editor@sikharchives.org
Bhagat Ravidas Ji

ਭਗਤ ਰਵਿਦਾਸ ਬਾਣੀ : ਸਮਾਜਿਕ ਨੈਤਿਕਤਾ ਦਾ ਸੰਦਰਭ

ਨੈਤਿਕਤਾ ਵਤੀਰੇ ਦੀ ਉਹ ਨੀਤੀ ਹੈ ਜਿਸ ਨਾਲ ਆਪਣਾ ਤੇ ਦੂਜਿਆਂ ਦਾ ਭਲਾ ਹੋਵੇ ਅਤੇ ਕਿਸੇ ਦੂਜੇ ਦਾ ਬੁਰਾ ਨਾ ਹੋਵੇ। ਨੈਤਿਕਤਾ ਮਨੁੱਖ ਨੂੰ ਸੰਜਮ ਵਿਚ ਰਹਿਣਾ ਸਿਖਾਉਂਦੀ ਹੈ।
ਬੁੱਕਮਾਰਕ ਕਰੋ (0)
Please login to bookmark Close
ਪੜਨ ਦਾ ਸਮਾਂ: 1 ਮਿੰਟ

ਨੈਤਿਕਤਾ ਦਾ ਮੂਲ ਸ਼ਬਦ ਨੀਤੀ ਹੈ, ਬ੍ਰਿਹਦ ਹਿੰਦੀ ਕੋਸ਼ ਅਨੁਸਾਰ ਨੈਤਿਕਤਾ ਦਾ ਅਰਥ ਇੰਞ ਦੱਸਿਆ ਗਿਆ ਹੈ, ਉਹ ਅਪਾਰਭੂਤ ਸਿਧਾਂਤ ਜਿਸ ਅਨੁਸਾਰ ਕੋਈ ਕਾਰਜ ਸੰਚਾਲਿਤ ਕੀਤਾ ਜਾਵੇ। ਲੋਕਾਚਾਰ ਲਈ ਨੀਯਤ ਕੀਤਾ ਅਧਾਰ। ਇਸ ਵਿਚ ਨੈਤਿਕਤਾ ਨੂੰ ਇਕ ਲੋਕ-ਉਪਯੋਗੀ ਸਿਧਾਂਤ ਕਿਹਾ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ‘ਉਹ ਰੀਤ ਜਿਸ ਅਨੁਸਾਰ ਆਦਮੀ ਚੰਗੇ ਮਾਰਗ ’ਤੇ ਚੱਲ ਸਕੇ। ਧਰਮ ਅਤੇ ਸਮਾਜ ਦੇ ਚਲਾਉਣ ਦਾ ਨਿਯਮ ਹੀ ਨੈਤਿਕਤਾ ਹੈ। ਨੈਤਿਕਤਾ ਵਤੀਰੇ ਦੀ ਉਹ ਨੀਤੀ ਹੈ ਜਿਸ ਨਾਲ ਆਪਣਾ ਤੇ ਦੂਜਿਆਂ ਦਾ ਭਲਾ ਹੋਵੇ ਅਤੇ ਕਿਸੇ ਦੂਜੇ ਦਾ ਬੁਰਾ ਨਾ ਹੋਵੇ। ਨੈਤਿਕਤਾ ਮਨੁੱਖ ਨੂੰ ਸੰਜਮ ਵਿਚ ਰਹਿਣਾ ਸਿਖਾਉਂਦੀ ਹੈ। ਮਨੁੱਖ ਚੰਗੇ ਬੁਰੇ ਦਾ ਨਿਰਣਾ ਕਰ ਸਕਦਾ ਹੈ। ਨੈਤਿਕਤਾ ਮਨੁੱਖ ਦੇ ਅੰਦਰ ਚੰਗੀਆਂ ਅਤੇ ਉਸਾਰੂ ਭਾਵਨਾਵਾਂ ਦਾ ਵਿਕਾਸ ਕਰਦੀ ਹੈ। ਮਨੁੱਖ ਦਾ ਵਤੀਰਾ ਵੀ ਇਨ੍ਹਾਂ ਭਾਵਨਾਵਾਂ ’ਤੇ ਆਧਾਰਿਤ ਹੁੰਦਾ ਹੈ। ਸਦਾਚਾਰ ਮਨੁੱਖਤਾ ਦਾ ਪਹਿਲਾ ਗੁਣ ਹੈ। ਸਦਾਚਾਰੀ ਮਨੁੱਖ ਹੀ ਸਮਾਜ ਵਿਚ ਆਦਰ ਨਾਲ ਜਿਊਂਦਾ ਹੈ। ਉਹ ਸ੍ਰੇਸ਼ਠ-ਮਨੁੱਖ ਹੁੰਦਾ ਹੈ। ਨੈਤਿਕਤਾ ਮਨੁੱਖ ਨੂੰ ਸਹੀ ਜੀਵਨ ਦਿਸ਼ਾ ਪ੍ਰਦਾਨ ਕਰਦੀ ਹੈ।

ਮਨੁੱਖ ਨੂੰ ਸਮਾਜ ਵਿਚ ਵਿਚਰਨ ਲਈ ਸਮਾਜਿਕ ਰੀਤੀਆਂ ਅਤੇ ਨੀਤੀਆਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਇਹ ਦੂਜੇ ਸਬਦਾਂ ਵਿਚ ਸਮਾਜਿਕ ਨੈਤਿਕਤਾ ਹੀ ਹੈ। ਨੈਤਿਕਤਾ ਦੇ ਦੋ ਪਹਿਲੂ ਹਨ ਵਿਅਕਤੀਗਤ ਅਤੇ ਸਮਾਜਿਕ। ਮੂਲ ਰੂਪ ਵਿਚ ਭਾਵੇਂ ਦੋਵੇਂ ਇੱਕੋ ਹੀ ਹਨ, ਕਿਉਂ ਜੋ ਮਨੁੱਖ ਸਮਾਜ ਦਾ ਹੀ ਇਕ ਅਨਿੱਖੜਵਾਂ ਅੰਗ ਹੈ ਅਤੇ ਮਨੁੱਖਾਂ ਦਾ ਟੋਲਾ ਇਕ ਸਮਾਜ ਦਾ ਨਿਰਮਾਣ ਕਰਦਾ ਹੈ। ਸਮਾਜ ਵਿਚ ਪ੍ਰੇਮ, ਸਹਿਯੋਗ, ਸੱਤਾ, ਤਿਆਗ, ਦਇਆ, ਸਤਿਕਾਰ ਵਰਗੇ ਗੁਣਾਂ ਨਾਲ ਮਨੁੱਖ ਇਕ ਦੂਜੇ ’ਤੇ ਨਿਰਭਰ ਕਰਦਾ ਹੈ। ਮਨੁੱਖੀ ਚੇਤਨਾ ਦੀ ਅਸਲ ਵਰਤੋਂ ਸਮਾਜਿਕ ਕੰਮਾਂ ਵਿਚ ਹੀ ਹੁੰਦੀ ਹੈ। ਮਨੁੱਖ ਆਪਣੇ ਜੀਵਨ ਵਿਚ ਉਨ੍ਹਾਂ ਗੁਣਾਂ ਨੂੰ ਹੀ ਧਾਰਨ ਕਰਦਾ ਹੈ ਜਿਸ ਨਾਲ ਉਸ ਨੂੰ ਸਮਾਜਿਕ ਪ੍ਰਤਿਸ਼ਠਾ ਮਿਲੇ। ਸਮਾਜਿਕ ਨੈਤਿਕਤਾ ਅਸਲ ਵਿਚ ਸਮਾਜ ਦੀ ਆਪਸੀ ਵਿਉਹਾਰਕ ਸੂਝ-ਬੂਝ ਦਾ ਨਤੀਜਾ ਹੁੰਦੀ ਹੈ। ਜਿਸ ਦਾ ਮੰਤਵ ਸਵਾਰਥੀ ਹਿੱਤਾਂ ਤੋਂ ਉੱਪਰ ਉੱਠ ਕੇ ਦੂਜੇ ਦੇ ਕੰਮ ਆਉਣਾ ਹੈ। ਸਮਾਜ ਇਕ ਅਜਿਹਾ ਸੰਗਠਨ ਹੈ ਜੋ ਅਚਾਰ-ਵਿਵਹਾਰ ਦੇ ਨਿਯਮਾਂ ਨਾਲ ਭਾਈਚਾਰਕ ਸੰਬੰਧ ਪੈਦਾ ਕਰਦਾ ਹੈ। ਕਿਹਾ ਜਾ ਸਕਦਾ ਹੈ ਕਿ ਨੈਤਿਕ ਨਿਯਮਾਂ ਦਾ ਸਮਾਜ ਲਈ ਸਦ-ਉਪਯੋਗ ਹੀ ਸਮਾਜਿਕ ਨੈਤਿਕਤਾ ਹੈ।

ਭਾਰਤ ਦੀ ਧਰਤੀ ਨੂੰ ਇਹ ਗੌਰਵ ਪ੍ਰਾਪਤ ਹੈ ਕਿ ਇਸ ਧਰਤੀ ’ਤੇ ਪੀਰਾਂ, ਫਕੀਰਾਂ, ਸੰਤਾਂ, ਭਗਤਾਂ ਨੇ ਜਨਮ ਲਿਆ ਅਤੇ ਅਧਿਆਤਮਿਕ ਚਿੰਤਨ ਰਾਹੀਂ ਪੂਰੀ ਦੁਨੀਆਂ ਨੂੰ ਪ੍ਰੇਮ ਅਤੇ ਅਹਿੰਸਾ ਦਾ ਮਾਰਗ ਦਰਸਾਇਆ। ਸੱਚ ਦੀ ਖੋਜ ਲਈ ਇਨ੍ਹਾਂ ਮਹਾਂਪੁਰਖਾਂ ਨੇ ਆਪਣਾ ਸਮੁੱਚਾ ਜੀਵਨ ਪਰਉਪਕਾਰ ਲਈ ਸਮਰਪਿਤ ਕਰ ਦਿੱਤਾ। ਸਾਰੀ ਧਰਤੀ ਨੂੰ ਇਕ ਪਰਵਾਰ ਮੰਨ ਕੇ ਜਾਤੀ ਧਰਮ ਅਤੇ ਰੰਗ ਭੇਦ ਦੀਆਂ ਦੀਵਾਰਾਂ ਵੀ ਤੋੜ ਦਿੱਤੀਆਂ। ਭਟਕੇ ਹੋਏ ਮਨੁੱਖ ਨੂੰ ‘ਇਕ ਨੂਰ’ ਦੇ ਦਰਸ਼ਨ ਕਰਾਉਣ ਲਈ ਉਨ੍ਹਾਂ ਨੇ ਥਾਂ-ਥਾਂ ਜਾ ਕੇ ਆਪਣੇ ਅਨੁਭਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ।

ਜਦੋਂ ਭਗਤ ਰਵਿਦਾਸ ਜੀ ਦਾ ਜਨਮ ਹੋਇਆ ਤਾਂ ਭਾਰਤ ਵਿਚ ਸਮਾਜਿਕ ਅਤੇ ਧਾਰਮਿਕ ਤੌਰ ’ਤੇ ਅਸਥਿਰਤਾ ਦਾ ਵਾਤਾਵਰਨ ਸੀ। ਲੋਕ ਅੰਧ-ਵਿਸ਼ਵਾਸਾਂ ਦੀ ਜਕੜ ਵਿਚ ਆਏ ਹੋਏ ਸਨ। ਰਾਜਨੀਤਿਕ ਸਿਥਿਲਤਾ ਕਾਰਨ ਲੋਕ ਰੱਬ ਦੀ ਸ਼ਰਨ ਲਈ ਤਤਪਰ ਹੋ ਰਹੇ ਸਨ। ਚਾਰੇ ਪਾਸੇ ਭਗਤੀ ਇਕ ਅੰਦੋਲਨ ਦਾ ਰੂਪ ਧਾਰਨ ਕਰ ਰਹੀ ਸੀ। ‘ਜੀਓ ਤੇ ਜੀਉਣ ਦਿਉ’ ਦੇ ਸਿਧਾਂਤ ਅਨੁਸਾਰ ਸਾਰੇ ਮਨੁੱਖਾਂ ਵਿਚ ਉਸ ਰੱਬ ਦੀ ਜੋਤ ਦਾ ਅਹਿਸਾਸ ਹੋਇਆ। ਅਖੌਤੀ ਨੀਵੀਂ ਜਾਤ ਨਾਲ ਸੰਬੰਧ ਰੱਖਣ ਵਾਲੇ ਮਹਾਂਪੁਰਖਾਂ ਨੂੰ ਵੀ ਆਪਣੇ ਅਧਿਆਤਮਿਕ ਅਨੁਭਵਾਂ ਨੂੰ ਲੋਕਾਂ ਤਕ ਪਹੁੰਚਾਉਣ ਦਾ ਮੌਕਾ ਮਿਲਿਆ। ਜਿਨ੍ਹਾਂ ਦੀ ਘੋਰ ਸਾਧਨਾ ਅਤੇ ਮਹਾਨ-ਚਿੰਤਨ ਨੇ ਇਹ ਸਿੱਧ ਕਰ ਵਿਖਾਇਆ ਕਿ ਮਨੁੱਖ ਜਨਮ ਕਰਕੇ ਨਹੀਂ ਸਗੋਂ ਕਰਮ ਕਰਕੇ ਮਹਾਨ ਹੁੰਦਾ ਹੈ। ਜਾਤ-ਪਾਤ ਦੀਆਂ ਬੇੜੀਆਂ ਨੂੰ ਕੱਟਣ ਲਈ ਇਹ ਸਿਧਾਂਤ ਕਾਫੀ ਕਾਰਗਰ ਸਾਬਤ ਹੋਇਆ। ਇਹ ਉਹੋ ਯੁੱਗ ਸੀ ਜਿਸ ਵਿਚ ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਸੈਨ ਜੀ ਵਰਗੇ ਮਹਾਂਪੁਰਖ ਨੀਵੀਆਂ ਸਮਝੀਆਂ ਜਾਣ ਵਾਲੀਆਂ ਜਾਤਾਂ ਵਿੱਚੋਂ ਉੱਪਰ ਉੱਠ ਕੇ ਮਹਾਨ ਚਿੰਤਕ ਅਤੇ ਮਹਾਂਪੁਰਖ ਸਿੱਧ ਹੋਏ। ਇਨ੍ਹਾਂ ਨੇ ਆਪਣੀ ‘ਕਰਨੀ ਅਤੇ ਕਥਨੀ’ ਇੱਕ ਕਰਕੇ ਲੋਕਾਂ ਨੂੰ ‘ਸਮਾਜਿਕ ਸਮਾਨਤਾ’ ਅਤੇ ‘ਸੱਚ-ਧਰਮ’ ਦਾ ਰਾਹ ਦਰਸਾਇਆ।

ਉਸ ਵੇਲੇ ਦੇ ਸਮਾਜ ਦੀ ਨਿੱਘਰੀ ਹੋਈ ਅਵਸਥਾ ਨੂੰ ਵੇਖ ਕੇ ਉਨ੍ਹਾਂ ਦਾ ਮਨ ਨੀਵੀਂ ਜਾਤੀ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਦੁਆਉਣ ਲਈ ਪ੍ਰਬਲ ਹੋ ਉੱਠਿਆ। ਉਨ੍ਹਾਂ ਨੇ ਸਮਾਜ ਵਿੱਚੋਂ ਲੁਪਤ ਹੋਈਆਂ ਮਨੁੱਖੀ ਕਦਰਾਂ-ਕੀਮਤਾਂ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕੀਤਾ। ਭਗਤ ਰਵਿਦਾਸ ਜੀ ਨੇ ਸਮਾਜਿਕ-ਜੀਵਨ ਜਿਉਂਦਿਆਂ ਗ੍ਰਿਹਸਥ ਧਰਮ ਦਾ ਪਾਲਣ ਕਰਦਿਆਂ ਇਕ ਮਹਾਨ ਤੇ ਵਿਲੱਖਣ ਵਿਅਕਤੀਤਵ ਹੋਣ ਦਾ ਪਰੀਚੈ ਦਿੱਤਾ। ਉਨ੍ਹਾਂ ਨੇ ਬਾਣੀ ਰਾਹੀਂ ਥਾਂ-ਥਾਂ ਜਾ ਕੇ ਮਨੁੱਖੀ ਚੇਤਨਾ ਨੂੰ ਹੁਲਾਰਾ ਦਿੱਤਾ। ਉਨ੍ਹਾਂ ਨੇ ਮਨੁੱਖ ਨੂੰ ਪੂਰਨ ਆਤਮਿਕ ਸੁਤੰਤਰਤਾ ਅਤੇ ਅਨੰਤ ਪ੍ਰੇਮ ਵਿਚ ਭਿੱਜੀ ਮਾਨਵਤਾ ਦੇ ਅਧਿਕਾਰਾਂ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਸਮਾਜ ਦੀ ਉੱਨਤੀ ਲਈ ਸਮਾਜਿਕ-ਨੈਤਿਕਤਾ ਨੂੰ ਅਧਾਰ ਬਣਾ ਕੇ ਮਨੁੱਖ ਨੂੰ ਉਸ ’ਤੇ ਚੱਲਣ ਦੀ ਜਾਚ ਸਿਖਾਈ। ਭਗਤ ਰਵਿਦਾਸ ਜੀ ਦੀ ਬਾਣੀ ਵਿਚ ਥਾਂ-ਥਾਂ ’ਤੇ ਇਸ ਸਮਾਜਿਕ ਨੈਤਿਕਤਾ ਦੇ ਅਧਾਰ-ਬਿੰਦੂ ਉਪਲਬਧ ਹਨ। ਪ੍ਰੇਮੀ ਅੱਗੇ ਆਤਮ-ਸਮਰਪਣ, ਨਿਮਰਤਾ, ਸਬਰ-ਸੰਤੋਖ, ਮਿੱਤਰਤਾ, ਆਤਮ-ਨਿਰਭਰਤਾ, ਸੇਵਾ ਆਦਿ ਗੁਣਾਂ ਨਾਲ ਹੀ ਅਸੀਂ ਸਾਰੇ ਜੀਵਾਂ ਨਾਲ ਪਿਆਰ ਪਾ ਕੇ ਸਮਾਜਿਕ ਹੋਣ ਦਾ ਅਨੰਦ ਮਾਣ ਸਕਦੇ ਹਾਂ।

ਹੋਰ ਮੱਧਕਾਲੀ ਭਗਤਾਂ ਅਤੇ ਸੰਤਾਂ ਵਾਂਗ ਉਨ੍ਹਾਂ ਨੇ ਵੀ ਆਪਣੇ ਅਨੁਭਵਾਂ ਰਾਹੀਂ ਲੋਕਾਂ ਨੂੰ ਸੱਚ ਅਤੇ ਹੱਕ ਦਾ ਰਾਹ ਦਰਸਾਇਆ। ਉਨ੍ਹਾਂ ਦੀ ਬਾਣੀ ਵਿਚ ਪੰਜਾਬੀਅਤ ਦਾ ਰੰਗ ਅਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਉਨ੍ਹਾਂ ਦੀ ਬਾਣੀ ਨੂੰ ਸ਼ਾਮਲ ਕੀਤਾ ਜਾਣਾ ਗੌਰਵਮਈ ਗੱਲ ਹੈ। ਉਨ੍ਹਾਂ ਦੀ ਬਾਣੀ ਉਨ੍ਹਾਂ ਦੇ ਅਧਿਆਤਮਿਕ ਚਿੰਤਨ ਦਾ ਹੀ ਨਿਸ਼ਕਰਸ਼ ਹੈ। ਮਨੁੱਖ ਨੂੰ ਮਨੁੱਖ ਨਾਲ ਜੋੜਨ ਲਈ ਉਨ੍ਹਾਂ ਨੇ ਵਿਅਕਤੀਗਤ ਤੌਰ ’ਤੇ ਸਦਾਚਾਰਕ ਜੀਵਨ-ਪੱਧਤੀ ਅਪਣਾਉਣ ਲਈ ਕਿਹਾ ਜਿਸ ਦਾ ਮੂਲ ਅਧਾਰ-ਸਮਾਜਿਕ ਨੈਤਿਕਤਾ ਹੈ।

ਨਿਮਰਤਾ:

ਮਨੁੱਖੀ ਆਚਰਣ ਅਤੇ ਮਹਾਨਤਾ ਦੀ ਸਰਵ-ਉੱਤਮ ਕਸਵੱਟੀ ਨਿਮਰਤਾ ਹੈ। ਇਸ ਨਾਲ ਆਦਮੀ ਇਹ ਲੋਕ ਅਤੇ ਪਰਲੋਕ ਦੋਹਾਂ ਵਿਚ ਹੀ ਸਤਿਕਾਰਤ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ’ ਕਹਿ ਕੇ ਨਿਮਰਤਾ ਵੱਲ ਸੰਕੇਤ ਕੀਤਾ ਹੈ। ਇਸ ਨਿਮਰਤਾ ਦੇ ਸਹਾਰੇ ਆਦਮੀ ਆਪਣੇ ਆਪ ਨੂੰ ਹਉਮੈ ਤੋਂ ਰਹਿਤ ਕਰ ਸਕਦਾ ਹੈ। ਇਹੋ ਈਸ਼ਵਰ ਪ੍ਰਾਪਤੀ ਦੀ ਪਹਿਲੀ ਸ਼ਰਤ ਹੈ। ਸੇਵਾ ਜਾਂ ਭਗਤੀ ਉਸ ਦੀ ਹੀ ਪ੍ਰਵਾਨ ਹੁੰਦੀ ਹੈ ਜਿਸ ਵਿਚ ਹਉਮੈ ਨਾ ਹੋਵੇ। ਨਿਮਰਤਾ ਮਨੁੱਖ ਨੂੰ ਉਦਾਰ ਬਣਾਉਂਦੀ ਹੈ। ਇਸ ਨਾਲ ਮੈਂ ਤੇ ਤੂੰ ਦਾ ਅੰਤਰ ਮਿਟ ਜਾਂਦਾ ਹੈ। ਆਪਣੇ ਪਰਾਏ ਦਾ ਭੇਦ-ਭਾਵ ਖਤਮ ਹੋ ਜਾਣ ਨਾਲ ਮਨੁੱਖਤਾ ਦਾ ਘੇਰਾ ਹੋਰ ਵੀ ਵਿਸ਼ਾਲ ਹੋ ਜਾਂਦਾ ਹੈ। ਜੇ ਇਹੋ ਭਾਵਨਾ ਮਨੁੱਖੀ ਸਮਾਜ ਵਿਚ ਘਰ ਕਰ ਜਾਵੇ ਤਾਂ ਫੇਰ ਕਾਲਪਨਿਕ ਸਵਰਗ ਲਈ ਲੋਕ ਨਹੀਂ ਭਟਕਣਗੇ। ਭਗਤ ਰਵਿਦਾਸ ਜੀ ਆਖਦੇ ਹਨ:

ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ॥ (ਪੰਨਾ 657)

ਅਹੰਕਾਰੀ ਮਨੁੱਖ ਆਪਣੇ ਆਪ ਨੂੰ ਸ੍ਰੇਸ਼ਠ ਮੰਨ ਕੇ ਦੂਜਿਆਂ ’ਤੇ ਜ਼ੁਲਮ ਕਰਦਾ ਹੈ। ਅਨਿਆਂ ਕਰਦਿਆਂ ਉਸ ਵਿੱਚੋਂ ਇਨਸਾਨੀਅਤ ਦੇ ਗੁਣ ਉਜਾਗਰ ਨਹੀਂ ਹੁੰਦੇ। ਇਸੇ ਲਈ ਭਗਤ ਰਵਿਦਾਸ ਜੀ ਨੇ ਆਪਾ ਤਿਆਗਣ ਲਈ ਕਿਹਾ ਹੈ। ਆਪਾ ਤਿਆਗ ਦੇਣ ਨਾਲ ਇਨਸਾਨ ਅੰਦਰ ਨਿਮਰਤਾ, ਮਿਠਤੁ, ਉਦਾਰਤਾ ਵਰਗੇ ਗੁਣ ਪੈਦਾ ਹੁੰਦੇ ਹਨ ਜਿਸ ਨਾਲ ਉਹ ਦੂਸਰੇ ਜੀਵਾਂ ਨੂੰ ਵੀ ਆਪਣੇ ਵਾਂਗ ਹੀ ਸਮਝਦਾ ਹੈ। ਭਗਤੀ ਦਾ ਮਹਾਤਮ ਵੀ ਇਹੋ ਹੈ।

ਉਦਾਰਤਾ:

ਮਹਾਨ ਲੋਕ ਦੂਜੇ ਦੀ ਪੀੜਾ ਨੂੰ ਆਪਣੀ ਪੀੜਾ ਸਮਝ ਕੇ ਉਨ੍ਹਾਂ ਦੇ ਦੁੱਖ ਵਿਚ ਸ਼ਰੀਕ ਹੁੰਦੇ ਹਨ। ਭਗਤ ਰਵਿਦਾਸ ਜੀ ਨੇ ਸਮਾਜ ਸੁਧਾਰ ਲਈ ਸਭ ਤੋਂ ਪਹਿਲਾਂ ਆਤਮਿਕ ਉੱਨਤੀ ’ਤੇ ਬਲ ਦਿੱਤਾ। ਉਨ੍ਹਾਂ ਬਾਣੀ ਰਾਹੀਂ ਮਨੁੱਖ ਨੂੰ ਆਪਾ ਸੁਧਾਰਨ ਲਈ ਪ੍ਰੇਰਿਆ। ਭਗਤ ਰਵਿਦਾਸ ਜੀ ਨੇ ਚੰਗੇ-ਮੰਦੇ ਅਤੇ ਦੋਸਤ-ਦੁਸ਼ਮਣ ਦਾ ਭੇਦ ਸਮਾਜ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਤਕ ਅਦ੍ਵੈਤ ਭਾਵਨਾ ਨਹੀਂ ਪਨਪਦੀ ਉਦੋਂ ਤਕ ਮਨੁੱਖ ਦੂਜੇ ਨੂੰ ਆਪਣਾ ਨਹੀਂ ਬਣਾ ਸਕਦਾ। ਇਸ ਲਈ ਇਹ ਜ਼ਰੂਰੀ ਹੈ ਕਿ ਆਪਣੀ ਦ੍ਰਿਸ਼ਟੀ ਸਾਫ ਰੱਖੀ ਜਾਵੇ ਅਤੇ ਸਾਰੇ ਸੰਸਾਰ ਨੂੰ ਹੀ ਇਕ ਪਰਵਾਰ ਮੰਨਿਆ ਜਾਵੇ। ਭਗਤ ਰਵਿਦਾਸ ਜੀ ਨੇ ਮਨੁੱਖ ਜਾਤੀ ਅੰਦਰ ਇੱਕੋ ਪਰਮਾਤਮਾ ਦੀ ਜੋਤ ਦੇ ਦਰਸ਼ਨ ਕੀਤੇ ਸਨ। ਉਨ੍ਹਾਂ ਨੇ ਮਨੁੱਖ ਨੂੰ ਪਛਾਣਨ ਲਈ ਮੇਰਾ ਅਤੇ ਤੇਰਾ ਦਾ ਅੰਤਰ ਦੂਰ ਕਰਨ ਲਈ ਕਿਹਾ। ਉਦਾਰਤਾ ਦਾ ਭਾਵ ਇਕ ਅਜਿਹਾ ਗੁਣ ਹੈ ਜਿਸ ਅੰਦਰ ਇਹ ਪੈਦਾ ਹੋ ਜਾਵੇ ਉਸ ਲਈ ਸਾਰੀ ਧਰਤੀ ਆਪਣੇ ਘਰ ਵਾਂਗ ਹੋ ਜਾਂਦੀ ਹੈ।

ਪਰਾਧੀਨਤਾ:

ਸਾਰੇ ਭਗਤਾਂ ਅਤੇ ਮਹਾਂਪੁਰਖਾਂ ਨੇ ਗ਼ੁਲਾਮ ਜ਼ਿੰਦਗੀ ਦੇ ਖ਼ਿਲਾਫ਼ ਅਵਾਜ਼ ਉਠਾਈ ਹੈ। ਕੋਈ ਵੀ ਇਨਸਾਨ ਗ਼ੁਲਾਮ ਪੈਦਾ ਨਹੀਂ ਹੁੰਦਾ ਫੇਰ ਦੂਜੇ ਇਨਸਾਨ ਨੂੰ ਕੀ ਹੱਕ ਹੈ ਕਿ ਉਸ ਨੂੰ ਗ਼ੁਲਾਮ ਬਣਾਵੇ। ਪਰਾਧੀਨ ਨੂੰ ਤਾਂ ਸੁਪਨੇ ਵਿਚ ਵੀ ਸੁਖ ਨਸੀਬ ਨਹੀਂ ਹੁੰਦਾ। ਪਰਾਧੀਨ ਆਦਮੀ ਦਾ ਜੀਵਨ ਤਾਂ ਪਸ਼ੂ ਤੋਂ ਵੀ ਬਦਤਰ ਹੁੰਦਾ ਹੈ। ਭਗਤ ਫਰੀਦ ਜੀ ਨੇ ਪਰਾਧਨੀਤਾ ਨੂੰ ਨਕਾਰਦਿਆਂ ਕਿਹਾ ਸੀ:

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥ (ਪੰਨਾ 1380)

ਇਸ ਪਰਾਧੀਨਤਾ ਦਾ ਭਗਤ ਰਵਿਦਾਸ ਜੀ ਨੇ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਹੈ। ਭਗਤ ਰਵਿਦਾਸ ਜੀ ਖੁਦ ਸੁਤੰਤਰ ਵਿਅਕਤੀਤਵ ਦੇ ਸੁਆਮੀ ਸਨ।

ਇਸ ਲਈ ਉਨ੍ਹਾਂ ਨੇ ਮਨੁੱਖ ਨੂੰ ਸੁਤੰਤਰ ਰਹਿਣ ਲਈ ਪ੍ਰੇਰਿਆ।

ਸਾਦਗੀ :

ਜੇ ਮਨੁੱਖ ਆਪਣੇ ਜੀਵਨ ਵਿਚ ਸਾਦਗੀ ਲੈ ਆਵੇ ਤਾਂ ਉਹ ਆਪਣੀਆਂ ਇੱਛਾਵਾਂ ’ਤੇ ਕਾਬੂ ਪਾ ਸਕਦਾ ਹੈ। ਸਮਾਜ ਦੇ ਦੂਜੇ ਲੋਕਾਂ ਵੱਲ ਵੇਖ ਕੇ ਆਪਣੇ ਮਨ ਨੂੰ ਵਿਚਲਿਤ ਕਰਨਾ ਆਪਣੇ ਆਪ ਨੂੰ ਦੁਖੀ ਕਰਨਾ ਹੈ। ਸਾਦਗੀ ਭਰੇ ਜੀਵਨ ਨਾਲ ਮਨੁੱਖ ਅੰਦਰ ਸਤਿ-ਸੰਤੋਖ ਪੈਦਾ ਹੁੰਦਾ ਹੈ ਜੋ ਕਿ ਮਾਨਸਿਕ ਸ਼ਾਂਤੀ ਲਈ ਅਤੀ ਜ਼ਰੂਰੀ ਹੈ। ਸਾਦਗੀ ਨਾਲ ਕੇਵਲ ਭਟਕਣ ਹੀ ਦੂਰ ਨਹੀਂ ਹੁੰਦੀ ਸਗੋਂ ਮਾਨਸਿਕ ਖੁਸ਼ੀ ਵੀ ਪ੍ਰਾਪਤ ਹੁੰਦੀ ਹੈ।

ਜੀਵਨ ਦੇ ਰਹਿਣ-ਸਹਿਣ ਅਤੇ ਵਿਚਾਰਾਂ ਦੀ ਸਾਦਗੀ ਨਾਲ ਹੀ ਮਨੁੱਖ ਆਪਣੇ ਮਨ ’ਤੇ ਕਾਬੂ ਪਾ ਸਕਦਾ ਹੈ ਜਿਸ ਨਾਲ ਸੱਚਾ ਸੁੱਖ ਪ੍ਰਾਪਤ ਕੀਤਾ ਜਾ ਸਕਦਾ ਹੈ। ਜੇ ਸਮੁੱਚਾ ਸਮਾਜ ਸਾਦਗੀ ਅਪਣਾ ਲਏ ਤਾਂ ਇਸ ਧਨ ਦੀ ਦੌੜ ਨੂੰ ਵੀ ਠੱਲ ਪਾਈ ਜਾ ਸਕਦੀ ਹੈ।

ਸਾਧਸੰਗਤਿ:

ਪੁਰਾਤਨ ਕਾਲ ਤੋਂ ਹੀ ਸਤਿਸੰਗ ਦਾ ਮਹੱਤਵ ਦੱਸਿਆ ਗਿਆ ਹੈ। ਸੱਜਣ ਪੁਰਖਾਂ ਦੀ ਸੰਗਤ ਨਾਲ ਮਨੁੱਖ ਅੰਦਰ ਸਦਗੁਣਾਂ ਦਾ ਵਿਕਾਸ ਹੁੰਦਾ ਹੈ। ਇਸ ਨਾਲ ਮਨੁੱਖ ਸੁਖ ਅਤੇ ਸੰਤੋਖ ਪ੍ਰਾਪਤ ਕਰਦਾ ਹੈ। ਭਗਤ ਰਵਿਦਾਸ ਜੀ ਨੇ ਵੀ ਸਤਿਸੰਗ ਤੋਂ ਬਿਨਾਂ ਹਿਰਦੇ ਅੰਦਰ ਭਾਵਨਾ ਅਰਥਾਤ ਸ਼ਰਧਾ ਭਾਵ ਉਤਪੰਨ ਹੋਣਾ ਮੁਸ਼ਕਲ ਦੱਸਿਆ ਹੈ। ਭਗਤ ਰਵਿਦਾਸ ਜੀ ਫ਼ਰਮਾਉਂਦੇ ਹਨ:

ਸਾਧਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ॥ (ਪੰਨਾ 694)

ਉਨ੍ਹਾਂ ਨੇ ਦੁਰਜਨਾਂ ਦੀ ਸੰਗਤ ਤੋਂ ਬਚਣ ਲਈ ਅਤੇ ਸੱਜਣਾਂ ਦੀ ਸੰਗਤ ਕਰਨ ਲਈ ਕਈ ਉਦਾਹਰਨ ਪੇਸ਼ ਕੀਤੇ ਹਨ।

ਸਮਤਾ:

ਭਗਤੀ ਲਹਿਰ ਦੀ ਇਕ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਇਸ ਸਮੇਂ ਲੱਗਭਗ ਸਾਰੇ ਭਗਤਾਂ ਨੇ ਸਮਾਜਿਕ ਤੌਰ ’ਤੇ ਪੱਛੜੇ ਵਰਗਾਂ ਨੂੰ ਉਨ੍ਹਾਂ ਦੇ ਬਰਾਬਰੀ ਦੇ ਹੱਕ ਦਿਵਾਉਣ ਲਈ ਕੜਾ ਸੰਘਰਸ਼ ਕੀਤਾ। ਜਾਤ-ਪਾਤ ਦੇ ਬੰਧਨਾਂ ਨੂੰ ਖਤਮ ਕਰ ਕੇ ਸਾਰੇ ਜੀਵਾਂ ਵਿਚ ਇੱਕੋ ਉਸ ਪਰਮ ਪਿਤਾ ਪਰਮਾਤਮਾ ਦੀ ਜੋਤ ਹੋਣ ਦਾ ਅਹਿਸਾਸ ਕਰਵਾਇਆ। ਉਹ ਗਰੀਬ-ਨਿਵਾਜ ਪਰਮਾਤਮਾ ਜਿਸ ਨੂੰ ਵੀ ਚਾਹੇ ਆਪਣੀ ਇੱਛਾ ਅਨੁਸਾਰ ਉੱਚਾ ਕਰ ਸਕਦਾ ਹੈ:

ਐਸੀ ਲਾਲ ਤੁਝ ਬਿਨੁ ਕਉਨੁ ਕਰੈ॥
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ॥1॥ ਰਹਾਉ॥
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ॥
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥1॥ (ਪੰਨਾ 1106)

ਸਦਾਚਾਰ:

ਭਗਤ ਰਵਿਦਾਸ ਜੀ ਖੁਦ ਸਾਦਾ ਜੀਵਨ ਅਤੇ ਉੱਚ ਵਿਚਾਰ ਦੀ ਅਦੁੱਤੀ ਮਿਸਾਲ ਸਨ। ਉਨ੍ਹਾਂ ਨੇ ਆਪਣੀ ਜੀਵਨ ਸ਼ੈਲੀ ਰਾਹੀਂ ਲੋਕਾਂ ਦਾ ਮਾਰਗ ਦਰਸ਼ਨ ਕੀਤਾ। ਉਨ੍ਹਾਂ ਦੀ ਕਥਨੀ ਅਤੇ ਕਰਨੀ ਸਮਾਨ ਸੀ। ਆਪਣੇ ਜੀਵਨ ਨੂੰ ਸਦਾਚਾਰ ਦੇ ਢਾਂਚੇ ਵਿਚ ਢਾਲ ਕੇ ਸਮਾਜ ਨੂੰ ਸਦਾਚਾਰਕ ਸੇਧ ਦੇਣਾ ਉਨ੍ਹਾਂ ਦੇ ਜੀਵਨ ਦਾ ਮੂਲ ਮੰਤਵ ਸੀ। ਉਨ੍ਹਾਂ ਨੇ ਕਰਮਮਈ ਜੀਵਨ ਦੀ ਪ੍ਰੇਰਨਾ ਦਿੱਤੀ। ਕਰਮ ਕਰਨ ਨਾਲ ਸ਼ਕਤੀ ਮਿਲਦੀ ਹੈ ਅਤੇ ਸ਼ਕਤੀ ਨਾਲ ਹਰ ਕੰਮ ਸਫਲ ਹੁੰਦਾ ਹੈ। ਕਰਮ ਕਰਨ ਵਾਲੇ ਵਿਅਕਤੀ ਦਾ ਸਨਮਾਨ ਹੁੰਦਾ ਹੈ ਅਤੇ ਉਸ ਦਾ ਆਚਰਣ ਪਵਿੱਤਰ ਹੋ ਜਾਂਦਾ ਹੈ। ਜੇ ਸਾਰੇ ਮਨੁੱਖ ਆਪੋ-ਆਪਣੇ ਕਰਮ ਵਿਚ ਲੀਨ ਹੋ ਜਾਣ ਤਾਂ ਇਕ ਸਦਾਚਾਰਕ-ਸਮਾਜ ਦੀ ਕਲਪਨਾ ਦਾ ਸੁਪਨਾ ਸਕਾਰ ਹੋ ਸਕਦਾ ਹੈ।

ਮਾਨਵਤਾਵਾਦੀ:

ਮਾਨਵਤਾਵਾਦੀ ਦ੍ਰਿਸ਼ਟੀ ਰੱਖਣਾ ਹਰ ਮਨੁੱਖ ਦੇ ਵੱਸ ਦੀ ਗੱਲ ਨਹੀਂ। ਸੁਆਰਥਾਂ ਵਿਚ ਘਿਰੇ ਹੋਣ ਕਾਰਨ ਹਰ ਆਦਮੀ ਆਪਣਾ ਹੀ ਹਿਤ ਸੋਚਦਾ ਹੈ। ਇਸ ਲਈ ਮਾਨਵ-ਪ੍ਰੇਮ ਦਾ ਘੇਰਾ ਹੋਰ ਸੌੜਾ ਹੋ ਜਾਂਦਾ ਹੈ। ਦੋਸਤੀ-ਦੁਸ਼ਮਣੀ ਵਿਚ ਬਦਲ ਜਾਂਦੀ ਹੈ। ਪਰ ਭਗਤ ਰਵਿਦਾਸ ਜੀ ਤਾਂ ਦੁਸ਼ਮਣੀ ਤੋਂ ਦੋਸਤੀ ਵੱਲ ਪ੍ਰੇਰਦੇ ਹਨ। ਇਸੇ ਲਈ ਉਨ੍ਹਾਂ ਦੀ ਬਾਣੀ ਵਿਚ ਮਾਨਵਤਾਵਾਦੀ ਦ੍ਰਿਸ਼ਟੀ ਉਪਲਬਧ ਹੁੰਦੀ ਹੈ। ਮਾਨਵਤਾਵਾਦ ਹੀ ਇਕ ਅਜਿਹਾ ਸਾਧਨ ਹੋ ਸਕਦਾ ਹੈ ਜੋ ਇਕ ਅਜਿਹੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ ਜੋ ਸਦਾਚਾਰ ਜਾਂ ਨੈਤਿਕਤਾ ਦੀ ਨੀਂਹ ’ਤੇ ਉਸਾਰਿਆ ਗਿਆ ਹੋਵੇ।

ਮਿਹਨਤ:

ਭਗਤ ਰਵਿਦਾਸ ਜੀ ਨੇ ਹਰ ਮਨੁੱਖ ਨੂੰ ਮਿਹਨਤ ਕਰਨ ਲਈ ਪ੍ਰੇਰਿਆ।ਉਨ੍ਹਾਂ ਨੇ ‘ਕੰਮ ਹੀ ਪੂਜਾ ਹੈ’ ਦੇ ਪ੍ਰਸੰਗ ਕਰਨ ਲਈ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਮਿਹਨਤ ਨੂੰ ਪਾਪ-ਪੁੰਨ ਨਾਲ ਜੋੜ ਕੇ ਮਿਹਨਤ ਨੂੰ ਨੇਕ ਕਮਾਈ ਦੱਸ ਕੇ ਇਸ ਰਾਹੀਂ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਮਾਰਗ ਦਰਸਾਇਆ। ਉਨ੍ਹਾਂ ਨੇ ‘ਮਿਹਨਤ ਕਰਨ’ ਨੂੰ ਇਕ ਸੰਦੇਸ਼ ਜਾਂ ਉਪਦੇਸ਼ ਦੇ ਤੌਰ ’ਤੇ ਹੀ ਨਹੀਂ ਸਗੋਂ ਖੁਦ ਸਾਰੀ ਉਮਰ ਸਖ਼ਤ ਮਿਹਨਤ ਕਰ ਕੇ ਜੁੱਤੀਆਂ ਗੰਢ ਕੇ ਆਪਣਾ ਗੁਜ਼ਾਰਾ ਕੀਤਾ ਅਤੇ ਸਮਾਜਿਕ ਨੈਤਿਕਤਾ ਨੂੰ ਮੱਦੇ ਨਜ਼ਰ ਰੱਖਦਿਆਂ ਸਮਾਜ ਦੀ ਆਰਥਿਕਤਾ ਨੂੰ ਵੀ ਮਜ਼ਬੂਤ ਕੀਤਾ। ਭਗਤੀ ਮਾਰਗ ਦੇ ਲੱਗਭਗ ਸਾਰੇ ਭਗਤਾਂ ਨੇ ਮਿਹਨਤ ਕਰਦਿਆਂ ਹੀ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਅਤੇ ਮਿਹਨਤ ਸਦਕਾ ਹੀ ਉਸ ਨੂੰ ਖੁਸ਼ ਕੀਤਾ।

ਪ੍ਰੇਮ :

ਪ੍ਰੇਮ ਮਾਨਵ ਹਿਰਦੇ ਅੰਦਰ ਇਕ ਅਜਿਹੀ ਭਾਵਨਾ ਹੈ ਜਿਸ ਨਾਲ ਵੱਡੇ- ਛੋਟੇ, ਅਮੀਰ, ਗਰੀਬ ਦਾ ਅੰਤਰ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ। ਪ੍ਰੇਮ ਦੀ ਝਲਕ ਨਾਲ ਹੀ ਪਾਪੀ ਪਾਪ ਮੁਕਤ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਪ੍ਰੇਮ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਮੰਨਿਆ ਹੈ। ਪ੍ਰਭੂ ਨੂੰ ਵੀ ਇਸ ਪ੍ਰੇਮ ਦੇ ਬੰਧਨ ਵਿਚ ਬੰਨ੍ਹਿਆ ਜਾ ਸਕਦਾ ਹੈ:

ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ॥ (ਪੰਨਾ 658)

ਜੇਕਰ ਪ੍ਰਭੂ ਨੂੰ ਇਸ ਪ੍ਰੇਮ ਬੰਧਨ ਵਿਚ ਬੰਨਿਆ ਜਾ ਸਕਦਾ ਹੈ ਤਾਂ ਫੇਰ ਇਨਸਾਨ ਨੂੰ ਤਾਂ ਇਸ ਨਾਲ ਸਹਿਜੇ ਹੀ ਵੱਸ ਵਿਚ ਕੀਤਾ ਜਾ ਸਕਦਾ ਹੈ। ਇਸ ਪ੍ਰੇਮ ਨਾਲ ਹੀ ਤਾਂ ਵੈਰ ਵਿਰੋਧ ਦੂਰ ਕਰ ਕੇ ਇਕ ਆਦਰਸ਼ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਪ੍ਰੇਮ ਇਕ ਅਜਿਹਾ ਸਾਧਨ ਹੈ ਜਿਸ ਨਾਲ ਕਠੋਰ ਤੋਂ ਕਠੋਰ ਹਿਰਦੇ ਨੂੰ ਵੀ ਪਿਘਲਾਇਆ ਜਾ ਸਕਦਾ ਹੈ। ਭਗਤ ਰਵਿਦਾਸ ਜੀ ਅਨੁਸਾਰ ਜੋ ਪਦਵੀ ਜੋਗੀ ਲੋਕ ਸਾਲਾਂ ਬੱਧੀ ਤਪੱਸਿਆ ਕਰ ਕੇ ਪ੍ਰਾਪਤ ਨਹੀਂ ਕਰ ਸਕਦੇ ਉਹ ਭਗਤ ਜਨ ਪ੍ਰੇਮ ਰਾਹੀਂ ਸਹਿਜੇ ਹੀ ਪ੍ਰਾਪਤ ਕਰ ਲੈਂਦੇ ਹਨ:

ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ॥
ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ॥ (ਪੰਨਾ 346)

ਭਗਤ ਜੀ ਫ਼ਰਮਾਉਂਦੇ ਹਨ ਕਿ ਪ੍ਰਭੂ ਤਾਂ ਭਗਤਾਂ ਦੇ ਪ੍ਰੇਮ ਦਾ ਭੁੱਖਾ ਹੈ। ਭਗਤ ਰਵਿਦਾਸ ਜੀ ਨੇ ਪ੍ਰੇਮ ਦੇ ਬਲ ਨਾਲ ਹੀ ਪਰਮਾਤਮਾ ਨੂੰ ਪਾ ਲਿਆ। ਜੇ ਰੱਬ ਪ੍ਰੇਮ ਨਾਲ ਵੱਸ ਵਿਚ ਹੋ ਸਕਦਾ ਹੈ ਤੇ ਫੇਰ ਇਨਸਾਨ ਕਿਉਂ ਨਹੀਂ ਹੋ ਸਕਦਾ।

ਮੋਹ-ਮਾਇਆ:

ਭਾਵੇਂ ਭਗਤ ਰਵਿਦਾਸ ਜੀ ਨੇ ਭਗਤੀ ਨਾਲ ਆਪਣੇ ਮਨ ਨੂੰ ਪਰਮਾਤਮਾ ਨਾਲ ਜੋੜ ਲਿਆ ਸੀ। ਪਰ ਉਨ੍ਹਾਂ ਸੰਸਾਰਿਕ ਜ਼ਿੰਮੇਵਾਰੀਆਂ ਤੋਂ ਕਦੇ ਵੀ ਮੂੰਹ ਨਹੀਂ ਸੀ ਮੋੜਿਆ। ਉਹ ਪੂਰਨ ਬ੍ਰਹਮ ਗਿਆਨੀ ਸਨ ਅਤੇ ਉਨ੍ਹਾਂ ਨੇ ਸਦਾ ਪਰਵਾਰਿਕ ਜੀਵਨ ਦੀ ਵਿਸ਼ੇਸ਼ਤਾ ਨੂੰ ਪ੍ਰਵਾਨ ਕੀਤਾ ਹੈ। ਇਹ ਠੀਕ ਹੈ ਕਿ ਉਹ ਮਾਇਆ ਜਾਲ ਵਿਚ ਲਿਪਤ ਨਹੀਂ ਹੋਏ। ਕਮਲ ਵਾਂਗ ਇਸ ਸੰਸਾਰ ਰੂਪੀ ਸਾਗਰ ਦੀਆਂ ਲਹਿਰਾਂ ਤੋਂ ਸਦਾ ਉਚੇਰੇ ਤੇ ਅਛੂਹ ਰਹੇ ਹਨ।

ਸਮਾਜ ਅੰਦਰ ਅਸਥਿਰਤਾ ਉਦੋਂ ਆਉਂਦੀ ਹੈ ਜਦੋਂ ਸਾਰੇ ਲੋਕ ਧਨ ਇਕੱਠਾ ਕਰਨ ਦੀ ਲਾਲਸਾ ਕਾਰਨ ਪਰਮਾਤਮਾ ਨੂੰ ਭੁੱਲ ਜਾਂਦੇ ਹਨ। ਮਿਹਨਤ ਕਰਨ ਵਾਲਾ ਆਪਣਾ ਹੱਕ ਮੰਗਦਾ ਹੈ ਪਰ ਧਨ ਦਾ ਲੋਭ ਸਾਰਾ ਧਨ ਸਮੇਟ ਲੈਂਦਾ ਹੈ। ਮੋਹ ਕਾਰਨ ਹੀ ਅਜਿਹੀ ਸਥਿਤੀ ਪੈਦਾ ਹੁੰਦੀ ਹੈ। ਜੇਕਰ ਸਾਰੇ ਇਨਸਾਨ ਪ੍ਰਭੂ ਪ੍ਰੇਮ ਦੀ ਛੁਰੀ ਨਾਲ ਇਸ ਮਾਇਆ ਮੋਹ ਦੀ ਰੱਸੀ ਨੂੰ ਕੱਟ ਦੇਣ ਤਾਂ ਸ਼ਾਇਦ ਅਜਿਹੀ ਸਥਿਤੀ ਪੈਦਾ ਨਾ ਹੋਵੇ। ਭਗਤੀ ਕਾਰਨ ਸਤਿ-ਸੰਤੋਖ ਅਜਿਹੇ ਗੁਣ ਪੈਦਾ ਹੋ ਜਾਂਦੇ ਹਨ। ਸਾਰੇ ਪਦਾਰਥ ਉਸ ਲਈ ਵਿਅਰਥ ਹੋ ਜਾਂਦੇ ਹਨ। ਉਸ ਨੂੰ ਪ੍ਰਭੂ ਪ੍ਰੇਮ ਅੱਗੇ ਸਾਰੀਆਂ ਵਸਤਾਂ ਫਿੱਕੀਆਂ ਨਜ਼ਰ ਆਉਂਦੀਆਂ ਹਨ। ਭਗਤ ਤਾਂ ਸਿਰਫ ਪ੍ਰਭੂ ਪ੍ਰੇਮ ਦੀ ਹੀ ਇੱਛਾ ਰੱਖਦਾ ਹੈ। ਪਿਆਰ ਕੁਝ ਮੰਗਦਾ ਨਹੀਂ ਸਗੋਂ ਦਿੰਦਾ ਹੈ। ਪਿਆਰ ਤਾਂ ਆਪਾ ਵੀ ਲੁਟਾ ਦਿੰਦਾ ਹੈ:

ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ॥
ਪ੍ਰੇਮੁ ਜਾਇ ਤਉ ਡਰਪੈ ਤੇਰੋ ਜਨੁ॥ (ਪੰਨਾ 486)

ਭਗਤ ਰਵਿਦਾਸ ਜੀ ਦੀ ਸਮੁੱਚੀ ਬਾਣੀ ਸਮਾਜਿਕਤਾ ਦੇ ਧਰਾਤਲ ’ਤੇ ਮਨੁੱਖੀ ਕਦਰਾਂ-ਕੀਮਤਾਂ ਨਾਲ ਸੰਜੋਈ ਹੋਈ ਹੈ। ਇਹ ਬਾਣੀ ਭਗਤ ਰਵਿਦਾਸ ਜੀ ਅਨੁਭਵ ਅਤੇ ਚਿੰਤਨ ਦਾ ਇਕ ਅਜਿਹਾ ਦੀਪਕ ਹੈ ਜੋ ਸਮਾਜ ਵਿਚ ਫੈਲੀ ਅਨੈਤਿਕਤਾ ਦੇ ਘੋਰ ਹਨ੍ਹੇਰੇ ਨੂੰ ਦੂਰ ਕਰਦਾ ਹੈ। ਭਗਤ ਰਵਿਦਾਸ ਜੀ ਨੇ ਆਪਣੇ ਸਮੇਂ ਦੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਕਿਸੇ ਕੱਟੜ ਸਿਧਾਂਤ ਨੂੰ ਨਹੀਂ ਅਪਣਾਇਆ ਸਗੋਂ ਨਿਮਰਤਾ, ਪਰਉਪਕਾਰ, ਤਿਆਗ, ਸੰਤੋਖ, ਉਦਾਰਤਾ, ਸਮਤਾ, ਸਦਾਚਾਰ, ਮਿਹਨਤ, ਪ੍ਰੇਮ, ਦਇਆ ਵਰਗੇ ਨੈਤਿਕ ਗੁਣਾਂ ਦੀ ਸਥਾਪਨਾ ਕਰ ਕੇ ਆਪਣੀ ਮਧੁਰ ਬਾਣੀ ਰਾਹੀਂ ਲੋਕਾਂ ਦੇ ਤਪਦੇ ਦਿਲਾਂ ਨੂੰ ਠਾਰਨ ਦਾ ਸਫਲ ਯਤਨ ਕੀਤਾ। ਉਨ੍ਹਾਂ ਦਾ ਆਪਣਾ ਜੀਵਨ ਇਕ ਆਦਰਸ਼ ਅਤੇ ਨੈਤਿਕਤਾ ਪੂਰਨ ਸੀ। ਉਨ੍ਹਾਂ ਨੇ ਕਦੇ ਵੀ ਆਪਣੇ ਜੀਵਨ ਵਿਚ ਕਰਨੀ ਤੇ ਕਥਨੀ ਦਾ ਅੰਤਰ ਨਹੀਂ ਲਿਆਂਦਾ। ਉਨ੍ਹਾਂ ਦੀ ਬਾਣੀ ਵਿਚ ਸਥਾਪਿਤ ਸਮਾਜਿਕ ਨੈਤਿਕਤਾ ਅੱਜ ਵੀ ਉਨ੍ਹੀ ਹੀ ਮਹੱਤਵਪੂਰਨ ਹੈ ਜਿੰਨੀ ਉਨ੍ਹਾਂ ਦੇ ਆਪਣੇ ਸਮੇਂ ਵਿਚ ਸੀ। ਅੱਜ ਦੇ ਭਟਕੇ ਹੋਏ ਮਨੁੱਖ ਨੂੰ ਸਮਾਜਿਕ ਨੈਤਿਕਤਾ ਦੀ ਸੋਝੀ ਕਰਾਉਣ ਲਈ ਭਗਤ ਰਵਿਦਾਸ ਜੀ ਦੀ ਬਾਣੀ ਸਰਵ-ਸਮਰੱਥ ਹੈ। ਅੱਜ ਦੇ ਭ੍ਰਿਸ਼ਟਾਚਾਰ, ਜਾਤੀਵਾਦ, ਭਾਸ਼ਾਵਾਦ, ਸੰਪ੍ਰਦਾਇਕ ਅਤੇ ਹਿੰਸਾਵਾਦ ਦੇ ਯੁੱਗ ਵਿਚ ਭਗਤ ਰਵਿਦਾਸ ਜੀ ਦੀ ਬਾਣੀ ਆਪਣੇ ਯੁੱਗ ਤੋਂ ਵੀ ਵਧੇਰੇ ਸਮਾਜਿਕ ਨੈਤਿਕਤਾ ਦੀ ਸਾਰਥਿਕਤਾ ਸਿੱਧ ਕਰਦੀ ਹੈ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਡਾ. ਨਿਰਮਲ ਕੋਸ਼ਿਕ

ਡਾ.ਨਿਰਮਲ ਕੌਸ਼ਿਕ ਪੰਜਾਬੀ ਅਤੇ ਹਿੰਦੀ ਦੇ ਪ੍ਰਸਿੱਧ ਵਿਦਵਾਨ ਅਤੇ ਸਾਹਿਤਕਾਰ ਹਨ । ਉਨ੍ਹਾਂ ਨੇ ਹੁਣ ਤੱਕ ਕਰੀਬ 61 ਪੁਸਤਕਾਂ ਦੀ ਰਚਨਾ ਕਰਕੇ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਨਾਲ ਨਾਲ ਸਮਾਜ-ਸੇਵਾ ਦੇ ਖੇਤਰ ਵਿੱਚ ਵੀ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਬਹੁਮੁੱਲਾ ਯੋਗਦਾਨ ਪਾਇਆ ਹੈ ।  ਉਹ ਸਿਰਫ ਕਿਤਾਬਾਂ ਲਿਖਦੇ ਹਨ ਅਤੇ ਲਾਇਬ੍ਰੇਰੀਆਂ ਨੂੰ ਕਿਤਾਬਾਂ ਭੇਂਟ ਕਰਦੇ ਹਨ ।

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)