ਦਸਵੀਂ ਕਰਕੇ ਪੱਲਸ ਵਨ ‘ਚ ਦਾਖਲਾ ਹੋਇਆ ਹੀ ਸੀ ਅਤੇ ਗਰਮੀ ਦੀ ਰੁੱਤ ਵੀ ਜੋਬਨ ਤੇ ਸੀ। ਟਿਕੀ ਦੁਪਿਹਰ ਨੂੰ ਬੈਠੇ ਘਰ ਦੇ ਬਾਹਰ ਤੋਂ ਸੱਪ ਅੰਦਰ ਆਉਣ ਦੀ ਕੋਸ਼ਿਸ ਕਰ ਰਿਹਾ ਸੀ। ਬੱਸ ਇਹ ਉਸਦੀ ਆਖਰੀ ਘੜੀ ਸੀ। ਉਸਨੂੰ ਮਾਰਨ ਤੋਂ ਕੁੱਝ ਕੁ ਦਿਨਾ ਬਾਅਦ ਇੱਕ ਹੋਰ ਸੱਪ ਤਰਕਾਲ਼ ਸਮੇਂ ਘਰੇ ਆਉਂਦਾ ਅਤੇ ਮੇਰੀ ਭੈਣ ਅਤੇ ਚਾਚੀ ਡਰ ਜਾਂਦੀਆਂ। ਹੌਲੀ-ਹੌਲੀ ‘ਨਾਗਿਨ’ ਫਿਲਮ ਦੀ ਕਹਾਣੀ ਵਾਂਗੂ ਇਹ ਗੱਲ ਬਣੀ ਕਿ “ਜੁਆਨਾ ਤੂੰ ਜੋੜੇ ਵਿੱਚ ਇੱਕ ਮਾਰਤਾ ਅਤੇ ਹੁਣ ਦੂਜਾ ਬਦਲਾ ਲਊ”। ਲਉ ਜੀ ਆਂਢ-ਗੁਆਂਢ ਦੇ ਮਹਿਲਾ ਮੰਡਲ ਨੇ ਇਹ ਫੇਸਲਾ ਕੀਤਾ ਕਿ ਰਾਹੋਂ(ਸ਼ਹਿਰ) ਤੋਂ ਜਾ ਕੇ ਜੋਗੀ ਲਿਆਵੋ ਅਤੇ ਬੀਨ ਬਜਾਕੇ ਦੂਸਰੇ ਸੱਪ ਨੂੰ ਫਵਾਵੋ। ਮੈਂ ਅਤੇ ਮੇਰੇ ਤਾਏ ਦਾ ਮੁੰਡਾ ਸਾਇਕਲ ਤੇ ਰਾਹੋਂ ਪਹੁੰਚ ਗਏ। ਸ਼ਹਿਰ ਦੇ ਬਾਹਰ ਨੂੰ ਝੌਂਪੜ-ਪੱਟੀ ‘ਚ ਸਇਕਲ ਸਟੈਂਡ ਤੇ ਲਾਇਆ ਤੇ ਝਾੜੂ ਦਿੰਦੀ ਇੱਕ ਜੋਗਣ ਅੋਰਤ ਨੂੰ ਪੁੱਛਿਆ,
“ਬੀਬੀ ਜੀ, ਕਿਸੇ ਜੋਗੀ ਨੂੰ ਮਿਲਣਾ ਸੀ”
“ਕਿਉਂ?”
“ਸਾਨੂੰ ਸੱਪ ਤੰਗ ਕਰ ਰਿਹਾ”
“ਜੋਗੀ ਤਾਂ ਨੀ ਕੋਈ ਮਿਲਣਾ ਤੁਹਾਨੂੰ ਇੱਕ ਮਹੀਨਾ”
“ਕਿਉਂ ਜੀ?”
“ਸਾਡੀ ਕੁੜੀ ਦਾ ਅਗਲੇ ਮਹੀਨੇ ਵਿਆਹ ਏ ਅਤੇ ਸਾਰੇ ਜੋਗੀ ਪਹਾੜਾਂ ਨੂੰ ਗਏ ਹੋਏ ਨੇ”
“ਪਹਾੜਾਂ ‘ਚ ਕੀ ਕਰਨ ਗਏ ਆ?”
“ਦਾਜ ਲਈ ਸੱਪ ਫੜਨ”
ਅਸੀਂ ਹੱਕੇ ਬੱਕੇ ਰਹਿ ਗਏ। ਜਿੰਦਗੀ ‘ਚ ਪਹਿਲੀ ਵਾਰੀ ਇਹ ਗੱਲ ਸੁਣੀ ਸੀ।
“ਅੱਛਾ ਬੀਬੀ ਜੀ, ਤੁਸੀਂ ਦਾਜ ‘ਚ ਸੱਪ ਦਿੰਦੇ ਹੋ?
“ਹਾਂ, ਜਿੰਨੇ ਜਹਿਰੀ ਸੱਪ, ਉਨੀਂ ਹੀ ਸਾਡੀ ਕੁੜੀ ਦੀ ਕਦਰ ਹੁੰਦੀ ਹੈ ਸਹੁਰਿਆਂ ‘ਚ”
ਖੈਰ ਕੁਝ ਕੁ ਦਿਨਾ ਮਗਰੋਂ ਦੂਜਾ ਵੀ ਅੜਿਕੇ ਆ ਗਿਆ ਅਤੇ ਸਾਡੀ ਪਟੀ ‘ਚ ਸ਼ਾਤੀ ਜਿਹੀ ਵਰਤੀ।
ਸ਼ਾਇਦ ਹੀ ਕੋਈ ਪੰਜਾਬੀ ਕਿਸਾਨ ਹੋਵੇਗਾ ਜਿਸ ਦਾ ਸੱਪਾਂ ਨਾਲ ਵਾਸਤਾ ਨਾ ਪਿਆ ਹੋਵੇ ਜਾਂ ਇਸ ਤਰਾਂ ਕਹਿ ਲਵੋ ਕਿ ਨੀਊਜ਼ੀਲੈਂਡ ਦੇ ਕਿਸਾਨਾ ਨੂੰ ਛੱਡਕੇ ਸਾਰੀ ਦੁਨੀਆ ਦੇ ਹੀ ਕਿਸਾਨ ਸੱਪਾਂ ਦੀਆਂ ਸਿਰੀਆਂ ਤੋਂ ਨੋਟ ਚੁੱਕਦੇ ਹਨ। ਇਹ ਇਸ ਕਰਕੇ ਕਿ ਇਹ ਧਰਤੀ ਸੱਪਾਂ ਦੀ ਹੈ। ਪੁਰਾਤਨ ਅਖਾਣਾ ਵਿੱਚ ਸੱਪ ਨੂੰ ਧਰਤੀ ਦਾ ਰਾਜਾ ਕਿਹਾ ਜਾਂਦਾ ਹੈ। ਧਰਤੀ ਤੇ ਕਬਜ਼ੇ ਲਈ ਮਨੁੱਖ ਅਤੇ ਸੱਪ ਵਿੱਚਕਾਰ ਕਸ਼-ਮ-ਕਸ਼ ਯੁਗਾਂ ਪੁਰਾਣੀ ਹੈ।
ਮਹਾਭਾਰਤ ਦੇ ਅਰਜੁਨ ਦਾ ਪੁੱਤਰ ਸੀ ਅਭਿਮਨਿਊ, ਉਸਦਾ ਪੁੱਤਰ ਹੋਇਆ ਰਾਜਾ ਪ੍ਰੀਕਸ਼ਤ ਜੋ ਕਿ ਦਵਾਪਰ ਯੁਗ ਦਾ ਆਖਰੀ ਰਾਜਾ ਹੋਇਆ। ਕਥਾ ਇਸ ਤਰਾਂ ਹੈ ਕਿ ਸ਼੍ਰੀ ਕਿਸ਼ਨ ਦੇ ਸਰੀਰ ਛੱਡਣ ਤੋਂ ਬਾਅਦ ‘ਕਲਯੁਗ’ ਨੇ ਰਾਜੇ ਨੂੰ ਜੰਗਲ ਵਿੱਚ ਸ਼ਿਕਾਰ ਖੇਡਦੇ ਸਮੇਂ ਉਸਦੇ ਰਾਜ ਵਿੱਚ ਆਉਣ ਦੀ ਆਗਿਆ ਮੰਗੀ ਪਰ ਰਾਜੇ ਨੇ ਮਨਜੂਰ ਨਹੀਂ ਕੀਤੀ। ਮਿੰਨਤ ਕਰਨ ਤੇ ਪ੍ਰੀਕਸ਼ਤ ਨੇ ਪੰਜ ਥਾਵਾਂ ਤੇ ਉਸਨੂੰ ਆਗਿਆ ਦੇ ਦਿੱਤੀ ਉਹ ਸਨ; ਜਿਥੇ ਜੂਹਾ ਖੇਡਿਆ ਜਾਂਦਾ, ਨਸ਼ਾ ਕੀਤਾ ਜਾਂਦਾ, ਜਾਨਵਰਾਂ ਨੂੰ ਵੱਡਿਆ ਜਾਂਦਾ, ਦੇਹ ਦਾ ਵਪਾਰ ਅਤੇ ਜਿੱਥੇ ਸੋਨਾ ਹੁੰਦਾ ਹੈ। ਇਸ ਤਰਾਂ ਕਲਯੁਗੀ ਸੋਚ ਉਸਦੇ ਰਾਜ ਵਿੱਚ ਦਾਖਲ ਹੋ ਗਈ ਅਤੇ ਚਲਾਕੀ ਨਾਲ ਰਾਜੇ ਦੇ ਪਵਿੱਤਰ ਮਨ ਨੂੰ ਭੇਦ ਲਿਆ। ਸ਼ਿਕਾਰ ਖੇਡਣ ਤੋਂ ਬਾਅਦ ਪਾਣੀ ਦੀ ਭਾਲ ਵਿੱਚ ਪ੍ਰੀਕਸ਼ਤ ਇੱਕ ਰਿਸ਼ੀ ਦੀ ਕੁਟੀਆ ਵਿੱਚ ਦਾਖਲ ਹੁੰਦਾ ਹੈ ਜਿੱਥੇ ਰਿਸ਼ੀ ਬਹੁਤ ਹੀ ਢੂੰਗੀ ਸਮਾਧੀ ਵਿੱਚ ਲੀਨ ਹੁੰਦਾ ਹੈ। ਰਾਜਾ ਬਾਰ-ਬਾਰ ਪਾਣੀ ਦੀ ਮੰਗ ਕਰਦਾ ਹੈ ਅਤੇ ਜਵਾਬ ਨਾ ਮਿਲਣ ਤੇ ਗੁੱਸੇ(ਕਲਯੁਗ) ਵਿੱਚ ਆਕੇ ਇੱਕ ਮਰਿਆ ਸੱਪ ਉਸਦੇ ਗਲੇ ਵਿੱਚ ਪਾ ਦਿੰਦਾ ਹੈ।* ਇਸ ਗਲ ਦਾ ਪਤਾ ਜਦੋਂ ਰਿਸ਼ੀ ਦੇ ਪੁੱਤਰ ਨੂੰ ਲਗਦਾ ਹੈ ਤਾਂ ਉਹ ਸ਼ਰਾਪ ਦਿੰਦਾ ਹੈ ਕਿ ਸੱਤ ਦਿਨਾ ਬਾਅਦ ਸੱਪ ਦੇ ਡਸਣ ਨਾਲ ਰਾਜੇ ਦੀ ਮੌਤ ਹੋਵੇਗੀ। ਇਹ ਸੁਣਕੇ ਪ੍ਰੀਕਸ਼ਤ ਪਸਚਾਤਾਪ ਕਰਦਾ ਹੈ, ਪਾਠ ਸੁਣਦਾ ਹੈ ਅਤੇ ਰਾਜ ਆਪਣੇ ਪੁੱਤਰ ਜਨਮੇਜੇ ਨੂੰ ਸਾਂਭ ਦਿੰਦਾ ਹੈ। ਕੁੱਝ ਦਿਨਾ ਬਾਅਦ ਤਕਸ਼ੀਲਾ ਦੇ ਨਾਗ ਕਬੀਲੇ ਦਾ ਰਾਜਾ “ਤਕਸ਼ਖ” ਰਾਜੇ ਨੂੰ ਬਿਸਤਰ ਤੇ ਪਏ ਨੂੰ ਡੱਸਦਾ ਹੈ ਅਤੇ ਰਾਜਾ ਸਰੀਰ ਛੱਡ ਜਾਂਦਾ ਹੈ।ਇਸਦਾ ਬਦਲਾ ਲੈਣ ਲਈ ਜਨਮੇਜਾ, ਜੋ ਕਿ ਕਲਯੁਗ ਦਾ ਪਹਿਲਾ ਰਾਜਾ ਹੈ, ਸੱਤ ਦਿਨਾ ਦੇ ਅੰਦਰ ਤਕਸ਼ਖ ਅਤੇ ਨਾਗ ਕੁੱਲ ਨੂੰ ਧਰਤੀ ਤੋਂ ਖਤਮ ਕਰਨ ਲਈ ਮਹਾ-ਯਗ(ਸਰਪ-ਮੇਧ) ਕਰਦਾ ਹੈ। ਇਸ ਯਗ ਕਾਰਨ ਸਾਰੇ ਸੱਪ ਆਪਣੇ ਆਪ ਅੱਗ ਦੇ ਕੁੰਡ ਵੱਲ ਨੂੰ ਖਿੱਚੇ ਚਲੇ ਆਉਂਦੇ ਹਨ ਅਤੇ ਭਸਮ ਹੋਈ ਜਾਂਦੇ ਹਨ ਪਰ ਤਕਸ਼ਖ ਨੂੰ ਨਾ ਦੇਖ ਕੇ ਰਾਜਾ ਪ੍ਰੋਹਤਾਂ ਨੂੰ ਪੁੱਛਦਾ ਹੈ ਕਿ ਤਕਸ਼ਖ ਕਿੱਥੇ ਹੈ? ਪ੍ਰੋਹਤ ਦੱਸਦਾ ਹੈ ਕਿ ਉਸਨੇ ਰਾਜੇ ਇੰਦਰ ਦੀ ਸ਼ਰਨ ਲੈ ਲਈ ਹੈ ਅਤੇ ਉਸਦੇ ਸਿੰਘਾਸਣ ਨੂੰ ਜਫਾ ਮਾਰ ਲਿਆ ਹੈ। ਪ੍ਰੋਹਤਾਂ ਨੇ ਇੰਦਰ ਨੂੰ ਵੀ ਖਿੱਚਣ ਦੇ ਮੰਤਰ ਤੀਬਰਤਾ ਨਾਲ ਪੜ੍ਹਨੇ ਸ਼ੁਰੂ ਕਰ ਦਿੱਤੇ ਅਤੇ ਸਿੰਘਾਸਣ ਡੋਲਦਾ ਦੇਖ ਇੰਦਰ ਨੇ ਤਕਸ਼ਖ ਦਾ ਸਾਥ ਛੱਡ ਦਿੱਤਾ। ਫਿਰ ਤਕਸ਼ਖ ਯਗ ਵਿੱਚ ਬੈਠੇ ਬ੍ਰਹਾਮਣ “ਆਸਤੀਕ” ਦੀ ਮਿੰਨਤ ਕਰਦਾ ਹੈ ਕਿ ਅਗਰ ਮੇਰੀ ਕੁਲ ਤਬਾਹ ਹੋ ਗਈ ਤਾਂ ਸੂਰਜ ਦਾ ਸਿੰਘਾਸਣ ਵੀ ਤਬਾਹ ਹੋ ਜਾਵੇਗਾ ਅਤੇ ਧਰਤੀ ਤੇ ਜੀਵ ਲੰਮਾ ਚਿਰ ਜੀ ਨਹੀਂ ਸਕਣਗੇ। ਇਸ ਨੁਕਤੇ ਨੂੰ ਸਮਝਦੇ ਹੋਏ ਵਰ ਦੇ ਰੂਪ ਵਜੋਂ ਆਸਤੀਕ ਰਾਜੇ ਜਨਮੇਜੇ ਤੋਂ ਛੁਡਵਾ ਲੈਂਦਾ ਹੈ। ਸਮਛੌਤੇ ਵਜੋਂ ਤਕਸ਼ਖ ਇਹ ਵਾਅਦਾ ਕਰਦਾ ਹੈ ਕਿ ਮੇਰੀ ਕੁਲ ਦਾ ਸੱਪ ਕਿਸੇ ਵੀ ਮਨੁੱਖ ਨੂੰ ਧਰਤੀ ਤੋਂ ਉਪੱਰ ਨਹੀਂ ਡੱਸੇਗਾ।
ਇਸ ਕਥਾ ਵਿੱਚੋਂ ਅਧਿਆਤਮਿਕ ਬਿੰਬਾ ਤੋਂ ਇਲਾਵਾ ਰੋਜਾਨਾ ਜਿੰਦਗੀ ਦਾ ਬਹੁਤ ਗਿਆਨ ਮਿਲਦਾ ਹੈ;
੧. ਜਹਿਰੀਲਾ ਸੱਪ ਕਦੇ ਵੀ ਧਰਤੀ ਨਹੀਂ ਛੱਡਦਾ
੨. “ਮਰਿਆ ਸੱਪ ਗਲ਼ੇ ਪੈਣਾ” ਮੁਹਾਵਰਾ ਇਸੇ ਹੀ ਕਥਾ ਦੀ ਦੇਣ ਹੈ।
੩. “ਆਸਤੀਨ ਕਾ ਸਾਂਪ” ਮੁਹਾਵਰਾ ਵੀ ਇਸੇ ਕਥਾ ਦੀ ਉਪਜ ਹੈ ਜਿਸਦਾ ਮਤਲਬ ਬਹੁਤ ਹੀ ਖਤਰਨਾਕ, ਨੀਤੀਵਾਨ ਅਤੇ ਜਹਿਰੀ ਵਿਆਕਤੀ।
੪. ਧਰਾਤਲ ਦੇ ਰੇਂਗਣ ਵਾਲੇ ਜ਼ਹਿਰੀ ਜੀਵਾਂ ਤੋਂ ਬਚਣ ਲਈ ਮਨੁੱਖ ਨੇ ਚਾਰ ਪਾਵੇ(ਚਕੋਣੇ) ਦੇ ਮੰਜੇ ਦੀ ਕਾਢ ਕੱਢੀ।
੫. ਮਨੁੱਖ ਨੇ ਸੱਪ ਦੀ ਅਹਿਮਿਅਤ ਨੂੰ ਸਮਝਿਆ ਅਤੇ ਸਮਕਾਲੀ ਜੀਵਨ ਵਿੱਚ ਵਿਸ਼ਵਾਸ ਦ੍ਰਿੜਾਇਆ।
ਆਸਟ੍ਰੇਲੀਆ ਵਿੱੱਚ ਕੇਲੇ ਦੀ ਖੇਤੀ ਤਕਰੀਬਨ ਬਾਰਹ ਸਾਲ ਕੀਤੀ। ਸੱਪ ਦਾ ਕੇਲੇ ਨਾਲ ਬਹੁਤ ਮੇਲ਼-ਜੋਲ ਹੈ। ਮਨ ਵਿੱਚ ਡਰ ਰਹਿੰਦਾ ਸੀ ਕਿ ਕਿਤੇ ਉਹੀ ਗੱਲ ਨਾ ਹੋ ਜਾਵੇ। ਖੇਰ, ਕੰਮ ਸਿੱਖਦੇ ਹੋਈ ਕੁਲਬੀਰ ਅੰਕਲ ਤੋਂ ਪੁੱਛਿਆ ਤਾਂ ਉਹਨਾ ਦੱਸਿਆ ਕਿ “ਯੰਗ ਫੇਲਾ, ਸੱਪ ਤਾਂ ਬਹੁਤ ਫਾਇਦਾ ਕਰਦੇ ਆ, ਚੂਹਾ ਵਗੈਰਾ ਨੀ ਪੈਂਦਾ ਕੇਲੇ ਨੂੰ, ਇਸ ਕਰਕੇ ਇਹਨਾ ਨੂੰ ਮਾਰਨਾ ਨੀ। ਇਹਨਾਂ ਦਾ ਵੀ ਹੱਕ ਬਣਦਾ ਧਰਤੀ ਤੇ, ਵੈਸੇ ਆਪਣੇ ਬੰਦੇ ਸਮਝਦੇ ਨੀ, ਬਸ ਮਾਰ ਦਿੰਦੇ ਆ। ਬਲੱਡੀ, ਐਵਰੀ ਗੁੱਡ ਸਨੇਕ ਇਜ਼ ਡੈਡ ਸਨੇਕ”। ਅਸਲ ਵਿੱਚ ਸੱਪਾਂ ਪ੍ਰਤੀ ਮੇਰਾ ਨਜ਼ਰੀਆ ਕੁਲਬੀਰ ਅੰਕਲ ਦੇ ਪ੍ਰਵਚਨਾ ਤੋਂ ਬਾਅਦ ਹੀ ਬਦਲਿਆ।
1998 ਦੇ ਅਖੀਰ ਵਿੱਚ ਰਿਸ਼ਤੇਦਾਰੀ ਵਿੱਚ ਵਿਆਹ ਤੇ ਪੰਜਾਬ ਗਿਆ। ਪਿੰਡ ਜੋਗੀ ਆ ਗਏ। ਉਹਨਾਂ ਬੀਨ ਬਜਾਈ, ਸੱਪ ਪਟਾਰੀ ‘ਚੋਂ ਸੱਪ ਕੱਢੇ ਅਤੇ ਕੱਢਦੇ ਹੋਏ ਜੋਗੀ ਦੇ ਹੱਧ ਤੇ ਡੰਗ ਵੱਜਾ। ਜੋਗੀ ਨੇ ਸੰਧੂਰ ਦੀ ਡੱਬੀ ‘ਚੋ ਮਣਕਾ ਕੱਢਿਆ ਅਤੇ ਜ਼ਖਮ ਤੇ ਲਾਇਆ। ਮਣਕਾ ਇਕ ਦਮ ਚੁੰਬੜ ਗਿਆ। ਤਕਰੀਬਨ ਅੱਧੇ ਕੁ ਮਿੰਟ ਬਾਅਦ ਮਣਕਾ ਆਪ ਹੀ ਲੱਥ ਗਿਆ ਅਤੇ ਉਸਨੂੰ ਕੱਚੀ ਲੱਸੀ ਵਿੱਚ ਪਾ ਦਿੱਤਾ ਗਿਆ। ਇੱਕ ਛੋਟਾ ਜਿਹਾਂ ਬੁਲਬੁਲਾ ਮਣਕੇ ਵਿੱਚੋਂ ਨਿਕਲਿਆ। ਫਿਰ ਧੋ ਕੇ ਦੁਬਾਰਾ ਡੱਬੀ ‘ਚ ਪਾ ਲਿਆ। ਜੋ ਵੀ ਬੀਬੀਆਂ ਨੇ ਅੰਨ-ਦਾਣਾ-ਪੈਸਾ ਦਿੱਤਾ ਅਤੇ ਬਾਅਦ ਵਿੱਚ ਮੇਰੇ ਅੰਦਰ ਵੀ ਉੱਤਸੁਕਤਾ ਸੀ ਜਾਨਣ ਦੀ। ਮੈਂ ਜੋਗੀ ਕੌਲ ਗਿਆ ਜੋ ਕਿ ਮੇਰੀ ਹੀ ਉਮਰ ਦਾ ਸੀ। ਮੈਂ ਉਸਨੂੰ ਕਿਹਾ ਕਿ ਮਣਕੇ ਬਾਰੇ ਮੈਨੂੰ ਦਸੋ। ਪਹਿਲਾਂ ਥੋੜਾ ਜਿਹਾ ਢਿੱਲਾ ਬੋਲਿਆ ਪਰ ਜਦੋਂ ਮੈਂ ਉਸਨੂੰ ਦੱਸਿਆ ਕਿ ਮੈਂ ਬਾਹਰੋਂ ਆਇਆਂ, ਮੈਂ ਕੋਈ ਜੋਗੀ ਨੀ ਬਨਣਾ ਅਤੇ ਥੋੜੇ ਪੈਸੇ ਦੀ ਹੋਰ ਸੇਵਾ ਕਰ ਦਉੂਂ ਤਾਂ ਉਹ ਫਿਰ ਚਾਹ ਪੀਂਦਾ ਹੋਇਆ ਆਪਣੇ ਇਲਮ ਦਾ ਗਿਆਨ ਮੇਰੇ ਨਾਲ ਸਾਂਝਾ ਕਰਨ ਲੱਗਾ।
ਸੱਪ ਦੀ ਮਣੀ ਅਤੇ ਮਣਕੇ ਵਿੱਚ ਫਰਕ ਹੁੰਦਾ। ਮਣਕਾ ਸੱਪ ਦੀ ਜ਼ਹਿਰ ਦੀ ਥੈਲੀ, ਜੋ ਕਿ ਉਸਦੇ ਦੰਦ ਨਾਲ ਜੁੜੀ ਹੁੰਦੀ ਹੈ, ਉਸਦੀ ਪਥਰੀ ਹੁੰਦੀ ਹੈ ਜਿਵੇਂ ਬੰਦੇ ਅੰਦਰ ਕਿਸੇ ਅੰਗ ਵਿੱਚ ਪਥਰੀ। ਡੱਸਣਾ ਸੱਪ ਦੀ ਮਜ਼ਬੂਰੀ ਹੈ ਤਾਂ ਕਿ ਜ਼ਹਿਰ ਦੀ ਥੈਲੀ ਨੂੰ ਖਾਲੀ ਕੀਤਾ ਜਾ ਸਕੇ। ਜੋਗੀ ਕੋਸ਼ਿਸ ਕਰਦਾ ਹੈ ਕਿ ਸਭ ਤੋਂ ਜ਼ਹਿਰੀਲਾ ਸੱਪ ਫੜੇ। ਫਿਰ ਉਸਨੂੰ ਉਹ ਇੱਕ ਅਜਿਹੀ ਜਗਾ੍ਹ ਰੱਖਦਾ ਹੈ, ਜਿੱਥੇ ਉਹ ਡੰਗ ਨ ਮਾਰ ਸਕੇ ਅਤੇ ਜ਼ਹਿਰ ਖਾਲੀ ਨਾ ਕਰੇ। ਹੌਲੀ-ਹੌਲੀ ਉਹ ਜ਼ਹਿਰ ਸੰਘਣਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਪਥਰੀ ਦਾ ਰੂਪ ਧਾਰ ਲੈਂਦਾ ਹੈ। ਇਹ ਪਥਰੀ ਵਾਧੂ ਜ਼ਹਿਰ ਸੋਸ ਕਰਦੀ ਰਹਿੰਦੀ ਅਤੇ ਆਕਾਰ ਵਿੱਚ ਵੱਡੀ ਹੋ ਜਾਂਦੀ ਹੈ। ਇਕ ਸਮਾ ਪਾ ਕੇ ਇਸਦਾ ਉਭਾਰ ਸੱਪ ਦੀ ਸਿਰੀ ਦੇ ਉਪੱਰ ਦਿਖਾਈ ਦੇਣ ਲਗ ਪੈਂਦਾ ਹੈ। ਢੁੱਕਵੇਂ ਸਮੇਂ, ਜੋਗੀ ਤਿੱਖੇ ਚਾਕੂ ਨਾਲ ਚੀਰਾ ਦੇ ਕੇ ਇਸ ਪਥਰੀ ਨੂੰ ਕੱਢ ਲੈਂਦਾ ਹੈ। ਇਸ ਮਣਕੇ ਦੇ ਗੁਣ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਜਾਨਵਰ ਦੇ ਡੱਸਣ ਨਾਲ ਖੂਨ ਵਿੱਚ ਫੈਲੇ ਜ਼ਹਿਰ ਨੂੰ ਸੋਸ ਲੈਂਦਾ ਹੈ ਅਤੇ ਜਾਨ ਬਚ ਜਾਂਦੀ ਹੈ।
ਇਸ ਵਾਰਤਾ ਵਿੱਚੋਂ ਇੱਕ ਹੋਰ ਨੁਕਤਾ ਸਾਹਮਣੇ ਆਉਂਦਾ ਹੈ ਕਿ ਸੱਪ ਦੀ ਜ਼ਹਿਰ ਨੂੰ ਪਥਰੀ ਤੋਂ ਦੁੱਧ ਅੱਲਗ ਕਰਦਾ ਹੈ। ਸ਼ਾਇਦ ਇਸੇ ਹੀ ਕਰਕੇ ਬਚਪਨ ‘ਚ ਸੁਣਦੇ ਸੀ ਕਿ ਕਈ ਸੱਪ ਲਵੇਰਿਆਂ ਦੇ ਧਣਾਂ ਨੂੰ ਪੈਂਦੇ ਸੀ ਅਤੇ ਦੁੱਧ ਚੁੰਗਦੇ ਸੀ ਪਰ ਪਸ਼ੂ ਦੀ ਮੌਤ ਹੋ ਜਾਦੀ ਸੀ। ਸਾਂਇਸ ਇਹ ਨਹੀਂ ਮਨਦੀ ਕਿ ਸੱਪ ਦੁੱਧ ਪੀਦੇਂ ਹਨ, ਉਹ ਇਹ ਕਹਿ ਕੇ ਨਾਕਾਰਦੇ ਹਨ ਕਿ ਉਸਦੀ ਖੁਰਾਕ ਡੱਡੁ, ਚੂਹਾ ਆਦਿ ਹੀ ਹੈ, ਪਰ ਸਾਂਇਸ ਮਣਕੇ ਦੇ ਗੁਣਾ ਨੂੰ ਵੀ ਨਹੀਂ ਮੰਨਦੀ। ਪੱਛਮ ਦਾ ਸੱਪ ਨਾਲ ਵਾਹ ਸੋਲਵੀ-ਸਤਾਰਵੀਂ ਸਦੀ ਵਿੱਚ ਹੀ ਪਿਆ ਹੈ। ਪਰ ਉਪੱਰ ਦਿੱਤੀ ਜੋਗੀ ਨਾਲ ਵਾਰਤਾ ‘ਚ ਦੁੱਧ ਦੇ ਗੁਣ ਜਾਹਿਰ ਹਨ। ਕਿਤੇ ਨ ਕਿਤੇ ਸੱਪ ਵੀ ਆਪਣੀ ਜ਼ਹਿਰ ਤੋਂ ਛੁਟਕਾਰਾ ਪਾਣ ਲਈ ਲਵੇਰਿਆਂ ਦੇ ਧਣਾ ਨੂੰ ਡੱਸਦਾ ਹੈ। ਇਸ ਵਰਤਾਰੇ ਨੂੰ ਦੇਖ ਕੇ ਕਿਸਾਨ ਹੱਲ ਸੋਚਦਾ ਹੈ ਕਿ ਕਿਉਂ ਨਾ ਆਪ ਹੀ ਸੱਪ ਨੂੰ ਦੁੱਧ ਪਿਲਾ ਕੇ ਦੇਖ ਲਈਏ। ਇਸੇ ਹੀ ਕਾਰਨ ਸੱਪ ਦੀ ਬਰਮੀ ਲੱਭੀ ਜਾਂਦੀ ਸੀ। ਸੱਪ ਇੱਕ ਮਿੱਥੇ ਸਮੇਂ ਤੇ ਬਰਮੀ ‘ਚੋਂ ਨਿਕਲਦਾ ਹੈ ਅਤੇ ਸ਼ਿਕਾਰ ਕਰਦਾ ਹੈ ਪਰ ਸੱਤਵੇਂ ਦਿਨ ਉਸ ਲਈ ਬਰਮੀ ਦੇ ਅੱਗੇ ਦੁੱਧ ਰੱਖਿਆ ਜਾਂਦਾ ਹੈ। ਇਹ ਹੈ ਇੱਕ ਮਿਲਵਰਤਨ ਵਾਲੀ ਭਾਵਨਾ। ਦੋਨਾਂ ਨੇ ਇਕ ਦੂਸਰੇ ਦੀ ਹੋਂਦ ਨੂੰ ਸਵਿਕਾਰ ਕਰ ਲਿਆ ਹੈ। ਸੱਪ ਦੀ ਪੂਰਤੀ ਘਰ ਬੈਠਿਆਂ ਹੀ, ਖਤਰਾ ਰਹਿਤ ਹੀ ਹੋਣ ਲੱਗ ਪੈਂਦੀ ਹੈ। ਬੰਦਾ, ਸੱਪ ਅਤੇ ਸ਼ੇਰ ਧਰਤੀ ਤੇ ਖੇਤਰੀ ਰਾਜ ਰੱਖਦੇ ਹਨ, ਬਾਜ਼ ਅਸਮਾਨ ਵਿੱਚ। ਇਸਦੇ ਉਲਟ ਜੇ ਇਸ ਇਲਾਕੇ ਦੇ ਸਰਬਉਚ ਨਾਗ ਨੂੰ ਮਾਰ ਦਿੱਤਾ ਜਾਂਦਾ ਹੈ ਤਾਂ ਉਸ ਦੀ ਜਗ੍ਹਾ ਹੋਰ ਸੱਪ ਲੈ ਲੈਣਗੇ ਅਤੇ ਇਹ ਸਿਲਸਿਲਾ ਚਲਦਾ ਰਹੇਗਾ। ਇਸ ਕਰਕੇ ਨਾਗ ਨੂੰ ਮਾਰਨਾ ਉਚਿਤ ਨਹੀਂ ਹੁੰਦਾ ਸਗੋਂ ਉਸ ਨਾਲ ਸੰਧੀ ਹੀ ਸਹੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ “ਸੱਪ ਨੂੰ ਜਿਨਾਂ ਮਰਜ਼ੀ ਦੁੱਧ ਪਿਲ਼ਾਉ ਪਰ ਉਸ ਨੇ ਡੰਗ ਮਾਰਨਾ ਹੀ ਮਾਰਨਾ” ਪਰ ਇੱਥੇ ਇਹ ਨੁਕਤਾ ਸਮਝਣ ਦੀ ਲੋੜ ਹੈ ਕਿ ਸੱਪ ਸਿਰਫ ਉਦੋਂ ਹੀ ਡੰਗ ਮਾਰਦਾ ਹੈ ਜਦੋਂ ਉਸਨੂੰ ਖਤਰਾ ਹੁੰਦਾ ਹੈ, ਖਤਰੇ ਵਿੱਚ ਦੁੱਧ ਪਿਲ਼ਾਇਆ ਮਾਇਨੇ ਨਹੀਂ ਰੱਖਦਾ। ਖਤਰਾ ਖੜਾ ਹੀ ਨਹੀਂ ਕਰਨਾ ਚਾਹੀਦਾ। ਸੋ ਮੇਰੇ ਮੁਤਾਬਿਕ ਬਰਮੀ ਤੇ ਦੁੱਧ ਰੱਖਣਾ(ਬਿਨਾ ਹੋਰ ਕਿਸੇ ਅਡੰਬਰ ਤੋਂ) ਕੋਈ ਵਹਿਮ ਭਰਮ ਨਹੀਂ ਸਗੋਂ ਕੁਦਰਤ ਦੇ ਵਰਤਾਰੇ ਨਾਲ ਇੱਕਸੁਰਤਾ ਦੀ ਨਿਸ਼ਾਨੀ ਹੈ।
ਉਮੀਦ ਹੈ ਕਿ ਇਹ ਨਿਜੀ ਜਾਣਕਾਰੀ ਆਪ ਜੀ ਲਈ ਲਾਹੇਵੰਦ ਹੋਵੇਗੀ ਅਤੇ ਜੇ ਤੁਸੀਂ ਵੀ ਇਸ ਵਿੱਚ ਵਾਧਾ ਕਰਨਾ ਚਾਹੋ ਤਾਂ ਸਵਾਗਤ ਹੈ। ਵੈਸੇ ਸੱਪ ਨੂੰ ਜੋਗ ਮੱਤ ਅਤੇ ਹੋਰ ਧਰਮਾਂ ਵਿੱਚ ਵੀ ਕੁੰਡਲੀ ਊਰਜਾ ਦੇ ਬਿੰਬ ਵਜੋਂ ਵਰਤਿਆ ਜਾਂਦਾ ਹੈ ਅਤੇ ਅਵਤਾਰਾਂ-ਪੈਗੰਬਰਾਂ ਦੇ ਸਿਰ ਉੱਤੇ ਸ਼ੇਸ਼ਨਾਗ ਦੀ ਛਾਇਆ ਹੋਣੀ, ਇਸ ਕੁੰਡਲੀ ਮਾਇਆ ਨੂੰ ਸਾਧਣ ਦਾ ਪ੍ਰਤੀਕ ਹੈ।
ਲੇਖਕ ਬਾਰੇ
- Amandeep Singh Sidhuhttps://sikharchives.org/kosh/author/amandeep-singh-sidhu/November 6, 2014
- Amandeep Singh Sidhuhttps://sikharchives.org/kosh/author/amandeep-singh-sidhu/September 10, 2017
- Amandeep Singh Sidhuhttps://sikharchives.org/kosh/author/amandeep-singh-sidhu/October 1, 2017
- Amandeep Singh Sidhuhttps://sikharchives.org/kosh/author/amandeep-singh-sidhu/July 5, 2019
- Amandeep Singh Sidhuhttps://sikharchives.org/kosh/author/amandeep-singh-sidhu/April 9, 2020
- Amandeep Singh Sidhuhttps://sikharchives.org/kosh/author/amandeep-singh-sidhu/May 8, 2023
- Amandeep Singh Sidhuhttps://sikharchives.org/kosh/author/amandeep-singh-sidhu/August 4, 2024