ਜਿਸ ਤੋਂ ਲੱਖਾਂ ਪਤੰਗ ਸ਼ਹੀਦ ਹੋਏ,
ਐਸਾ ਦੀਵਾ ਸਤਿਗੁਰੂ ਜੀ ਬਾਲ ਗਏ ।
ਬੂਟਾ ਧਰਮ ਦਾ ਸਦਾ ਹੀ ਟਹਿਕਦਾ ਰਹੇ,
ਸਿੰਜ ਖ਼ੂਨ ਅਪਣਾ ਉਹਨੂੰ ਪਾਲ ਗਏ ।
ਸ਼ਹੀਦਾਂ ਦੀ ਯਾਦ ਵਿਚ ਜੋਤ ਜਗਾਉਣਾ ਸਿੱਖ ਜੁਝਾਰੂ ਪਰੰਪਰਾਵਾਂ ਵਿਚ ਅਹਿਮ ਸਥਾਨ ਰੱਖਦਾ ਹੈ। ਨਵੀਨ ਵਰਗ ਇਸ ਪਿੱਛੇ ਦੀ ਭਾਵਨਾ ਨੂੰ ਬਾਰੀਕੀ ਨਾਲ ਸਮਝਣ ਦੀ ਬਜਾਏ ਕਿੰਤੂ-ਪਰੰਤੂ ਕਰਦੇ ਹਨ। ਸੰਸਾਰ ਵਿਚ ਬਣੀਆਂ ਸਾਰੀਆਂ ਸ਼ਹੀਦੀ ਸਮਾਰਕਾਂ ਉੱਤੇ ਜੋਤ ਸਦਾ ਜਗਦੀ ਰਹਿੰਦੀ ਹੈ ਅਤੇ ਮੌਕੇ ਤੇ ਫੁੱਲ ਭੇਂਟ ਕੀਤੇ ਜਾਂਦੇ ਹਨ। ਸਿੱਖ ਜਗਤ ਵਿੱਚ ਜੋਤ ਜਾਂ ਦੀਵਾ ਜਗਾਉਣਾ, ਸ਼ਹੀਦਾਂ ਦਾ ਸਤਿਕਾਰ ਅਤੇ ਉਹਨਾਂ ਨੂੰ ਯਾਦ ਕਰਨਾ ਹੈ।
ਮੇਰੇ ਪਿੰਡ ਪੁੰਨੂਮਜਾਰਾ ਦੀ ਜੂਹ ਉੱਤੇ ਸ਼ਹੀਦਾਂ ਦੀ ਜਗ੍ਹਾ ਹੈ “ਗਰੂਨਾ ਸਾਹਿਬ”। ਇਹ ਵਸੋਂ ਤੋਂ ਤਕਰੀਬਨ ਵੀਹ ਕੁ ਕਿੱਲੇ ਹੱਟ ਕੇ ਹੈ। ਸੰਨ 1985 ਤੋਂ ਪਹਿਲਾਂ ਇਸ ਜਗ੍ਹਾ ਤੇ ਬਹੁਤ ਹੀ ਭਾਰੇ ਤਿੰਨ ਚਾਰ ਪਿੱਪਲ ਅਤੇ ਕੁੱਝ ਕੁ ਗਰੂਨਿਆ ਦੇ ਦਰਖਤ ਹੁੰਦੇ ਸਨ, ਇਸ ਹੀ ਕਰ ਕੇ ਇਸ ਨੂੰ ਗਰੂਨਾ ਸਾਹਿਬ ਨਾਮ ਨਾਲ ਜਾਣਿਆ ਜਾਂਦਾ ਹੈ। ਪਿੱਪਲਾਂ ਦੇ ਹੇਠਾਂ ਇੱਕ ਖੁਲਾ ਚੌਂਤਰਾ ਸੀ ਜਿਸ ਦੇ ਇੱਕ ਖੂੰਜੇ ਕੁੱਝ ਕੁ ਇੱਟਾਂ ਰੱਖ ਕੇ ਦੀਵਾ ਜਗਾਉਣ ਵਾਸਤੇ ਥਾਂ ਬਣਾਈ ਹੋਈ ਸੀ। ਉਦੋਂ ਤਕ ਚੌਂਤਰਾ ਵੀ ਪੱਕਾ ਹੋ ਗਿਆ ਸੀ ਪਰ ਸਿਆਣੇ ਦੱਸਦੇ ਹਨ ਕਿ ਇਹ ਚੌਂਤਰਾ ਪਹਿਲਾਂ ਕੱਚਾ ਸੀ। ਪੰਦਰਾਂ ਵੀਹ ਫੁੱਟ ਦੂਰ ਇਕ ਸੁੱਕਿਆ ਹੋਇਆ ਤਾਲ ਸੀ ਜਿਸ ਦੀ ਮੌਣ ਤੇ ਪੁਰਾਣੀਆਂ ਛੋਟੀਆਂ ਇੱਟਾਂ ਦੀ ਚਿਣਵਾਈ ਸੀ। ਇਉਂ ਪ੍ਰਤੀਤ ਹੁੰਦਾ ਸੀ ਕਿ ਕੋਈ ਪੁਰਾਤਨ ਆਸ਼ਰਮ ਹੁੰਦਾ ਹੋਵੇਗਾ ਅਤੇ ਭਗਤੀ ਦਾ ਸਥਾਨ ਹੋਵੇਗਾ। ਹਰ ਐਤਵਾਰ ਨੂੰ ਪਿੰਡ ਵਾਲੇ ਦੀਵਾ ਕਰਨ ਆਉਂਦੇ ਸੀ। ਇਸ ਥਾਂ ਨੂੰ ਬਹੁਤ ਕਰੜੀ ਦੱਸਿਆ ਜਾਂਦਾ ਹੈ ਅਤੇ ਇਸ ਦੀ ਮਾਨਤਾ ਸਾਰਾ ਇਲਾਕਾ ਕਰਦਾ ਸੀ।
1985-86 ਤੋਂ ਬਾਅਦ ਪਿੰਡ ਦੇ ਸੂਝਵਾਨ ਸਜਣਾ ਨੇ ਸਫ਼ਾਈ ਕਰ ਕੇ, ਭਰਤੀ ਪਾਕੇ ਇਸ ਜਗ੍ਹਾ ਤੇ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਗੁਰਦਵਾਰੇ ਵਿਚ ਤਬਦੀਲ ਕਰ ਦਿੱਤਾ। ਪਹਿਲਾਂ ਵੀ ਬਜ਼ੁਰਗਾਂ ਕੋਲੋਂ ਸੁਣਿਆ ਸੀ ਕਿ ਇਹ ਸ਼ਹੀਦਾਂ ਦੀ ਜਗ੍ਹਾ ਹੈ ਅਤੇ 1990 ਤੱਕ ਜੂਨ ਮਹੀਨੇ ਵਿਚ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣ ਲੱਗਿਆ। ਮੈਨੂੰ ਯਾਦ ਹੈ ਕਿ ਸਾਡੇ ਪਿੰਡ ਦੇ ਇੱਕ ਬਹੁਤ ਹੀ ਸੂਝਵਾਨ ਗੁਰਸਿਖ ਬਹਾਦਰ ਸਿੰਘ ਮੱਲੀ ਨੇ ਸਿੱਖ ਤਵਾਰੀਖ਼ਾਂ ਫਰੋਲ ਕੇ ਸੰਗਤ ਨੂੰ ਦੱਸਿਆ ਕਿ ਰਾਹੋਂ(3 ਕਿੱਲੋਮੀਟਰ ਦੂਰ) ਜਿੱਤਣ ਤੋਂ ਬਾਅਦ ਜਦੋਂ ਬੰਦਾ ਬਹਾਦਰ ਨੇ ਜਲੰਧਰ ਉੱਤੇ ਹਮਲਾ ਕੀਤਾ ਤਾਂ ਰਾਹੋਂ ਦੀ ਜੰਗ ਵਿਚ ਸ਼ਹੀਦ ਹੋਏ ਸਿੰਘਾ ਦਾ ਸੰਸਕਾਰ ਇਸ ਜਗ੍ਹਾ ਤੇ ਕੀਤਾ ਅਤੇ ਕੁੱਝ ਜ਼ਖਮੀ ਸਿੰਘਾਂ ਨੂੰ ਵੀ ਇੱਥੇ ਠੀਕ ਹੋਣ ਲਈ ਛੱਡ ਗਏ ਸਨ। ਇਸ ਤੋਂ ਸੁਭਾਵਿਕ ਹੈ ਕਿ ਇੱਥੇ ਪਹਿਲਾਂ ਕੋਈ ਜਪ-ਤਪ ਦਾ ਥਾਂ ਹੋਵੇਗਾ ਅਤੇ ਕੋਈ ਸੰਭਾਲ ਕਰਦਾ ਹੋਵੇਗਾ। ਇਹ ਸਿੰਘ ਤੰਦਰੁਸਤ ਹੋ ਕੇ ਇਸ ਇਲਾਕੇ ਦੇ ਹੋਰ ਨੌਜਵਾਨਾ ਨੂੰ ਸਿਖਲਾਈ ਦਿੰਦੇ ਅਤੇ ਸਿੱਖ ਫ਼ੌਜਾਂ ਵਿਚ ਭਰਤੀ ਕਰਦੇ।
ਅਕਸਰ ਅਜ ਦੇ ਨਵੀਨ ਯੁੱਗ ਵਿਚ ਦੀਵਾ ਜਗਾਉਣ ਦੀ ਪਰੰਪਰਾ ਉੱਤੇ ਕਿੰਤੂ ਪਰੰਤੂ ਹੁੰਦੀ ਰਹਿੰਦੀ ਹੈ। ਸੋਚਿਆ ਕਿ ਇਸ ਦੀ ਤਹਿ ਤਕ ਜਾਇਆ ਜਾਵੇ। “ਗਰੂਨਾ” ਸਾਹਿਬ ਵਿਚ ਹੁਣ ਵੀ ਚੌਵੀ ਘੰਟੇ ਜੋਤ ਜਗਦੀ ਰਹਿੰਦੀ ਹੈ ਪਰ ਦੀਵੇ ਬੰਦ ਹੋ ਗਏ ਹਨ ਅਤੇ ਇੱਕ ਜੋਤ ਵਿਚ ਹੀ ਤੇਲ ਜਾਂ ਘਿਉ ਪਾ ਦਿੱਤਾ ਜਾਂਦਾ ਹੈ। ਪਰ ਕਈ ਇਲਾਕਿਆਂ ਵਿਚ ਮੜੀ੍ਹਆਂ, ਮਸਾਣਾਂ, ਦੇਹਰਿਆਂ ਉੱਤੇ ਇਹ ਪਰਸਪਰ ਜਾਰੀ ਹੈ। ਇਹ ਮੜੀ੍ਹਆਂ ਜ਼ਿਆਦਾਤਰ ਪਿਤਰਾਂ(ਪਰਿਵਾਰਕ ਮ੍ਰਿਤਕਾਂ) ਦੀਆਂ ਹੁੰਦੀਆਂ ਹਨ। ਦੋਹਾਂ ਜਗ੍ਹਾ ਤੇ ਦੀਵਾ ਬਾਲਣ ਦਾ ਅਰਥ ਇੱਕੋ ਹੀ ਹੈ ਪਰ ਸ਼ਹੀਦਾਂ ਦੀ ਜਗ੍ਹਾ ਦੀ ਭਾਵਨਾ ਵਿਚ ਸਭਿਅਤਾ ਦੇ ਸੂਖਮ ਮਨੋਵੇਗ ਦੀ ਸਿਖਰ ਹੈ।
ਅਗਨੀ ਨੂੰ ਸਭਿਅਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਸਭਿਅਤਾ(ਪਿੰਡ) ਦੀ ਮੁੱਢਲੀ ਇਕਾਈ ਹੈ “ਘਰ”। ਹਨੇਰਾ ਹੋਏ ਤੇ ਕਿਸੇ ਵੀ ਘਰ ਵਿਚ ਰੌਸ਼ਨੀ ਦਾ ਹੋਣਾ ਜੀਵਨ ਦਾ ਹੋਣਾ ਦਰਸਾਉਂਦਾ ਹੈ। ਰੌਸ਼ਨੀ ਕਰਨ ਲਈ ਮਿੱਟੀ ਦਾ ਦੀਵਾ ਚਾਹੀਦਾ ਹੈ ਜਿਸ ਨੂੰ ਬਣਾਉਣ ਲਈ ਮਿੱਟੀ ਨੂੰ ਰੂਪ ਦੇਣ ਦਾ ਗਿਆਨ ਜ਼ਰੂਰੀ ਹੈ, ਬੱਤੀ ਦੀ ਲੋੜ ਹੈ ਜਿਸ ਨੂੰ ਬੱਟਣ ਲਈ ਰੂੰਅ ਅਤੇ ਇਸ ਤੋਂ ਪਹਿਲੇ ਕਪਾਹ ਦੀ ਖੇਤੀ ਕਰਨ ਦੀ ਜਾਚ, ਬਾਲਣ ਵਾਸਤੇ ਤੇਲ ਜੋ ਕਿ ਸਰ੍ਹੋਂ ਦੇ ਬਰੀਕ ਦਾਣਿਆਂ ਵਿਚੋਂ ਤੇਲ ਕੱਢਣ ਦੀ ਸੂਖਮ ਕਲਾ ਨੂੰ ਸੰਪੂਰਨ ਕਰਨ ਦੀ ਮੁਹਾਰਤ ਹੈ। ਇਤਨਾ ਕੁੱਝ ਸਿੱਧ ਕਰਨ ਤੇ ਕਿਸੇ ਘਰ ਵਿਚ ਦੀਵਾ ਜਗਦਾ ਹੈ। ਹਰ ਇਨਸਾਨ ਚਾਹੁੰਦਾ ਹੈ ਕਿ ਉਸ ਦੇ ਘਰ ਦਾ ਦੀਵਾ ਕਦੇ ਬੁਝੇ ਨਾ, ਸ਼ਾਇਦ ਇਸੇ ਹੀ ਕਰ ਕੇ ਲੋਕ ਕਥਾਵਾਂ ਵਿਚ ਪੁੱਤਰ ਦਾ ਅਲੰਕਾਰ ਦੀਵਾ ਵਰਤਿਆ ਜਾਂਦਾ ਹੈ।
ਆਪਣੇ ਬਜ਼ੁਰਗ ਤੁਰ ਜਾਣ ਮਗਰੋਂ ਉਸ ਦੇ ਯੋਗਦਾਨ ਨੂੰ ਯਾਦ ਕਰਦਿਆਂ ਉਸ ਦੀ ਮੜ੍ਹੀ ਉੱਤੇ ਹਫ਼ਤੇਵਾਰੀ ਦੀਵਾ ਜਗਾ ਦੇਣਾ ਕੋਈ ਮਾੜੀ ਗਲ ਨਹੀਂ ਸਗੋਂ ਸ਼ੁਕਰਾਨੇ ਦਾ ਪ੍ਰਤੀਕ ਹੈ ਪਰ ਇਹ ਭਾਵਨਾ ਅੰਦਰ ਹੋਣੀ ਚਾਹੀਦੀ ਹੈ ਨਾ ਕਿ ਸਿਰਫ਼ ਪਾਖੰਡ ਬਣ ਜਾਵੇ। ਹਰ ਕੋਈ ਆਪਣੇ ਨੂੰ ਹੀ ਚੇਤੇ ਕਰਦਾ ਹੈ ਦੂਜਿਆਂ ਨੂੰ ਨਹੀਂ।
ਜਦੋਂ ਕੋਈ ਨਿਜ ਤੋਂ ਉੱਠ ਕੇ ਦੂਜਿਆਂ ਦੇ ਘਰ ਦੇ ਚਾਨਣ ਬਰਕਰਾਰ ਰੱਖਣ ਵਾਸਤੇ ਆਪਣੇ ਘਰ ਦਾ ਦੀਵਾ ਦਾਅ ਤੇ ਲਾਉਂਦਾ ਹੈ ਤਾਂ ਹਿਰਦੇ ਦੀ ਡੁੰਘਾਈ ਤੋਂ ਸ਼ੁਕਰਾਨੇ ਦੀ ਆਸੀਸ ਨਿਕਲਦੀ ਹੈ ਕਿ ਹੇ ਸਾਡੀ ਖ਼ਾਤਰ ਸ਼ਹੀਦ ਹੋਣ ਵਾਲਿਆ, ਤੇਰੀ ਇਸ ਕੁਰਬਾਨੀ ਦਾ ਅਸੀਂ ਸ਼ੁਕਰਾਨਾ ਕਰਦੇ ਰਹਾਂਗੇ ਅਤੇ ਤੇਰੇ ਘਰ ਦਾ ਦੀਵਾ ਜਗਦਾ ਰੱਖਾਂਗੇ। ਇਹੀ ਕਾਰਨ ਸੀ ਜਿਸ ਕਰ ਕੇ ਸ਼ਹੀਦਾਂ ਦੀ ਜਗ੍ਹਾ ਤੇ ਇਲਾਕਾ ਨਿਵਾਸੀ ਸ਼ੁਕਰਾਨੇ ਤੇ ਤੌਰ ਤੇ ਦੀਵਾ ਬਾਲ਼ਦੇ ਹਨ। ਇਹ ਇੱਕ ਵਸੀਲਾ ਹੈ ਯਾਦ ਨੂੰ ਕਾਇਮ ਰੱਖਣ ਅਤੇ ਅੱਗੇ ਤੋਰਨ ਦਾ। ਸ਼ਹੀਦਾਂ ਦੀ ਜਗ੍ਹਾ ਤੇ ਦੀਵਾ ਕਈ ਸੌ ਸਾਲ ਜਗਦਾ ਰਿਹਾ ਅਤੇ ਅੱਜ ਜਦੋਂ ਵਸੀਲਿਆਂ ਨੇ ਇਜਾਜ਼ਤ ਦਿੱਤੀ ਤਾਂ ਇਸ ਜਗਾ ਤੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ, ਚੌਵੀ ਘੰਟੇ ਬਿਜਲਈ ਲਾਟੂ ਜਗਣ ਲੱਗੇ ਅਤੇ ਬਾਣੀ ਅਤੇ ਲੰਗਰ ਦਾ ਪ੍ਰਵਾਹ ਚੱਲ ਪਿਆ। ਜੋਤ ਜਗਾਉਣ ਦੀ ਪਰµਪਰਾ ਨੂੰ ਜਾਰੀ ਰੱਖਣਾ ਹੈ ਜਾਂ ਨਹੀਂ ਇਹ ਮੈਂ ਆਪ ਜੀ ਤੇ ਛੱਡਦਾ ਹਾਂ। ਅਖੀਰ ਵਿਚ ਕਬੀਰ ਜੀ ਦੀ ਰਚਿਤ ਆਰਤੀ;
ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜਾਰਾ ॥
ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥2॥
ਸਰੀਰ ਦੀਵਾ ਹੈ, “ਨਾਮ” ਬੱਤੀ ਅਤੇ ਗਿਆਨ ਤੇਲ। ਕਿਸੇ ਜਗਦੀ ਜੋਤਿ(ਸ਼ਬਦ ਗੁਰੂ) ਤੋਂ ਦੂਜਾ ਦੀਵਾ ਜਗਾਇਆ ਜਾਂਦਾ ਹੈ।
ਲੇਖਕ ਬਾਰੇ
- Amandeep Singh Sidhuhttps://sikharchives.org/kosh/author/amandeep-singh-sidhu/November 6, 2014
- Amandeep Singh Sidhuhttps://sikharchives.org/kosh/author/amandeep-singh-sidhu/May 29, 2016
- Amandeep Singh Sidhuhttps://sikharchives.org/kosh/author/amandeep-singh-sidhu/September 10, 2017
- Amandeep Singh Sidhuhttps://sikharchives.org/kosh/author/amandeep-singh-sidhu/October 1, 2017
- Amandeep Singh Sidhuhttps://sikharchives.org/kosh/author/amandeep-singh-sidhu/April 9, 2020
- Amandeep Singh Sidhuhttps://sikharchives.org/kosh/author/amandeep-singh-sidhu/May 8, 2023
- Amandeep Singh Sidhuhttps://sikharchives.org/kosh/author/amandeep-singh-sidhu/August 4, 2024