‘ਵਿੱਦਿਆ ਦਾ ਸੰਕਲਪ’ ਬਹੁਤ ਮਹਤੱਵਪੂਰਨ ਵਿਸ਼ਾ ਹੈ। ਬੇਸ਼ੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿੱਦਿਆ ਨਾਲ ਸੰਬਧਿਤ ਵਿਚਾਰ ਸਿੱਧੇ ਤੌਰ ’ਤੇ ਨਹੀਂ ਦਿੱਤੇ ਹੋਏ ਫਿਰ ਵੀ ਗੁਰਬਾਣੀ ਦਾ ਡੂੰਘਾਈ ਨਾਲ ਅਧਿਐਨ ਕੀਤਿਆਂ ਸਾਨੂੰ ਅਨੇਕਾਂ ਤੁਕਾਂ ਅਜਿਹੀਆਂ ਮਿਲ ਜਾਂਦੀਆਂ ਹਨ ਜਿਨ੍ਹਾਂ ਵਿਚ ਵਿੱਦਿਆ ਦੇ ਅਨੇਕਾਂ ਪੱਖਾਂ ’ਤੇ ਰੋਸ਼ਨੀ ਪਾਈ ਗਈ ਹੈ। ਵਿਸ਼ੇਸ਼ ਤੌਰ ’ਤੇ ‘ਦਖਣੀ ਓਅੰਕਾਰ’ ਬਾਣੀ ਵਿਚ ਅਤੇ ਤਿੰਨ ਵਿਸ਼ੇਸ਼ ਬਾਣੀਆਂ, ਜਿਨ੍ਹਾਂ ਵਿਚ ਵਰਣਮਾਲਾ ਦੀ ਕ੍ਰਮਵਾਰ ਕਾਵਿ-ਮਈ ਵਿਆਖਿਆ ਕੀਤੀ ਹੋਈ ਹੈ, ਵਿਚ ‘ਵਿੱਦਿਆ’ ਨਾਲ ਸੰਬੰਧਿਤ ਗੰਭੀਰ ਚਰਚਾ ਕੀਤੀ ਹੋਈ ਹੈ। ਇਹ ਬਾਣੀਆਂ ਹਨ ‘ਮਹਲਾ 1 ਪਟੀ ਲਿਖੀ’, ‘ਮਹਲਾ 3 ਪਟੀ’ ਤੇ ‘ਬਾਵਨ ਅਖਰੀ ਕਬੀਰ ਜੀਉ ਕੀ’ ਹੱਥਲੇ ਲੇਖ ਵਿਚ (ਗੁਰਬਾਣੀ ਦੀ ਰੋਸ਼ਨੀ ਵਿਚ) ‘ਵਿੱਦਿਆ ਦਾ ਮਹੱਤਵ’, ‘ਵਿੱਦਿਆ ਦਾ ਮਨੋਰਥ’, ‘ਵਿੱਦਿਆ-ਦਾਤਾ ਸਤਿਗੁਰੂ’ ਤੇ ‘ਵਿਦਵਾਨ ਦੇ ਲੱਛਣ’ ਸਿਰਲੇਖਾਂ ਅਧੀਨ ਵਿਚਾਰ ਕੀਤੀ ਜਾ ਰਹੀ ਹੈ।
ਵਿੱਦਿਆ ਦਾ ਮਹੱਤਵ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿੱਦਿਆ ਦੇ ਮਹੱਤਵ ਨੂੰ ਪ੍ਰਵਾਨ ਕੀਤਾ ਗਿਆ ਹੈ। ਵਿੱਦਿਆ ਪ੍ਰਕਾਸ਼ ਹੈ ਅਤੇ ਅਵਿੱਦਿਆ ਹਨੇਰਾ। ਹਨੇਰਾ ਓਨਾ ਚਿਰ ਰਹਿੰਦਾ ਹੈ, ਜਿੰਨਾ ਚਿਰ ਪ੍ਰਕਾਸ਼ ਨਹੀਂ ਹੋ ਜਾਂਦਾ (ਉਂਜ ਹਨੇਰੇ ਦੀ ਆਪਣੀ ਕੋਈ ਹੋਂਦ ਨਹੀਂ ਮੰਨੀ ਗਈ)। ਵਿੱਦਿਆ-ਹੀਣ ਮਨੁੱਖ ਅਗਿਆਨਤਾ ਰੂਪੀ ਹਨੇਰੇ ਅੰਦਰ ਭਟਕਦਾ ਹੋਇਆ ਬੇਚੈਨ ਰਹਿੰਦਾ ਹੈ ਤੇ ਜ਼ਿੰਦਗੀ ਵਿਚ ਠੋਕਰਾਂ ਖਾਂਦਾ ਹੈ ਕਿਉਂਕਿ ਉਹ ਵਿੱਦਿਆ- ਗਿਆਨ ਤੋਂ ਬਿਨਾ ਨੇਕੀ-ਬਦੀ, ਚੰਗਾ-ਮੰਦਾ, ਪੁੰਨ-ਪਾਪ, ਸਹੀ-ਗਲਤ, ਆਦਿ ਪਹਿਲੂਆਂ ਵਿਚਕਾਰ ਅੰਤਰ ਕਰਨ ਦੇ ਸਮਰੱਥ ਨਹੀਂ ਹੁੰਦਾ। ਇਸੇ ਲਈ ਗੁਰਬਾਣੀ ਵਿਚ ਮਨੁੱਖ ਨੂੰ ਵਿੱਦਿਆ ਦੁਆਰਾ ਪਹਿਲਾਂ ਆਪਣੇ ਆਪ ਨੂੰ ਪ੍ਰਕਾਸ਼ਮਾਨ ਕਰਨ ਅਤੇ ਫਿਰ ਵਿੱਦਿਆ ਫੈਲਾਉਣ ਦੇ ਉਦੇਸ਼ ਨਾਲ ਪਰਉਪਕਾਰੀ ਜੀਵ ਬਣ ਕੇ ਦੂਜਿਆਂ ਨੂੰ ਵਿੱਦਿਆ ਗ੍ਰਹਿਣ ਕਰਨ ਵਿਚ ਸਹਾਈ ਹੋਣ ਦੀ ਪ੍ਰੇਰਨਾ ਦਿੱਤੀ ਗਈ ਹੈ। ਗੁਰੂ ਜੀ ਦਾ ਫੁਰਮਾਨ ਹੈ:
ਵਿਦਆ ਵੀਚਾਰੀ ਤਾਂ ਪਰਉਪਕਾਰੀ॥ (ਪੰਨਾ 356)
ਸ੍ਰੀ ਗੁਰੂ ਅਰਜਨ ਦੇਵ ਜੀ ਨੇ “ਬਿਨੁ ਬਿਦਆ ਕਹਾ ਕੋਈ ਪੰਡਿਤ” ਕਥਨ ਦੁਆਰਾ ਮਨੁੱਖ ਦੇ ਜਨਮ ਤੋਂ ਵਿਦਵਾਨ ਹੋਣ ਦੇ ਵਿਚਾਰ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ਭਗਤ ਕਬੀਰ ਜੀ ਨੇ ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਲਈ ਗਿਆਨ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ ਹੈ ਕਿਉਂਕਿ (ਚੰਗਾ) ਮੁਸਲਮਾਨ ਉਸ ਨੂੰ ਸਮਝਿਆ ਜਾਂਦਾ ਹੈ ਜੋ ਤਰੀਕਤ ਵਿਚ ਲੱਗਾ ਹੋਵੇ, ਅਤੇ (ਚੰਗਾ) ਹਿੰਦੂ ਉਸ ਨੂੰ ਜੋ ਵੇਦਾਂ ਤੇ ਪੁਰਾਣਾਂ ਦੀ ਖੋਜ ਕਰਦਾ ਹੋਵੇ:
ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ॥
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ॥ (ਪੰਨਾ 340)
ਸੰਸਾਰਿਕ ਪੱਖੋਂ, ਮਨੁੱਖ ਲਈ ਵਿੱਦਿਆ ਦਾ ਮਹੱਤਵ ਹਰ ਕਾਲ ਵਿਚ ਰਿਹਾ ਹੈ ਅਤੇ ਸਮੁੱਚੇ ਵਿੱਦਿਆ ਦੀ ਮਹਤੱਤਾ ਨੂੰ ਪ੍ਰਵਾਨ ਕੀਤਾ ਗਿਆ ਹੈ। ਵਿੱਦਿਆ ਪ੍ਰਾਪਤ ਕਰਨ ਦੇ ਸਮਰੱਥ ਹੋਣ ਕਾਰਨ ਹੀ ਮਨੁੱਖ ਨੂੰ ਬ੍ਰਹਿਮੰਡ ਦੇ ਸਮੂਹ ਪ੍ਰਾਣੀਆਂ ਤੋਂ ਸਰਬ-ਉੱਚ ਦਰਜਾ ਹਾਸਲ ਹੈ। ਡਾ. ਕੁਲਦੀਪ ਸਿੰਘ ਲਿਖਦੇ ਹਨ, “ਅਜੋਕਾ ਕਾਲ ਵਿਿਗਆਨ ਦਾ ਕਾਲ ਮੰਨਿਆ ਜਾਂਦਾ ਹੈ। ਇਸ ਕਾਲ ਵਿਚ ਵਿੱਦਿਆ ਦੇ ਪਸਾਰੇ ਨਾਲ ਜੋ ਗਿਆਨ-ਵਿਿਗਆਨ ਦੇ ਖੇਤਰ ਵਿਚ ਪ੍ਰਗਤੀ ਹੋਈ ਹੈ, ਉਹ ਪਹਿਲਾਂ ਕਿਸੇ ਕਾਲ ਵਿਚ ਨਹੀਂ ਹੋਈ। ਜੇ ਇਸ ਵਿਚਾਰ ਦੇ ਸੰਦਰਭ ਵਿਚ ਅਤੀਤ ਨੂੰ ਵਿਚਾਰੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਗਿਆਨ ਕਿਸੇ ਕਾਲ ਵਿਚ ਵੀ ਸੀਮਤ ਨਹੀਂ ਰਿਹਾ। ਗਿਆਨ ਉਹ ਵਸੀਹ ਤੇ ਅਸੀਮਤ ਖਜ਼ਾਨਾ ਹੈ, ਇਸ ਨੂੰ ਜਿੰਨਾ ਫਰੋਲਿਆ ਜਾਵੇ ਉਨਾਂ ਹੀ ਇਹ ਖੋਜੀ ਨੂੰ ਅੱਗੇ ਵਧਣ ਲਈ ਪ੍ਰੇਰਣਾ ਦਿੰਦਾ ਹੈ। ਹਰ ਕਾਲ ਦਾ ਖੋਜੀ ਗਿਆਨ ਦੇ ਪਸਾਰੇ ਨਾਲ ਕੁਦਰਤ ਦੇ ਖਜ਼ਾਨੇ ਨੂੰ ਵੱਧ ਤੋਂ ਵੱਧ ਫਰੋਲਣ ਲਈ ਉਤਸ਼ਾਹਤ ਹੁੰਦਾ ਰਿਹਾ ਹੈ। ਮਨੁੱਖ ਲਈ ਵਿੱਦਿਆ ਅਜਿਹਾ ਵਡਮੁੱਲਾ ਧਨ ਹੈ ਜਿਨ੍ਹਾਂ ਕੋਈ ਇਸ ਨੂੰ ਖਰਚ ਕਰੇ ਉਨ੍ਹਾਂ ਹੀ ਇਹ ਵਧਦਾ ਜਾਂਦਾ ਹੈ। ਵਿੱਦਿਆ ਦਾ ਖਜ਼ਾਨਾ ਵੰਡਿਆਂ ਮੁੱਕਦਾ ਨਹੀਂ। ਵਿੱਦਿਆ ਦਾ ਦਾਨ ਸਾਰੇ ਦਾਨਾਂ ਤੋਂ ਸਰਵੋਤਮ ਦਾਨ ਮੰਨਿਆ ਜਾਂਦਾ ਹੈ। ਆਮ ਤੌਰ ’ਤੇ ਵਿੱਦਿਆ ਨੂੰ ਮਨੁੱਖ ਦਾ ਤੀਸਰਾ ਨੇਤਰ ਕਿਹਾ ਜਾਂਦਾ ਹੈ ਜਿਸ ਦੇ ਖੁੱਲ੍ਹਣ ਨਾਲ ਮਨੁੱਖੀ ਜੀਵਨ ਰੁਸ਼ਨਾ ਜਾਂਦਾ ਹੈ। ਵਿਕਟਰ ਹਿਊਗੋ ਲਿਖਦਾ ਹੈ ਕਿ ਜਿਹੜਾ ਮਨੁੱਖ ਸੰਸਾਰ ਵਿਚ ਇਕ ਪਾਠਸ਼ਾਲਾ ਖੋਲ੍ਹਦਾ ਹੈ, ਉਹ ਇਕ ਜੇਲ੍ਹ ਬੰਦ ਕਰ ਦਿੰਦਾ ਹੈ, ਕਿਉਂਕਿ ਵਿੱਦਿਆ ਮਨੁੱਖ ਨੂੰ ਵਧੀਆ ਜੀਵਨ ਜਿਊਣ ਲਈ ਸਹਾਇਕ ਹੁੰਦੀ ਹੈ ਤੇ ਚੰਗੇ ਇਨਸਾਨ ਅਤੇ ਨਾਗਰਿਕ ਬਣਾਉਂਦੀ ਹੈ। ਵਿੱਦਿਆ- ਹੀਨ ਮਨੁੱਖ ਨੂੰ ਤਾਂ ਪਸ਼ੂ ਸਮਾਨ ਕਿਹਾ ਗਿਆ ਹੈ ਕਿਉਂਕਿ ਵਿੱਦਿਆ ਦੁਆਰਾ ਹੀ ਉਹ ਆਪਣੇ ਤੇ ਆਪਣੇ ਆਲੇ-ਦੁਆਲੇ ਪ੍ਰਤੀ ਜਾਗਰੂਕ ਹੁੰਦਾ ਹੈ। ਇਕ ਅਮਰੀਕਨ ਕਹਾਵਤ ਹੈ:-Genious Without education is like silver in the mine. ਜਸਟਿਸ ਜੇ. ਸੀ. ਨਾਰੰਗ ਅਨੁਸਾਰ: “Education is a pious mission, associated directly with the prosperity of the citizens. True education means the flowering of all aspects of personality.”
ਵਿੱਦਿਆ ਦੀ ਪ੍ਰਾਪਤੀ ਲਈ ਅੱਖਰ-ਗਿਆਨ ਦੇ ਮਹੱਤਵ ਨੂੰ ‘ਜਪੁਜੀ’ ਸਾਹਿਬ ਦੀਆਂ ਇਨ੍ਹਾਂ ਤੁਕਾਂ ਵਿਚ ਦਰਸਾਇਆ ਗਿਆ ਹੈ:
-ਅਖਰੀ ਨਾਮੁ ਅਖਰੀ ਸਾਲਾਹ॥ ਅਖਰੀ ਗਿਆਨੁ ਗੀਤ ਗੁਣ ਗਾਹ॥
ਅਖਰੀ ਲਿਖਣੁ ਬੋਲਣੁ ਬਾਣਿ॥ ਅਖਰਾ ਸਿਿਰ ਸੰਜੋਗੁ ਵਖਾਣਿ॥ (ਪੰਨਾ 4)
ਅਤੇ
-ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ॥
ਅਖਰ ਕਰਿ ਕਰਿ ਬੇਦ ਬੀਚਾਰੇ॥
ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ॥
ਅਖਰ ਨਾਦ ਕਥਨ ਵਖਾਨਾ॥
ਅਖਰ ਮੁਕਤਿ ਜੁਗਤਿ ਭੈ ਭਰਮਾ॥
ਅਖਰ ਕਰਮ ਕਿਰਤਿ ਸੁਚ ਧਰਮਾ॥ (ਪੰਨਾ 261)
ਗੁਰਬਾਣੀ ਵਿੱਚੋਂ ‘ਬਹੀਐ ਪੜਿਆ ਪਾਸਿ’ ਭਾਵ ਪੜ੍ਹਿਆਂ ਦੀ ਸੰਗਤ ਵਿਚ ਬੈਠਣ ਦੀ ਪੇ੍ਰਰਨਾ ਮਿਲਦੀ ਹੈ ਕਿਉਂਕਿ ਉਨ੍ਹਾਂ ਦੀ ਸੰਗਤ ਵਿਚ ਚੰਗੇ ਕੰਮ ਕਰਨ ਨੂੰ ਸੇ੍ਰਸ਼ਠ ਦੱਸਿਆ ਜਾਂਦਾ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਸ ਪ੍ਰਥਾਇ ਹੇਠ ਲਿਖਆ ਫੁਰਮਾਨ ਹੈ:
ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥
ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ॥ (ਪੰਨਾ 146)
ਗੁਰੂ ਆਸ਼ੇ ਅਨੁਸਾਰ, ਜੇ ਮਨੁੱਖ ਅਕਲ (ਬੁੱਧੀ, ਗਿਆਨ ਦਾ ਮਾਲਕ ਹੋਵੇ ਤਾਂ ਹੀ ਵਾਹਿਗੁਰੂ ਦਾ ਸਿਮਰਨ ਤੇ ਮਾਣ ਵਡਿਆਈ ਪ੍ਰਾਪਤ ਕਰਨ ਅਤੇ ਦਾਨ ਕਰਨ ਦੇ ਯੋਗ ਹੋ ਸਕਦਾ ਹੈ:
-ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜਿ੍ ਕੈ ਬੁਝੀਐ ਅਕਲੀ ਕੀਚੈ ਦਾਨੁ॥ (ਪੰਨਾ 1245)
ਅਕਲਹੀਣ ਲੋਕ ਮੂਰਖ ਹੀ ਰਹਿੰਦੇ ਹਨ, ਉਨ੍ਹਾਂ ਨੂੰ ਸਮਝਾਉਣ ਦਾ ਕੋਈ ਲਾਭ ਨਹੀਂ:
-ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ॥ (ਪੰਨਾ 789)
-ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ॥ (ਪੰਨਾ 229)
ਸਿੱਖ ਧਰਮ ਵਿਚ ‘ਗੁਰਮੁਖੀ’ ਅਤੇ ‘ਗੁਰਸਿੱਖੀ’ ਦੀ ਵਿੱਦਿਆ ਦੇ ਨਾਲ ਹੋਰ ਵਿੱਦਿਆ ਗ੍ਰਹਿਣ ਕਰਨ ਲਈ ਵੀ ਨਿਰਦੇਸ਼ ਮਿਲਦੇ ਹਨ। ‘ਸਿੱਖ ਰਹਿਤ ਮਰਯਾਦਾ’ ਵਿਚ ‘ਗੁਰਮਤਿ ਦੀ ਰਹਿਣੀ’ ਸਿਰਲੇਖ ਅਧੀਨ ਇਉਂ ਅੰਕਿਤ ਹੈ:
ਸਿੱਖ ਲਈ ਗੁਰਮੁਖੀ ਵਿੱਦਿਆ ਪੜ੍ਹਨੀ ਜ਼ਰੂਰੀ ਹੈ। ਹੋਰ ਵਿੱਦਿਆ ਭੀ ਪੜ੍ਹੇ।
ਸੰਤਾਨ ਨੂੰ ਗੁਰਸਿੱਖੀ ਦੀ ਵਿੱਦਿਆ ਦਿਵਾਉਣੀ ਸਿੱਖ ਦਾ ਫਰਜ਼ ਹੈ।
ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਮੁਖੀ ਵਿੱਦਿਆ ਦੇ ਵਿਸ਼ਾਲ ਅਰਥਾਂ ਵੱਲ ਧਿਆਨ ਦੁਆਇਆ ਹੈ: “ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਈਜਾਦ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪ੍ਰਚਾਰੀ ਵਰਣ ਮਾਲਾ, ਗੁਰਮੁਖੀ ਨਾਉਂ ਤੋਂ ਪ੍ਰਸਿੱਧ ਹੈ, ਜਿਸ ਵਿਚ ਪੰਜਾਬੀ ਬੋਲੀ ਉੱਤਮ ਰੀਤਿ ਨਾਲ ਲਿਖੀ ਪੜ੍ਹੀ ਜਾਂਦੀ ਹੈ, ਗੁਰਮੁਖੀ ਵਿਦਯਾ ਤੋਂ ਭਾਵ ਗੁਰੁਮਤ ਅਤੇ ਪੰਜਾਬੀ ਵਿਦਯਾ ਹੈ”।5 ਪ੍ਰੇਮ ਸੁਮਾਰਗ ਗ੍ਰੰਥ ਦੇ ਹਵਾਲੇ ਨਾਲ ਲਿਖਆ ਹੈ: “ ਗੁਰਮੁਖੀ ਵਿਦਯਾ ਦਾ ਪ੍ਰਕਾਸ਼ ਅਰੁ ਹੋਰ ਵਿਦਯਾ ਕੀ ਤਾਕੀਦ ਕਰੈ, ਜੋ ਖਾਲਸੇ ਸ੍ਰੀ ਅਕਾਲ ਪੁਰੁਖ ਕੇ ਸਿੱਖ ਲੜਕੇ ਲੜਕੀਆਂ ਪੜ੍ਹਨ।”6 ‘ਨੀਤੀ’ ਅਤੇ ‘ਵਿਦਯਾ-ਬੁਧੀ’ ਸਿਰਲੇਖ ਹੇਠ ਲਿਖੇ ਵਾਕ ਵੀ ਇਸ ਤੱਥ ਦੀ ਪੁਸ਼ਟੀ ਕਰਦੇ ਹਨ:
ਗੁਰਮੁਖੀ ਅੱਖਰ ਜੇ ਹੈਂ ਭਾਈ। ਸਿੰਘ, ਸਿੰਘ ਤੇ ਸੀਖਹੁ ਜਾਈ।
ਔਰ ਜੋ ਬਿਦਯਾ ਜਹ ਤਹ ਹੋਈ। ਅਵਰਨ ਤੇ ਵੀ ਲੇਵਹੁ ਸੋਈ।7
ਉੱਪਰ ਦਿੱਤੇ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਸੰਤਾਨ ਨੂੰ ਵਿੱਦਿਆ ਦਿਵਾਉਣੀ ਹਰ ਸਿੱਖ ਦਾ ਫਰਜ਼ ਹੈ। “ਭਾਵ ਇਹ ਹੈ ਕਿ ਹਰੇਕ ਸਿੱਖ ਨੂੰ ਪੂਰਾ ਵਿਦਵਾਨ ਹੋਣਾ ਚਾਹੀਏ। ਸਿੱਖ ਉਹੀ ਹੈ ਜਿਸ ਦੀ ਤਾਲੀਮ ਮਰਨ ਪ੍ਰਯੰਤ ਸਮਾਪਤ ਨਹੀਂ ਹੁੰਦੀ, ਸਾਰੀ ਅਵਸਥਾ ਜੋ ਵਿਦ੍ਯਾਰਥੀ ਬਣਿਆ ਰਹੇ, ‘ਸਿੱਖ’ ਪਦ ਚਰਿਤਾਰਥ ਕਰਦਾ ਹੈ।”8 ਇੱਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ‘ਸਿੱਖ’ ਸ਼ਬਦ ਪੁਰਸ਼ ਅਤੇ ਇਸਤਰੀ ਦੋਹਾਂ ਲਈ ਹੈ। ਸਿੱਖ ਧਰਮ ਵਿਚ ਇਸਤਰੀਆਂ ਲਈ ਵੀ ਵਿੱਦਿਆ ਦਾ ਮਹਤੱਵ ਦਰਸਾਇਆ ਗਿਆ ਹੈ ਤੇ ਉਨ੍ਹਾਂ ਨੂੰ ਵੀ ਮਰਦਾਂ ਦੇ ਬਰਾਬਰ ਵਿੱਦਿਆ ਪ੍ਰਾਪਤ ਕਰਨ ਦਾ ਅਧਿਕਾਰ ਪ੍ਰਾਪਤ ਹੈ। ਗੁਰਬਾਣੀ ਵਿਚ ਜੇ ਗੁਰੂ ਜੀ ਨੇ ਇਸਤਰੀ ਨੂੰ ਜਨਮ-ਦਾਤੀ ਹੋਣ ਦਾ ਉੱਚਾ ਰੁਤਬਾ ਬਖਸ਼ਿਆ ਹੈ ਤਾਂ ਇਸ ਦੇ ਨਾਲ ਹੀ ਬੱਚੇ ਦੀ (ਸਭ ਤੋਂ ਪਹਿਲੀ) ਵਿੱਦਿਆ-ਦਾਤੀ ਅਤੇ ਪਰਵਾਰ ਦੇ ਬਾਕੀ ਮੈਂਬਰਾਂ ਨੂੰ ਸਿੱਖਿਆ ਦੇਣ ਯੋਗ ਹੋਣ ਦਾ ਮਾਣ ਵੀ ਦਿੱਤਾ ਹੈ। ਗੁਰਬਾਣੀ ਵਿਚ ਇਸਤਰੀ ਨੂੰ ‘ਬਤੀਹ ਸੁਲਖਣੀ’ ਭਾਵ ਬੱਤੀ ਗੁਣਾਂ ਵਾਲੀ ਆਖਿਆ ਹੈ। ਵਿਚਾਰਨਯੋਗ ਗੱਲ ਇਹ ਹੈ ਕਿ ਭਾਈ ਕਾਨ੍ਹ ਸਿੰਘ ਨੇ ਇਨ੍ਹਾਂ ਗੁਣਾਂ ਵਿਚ ਪੰਜਵਾਂ ਲੱਛਣ ਵਿੱਦਿਆ ਲਿਖਿਆ ਹੈ ਜਿਸ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਸਿੱਖ ਇਸਤਰੀ ਲਈ ਹੋਰ ਗੁਣਾਂ ਦੇ ਨਾਲ ਵਿੱਦਿਆ ਵਿਚ ਨਿਪੁੰਨ ਹੋਣਾ ਵੀ ਜ਼ਰੂਰੀ ਹੈ:
ਬਤੀਹ ਸੁਲਖਣੀ ਸਚੁ ਸੰਤਤਿ ਪੂਤ ॥ . . .
ਸਭ ਪਰਵਾਰੈ ਮਾਹਿ ਸਰੇਸਟ॥ ਮਤੀ ਦੇਵੀ ਦੇਵਰ ਜੇਸਟ॥ (ਪੰਨਾ 371)
ਉਪਰੋਕਤ ਵਿਚਾਰ ਦੇ ਆਧਾਰ ’ਤੇ ਸਿੱਧ ਹੁੰਦਾ ਹੈ ਕਿ ਗੁਰਬਾਣੀ ਵਿੱਦਿਆ ਪ੍ਰਾਪਤੀ ਦੇ ਵਿਰੋਧ ਵਿਚ ਨਹੀਂ ਹੈ ਪਰ ਸ਼ਰਤ ਇਹ ਹੈ ਕਿ ਵਿੱਦਿਆ ਪ੍ਰਾਪਤ ਕਰਨ ਉਪਰੰਤ ਮਨੁੱਖ ਦੇ ਜੀਵਨ ਵਿਚ ਤਬਦੀਲੀ ਆਉਣੀ ਚਾਹੀਦੀ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਸਮਝੋ ਕਿ “ਪੜਣਾ ਗੁੜਣਾ ਸੰਸਾਰ ਕੀ ਕਾਰ” ਭਾਵ ਹੋਰਾਂ ਵਿਹਾਰਾਂ ਵਾਂਗ ਵਿੱਦਿਆ ਪ੍ਰਾਪਤੀ ਸਾਡੇ ਲਈ ਇਕ ਵਿਹਾਰ ਬਣ ਕੇ ਰਹਿ ਗਿਆ ਹੈ। ਵਿੱਦਿਆ ਦਾ ਮਨੋਰਥ:
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿੱਦਿਆ ਦੇ ਸੰਕਲਪ ਸੰਬੰਧੀ ਵਿਚਾਰ ਕਰਨ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਅਨੁਸਾਰ ਵਿੱਦਿਆ ਦਾ ਅਸਲ ਮਨੋਰਥ ਕੀ ਹੈ? ਕਈ ਪ੍ਰਸ਼ਨ ਸਾਡੇ ਮਨ ਵਿਚ ਉੱਠਦੇ ਹਨ ਜਿਵੇਂ ਕਿ ਗੁਰਬਾਣੀ ਅਨੁਸਾਰ ਕੀ ਕੇਵਲ ਅੱਖਰ ਬੋਧ, ਜਾਣਕਾਰੀ, ਜਾਂ ਗਿਆਨ ਪ੍ਰਾਪਤੀ ਦਾ ਨਾਮ ਹੀ ਵਿੱਦਿਆ ਹੈ? ਜਾਂ ਕੇਵਲ ਵਿੱਦਿਆ ਦੇ ਕਿਸੇ ਖਾਸ ਅੰਗ ਦਾ ਮਾਹਿਰ ਹੀ ਸਹੀ ਅਰਥਾਂ ਵਿਚ ਵਿਦਵਾਨ ਅਖਵਾ ਸਕਦਾ ਹੈ? ਕੀ ਕਿਤਾਬਾਂ ਦੇ ਢੇਰਾਂ ਦੇ ਢੇਰ ਪੜ੍ਹਨ ਵਾਲਾ ਮਨੁੱਖ ਮਹਾਨ ਵਿਦਵਾਨ ਹੈ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਜਾਣਨ ਲਈ ਅਸੀਂ ਗੁਰਬਾਣੀ ਤੋਂ ਰਹਿਨੁਮਾਈ ਲੈਂਦੇ ਹਾਂ। ਜਿਵੇਂ ਕਿ ਪਹਿਲਾਂ ਸੰਕੇਤ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਂ ਵਾਕ “ਵਿਦਿਆ ਵੀਚਾਰੀ ਤਾਂ ਪਰਉਪਕਾਰੀ” ਅਨੁਸਾਰ ਵਿੱਦਿਆ ਦਾ ਮਨੋਰਥ ਪਰਉਪਕਾਰ ਕਰਨਾ ਦੱਸਿਆ ਹੈ ਅਰਥਾਤ ਵਿੱਦਿਆ ਦੀ ਵਰਤੋਂ ਦੂਜਿਆਂ ਦੇ ਭਲੇ ਲਈ ਕਰਨੀ ਹੈ। ਵਿੱਦਿਆ ਪ੍ਰਾਪਤ ਕਰ ਕੇ ਜੇ ਮਨੁੱਖ ਦੂਜਿਆਂ ਦੀ ਭਲਾਈ ਕਰਨ ਵਾਲਾ ਬਣ ਗਿਆ ਹੈ ਤਾਂ ਸਮਝੋ ਕਿ ਉਸ ਨੇ ਵਿੱਦਿਆ ਦਾ ਮਨੋਰਥ ਸਮਝ ਲਿਆ ਹੈ। ‘ਵਿਦਵਾਨ ਹੀ ਪਰਉਪਕਾਰ ਕਰ ਸਕਦਾ ਹੈ, ਮੂਰਖ ਉਪਕਾਰ ਦੀ ਇੱਛਾ ਰੱਖਣ ਪਰ ਭੀ ਜੁਗਤਿ ਅਤੇ ਸਮਗਰੀ ਹੀਣ ਹੋਣ ਕਰਕੇ ਲਾਭ ਨਹੀਂ ਪਹੁੰਚਾ ਸਕਦਾ ਅਤੇ ਵਿਦਵਾਨ ਤਦ ਹੈ ਜੇ ਪਰਉਪਕਾਰੀ ਹੈ।’ ਵਿੱਦਿਆ ਦੀ ਕਸੌਟੀ ਪਰਉਪਕਾਰ ਹੈ ਜਿਸ ਦਾ ਭਾਵ ਇਹ ਹੈ ਕਿ ਗੁਰਬਾਣੀ ਵਿਚ ਵਿੱਦਿਆ ਦੀ ਅਮਲੀ ਜੀਵਨ ਵਿਚ ਸਾਰਥਿਕਤਾ ਨੂੰ ਲਾਜ਼ਮੀ ਕਰਾਰ ਦਿੱਤਾ ਹੈ:
ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ॥ (ਪੰਨਾ 311)
ਦਿਆ ਦਾ ਮੁੱਖ ਉਦੇਸ਼ ਸ਼ੁਭ ਗੁਣਾਂ ਦਾ ਧਾਰਣੀ ਹੋਣਾ ਹੈ। ਵਿਦਵਾਨ ਨੇ ਨਾ ਕੇਵਲ ਆਪ ਸਗੋਂ ਦੂਜਿਆਂ ਅੰਦਰ ਵੀ ਅਧਿਆਤਮਕ ਤੇ ਨੈਤਿਕ ਗੁਣਾਂ ਦਾ ਸੰਚਾਰ ਕਰਨ ਲਈ ਸਦਾ ਤੱਤਪਰ ਰਹਿਣਾ ਹੈ। ਗੁਰਬਾਣੀ ਦੀ ਕਸੌਟੀ ਅਨੁਸਾਰ ‘ਪੜਿਆ ਬੂਝੈ ਸੋ ਪਰਵਾਣੁ’ ਹੈ ਅਰਥਾਤ ਅਸਲੀ ਪੜ੍ਹਿਆ ਮਨੁੱਖ ਉਹੀ ਹੈ ਜਿਸ ਨੇ ਜੀਵਨ ਦਾ ਸਹੀ ਰਸਤਾ ਬੁੱਝ ਲਿਆ ਹੈ। ਇਸ ਦੇ ਉਲਟ ਜਿਸ ਨੇ ਵਿੱਦਿਆ ਪੜ੍ਹੀ ਤਾਂ ਹੈ ਪਰ ਉਸ ਨੂੰ ਸਮਝ ਕੇ ਵਿਚਾਰਿਆ ਨਹੀਂ ਉਸਨੂੰ ‘ਮੂਰਖੁ’ ਦੀ ਸੰਗਿਆ ਦਿੱਤੀ ਗਈ ਹੈ। ਹੇਠ ਲਿਖੀਆਂ ਤੁਕਾਂ ਤੋਂ ਇਸ ਤੱਥ ਦੀ ਪੁਸ਼ਟੀ ਹੋ ਜਾਂਦੀ ਹੈ:
-ਮੂਰਖ ਪੜਹਿ ਸਬਦੁ ਨ ਬੂਝਹਿ॥ (ਪੰਨਾ 1053)
-ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ॥ (ਪੰਨਾ 938)
-ਪੜਿ੍ ਪੜਿ੍ ਪੰਡਿਤ ਕਰਹਿ ਬੀਚਾਰ॥ ਬਿਨੁ ਬੂਝੇ ਸਭ ਹੋਇ ਖੁਆਰ॥ (ਪੰਨਾ 791)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਗਿਆਨੀ ਪੰਡਿਤ ਨੂੰ ਸੁਚੇਤ ਕਰਦਿਆਂ ਕਿਹਾ ਗਿਆ ਹੈ ਕਿ ਜੇ ਨਾਮ ਦੀ ਸੋਝੀ ਨਹੀਂ ਹੋਈ ਤਾਂ ਵੇਦ, ਪੁਰਾਣ, ਆਦਿਕ ਧਰਮ-ਪੁਸਤਕਾਂ ਪੜ੍ਹਨ ਦਾ ਕੋਈ ਵੀ ਲਾਭ ਨਹੀਂ, ਇਹ ਤਾਂ (ਚੰਦਨ ਲੱਦੇ ਖੋਤੇ ਵਾਂਗ) ਦਿਮਾਗ ਉੱਤੇ ਭਾਰ ਲੱਦਣ ਵਾਂਗ ਹੈ। ਵਿੱਦਿਆ ਪੜ੍ਹਨ ਦਾ ਲਾਭ ਤਾਂ ਹੀ ਹੈ ਜੇ ਪੜ੍ਹਨ ਵਾਲੇ ਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਹੋਵੇ ਤੇ ਮਨ ਦੀ ਦੁਬਿਧਾ ਦਾ ਨਾਸ ਹੋਵੇ। ਵੇਦਾਂ ਦੇ ਗਿਆਤਾ ਪੰਡਿਤ ਵੀ ਦੂਜੇ ਭਾਇ ਮਹਾਂ ਦੁੱਖ ਪਾਉਂਦੇ ਖੁਆਰ ਹੁੰਦੇ ਦੱਸੇ ਗਏ ਹਨ ਕਿਉਂਕਿ ਉਨ੍ਹਾਂ ਦੇ ਮਨ ਇਕ ਖਿਨ ਲਈ ਵੀ ਸ਼ਾਂਤ ਨਹੀਂ ਹੋਏ ਤੇ ਨਾ ਹੀ ਸਹਿਜ ਦੀ ਪ੍ਰਾਪਤੀ ਹੋਈ ਹੈ। ਗੁਰਵਾਕ ਹਨ:
-ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ॥ (ਪੰਨਾ 1102)
-ਕਿਆ ਪੜੀਐ ਕਿਆ ਗੁਨੀਐ॥ ਕਿਆ ਬੇਦ ਪੁਰਾਨਾਂ ਸੁਨੀਐ॥
ਪੜੇ ਸੁਨੇ ਕਿਆ ਹੋਈ॥ ਜਉ ਸਹਜ ਨ ਮਿਿਲਓ ਸੋਈ॥ (ਪੰਨਾ 655)
-ਹਉਮੈ ਵਿਿਚ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ॥ (ਪੰਨਾ 650)
-ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ॥ (ਪੰਨਾ 687)
ਵਿੱਦਿਆ ਪੜ੍ਹਨ ਵਾਲਿਆਂ ਨੂੰ ਵਿੱਦਿਆ ਪੜ੍ਹਨ ਦਾ ਮਾਣ ਬਣਿਆ ਰਹਿੰਦਾ ਹੈ ਇਸ ਲਈ ਮਨ ਦੀ ਮੈਲ ਵੀ ਦੂਰ ਨਹੀਂ ਹੁੰਦੀ। ਗੁਰੂ ਜੀ ਆਖਦੇ ਹਨ ਕਿ ਬੇਸ਼ੱਕ ਗਿਆਨੀਆਂ ਨੂੰ ਪੁੱਛ ਕੇ ਦੇਖ ਲਵੋ:
ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ॥ (ਪੰਨਾ 39)
ਗੁਰੂ ਸਾਹਿਬ ਨੇ ਕਾਜ਼ੀ ਨੂੰ ਵੀ ਸੰਬੋਧਨ ਕਰਕੇ ਕਿਹਾ ਹੈ- ਹੇ ਕਮਲੇ ਕਾਜ਼ੀ! ਜੇ ਤੇਰੇ ਦਿਲ ਵਿਚ ਅਲਾਹ ਦੀ ਸੋਝੀ ਨਹੀਂ ਹੋਈ ਤਾਂ ਮਜ਼ਹਬੀ ਕਿਤਾਬਾਂ ਨੂੰ ਨਿਰਾ ਪੜ੍ਹਨ ਤੇ ਵਿਚਾਰਨ ਦਾ ਕੋਈ ਲਾਭ ਨਹੀਂ:
ਪਢੇ ਗੁਨੇ ਨਾਹੀ ਕਛੁ ਬਉਰੇ ਜਉ ਦਿਲ ਮਹਿ ਖਬਰਿ ਨ ਹੋਈ॥ (ਪੰਨਾ 483)
ਰਬਾਣੀ ਅਨੁਸਾਰ ਬਿਨਾ ਅਮਲ ਦੇ ਵਿੱਦਿਆ ਕਿਸੇ ਕੰਮ ਦੀ ਨਹੀਂ ਹੈ। ਅਜਿਹੇ ਵਿਦਵਾਨ ਜਿਹੜੇ ਦੂਜਿਆਂ ਨੂੰ ਮੱਤਾਂ ਦਿੰਦੇ ਹਨ ਪਰ ਆਪ ਅਮਲ ਨਹੀਂ ਕਰਦੇ ਨਿੰਦਣਯੋਗ ਕਹੇ ਹਨ ਕਿਉਂਕਿ ਉਨ੍ਹਾਂ ਨੇ ਵਿੱਦਿਆ ਨੂੰ ਵਪਾਰ ਦਾ ਸਾਧਨ ਬਣਾਇਆ ਹੈ। ਮਾਇਆ ਦੇ ਮੋਹ ਵਿਚ ਬੱਝੇ ਹੋਏ ਪੰਡਿਤ ਆਪ ਤਾਂ ਜੀਵਨ ਦਾ ਸਹੀ ਰਸਤਾ ਨਹੀਂ ਜਾਣਦੇ ਉਹ ਦੂਜਿਆਂ ਦਾ ਮਾਰਗ-ਦਰਸ਼ਨ ਕੀ ਕਰਨਗੇ? ਗੁਰਵਾਕ ਹਨ:
-ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ॥
ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ॥ (ਪੰਨਾ 56)
-ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਿਖਆ ਪਿਆਰਿ॥ (ਪੰਨਾ 33)
ਗੁਰੂ ਜੀ ਨੇ “ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ” ਕਥਨ ਦੁਆਰ ਸਿਮਰਨ- ਹੀਨ ਉਪਦੇਸ਼ਕ ਦੀ ਉਦਾਹਰਨ ਦਿੱਤੀ ਹੈ ਜੋ ਆਪਣੇ ਮੂੰਹ ਨਾਲ ਲੋਕਾਂ ਨੂੰ ਆਤਮਕ ਜੀਵਨ ਦੇਣ ਵਾਲਾ ਉਪਦੇਸ਼ ਸੁਣਾਂਦਾ ਹੈ ਪਰ ਉਸ ਦੇ ਅੰਦਰ ਵਿਕਾਰਾਂ ਦੀ ਜ਼ਹਿਰ ਹੈ, ਜਿਸ ਨੇ ਉਸ ਦੇ ਆਪਣੇ ਆਤਮਕ ਜੀਵਨ ਨੂੰ ਮਾਰ ਦਿੱਤਾ ਹੈ। ਇਹੋ ਕਾਰਨ ਹੈ ਕਿ “ਲੋਕ ਸਮਝਾਵਹੁ ਸੁਣੇ ਨ ਕੋਈ” ਅਰਥਾਤ ਉਸ ਦੀ ਸਿੱਖਿਆ ਕੋਈ ਨਹੀਂ ਸੁਣਦਾ। ਅੱਜਕਲ ਬਹੁਤੀ ਸੰਖਿਆ ਅਜਿਹੇ ਭੇਖੀ ਉਪਦੇਸ਼ਕਾਂ ਦੀ ਹੈ ਜਿਨ੍ਹਾਂ ਬਾਰੇ ਗੁਰਬਾਣੀ ਵਿਚ ਸਪੱਸ਼ਟ ਆਖਿਆ ਗਿਆ ਹੈ:
ਰਹਤ ਅਵਰ ਕਛੁ ਅਵਰ ਕਮਾਵਤ॥
ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ॥
ਜਾਨਨਹਾਰ ਪ੍ਰਭੂ ਪਰਬੀਨ॥
ਬਾਹਰਿ ਭੇਖ ਨ ਕਾਹੂ ਭੀਨ॥
ਅਵਰ ਉਪਦੇਸੈ ਆਪਿ ਨ ਕਰੈ॥
ਆਵਤ ਜਾਵਤ ਜਨਮੈ ਮਰੈ॥ (ਪੰਨਾ 269)
ਭੱਟ ਭਿੱਖਾ ਜੀ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਵਿਦਵਾਨਾਂ (ਸੰਤਾਂ, ਸਾਧਾਂ, ਤਪਸਵੀਆਂ, ਪੰਡਿਤਾਂ ਆਦਿ) ਦੀ ਰਹਿਤ ਨੂੰ ਵੇਖ ਕੇ ਖੁਸ਼ੀ ਨਹੀਂ ਹੋਈ ਕਿਉਂਕਿ ਉਨ੍ਹਾਂ ਦੀ ਕਥਨੀ ਤੇ ਕਰਨੀ ਵਿਚ ਤਾਲ-ਮੇਲ ਨਹੀਂ ਹੈ:
ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ॥
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥ (ਪੰਨਾ 1395-96)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਢੇਰਾਂ ਦੇ ਢੇਰ ਪੁਸਤਕਾਂ ਪੜ੍ਹਨ ਵਾਲੇ ਪੜ੍ਹਾਕੂਆਂ ’ਤੇ ਵੀ ਕਟਾਖਸ਼ ਕੀਤਾ ਹੈ- ਜੇ ਐਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਤੇ ਬੇੜੀਆਂ ਭਰੀਆਂ ਜਾ ਸਕਣ ਅਤੇ ਅਨੇਕਾਂ ਟੋਏ ਪੂਰੇ ਜਾ ਸਕਣ; ਤਾਂ ਵੀ ਰੱਬ ਦੀ ਦਰਗਾਹ ਵਿਚ ਪਰਵਾਨ ਨਹੀਂ ਹੁੰਦੇ ਕਿਉਂਕਿ ਪਰਮਾਤਮਾ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੀ ਸਿਫਤ-ਸਲਾਹ ਕਬੂਲ ਪੈਂਦੀ ਹੈ। “ਲਿਿਖ ਲਿਿਖ ਪੜਿਆ॥ ਤੇਤਾ ਕੜਿਆ” ਕਥਨ ਅਨੁਸਾਰ ਕੋਈ ਮਨੁੱਖ ਜਿੰਨਾ ਪੜ੍ਹ ਲਿਖ ਜਾਂਦਾ ਹੈ ਉਨ੍ਹਾਂ ਹੀ ਉਸ ਨੂੰ ਵਿੱਦਿਆ ਦਾ ਮਾਣ ਹੋ ਜਾਂਦਾ ਹੈ। ਇਹੋ ਹਾਲ ਸਾਰੀ ਉਮਰ ਪੜ੍ਹਾਈ ਕਰਦਿਆਂ ਗੁਜ਼ਾਰਨ ਵਾਲਿਆਂ ਦਾ ਦੱਸਿਆ ਹੈ ਜਿਨ੍ਹਾਂ ਨੂੰ ਆਪਣੀ ਵਿੱਦਿਆ-ਪ੍ਰਾਪਤੀ ਦਾ ਹੰਕਾਰ ਹੋ ਗਿਆ ਹੈ। ਗੁਰੂ ਸਾਹਿਬ ਨੇ ਉਨ੍ਹਾਂ ਦੇ ਪੜ੍ਹਨ ਦੇ ਇਸ ਕੰਮ ਨੂੰ ਝੱਖ-ਮਾਰਨਾ (‘ਝਖਣਾ ਝਾਖ’) ਆਖਿਆ ਹੈ:
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ॥ (ਪੰਨਾ 467)
ਇਸ ਪ੍ਰਸੰਗ ਵਿਚ ਪੰਜਾਬੀ ਦੇ ਕਵੀ ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਖ਼ਾਨਗਾਹੀਂ ਦੀਵਾ ਬਾਲਦੀਏ’ ਦੀਆਂ ਇਹ ਸਤਰਾਂ ਢੁਕਵੀਆਂ ਹਨ, ਜਿਸ ਵਿਚ ਕਵੀ ਨੇ ਆਪਣੇ ਮਨ ਦੀ ਅਸ਼ਾਂਤੀ ਤੇ ਭਟਕਣਾ ਨੂੰ ਬਿਆਨ ਕੀਤਾ ਹੈ, ਜਿਹੜੀ ਕਿ ਉਸ ਨੂੰ ਵਧੇਰੇ ਇਲਮ ਪ੍ਰਾਪਤੀ ਵਿਚ ਲੱਗਾ ਰਹਿਣ ਕਾਰਨ ਹੋਈ ਹੈ:
ਪਰ ਪੜ੍ਹ ਪੜ੍ਹ ਪੁਸਤਕ ਢੇਰ ਕੁੜੇ।
ਮੇਰਾ ਵਧਦਾ ਜਾਏ ਹਨੇਰ ਕੁੜੇ।
ਕੁਝ ਅਜਬ ਇਲਮ ਦੀਆਂ ਜਿੱਦਾਂ ਨੇ।
ਮੈਨੂੰ ਮਾਰਿਆ ਕਿਉਂ, ਕੀ, ਕਿੱਦਾਂ ਨੇ।
ਇਸੇ ਲਈ ਸੂਫੀ ਕਵੀ ਬੁਲ੍ਹੇ ਸ਼ਾਹ ਨੇ ਅਜਿਹੀ ਦਿਸ਼ਾ-ਹੀਣ ਵਿੱਦਿਆ (ਇਲਮ) ਪ੍ਰਾਪਤੀ ਦੀ ਥਾਂ ’ਤੇ ਸੱਚੀ ਰੂਹਾਨੀਅਤ ਦੀ ਵਿੱਦਿਆ ਹਾਸਲ ਕਰਨ ਦੀ ਪੇ੍ਰਰਨਾ ਦਿੱਤੀ ਹੈ:
ਇਲਮੋ ਬਸੀ ਕਰੀਂ ਓ ਯਾਰ।
ਇਕੋ ਅਲਫ਼ ਤੇਰਾ ਦਰਕਾਰ।
ਗੁਰੂ ਜੀ ਅਨੁਸਾਰ ਰੱਬ ਦੇ ਦਰ ’ਤੇ ਪਰਵਾਨ ਹੋਣ ਲਈ ਮਨੁੱਖ ਨੂੰ ਅਜਿਹੀ ਵਿੱਦਿਆ ਦੀ ਲੋੜ ਨਹੀਂ ਹੈ ਜਿਹੜੀ ਹਊਮੈਂ ਤੇ ਲਾਲਚ ਵਧਾਉਂਦੀ ਹੈ। ਗੁਰਬਾਣੀ ਵਿਚ ਅਜਿਹੇ ਪੜ੍ਹੇ ਹੋਏ ਨੂੰ ‘ਪੜਿਆ ਮੂਰਖ’ ਆਖਿਆ ਗਿਆ ਹੈ ਕਿਉਂਕਿ ਉਸ ਦੇ ਅੰਦਰ ‘ਲਬੁ ਲੋਭੁ’ ਤੇ ਹੰਕਾਰ ਹੈ। ਉਹ ਵਿੱਦਿਆ ਦੇ ਗੁਣ ਨੂੰ ਵੇਚਦਾ ਹੈ, ਕਿਸੇ ਨੂੰ ਬਿਨਾ ਪੈਸੇ ਲਏ ਵਿੱਦਿਆ ਨਹੀਂ ਦੇਣੀ ਚਾਹੁੰਦਾ ਅਤੇ ਆਪਣੇ ਵਰਗਾ ਵਿਦਵਾਨ ਕਿਸੇ ਹੋਰ ਨੂੰ ਨਹੀਂ ਸਮਝਦਾ। ਪੜ੍ਹੇ-ਲਿਖੇ ‘ਮੂਰਖ ਪੰਡਿਤ’ ਨਿਰੀਆਂ ਚਲਾਕੀਆਂ ਕਰਨੀਆਂ ਤੇ ਦਲੀਲਾਂ ਦੇਣੀਆਂ ਹੀ ਜਾਣਦੇ ਹਨ, ਉਹ ਮਾਇਆ ਇਕੱਠੀ ਕਰਨ ਵਿਚ ਜੁਟੇ ਹੋਏ ਹਨ:
-ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥ (ਪੰਨਾ 140)
-ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ॥ (ਪੰਨਾ 469)
ਗੁਰੂ ਪਾਤਸ਼ਾਹ ਨੇ ਮਾਇਆ ਇਕੱਠੀ ਕਰਨ ਵਿਚ ਗਲਤਾਨ ਪੰਡਿਤ, ਜੋ ‘ਮਾਇਆ ਕਾ ਮੁਹਤਾਜੁ’ ਹੋ ਚੁੱਕਾ ਹੈ, ਬਾਰੇ ਦੱਸਿਆ ਹੈ ਕਿ (ਅੰਤਰ ਆਤਮੇ) ਉਹ ਬਹੁਤ ਦੁਖ ਸਹਿੰਦਾ ਰਹਿੰਦਾ ਹੈ:
ਮਾਇਆ ਕਾ ਮੁਹਤਾਜੁ ਪੰਡਿਤੁ ਕਹਾਵੈ॥
ਬਿਿਖਆ ਰਾਤਾ ਬਹੁਤੁ ਦੁਖੁ ਪਾਵੈ॥ (ਪੰਨਾ 231)
ਗੁਰਬਾਣੀ ਵਿਚ ਧਨ ਲੈ ਕੇ ਵਿੱਦਿਆ ਵੇਚਣ ਵਾਲਿਆ ਨੂੰ ਚੇਤਾਵਨੀ ਦਿੱਤੀ ਗਈ ਹੈ- ਹੇ ਅਗਿਆਨੀ ਪਾਂਡੇ! ਤੁਹਾਨੂੰ ਆਪ ਨੂੰ ਸਮਝ ਨਹੀਂ ਆਈ, ਹੋਰ ਕਿਸ ਨੂੰ ਮੱਤਾਂ ਦੇ ਰਹੇ ਹੋ? ਇਸ ਪੜ੍ਹੀ ਹੋਈ ਵਿੱਦਿਆ ਤੋਂ ਤੁਸੀ ਆਪ ਕੋਈ ਲਾਭ ਨਹੀਂ ਉਠਾ ਰਹੇ, ਸਿਰਫ ਮਾਇਆ ਦੀ ਖਾਤਰ ਵੇਚ ਹੀ ਰਹੇ ਹੋ, ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਵਿਅਰਥ ਗੁਜ਼ਰ ਰਹੀ ਹੈ। ਮਨੁੱਖ ਵਿੱਦਿਆ ਨੂੰ ਸਿਰਫ ਆਜੀਵਕਾ ਲਈ ਵਰਤਦਾ ਤੇ ਮਾਇਆ ਰੂਪੀ ਜ਼ਹਿਰ ਹੀ ਖੱਟਦਾ ਕਮਾਉਂਦਾ ਦੱਸਿਆ ਹੈ:
-ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ॥
ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ॥ (ਪੰਨਾ 1103)
ਗੁਰਬਾਣੀ ਅਨੁਸਾਰ ਵਿੱਦਿਆ ਦਾ ਮਨੋਰਥ ਵਿਿਦਆਰਥੀ ਨੂੰ ਆਤਮ-ਮਾਰਗ ਦਾ ਖੋਜੀ ਬਣਾ ਕੇ ਸੱਚਾਈ ਦੇ ਗੁੱਝੇ ਰਹੱਸ ਤੋਂ ਜਾਣੂ ਕਰਵਾਉਣਾ ਹੈ। ਵਿੱਦਿਆ ਦਾ ਉਦੇਸ਼ ਚੁੰਚ-ਗਿਆਨ ਜਾਂ ਵਾਦ-ਵਿਵਾਦ ਕਰਨਾ ਨਹੀਂ ਹੈ। ਖੋਜੀ ਦਾ ਮਨ ਖੇੜੇ ਤੇ ਸਦਾ ਵਿਗਾਸ ਵਿਚ ਰਹਿੰਦਾ ਹੈ ਪਰ ਵਾਦ-ਵਿਵਾਦ ਕਰਨ ਵਾਲਾ ਸਦਾ ਬਹਿਸਦਾ, ਸੜਦਾ-ਕੁੜ੍ਹਦਾ ਤੇ ਝਗੜੇ-ਝੇੜੇ ਵਿਚ ਪਿਆ ਆਤਮਕ ਤੌਰ ’ਤੇ ਮਰ ਜਾਂਦਾ ਹੈ:
ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ॥ (ਪੰਨਾ 1255)
ਇਸ ਲਈ ਵਿੱਦਿਆ ਪੜ੍ਹ ਕੇ ਵਾਦ-ਵਿਵਾਦ ਕਰਨ ਵਾਲੇ ਤੇ ਚੁੰਚ-ਗਿਆਨੀ ਸਹੀ ਵਿਦਵਾਨ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਆਤਮਕ ਤੱਤ ਨੂੰ ਨਹੀਂ ਜਾਣਿਆ ਜਿਸ ਕਾਰਨ ਉਨ੍ਹਾਂ ਨੂੰ ਹਰੀ ਰਸ ਨਹੀਂ ਆਇਆ। “ਬਾਦੀ ਬਿਨਸੈ” ਕਥਨ ਦਰਸਾਉਂਦਾ ਹੈ ਕਿ ਨਿਰੀ ਚਰਚਾ ਕਰਨ ਵਾਲੇ ਆਤਮਕ ਤੌਰ ’ਤੇ ਮਰ ਜਾਂਦੇ ਹਨ। ਇਸ ਲਈ ਗੁਰੂ ਜੀ ਵਿਦਵਾਨਾਂ ਨੂੰ ਕਿਸੇ ਨਾਲ ਵੀ ਵਾਦ-ਵਿਵਾਦ ਨਾ ਕਰਨ (“ਬਾਦੁ ਬਿਬਾਦੁ ਕਾਹੂ ਸਿਊ ਨ ਕੀਜੈ”) ਦਾ ਉਪਦੇਸ਼ ਦਿੰਦੇ ਹਨ। ਕਈ ਪੰਡਤ ਬੇਸ਼ੱਕ ਧਾਰਮਿਕ ਗੰ੍ਰਥ ਪੜ੍ਹਦੇ ਹਨ ਪਰ ਵਿੱਦਿਆ ਦੇ ਅਧਿਆਤਮਕ ਗਿਆਨ ਨੂੰ ਗ੍ਰਹਿਣ ਨਹੀਂ ਕਰਦੇ। ਵੇਦ, ਸ਼ਾਸਤਰ, ਆਦਿ ਧਰਮ-ਗ੍ਰੰਥਾਂ ਨੂੰ ਸਿਰਫ ਬਹਿਸਾਂ ਵਿਚ ਦਲੀਲਾਂ ਦੇਣ ਲਈ ਹੀ ਵਰਤਦੇ ਹਨ:
-ਪੜਿ ਪੜਿ ਪੰਡਿਤੁ ਬਾਦੁ ਵਖਾਣੈ॥ ਭੀਤਰਿ ਹੋਦੀ ਵਸਤੁ ਨ ਜਾਣੈ॥ (ਪੰਨਾ 152)
-ਬੇਦ ਸਾਸਤ੍ਰ ਕਉ ਤਰਕਨਿ ਲਾਗਾ ਤਤੁ ਜੋਗੁ ਨ ਪਛਾਨੈ॥ (ਪੰਨਾ 381)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਿਰਨ, ਬਾਜ਼ ਤੇ ਅਹਿਲਕਾਰ ਦੀ ਮਿਸਾਲ ਦੇ ਕੇ ਚਲਾਕ ਵਿਦਵਾਨਾਂ ਦੀ ਨਿਖੇਧੀ ਕੀਤੀ ਹੈ ਜਿਹੜੇ ਆਪਣੀ ਚਤੁਰਾਈ ਨਾਲ ਦੂਜਿਆਂ ਨੂੰ ਧੋਖਾ ਦਿੰਦੇ ਹਨ:
ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿ੍ਆ ਨਾਉ॥
ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ॥ (ਪੰਨਾ 1288)
ਗੁਰਬਾਣੀ ਵਿਚ ਪਰਮਾਤਮਾ ਦਾ ਨਾਮ ਤਵੀਤ ਤੇ ਜੰਤਰ-ਮੰਤਰ ਆਦਿਕ ਦੀ ਸ਼ਕਲ ਵਿਚ ਵੇਚਣ ਵਿਚ ਰੁੱਝੇ ਹੋਏ ਮਨੁੱਖਾਂ ’ਤੇ ਵੀ ਕਟਾਖਸ਼ ਕੀਤਾ ਹੈ ਤੇ ਉਨ੍ਹਾਂ ਦੇ ਜਿਊਣ ’ਤੇ ਵੀ ਲਾਹਨਤ ਪਾਈ ਹੈ। ਗੁਰੂ ਜੀ ਨੇ ਸਪੱਸ਼ਟ ਕਿਹਾ ਹੈ ਕਿ ਅਜਿਹੇ ਅੰਨੇ੍ਹ, ਅਕਲ੍ਹਹੀਣ ਤੇ ਮੂਰਖ ਧਾਰਮਿਕ ਆਗੂਆਂ ’ਤੇ ਕਦੀ ਵੀ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ, ਜਿਸ ਕਾਰਨ ਉਹ ਲੋਕ-ਪ੍ਰਲੋਕ ਵਿਚ ਮਾਣ ਨਹੀਂ ਪਾਉਂਦੇ। ਨਾਮ ਸਿਮਰਨ ਦਾ ਇੱਕੋ-ਇਕ ਸਹੀ ਮਾਰਗ ਦੱਸਣ ਦੀ ਥਾਂ ਗਲਤ ਰਸਤੇ ਪਾਉਣ ਵਾਲੇ ਧਾਰਮਿਕ ਆਗੂਆਂ ਨੂੰ ਸ਼ੈਤਾਨ ਦਾ ਨਾਂ ਦਿੱਤਾ ਗਿਆ ਹੈ:
-ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਿਖ ਲਿਿਖ ਵੇਚਹਿ ਨਾਉ॥ (ਪੰਨਾ 1245)
-ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ॥
ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ॥ (ਪੰਨਾ 789)
-ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ (ਪੰਨਾ 1245)
ਗੁਰਬਾਣੀ ਵਿਚ ਜਗਤ ਵਿਚ ਚਤੁਰ ਤੇ ਸਿਆਣੇ ਮੰਨੇ ਜਾਂਦੇ ਲਿਖਾਰੀ ਵਿਦਵਾਨਾਂ ਤੇ ਵੀ ‘ਬਿਖੁ ਭੂਲੇ ਲੇਖਾਰੀ’ ਕਥਨ ਦੁਆਰਾ ਟਿੱਪਣੀ ਕੀਤੀ ਗਈ ਹੈ ਜੋ ਆਪਣੇ ਵੱਲੋਂ ਵੇਦ (ਧਾਰਮਿਕ ਪੁਸਤਕਾਂ) ਨੂੰ ਸੰਭਾਲ ਰਹੇ ਹਨ ਪਰ ਆਤਮਕ ਤੌਰ ’ਤੇ ਉੱਚਾਈ ਤੇ ਲਿਜਾਣ ਵਾਲੇ ਜੀਵਨ-ਰਾਹ ਭਟਕ ਗਏ ਹਨ:
ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ॥
ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ॥ (ਪੰਨਾ 1015)
ਰੂ ਜੀ ਦੇ ਸਮੇਂ ਪੰਡਿਤ, ਪਾਂਧੇ, ਕਾਜ਼ੀ, ਆਦਿ ਧਾਰਮਿਕ ਆਗੂ ਹੀ ਵਿਦਵਾਨ ਸ਼੍ਰੇਣੀ ਦੀ ਪ੍ਰਤੀਨਿਧਤਾ ਕਰਦੇ ਸਨ, ਇਸ ਲਈ ਗੁਰਬਾਣੀ ਵਿਚ ਉਨ੍ਹਾਂ ਦੀ ਕਾਰਜ-ਪ੍ਰਣਾਲੀ ਦੇ ਸੰਦਰਭ ਵਿਚ ਹੀ ਟਿੱਪਣੀ ਕੀਤੀ ਗਈ ਹੈ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਅੱਜ ਦੇ ਕਥਿਤ ਵਿਦਵਾਨਾਂ ’ਤੇ ਵੀ ਉਸੇ ਤਰ੍ਹਾਂ ਢੁਕਵੀਂ ਹੈ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਸਾਏ ਵਿੱਦਿਆ ਦੇ ਅਸਲ ਮਨੋਰਥ ਨੂੰ ਨਹੀਂ ਸਮਝਦੇ। ਵਿੱਦਿਆ-ਦਾਤਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਤਿਗੁਰੂ ਨੂੰ ਆਤਮ-ਗਿਆਨ ਦੇਣ ਵਾਲੇ ਵਿੱਦਿਆ-ਦਾਤੇ (ਉਪਦੇਸ਼ਕ) ਦੇ ਰੂਪ ਵਿਚ ਪ੍ਰਵਾਨ ਕੀਤਾ ਗਿਆ ਹੈ। ਸਿੱਖ ਨੂੰ ਅਧਿਆਤਮਕ ਵਿੱਦਿਆ ਦੀ ਪ੍ਰਾਪਤੀ ਗੁਰੂ ਦੀ ਬਖਸ਼ਿਸ਼ ਦੁਆਰਾ ਹੋਣੀ ਹੈ। ਸਤਿਗੁਰੂ ਨੂੰ ਵਿੱਦਿਆ ਪੜ੍ਹਾਉਣ ਵਾਲਾ ਪਾਂਧਾ (ਉਪਾਧਯਾਯ) ਆਖਿਆ ਹੈ ਜਿਸਨੇ ਅੰਞਾਣ ਬੱਚਿਆਂ ਨੂੰ ਵਿਉਹਾਰਿਕ ਤੇ ਪਰਮਾਰਥਕ ਗਿਆਨ ਦੇ ਕੇ ਸਿਆਣੇ ਬਣਾ ਦਿੱਤਾ ਹੈ:
ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ॥
ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਿਨ ਹਰਿ ਉਪਦੇਸੁ ਦੇ ਕੀਏ ਸਿਆਣੇ॥ (ਪੰਨਾ 168)
ਗੁਰਬਾਣੀ ਵਿਚ ਮਨ ਨੂੰ ਟਿਕਾਉਣ ਲਈ ਗੁਰੂ ਤੋਂ ਗਿਆਨ ਪ੍ਰਾਪਤ ਕਰਨਾ ਲਾਜ਼ਮੀ ਕਿਹਾ ਹੈ:
ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥ (ਪੰਨਾ 469)
ਗੁਰਬਾਣੀ ਵਿਚ ਗਿਆਨ ਲਈ ਦੀਵੇ ਅਤੇ ਸੂਰਜ ਦੇ ਬਿੰਬ ਵਰਤੇ ਗਏ ਹਨ। ਗਿਆਨ ਰਾਹੀਂ ਅਗਿਆਨ ਰੂਪੀ ਹਨੇਰੇ ਦਾ ਨਾਸ਼ ਹੁੰਦਾ ਹੈ ਅਤੇ ਗੁਰੂ ਦਾ ਗਿਆਨ ਹੀ ਜੀਵ ਦੇ ਅੰਦਰਲੇ ਅੰਧਕਾਰ ਨੂੰ ਮਿਟਾਉਣ ਦੇ ਸਮਰੱਥ ਹੈ:
-ਦੀਵਾ ਬਲੈ ਅੰਧੇਰਾ ਜਾਇ॥
ਬੇਦ ਪਾਠ ਮਤਿ ਪਾਪਾ ਖਾਇ॥
ਉਗਵੈ ਸੂਰੁ ਨ ਜਾਪੈ ਚੰਦੁ॥
ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ॥ (ਪੰਨਾ 791)
-ਅੰਧਿਆਰੇ ਦੀਪਕੁ ਚਹੀਐ॥
ਇਕ ਬਸਤੁ ਅਗੋਚਰ ਲਹੀਐ॥
ਬਸਤੁ ਅਗੋਚਰ ਪਾਈ॥
ਘਟਿ ਦੀਪਕੁ ਰਹਿਆ ਸਮਾਈ॥ (ਪੰਨਾ 655)
-ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ॥ (ਪੰਨਾ 39)
ਅਗਿਆਨ ਸ਼ਬਦ ਦੁਆਰਾ ਅਵਿੱਦਿਆ ਦਾ ਭਾਵ ਪ੍ਰਗਟਾਇਆ ਹੈ। ਅਵਿੱਦਿਆ, ਮਾਇਆ ਦੀ ਉਹ ਦਸ਼ਾ ਹੈ ਜੋ ਜੀਵਾਤਮਾ ਨੂੰ ਅਗਿਆਨ ਦੇ ਬੰਧਨ ਵਿਚ ਬੰਨ੍ਹ ਕੇ ਵਿਸ਼ੇ ਵਾਸ਼ਨਾਵਾਂ ਦੇ ਜਾਲ ਵਿਚ ਫਸਾਉਂਦੀ ਹੈ। ਗੁਰਬਾਣੀ ਵਿਚ ਗਿਆਨ ਲਈ ‘ਖੜਗੁ’ ਦਾ ਰੂਪਕ ਵਰਤਿਆ ਹੈ, ਜਿਸ ਨਾਲ ਕਾਮਾਦਿਕ ਵੈਰੀਆਂ ਨੂੰ ਮਾਰਨਾ ਸੰਭਵ ਹੈ:
-ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ॥ (ਪੰਨਾ 1022)
-ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ॥ (ਪੰਨਾ 1072)
ਗਿਆਨ ਪ੍ਰਾਪਤੀ ਦਾ ਪ੍ਰਭਾਵ ਦਰਸਾਉਣ ਲਈ ਗੁਰਬਾਣੀ ਵਿਚ ਹਨੇਰੀ ਦਾ ਰੂਪਕ ਵਰਤਿਆ ਗਿਆ ਹੈ:
ਦੇਖੌ ਭਾਈ ਗਾਨ ਕੀ ਆਈ ਆਂਧੀ॥
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ॥
ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ॥
ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ॥
ਆਂਧੀ ਪਾਛੇ ਜੋ ਜਲੁ ਬਰਖੈ ਤਿਿਹ ਤੇਰਾ ਜਨੁ ਭੀਨਾਂ॥
ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ॥ (ਪੰਨਾ 332)
ਗੁਰੂ ਦੇ ਗਿਆਨ ਤੋਂ ਬਿਨਾ ਜੀਵ ਦੀ ਮਤਿ ਬੇਸਮਝੀ ਵਾਲੀ ਰਹਿੰਦੀ ਹੈ ਉਸ ਦੇ ਅੰਦਰ ਮਾਇਆ ਮੋਹ ਦਾ ਹਨੇਰਾ ਟਿਿਕਆ ਰਹਿੰਦਾ ਹੈ ਪਰ ਗੁਰੂ ਦੀ ਮਤਿ ਦੁਆਰਾ ਅੰਤਰ-ਆਤਮੇ ਗਿਆਨ ਰੂਪੀ ਚਾਨਣ ਹੋ ਜਾਂਦਾ ਹੈ:
-ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ॥ (ਪੰਨਾ 128)
-ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ॥
ਗੁਰਮਤੀ ਪਰਗਾਸੁ ਹੋਆ ਜੀ ਅਨਦਿਨੁ ਹਰਿ ਗੁਣ ਗਾਵਣਿਆ॥ (ਪੰਨਾ 110)
-ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ॥ (ਪੰਨਾ 587)
ਗੁਰਬਾਣੀ ਵਿਚ ਸਿੱਖ ਨੂੰ ਪੂਰੇ ਤੇ ਪਰਉਪਕਾਰੀ ਸਤਿਗੁਰੂ ਤੋਂ ਵਿੱਦਿਆ ਪ੍ਰਾਪਤ ਕਰਨ ਦੀ ਸੇਧ ਦਿੱਤੀ ਹੈ ਤੇ ਇਸ ਦੇ ਲਾਭ ਵੀ ਦੱਸੇ ਹਨ। ਜਿਹੜਾ ਮਨੁੱਖ (ਪਰਮਾਤਮਾ ਦੇ ਨਾਮ ਸਿਮਰਨ ਦੀ) ਵਿੱਦਿਆ ਹਾਸਲ ਕਰਦਾ ਹੈ ਉਸ ਦੇ ਪਾਪਾਂ, ਦੋਖਾਂ ਤੇ ਵਿਕਾਰਾਂ ਦਾ ਨਾਸ ਹੁੰਦਾ ਹੈ। ਉਸ ਦੇ ਮਨ ਵਿੱਚੋਂ ਅਗਿਆਨਤਾ ਰੂਪੀ ਹਨੇਰਾ ਦੂਰ ਹੋ ਜਾਂਦਾ ਹੈ ਜਿਸ ਦੇ ਫਲ ਸਰੂਪ ਉਸ ਦਾ ਆਤਮਕ ਜੀਵਨ ਰੋਸ਼ਨ ਹੋ ਜਾਂਦਾ ਹੈ। ਐਨਾ ਹੀ ਨਹੀਂ ਗੁਰੂ ਦੀ ਕਿਰਪਾ ਨਾਲ ਵਿੱਦਿਆ ਨੂੰ ਵਿਚਾਰ ਕੇ ਜਗਤ ਵਿਚ ਆਦਰ-ਮਾਣ ਹਾਸਲ ਕਰਦਾ ਹੈ:-
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ॥ (ਪੰਨਾ 96)
-ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ (ਪੰਨਾ 305)
-ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥ (ਪੰਨਾ 1329)
ਗੁਰੂ ਦੀ ਮਹਿਮਾ ਬਾਰੇ ਪੜ੍ਹ ਕੇ ਜੇ ਕੋਈ ਸਵਾਲ ਕਰੇ ਕਿ ਸਿੱਖਾਂ ਨੇ ਕਿਸ ਗੁਰੂ ਤੋਂ ਅਗਵਾਈ ਲੈਣੀ ਹੈ ਤਾਂ ਗੁਰਬਾਣੀ ਵਿੱਚੋਂ ਹੀ ਉੱਤਰ ਮਿਲ ਜਾਂਦਾ ਹੈ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਧਾਂ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਤਾਂ ਗੁਰੂ ਜੀ ਨੇ ਉੱਤਰ ਦਿੱਤਾ- “ਸਬਦੁ ਗੁਰੂ ਸੁਰਤਿ ਧੁਨਿ ਚੇਲਾ” ਅਰਥਾਤ ਉਨ੍ਹਾਂ ਦਾ ਗੁਰੂ ਸ਼ਬਦ ਅਤੇ ਚੇਲਾ ਸੁਰਤਿ ਹੈ। ‘ਸ਼ਬਦ-ਗੁਰੂ’ ਦਾ ਸਿਧਾਂਤ ਸਿੱਖ ਧਰਮ- ਦਰਸ਼ਨ ਦਾ ਕੇਂਦਰੀ ਧੁਰਾ ਮੰਨਿਆ ਗਿਆ ਹੈ। ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਮੱਥਾ ਟੇਕ ਕੇ ਸ਼ਬਦ-ਗੁਰੂ ਨੂੰ ਜੁਗੋ-ਜੁਗ ਗੁਰਿਆਈ ਦੇ ਕੇ ਆਪਣੇ ਪਿੱਛੋਂ ਸਾਖਿਆਤ ਸਰੂਪ ਗੁਰੂ ਮੰਨਣ ਦਾ ਆਦੇਸ਼ ਦਿੱਤਾ ਸੀ। ਨਿਰਸੰਦੇਹ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਹਨ। ਗੁਰਵਾਕ ਹੈ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਿਚ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)
ਉੱਪਰ ਕੀਤੀ ਵਿਚਾਰ ਤੋਂ ਸਪੱਸ਼ਟ ਹੁੰਦਾ ਹੈ ਕਿ ‘ਗੁਰਬਾਣੀ’, ‘ਵਿੱਦਿਆ’, ‘ਗੁਰੂ’, ‘ਸਿੱਖ’, ‘ਗਿਆਨ’, ਆਦਿ ਅੰਤਰ-ਸੰਬੰਧਿਤ ਸ਼ਬਦ ਹਨ। ਅਧਿਆਤਮਕ ਵਿੱਦਿਆ ਦੀ ਪ੍ਰਾਪਤੀ ਲਈ ਗੁਰੂ ਦੀ ਅਤਿਅੰਤ ਲੋੜ ਹੁੰਦੀ ਹੈ ਅਤੇ ਸਿੱਖ ਦੀ ਤਾਂ ਹੋਂਦ ਹੀ ਗੁਰੂ ਨਾਲ ਹੈ। ਸਿੱਖ ਦੇ ਸ਼ਾਬਦਿਕ ਅਰਥ ਹਨ- ਸਿੱਖਿਆ ਲੈਣ ਵਾਲਾ। ਭਾਈ ਸੰਤੋਖ ਸਿੰਘ ਜੀ ਨੇ ਲਿਿਖਆ ਹੈ- ‘ਸਿੱਖ, ਸਿੱਖ ਬਿੱਦ੍ਯਾ ਸਿਖਲਾਵੈ ਸਿਖਲਾਵੈ’10 ਭਾਵ ਇਹ ਹੈ ਕਿ ਸਿੱਖ ਸਦਾ ਵਿਿਦਆਰਥੀ ਹੈ। ‘ਸਿਖੀ ਸਿਿਖਆ ਗੁਰ ਵੀਚਾਰ’ ਕਥਨ ਅਨੁਸਾਰ ਸਿੱਖ ਉਹ ਹੈ, ਜਿਸਨੇ ਗੁਰੂ ਦੀ ਸਿੱਖਿਆ ’ਤੇ ਵੀਚਾਰ ਕੀਤੀ। ਭਾਈ ਗੁਰਦਾਸ ਜੀ ਲਿਖਦੇ ਹਨ ‘ਗੁਰ ਦੀਖਿਆ ਲੈ ਸਿਖ ਸਦਾਇਆ’ ਅਤੇ ‘ਗੁਰਸਿਖ ਲੈ ਗੁਰ ਸਿਖ ਹੋਇ’ ਅਰਥਾਤ ਸਿੱਖੀ ਦੀ ਪਹਿਲੀ ਪੌੜੀ, ਗੁਰੂ ਪਾਸੋਂ ਸਿੱਖਿਆ ਲੈਣੀ, ਦੂਸਰੀ ਉਸਦੀ ਕਮਾਈ ਕਰਨੀ ਅਤੇ ਤੀਸਰੀ, ਕਮਾਈ ਵਿਚ ਸਫਲ ਹੋਣਾ ਹੈ।
ਵਿਦਵਾਨ ਦੇ ਲੱਛਣ :-
ਅਧਿਆਤਮਕ ਵਿੱਦਿਆ ਦੇ ਪਹਿਲੂ ਤੋਂ ਵੇਖਿਆਂ ਵਿਦਵਾਨ ਦੀ ਪਦਵੀ ਆਮ ਪੜ੍ਹੇ-ਲਿਖੇ ਮਨੁੱਖ ਤੋਂ ਬਹੁਤ ਉੱਚੀ ਹੈ, ਇਸ ਲਈ ਉਸ ਨੂੰ ਸਦਾਚਾਰਕ ਗੁਣਾਂ ਦਾ ਧਾਰਣੀ ਹੋਣਾ ਜ਼ਰੂਰੀ ਹੈ। ਉਪਨਿਸ਼ਦਾਂ ਵਿਚ ਵਿੱਦਿਆ-ਪ੍ਰਾਪਤੀ ਦੇ ਅਧਿਕਾਰੀ ਬਾਰੇ ਵਿਚਾਰ ਵਿੱਦਿਆ ਦੇ ਮੂੰਹੋਂ ਅਖਵਾਏ ਗਏ ਹਨ। “ਵਿੱਦਿਆ ਗੁਰੂ ਪਾਸ ਗਈ ਤੇ ਕਹਿਣ ਲੱਗੀ ਕਿ ਮੈਂ ਤੇਰਾ ਖਜ਼ਾਨਾ ਹਾਂ। ਮੈਨੂੰ ਉਸ ਪਾਸ ਨਾ ਦੇਈ ਜੋ ਈਰਖਾਲੂ ਅਤੇ ਅਸ਼ਾਂਤੀ ਨਾਲ ਭਰਿਆ ਹੋਇਆ ਹੈ, ਜੋ ਆਚਾਰ ਵਿਚ ਸਿੱਧਾ ਨਹੀਂ, ਜਿਸ ਨੂੰ ਭਾਵਾਂ ਤੇ ਵਸੀਕਰਣ ਨਹੀਂ। ਮੈਨੂੰ ਉਸ ਨੂੰ ਦੇਈਂ ਜੋ ਇਸ ਖਜ਼ਾਨੇ ਨੂੰ ਸੰਭਾਲ ਸਕੇ, ਜਿਸ ਨੂੰ ਸਮਝੋ ਪਵਿੱਤਰ ਹੈ, ਧਿਆਨੀ ਹੈ, ਸੂਝਵਾਨ ਹੈ ਅਤੇ ਜਤ-ਸਤ ਵਿਚ ਦ੍ਰਿੜ੍ਹ ਹੈ, ਜੋ ਤੇਰਾ ਦਿਲ ਨਹੀਂ ਦੁਖਾਏਗਾ, ਜੋ ਤੈਨੂੰ ਮੰਦਾ-ਚੰਗਾ ਨਹੀਂ ਆਖੇਗਾ।”12 ਗੁਰਬਾਣੀ ਦੀ ਕਸਵੱਟੀ ਅਨੁਸਾਰ ਵਿਦਵਾਨ (ਜਾਂ ਆਦਰਸ਼ ਅਧਿਆਪਕ) ਦੇ ਲੱਛਣ ਪਰਖਣ ਦਾ ਯਤਨ ਕਰਦੇ ਹਾਂ।
ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਅਨੁਸਾਰ ਪੜ੍ਹਿਆ ਹੋਇਆ ਸਿਆਣਾ ਵਿਦਵਾਨ ਜਾਂ ਅਧਿਆਪਕ ਉਹ ਹੈ ਜਿਸ ਨੇ ‘ਨਾਮ’ ਦੀ ਕਮਾਈ ਕੀਤੀ ਹੈ; ਜੋ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਅਤੇ ਆਪਣੇ ਮਨ ਨੂੰ ਅੰਦਰੋਂ ਖੋਜਦਾ ਹੋਇਆ ‘ਤਤੁ’ ਰੂਪ ਪਰਮਾਤਮਾ ਨੂੰ ਲੱਭ ਲੈਂਦਾ ਹੈ ਅਤੇ ਫਿਰ ਜਨਮ-ਮਰਨ ਦੇ ਚੱਕਰ ਤੋਂ ਵੀ ਮੁਕਤ ਹੋ ਜਾਂਦਾ ਹੈ। ਅਜਿਹਾ ਵਿਦਵਾਨ ਅਕਾਲ ਪੁਰਖ ਦੀ ਸਿਫਤਿ-ਸਾਲਾਹ ਦੀਆਂ ਗੱਲਾਂ ਆਪਣੇ ਹਿਰਦੇ ਵਿਚ ਵਸਾਉਂਦਾ ਹੈ; ਵੇਦ, ਪੁਰਾਣ, ਸਿਮ੍ਰਿਤੀਆਂ, ਆਦਿਕ ਧਰਮ- ਪੁਸਤਕਾਂ ਦਾ ਮੁੱਢ ਪਰਮਾਤਮਾ ਨੂੰ ਸਮਝਦਾ ਹੈ; ਜੋ ਹਰ ਵੇਲੇ ਪਰਮਾਤਮਾ ਨੂੰ ਚੇਤੇ ਰੱਖਦਾ ਹੈ ਹਰ ਥਾਂ ਵੇਖਦਾ ਹੈ ਅਤੇ ਇਹ ਵੀ ਜਾਣਦਾ ਹੈ ਕਿ ਇਹ ਸਾਰਾ ਦ੍ਰਿਸ਼ਟਮਾਨ ਜਗਤ ਉਸ ਦੇ ਆਸਰੇ ਹੈ। ਗੁਰਬਾਣੀ ਵਿਚ ਵਿਦਵਾਨ ਲਈ ‘ਬੀਨਾ’ ਵਿਸ਼ੇਸ਼ਣ ਵਰਤਿਆ ਗਿਆ ਹੈ। ਹੇਠ ਲਿਖੇ ਗੁਰਵਾਕ ਵਿਚਾਰਨ ਯੋਗ ਹਨ:
ਸੋ ਪੰਡਿਤੁ ਜੋ ਮਨੁ ਪਰਬੋਧੈ॥
ਰਾਮ ਨਾਮੁ ਆਤਮ ਮਹਿ ਸੋਧੈ॥
ਰਾਮ ਨਾਮ ਸਾਰੁ ਰਸੁ ਪੀਵੈ॥ . . .
ਸੋ ਪੰਡਿਤੁ ਫਿਰਿ ਜੋਨਿ ਨ ਆਵੈ॥
ਬੇਦ ਪੁਰਾਨ ਸਿਮ੍ਰਤਿ ਬੂਝੈ ਮੂਲ॥
ਸੂਖਮ ਮਹਿ ਜਾਨੈ ਅਸਥੂਲੁ॥ (ਪੰਨਾ 274)
-ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ॥ (ਪੰਨਾ 650)
-ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ॥ (ਉਹੀ)
-ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ॥
ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ॥ (ਪੰਨਾ 938)
-ਸੋ ਪੜਿਆ ਸੋ ਪੰਡਿਤੁ ਬੀਨਾ ਜਿਨ੍ਹੀ ਕਮਾਣਾ ਨਾਉ॥ (ਪੰਨਾ 1288)
ਵਿਦਵਾਨ ਦਾ ਵਿਸ਼ੇਸ਼ ਗੁਣ ‘ਬਿਬੇਕ ਬੁਧਿ’ (ਚੰਗੇ ਮੰਦੇ ਕੰਮ ਦੀ ਪਰਖ ਕਰਨ ਦੀ ਅਕਲ) ਹੈ। ਇਸ ਲਈ ਗੁਰਬਾਣੀ ਵਿਦਵਾਨ ਨੂੰ ਸੇਧ ਦਿੰਦੀ ਹੈ- ‘ਹੇ ਭਾਈ! (ਹੋਰ ਸਭ ਚਤੁਰਾਈਆਂ ਨਾਲੋਂ) ਜਗਤ ਵਿਚ ਚੰਗੇ-ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਹੀ ਸਭ ਤੋਂ ਪਵਿੱਤਰ ਹੈ। ਇਸ ਦੀ ਸਹਾਇਤਾ ਨਾਲ ਪਰਮਾਤਮਾ ਦੇ ਗੁਣ ਮਨ ਵਿਚ ਵਸਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਣਾ ਚਾਹੀਦਾ ਹੈ। ਜਿਨ੍ਹਾਂ ਨੇ ਬਿਬੇਕ ਬੁਧਿ ਦੀ ਪ੍ਰਾਪਤੀ ਸਤਿਗੁਰੂ ਤੋਂ ਕਰ ਲਈ ਹੈ ਉਨ੍ਹਾਂ ਨੂੰ ਪਰਮਾਤਮਾ ਦੇ ਮਿਲਾਪ ਲਈ ਆਤਮਕ ਜੀਵਨ ਦੀ ਸੂਝ ਹੋ ਗਈ ਹੈ। ਵਿੱਦਿਆ ਮਨੁੱਖ ਨੂੰ ਬਿਬੇਕੀ ਬਣਾਉਂਦੀ ਹੈ ਪਰ ਵਿੱਦਿਆ- ਹੀਣ ਮਨੁੱਖ ਨੂੰ ਚੰਗੇ-ਮੰਦੇ ਕੰੰਮ ਦੀ ਪਰਖ ਨਹੀਂ ਹੁੰਦੀ ਇਸ ਲਈ ਉਹ ਮਾਇਆ ਦੀ ਖਾਤਰ ਹਲਕੇ ਕੁੱਤੇ ਵਾਂਗ ਭਟਕਦਾ ਫਿਰਦਾ ਹੈ। ਇਸ ਪ੍ਰਥਾਇ ਗੁਰਵਾਕ ਹਨ:
-ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ॥ (ਪੰਨਾ 711)
-ਅੰਤਰਿ ਲੋਭ ਹਲਕੁ ਦੁਖੁ ਭਾਰੀ ਬਿਨੁ ਬਿਬੇਕ ਭਰਮਾਇ॥ (ਪੰਨਾ 1132)
-ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ॥ (ਪੰਨਾ 1325)
ਦਵਾਨ ਪਾਂਧੇ ਦੇ ਗੁਣਾਂ ਸੰਬੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ‘ਉਸ ਪਾਂਧੇ ਨੂੰ ਵਿਦਵਾਨ ਆਖਣਾ ਚਾਹੀਦਾ ਹੈ, ਜਿਹੜਾ ਵਿੱਦਿਆ ਦੇ ਰਾਹੀਂ ਸ਼ਾਂਤੀ ਵਾਲੇ ਸੁਭਾਵ ਵਿਚ ਜੀਵਨ ਬਤੀਤ ਕਰਦਾ ਹੈ, ਵਿੱਦਿਆ ਦੇ ਰਾਹੀਂ ਆਪਣੇ ਅਸਲੇ ਦੀ ਵਿਚਾਰ ਕਰਦਾ ਹੈ ਅਤੇ ਪਰਮਾਤਮਾ ਦੇ ਨਾਮ ਨਾਲ ਸੁਰਤਿ ਜੋੜ ਕੇ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ:
ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ॥
ਬਿਿਦਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ॥ (ਪੰਨਾ 937)
ਗੁਰੂ ਜੀ ਨੇ ਉਪਦੇਸ਼ ਕਰਨ ਵਾਲੇ ਵੀ ਧੰਨਤਾ ਯੋਗ ਕਹੇ ਹਨ ਜੋ ਦੂਜਿਆਂ ਦਾ ਭਲਾ ਕਰਨ ਦੇ ਉਦੇਸ਼ ਨਾਲ ਸਿੱਖਿਆ ਦਿੰਦੇ ਹਨ। ਗੁਰਬਾਣੀ ਵਿਚ ਆਦਰਸ਼ਕ ਵਿਦਵਾਨ ‘ਗਿਆਨੀ’ ਆਖਿਆ ਗਿਆ ਹੈ। ਗੁਰੂ ਜੀ ਨੇ ਉਸ ਦੇ ਗੁਣਾਂ ਦਾ ਵਿਸ਼ਲੇਸ਼ਣ ਕਰ ਕੇ ਦੱਸਿਆ ਹੈ ਕਿ ਗਿਆਨੀ ਆਪਣੇ ਮੂਲ ਨੂੰ ਪਛਾਣਨ ਵਾਲਾ ਭਾਵ ਆਤਮਕ ਜੀਵਨ ਦੀ ਸੂਝ ਰੱਖਣ ਵਾਲਾ ਹੈ, ਗੁਰੂ ਦੀ ਮਿਹਰ ਨਾਲ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦਾ ਹੈ ਤੇ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ। ਉਹ ਭੈ-ਰਹਿਤ ਹੈ ਭਾਵ ਉਹ ਨਾ ਕਿਸੇ ਨੂੰ ਡਰਾਉਂਦਾ ਹੈ ਤੇ ਨਾ ਹੀ ਕਿਸੇ ਤੋਂ ਡਰਦਾ ਹੈ:
-ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ॥
ਆਪੁ ਪਛਾਣੈ ਬੂਝੈ ਸੋਇ॥
ਗੁਰ ਪਰਸਾਦਿ ਕਰੇ ਬੀਚਾਰੁ॥
ਸੋ ਗਿਆਨੀ ਦਰਗਹ ਪਰਵਾਣੁ॥ (ਪੰਨਾ 25)
-ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ (ਪੰਨਾ 1427)
ਗੁਰਬਾਣੀ ਵਿੱਚੋਂ ਆਦਰਸ਼ ਅਧਿਆਪਕ ਜਾਂ ਵਿਦਵਾਨ ਬਣਨ ਲਈ ਹੋਰ ਵੀ ਅਨੇਕਾਂ ਸੇਧਾਂ ਮਿਲਦੀਆਂ ਹਨ ਜਿਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਣ ਦੀ ਲੋੜ ਹੈ। ਇਨ੍ਹਾਂ ਵਿੱਚੋਂ ਕੁਝ ਹਨ:
-ਆਪਿ ਕਮਾਉ ਅਵਰਾ ਉਪਦੇਸ॥
ਰਾਮ ਨਾਮ ਹਿਰਦੈ ਪਰਵੇਸ॥ (ਪੰਨਾ 185)
-ਪੰਡਿਤ ਬੇਦੁ ਬੀਚਾਰਿ ਪੰਡਿਤ॥
ਮਨ ਕਾ ਕ਼੍ਰੋਧੁ ਨਿਵਾਰਿ ਪੰਡਿਤ॥ (ਪੰਨਾ 887)
-ਆਪਣਾ ਮਨੁ ਪਰਬੋਧਹੁ ਬੂਝਹੁ ਸੋਈ॥ . . .
ਗੁਰਮੁਖਿ ਸਮਝਹੁ ਸਦਾ ਸੁਖੁ ਹੋਈ॥ (ਪੰਨਾ 230)
-ਪੰਡਿਤ ਹਰਿ ਪੜੁ ਤਜਹੁ ਵਿਕਾਰਾ॥ (ਪੰਨਾ 229)
-ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥ (ਪੰਨਾ 727)
-ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ॥ (ਪੰਨਾ 381)
-ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ॥ (ਪੰਨਾ 566)
ਗੁਰੂ ਜੀ ਉਸ ਆਦਰਸ਼ ਵਿਦਵਾਨ ਨੂੰ ਸਤਿਕਾਰ ਦਿੰਦੇ ਹੋਏ ‘ਸਦਾ ਆਦੇਸ਼’ ਕਰਦੇ ਹਨ ਜਿਹੜਾ ਸਮੁੱਚੀ ਮਾਨਵਤਾ ਨੂੰ ਬਿਨਾ ਭੇਦ-ਭਾਵ ਦੇ ਵਿੱਦਿਆ ਦਾਨ ਕਰਦਾ ਹੈ:
ਚਹੁ ਵਰਨਾ ਕਉ ਦੇ ਉਪਦੇਸੁ॥
ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ॥ (ਪੰਨਾ 274)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਦਵਾਨ ਲਿਖਾਰੀ ਦਾ ਜ਼ਿਕਰ ਕਰਦਿਆਂ ਉਸ ਲਿਖਾਰੀ ਨੂੰ ਭਾਗਾਂ ਵਾਲਾ (‘ਧਨੁ ਲੇਖਾਰੀ’) ਆਖਿਆ ਹੈ ਜਿਸ ਨੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਟਿਕਾ ਕੇ ਆਪਣੇ ਅੰਦਰ ਉੱਕਰ ਲਿਆ ਹੈ। ਗੁਰੂ ਜੀ ਅਨੁਸਾਰ ਉਹ ਕਾਗਜ਼ ਤੇ ਕਲਮ, ਦਵਾਤ ਤੇ ਸਿਆਹੀ ਤੇ ਉਹ ਲਿਖਣ ਵਾਲਾ ਵੀ ਧੰਨ ਹੈ ਜਿਸਨੇ ਪਰਮਾਤਮਾ ਦਾ ਸੱਚਾ ਨਾਮ ਲਿਖਾਇਆ ਹੈ:
-ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ॥ (ਪੰਨਾ 636)
-ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ॥
ਧਨੁ ਲੇਖਾਰੀ ਨਾਨਕਾ ਜਿਿਨ ਨਾਮੁ ਲਿਖਾਇਆ ਸਚੁ॥ (ਪੰਨਾ 1291)
ਉੱਪਰ ਕੀਤੀ ਵਿਚਾਰ ਦੇ ਆਧਾਰ ’ਤੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰਬਾਣੀ ਵਿਚ ਗੁਰੂ-ਕਾਲ ਦੇ ਪੰਡਿਤਾਂ, ਪਾਂਧਿਆਂ, ਗਿਆਨੀਆਂ ਅਤੇ ਪੜ੍ਹੇ-ਲਿਖੇ ਵਿਅਕਤੀਆਂ ਦੇ ਪ੍ਰਥਾਇ ਜੋ ਕੁਝ ਕਿਹਾ ਗਿਆ ਹੈ ਉਹ ਅੱਜ ਵੀ ਪ੍ਰਸੰਗਿਕ ਹੈ ਅਤੇ ਇਹ ਸਿੱਖ ਉਪਦੇਸ਼ਕਾਂ, ਅਧਿਆਪਕਾਂ, ਵਿਦਵਾਨਾਂ, ਬੁੱਧੀਜੀਵੀਆਂ, ਖੋਜੀਆਂ, ਆਦਿ ਸਾਰਿਆਂ ’ਤੇ ਲਾਗੂ ਹੁੰਦਾ ਹੈ। ਵਿਦਵਾਨਾਂ ਨੂੰ ਚਾਹੀਦਾ ਹੈ ਕਿ ‘ਮੰਨੈ ਤਰੈ ਤਾਰੇ ਗੁਰਸਿਖ’ ਅਤੇ “ਆਪਿ ਜਪੈ ਅਵਰਹ ਨਾਮੁ ਜਪਾਵੈ” ਦੇ ਸਿੱਖੀ ਸਿਧਾਂਤ ਅਨੁਸਾਰ, ਪਹਿਲਾਂ ਆਪ ਗੁਰਮਤਿ ਵਿੱਦਿਆ ਦੇ ਧਾਰਨੀ ਹੋ ਕੇ ਗੁਰਸਿੱਖੀ ਜੀਵਨ ਜੁਗਤ ਨੂੰ ਅਪਣਾਉਣ ਤੇ ਬਾਅਦ ਵਿਚ ਆਪਣੇ ਪਰਵਾਰ, ਸਮਾਜ, ਦੇਸ਼ ਤੇ ਹਰ ਪ੍ਰਾਣੀ ਮਾਤਰ ਤਕ (ਗੁਰਬਾਣੀ ਵਿਚ ਦਰਸਾਈ) ਵਿੱਦਿਆ ਨੂੰ ਫੈਲਾਉਣ ਵਿਚ ਯੋਗਦਾਨ ਪਾਉਣ। ਇਸ ਸੰਦਰਭ ਵਿਚ ਇਕ ਖੋਜਾਰਥੀ ਦਾ ਵਿਚਾਰ ਢੁਕਵਾਂ ਹੈ:
“According to Sri Guru Granth Sahib, a disciple is not one who has read a lot books or has only bookish Knowledge but as one who has full grown personality under the guidance of the guru and one who is integrated to the society to play his active role.”
ਅੰਤ ਵਿਚ, ਆਓ! ਅਸੀ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਕੀ ਅਸੀਂ ਵਿੱਦਿਆ ਦੇ ਸੰਕਲਪ ਨੂੰ ਸਹੀ ਅਰਥਾਂ ਵਿਚ ਸਮਝ ਸਕੇ ਹਾਂ? ਕੀ ਵਿੱਦਿਆ ਪ੍ਰਾਪਤੀ ਉਪਰੰਤ ਸਾਡੇ ਦਿਮਾਗ ਰੋਸ਼ਨ ਹੋਏ ਹਨ? ਕੀ ਅਸਾਂ ਵਿੱਦਿਆ ਪ੍ਰਾਪਤ ਕਰ ਕੇ ਉਸ ਨੂੰ ਜੀਵਨ ਵਿਚ ਧਾਰਨ ਕੀਤਾ ਹੈ? ਕੀ ਅਸੀਂ ਪ੍ਰਾਪਤ ਕੀਤੀ ਵਿੱਦਿਆ ਨੂੰ ਦੂਜਿਆਂ ਤਕ ਪਹੰੁਚਾਉਣ ਵਿਚ ਯੋਗਦਾਨ ਪਾ ਰਹੇ ਹਾਂ? ਜੇ ਉੱਤਰ ਨਾਂਹ ਵਿਚ ਹੈ ਤਾਂ ਸਮਝੋ ਕਿ ਅਸੀਂ ਆਪਣੇ ਆਪ ਨੂੰ ਵਿਦਵਾਨ ਤੇ ਬੁੱਧੀਜੀਵੀ ਅਖਵਾ ਕੇ ਕੇਵਲ ਆਪਣੀ ਹਉਮੈਂ ਨੂੰ ਪੱਠੇ ਪਾ ਰਹੇ ਹਾਂ ਤੇ ‘ਹਾਥ ਦੀਪ ਕੂਏ ਪਰੈ’ ਦੀ ਅਵਸਥਾ ਵਿਚ ਹੋਣ ਕਾਰਨ ‘ਪੜਿਆ ਮੂਰਖ ਆਖੀਐ’ ਵਰਗ ਵਿਚ ਸ਼ਾਮਲ ਹਾਂ।
ਹਵਾਲੇ ਅਤੇ ਪਦ ਟਿੱਪਣੀਆਂ:
- (i) “ਵਿੱਦਿਆ ਸ਼ਬਦ ਦੀ ਵਿਉਤਪਤੀ ਸੰਸਕ੍ਰਿਤ ਦੇ ਮੂਲ ਧਾਤੂ ‘ਵਿਦ’ ਤੋਂ ਹੈ ਜਿਸਦੇ ਅਰਥ ਹਨ- ਸਮਝਣਾ (ਜਾਣਨਾ), ਧਿਆਨ ਕਰਨਾ, ਵਿਚਾਰ ਕਰਨਾ, ਅਰਪਨ ਕਰਨਾ, ਪੰਡਿਤ, ਵਿਦਵਾਦ ਆਦਿ ਅਤੇ ਵਿਿਦਆ (ਸੰਗ੍ਯਾ) ਦੇ ਅਰਥ ਹਨ- ਜਾਣਨਾ, ਇਲਮ।” ਭਾਈ ਕਾਨ੍ਹ ਸਿੰਘ ਨਾਭਾ, ਗੁਰ ਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ- 1981, ਸਫਾ 1099.
(ii) ਸੰਸਕ੍ਰਿਤ ਤੇ ਇੰਗਲਿਸ਼ ਕੋਸ਼ਾਂ ਵਿਚ ‘ਵਿੱਦਿਆ’ ਦੇ ਅਰਥ ਜਾਣਨ ਦੀ ਕਿਰਿਆ (learning), ਗਿਆਨ (Knowledge), ਯਥਾਰਥ ਗਿਆਨ (right knowledge), ਅਧਿਆਤਮਕ ਗਿਆਨ (spiritual knowledge) ਆਦਿ ਹਨ। ਵੇਖੋ ਹਵਾਲਾ: ਨਾਨਕ ਪ੍ਰਕਾਸ਼ ਪਤ੍ਰਿਕਾ, ਦਸੰਬਰ 1982, ਸਫਾ 126
(iii) ‘ਵਿੱਦਿਆ ਉਹ ਤਰੀਕਾ ਹੈ ਜਿਸ ਨਾਲ ਬੁੱਧੀ ਮਾਂਜੀ ਜਾਂਦੀ ਹੈ ਤੇ ਵਾਕਫੀਅਤ ਵਿਚ ਤਰੱਕੀ ਹੁੰਦੀ ਹੈ।” ਵਾਰਾਂ ਭਾਈ ਗੁਰਦਾਸ (ਟੀਕਾ), ਖਾਲਸਾ ਸਮਾਚਾਰ- ਸ੍ਰੀ ਅੰਮ੍ਰਿਤਸਰ- ਅਗਸਤ 1962, ਸਫਾ 240
(iv) ਅਠਾਰਾਂ ਤਰ੍ਹਾਂ ਦੀ ਵਿੱਦਿਆ ਵਿਚ ਚਾਰ ਵੇਦ, ਛੇ ਵੇਦਾਂਗ, ਮੀਮਾਂਸਾ, ਨਯਾਯ, ਪੁਰਾਣ, ਮਨੁ ਸਿਮ੍ਰਤਿ ਆਦਿ ਧਰਮ ਸ਼ਾਸਤ੍ਰ, ਆਯੁਰ ਵੇਦ, ਗੰਧਰਵ ਵੇਦ, ਅਤੇ ਨੀਤਿ ਸ਼ਾਸਤਰ ਆਦਿ ਸ਼ਾਮਲ ਹਨ। (ਵਿਸ਼ਨੂ ਪੁਰਾਣ) ਵੇਖੋ ਹਵਾਲਾ: ਮਹਾਨ ਕੋਸ਼, ਸਫਾ 50.
(v) ਭਾਈ ਮਨੀ ਸਿੰਘ ਨੇ ਚੌਦਾਂ ਵਿੱਦਿਆ ਦਾ ਬਿਉਰਾ ਇਉਂ ਦਿੱਤਾ ਹੈ:
ਸ਼੍ਰੀ ਅੱਖਰ ਜਲਤਰਨ ਚਕਿਤਸਾ ਔਰ ਰਸਾਇਨ, ਜੋਤਕ ਜੋਤਿ ਪ੍ਰਬੀਨ ਰਾਗ ਖਟ ਰਾਗਨਿ ਗਾਇਨ, ਕੋਕਕਲਾ ਵਯਾਕਰਨ ਔਰ ਬਾਜੰਤ੍ਰ ਬਜਾਇਨ, ਤੁਰਹਿ ਤੋਰ ਨਟ ਨਿਤ੍ਰ ਔਰ ਸਰ ਧਨੁਖ ਚਲਾਇਨ,
ਗਯਾਨ ਕਰਨ ਔ ਚਾਤਰੀ ਏਤ ਨਾਮ ਵਿਦਯਾ ਵਰੇ, ਏ ਚਤੁਰਦਸ ਜਗਤ ਮੇ ਚਤੁਰ ਸਮਝ ਮਨ ਮੇ ਧਰੇ। ਵੇਖੋ ਹਵਾਲਾ:ਉਹੀ, ਸਫਾ 449
Lakhbir Kaur Bahra’s Ph.d, thesis, “philosophy of Guru Granth Sahib and its Education inplications”. sikh net.
ਮੁਸਲਮਾਨ ਫਕੀਰ ਰੱਬ ਨੂੰ ਮਿਲਣ ਦੇ ਰਾਹ ਦੇ ਚਾਰ ਦਰਜੇ ਮੰਨਦੇ ਹਨ– ਸ਼ਰੀਅਤ, ਤਰੀਕਤ, ਮਾਅਰਫਤ ਅਤੇ ਹਕੀਕਤ। ਤਰੀਕਤ ਦੂਜਾ ਦਰਜਾ ਹੈ ਜਿਸ ਵਿਚ ਹਿਰਦੇ ਦੀ ਪਵਿੱਤ੍ਰਤਾ ਦੇ ਢੰਗ ਦੱਸੇ ਗਏ ਹਨ।
ਗੁਰਮਤਿ ਪ੍ਰਕਾਸ਼, ਮਾਰਚ 1995, ਸਫਾ 65.
ਧਰਮ ਪ੍ਰਚਾਰ ਕਮੇਟੀ, ਸ਼੍ਰੋ.ਗੁ.ਪ੍ਰ.ਕਮੇਟੀ, ਸ੍ਰੀ ਅੰਮ੍ਰਿਤਸਰ, ਜਨਵਰੀ 2003, ਸਫਾ 20
ਗੁਰਮਤਿ ਮਾਰਤੰਡ, ਭਾਗ ਦੂਜਾ, ਸ਼੍ਰੋ.ਗੁ.ਪ੍ਰ.ਕਮੇਟੀ, ਸ੍ਰੀ ਅੰਮ੍ਰਿਤਸਰ, 1995, ਸਫਾ 656
ਉਹੀ,
ਰਹਿਤਾਨਾਮਾ ਭਾਈ ਦੇਸਾ ਸਿੰਘ, ਵੇਖੋ ਹਵਾਲਾ, -ਉਹੀ- ਸਫਾ 830.
ਵੇਖੋ ਹਵਾਲਾ ਉਹੀ, ਸਫਾ 829.
ਬਤੀਹ ਸੁਲਖਣੀ ਤੋਂ ਭਾਵ ਹੈ ਸੰਪੂਰਨ ਸ਼ੁਭ ਗੁਣ। ਅਨੇਕਾਂ ਵਿਦਵਾਨਾਂ ਨੇ ਆਪਣੀ ਆਪਣੀ ਬੁੱਧੀ ਅਨੁਸਾਰ 32 ਸ਼ੁਭ ਲੱਛਣ ਗਿਣੇ ਹਨ- ਸੁੰਦਰਤਾ, ਸਵੱਛਤਾ, ਲੱਜਾ, ਚਤੁਰਾਈ, ਵਿੱਦਿਆ, ਪਤੀ ਭਗਤੀ, ਸੇਵਾ, ਦਯਾ, ਸਤਯ, ਪ੍ਰਿਯ ਬਾਣੀ, ਪ੍ਰਸੰਨਤਾ, ਨਿਮਰਤਾ, ਨਿਸ਼ਕਪਟਤਾ, ਏਕਤਾ, ਧੀਰਜ, ਧਰਮ ਨਿਸ਼ਠਾ, ਸੰਯਮ, ਉਦਾਰਤਾ, ਗੰਭੀਰਤਾ, ਉੱਦਮ, ਸੂਰਬੀਰਤਾ, ਰਾਗ, ਕਾਵਯ, ਚਿਤ੍ਰ, ਔਸ਼ਧ, ਰਸੌਈ, ਸਿਊਣ ਪਰੋਣ ਦੀ ਵਿੱਦਿਆ, ਘਰ ਦੀਆਂ ਵਸਤੂਆਂ ਦਾ ਯਥਾ ਯੋਗ ਸ਼ਿੰਗਾਰਣਾ, ਬਜ਼ੁਰਗਾਂ ਦਾ ਮਾਣ, ਘਰ ਆਏ ਪ੍ਰਾਹੁਣੀਆਂ ਦਾ ਸਨਮਾਨ ਅਤੇ ਸੰਤਾਨ ਦਾ ਪਾਲਣ। ਗੁਰਮਤ ਮਾਰਤੰਡ, ਸਫਾ 89.
(i) ‘ਗੁਰੂ’ ਸੰਸਕ੍ਰਿਤ ਦਾ ਸ਼ਬਦ ਹੈ। ਇਸ ਦੇ ਵਿਉਤਪਤੀ-ਮੂਲਕ ਅਰਥ ਹਨ- ਜੋ ਧਰਮ ਦਾ ਉਪਦੇਸ਼ ਕਰੇ, ਅਥਵਾ ਅਗਿਆਨ ਨੂੰ ਦੂਰ ਕਰੇ… ਉਪਨਿਸ਼ਦਾਂ ਵਿਚ ‘ਗੁ’ ਦਾ ਅਰਥ ਅੰਨ੍ਹੇਰਾ ਅਤੇ ‘ਰੁ’ ਦਾ ਅਰਥ ਦੂਰ ਕਰਨਾ ਵਾਲਾ ਕੀਤਾ ਗਿਆ ਹੈ। ਇਸ ਅਨੁਸਾਰ ਗੁਰੂ ਉਹ ਹੈ ਜੋ ਸਿੱਖ ਦੇ ਅਗਿਆਨ ਅੰਧਕਾਰ ਨੂੰ ਦੂਰ ਕਰੇ। ਸ. ਰਤਨ ਸਿੰਘ ਜੱਗੀ, ਗੁਰੂ ਨਾਨਕ ਦੀ ਵਿਚਾਰਧਾਰਾ, ਸਫਾ 320.
(ii) ਗੁਰੂ ਸ਼ਬਦ ‘ਗ੍ਰੀ’ ਧਾਤੂ ਤੋਂ ਬਣਿਆ ਹੈ ਅਤੇ ਇਸ ਦੇ ਅਰਥ ਹਨ- ਨਿਗਲਣਾ ਅਤੇ ਸਮਝਾਉਣਾ ਭਾਵ ਗੁਰੂ ਉਹ ਹੈ ਜੋ ਗਿਆਨ ਰੂਪੀ ਪ੍ਰਕਾਸ਼ ਰਾਹੀਂ ਅਗਿਆਨ ਰੂਪੀ ਹਨ੍ਹੇਰੇ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤੱਤ੍ਰ ਗਿਆਨ ਸਮਝਾਉਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਸਫਾ 311.
ਗੁਰ ਪ੍ਰਤਾਪ ਸੂਰਜ, ਰੁੱਤ 3. ਅਸੂ 40.
The cultural Heritage of india II/568, ਵੇਖੋ ਹਵਾਲਾ: ਗੁਰਮਤਿ ਪ੍ਰਕਾਸ਼, ਮਾਰਚ 1995, ਸਫਾ 67.
Lakhbir Kaur Bahra’s Ph.d, thesis, “philosophy of Guru Granth Sahib and its Education inplications”. sikh net.
ਲੇਖਕ ਬਾਰੇ
- Sikh Archiveshttps://sikharchives.org/kosh/profile/sikharchives/September 1, 2007
- Sikh Archiveshttps://sikharchives.org/kosh/profile/sikharchives/April 1, 2008
- Sikh Archiveshttps://sikharchives.org/kosh/profile/sikharchives/January 1, 2016
- Sikh Archiveshttps://sikharchives.org/kosh/profile/sikharchives/January 1, 2016
- Sikh Archiveshttps://sikharchives.org/kosh/profile/sikharchives/February 1, 2016
- Sikh Archiveshttps://sikharchives.org/kosh/profile/sikharchives/February 1, 2016