ਸਮਕਾਲੀ ਪੱਤਰਾਂ ਵਿਚ ਉਪਲਬਧ ਇਕ ਸਰਕਾਰੀ ਰਿਪੋਰਟ ਅਨੁਸਾਰ “ਦਿਨ ਐਤਵਾਰ, 20 ਫਰਵਰੀ, 1921 ਈ: ਨੂੰ ਸਵੇਰੇ 7 ਵਜੇ ਦੇ ਕਰੀਬ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਇਕ ਭਿਆਨਕ ਖ਼ਨੂੀ ਸਾਕਾ ਹੋਇਆ। ਮਿਸਟਰ ਕਰੀ ਡਿਪਟੀ ਕਮਿਸ਼ਨਰ ਲਾਗੇ ਹੀ ਦੌਰੇ ’ਤੇ ਸੀ। ਜਿਸ ਵੇਲੇ ਹੀ ਉਨ੍ਹਾਂ ਨੂੰ ਖ਼ਬਰ ਅਪੜੀ, ਉਹ ਉੱਥੇ ਪਹੁੰਚੇ। ਉੱਥੇ ਆ ਕੇ ਉਨ੍ਹਾਂ ਨੇ ਵੇਖਿਆ ਕਿ ਕਈ ਜਾਨਾਂ ਦਾ ਨੁਕਸਾਨ ਹੋਇਆ ਹੈ। ਮਾਰੇ ਗਏ (ਜੋ ਸਿੱਖ ਪ੍ਰਤੀਤ ਹੁੰਦੇ ਸਨ) ਉਨ੍ਹਾਂ ਦੀਆਂ ਲਾਸ਼ਾਂ ਸਾੜੀਆਂ ਜਾ ਰਹੀਆਂ ਸਨ। ਉਨ੍ਹਾਂ ਖਿਆਲ ਕੀਤਾ ਕਿ ਹਾਲਾਤ ਦੇ ਬਹੁਤ ਨਾਜ਼ਕ ਹੋ ਜਾਣ ਦਾ ਡਰ ਹੈ। ਉਨ੍ਹਾਂ ਨੇ ਉਸ ਵੇਲੇ ਹੀ ਫੌਜ ਭੇਜਣ ਲਈ ਤਾਰ ਕਰ ਦਿੱਤੀ। ਤਾਰ ਪਹੁੰਚਣ ਤੋਂ ਬਾਅਦ ਪ੍ਰਬੰਧ ਕੀਤਾ ਗਿਆ ਕਿ ਨਨਕਾਣਾ ਸਾਹਿਬ ਵਿਚ ਦੀ ਲੰਘਦੀਆਂ ਸਾਰੀਆਂ ਗੱਡੀਆਂ ਬਿਨਾ ਇੱਥੇ ਠਹਿਰੇ ਸਿੱਧੀਆਂ ਗੁਜਰ ਜਾਣ ਅਤੇ 100 ਗੋਰੇ ਤੇ 100 ਭਾਰਤੀ ਫੌਜੀਆਂ ਦਾ ਦਸਤਾ ਭੇਜਿਆ ਜਾਏ। ਰਾਤ ਦੇ 8 ਵਜੇ ਇਕ ਫੌਜੀ ਟਰੇਨ ਰਾਹੀਂ ਲਾਹੌਰ ਦੇ ਕਮਿਸ਼ਨਰ ਮਿ. ਕਿੰਗ, ਡਿਪਟੀ ਇੰਸ. ਜਨਰਲ ਪੁਲੀਸ ਸੰਟਰਲ ਰੇਂਜ ਮਿਸਟਰ ਮਰਸਰ ਦੇ ਉੱਥੇ ਪਹੁੰਚਣ ’ਤੇ ਮਾਲੂਮ ਹੋਇਆ ਕਿ ਇਸ ਸਮੇਂ ਹਰ ਤਰ੍ਹਾਂ ਅਮਨ ਹੈ, ਪ੍ਰੰਤੂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ ਕਿ ਸਿੱਖ ਬਦਲਾ ਲੈਣ ਲਈ ਮਹੰਤ ਨਰੈਣ ਦਾਸ ਅਤੇ ਉਸ ਦੇ ਸਾਥੀਆਂ ’ਤੇ ਹਮਲਾ ਕਰਨਗੇ। ਮਿਸਟਰ ਕਰੇ ਕੋਲ ਪੁਲਿਸ ਦੀ ਗਿਣਤੀ ਇਤਨੀ ਨਹੀਂ ਸੀ ਕਿ ਉਹ ਕਿਸੇ ਸ਼ੱਕੀ ਆਦਮੀ ਨੂੰ ਫੜਦੇ, ਪਰ ਜਿਸ ਵੇਲੇ ਹੀ ਫੌਜ ਪਹੁੰਚੀ, ਗੁਰਦੁਆਰਾ ਸਾਹਿਬ ਦੀ ਰੱਖਿਆ ਲਈ ਖੜ੍ਹੀ ਕਰ ਦਿੱਤੀ। ਮਹੰਤ ਨਰੈਣ ਦਾਸ ਤੇ ਉਸ ਦੇ ਦੋਵੇਂ ਚੇਲਿਆਂ ਤੇ ਲੱਗਭਗ 26 ਪਠਾਨ ਚੌਕੀਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਨੂੰ ਸਪੈਸ਼ਲ ਗੱਡੀ ਵਿਚ ਲਾਹੌਰ ਲੈ ਜਾ ਕੇ ਸੈਂਟਰਲ ਜੇਲ੍ਹ ਵਿਚ ਰੱਖਿਆ ਗਿਆ। ਛੇ ਸਿੱਖਾਂ ਦਾ ਇਕ ਵਫ਼ਦ, ਜਿਸ ਵਿਚ ਸਰਦਾਰ ਮਤਾਬ ਸਿੰਘ ਸਰਕਾਰੀ ਵਕੀਲ, ਐਡੀਟਰ ਲਾਇਲ ਗ਼ਜਟ, ਸਕੱਤਰ ਸਿੱਖ ਲੀਗ ਸ਼ਾਮਿਲ ਸਨ, ਜਾਂਚ-ਪੜਤਾਲ ਵਿਚ ਮਦਦ ਦੇਣ ਲਈ ਨਨਕਾਣਾ ਸਾਹਿਬ ਪਹੁੰਚੇ। ਜ਼ਿਲ੍ਹਾ ਮੈਜਿਸਟ੍ਰੇਟ ਸ਼ੇਖੂਪੁਰਾ ਨੇ ਜਨਮ ਸਥਾਨ ਦੇ ਗੁਰਦੁਆਰਾ ਸਾਹਿਬ ਨੂੰ 144 ਦਫਾ ਜ਼ਾਬਤਾ ਫੌਜਦਾਰੀ ਹੇਠ ਸਰਕਾਰੀ ਕਬਜ਼ੇ ਵਿਚ ਲੈ ਲਿਆ।”
ਇਕ ਭਿਅੰਕਰ ਖੂਨੀ ਕਾਂਡ ਵਜੋਂ ਜਾਣਿਆ ਜਾਂਦਾ ਸਾਕਾ ਨਨਕਾਣਾ ਸਾਹਿਬ ਦਾ ਵਰਤਾਰਾ ਦੋ ਪੱਖਾਂ ਤੋਂ ਅਕਾਲੀ ਲਹਿਰ ਵਿਚ ਇਕ ਨਵਾਂ ਮੋੜ ਸੀ। ਇਕ ਤਾਂ ਇਹ ਕਿ ਗੁਰਦੁਆਰਾ ਸਾਹਿਬਾਨ ਨੂੰ ਮਹੰਤਸ਼ਾਹੀ ਪ੍ਰਬੰਧ ਤੋਂ ਮੁਕਤ ਕਰਵਾਉਣ ਲਈ ਹੋਂਦ ਵਿਚ ਆਈ ਇਸ ਲਹਿਰ ਦਾ ਇਹ ਪਹਿਲਾ ਸਾਕਾ ਸੀ ਜਿਸ ਵਿਚ ਵਿਆਪਕ ਹਿੰਸਾ ਨਾਲ ਵੱਡੀ ਗਿਣਤੀ ਵਿਚ ਸਿੱਖ ਸ਼ਹਾਦਤਾਂ ਹੋਈਆਂ। ਉਪਰੰਤ ਦੇਸ਼ ਵਿਚ ਵੱਡੀ ਪੱਧਰ ’ਤੇ ਹਲਚਲ ਹੋਈ। ਦੂਸਰਾ ਇਹ ਸੀ ਕਿ ਇਸ ਸਾਕੇ ਉਪਰੰਤ ਅਕਾਲੀ ਲਹਿਰ ਦੇਸ਼ ਦੀ ਅਜ਼ਾਦੀ ਦੇ ਅੰਦੋਲਨ ਦਾ ਹਿੱਸਾ ਬਣ ਕੇ ਅੰਗਰੇਜ਼ ਸਰਕਾਰ ਨਾਲ ਸੰਘਰਸ਼ ਦੀ ਸਥਿਤੀ ਵਿਚ ਆ ਗਈ, ਜੋ ਪਹਿਲਾਂ ਨਹੀਂ ਸੀ। ਇਸ ਪੱਖ ਨੇ ਦੇਸ਼ ਦੀ ਅਜ਼ਾਦੀ ਦੇ ਅੰਦੋਲਨ ਨੂੰ ਨਵਾਂ ਮੋੜ ਦਿਤਾ। ਬਿਨਾ ਸ਼ੱਕ ਇਸ ਵਰਤਾਰੇ ਨੇ ਦੇਸ਼ ਲਈ ਅਜ਼ਾਦੀ ਦੀ ਲੜਾਈ ਨੂੰ ਤਕੜਾ ਬਲ ਬਖਸ਼ਿਆ ਪਰ ਇਸ ਦੇ ਨਾਲ ਹੀ ਅਕਾਲੀ ਲਹਿਰ ਦੇ ਉਦੇਸ਼ਾਂ ਦੀ ਪੂਰਤੀ ਹਿਤ ਬਣਾਏ ਪ੍ਰੋਗਰਾਮ ਵਿਚ ਅੰਗਰੇਜ਼ ਸਰਕਾਰ ਤੋਂ ਹਰ ਸੰਭਵ ਸਹਾਇਤਾ ਲੈਣ ਦੀ ਸ਼ਾਮਲ ਮਦ ਨੂੰ ਲੈ ਕੇ ਲਹਿਰ ਦੇ ਆਗੂਆਂ ਵਿਚਕਾਰ ਮੱਤਭੇਦ ਵੀ ਪੈਦਾ ਹੋਏ ਅਤੇ ਲਹਿਰ ਦੇ ਉਦੇਸ਼ਾਂ, ਅਮਲ ਤੇ ਪ੍ਰਾਪਤੀਆਂ ’ਤੇ ਵੀ ਪ੍ਰਭਾਵ ਪਿਆ।
ਗੁਰਦੁਆਰਾ ਸੁਧਾਰ ਲਹਿਰ ਦਾ ਉਦੇਸ਼ ਗੁਰਦੁਆਰਾ ਸਾਹਿਬਾਨ ’ਚ ਮਹੰਤਾਂ ਦੁਆਰਾ ਪ੍ਰਚਲਿਤ ਬ੍ਰਾਹਮਣੀ ਰਹੁ-ਰੀਤਾਂ ਨੂੰ ਖ਼ਤਮ ਕਰ ਕੇ ਗੁਰ ਮਰਯਾਦਾ ਦਾ ਪੁਨਰ-ਉਥਾਨ ਕਰਨਾ ਸੀ। ਪੰਜਾਬ ਸਰਕਾਰ ਨਾਲ ਇਸ ਲਹਿਰ ਦੀ ਤਕਰਾਰ ਦੀ ਸਥਿਤੀ ਵੀ ਉਦੋਂ ਤੋਂ ਪੈਦਾ ਹੋਣ ਲੱਗੀ, ਜਦੋਂ ਕੁਝ ਨਵੇਂ ਸਿੱਖ ਆਗੂਆਂ ਨੇ 9 ਮਈ, 1921 ਈ: ਨੂੰ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਮੁਕੱਦਮੇ ਵਿਚ ਸਰਕਾਰ ਨਾਲ ਨਾ-ਮਿਲਵਰਤਨ ਦਾ ਮਤਾ ਪਾਸ ਕੀਤਾ। ਮਾਰਚ 1921 ਈ: ਦੇ ਸ਼ੁਰੂ ਵਿਚ ਮਹਾਤਮਾ ਗਾਂਧੀ ਅਤੇ ਸ਼ੌਕਤ ਅਲੀ ਨਨਕਾਣਾ ਸਾਹਿਬ ਪੁੱਜੇ, ਜਿੱਥੇ ਉਨ੍ਹਾਂ ਖ਼ਾਲਸਾ ਪੰਥ ਦੀ ਸ਼ਲਾਘਾ ਕਰਦਿਆਂ ਸਾਕੇ ਦੇ ਮੁਕੱਦਮੇ ਵਿਚ ਨਾ-ਮਿਲਵਰਤਨ ਕਰਨ ਪ੍ਰਥਾਇ ਇਕ ਘੰਟਾ ਤਕਰੀਰ ਕੀਤੀ ਅਤੇ ਅਤੇ ਬਾਅਦ ਵਿਚ ਲਾਲਾ ਲਾਜਪਤ ਰਾਇ ਨੇ ਵੀ ਉੱਥੇ ਆ ਕੇ ਸਿੱਖਾਂ ਨੂੰ ਮਹਾਤਮਾ ਗਾਂਧੀ ਦੇ ਪ੍ਰੋਗਰਾਮ ’ਤੇ ਚੱਲਣ ਦੀ ਤਾਕੀਦ ਕੀਤੀ।
ਭਾਵੇਂ ਉਹ ਆਪ ਅਤੇ ਪੰਡਤ ਮਦਨ ਮੋਹਨ ਮਾਲਵੀਆ ਮਹਾਤਮਾ ਗਾਂਧੀ ਦੇ ਨਾ-ਮਿਲਵਰਨ ਦੇ ਪ੍ਰੋਗਰਾਮ ਨਾਲ ਅਸਹਿਮਤ ਸਨ। ਇਨ੍ਹਾਂ ਤਕਰੀਰਾਂ ਦੇ ਅਸਰ ਹੇਠ ਮਾ. ਮੋਤਾ ਸਿੰਘ ਨੇ ਨਾ-ਮਿਲਵਰਤਨ ਦਾ ਮਤਾ ਪੇਸ਼ ਕਰ ਦਿਤਾ ਅਤੇ ਹਾਜ਼ਰ ਲੋਕਾਂ ਵੱਲੋਂ ਤਾਈਦ ਹੋ ਗਈ। ਭਾਵੇਂ ਇਸ ਲਹਿਰ ਦੇ ਸਿਰਕੱਢ ਆਗੂਆਂ ਸ. ਹਰਬੰਸ ਸਿੰਘ ਅਟਾਰੀ, ਭਾਈ ਜੋਧ ਸਿੰਘ ਅਤੇ ਜਥੇ. ਕਰਤਾਰ ਸਿੰਘ ਝੱਬਰ ਨੇ ਮੀਟਿੰਗ ਵਿਚ ਇਸ ਮਤੇ ਨੂੰ ਪਾਸ ਕਰਨ ਦਾ ਵਿਰੋਧ ਵੀ ਕੀਤਾ ਸੀ। ਇਹ ਆਗੂ ਗੁਰਦੁਆਰਾ ਸਾਹਿਬਾਨ ਵਿਚ ਪੂਰਨ ਸੁਧਾਰ ਲਈ ਬ੍ਰਿਿਟਸ਼ ਸਰਕਾਰ ਤੋਂ ਹਰ ਸੰਭਵ ਸਹਾਇਤਾ ਲੈਣੀ ਮੁਨਾਸਿਬ ਸਮਝਦੇ ਸਨ। ਇਸ ਮੰਤਵ ਲਈ ਉਹ ਇਸ ਲਹਿਰ ਨੂੰ ਨਿਰੋਲ ਧਾਰਮਿਕ ਦੱਸਦੇ ਹੋਏ ਸਮਕਾਲੀ ਰਾਜਨੀਤਕ ਸਰੋਕਾਰਾਂ (ਅਜ਼ਾਦੀ ਅੰਦੋਲਨ) ਤੋਂ ਵੀ ਅਲਹਿਦਾ ਰੱਖਣਾ ਚਾਹੁੰਦੇ ਸਨ। 20 ਅਕਤੂਬਰ, 1920 ਈ: ਨੂੰ ਲਾਹੌਰ ਵਿਚ ਸਿੱਖ ਲੀਗ ਦੇ ਸਮਾਗਮ ਵਿਚ ਗਾਂਧੀ ਦੀ ਇਹ ਟਿੱਪਣੀ ਕਿ ‘ਮਹੰਤਾਂ ਨੂੰ ਜ਼ਬਰੀ ਗੁਰਦੁਆਰਾ ਸਾਹਿਬਾਨ ਵਿੱਚੋਂ ਕੱਢ ਕੇ ਕਬਜ਼ਾ ਕਰਨਾ ਠੀਕ ਨਹੀਂ ਅਤੇ ਸਿੱਖ ਨੌਜਵਾਨਾਂ ਨੂੰ ਕਾਂਗਰਸ ਦਾ ਕੰਮ ਕਰਨ ਚਾਹੀਏ’ ਨੂੰ ਵੀ ਅਕਾਲੀ ਲਹਿਰ ਦੇ ਆਗੂਆਂ ਵੱਲੋਂ ਕੋਈ ਹੁੰਗਾਰਾ ਨਹੀਂ ਮਿਿਲਆ। ਇਨ੍ਹਾਂ ਆਗੂਆਂ ਅਨੁਸਾਰ ਗੁਰਦੁਆਰਾ ਪ੍ਰਬੰਧ ਵਿਚ ਸੁਧਾਰ ਲਿਆਉਣ ਲਈ ਜਾਂ ਮਹੰਤਾਂ ਤੋਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਖੋਹਣ ਲਈ ਸਰਕਾਰ ਦੀ ਸਹਾਇਤਾ ਲੈਣੀ ਜ਼ਰੂਰੀ ਸੀ। ਇਨ੍ਹਾਂ ਆਗੂਆਂ ਦਾ ਇਹ ਵੀ ਵਿਚਾਰ ਸੀ ਕਿ ਜੇ ਗੁਰਦੁਆਰਾ ਸਾਹਿਬਾਨ ’ਤੇ ਕਾਬਜ਼ ਮਹੰਤ ਕਾਨੂੰਨਨ ਸਰਗਰਮ ਹੋ ਗਏ ਅਤੇ ਅਸੀਂ ਮੁਕਾਬਲੇ ’ਤੇ ਨਾ ਖਲੋਤੇ ਤਾਂ ਜ਼ਰੂਰ ਫੈਸਲੇ ਸਾਡੇ ਬਰਖਿਲਾਫ਼ ਹੋਣਗੇ।
ਕਿੰਤੂ ਮਤਾ ਪਾਸ ਹੋ ਜਾਣ ਨਾਲ ਸਰਕਾਰ, ਜੋ ਪਹਿਲਾਂ ਇਸ ਲਹਿਰ ਨੂੰ ਕੇਵਲ ਧਾਰਮਿਕ ਸਮਝਦੀ ਸੀ, ਹੁਣ ਆਪਣਾ ਰਾਜਸੀ ਵਿਰੋਧੀ ਸਮਝਣ ਲੱਗੀ ਅਤੇ ਅਕਾਲੀਆਂ ਦੀਆਂ ਗ੍ਰਿਫ਼ਤਾਰੀਆਂ ਅਰੰਭ ਹੋ ਗਈਆਂ। ਜਥੇ. ਕਰਤਾਰ ਸਿੰਘ ਝੱਬਰ ਸਮੇਤ ਕਈ ਆਗੂਆਂ ਨੂੰ ਫੜ ਕੇ ਮੁਕੱਦਮੇ ਚਲਾਏ ਗਏ। ਸ. ਸਰਦੂਲ ਸਿੰਘ ਕਵੀਸ਼ਰ, ਸ. ਅਮਰ ਸਿੰਘ ਝਬਾਲ, ਮਾ. ਸੁੰਦਰ ਸਿੰਘ ਲਾਇਲਪੁਰੀ ਆਦਿ ਨਾਮਿਲਵਰਤਨ ਦੇ ਹੱਕ ਵਿਚ ਸਨ, ਜਦ ਕਿ ਚੀਫ਼ ਖ਼ਾਲਸਾ ਦੀਵਾਨ ਇਸ ਮਤ ਦਾ ਵਿਰੋਧੀ ਸੀ। ਦੋਵਾਂ ਧੜਿਆਂ ਦੇ ਆਪਸੀ ਫ਼ੈਸਲੇ ਅਨੁਸਾਰ ਜਿਨ੍ਹਾਂ ’ਤੇ ਮੁਕੱਦਮੇ ਬਣੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਹਾਡੇ ਮੁਕੱਦਮਿਆਂ ਵਿਚ ਕੀ ਕਰਨਾ ਚਾਹੀਦਾ ਹੈ ? ਤਾਂ ਸਾਰਿਆਂ ਤਰਫ਼ੋਂ ਜਵਾਬ ਦਿੰਦੇ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਕਿਹਾ ਕਿ ਸਾਡਾ ਸਰਕਾਰ ਨਾਲ ਕੋਈ ਰਾਜਨੀਤਕ ਮੋਰਚਾ ਨਹੀਂ ਹੈ ਅਤੇ ਨਾ ਹੀ ਇਹ ਹਿੰਦੂਮੁਸਲਮਾਨਾਂ ਦਾ ਸਾਂਝਾ ਪ੍ਰਯੋਜਨ ਹੈ, ਇਹ ਤਾਂ ਸਾਡਾ ਧਾਰਮਿਕ ਮਸਲਾ ਹੈ। ਇਸ ਤਰ੍ਹਾਂ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਅਕਾਲੀ ਲਹਿਰ ਨੇ ਇਕ ਨਵਾਂ ਮੋੜ ਲਿਆ। ਸਿੱਖ ਆਗੂਆਂ ਦੇ ਸ੍ਵੈ-ਵਿਰੋਧੀ ਰਾਜਸੀ ਸਰੋਕਾਰ ਵੀ ਉਭਰੇ, ਅੰਗਰੇਜ਼ਾਂ ਅਤੇ ਅਕਾਲੀ ਲਹਿਰ ਵਿਚਕਾਰ ਸੰਘਰਸ਼ ਵਧਿਆ।
ਲੇਖਕ ਬਾਰੇ
- ਡਾ. ਗੁਰਤੇਜ ਸਿੰਘ ਠੀਕਰੀਵਾਲਾhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%a4%e0%a9%87%e0%a8%9c-%e0%a8%b8%e0%a8%bf%e0%a9%b0%e0%a8%98-%e0%a8%a0%e0%a9%80%e0%a8%95%e0%a8%b0%e0%a9%80%e0%a8%b5%e0%a8%be%e0%a8%b2%e0%a8%be/March 1, 2009