤਾ ਗਿਆ, ਸਰਕਾਰ ਦੀ ਮਿਲੀਭੁਗਤ ਨਾਲ ਕੀਤਾ ਗਿਆ) ਜਿਹੜੀ ਪੁਲਸ ਬਾਹਰ ਸੜਕਾਂ ’ਤੇ ਸੀ। ਉਹ ਸਭ ਕੁਝ ਵੇਖ ਰਹੀ ਸੀ। ਇਨ੍ਹਾਂ ਕੋਲ ਬੰਦੂਕਾਂ ਤਾਂ ਨਹੀਂ ਸਨ, ਡਾਂਗਾਂ-ਸੋਟੇ ਤਾਂ ਸਨ। ਇਨ੍ਹਾਂ ਨੇ ਕੋਈ ਲਾਠੀਚਾਰਜ ਵੀ ਨਹੀਂ ਕੀਤਾ। ਜਿਹੜੇ ਸਿੱਖ ਜਾਨਾਂ ਬਚਾਉਣ ਲਈ ਭੱਜ-ਦੌੜ ਕਰਦੇ ਸੀ, ਪੁਲਸ ਉਨ੍ਹਾਂ ਨੂੰ ਡੰਡੇ ਮਾਰ ਕੇ ਕਹਿੰਦੀ ਸੀ, ‘ਤੁਸੀਂ ਘਰ ਨਹੀਂ ਬੈਠਦੇ? ਮਰਨਾ ਤਾਂ ਨੀ?’ ਪਰ ਇਹ ਸਿੱਖਾਂ ਨੂੰ ਮਾਰਨ ਤੇ ਲੁੱਟਣ ਦੀ ਗਿਣੀ-ਮਿਥੀ ਸਕੀਮ ਸੀ। ਨਹੀਂ ਤਾਂ ਪ੍ਰਧਾਨ ਮੰਤਰੀ ਨੂੰ ਮਾਰਨ ਵਾਲੇ ਦਾ ਨਾਂ ਥੋੜ੍ਹਾ ਸਮਾਂ ਗੁਪਤ ਰੱਖ ਕੇ ਦੇਸ਼ ਵਿੱਚੋਂ ਖ਼ੂਨ-ਖਰਾਬਾ ਰੋਕਿਆ ਜਾ ਸਕਦਾ ਸੀ ਜਿਵੇਂ ਬਹੁਤ ਸਾਰੇ ਦੋਸ਼ੀਆਂ ਨੂੰ ਸਰਕਾਰ ਨੇ ਗੁਪਤ ਰੱਖਿਆ ਸੀ। ਇਸ ਤੋਂ ਅੱਗੇ ਕੀ ਹੋਇਆ?
ਪਹਿਲੀ ਤਾਰੀਕ ਦੀ ਰਾਤ ਨੂੰ ਬਹੁਤ ਨੁਕਸਾਨ ਹੋਇਆ। ਚਾਂਗਰਾਂ ਤੇ ਡਾਡਾਂ ਸੁਣਾਈ ਦਿੰਦੀਆਂ ਰਹੀਆਂ। ਹਰ ਇਕ ਸਿੱਖ ਸੋਚਦਾ ਸੀ, ਪਤਾ ਨਹੀਂ ਕਿਹੜੇ ਵੇਲੇ ਮੌਤ ਆ ਜਾਵੇ। ਕਿਸੇ ਨੂੰ ਜ਼ਿੰਦਗੀ ਦੀ ਆਸ ਨਹੀਂ ਸੀ। ਦੁਖੀਆਂ, ਫੱਟੜਾਂ ਤੇ ਮਰਨ ਵਾਲਿਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ। ਦੁੱਖਾਂ ਦੇ ਹਉਕੇ ਭਰਦਿਆਂ ਰਾਤ ਗੁਜ਼ਰੀ।
ਦੋ ਤਾਰੀਕ ਸਵੇਰ ਹੋਈ। ਸਵੇਰੇ-ਸਵੇਰੇ ਦੰਗੜਾਂ ਦਾ ਇਕ ਬਹੁਤ ਵੱਡਾ ਕਾਫਲਾ ਸ਼ਹੀਦ ਨਗਰ ਗੁ: ਸਾਹਿਬ ’ਤੇ ਅਚਾਨਕ ਟੁੱਟ ਪਿਆ। ਨਿਸ਼ਾਨ ਸਾਹਿਬ ਸਾੜ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਵਿਚ ਦੋ ਸਰੂਪ ਸਨ। ਇਕ ਨੂੰ ਅੱਗ ਲਾਈ। ਪਰ ਛੇਤੀ ਅੱਗ ਨਹੀਂ ਸੀ ਲੱਗ ਰਹੀ। ਫਿਰ ਦੰਗੜਾਂ ਨੇ ਠੁੱਡੇ ਮਾਰ-ਮਾਰ ਕੇ ਰੋਲਿਆ। ਜਿਲਦ ਤੋੜ ਦਿੱਤੀ ਗਈ। ਹਜ਼ੂਮ ਬਹੁਤ ਸੀ।
ਸਾਡਾ ਘਰ ਵੀ ਨੇੜੇ ਸੀ। ਅਸੀਂ ਆਪਣੇ ਬਚਾਅ ਬਾਰੇ ਸੋਚ ਰਹੇ ਸੀ। ਕੁਝ ਹਿੰਦੂ ਮਰਦ, ਔਰਤਾਂ ਸਾਡੇ ਘਰ ਵਿਚ ਸਾਡੇ ਬਚਾਅ ਵਾਸਤੇ ਆਪੋ-ਆਪਣੀ ਰਾਇ ਦੇ ਰਹੇ ਸੀ। ਘਰ ਦੇ ਦੋ ਦਰਵਾਜ਼ੇ ਸੀ। ਇਕ ਦਰਵਾਜ਼ਾ ਗੁੰਮ ਗਲੀ ਦਾ ਤੇ ਇਕ ਖੁੱਲ੍ਹਾ ਰਸਤਾ ਸੀ। ਅਸੀਂ ਗੁੰਮ ਗਲੀ ਵਾਲੇ ਦਰਵਾਜ਼ੇ ਵੱਲ ਖੜ੍ਹੇ ਸੀ। ਅਸੀਂ ਘਰ ਵਿਚ ਤਿੰਨ ਮਰਦ ਸੀ। (ਸ਼ਿੰਗਾਰਾ ਸਿੰਘ, ਕਰਨੈਲ ਸਿੰਘ ਤੇ ਮੈਂ) ਸਾਨੂੰ ਹਿੰਦੂ ਭਾਈਚਾਰੇ ਵਾਲੇ ਕਹਿ ਰਹੇ ਸੀ ਕਿ ਤੁਸੀਂ ਘਰ ਛੱਡ ਕੇ ਭੱਜ ਜਾਓ। ਬਾਕੀ ਪਰਵਾਰ ਨੂੰ ਅਸੀਂ ਬਚਾ ਲਵਾਂਗੇ। ਮੈਂ ਤੇ ਕਰਨੈਲ ਸਿੰਘ ਦਰਵਾਜ਼ੇ ਵਿਚ ਖੜ੍ਹੇ ਸੀ। ਓਨੇ ਚਿਰ ਨੂੰ ਦੰਗੜ ਗੁਰਦੁਆਰਾ ਸਾੜ ਕੇ ਵਿਹਲੇ ਹੋ ਗਏ ਤੇ ਸਾਡੇ ਘਰ ਵੱਲ ਵਧੇ। ਮੈਨੂੰ ਤੇ ਕਰਨੈਲ ਸਿੰਘ ਨੂੰ ਧੱਕਾ ਦੇ ਕੇ ਸਾਡੇ ਹਮਾਇਤੀਆਂ ਨੇ ਬਾਹਰ ਕੱਢ ਦਿੱਤਾ ਤੇ ਸ਼ਿੰਗਾਰਾ ਸਿੰਘ ਅੰਦਰ ਰਹਿ ਗਿਆ। ਹਜ਼ੂਮ ਮੇਰੇ ਤੇ ਕਰਨੈਲ ਸਿੰਘ ਪਿੱਛੇ ਟਿੱਡੀ ਦਲ ਵਾਂਗ ਪੈ ਗਿਆ। ਕਰਨੈਲ ਸਿੰਘ ਚੜ੍ਹਦੀ ਮਾਲੀ ਸੀ, ਭੱਜਣ ਵਿਚ ਉਹ ਮੈਥੋਂ ਅੱਗੇ ਨਿਕਲ ਗਿਆ। ਮੇਰੇ ਪੈਰ ਵਿਚ ਕਿਸੇ ਨੇ ਪੈਰ ਫਸਾ ਕੇ ਸੁੱਟ ਦਿੱਤਾ। ਮੇਰੇ ਉੱਤੋਂ ਦੀ ਦੁਨੀਆਂ ਲੰਘਦੀ ਗਈ। ਮਹਾਰਾਜ ਦੀ ਐਸੀ ਕਲਾ ਵਰਤੀ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਤੇਜ਼ ਭੱਜਣ ਵਾਲੇ ਲੋਕ ਮੇਰੇ ਉੱਤੋਂ ਦੀ ਲੰਘਦੇ ਗਏ। ਮਗਰ ਥੋੜ੍ਹੇ ਰਹਿ ਗਏ, ਜਿਹੜੇ ਘੱਟ ਭੱਜਣ ਵਾਲੇ ਸੀ। ਮੈਂ ਉਠ ਕੇ ਆਪਣੀ ਪੱਗ ਚੁੱਕੀ ਤੇ ਇਕ ਪਾਸੇ ਨੂੰ ਭੱਜਿਆ। ਮੇਰੇ ਪਿੱਛੇ ਦਰਿੰਦੇ ਪਏ ਸੀ, ਪਰ ਮੇਰੇ ਨਾਲੋਂ ਉਹ ਘੱਟ ਭੱਜਣ ਵਾਲੇ ਸੀ। ਇਸ ਲਈ ਮੈਂ ਉਨ੍ਹਾਂ ਕੋਲੋਂ ਬਚ ਨਿਕਲਿਆ।
ਜਦੋਂ ਮੈਂ ਵਾਪਸ ਗਾਜ਼ੀਆਬਾਦ ਦੇ ਜੀ. ਟੀ. ਰੋਡ ਤੋਂ ਘਰ ਜਾਣ ਲੱਗਾ ਤਾਂ ਮੋੜ ਉੱਤੇ ਪੁਲਸ ਵਾਲੇ ਖੜ੍ਹੇ ਸੀ। ਉਨ੍ਹਾਂ ਮੈਨੂੰ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਮੈਂ ਖਹਿੜਾ ਛੁਡਾ ਕੇ ਘਰ ਪਹੁੰਚਾ ਤਾਂ ਘਰ ਨੂੰ ਅੱਗ ਲੱਗੀ ਹੋਈ ਸੀ। ਘਰ ਵਿਚ ਕੋਈ ਨਹੀਂ ਸੀ। ਮੈਂ ਸੋਚਿਆ ਕਿ ਦੰਗੜ ਸਾਰਿਆਂ ਨੂੰ ਮਾਰ ਗਏ ਹੋਣਗੇ। ਪਰ ਘਰ ਵਿਚ ਲਾਸ਼ ਵੀ ਕੋਈ ਨਜ਼ਰ ਨਹੀਂ ਆਈ। ਮੈਂ ਗੁਆਂਢੀਆਂ ਘਰੋਂ ਪੁੱਛਿਆ ਤਾਂ ਸਾਰੇ ਠੀਕ-ਠਾਕ ਸੀ। ਬੱਚਿਆਂ ਦੀਆਂ ਗੁੱਤਾਂ ਕੀਤੀਆਂ ਹੋਈਆਂ ਸਨ। ਮੈਂ ਪੁੱਛਿਆ ਕਿ ਸ਼ਿੰਗਾਰਾ ਸਿੰਘ ਕਿੱਥੇ ਹੈ? ਉਹ ਅੰਦਰ ਲੁਕਿਆ ਬੈਠਾ ਸੀ। ਕਰਨੈਲ ਸਿੰਘ ਵੀ ਜਿਊਂਦਾ ਬਚ ਕੇ ਘਰ ਪਹੁੰਚ ਗਿਆ। ਇਸ ਤਰ੍ਹਾਂ ਬਚਦਿਆਂ-ਬਚਾਉਂਦਿਆਂ ਭੁੱਖਿਆਂ-ਤਿਹਾਇਆਂ ਦਾ ਦਿਨ ਗੁਜ਼ਰ ਗਿਆ।
ਸ਼ਾਮਾਂ ਪਈਆਂ ਤਾਂ ਪਤਾ ਲੱਗਾ ਕਿ ਨਾਗ ਲੋਈ ਵੀ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਹੈ। ਸਾਡੇ ਸਨਬੰਧੀ ਵੀ ਨਾਗ ਲੋਈ ਰਹਿੰਦੇ ਸੀ। ਸਾਡਾ ਗੁਆਂਢੀ ਇਕ ਹਿੰਦੂ ਮੁੰਡਾ ਥ੍ਰੀ-ਵੀਲਰ ਚਲਾਉਂਦਾ ਸੀ। ਮੈਂ ਉਸ ਨੂੰ ਨਾਗ ਲੋਈ ਜਾਣ ਵਾਸਤੇ ਕਿਹਾ। ਉਹ ਕਹਿਣ ਲੱਗਾ, “ਕਿਤੇ ਤੇਰੇ ਨਾਲ ਲੋਕ ਮੈਨੂੰ ਵੀ ਨਾ ਮਾਰ ਦੇਣ।” ਮੈਂ ਕਿਹਾ, “ਜਦੋਂ ਮੇਰੇ ਪਿੱਛੇ ਦੰਗੜ ਪੈਣਗੇ, ਮੈਂ ਤੇਰਾ ਸਕੂਟਰ ਛੱਡ ਕੇ ਭੱਜ ਜਾਵਾਂਗਾ; ਦੰਗੜ ਮੇਰੇ ਪਿੱਛੇ ਪੈਣਗੇ; ਤੇਰਾ ਸਿਰ ਮੂੰਹ ਮੁੰਨਿਆ ਹੈ; ਤੂੰ ਆਪਣਾ ਸਕੂਟਰ ਲੈ ਕੇ ਚਲਦਾ ਬਣੀਂ।” ਮੁੰਡਾ ਮੰਨ ਗਿਆ। ਫਿਰ ਮੈਂ ਭੇਸ ਬਦਲਿਆ। ਵਾਲ ਪਿੱਛੇ ਖਿਲਾਰ ਕੇ, ਧੋਤੀ ਬੰਨ੍ਹ ਕੇ, ਹੱਥ ਵਿਚ ਵਰਾਗਣ ਲੈ ਕੇ, ਥ੍ਰੀ-ਵੀਲਰ ਵਿਚ ਬੈਠ ਗਿਆ।
ਅਸੀਂ ਸ਼ਾਹਦਰੇ ਵੱਲ ਨੂੰ ਆ ਰਹੇ ਸੀ। ਰਸਤੇ ਵਿਚ ਸ਼ਾਹਦਰੇ ਦੇ ਰੇਲਵੇ ਫਾਟਕ ਦੇ ਕੋਲ, ਗੰਦੇ ਨਾਲੇ ਦੇ ਕਿਨਾਰੇ ਕੋਲ ਬੰਦਿਆਂ ਦੀਆਂ ਲਾਸ਼ਾਂ ਨੂੰ ਸੂਰ ਖਿੱਚਦੇ ਵੇਖੇ। ਹੋਰ ਬਹੁਤ ਕੁਝ ਵੇਖਿਆ। ਲਿਖਾਂ ਤਾਂ ਮਜ਼ਮੂਨ ਵਧ ਜਾਵੇਗਾ। ਮੈਂ ਗੁਰੂ ਦੀ ਕਿਰਪਾ ਨਾਲ ਨਾਗ ਲੋਈ, ਸੁਲਤਾਨਪੁਰੀ ਪਹੁੰਚਿਆ ਤਾਂ ਸਾਡੇ ਰਿਸ਼ਤੇਦਾਰਾਂ ਦੇ ਘਰਾਂ ਕੋਲ ਬਹੁਤ ਸਾਰੇ ਮੋਨਿਆਂ ਦੀ ਢਾਣੀ ਖੜ੍ਹੀ ਸੀ। ਮੇਰੇ ਮਨ ਵਿਚ ਡਰ ਪੈਦਾ ਹੋਇਆ ਕਿ ਕਿਤੇ ਇਹ ਦੰਗੜ ਨਾ ਹੋਣ। ਮੇਰੇ ਸਿਰ ਨਾ ਹੋ ਜਾਣ। ਓਨੇ ਚਿਰ ਨੂੰ ਰਿਸ਼ਤੇਦਾਰਾਂ ਦੇ ਘਰ ਦੇ ਦਰਵਾਜ਼ੇ ਅੱਗੇ ਥ੍ਰੀ-ਵੀਲਰ ਜਾ ਰੋਕਿਆ। ਮੈਂ ਜ਼ਨਾਨੀਆਂ ਪਛਾਣ ਕੇ ਉਤਰ ਕੇ ਅੰਦਰ ਚਲਾ ਗਿਆ। ਘਰ ਵਿਚ ਬੰਦਾ ਕੋਈ ਨਹੀਂ ਸੀ। ਮੈਂ ਪੁੱਛਿਆ ਕਿ ਭਰਜਾਈ, ਸੂਰਤੀ ਤੇ ਕਰਤਾਰ (ਮੁੰਡੇ) ਕਿੱਥੇ ਨੇ ਤਾਂ ਪੁੱਛਣ ਲੱਗੀ ਕਿ ਤੈਨੂੰ ਰਾਹ ਵਿਚ ਨਹੀਂ ਮਿਲੇ? ਮੈਂ ਕਿਹਾ, “ਮੋਨੇ ਬੰਦੇ ਰਾਹ ਵਿਚ ਖੜ੍ਹੇ ਸੀ।” ਏਨੇ ਚਿਰ ਨੂੰ ਉਹ ਮੋਨੇ ਬੰਦੇ ਧਸਾ-ਧਸ ਅੰਦਰ ਆ ਵੜੇ। ਮੈਂ ਡਰ ਗਿਆ। ਪਰ ਉਹ ਸਾਡੇ ਆਪਣੇ ਹੀ ਬੰਦੇ ਸਨ। ਸਿਰ-ਮੂੰਹ ਮੁਨਾ ਕੇ ਬੇਪਛਾਣ ਹੋਏ ਸੀ। ਮੈਂ ਹਾਲ-ਚਾਲ ਪੁੱਛਿਆ ਤਾਂ ਪਤਾ ਲੱਗਾ ਕਿ ਠੀਕ-ਠਾਕ ਹੈ। ਪਰ ਕਹਿਣ ਲੱਗੇ ਕਿ ਦਿੱਲੀ ਵਿਚ ਦੰਗੜਾਂ ਨੇ ਪੈਟਰੋਲ ਪਿਆ ਕੇ, ਹੱਥ ਪਿੱਛੇ ਬੰਨ੍ਹ ਕੇ ਤੇ ਗਲ ਵਿਚ ਟਾਇਰ ਪਾ ਕੇ, ਅੱਗ ਲਾ ਕੇ ਬੰਦੇ ਸਾੜ ਰਹੇ ਹਨ।
ਦੰਗਿਆਂ ਦਾ ਹਾਲ ਲਿਖਦਿਆਂ ਕਲਮ ਥਿੜਕ ਜਾਂਦੀ ਹੈ, ਗਲਾ ਭਰ ਆਉਂਦਾ ਹੈ। ਸਿੱਖਾਂ ਨੂੰ ਮਾਰ-ਕੁੱਟ ਕੇ, ਘਰੋਂ-ਬੇਘਰ ਕਰ ਕੇ ਤੇ ਕੈਂਪਾਂ ਵਿਚ ਰਹਿਣ ਜੋਗੇ ਕਰ ਦਿੱਤਾ। ਸਿੱਖਾਂ ਦੇ ਥਾਵਾਂ ਦੀਆਂ ਰਜਿਸਟਰੀਆਂ ਬੰਦ ਕਰ ਦਿੱਤੀਆਂ। ਜਿਹੜੀ ਜਗ੍ਹਾ ਤਿੰਨ-ਤਿੰਨ ਲੱਖ ਦੀ ਸੀ, ਉਹ ਬਹੁਤ ਸਸਤੀ ਆਪਣੇ ਜਾਣ-ਪਛਾਣ ਦੇ ਲੋਕਾਂ ਨੂੰ ਦੇ ਕੇ ਵਿਹਲੇ ਹੋ ਗਏ। ਕੈਂਪਾਂ ਵਿਚ ਵੀ ਦਿਨ ਗੁਜ਼ਾਰੇ। ਇਕ ਮਹੀਨੇ ਬਾਅਦ ਪੰਜਾਬ ਨੂੰ ਚਾਲੇ ਪਾਏ, ਕੇਵਲ ਬਾਲ-ਬੱਚੇ ਲੈ ਕੇ।
ਬਾਰਾਂ ਦਿਨ ਬਿਆਸ ਰਹਿਣ ਉਪਰੰਤ ਢਿਲਵਾਂ ਦੇ ਨੇੜੇ, ਫੱਤੂ ਚੱਕ ਮਿਆਣੀ, ਕਪੂਰਥਲਾ ਪਹੁੰਚੇ। ਇਥੇ ਸਾਨੂੰ ਬਰਨਾਲਾ ਸਰਕਾਰ ਨੇ ਲਾਲ ਕਾਰਡ ਦੇ ਕੇ ਫੱਤੂ ਚੱਕ ਮਿਆਣੀ ਜ਼ਿਲ੍ਹਾ ਕਪੂਰਥਲਾ ਵਿਚ ਰਜਿਸਟਰਡ ਕੀਤਾ। ਪੰਜਾਬ ਵਿਚ ਪੰਜਾਬੀਆਂ ਨੇ ਤੇ ਸਰਕਾਰ ਨੇ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ। ਥਾਂ-ਥਾਂ ਧੱਕੇ ਖਾਣੇ ਪਏ।
ਪਿੰਡ ਫੱਤੂ ਚੱਕ ਮਿਆਣੀ ਵਿਚ ਲੋਕ ਮੇਰੇ ਵਿਰੋਧੀ ਬਣ ਗਏ। ਮੈਨੂੰ ਪਿੰਡ ਛੱਡਣਾ ਪਿਆ। ਮੈਂ ਪਰਵਾਰ ਲੈ ਕੇ ਦੋਰਾਹੇ (ਜ਼ਿਲ੍ਹਾ ਲੁਧਿਆਣਾ) ਪਹੁੰਚ ਗਿਆ। ਇਥੇ ਕਾਰਖਾਨਿਆਂ ਵਿਚ ਕੰਮ ਮਿਲ ਜਾਂਦਾ ਹੈ। ਅਸੀਂ ਸਾਰੇ ਜੀਆਂ ਨੇ ਮਿਹਨਤ-ਮਜ਼ਦੂਰੀ ਕੀਤੀ। ਸ. ਜਗਜੀਵਨ ਪਾਲ ਸਿੰਘ (ਮੈਂ ਉਨ੍ਹਾਂ ਦਾ ਰਿਣੀ ਹਾਂ) ਦੇ ਜਤਨ ਨਾਲ ਮੇਰਾ ਇਕ ਲੜਕਾ ਅੱਜ ਬੀ. ਏ. ਕਰ ਰਿਹਾ ਹੈ। ਪਰ ਤੰਗੀ ਸਦਕਾ ਉਸ ਦੀ ਪੜ੍ਹਾਈ ਦੇ ਖਰਚੇ ਲਈ ਸਾਰੇ ਪਰਵਾਰ ਨੂੰ ਮੁਸ਼ਕਲ ਝੱਲਣੀ ਪੈਂਦੀ ਹੈ।
ਮੈਂ ਮਾੜੀ-ਮੋਟੀ ਕਵਿਤਾ ਲਿਖਦਾ ਤੇ ਗਾਉਂਦਾ ਸਾਂ। ਸੰਗਤ ਵੱਲੋਂ ਜੋ ਮਾਇਆ ਮਿਲਦੀ ਸੀ, ਘਰ ਦਾ ਲੰਗਰ-ਪਾਣੀ ਉਸੇ ਨਾਲ ਚੱਲਦਾ ਸੀ। ਜਦ 300 ਸਾਲਾ ਵੈਸਾਖੀ ਦਾ ਬਹੁਤ ਪ੍ਰਚਾਰ ਹੋ ਰਿਹਾ ਸੀ ਤਾਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਗਿਆਨੀ ਮੇਵਾ ਸਿੰਘ ਜੀ ਨਾਲ ਕਈ ਸਟੇਜਾਂ ’ਤੇ ਮੇਲ ਹੋਇਆ। ਗਿਆਨੀ ਜੀ ਨੂੰ ਵੀ ਸਾਰੀ ਗੱਲ ਦੱਸੀ। ਮੇਰੀ ਜ਼ਿੰਦਗੀ ਵਿਚ ਇਕ ਪਰਉਪਕਾਰੀ ਇਨਸਾਨ ਗਿ. ਮੇਵਾ ਸਿੰਘ ਜੀ ਹੀ ਮਿਲੇ ਜਿਨ੍ਹਾਂ ਨੇ ਮੇਰੀ ਕਵਿਤਾ ਪਸੰਦ ਕਰ ਕੇ ਮੇਰਾ ਕਵੀਸ਼ਰੀ ਜਥਾ ਧਰਮ ਪ੍ਰਚਾਰ ਕਮੇਟੀ ਵਿਚ ਭਰਤੀ ਕਰਵਾਇਆ। ਮੇਰੇ ਕੋਲ ਸਕਿਉਰਟੀ ਭਰਨ ਵਾਸਤੇ ਦੋ ਹਜ਼ਾਰ ਰੁਪਏ ਵੀ ਨਹੀਂ ਸਨ ਤਾਂ ਗਿਆਨੀ ਜੀ ਨੇ ਮੈਨੂੰ ਚਾਰ ਹਜ਼ਾਰ ਰੁਪਿਆ ਆਪਣੇ ਕੋਲੋਂ ਦਿੱਤਾ, ਦੋ ਹਜ਼ਾਰ ਸਕਿਉਰਟੀ ਵਾਸਤੇ ਤੇ ਦੋ ਹਜ਼ਾਰ ਘਰ ਦੇ ਖਰਚੇ ਵਾਸਤੇ, ਇਸ ਤਰ੍ਹਾਂ ਥੋੜ੍ਹਾ ਸੁਖ ਦਾ ਸਾਹ ਆਇਆ ਤੇ ਗਿਆਨੀ ਜੀ ਦਾ ਚਾਰ ਹਜ਼ਾਰ ਰੁਪਿਆ ਆਹਿਸਤਾ-ਆਹਿਸਤਾ ਆਪਣੀਆਂ ਤਨਖਾਹਾਂ ਵਿੱਚੋਂ ਦਿੱਤਾ।
ਇਹ ਹੈ ਦਿੱਲੀ ਦੇ ਦੰਗਿਆਂ ਦੀ ਹੱਡ-ਬੀਤੀ ਦਾਸਤਾਨ। ਪਤਾ ਨਹੀਂ ਕੌਣ ਤੇ ਕਦੋਂ ਕੋਈ ਸਾਡੀ ਸੁਣੇਗਾ?
ਲੇਖਕ ਬਾਰੇ
ਗੁ. ਸਿੰਘ ਸਭਾ, ਦੋਰਾਹਾ ਮੰਡੀ, ਤਹਿ: ਪਾਇਲ, ਜ਼ਿਲ੍ਹਾ: ਲੁਧਿਆਣਾ
- ਹੋਰ ਲੇਖ ਉਪਲੱਭਧ ਨਹੀਂ ਹਨ