ਉਦਾਸੀ ਸੰਪਰਦਾ ਦਾ ਸਿੱਖ ਧਰਮ ਵਿਚ ਮਹੱਤਵਪੂਰਨ ਸਥਾਨ ਰਿਹਾ ਹੈ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਕਰ ਕੇ ਅਹਿਮ ਭੂਮਿਕਾ ਨਿਭਾਈ। ਕੁਝ ਸਮੇਂ ਬਾਅਦ ਕੁਝ ਉਦਾਸੀ ਗੁਰਦੁਆਰਾ ਸਾਹਿਬ ਦੇ ਮੁਖੀ ਬਣ ਗਏ ਅਤੇ ਆਪਣੇ ਆਪ ਨੂੰ ਮਹਤੰ ਅਖਵਾੳਣੁ ਲੱਗੇ । ਮਹਾਰਾਜਾ ਰਣਜੀਤ ਸਿਘੰ ਵੱਲੋਂ ਗੁਰਦੁਆਰਾ ਸਾਹਿਬ ਦੇ ਨਾਂ ਵੱਡੀਆਂ-ਵੱਡੀਆਂ ਕਰ ਮੁਕਤ ਜਾਗੀਰਾਂ ਲਗਾਈਆਂ ਗਈਆਂ। ਹੌਲੀ-ਹੌਲੀ ਇਨ੍ਹਾਂ ਮਹੰਤਾਂ ਨੇ ਗੁਰਦੁਆਰਾ ਸਾਹਿਬ ਦੀ ਸਾਂਝੀ ਸੰਪਤੀ ਨੂੰ ਆਪਣੀ ਨਿੱਜੀ ਜਾਇਦਾਦ ਸਮਝਣਾ ਸ਼ੁਰੂ ਕਰ ਦਿੱਤਾ ਅਤੇ ਵਿਲਾਸਤਾ ਤੇ ਚਰਿੱਤਰਹੀਣਤਾ ਵਾਲਾ ਜੀਵਨ ਜੀਉਣ ਲੱਗੇ। ਇਸ ਤਰ੍ਹਾਂ ਇਹ ਮਹੰਤ ਗੁਰਦੁਆਰਾ ਸਾਹਿਬ ਉੱਪਰ ਪੂਰੀ ਤਰ੍ਹਾਂ ਕਾਬਜ਼ ਹੋ ਗਏ। ਸਿੱਖਾਂ ਵੱਲੋਂ ਆਪਣੇ ਧਾਰਮਿਕ ਸਥਾਨਾਂ ਨੂੰ ਮਹੰਤਾਂ ਹੱਥੋਂ ਛੁਡਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਵਰਗੀ ਲਹਿਰ ਚਲਾਈ ਗਈ ਜਿਸ ਵਿਚ ਅਨੇਕ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਲਹਿਰ ਵਿਚ ਸ਼ਹੀਦ ਹੋਣ ਵਾਲਿਆਂ ਵਿੱਚੋਂ ਭਾਈ ਲਛਮਣ ਸਿੰਘ ਧਾਰੋਵਾਲੀ ਵੀ ਇਕ ਸਨ।
ਭਾਈ ਲਛਮਣ ਸਿੰਘ ਦਾ ਜਨਮ 16 ਭਾਦੋਂ 1885 ਈ: ਨੂੰ ਪਿੰਡ ਧਾਰੋਵਾਲੀ ਜ਼ਿਲ੍ਹਾ ਗੁਰਦਾਸਪੁਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਭਾਈ ਮਿਹਰ ਸਿੰਘ ਅਤੇ ਮਾਤਾ ਦਾ ਨਾਂ ਹਰ ਕੌਰ ਸੀ। ਉਨ੍ਹਾਂ ਦੇ ਚਾਰ ਭਰਾ ਅਤੇ ਇੱਕ ਭੈਣ ਸੀ ਜਿਸਦਾ ਨਾਂ ਵੀ ਲਛਮਣ ਕੌਰ ਸੀ। ਉਨ੍ਹਾਂ ਦੇ ਪਿਤਾ ਮਹਾਰਾਜਾ ਨੌਨਿਹਾਲ ਸਿੰਘ ਦੀ ਫੌਜ ਵਿਚ ਨੌਕਰੀ ਕਰਦੇ ਸਨ ਅਤੇ ਫ਼ਾਰਸੀ ਦੇ ਚੰਗੇ ਵਿਦਵਾਨ ਵੀ ਸਨ। ਉਹ ਆਪਣੀ ਇਮਾਨਦਾਰੀ ਸਦਕਾ ਥਾਣੇਦਾਰ ਦੇ ਅਹੁਦੇ ਤਕ ਪਹੁੰਚ ਗਏ। ਉਨ੍ਹਾਂ ਨੂੰ ਬਾਰ ਜ਼ਿਲ੍ਹਾ ਸ਼ੇਖੂਪੁਰੇ ਵਿਚ ਛੇ ਮੁਰੱਬੇ ਜ਼ਮੀਨ ਮਿਲੀ। ਉਹ 1892 ਈ: ਨੂੰ ਧਾਰੋਵਾਲੀ ਚੱਕ ਨੰ:33 ਵਿਚ ਆ ਗਏ। ਇੱਥੇ ਆਉਂਦਿਆਂ ਹੀ ਉਨ੍ਹਾਂ ਆਪਣਾ ਘਰ ਬਣਾਉਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਬਣਾਇਆ। ਇਸ ਤਰ੍ਹਾਂ ਭਾਈ ਲਛਮਣ ਸਿੰਘ ਨੂੰ ਗੁਰਮਤਿ ਦੀ ਸਿੱਖਿਆ ਵਿਰਸੇ ਵਿੱਚੋਂ ਪ੍ਰਾਪਤ ਹੋਈ।
ਭਾਈ ਲਛਮਣ ਸਿੰਘ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਨ ਦੇ ਸ਼ੌਕੀਨ ਸਨ। ਉਨ੍ਹਾਂ ਨੇ ਗੁਰਮੁਖੀ ਦੀ ਪੜ੍ਹਾਈ ਸੰਤ ਅਰਜਨ ਸਿੰਘ ਤੋਂ ਪ੍ਰਾਪਤ ਕੀਤੀ। ਗੁਰਮੁਖੀ ਸਿੱਖਣ ਤੋਂ ਬਾਅਦ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਤੇ ਗੁਰਮੁਖੀ ਦੀਆਂ ਕਿਤਾਬਾਂ ਪੜ੍ਹਨ ਲੱਗ ਪਏ। ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਏਨਾ ਜ਼ਿਆਦਾ ਸੀ ਕਿ ਉਨ੍ਹਾਂ ਨੇ ਬਹੁਤ ਪੁਸਤਕਾਂ ਖਰੀਦੀਆਂ। ਉਹ ਸੁਭਾਅ ਦੇ ਏਨੇ ਨਿਡਰ ਸਨ ਕਿ ਸੱਪ, ਭੂੰਡ ਅਤੇ ਚੂਹੇ ਆਦਿ ਆਰਾਮ ਨਾਲ ਹੱਥ ਵਿਚ ਫੜ੍ਹ ਲਿਆ ਕਰਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੁਸ਼ਤੀ ਕਰਨ ਦਾ ਵੀ ਬੜਾ ਸ਼ੌਂਕ ਸੀ। ਉਹ ਧੀਆਂ ਦਾ ਬਹੁਤ ਸਤਿਕਾਰ ਕਰਦੇ ਸਨ। ਇਸੇ ਕਰਕੇ ਉਹ ਕਿਸੇ ਨੂੰ ਧੀ ਦਾ ਪੈਸਾ ਨਹੀਂ ਲੈਣ ਦਿੰਦੇ ਸਨ। ਉਨ੍ਹਾਂ ਦਾ ਸਰੀਰ ਨਰੋਆ ਤੇ ਰਿਸ਼ਟ ਪੁਸ਼ਟ ਸੀ। ਉਨ੍ਹਾਂ ਦਾ ਭਾਰ ਦੋ ਮਣ ਪੈਂਤੀ ਸੇਰ ਤੇ ਕੱਦ ਪੂਰਾ ਛੇ ਫੁੱਟ ਸੀ। ਸਰੀਰ ਤਕੜਾ ਹੋਣ ਕਾਰਨ ਉਨ੍ਹਾਂ ਦੀ ਖੁਰਾਕ ਵੀ ਚੰਗੀ ਸੀ।
ਜਵਾਨੀ ਦੀ ਉਮਰ ਵਿਚ ਉਨ੍ਹਾਂ ਦਾ ਵਿਆਹ ਭਾਈ ਬੁੱਧ ਸਿੰਘ ਦੀ ਸਪੁੱਤਰੀ ਬੀਬੀ ਇੰਦਰ ਕੌਰ ਨਾਲ1901ਈ: ਨੂੰ ਹੋਇਆ। 1907 ਈ. ਨੂੰ ਉਨ੍ਹਾਂ ਦੇ ਘਰ ਇਕ ਲੜਕੇ ਦਾ ਜਨਮ ਹੋਇਆ। ਉਨ੍ਹਾਂ ਲੜਕੇ ਦਾ ਨਾਮ ਹਰਬੰਸ ਸਿੰਘ ਰੱਖਿਆ ਪਰ ਅੱਠ ਮਹੀਨੇ ਦੀ ਉਮਰ ਵਿਚ ਉਸ ਦੀ ਮੌਤ ਹੋ ਗਈ। ਹਰਬੰਸ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਘਰ ਕੋਈ ਵੀ ਬੱਚਾ ਪੈਦਾ ਨਾ ਹੋਇਆ। ਉਨ੍ਹਾਂ ਨੇ ਕਿਰਤ ਵਜੋਂ ਬਜਾਜੀ ਦਾ ਕੰਮ, ਘੋੜਿਆਂ ਅਤੇ ਊਠਾਂ ਦਾ ਵਪਾਰ ਕੀਤਾ ਪਰ ਜ਼ਿਆਦਾ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਪਿੰਡਾਂ ਵਿੱਚੋਂ ਕਪਾਹ ਖਰੀਦਣੀ ਸ਼ੁਰੂ ਕੀਤੀ। ਇਸ ਕੰਮ ਤੋਂ ਉਨ੍ਹਾਂ ਨੂੰ ਜੋ ਆਮਦਨ ਹੁੰਦੀ ਉਹ ਧਾਰਮਿਕ ਕੰਮਾਂ ਵਿਚ ਖਰਚ ਕਰ ਦਿੰਦੇ। 1910 ਈ: ਵਿਚ ਉਨ੍ਹਾਂ ਨੇ ਤਰਨਤਾਰਨ ਦੇ ਖਾਲਸਾ ਪ੍ਰਚਾਰਕ ਵਿਦਿਆਲਾ ਵਿਚ ਦਾਖ਼ਲਾ ਲਿਆ ਅਤੇ ਪੂਰੇ ਦੋ ਸਾਲ ਪੜ੍ਹਾਈ ਕਰ ਕੇ ਆਪਣੇ ਪਿੰਡ ਵਾਪਸ ਆਏ। ਗੁਰਮਤਿ ਪ੍ਰਚਾਰ ਦੀ ਲਗਨ ਹੋਣ ਕਰਕੇ ਉਨ੍ਹਾਂ ਖਾਲਸਾ ਪ੍ਰਾਇਮਰੀ ਸਕੂਲ ਦਾ ਚਾਰਜ ਆਪਣੇ ਹੱਥ ਵਿਚ ਲੈ ਕੇ ਪ੍ਰਾਇਮਰੀ ਤੋਂ ਮਿਡਲ ਤਕ ਕਰਵਾ ਦਿੱਤਾ। ਸਕੂਲ ਦੇ ਕੰਮ ਨੂੰ ਨਿਰੰਤਰ ਚਲਾਉਣ ਲਈ ਉਨ੍ਹਾਂ ਨੇ ਮਾਇਕ ਤੰਗੀ ਨੂੰ ਪੂਰਾ ਕਰਨ ਲਈ ਆਪਣੀ ਜ਼ਮੀਨ ਵੀ ਗਹਿਣੇ ਧਰਣ ਤੋਂ ਗੁਰੇਜ਼ ਨਹੀਂ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਲੜਕੀਆਂ ਲਈ ਖਾਲਸਾ ਭੁਝੰਗਣ ਯਤੀਮਖਾਨਾ ਖੋਲਿਆ। ਅਖੌਤੀ ਅਛੂਤ ਬੀਬੀਆਂ ਨਾਲ ਵਿਤਕਰਾ ਕੀਤਾ ਜਾਂਦਾ ਸੀ ਪਰ ਉਨ੍ਹਾਂ ਆਪਣੇ ਆਸ਼ਰਮ ਵਿਚ ਬਿਨ੍ਹਾਂ ਕਿਸੇ ਭੇਦਭਾਵ ਦੇ ਬੀਬੀਆਂ ਨੂੰ ਦਾਖ਼ਲ ਕੀਤਾ। ਇਸ ਆਸ਼ਰਮ ਨੂੰ ਚਲਾਉਣ ਲਈ ਵੀ ਉਨ੍ਹਾਂ ਨੂੰ ਸਵਾ ਮੁਰੱਬਾ ਜ਼ਮੀਨ ਗਹਿਣੇ ਧਰਨੀ ਪਈ। ਇਸ ਆਸ਼ਰਮ ਦੇ ਚੰਗੇ ਪ੍ਰਬੰਧ ਕਾਰਨ ਦੂਰ-ਦੂਰ ਤਕ ਪ੍ਰਸਿੱਧੀ ਵੀ ਫੈਲ ਚੁੱਕੀ ਸੀ। ਇਸੇ ਕਾਰਨ 5 ਮਾਰਚ 1918 ਈ: ਨੂੰ ਉਨ੍ਹਾਂ ਨੂੰ ਲਾਹੌਰ ਵਿਚ ਕਮਿਸ਼ਨਰ ਸਾਹਿਬ ਦੁਆਰਾ ਕੀਤੇ ਦਰਬਾਰ ਵਿਚ ਸਰਕਾਰੀ ਕਰਮਚਾਰੀਆਂ ਵੱਲੋਂ ਦਾਵਤ ਦੀ ਚਿੱਠੀ ਆਈ। ਇਸ ਤੋਂ ਇਲਾਵਾ ਉਨ੍ਹਾਂ ਚੌਥੀ ਸਿੱਖ ਇਸਤਰੀ ਕਾਨਫਰੰਸ ਵੀ ਕਰਵਾਈ। ਨਵੰਬਰ 1920 ਈ: ਨੂੰ ਉਨ੍ਹਾਂ ਆਪਣੇ ਇਲਾਕੇ ਵੱਲੋਂ ਸ੍ਰੀ ਨਨਕਾਣਾ ਸਾਹਿਬ ਵਿਚ ਭਾਰੀ ਦੀਵਾਨ ਕੀਤਾ ਜਿਸ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਸੁਧਾਰਨ ਲਈ ਪ੍ਰਚਾਰ ਕੀਤਾ। 1920 ਈ: ਵਿਚ ਸਾਵਣ ਮਹੀਨੇ ਦੀ ਮੱਸਿਆ ਨੂੰ ਤਰਨਤਾਰਨ ਦਰਬਾਰ ਸਾਹਿਬ ਵਿਚ ਬੀਬੀਆਂ ਦੇ ਜਥੇ ਦੁਆਰਾ ਕੀਰਤਨ ਕਰਨ ਦੀ ਇੱਛਾ ਵੀ ਭਾਈ ਲਛਮਣ ਸਿੰਘ ਦੇ ਯਤਨਾਂ ਸਦਕਾ ਪੂਰੀ ਹੋਈ ਕਿਉਂਕਿ ਪੁਜਾਰੀ ਇਸ ਗੱਲ ਲਈ ਸਹਿਮਤ ਨਹੀਂ ਸਨ। ਇਸ ਘਟਨਾ ਤੋਂ ਬਾਅਦ ਉਹ ਗੁਰਦੁਆਰਾ ਸੁਧਾਰ ਲਹਿਰ ਵਿਚ ਜੁਟ ਗਏ।
26 ਜਨਵਰੀ, 1921 ਈ: ਨੂੰ ਸ੍ਰੀ ਤਰਨਤਾਰਨ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਕਬਜ਼ੇ ਸਮੇਂ ਹੋਏ ਦੀਵਾਨ ਵਿਚ ਉਨ੍ਹਾਂ ਸ੍ਰੀ ਨਨਕਾਣਾ ਸਾਹਿਬ ਦੇ ਮਹੰਤਾਂ ਦੇ ਕੁਕਰਮਾਂ ਬਾਰੇ ਸੰਗਤ ਨੂੰ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੀ ਮਹੰਤਾਂ ਹੱਥੋਂ ਅਜ਼ਾਦੀ ਲਈ ਅਰਦਾਸ ਕੀਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ 4,5 ਅਤੇ 6 ਮਾਰਚ ਨੂੰ ਕਰਵਾਏ ਜਾ ਰਹੇ ਭਾਰੀ ਦੀਵਾਨ ਦੇ ਪ੍ਰਬੰਧ ਦੀ ਡਿਊਟੀ ਭਾਈ ਤੇਜਾ ਸਿੰਘ ਸਮੁੰਦਰੀ, ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਭਾਈ ਕਰਤਾਰ ਸਿੰਘ ਜੀ ਝੱਬਰ ਦੀ ਲਗਾਈ। ਭਾਈ ਲਛਮਣ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਖਲੋ ਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਆਪਣੀ ਸ਼ਹੀਦੀ ਦੀ ਅਰਦਾਸ ਕੀਤੀ। ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਗੁਰੂ ਨਾਲ ਅਥਾਹ ਪਿਆਰ ਸੀ ਅਤੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਰੋਕਣ ਲਈ ਉਹ ਆਪਣੀ ਜਾਨ ਕੁਰਬਾਨ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ।
ਮਹੰਤ ਨਰਾਇਣ ਦਾਸ ਨੇ14 ਫਰਵਰੀ ਨੂੰ ਆਪਣੇ ਸਲਾਹਕਾਰਾਂ ਦੀ ਇਕੱਤ੍ਰਤਾ ਨਾਲ ਇਹ ਮਤਾ ਪਾਸ ਕੀਤਾ ਕਿ ਜਦ 5 ਮਾਰਚ ਨੂੰ ਸਿੱਖ ਪੰਥ ਇਕੱਠਾ ਹੋਵੇ ਤਾਂ ਸਿੱਖ ਮੁਖੀਆਂ ਨੂੰ ਗੁਰਦੁਆਰਾ ਜਨਮ ਸਥਾਨ ਵਿਚ ਸੱਦ ਕੇ ਕਤਲ ਕਰ ਦਿੱਤਾ ਜਾਏ। ਉਸ ਨੇ 400 ਦੇ ਕਰੀਬ ਭਾੜੇ ਦੇ ਬਦਮਾਸ਼ ਇਕੱਠੇ ਕਰ ਲਏ ਅਤੇ ਉਨ੍ਹਾਂ ਨੂੰ ਤਲਵਾਰਾਂ, ਲਾਠੀਆਂ, ਛਵੀਆਂ ਨਾਲ ਲੈਸ ਕਰ ਦਿੱਤਾ। ਇਸ ਤੋਂ ਇਲਾਵਾ ਪਿਸਤੌਲ ਦੀਆਂ ਗੋਲੀਆਂ ਵੀ ਵੱਡੀ ਗਿਣਤੀ ਵਿਚ ਖਰੀਦ ਲਈਆਂ।
ਮਹੰਤ ਨਰਾਇਣ ਦਾਸ ਅਤੇ ਮਹੰਤ ਕ੍ਰਿਪਾ ਰਾਮ ਨੇ 19-20 ਫਰਵਰੀ ਨੂੰ ਲਾਹੌਰ ਵਿਚ ਰੱਖੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਲੱਖਾਂ ਦੀ ਗਿਣਤੀ ਵਿਚ ਇਸ਼ਤਿਹਾਰ ਛਪਵਾਏ। ਸਿੰਘਾਂ ਨੇ ਵੀ ਇਹ ਫੈਸਲਾ ਕੀਤਾ ਕਿ 19 ਫਰਵਰੀ ਨੂੰ ਚੱਲ ਕੇ 20 ਫਰਵਰੀ ਦੀ ਸਵੇਰ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ਵਿਚ ਲਿਆ ਜਾ ਸਕਦਾ ਹੈ ਕਿਉਂਕਿ ਉਸ ਸਮੇਂ ਮਹੰਤ ਲਾਹੌਰ ਕਾਨਫਰੰਸ ਵਿਚ ਰੁੱਝੇ ਹੋਣਗੇ। ਮਹੰਤ ਨਰਾਇਣ ਦਾਸ ਨੂੰ ਵੀ ਸਿੰਘਾਂ ਦੁਆਰਾ ਬਣਾਈ ਯੋਜਨਾ ਦਾ ਪਤਾ ਲੱਗ ਚੁੱਕਾ ਸੀ ਇਸ ਕਰਕੇ ਮਹੰਤ ਨੇ ਵੀ ਪੂਰੀ ਤਿਆਰੀ ਕੀਤੀ ਹੋਈ ਸੀ। ਮਹੰਤ ਦੀਆਂ ਕਾਤਲਾਨਾ ਯੋਜਨਾਵਾਂ ਦਾ ਪਤਾ ਲੱਗਣ ‘ਤੇ ਅਕਾਲੀ ਆਗੂਆਂ ਨੇ ਜਥਿਆਂ ਨੂੰ 4 ਮਾਰਚ, 1921 ਈ: ਤੋਂ ਪਹਿਲਾਂ ਨਨਕਾਣਾ ਸਾਹਿਬ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਭਾਈ ਲਛਮਣ ਸਿੰਘ ਜੀ ਆਪਣੇ ਕੁਝ ਸਾਥੀਆਂ ਨਾਲ 19 ਫਰਵਰੀ, 1921 ਈ: ਦੀ ਸ਼ਾਮ ਨੂੰ ਨਨਕਾਣਾ ਸਾਹਿਬ ਲਈ ਰਵਾਨਾ ਹੋਏ। ਇਹ ਜਥਾ 20 ਫਰਵਰੀ, 1921 ਈ: ਦੀ ਸਵੇਰ ਨੂੰ ਗੁਰਦੁਆਰਾ ਜਨਮ ਸਥਾਨ ਤੋਂ ਅੱਧਾ ਮੀਲ ਦੂਰ ਇਕ ਥਾਂ ਉੱਪਰ ਪਹੁੰਚਿਆ। ਇਸ ਸਥਾਨ ਉੱਪਰ ਭਾਈ ਲਛਮਣ ਸਿੰਘ ਨੂੰ ਭਾਈ ਦਲੀਪ ਸਿੰਘ ਦਾ ਸੁਨੇਹਾ ਮਿਲਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਉਹ ਗੁਰਦੁਆਰਾ ਜਨਮ ਸਥਾਨ ਵੱਲ ਅੱਗੇ ਨਾ ਵਧਣ। ਇਸ ਨਾਲ ਭਾਈ ਲਛਮਣ ਸਿੰਘ ਤਾਂ ਸਹਿਮਤ ਹੋ ਗਏ ਪਰ ਜਥੇ ਦੇ ਦੂਜੇ ਲੋਕਾਂ ਨੇ ਗੁਰਦੁਆਰਾ ਸਾਹਿਬ ਸ਼ਰਧਾ ਨਾਲ ਮੱਥਾ ਟੇਕ ਕੇ ਵਾਪਸ ਆਉਣ ਲਈ ਕਿਹਾ। ਇਸ ਤਰ੍ਹਾਂ ਉਹ ਸਵੇਰੇ 6 ਵਜੇ ਦੀ ਕਰੀਬ ਆਪਣਾ ਜਥਾ ਲੈ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਗਏ। ਭਾਈ ਲਛਮਣ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਬੈਠ ਗਏ। ਦੂਜੇ ਪਾਸਿਉਂ ਮਹੰਤ ਦੇ ਬਦਮਾਸ਼ਾਂ ਨੇ ਸਿੰਘਾਂ ਉੱਪਰ ਵਾਰ ਕਰਨੇ ਸ਼ੁਰੂ ਕਰ ਦਿੱਤੇ। ਸ਼ਾਂਤਮਈ ਸਿੰਘਾਂ ਉੱਪਰ ਗੋਲੀਆਂ, ਛਵੀਆਂ ਅਤੇ ਗੰਡਾਸਿਆਂ ਨਾਲ ਹਮਲੇ ਕੀਤੇ ਗਏ।
ਤਾਬਿਆ ਵਿਚ ਬੈਠੇ ਭਾਈ ਲਛਮਣ ਸਿੰਘ ਉੱਪਰ ਵੀ ਗੋਲੀਆਂ ਚਲਾਈਆਂ ਗਈਆਂ ਪਰ ਗੋਲੀਆਂ ਵੱਜਣ ਦੇ ਬਾਵਜੂਦ ਵੀ ਉਹ ਦ੍ਰਿੜ੍ਹਤਾ ਨਾਲ ਤਾਬਿਆ ਵਿਚ ਬੈਠੇ ਰਹੇ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ੍ਹ ਉੱਪਰ ਵੀ ਗੋਲੀਆਂ ਲੱਗੀਆਂ। ਉਨ੍ਹਾਂ ਦੀ ਛਾਤੀ ਲਹੂ ਲੁਹਾਨ ਹੋਈ ਸੀ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਤਸੀਹੇ ਦਿੰਦਿਆਂ ਛਵੀ ਮਾਰ ਕੇ ਸਿਰ ਧੌਣ ਤੋਂ ਵੱਖ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਉੱਪਰ ਮਿੱਟੀ ਦਾ ਤੇਲ ਪਾ ਕੇ ਜੰਡ ਦੇ ਰੁੱਖ ਥੱਲ੍ਹੇ ਅੱਗ ਲਾ ਦਿੱਤੀ। ਭਾਈ ਲਛਮਣ ਦੀ ਸ਼ਹੀਦੀ 20 ਫਰਵਰੀ, 1921 ਈ: ਨੂੰ ਹੋਈ। ਇਸ ਤਰ੍ਹਾਂ ਭਾਈ ਲਛਮਣ ਸਿੰਘ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਉਨ੍ਹਾਂ ਵਰਗੇ ਅਨੇਕ ਹੀ ਸਿੰਘਾਂ ਦੀਆਂ ਸ਼ਹੀਦੀਆਂ ਨੇ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਮਹੰਤਾਂ ਹੱਥੋਂ ਅਜ਼ਾਦ ਕਰਵਾਇਆ।
ਸਹਾਇਕ ਪੁਸਤਕਾਂ :
1. ਡਾ. ਮਹਿੰਦਰ ਸਿੰਘ, ਅਕਾਲੀ ਲਹਿਰ, (ਅਨੁ.) ਡਾ. ਕਰਨਜੀਤ ਸਿੰਘ, ਨੈਸ਼ਨਲ ਬੁੱਕ ਟਰੱਸਟ, ਇੰਡੀਆ,2009, ਸਫਾ-21.
2. ਡਾ. ਗੰਡਾ ਸਿੰਘ, ਪੰਜਾਬ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, 1962.
3. ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਦੂਜਾ, ਗੁਰ ਰਤਨ ਪਬਲਿਸ਼ਰਜ਼, ਪਟਿਆਲਾ, 2005.
4. ਗੁਰਬਖਸ਼ ਸਿੰਘ ‘ਸ਼ਮਸ਼ੇਰ’ ਝੁਬਾਲੀਆ, ਸ਼ਹੀਦੀ ਜੀਵਨ, ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2006.
5. ਕਰਤਾਰ ਸਿੰਘ ਝੱਬਰ, ਅਕਾਲੀ ਮੋਰਚੇ ਤੇ ਝੱਬਰ, (ਸੰਪਾ.), ਨਰੈਣ ਸਿੰਘ, ਨੈਸ਼ਨਲ ਬੁੱਕ ਸ਼ਾਪ, ਦਿੱਲੀ, 1967.
6. ਗਿਆਨੀ ਪ੍ਰਤਾਪ ਸਿੰਘ, ਅਕਾਲੀ ਲਹਿਰ, ਖਾਲਸਾ ਬ੍ਰਦਰਜ਼, ਬਾਜ਼ਾਰ ਮਾਈ ਸੇਵਾਂ, ਸ੍ਰੀ ਅੰਮ੍ਰਿਤਸਰ, 1983.
ਲੇਖਕ ਬਾਰੇ
ਸੀਨੀਅਰ ਰਿਸਰਚ ਫੈਲੋ, ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ।96467-85998
- ਹੋਰ ਲੇਖ ਉਪਲੱਭਧ ਨਹੀਂ ਹਨ