ਬਾਬਾ ਦੀਪ ਸਿੰਘ ਜੀ ਸਿੱਖ ਇਤਿਹਾਸ ਦੀ ਇਕ ਅਜ਼ੀਮ ਸ਼ਖ਼ਸੀਅਤ ਹਨ। ਉਹ ਪੂਰਨ ਗੁਰਸਿੱਖ, ਮਹਾਨ ਯੋਧਾ ਅਤੇ ਉੱਚ ਕੋਟੀ ਦੇ ਵਿਦਵਾਨ ਸਨ। ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਪਰਕਰਮਾ ਵਿਚ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਅਤੇ ਸ੍ਰੀ ਰਾਮਸਰ ਦੇ ਨੇੜੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ, ਉਨ੍ਹਾਂ ਦੀਆਂ ਸਦੀਵੀ ਯਾਦਗਾਰਾਂ ਹਨ। ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਸਿੱਖ ਇਤਿਹਾਸ ਵਿਚ ਕਈ ਵਾਰ ਦੁਹਰਾਇਆ ਗਿਆ ਹੈ। 20ਵੀਂ ਸਦੀ ਵਿਚ ਇਸ ਦੀ ਮਿਸਾਲ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਤਰਨ ਤਾਰਨ, ਗੁਰੂ ਕੇ ਬਾਗ ਅਤੇ ਜੈਤੋ ਦੇ ਮੋਰਚੇ ਵਿਚ ਸ਼ਹੀਦ ਹੋਏ ਸਿੰਘਾਂ ਨੇ ਪੇਸ਼ ਕੀਤੀ। ਅਕਾਲੀ ਮੋਰਚਿਆਂ ਦੇ ਦੌਰਾਨ ਇਨ੍ਹਾਂ ਸ਼ਹੀਦ ਸਿੱਖਾਂ ਨੂੰ ਬਾਬਾ ਦੀਪ ਸਿੰਘ ਜੀ ਦਾ ਕੀਮਤੀ ਵਿਰਸਾ ਪ੍ਰੇਰਿਤ ਕਰ ਰਿਹਾ ਸੀ ਜੋ 75 ਸਾਲ ਦੀ ਉਮਰ ਵਿਚ ਵੀ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਮਰਜੀਵੜੇ ਸਿੰਘਾਂ ਦਾ ਜਥਾ ਲੈ ਕੇ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਸ੍ਰੀ ਅੰਮ੍ਰਿਤਸਰ ਲਈ ਚੱਲ ਪਏ ਸਨ। ਆਪ ਜਹਾਨ ਖਾਂ ਦੀਆਂ ਫੌਜਾਂ ਨਾਲ ਲੜਦੇ ਹੋਏ ਸੰਨ 1757 ਈ: ਨੂੰ ਸ਼ਹੀਦ ਹੋਏ ਸਨ।
ਮੁੱਢਲਾ ਜੀਵਨ:– ਬਾਬਾ ਦੀਪ ਸਿੰਘ ਜੀ ਦਾ ਜਨਮ 14 ਮੱਘਰ, 1739 ਬਿਕ੍ਰਮੀ ਸੰਨ 1682 ਈਸਵੀ ਨੂੰ ਮਾਝੇ ਦੇ ਪਿੰਡ ਪਹੁਵਿੰਡ, ਤਹਿਸੀਲ ਪੱਟੀ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ (ਹੁਣ ਜ਼ਿਲ੍ਹਾ ਤਰਨ ਤਾਰਨ) ਵਿਚ ਹੋਇਆ। ਆਪ ਜੀ ਦੇ ਪਿਤਾ ਭਾਈ ਭਗਤਾ ਜੀ ਅਤੇ ਮਾਤਾ ਜੀਊਣੀ ਜੀ ਸਨ। ਪਹੁਵਿੰਡ ਪਿੰਡ ਸ੍ਰੀ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ, ਦੱਖਣ-ਪੱਛਮ ਵੱਲ ਆਬਾਦ ਹੈ। ਭਾਈ ਭਗਤਾ ਜੀ ਦੇ ਦੋ ਪੁੱਤਰ ਸਨ– ਵੱਡਾ ਦੀਪਾ (ਬਾਬਾ ਦੀਪ ਸਿੰਘ) ਅਤੇ ਛੋਟੇ ਦਾ ਨਾਮ ਲਾਲ ਸਿੰਘ ਸੀ। ਬਾਬਾ ਦੀਪ ਸਿੰਘ ਜੀ ਦੇ ਮੁੱਢਲੇ ਜੀਵਨ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ। ਬਾਬਾ ਦੀਪ ਸਿੰਘ ਜੀ ਦਾ ਬਚਪਨ ਅਤੇ ਜਵਾਨੀ ਦੇ ਪਹਿਲੇ ਸਾਲ ਪਿੰਡ ਦੇ ਆਲੇ-ਦੁਆਲੇ ਵਿਚ ਹੀ ਬੀਤੇ। ਆਪ ਜੀ ਨੇ ਗੁਰਮੁਖੀ ਅੱਖਰਾਂ ਦਾ ਗਿਆਨ ਅਤੇ ਗੁਰਬਾਣੀ ਦੀ ਸਿੱਖਿਆ ਆਪਣੇ ਪਿਤਾ ਤੋਂ ਹੀ ਗ੍ਰਹਿਣ ਕੀਤੀ। ਆਪ ਨੂੰ ਸਰੀਰਕ ਖੇਡਾਂ ਖੇਡਣ ਅਤੇ ਘੋੜ-ਸਵਾਰੀ ਕਰਨ ਦਾ ਬਹੁਤ ਸ਼ੌਕ ਸੀ। ਚੰਗੀ ਡੀਲ ਡੌਲ, ਚੌੜਾ ਮੱਥਾ, ਚੌੜੀ ਛਾਤੀ, ਦਗ-ਦਗ ਕਰਦਾ ਚੇਹਰਾ, ਆਪ ਦਾ ਸਰੀਰ ਸੁਡੌਲ ਅਤੇ ਜੁੱਸਾ ਮਜ਼ਬੂਤ ਸੀ। ਆਪ ਸ਼ੁਰੂ ਤੋਂ ਹੀ ਬੜੇ ਨਿਡਰ, ਦਲੇਰ ਅਤੇ ਅਣਖੀ ਸੁਭਾਅ ਦੇ ਸਨ।
ਆਪ ਗੁਰਸਿੱਖਾਂ ਦੀ ਸੰਗਤ ਕਰਦੇ ਅਤੇ ਖੇਤੀਬਾੜੀ ਦੇ ਕੰਮਾਂ ਵਿਚ ਆਪਣੇ ਪਿਤਾ ਦਾ ਹੱਥ ਵਟਾਉਂਦੇ। ਮਾਤਾ-ਪਿਤਾ ਕੋਲੋਂ ਗ੍ਰਹਿਣ ਕੀਤੀ ਧਾਰਮਿਕ ਸਿੱਖਿਆ ਕਾਰਨ ਆਪ ਦੇ ਸੁਭਾਅ ਵਿਚ ਬੜੀ ਨਿਮਰਤਾ, ਹਲੀਮੀ ਅਤੇ ਮਿਠਾਸ ਸੀ। ਸਿੱਖੀ ਪਿਛੋਕੜ ਅਤੇ ਕਿਰਸਾਣੀ ਜੀਵਨ ਨੇ ਉਨ੍ਹਾਂ ਵਿਚ ਸਾਦਗੀ, ਦ੍ਰਿੜ੍ਹਤਾ ਅਤੇ ਸ੍ਵੈ- ਵਿਸ਼ਵਾਸ ਵਰਗੇ ਗੁਣਾਂ ਨੂੰ ਮਜ਼ਬੂਤ ਬਣਾ ਦਿੱਤਾ ਸੀ। 1700 ਈ: ਦੇ ਆਸ-ਪਾਸ (ਬਾਬਾ) ਦੀਪ ਸਿੰਘ ਜੀ ਦਾ ਪਰਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਆਇਆ। ਉਦੋਂ ਬਾਬਾ ਦੀਪ ਸਿੰਘ ਜੀ ਦੀ ਉਮਰ 18 ਕੁ ਸਾਲ ਦੀ ਸੀ। ਉਹ ਸ੍ਰੀ ਅਨੰਦਪੁਰ ਸਾਹਿਬ ਦੇ ਅਧਿਆਤਮਕ ਵਾਤਾਵਰਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਾਹ-ਓ-ਜਲਾਲ ਤੋਂ ਇਤਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਹੀ ਟਿਕੇ ਰਹਿਣ ਦਾ ਫੈਸਲਾ ਕਰ ਲਿਆ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਰ-ਕਮਲਾਂ ਤੋਂ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਭਾਈ ਦੀਪਾ ਤੋਂ ਦੀਪ ਸਿੰਘ ਬਣ ਗਏ। ਇਨ੍ਹਾਂ ਦੇ ਮਾਤਾ-ਪਿਤਾ ਵੀ ਅੰਮ੍ਰਿਤ ਛਕ ਕੇ ਭਾਈ ਭਗਤੂ ਤੋਂ ਭਗਤ ਸਿੰਘ ਅਤੇ ਮਾਤਾ ਮਾਈ ਜੀਊਣੀ ਤੋਂ ਜੀਊਣ ਕੌਰ ਬਣ ਗਏ। ਸ੍ਰੀ ਅਨੰਦਪੁਰ ਸਾਹਿਬ ਰਹਿ ਕੇ ਦੀਪ ਸਿੰਘ ਜੀ ਆਪਣਾ ਸਮਾਂ ਸੈਨਿਕ ਅਭਿਆਸ, ਲੰਗਰ ਅਤੇ ਸੰਗਤ ਦੀ ਸੇਵਾ ਵਿਚ ਬਿਤਾਉਣ ਲੱਗੇ। ਦਿਨ ਦਾ ਬਾਕੀ ਸਮਾਂ ਉਹ ਗੁਰਬਾਣੀ ਕੰਠ ਕਰਨ ਅਤੇ ਧਾਰਮਿਕ ਗ੍ਰੰਥਾਂ ਦੇ ਅਧਿਐਨ ਵਿਚ ਬਿਤਾਇਆ ਕਰਦੇ ਸਨ। ਉਨ੍ਹਾਂ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁ-ਪੱਖੀ ਸ਼ਖ਼ਸੀਅਤ ਦਾ ਬਹੁਤ ਡੂੰਘਾ ਪ੍ਰਭਾਵ ਸੀ। ਧਿਆਨ ਸਿੰਘ ਨਿਰਮਲੇ ਨੇ ‘ਸ਼ਹੀਦ ਬਿਲਾਸ’ ਵਿਚ ਲਿਖਿਆ ਹੈ:
ਸਿਦਕੀ ਸਿੱਖ ਹੂਏ ਵਡ ਪੂਰੇ, ਦਸਮ ਗੁਰੂ ਦੇ ਰਹਿਤ ਹਦੂਰੇ।
ਬਹੁ ਗੁਰ ਘਰ ਦੇ ਕਾਜ ਸਵਾਰੇ, ਨਿਸ ਦਿਨ ਹਰਿ ਜਸ ਮੁਖੋਂ ਉਚਾਰੇ॥
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਅਤੇ ਭਾਈ ਮਨੀ ਸਿੰਘ ਜੀ ਦੀ ਸੰਗਤ ਕਰਕੇ ਆਪ ਗੁਰਬਾਣੀ ਅਤੇ ਸਿੱਖ ਸਾਹਿਤ ਦੇ ਚੰਗੇ ਵਿਦਵਾਨ ਬਣ ਗਏ। ਸਰੀਰਕ ਤੌਰ ’ਤੇ ਰਿਸ਼ਟ-ਪੁਸ਼ਟ ਅਤੇ ਫੁਰਤੀਲੇ ਹੋਣ ਕਰਕੇ ਉਨ੍ਹਾਂ ਦੀ ਗਣਨਾ ਚੰਗੇ ਸਿੱਖ ਸੈਨਿਕਾਂ ਵਿਚ ਕੀਤੀ ਜਾਣ ਲੱਗ ਪਈ। ਜਦੋਂ ਪਹਾੜੀ ਰਾਜਿਆਂ ਅਤੇ ਮੁਗ਼ਲ ਫੌਜਾਂ ਨੇ ਮਿਲ ਕੇ ਸ੍ਰੀ ਅਨੰਦਪੁਰ ਸਾਹਿਬ ’ਤੇ ਹਮਲੇ ਕਰਨੇ ਸ਼ੁਰੂ ਕੀਤੇ ਤਾਂ ਆਪ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੜੀਆਂ ਗਈਆਂ ਲੜਾਈਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਦੀ ਬਹੁ-ਪੱਖੀ ਪ੍ਰਤਿਭਾ ਕਰਕੇ ਆਪ ਨੂੰ ਬਹੁਤ ਪਿਆਰ ਕਰਿਆ ਕਰਦੇ ਸਨ। ਜਦੋਂ ਕੁਝ ਸਮੇਂ ਲਈ ਲੜਾਈਆਂ ਦਾ ਜ਼ੋਰ ਮੱਠਾ ਪਿਆ ਤਾਂ ਬਾਬਾ ਦੀਪ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਪਾ ਕੇ ਸਿੱਖੀ-ਪ੍ਰਚਾਰ ਲਈ ਆਪਣੇ ਪਿੰਡ ਪਰਤ ਆਏ। ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰੀਬ ਪੰਜ ਸਾਲ ਤਕ ਰਹੇ ਸਨ।
ਪਹੁਵਿੰਡ ਤੋਂ ਦਮਦਮਾ ਸਾਹਿਬ (ਸਾਬੋ ਕੀ ਤਲਵੰਡੀ):– ਸ੍ਰੀ ਅਨੰਦਪੁਰ ਸਾਹਿਬ ਦੀਆਂ ਲੜਾਈਆਂ ਮਗਰੋਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹਾ ਅਨੰਦਗੜ੍ਹ ਛੱਡਿਆ ਤਾਂ ਬਾਬਾ ਦੀਪ ਸਿੰਘ ਜੀ ਮਾਝੇ ਵਿਚ ਹੀ ਸਨ। ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਗੁਰੂ-ਪਰਵਾਰ ਅਤੇ ਗੁਰੂ ਜੀ ਦੇ ਸਿੱਖਾਂ ਨਾਲ ਜੋ ਕੁਝ ਵਾਪਰਿਆ ਉਹ ਲੂੰ-ਕੰਡੇ ਖੜੇ ਕਰ ਦੇਣ ਵਾਲਾ ਦੁਖਾਂਤ ਹੈ। ਸਰਸਾ ਕੰਢੇ ਮੁਗ਼ਲ ਤੇ ਪਹਾੜੀ ਰਾਜਿਆਂ ਨਾਲ ਹੋਈ ਟੱਕਰ ਦੌਰਾਨ ਗੁਰੂ ਜੀ ਦਾ ਸਾਰਾ ਪਰਵਾਰ ਖੇਰੂੰ-ਖੇਰੂੰ ਹੋ ਗਿਆ ਸੀ। ਭਾਈ ਊਦੈ ਸਿੰਘ, ਭਾਈ ਜੀਵਨ ਸਿੰਘ (ਭਾਈ ਜੈਤਾ) ਅਤੇ ਭਾਈ ਬਚਿੱਤਰ ਸਿੰਘ ਵਰਗੇ ਯੋਧੇ ਸ਼ਹੀਦ ਹੋ ਗਏ ਸਨ। ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ (ਸੁੰਦਰ ਕੌਰ ਜੀ) ਵਹੀਰ ਨਾਲੋਂ ਨਿਖੜ ਕੇ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਚਲੇ ਗਏ ਸਨ। ਮਾਤਾ ਗੁਜਰੀ ਜੀ ਛੋਟੇ ਬੱਚਿਆਂ ਨਾਲ ਗੰਗੂ ਰਸੋਈਏ ਨਾਲ ਉਸ ਦੇ ਪਿੰਡ ਖੇੜੀ (ਸਹੇੜੀ) ਪਹੁੰਚ ਗਏ ਜਿੱਥੋਂ ਉਨ੍ਹਾਂ ਨੂੰ ਸਰਹਿੰਦ ਲਿਜਾ ਕੇ ਸ਼ਹੀਦ ਕਰ ਦਿੱਤਾ ਗਿਆ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਵੀਰਗਤੀ ਪਾ ਗਏ। ਗੁਰੂ ਜੀ ਮਾਛੀਵਾੜਾ ਸਾਹਿਬ ਅਤੇ ਮੁਕਤਸਰ ਸਾਹਿਬ ਹੁੰਦੇ ਹੋਏ ਤਲਵੰਡੀ ਸਾਬੋ (ਦਮਦਮਾ ਸਾਹਿਬ) ਪਹੁੰਚੇ। ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੂਸਰੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਥੇ ਆ ਕੇ ਮਿਲੇ ਸਨ। ਗੁਰੂ ਜੀ ਕਰੀਬ 9 ਮਹੀਨੇ ਤਕ ਇੱਥੇ ਠਹਿਰੇ ਸਨ। ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਆਦਿ ਮੁਖੀ ਸਿੱਖਾਂ ਦੀ ਸਹਾਇਤਾ ਨਾਲ ਸ੍ਰੀ ਗੁਰੂ ਗੰ੍ਰਥ ਸਾਹਿਬ ਨੂੰ ਅੰਤਿਮ ਰੂਪ ਦਿੱਤਾ ਸੀ। ਜਦੋਂ ਆਪ ਤਲਵੰਡੀ ਸਾਬੋਂ ਤੋਂ ਦੱਖਣ ਲਈ ਰਵਾਨਾ ਹੋਏ ਤਾਂ ਸਿੱਖੀ ਪ੍ਰਚਾਰ ਦੇ ਉਦੇਸ਼ ਨਾਲ ਬਾਬਾ ਜੀ ਦਮਦਮਾ ਸਾਹਿਬ ਹੀ ਟਿਕ ਗਏ। ਬਾਬਾ ਦੀਪ ਸਿੰਘ ਜੀ ਦੀ ਯੋਗ ਅਗਵਾਈ ਅਤੇ ਨਿਗਰਾਨੀ ਹੇਠ ਦਮਦਮਾ ਸਾਹਿਬ ਗੁਰਮਤਿ ਅਤੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਦਾ ਮਹਾਨ ਕੇਂਦਰ ਬਣ ਗਿਆ। ਸਾਹਿਤਕ ਗਤੀਵਿਧੀਆਂ ਅਤੇ ਗੁਰੂ ਦੀਆਂ ਬਖ਼ਸ਼ਿਸ਼ਾਂ ਕਰਕੇ ਇਸ ਨੂੰ ਗੁਰੂ ਕੀ ਕਾਂਸ਼ੀ ਵੀ ਕਿਹਾ ਜਾਂਦਾ ਹੈ।
ਖਿੰਡੀ ਪੁੰਡੀ ਸਿੱਖ ਜਥੇਬੰਦੀ ਨੂੰ ਸੰਗਠਿਤ ਕਰਨਾ:- ਦਮਦਮਾ ਸਾਹਿਬ ਰਹਿੰਦਿਆਂ ਬਾਬਾ ਦੀਪ ਸਿੰਘ ਜੀ ਨੇ ਖਿੰਡ ਪੁੰਡ ਚੁੱਕੀ ਸਿੱਖ ਫੁਲਵਾੜੀ ਨੂੰ ਮੁੜ ਕੇ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ। ਗੁਰਬਾਣੀ ਦੇ ਪ੍ਰਚਾਰ ਅਤੇ ਅੰਮ੍ਰਿਤ-ਸੰਚਾਰ ਦੀ ਲਹਿਰ ਨੂੰ ਤੇਜ਼ ਕੀਤਾ। ਗੁਰਬਾਣੀ ਦੇ ਗੁਟਕੇ ਲਿਖ ਕੇ ਅਤੇ ਲਿਖਵਾ ਕੇ ਵੰਡਣੇ ਅਤੇ ਤਲਵੰਡੀ ਸਾਬੋ ਆਉਣ ਵਾਲੀਆਂ ਸੰਗਤਾਂ ਨੂੰ ਗੁਰਬਾਣੀ ਦੇ ਅਰਥ-ਬੋਧ ਸਮਝਾ ਕੇ ਗੁਰਮਤਿ ਦੀ ਅਜਿਹੀ ਪ੍ਰਣਾਲੀ ਸ਼ੁਰੂ ਕੀਤੀ, ਜਿਸ ਨੂੰ ਅੱਜ ਅਸੀਂ ‘ਦਮਦਮੀ ਟਕਸਾਲ’ ਕਰਕੇ ਜਾਣਦੇ ਹਾਂ। ਗੁਰਬਾਣੀ ਦੇ ਪ੍ਰਚਾਰ ਦੇ ਨਾਲ-ਨਾਲ ਬਾਬਾ ਦੀਪ ਸਿੰਘ ਜੀ ਨੇ ਸਿੱਖਾਂ ਨੂੰ ਸੈਨਿਕ ਸਿਖਲਾਈ ਦੇਣ ਦਾ ਕਾਰਜ ਵੀ ਅਰੰਭ ਕੀਤਾ। ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਸਿੱਖਿਆ ਪਾਉਣ ਵਾਲੇ ਇਨ੍ਹਾਂ ਮਰਜੀਵੜੇ ਸਿੰਘਾਂ ਨੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਇਤਿਹਾਸ ਵਿਚ ਸ਼ਾਨਦਾਰ ਭੂਮਿਕਾ ਅਦਾ ਕੀਤੀ। ਇਹ ਉਹ ਸਿੰਘ ਸਨ, ਜੋ ਅੱਗੇ ਚੱਲ ਕੇ ਬਾਬਾ ਦੀਪ ਸਿੰਘ ਜੀ ਦੁਆਰਾ ਸਥਾਪਿਤ ‘ਸ਼ਹੀਦ ਮਿਸਲ’ ਦਾ ਨਿੱਗਰ ਆਧਾਰ ਬਣੇ। ਸ਼ਹੀਦ ਮਿਸਲ ਦੀ ਕੁੱਲ ਨਫਰੀ 2000 ਦੇ ਕਰੀਬ ਸੀ। ਇਨ੍ਹਾਂ ਨੇ 1749 ਈ: ਤੋਂ 1790 ਈ: ਦੇ ਵਿਚਕਾਰ ਵਿਦੇਸ਼ੀ ਹਮਲਾਵਰਾਂ ਨਾਲ ਜ਼ਬਰਦਸਤ ਟੱਕਰ ਲੈ ਕੇ ਪੰਜਾਬ ਵਿਚ ਖਾਲਸਾ ਰਾਜ ਦੀ ਸਥਾਪਤੀ ਲਈ ਬੜਾ ਯੋਗਦਾਨ ਪਾਇਆ। ਸ਼ਹੀਦ ਮਿਸਲ ਦੇ ਪ੍ਰਸਿੱਧ ਜਰਨੈਲਾਂ ਵਿਚ ਭਾਈ ਸੁਧਾ ਸਿੰਘ, ਭਾਈ ਸ਼ੇਰ ਸਿੰਘ, ਭਾਈ ਹੀਰਾ ਸਿੰਘ, ਭਾਈ ਪੇ੍ਰਮ ਸਿੰਘ ਅਤੇ ਭਾਈ ਦਰਗਾਹ ਸਿੰਘ ਸ਼ਾਮਲ ਸਨ।
ਬਾਬਾ ਬੰਦਾ ਸਿੰਘ ਬਹਾਦਰ ਦੀ ਸਹਾਇਤਾ ਕਰਨੀ:– ਨਾਂਦੇੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦੀ ਅਗਵਾਈ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਥੇਦਾਰ ਨਿਯੁਕਤ ਕੀਤਾ ਸੀ। ਉਨ੍ਹਾਂ ਨੇ ਆਪਣੇ ਭੱਥੇ ਵਿੱਚੋਂ ਪੰਜ ਤੀਰਾਂ ਦੀ ਬਖ਼ਸ਼ਿਸ਼ ਕਰ ਕੇ ਕੁਝ ਮੁਖੀ ਸਿੰਘਾਂ ਨਾਲ ਪੰਜਾਬ ਦੇ ਜ਼ਾਲਮ ਅਧਿਕਾਰੀਆਂ ਨੂੰ ਸੋਧਣ ਲਈ ਪੰਜਾਬ ਵੱਲ ਰਵਾਨਾ ਕੀਤਾ। ਪੰਜਾਬ ਦੇ ਮੁਖੀ ਸਿੱਖਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ ਗਏ, ਜਿਨ੍ਹਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸਹਾਇਤਾ ਕਰਨ ਅਤੇ ਦੇਸ਼ ਵਿੱਚੋਂ ਜ਼ਾਲਮਾਂ ਦਾ ਰਾਜ ਖਤਮ ਕਰਨ ਦਾ ਜ਼ਿਕਰ ਸੀ। ਜਦੋਂ ਇਸ ਕਿਸਮ ਦਾ ਹੁਕਮਨਾਮਾ ਤਲਵੰਡੀ ਸਾਬੋ ਕੀ ਵਿਖੇ ਪਹੁੰਚਿਆ ਤਾਂ ਬਾਬਾ ਦੀਪ ਸਿੰਘ ਜੀ ਆਪਣੇ ਜਥੇ ਨੂੰ ਲੈ ਕੇ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਨਾਲ ਆ ਕੇ ਮਿਲ ਗਏ। ਉਨ੍ਹਾਂ ਨੇ ਦਮਦਮਾ ਸਾਹਿਬ ਦੀ ਸੇਵਾ-ਸੰਭਾਲ ਲਈ ਭਾਈ ਨੱਥਾ ਸਿੰਘ ਨੂੰ ਨਿਯੁਕਤ ਕੀਤਾ ਸੀ। ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨਾਲ ਮਿਲ ਕੇ ਸਰਹਿੰਦ, ਸਢੌਰਾ, ਸਮਾਣਾ, ਛੱਤ, ਬੰਨੂੜ ਅਤੇ ਸਹਾਰਨਪੁਰ ਦੀਆਂ ਲੜਾਈਆਂ ਵਿਚ ਅੱਗੇ ਵਧ ਕੇ ਹਿੱਸਾ ਲਿਆ। ਆਪਣੀ ਕੁਰਬਾਨੀ ਦੇ ਜਜ਼ਬੇ ਅਤੇ ਲੜਾਈ ਦੇ ਮੈਦਾਨ ਵਿਚ ਸ਼ਹੀਦੀ ਪਾਉਣ ਦੀ ਲਾਲਸਾ ਕਾਰਨ ਇਨ੍ਹਾਂ ਦਾ ਜਥਾ ‘ਸ਼ਹੀਦਾਂ ਦਾ ਜਥਾ’ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ। ਇਕ ਅਜੋਕਾ ਇਤਿਹਾਸਕਾਰ ਲਿਖਦਾ ਹੈ ਕਿ They Were always in the vanguard in all the battles fought by them. That is why his comrades were given the name of ‘Shaheedan Da Jatha’, ਜਦੋਂ ਤੱਤ ਖਾਲਸਾ ਅਤੇ ਬੰਦਈ ਸਿੱਖਾਂ ਵਿਚ ਕੁਝ ਮੱਤਭੇਦ ਉਤਪੰਨ ਹੋ ਗਏ ਤਾਂ ਬਾਬਾ ਦੀਪ ਸਿੰਘ ਜੀ ਆਪਣੇ ਜਥੇ ਸਮੇਤ ਵਾਪਸ ਸਾਬੋ ਕੀ ਤਲਵੰਡੀ ਪਰਤ ਆਏ। ਗੁਰਦਾਸ ਨੰਗਲ ਦੀ ਹਾਰ ਅਤੇ ਮੁਗ਼ਲਾਂ ਦੁਆਰਾ ਪਕੜੇ ਜਾਣ ਮਗਰੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ 740 ਸਾਥੀਆਂ ਨੂੰ ਦਿੱਲੀ ਲਿਜਾ ਕੇ 1716 ਈ: ਵਿਚ ਸ਼ਹੀਦ ਕਰ ਦਿੱਤਾ ਗਿਆ।
ਵਾਪਸ ਦਮਦਮਾ ਸਾਹਿਬ:– ਦਮਦਮਾ ਸਾਹਿਬ ਵਾਪਸ ਪਰਤ ਆਉਣ ਮਗਰੋਂ ਬਾਬਾ ਦੀਪ ਸਿੰਘ ਜੀ ਇਕ ਵਾਰ ਫਿਰ ਗੁਰਬਾਣੀ ਦੇ ਪ੍ਰਚਾਰ ਵਰਗੇ ਮਹਾਨ ਕਾਰਜ ਵਿਚ ਜੁਟ ਗਏ। ਆਉਣ ਵਾਲੇ ਦਸ ਸਾਲਾਂ (1716-1726) ਵਿਚ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਚਾਰ-ਹੱਥ ਲਿਖਤ ਉਤਾਰੇ ਤਿਆਰ ਕਰਕੇ ਚਵ੍ਹਾਂ ਤਖਤਾਂ (ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਪਟਨਾ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਹਜ਼ੂਰ ਸਾਹਿਬ,) ਵਿਖੇ ਭਿਜਵਾ ਦਿੱਤੇ। ਬਾਬਾ ਦੀਪ ਸਿੰਘ ਜੀ ਦੁਆਰਾ ਤਿਆਰ ਕੀਤੇ ਇਨ੍ਹਾਂ ਉਤਾਰਿਆਂ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਕਿ ਹੁਣ ਇਹ ਬੀੜਾਂ ਕਿੱਥੇ ਹਨ। ਇਹ ਚਾਰੋਂ ਉਤਾਰੇ ਉਸੇ ਬੀੜ ਤੋਂ ਤਿਆਰ ਕੀਤੇ ਗਏ ਸਨ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਅਨੁਸਾਰ ਪ੍ਰਸਿੱਧ ਵਿਦਵਾਨ ਭਾਈ ਮਨੀ ਸਿੰਘ ਜੀ ਨੇ ਤਿਆਰ ਕੀਤਾ ਸੀ। ਇਸ ਬੀੜ ਨੂੰ ਤਿਆਰ ਕਰਨ ਵਿਚ ਭਾਈ ਮਨੀ ਸਿੰਘ ਦੇ ਨਾਲ ਬਾਬਾ ਦੀਪ ਸਿੰਘ ਜੀ ਨੇ ਵੀ ਬਹੁਤ ਵੱਡਾ ਹਿੱਸਾ ਪਾਇਆ ਸੀ। ਗਿਆਨੀ ਗਿਆਨ ਸਿੰਘ ਦੇ ਕਥਨ ਅਨੁਸਾਰ ਉਨ੍ਹਾਂ ਕੁਝ ਸਮਾਂ ਕਰਤਾਰਪੁਰ (ਜਲੰਧਰ) ਵਿਖੇ ਰਹਿ ਕੇ ਦਮਦਮੀ ਬੀੜ ਨੂੰ ਕਰਤਾਰਪੁਰੀ ਬੀੜ ਨਾਲ ਸੋਧਿਆ ਸੀ। ਬਾਬਾ ਜੀ ਨੇ ਗੁਰਬਾਣੀ ਦੇ ਅਨੇਕ ਗੁਟਕੇ ਹੱਥ ਨਾਲ ਲਿਖ ਕੇ ਸੰਗਤਾਂ ਵਿਚ ਵੰਡੇ ਸਨ।
ਜਿੱਥੇ ਬਾਬਾ ਦੀਪ ਸਿੰਘ ਪੂਰਨ ਤੌਰ ’ਤੇ ਗੁਰਮਤਿ ਅਤੇ ਗੁਰਬਾਣੀ ਦੇ ਪ੍ਰਚਾਰ ਵਿਚ ਲੱਗੇ ਹੋਏ ਸਨ, ਉੱਥੇ ਆਪ ਸਮਾਜਿਕ ਤੌਰ ’ਤੇ ਵੀ ਲੋਕਾਂ ਵਿਚ ਬੜੇ ਹਰਮਨ ਪਿਆਰੇ ਸਨ। ਉਸ ਇਲਾਕੇ ਵਿਚ ਪਾਣੀ ਦੀ ਥੁੜ ਹੋਣ ਕਰਕੇ ਲੋਕ ਬੜੇ ਪਰੇਸ਼ਾਨ ਰਹਿੰਦੇ ਸਨ। ਪਾਣੀ ਦੀ ਤੰਗੀ ਨੂੰ ਦੇਖਦੇ ਹੋਏ ਬਾਬਾ ਜੀ ਨੇ ਇਕ ਖੂਹ ਪੁਟਵਾਇਆ ਜੋ ਅਜੇ ਵੀ ਉਨ੍ਹਾਂ ਦੀ ਯਾਦ ਵਜੋਂ ਮੌਜੂਦ ਹੈ। ਬਾਬਾ ਦੀਪ ਸਿੰਘ ਜੀ ਦੇ ਇਕ ਹੋਰ ਸਾਥੀ ਭਾਈ ਬੁੱਢਾ ਸਿੰਘ ਨੇ ਬੇਰੀ ਦਾ ਦਰੱਖ਼ਤ ਲਗਵਾਇਆ ਜਿਸ ਦਾ ਫਲ ਬੜਾ ਮਿੱਠਾ ਤੇ ਛਾਂ ਬੜੀ ਸੰਘਣੀ ਸੀ। ਇਹ ਭਾਈ ਬੁੱਢਾ ਸਿੰਘ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਸਿੰਘਾਂ ਵਿੱਚੋਂ ਸਨ ਜੋ ਬਾਬਾ ਦੀਪ ਸਿੰਘ ਦੇ ਨਾਲ ਹੀ ਦਮਦਮਾ ਸਾਹਿਬ ਆ ਟਿਕੇ ਸਨ। ਦਮਦਮਾ ਸਾਹਿਬ ਵਿਖੇ ਗੁਰਦੁਆਰਾ ਸਥਾਪਿਤ ਕਰਨ ਦਾ ਕਾਰਜ ਵੀ ਬਾਬਾ ਦੀਪ ਸਿੰਘ ਜੀ ਨੇ ਹੀ ਕੀਤਾ ਸੀ।
ਬਾਬਾ ਦੀਪ ਸਿੰਘ ਜੀ ਕਿਸੇ ਵੀ ਕੌਮੀ ਭੀੜ ਦੇ ਸਮੇਂ ਪੰਥ ਦੀ ਸੇਵਾ ਕਰਨ ਲਈ ਸਦਾ ਤਤਪਰ ਰਹਿੰਦੇ ਸਨ। ਜਦੋਂ 1732 ਈ: ਵਿਚ ਪਟਿਆਲਾ ਦੇ ਸ: ਆਲਾ ਸਿੰਘ ਨੂੰ ਜਲੰਧਰ ਦੇ ਫੌਜਦਾਰ, ਮਲੇਰਕੋਟਲੇ ਦੇ ਨਵਾਬ ਅਤੇ ਭੱਟੀ ਰਾਜਪੂਤਾਂ ਨੇ ਮਿਲ ਕੇ ਘੇਰ ਲਿਆ ਤਾਂ ਉਹ ਆਪਣੇ ਸੈਨਿਕ ਦਸਤੇ ਨਾਲ ਉਸ ਦੀ ਮਦਦ ਲਈ ਪਹੁੰਚ ਗਏ। ਮੁਗ਼ਲ ਤੇ ਭੱਟੀ ਰਾਜਪੂਤਾਂ ਦੀਆਂ ਸਾਂਝੀਆਂ ਫੌਜਾਂ ਨੂੰ ਭਾਂਜ ਦੇ ਕੇ ਆਪ ਦਮਦਮਾ ਸਾਹਿਬ ਵਾਪਸ ਪਰਤ ਆਏ।
ਬੁੱਢਾ ਦਲ ਦੇ ਜਥੇਦਾਰ:- 1748 ਈ: ਵਿਚ ਜਦੋਂ ਨਵਾਬ ਕਪੂਰ ਸਿੰਘ ਨੇ ਦਲ ਖਾਲਸਾ ਦੀ ਸਥਾਪਨਾ ਕੀਤੀ ਤਾਂ ਉਹ ਇਸ ਦਲ ਵਿਚ ਸ਼ਾਮਲ ਹੋ ਗਏ। ਦਲ ਖਾਲਸਾ ਦੋ ਹਿੱਸਿਆਂ ਵਿਚ ਵੰਡਿਆ ਗਿਆ। ਇਕ ਹਿੱਸਾ ਕੁਝ ਵਡੇਰੀ ਉਮਰ ਦੇ ਸਿੰਘਾਂ ਦਾ ਸੀ ਜਿਸ ਨੂੰ ‘ਬੁੱਢਾ ਦਲ’ ਦਾ ਨਾਮ ਦਿੱਤਾ ਗਿਆ ਅਤੇ ਦੂਜਾ ਹਿੱਸਾ ਨੌਜਵਾਨ ਅਤੇ ਗੱਭਰੂ ਸਿੰਘਾਂ ਦਾ ਸੀ ਜਿਸ ਨੂੰ ‘ਤਰੁਣਾ ਦਲ’ ਕਿਹਾ ਗਿਆ। ਅੱਗੇ ਚੱਲ ਕੇ ਜਦੋਂ ਇਨ੍ਹਾਂ ਦੋ ਦਲਾਂ ਨੂੰ ਪੰਜ ਜਥਿਆਂ ਵਿਚ ਵੰਡਿਆ ਗਿਆ ਤਾਂ ਵਡੇਰੀ ਉਮਰ ਦੇ ਜਥੇ ਦੀ ਜਥੇਦਾਰੀ ਬਾਬਾ ਦੀਪ ਸਿੰਘ ਜੀ ਨੂੰ ਸੌਂਪੀ ਗਈ। ਹੁਣ ਤਕ ਉਹ ਆਪਣੇ ਪੰਥਕ ਕੰਮਾਂ ਅਤੇ ਸੈਨਿਕ ਸੂਰਬੀਰਤਾ ਕਾਰਨ ਸਾਰੇ ਪੰਥ ਵਿਚ ਇਕ ਸਤਿਕਾਰਯੋਗ ਹਸਤੀ ਵਜੋਂ ਜਾਣੇ ਜਾਣ ਲੱਗ ਪਏ ਸਨ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਮਗਰੋਂ ਸਿੱਖਾਂ ਨੂੰ ਆਪਣੀ ਵੱਖਰੀ ਅਤੇ ਨਵੇਕਲੀ ਹੋਂਦ ਨੂੰ ਕਾਇਮ ਰੱਖਣ ਲਈ ਬੜੀਆਂ ਕੁਰਬਾਨੀਆਂ ਕਰਨੀਆਂ ਪਈਆਂ ਸਨ। ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟੇ ਗਏ, ਭਾਈ ਤਾਰੂ ਸਿੰਘ ਦੀ ਖੋਪਰੀ ਲਾਹੀ ਗਈ, ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਨੂੰ ਚਰਖੜੀ ’ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ ਅਤੇ ਮਾਸੂਮ ਬੱਚਿਆਂ ਦੇ ਟੋਟੇ-ਟੋਟੇ ਕਰ ਕੇ ਅਤੇ ਹਾਰ ਪਰੋ ਕੇ ਉਨ੍ਹਾਂ ਦੀਆਂ ਮਾਂਵਾਂ ਦੇ ਗ਼ਲਾਂ ਵਿਚ ਪਾਏ ਗਏ। ਪਰ ਖਾਲਸਾ ਕਦੇ ਵੀ ਇਨ੍ਹਾਂ ਸਖਤੀਆਂ ਅੱਗੇ ਝੁਕਿਆ ਨਹੀਂ ਸਗੋਂ ਸਦਾ ਚੜ੍ਹਦੀ ਕਲਾ ਵਿਚ ਰਹਿ ਕੇ ਵਿਚਰਦਾ ਰਿਹਾ। ਜਦੋਂ 1738-39 ਵਿਚ ਨਾਦਰ ਸ਼ਾਹ ਅਤੇ 1748 ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਅਤੇ ਹਿੰਦੁਸਤਾਨ ਉੱਪਰ ਹਮਲੇ ਕਰਨੇ ਸ਼ੁਰੂ ਕੀਤੇ ਤਾਂ ਪੰਜਾਬ ਦੀ ਇਹ ਸੂਰਬੀਰ ਕੌਮ ਉਨ੍ਹਾਂ ਸਾਹਮਣੇ ਢਾਲ ਬਣ ਕੇ ਖਲੋ ਗਈ। ਉਨ੍ਹਾਂ ਨੇ ਕਮਜ਼ੋਰ ਹੋ ਰਹੀ ਮੁਗ਼ਲ ਹਕੂਮਤ ਅਤੇ ਦੁਰਾਨੀ ਹਮਲਿਆਂ ਦਾ ਲਾਭ ਉਠਾ ਕੇ ਪੰਜਾਬ ਵਿਚ ਆਪਣੀ ਰਾਜਸੀ ਸ਼ਕਤੀ ਨੂੰ ਕਾਇਮ ਕਰਨਾ ਸ਼ੁਰੂ ਕਰ ਦਿੱਤਾ। ਗਿਆਨੀ ਗਿਆਨ ਸਿੰਘ ਦੇ ਕਥਨ ਅਨੁਸਾਰ ਨਵਾਬ ਅਦੀਨਾ ਬੇਗ ਦੀ ਮੌਤ ਪਿੱਛੋਂ ਜਦੋਂ ਸਿੱਖਾਂ ਨੇ ਇਲਾਕਾ ਜਲੰਧਰ-ਦੁਆਬਾ ਉੱਪਰ ਕਬਜ਼ਾ ਕੀਤਾ ਤਾਂ ਬਾਬਾ ਦੀਪ ਸਿੰਘ ਜੀ ਆਪਣੇ ਜਥੇ ਨਾਲ ਦਰਿਆ ਬਿਆਸ ਅਤੇ ਰਾਵੀ ਲੰਘ ਕੇ ਸਿਆਲਕੋਟ ਉੱਪਰ ਜਾ ਪਏ। ਇੱਥੋਂ ਦੇ ਹਾਕਮ ਮੁਹੰਮਦ ਅਮੀਨ ਨੂੰ ਹਰਾ ਕੇ ਇਹ ਇਲਾਕਾ ਸ. ਦਿਆਲ ਸਿੰਘ ਅਤੇ ਸ. ਨੱਥਾ ਸਿੰਘ ਨੂੰ ਸੌਂਪ ਦਿੱਤਾ। ਪਰ ਜਦੋਂ ਇਨ੍ਹਾਂ ਦੇ ਜਾਨਸ਼ੀਨ ਸ. ਕਰਮ ਸਿੰਘ ਅਤੇ ਸ. ਗੁਲਾਬ ਸਿੰਘ ਨੇ ਪੰਥਕ ਹਿੱਤਾਂ ਨੂੰ ਨਜ਼ਰ-ਅੰਦਾਜ਼ ਕਰਨਾ ਸ਼ੁਰੂ ਕੀਤਾ ਤਾਂ ਬਾਬਾ ਦੀਪ ਸਿੰਘ ਜੀ ਨੇ ਉਨ੍ਹਾਂ ਤੋਂ ਇਹ ਇਲਾਕੇ ਖੋਹ ਕੇ ਗੁਰਦੁਆਰਾ ਬਾਬੇ ਦੀ ਬੇਰ ਦੇ ਲੰਗਰ-ਪਾਣੀ ਲਈ ਬਤੌਰ ਜਾਗੀਰ ਦੇ ਲਗਾ ਦਿੱਤਾ। ਇਹ ਉਸ ਗੁਰਦੁਆਰਾ ਸਾਹਿਬ ਦੇ ਨਾਮ ਸਭ ਤੋਂ ਪਹਿਲੀ ਜਾਗੀਰ ਸੀ ਜੋ ਸ਼ਹੀਦਾਂ ਦੀ ਮਿਸਲ ਵੱਲੋਂ ਲਗਾਈ ਗਈ। ਜਿਵੇਂ ਕਿ ਪਹਿਲਾਂ ਉਲੇਖ ਹੋ ਚੁੱਕਾ ਹੈ, ਇਸ ਮਗਰੋਂ ਬਾਬਾ ਦੀਪ ਸਿੰਘ ਜੀ ਕਰਤਾਰਪੁਰ (ਜਲੰਧਰ) ਵਿਖੇ ਚਲੇ ਗਏ ਜਿੱਥੇ ਉਨ੍ਹਾਂ ਨੇ ਦਮਦਮੀ ਬੀੜ ਨੂੰ ਕਰਤਾਰਪੁਰੀ ਬੀੜ ਨਾਲ ਸੋਧ ਕੇ ਬੜਾ ਮਹਾਨ ਕੰਮ ਕੀਤਾ। ਆਪਣੇ ਕਰਤਾਰਪੁਰ ਦੇ ਨਿਵਾਸ ਦੌਰਾਨ ਆਪ ਪ੍ਰਸ਼ਾਦਿ-ਪਾਣੀ ਸ. ਜੱਸਾ ਸਿੰਘ ਆਹਲੂਵਾਲੀਆ ਦੇ ਲੰਗਰ ਵਿੱਚੋਂ ਛਕਿਆ ਕਰਦੇ ਸਨ। ਇੱਥੇ ਹੀ ਉਨ੍ਹਾਂ ਨੇ ਸ. ਜੱਸਾ ਸਿੰਘ ਨਾਲ ਮਿਲ ਕੇ ਪੰਥ ਦੀ ਚੜ੍ਹਦੀ ਕਲਾ ਲਈ ਅਨੇਕ ਪ੍ਰੋਗਰਾਮ ਉਲੀਕੇ ਸਨ।
ਬੇਸ਼ੱਕ ਬਾਬਾ ਦੀਪ ਸਿੰਘ ਜੀ ਦੀ ਉਮਰ ਵਡੇਰੀ ਹੋ ਰਹੀ ਸੀ ਪਰ ਉਹ ਫਿਰ ਵੀ ਜਵਾਨਾਂ ਵਾਂਗ ਗੁਰੂ-ਪੰਥ ਦੀ ਸੇਵਾ ਵਿਚ ਲੱਗੇ ਰਹਿੰਦੇ ਸਨ। ਦੇਸ਼ ਵਿਚ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਜਾਰੀ ਸਨ। ਆਪਣੇ ਇਕ ਹਮਲੇ ਦੌਰਾਨ ਜਦੋਂ ਉਹ ਦਿੱਲੀ ਨੂੰ ਲੁੱਟ ਕੇ ਅਤੇ ਰਾਹ ਵਿੱਚੋਂ ਅਨੇਕ ਅਬਲਾ ਇਸਤਰੀਆਂ ਨੂੰ ਬੰਦੀ ਬਣਾ ਕੇ ਕਾਬਲ ਵਾਪਸ ਪਰਤ ਰਿਹਾ ਸੀ ਤਾਂ ਬਾਬਾ ਦੀਪ ਸਿੰਘ ਜੀ ਨੇ ਥਾਨੇਸਰ ਦੇ ਨੇੜੇ ਉਸ ਦੇ ਪਿਛਲੇ ਦਸਤਿਆਂ ’ਤੇ ਹਮਲਾ ਬੋਲ ਕੇ ਉਨ੍ਹਾਂ ਇਸਤਰੀਆਂ ਨੂੰ ਛੁਡਵਾ ਲਿਆ। ਮਗਰੋਂ ਉਨ੍ਹਾਂ ਅਬਲਾ ਇਸਤਰੀਆਂ ਨੂੰ ਇੱਜ਼ਤ ਨਾਲ ਉਨ੍ਹਾਂ ਦੇ ਘਰਾਂ ਵਿਚ ਭੇਜ ਦਿੱਤਾ ਗਿਆ।
ਬਾਰ-ਬਾਰ ਆਪਣੇ ਫੌਜੀ ਦਸਤਿਆਂ ’ਤੇ ਸਿੱਖਾਂ ਵੱਲੋਂ ਹੁੰਦੇ ਹਮਲਿਆਂ ਕਾਰਨ ਅਹਿਮਦਸ਼ਾਹ ਅਬਦਾਲੀ ਬਹੁਤ ਪਰੇਸ਼ਾਨ ਸੀ। ਉਹ ਇਸ ਉੱਭਰ ਰਹੀ ਜਥੇਬੰਦੀ ਨੂੰ ਜੜ੍ਹੋਂ ਖਤਮ ਕਰ ਦੇਣਾ ਚਾਹੁੰਦਾ ਸੀ ਤਾਂ ਜੋ ਉਸ ਦੀ ਪੰਜਾਬ ਅਤੇ ਹਿੰਦੁਸਤਾਨ ’ਤੇ ਪਕੜ ਮਜ਼ਬੂਤ ਹੋ ਸਕੇ। ਜਦੋਂ ਉਸ ਨੇ ਹਿੰਦੁਸਤਾਨ ’ਤੇ ਆਪਣਾ ਚੌਥਾ ਹਮਲਾ ਕੀਤਾ ਤਾਂ ਉਸ ਨੇ ਪੰਜਾਬ ਨੂੰ ਆਪਣੇ ਰਾਜ ਵਿਚ ਮਿਲਾ ਕੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਇੱਥੋਂ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਉਸ ਨੇ ਆਪਣੇ ਇਕ ਤਜ਼ਰਬੇਕਾਰ ਅਤੇ ਪ੍ਰਮੁੱਖ ਜਰਨੈਲ ਜਹਾਨ ਖਾਂ ਨੂੰ ਉਸ ਦਾ ਸਹਾਇਕ ਬਣਾਇਆ ਤਾਂਕਿ ਉਹ ਸਿੱਖਾਂ ਵਿਰੁੱਧ ਸਖਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਹਮੇਸ਼ਾਂ-ਹਮੇਸ਼ਾਂ ਲਈ ਕੁਚਲ ਦੇਵੇ। ਜਹਾਨ ਖਾਂ ਦਾ ਸ੍ਰੀ ਅੰਮ੍ਰਿਤਸਰ ’ਤੇ ਹਮਲਾ:- ਆਪਣੇ ਕਈ ਹਮਲਿਆਂ ਦੌਰਾਨ ਦੁਰਾਨੀ ਹਮਲਾਵਰਾਂ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਸਿੱਖਾਂ ਦੀ ਅਸਲ ਸ਼ਕਤੀ ਦਾ ਸੋਮਾ ਸ੍ਰੀ ਹਰਿਮੰਦਰ ਸਾਹਿਬ ਅਤੇ ਅੰਮ੍ਰਿਤ ਸਰੋਵਰ ਹੈ ਜਿੱਥੇ ਇਸ਼ਨਾਨ ਕਰ ਕੇ ਇਹ ਲੋਕ ਮੌਤ ਦੇ ਡਰ ਤੋਂ ਮੁਕਤ ਹੋ ਜਾਂਦੇ ਹਨ। ਇਸੇ ਕਰਕੇ ਉਨ੍ਹਾਂ ਨੇ ਸਿੱਖਾਂ ਨੂੰ ਦਬਾਉਣ ਲਈ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਆਪਣਾ ਨਿਸ਼ਾਨਾ ਬਣਾਇਆ। 1757 ਈ: ਵਿਚ ਜਹਾਨ ਖਾਂ ਨੇ ਸ੍ਰੀ ਅੰਮ੍ਰਿਤਸਰ ’ਤੇ ਹਮਲਾ ਬੋਲ ਕੇ ਰਾਮ ਰੌਣੀ ਦਾ ਕਿਲ੍ਹਾ ਢਾਹ ਦਿੱਤਾ ਤੇ ਇਸ ਮਗਰੋਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰ ਕੇ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ। ਗੁਰੂ ਕੀ ਨਗਰੀ ਦੇ ਇਰਦ-ਗਿਰਦ ਬੜੇ ਸਖਤ ਪਹਿਰੇ ਲਗਾ ਦਿੱਤੇ ਗਏ ਤਾਂ ਕਿ ਕੋਈ ਵੀ ਸਿੱਖ ਸ੍ਰੀ ਅੰਮ੍ਰਿਤਸਰ ਦੀ ਹਦੂਦ ਵਿਚ ਦਾਖ਼ਲ ਨਾ ਹੋ ਸਕੇ।
ਦਮਦਮਾ ਸਾਹਿਬ ਤੋਂ ਬਾਬਾ ਦੀਪ ਸਿੰਘ ਜੀ ਦਾ ਚੱਲਣਾ:– ਜਦੋਂ ਇਨ੍ਹਾਂ ਗੱਲਾਂ ਦੀ ਖ਼ਬਰ (ਤਖਤ) ਸ੍ਰੀ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਨੂੰ ਪਹੁੰਚੀ ਤਾਂ ਉਨ੍ਹਾਂ ਦਾ ਸਿੱਖੀ ਜੋਸ਼ ਉਬਾਲੇ ਖਾਣ ਲੱਗ ਪਿਆ। ਇਸ ਵੇਲੇ ਬਾਬਾ ਦੀਪ ਸਿੰਘ ਦੀ ਉਮਰ 75 ਸਾਲ ਤੋਂ ਉੱਪਰ ਹੋ ਚੁੱਕੀ ਸੀ। ਉਨ੍ਹਾਂ ਦਮਦਮਾ ਸਾਹਿਬ ਦੀ ਸੇਵਾ- ਸੰਭਾਲ ਦੀ ਜ਼ਿੰਮੇਵਾਰੀ ਭਾਈ ਸਦਾ ਸਿੰਘ ਨੂੰ ਸੌਂਪ ਕੇ ਸ੍ਰੀ ਅੰਮ੍ਰਿਤਸਰ ਵੱਲ ਜਾਣ ਦਾ ਫੈਸਲਾ ਕਰ ਲਿਆ। ਉਹ ਗੁਰਧਾਮਾਂ ਦੀ ਪਵਿੱਤਰਤਾ ਬਹਾਲ ਕਰਨਾ ਅਤੇ ਦੁਰਾਨੀ ਫੌਜਾਂ ਨਾਲ ਦੋ-ਦੋ ਹੱਥ ਕਰ ਕੇ ਉਨ੍ਹਾਂ ਨੂੰ ਅਹਿਸਾਸ ਦੁਆਉਣਾ ਚਾਹੁੰਦੇ ਸਨ ਕਿ ਸਿੱਖ ਹੋਰ ਚਾਹੇ ਕੋਈ ਗੱਲ ਬਰਦਾਸ਼ਤ ਕਰ ਜਾਵੇ ਪਰ ਉਹ ਆਪਣੇ ਗੁਰਧਾਮਾਂ ਦਾ ਅਪਮਾਨ ਕਦੇ ਸਹਿਣ ਨਹੀਂ ਕਰ ਸਕਦਾ। ਆਪਣੇ ਮਨ ਵਿਚ ਇਸ ਗੱਲ ਦਾ ਨਿਸ਼ਚਾ ਕਰ ਕੇ ਆਪ ਪਿੰਡ ਜੱਗਾ, ਬਾਮੁਣ, ਨੇਰੀਆਂ ਵਾਲਾ, ਬਿੰਝੋਕੇ, ਗੁਰੂ ਚਉਂਤਰਾ, ਫੂਲ, ਮਰਾਜ, ਦਰਾਜ, ਭੁੱਚੋ, ਗੋਬਿੰਦ ਕੋਟ ਅਤੇ ਲੱਖੀ ਜੰਗਲ ’ਚੋਂ ਚੋਣਵੇਂ ਸਿੱਖਾਂ ਨੂੰ ਇਕੱਠਾ ਕਰ ਕੇ ਸ੍ਰੀ ਅੰਮ੍ਰਿਤਸਰ ਲਈ ਚੱਲ ਪਏ।
ਜਦੋਂ ਬਾਬਾ ਦੀਪ ਸਿੰਘ ਸ੍ਰੀ ਦਮਦਮਾ ਸਾਹਿਬ ਤੋਂ ਚੱਲੇ ਤਾਂ ਉਨ੍ਹਾਂ ਨਾਲ ਕੇਵਲ 500 ਸਿੰਘ ਸਨ ਪਰ ਉਹ ਜਿਉਂ-ਜਿਉਂ ਸ੍ਰੀ ਅੰਮ੍ਰਿਤਸਰ ਵੱਲ ਵੱਧ ਰਹੇ ਸਨ ਉਨ੍ਹਾਂ ਵਿਚ ਮਾਝੇ, ਮਾਲਵੇ ਅਤੇ ਦੁਆਬੇ ਦੇ ਸਿੰਘ ਆ ਕੇ ਰਲਦੇ ਚਲੇ ਜਾ ਰਹੇ ਸਨ। ਤਰਨ ਤਾਰਨ ਤਕ ਪਹੁੰਚਦਿਆਂ ਉਨ੍ਹਾਂ ਦੇ ਜਥੇ ਦੀ ਗਿਣਤੀ 5000 ਤਕ ਪਹੁੰਚ ਗਈ। ਤਰਨ ਤਾਰਨ ਤੋਂ ਕੁਝ ਮੀਲਾਂ ਦੀ ਵਿੱਥ ’ਤੇ ਦੁਰਾਨੀ ਫੌਜਾਂ ਬਾਬਾ ਜੀ ਦਾ ਰਾਹ ਰੋਕਣ ਲਈ ਤਿਆਰ ਖੜ੍ਹੀਆਂ ਸਨ। ਬਾਬਾ ਜੀ ਜਾਣਦੇ ਸਨ ਕਿ ਇਸ ਲੜਾਈ ਵਿਚ ਕਿਸੇ ਦਾ ਬਚ ਪਾਣਾ ਸੰਭਵ ਨਹੀਂ ਹੋਵੇਗਾ। ਇਸ ਲਈ ਉਨ੍ਹਾਂ ਤਰਨ ਤਾਰਨ ਤੋਂ ਕੂਚ ਕਰਨ ਤੋਂ ਪਹਿਲਾਂ ਆਪਣੇ ਦੁਧਾਰੇ ਖੰਡੇ ਨਾਲ ਧਰਤੀ ’ਤੇ ਇਕ ਲਕੀਰ ਵਾਹੀ ਤੇ ਨਾਲ ਆਏ ਸਿੰਘਾਂ ਨੂੰ ਵੰਗਾਰ ਕੇ ਕਿਹਾ, “ਖਾਲਸਾ ਜੀ! ਹੁਣ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਨੂੰ ਅਜ਼ਾਦ ਕਰਾਉਣ ਅਤੇ ਸ਼ਹੀਦੀਆਂ ਪਾਉਣ ਦਾ ਸਮਾਂ ਆ ਗਿਆ ਹੈ। ਇਸ ਲਈ ਇਸ ਲਕੀਰ ਨੂੰ ਟੱਪ ਕੇ ਉਹੀ ਸੂਰਬੀਰ ਅੱਗੇ ਆਉਣ ਜੋ ਆਪਣਾ ਸੀਸ ਗੁਰਧਾਮਾਂ ਦੀ ਪਵਿੱਤਰਤਾ ਲਈ ਅਰਪਣ ਕਰਨਾ ਚਾਹੁੰਦੇ ਹਨ। ਜਿਨ੍ਹਾਂ ਨੂੰ ਆਪਣੇ ਘਰ ਬਾਰ ਜਾਂ ਜ਼ਿੰਦਗੀ ਪਿਆਰੀ ਹੋਵੇ ਉਹ ਇੱਥੋਂ ਹੀ ਆਪਣੇ ਘਰਾਂ ਨੂੰ ਵਾਪਸ ਪਰਤ ਜਾਣ।” ਇਹ ਕਹਿ ਕੇ ਬਾਬਾ ਜੀ ਨੇ ਜੈਕਾਰਾ ਛੱਡਿਆ ਤੇ ਵੇਖਦੇ ਹੀ ਵੇਖਦੇ ਬਾਬਾ ਜੀ ਦਾ ਸਾਰਾ ਜਥਾ ਲਕੀਰ ਟੱਪ ਕੇ ਉਨ੍ਹਾਂ ਦੇ ਨਾਲ ਸ੍ਰੀ ਅੰਮ੍ਰਿਤਸਰ ਲਈ ਚੱਲ ਪਿਆ। ਉਨ੍ਹਾਂ ਦੇ ਚੇਹਰਿਆਂ ’ਤੇ ਸ਼ਹੀਦੀ ਪਾਉਣ ਦਾ ਚਾਅ ਅਤੇ ਜ਼ੁਬਾਨ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਗੂੰਜਦੀ ਸੁਣਾਈ ਦੇ ਰਹੀ ਸੀ:
ਜਬ ਆਵ ਕੀ ਅਉਧ ਨਿਧਾਨ ਬਣੇ ਅਤਿ ਹੀ ਰਣ ਮੇ ਤਬ ਜੂਝ ਮਰੋ॥
ਸ਼ਹੀਦੀ:- ਹੱਥਾਂ ਵਿਚ ਤੇਗਾ ਲਿਸ਼ਕਾਂਦੇ ਅਤੇ ਸਤਿ ਸ੍ਰੀ ਅਕਾਲ ਕੇ ਜੈਕਾਰੇ ਛੱਡਦੇ ਬਾਬਾ ਦੀਪ ਸਿੰਘ ਦਾ ਇਹ ਸ਼ਹੀਦੀ ਜਥਾ ਚੱਬੇ ਦੇ ਲਾਗੇ ਪਿੰਡ ਗੋਹਲਵੜ ਪਹੁੰਚ ਗਿਆ। ਅਹਿਮਦਸ਼ਾਹ ਅਬਦਾਲੀ ਦਾ ਜਰਨੈਲ ਜਹਾਨ ਖਾਂ ਪਹਿਲਾਂ ਹੀ ਆਪਣੇ ਟਿੱਡੀ ਦਲ ਨਾਲ ਇੱਥੇ ਤਿਆਰ ਖੜਾ ਸੀ। ਬਾਬਾ ਦੀਪ ਸਿੰਘ ਜੀ ਦੇ ਉੱਥੇ ਪਹੁੰਚਦਿਆਂ ਹੀ ਦੋਹਾਂ ਦਲਾਂ ਵਿਚਕਾਰ ਘਮਸਾਣ ਦੀ ਜੰਗ ਸ਼ੁਰੂ ਹੋ ਗਈ। ਦੋਹਾਂ ਪਾਸਿਆਂ ਤੋਂ ਤੀਰ, ਤਲਵਾਰ, ਨੇਜ਼ੇ ਅਤੇ ਖੰਡੇ ਖੜਕਣੇ ਸ਼ੁਰੂ ਹੋ ਗਏ। ਜੰਗ ਦੇ ਚਾਅ ਨਾਲ ਆਏ ਸੂਰਮੇ ਲਹੂ-ਲੁਹਾਣ ਹੋ ਕੇ ਧਰਤੀ ’ਤੇ ਡਿੱਗਣੇ ਸ਼ੁਰੂ ਹੋ ਗਏ। ਧਾਰਮਿਕ ਜਜ਼ਬੇ ਨਾਲ ਰੰਗੇ ਅਤੇ ਗੁਰੂ-ਦਰਬਾਰ ਵਿਚ ਅਰਦਾਸਾ ਕਰ ਕੇ ਆਏ ਸਿੰਘ ਦੁਰਾਨੀ ਫੌਜਾਂ ’ਤੇ ਟੁੱਟ ਕੇ ਪੈ ਗਏ। ਬਾਬਾ ਦੀਪ ਸਿੰਘ ਜੀ, ਬਾਬਾ ਨੱਥਾ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਜੋਸ਼ ਵੇਖਣ ਵਾਲਾ ਸੀ। ਬਾਬਾ ਦੀਪ ਸਿੰਘ ਜੀ ਨੇ ਦੁਧਾਰੇ ਖੰਡੇ ਨਾਲ ਕਈ ਦੁਰਾਨੀਆਂ ਦੇ ਸਿਰ ਲਾਹ ਕੇ ਉਨ੍ਹਾਂ ਦੀਆਂ ਫੌਜਾਂ ਵਿਚ ਹਲਚਲ ਪੈਦਾ ਕਰ ਦਿੱਤੀ। ਬਾਬਾ ਜੀ ਦੇ ਸਾਥੀ ਬਾਬਾ ਨੱਥਾ ਸਿੰਘ ਤੋਂ ਇਲਾਵਾ ਜਿਨ੍ਹਾਂ ਪ੍ਰਮੁੱਖ ਜਥੇਦਾਰਾਂ ਨੇ ਇਸ ਲੜਾਈ ਵਿਚ ਭਾਗ ਲਿਆ ਉਨ੍ਹਾਂ ਦੀ ਗਿਣਤੀ ਨੌਂ ਅਥਵਾ ਦਸ ਦੱਸੀ ਗਈ ਹੈ। ਬਾਬਾ ਸੁਧਾ ਸਿੰਘ, ਬਾਬਾ ਸੂਰ ਸਿੰਘ, ਬਾਬਾ ਹਰੀ ਸਿੰਘ, ਬਾਬਾ ਕੌਰ ਸਿੰਘ, ਬਾਬਾ ਦਿਆਲ ਸਿੰਘ, ਬਾਬਾ ਬਸੰਤ ਸਿੰਘ, ਬਾਬਾ ਵੀਰ ਸਿੰਘ, ਬਾਬਾ ਬਲਵੰਤ ਸਿੰਘ ਅਤੇ ਬਾਬਾ ਰਣ ਸਿੰਘ ਬੜੀ ਬਹਾਦਰੀ ਨਾਲ ਲੜੇ ਅਤੇ ਦੁਰਾਨੀ ਸੈਨਿਕ ਲੜਾਈ ਦੇ ਮੈਦਾਨ ’ਚੋਂ ਭੱਜਣੇ ਸ਼ੁਰੂ ਹੋ ਗਏ।
ਦੁਰਾਨੀਆਂ ਨੂੰ ਇਹ ਉਮੀਦ ਨਹੀਂ ਸੀ ਕਿ ਸਿੱਖ ਸੂਰਬੀਰ ਇਤਨੀ ਬਹਾਦਰੀ ਨਾਲ ਲੜਣਗੇ। ਅਨੇਕ ਲੜਾਈਆਂ ਦਾ ਜੇਤੂ ਜਹਾਨ ਖਾਂ ਮੈਦਾਨ ਛੱਡ ਕੇ ਭੱਜ ਜਾਣ ਦਾ ਵਿਚਾਰ ਹੀ ਬਣਾ ਰਿਹਾ ਸੀ ਕਿ ਹਾਜੀ ਅਤਾਈ ਲਾਹੌਰ ਤੋਂ ਅਤੇ ਪੱਟੀ ਦਾ ਹਾਕਮ ਕਾਸਮ ਖਾਂ ਆਪਣੀਆਂ ਤਾਜ਼ਾ ਦਮ ਫੌਜਾਂ ਲੈ ਕੇ ਉਸ ਦੀ ਮਦਦ ਲਈ ਪਹੁੰਚ ਗਏ। ਨਵੀਂ ਆਈ ਫੌਜ ਦੇ ਪਹੁੰਚਣ ਨਾਲ ਦੁਰਾਨੀਆਂ ਦੇ ਹੌਂਸਲੇ ਫਿਰ ਬੁਲੰਦ ਹੋ ਗਏ। ਲੜਾਈ ਜਾਰੀ ਸੀ ਅਤੇ ਸਿੰਘ ਸ੍ਰੀ ਅੰਮ੍ਰਿਤਸਰ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਗੋਹਲਵੜ ਅਤੇ ਸ੍ਰੀ ਰਾਮਸਰ ਦੇ ਨੇੜੇ ਹੋਈਆਂ ਲੜਾਈਆਂ ਵਿਚ ਅਨੇਕ ਸਿੰਘ ਸ਼ਹੀਦ ਹੋ ਚੁੱਕੇ ਸਨ। ਇਨ੍ਹਾਂ ਵਿਚ ਸ. ਸੱਜਨ ਸਿੰਘ, ਸ. ਬਹਾਦਰ ਸਿੰਘ, ਸ. ਅੱਘੜ ਸਿੰਘ, ਸ. ਸੰਤ ਸਿੰਘ, ਸ. ਹੀਰਾ ਸਿੰਘ ਅਤੇ ਸ. ਨਿਹਾਲ ਸਿੰਘ ਸ਼ਾਮਲ ਸਨ। ਜਦ ਕਿ ਦੁਰਾਨੀ ਫੌਜਾਂ ਵਿੱਚੋਂ ਸ਼ਾਹ ਜਮਾਲ, ਯਾਕੂਬ ਖਾਂ ਅਤੇ ਮੀਰ ਨਿਆਮਤ ਉੱਲਾ ਆਦਿ ਵਰਗੇ ਜਰਨੈਲ ਮਾਰੇ ਗਏ ਸਨ।
ਦੁਰਾਨੀ ਫੌਜਾਂ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਨਿਸ਼ਾਨਾ ਬਣਾ ਕੇ ਚਵ੍ਹਾਂ ਪਾਸਿਆਂ ਤੋਂ ਉਨ੍ਹਾਂ ’ਤੇ ਵਾਰ ਕਰ ਰਹੀਆਂ ਸਨ। ਉਹ ਤੀਰ ਅਤੇ ਤਲਵਾਰਾਂ ਦੀਆਂ ਸੱਟਾਂ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਚੁਕੇ ਸਨ। ਸਭ ਤੋਂ ਘਾਤਕ ਸੱਟ ਗਰਦਨ ’ਤੇ ਸੀ। ਆਪ ਲੜਾਈ ਦੇ ਮੈਦਾਨ ਵਿਚ ਹੀ ਸ਼ਹੀਦੀ ਪਾਉਣ ਵਾਲੇ ਸਨ ਕਿ ਭਾਈ ਧਰਮ ਸਿੰਘ ਨਾਮ ਦੇ ਇਕ ਸਿੰਘ ਨੇ ਬਾਬਾ ਜੀ ਦੀ ਯਾਦ ਦੁਆਇਆ ਕਿ ਆਪ ਨੇ ਤਾਂ ਸ੍ਰੀ ਦਰਬਾਰ ਸਾਹਿਬ ਨੂੰ ਦੁਰਾਨੀਆਂ ਤੋਂ ਅਜ਼ਾਦ ਕਰਵਾਉਣ ਅਤੇ ਉੱਥੇ ਪਹੁੰਚਣ ਦਾ ਪ੍ਰਣ ਕੀਤਾ ਸੀ, ਫਿਰ ਤੁਹਾਡਾ ਪ੍ਰਣ ਕਿਵੇਂ ਪੂਰਾ ਹੋਵੇਗਾ? “ਤੁਮ ਤੋਂ ਕਹਾ ਸੁਧਾ ਸਰ ਜਾਊਂ, ਅਪਨਾ ਤਨ ਜਾ ਉਥੇ ਲਾਊਂ।” ਇਹ ਸੁਣ ਕੇ ਬਾਬਾ ਜੀ ਆਪਣੇ ਕੱਟੇ ਹੋਏ ਸੀਸ ਨੂੰ ਇਕ ਹੱਥ ’ਤੇ ਟਿਕਾ ਦੂਜੇ ਹੱਥ ਨਾਲ ਖੰਡਾ ਵਾਹੁੰਦੇ ਸ੍ਰੀ ਹਰਿਮੰਦਰ ਸਾਹਿਬ ਵੱਲ ਵਧਣੇ ਸ਼ੁਰੂ ਹੋ ਗਏ। ਸਿੱਖ ਇਤਿਹਾਸ ਵਿਚ ਇਹ ਜ਼ਬਰਦਸਤ ਰਵਾਇਤ ਪ੍ਰਚਲਿਤ ਹੈ ਕਿ ਬਾਬਾ ਦੀਪ ਸਿੰਘ ਆਪਣੇ ਕੱਟੇ ਹੋਏ ਸੀਸ ਨੂੰ ਖੱਬੇ ਹੱਥ ਦੀ ਤਲੀ ’ਤੇ ਟਿਕਾ ਕੇ ਦੁਰਾਨੀ ਸੈਨਿਕਾਂ ਨੂੰ ਮਾਰਦੇ ਅਤੇ ਆਪਣਾ ਰਾਹ ਬਣਾਉਂਦੇ ਅੰਮ੍ਰਿਤ ਸਰੋਵਰ ਦੀ ਪਰਕਰਮਾ ਦੀ ਦੱਖਣੀ ਬਾਹੀ ਵਿਚ ਉਸ ਥਾਂ ’ਤੇ ਪਹੁੰਚ ਗਏ ਜਿੱਥੇ ਹੁਣ ਉਨ੍ਹਾਂ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਬਾਬਾ ਦੀਪ ਸਿੰਘ ਬਣਿਆ ਹੋਇਆ ਹੈ। ਇਸੇ ਥਾਂ ’ਤੇ ਆਪ ਗੁਰੂ-ਚਰਨਾਂ ਵਿਚ ਬਿਰਾਜੇ ਸਨ। ਆਪ ਜੀ ਦੀ ਆਖਰੀ ਲੜਾਈ ਅਮਾਨ ਖਾਂ ਨਾਲ ਹੋਈ ਸੀ ਜੋ ਬਾਬਾ ਜੀ ਦੇ ਹੱਥੋਂ ਲੜਾਈ ਦੇ ਮੈਦਾਨ ਵਿਚ ਮਾਰਿਆ ਗਿਆ ਸੀ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਹਰ ਗੁਰਸਿੱਖ, ਬੱਚਾ, ਬੁੱਢਾ, ਨੌਜਵਾਨ ਅਤੇ ਬੀਬੀਆਂ ਇਸ ਅਸਥਾਨ ਕੋਲੋਂ ਲੰਘਦਿਆਂ ਉਸ ਥੜ੍ਹੇ ’ਤੇ ਮੱਥਾ ਟੇਕ ਕੇ ਲੰਘਦੇ ਹਨ ਜਿੱਥੇ ਬਾਬਾ ਜੀ ਦਾ ਸੀਸ ਗਿਿਰਆ ਸੀ। ਜਿਸ ਥਾਂ ’ਤੇ ਬਾਬਾ ਜੀ ਸਸਕਾਰ ਕੀਤਾ ਗਿਆ ਸੀ ਉੱਥੇ ਹੁਣ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਸੁਸ਼ੋਭਿਤ ਹੈ। ਇਹ ਸਥਾਨ ਚਾਟੀਵਿੰਡ ਦੇ ਕੋਲ ਗੁਰਦੁਆਰਾ ਸ਼ਹੀਦਾਂ ਕਰਕੇ ਵੀ ਜਾਣਿਆ ਜਾਂਦਾ ਹੈ। ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਇੱਥੇ ਆਉਂਦੇ ਅਤੇ ਉਸ ਮਹਾਨ ਸ਼ਹੀਦ ਨੂੰ ਯਾਦ ਕਰਦੇ ਹਨ ਜਿਸ ਨੇ ਗੁਰਦੁਆਰਿਆਂ ਦੀ ਪਵਿੱਤਰਤਾ ਅਤੇ ਅਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁ-ਪੱਖੀ ਸ਼ਖ਼ਸੀਅਤ ਦੇ ਪ੍ਰਭਾਵ ਵਿਚ ਢਲਿਆ ਇਹ ਮਹਾਨ ਯੋਧਾ ਭਾਈ ਮਨੀ ਸਿੰਘ ਅਤੇ ਭਾਈ ਗੁਰਦਾਸ ਜੀ ਵਾਂਗ ਆਪਣੇ ਸਮੇਂ ਦਾ ਉੱਚ ਕੋਟੀ ਦਾ ਵਿਦਵਾਨ ਸੀ। ਉਹ ਸਿੱਖੀ ਪ੍ਰਚਾਰ ਦਾ ਅਣਥੱਕ ਮਿਸ਼ਨਰੀ ਅਤੇ ਸਿੱਖੀ ਆਚਰਨ ਦੀ ਅਦੁੱਤੀ ਮਿਸਾਲ ਸਨ। ਗੁਰਬਾਣੀ ਦੇ ਪ੍ਰਚਾਰ ਅਤੇ ਬਾਣੀ ਦੇ ਅਰਥ-ਬੋਧ ਕਾਰਨ ਦਮਦਮਾ ਸਾਹਿਬ ਸਿੱਖ ਸਾਹਿਤ ਅਤੇ ਧਾਰਮਿਕ ਗਤੀਵਿਧੀਆਂ ਦਾ ਮਹਾਨ ਕੇਂਦਰ ਬਣ ਗਿਆ। ਬਾਬਾ ਦੀਪ ਸਿੰਘ ਜੀ ਦੀ ਸ਼ਖ਼ਸੀਅਤ ਦਾ ਕੁਝ ਅਜਿਹਾ ਪ੍ਰਭਾਵ ਸੀ ਕਿ ਉਨ੍ਹਾਂ ਦੇ ਜਥੇ ਹੱਥੋਂ ਅੰਮ੍ਰਿਤ-ਪਾਨ ਕਰਨਾ ਬੜੇ ਫ਼ਖ਼ਰ ਦੀ ਗੱਲ ਸਮਝੀ ਜਾਂਦੀ ਸੀ। ਤਰੁਨਾ ਦਲ ਅਤੇ ਬੁੱਢਾ ਦਲ ਦੇ ਜਥੇਦਾਰ ਅਕਸਰ ਉਨ੍ਹਾਂ ਦੀ ਸਲਾਹ ਲੈ ਕੇ ਕੰਮ ਕਰਿਆ ਕਰਦੇ ਸਨ।
ਆਪ ਉਨ੍ਹਾਂ ਖੁਸ਼ਕਿਸਮਤ ਜੀਉੜਿਆਂ ਵਿੱਚੋਂ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਿਆ ਅਤੇ ਉਨ੍ਹਾਂ ਦਾ ਸਮਾਂ ਵੇਖਿਆ ਸੀ। ਆਪ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨਾਲ ਮਿਲ ਕੇ ਸਿੱਖ ਰਾਜ ਦੀ ਸਥਾਪਤੀ ਲਈ ਕੀਤੇ ਮੁੱਢਲੇ ਦੌਰ ਦੇ ਯਤਨਾਂ ਵਿਚ ਵੱਧ-ਚੜ੍ਹ ਕੇ ਹਿੱਸਾ ਪਾਇਆ ਸੀ। ਆਪ ਨੇ ਸਿੱਖੀ ਸਰੂਪ ਦੀ ਵੱਖਰੀ ਅਤੇ ਨਵੇਕਲੀ ਹੋਂਦ ਨੂੰ ਕਾਇਮ ਰੱਖਣ ਲਈ ਸਿੱਖਾਂ ਨੂੰ ਬੰਦ ਬੰਦ ਕਟਵਾਂਦੇ, ਚਰਖੜੀਆਂ ਤੇ ਚੜ੍ਹਦੇ ਅਤੇ ਖੋਪਰੀਆਂ ਉਤਰਵਾਉਂਦੇ ਵੇਖਿਆ ਸੀ। ਫਿਰ ਉਨ੍ਹਾਂ ਨੇ ਸਿੱਖਾਂ ਨੂੰ ਮੁਗ਼ਲਾਂ ਅਤੇ ਦੁਰਾਨੀਆਂ ਵਿਰੁੱਧ ਦੇਸ਼ ਦੀ ਅਜ਼ਾਦੀ ਲਈ ਢਾਲ ਬੰਨ੍ਹ ਕੇ ਖਲੋਤਿਆਂ ਵੀ ਵੇਖਿਆ ਸੀ। ਆਪ ਪੰਜਾਬ ਵਿਚ ਵਾਪਰਨ ਵਾਲੀਆਂ ਇਨ੍ਹਾਂ ਘਟਨਾਵਾਂ ਦੇ ਮੂਕ-ਦਰਸ਼ਕ ਨਹੀਂ, ਸਗੋਂ ਇਕ ਗਤੀਸ਼ੀਲ ਤੇ ਵੀਰ ਨਾਇਕ ਵਜੋਂ ਐਸੇ ਪ੍ਰਮੁੱਖ ਪਾਤਰ ਸਨ ਜਿਨ੍ਹਾਂ ਨੇ ਬਿਖੜੇ ਸਮੇਂ ਵਿਚ ਸਿੱਖ ਜਥੇਬੰਦੀ ਦੀ ਅਗਵਾਈ ਕੀਤੀ। ਆਪ ਨੇ ਆਪਣੇ ਪਿੱਛੇ ਅਣਖ, ਅਜ਼ਾਦੀ ਅਤੇ ਕੁਰਬਾਨੀ ਦਾ ਅਜਿਹਾ ਵਿਰਸਾ ਛੱਡਿਆ ਹੈ ਕਿ ਸਿੱਖ ਕੌਮ ਉਨ੍ਹਾਂ ਤੋਂ ਪੇ੍ਰਰਿਤ ਹੋ ਕੇ ਹਰ ਸਦੀ ਵਿਚ ਉਨ੍ਹਾਂ ਦੁਆਰਾ ਛੱਡੀਆਂ ਪੈੜਾਂ ’ਤੇ ਤੁਰਨ ਅਤੇ ਅੱਗੇ ਵਧਣ ਦਾ ਯਤਨ ਕਰਦੀ ਰਹੀ ਹੈ। ਆਪ ਜੀ ਦਾ ਜੀਵਨ, ਕਿਰਦਾਰ ਅਤੇ ਕੁਰਬਾਨੀ ਅਜਿਹੇ ਸੋਮੇ ਹਨ ਜਿੱਥੋਂ ਪ੍ਰੇਰਨਾ ਲੈ ਕੇ ਕੌਮ ਗੌਰਵ ਮਹਿਸੂਸ ਕਰਦੀ ਹੈ।
ਲੇਖਕ ਬਾਰੇ
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/July 1, 2007
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/September 1, 2007
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/April 1, 2009
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/October 1, 2009
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/March 1, 2010
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/July 1, 2010
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/February 1, 2016