ਇਸ ਜਗਤ ਵਿਚ ਹਰੇਕ ਮਤ ਦੇ ਪੈਰੋਕਾਰਾਂ ਦੁਆਰਾ ਸਿਰਜਿਤ ਰੀਤਾਂ- ਰਸਮਾਂ, ਪੂਜਾ-ਵਿਧੀਆਂ, ਦਿਨ-ਤਿਉਹਾਰਾਂ ਆਦਿ ਬਾਰੇ ਉਨ੍ਹਾਂ ਦੀਆਂ ਆਪੋ- ਆਪਣੀਆਂ ਵਿਚਾਰਧਾਰਾਵਾਂ ਹਨ।
ਭਾਰਤੀ ਪਰੰਪਰਾ ਵਿਚ ਪ੍ਰਾਚੀਨ ਕਾਲ ਤੋਂ ਹਰੇਕ ਰੁੱਤ ਦੇ ਬਦਲਾਅ ਉੱਤੇ ਦਿਲੀ ਭਾਵ ਤੇ ਹੁਲਾਸ ਦਾ ਪ੍ਰਗਟਾਅ ਕਰਨ ਲਈ ਕੋਈ ਨਾ ਕੋਈ ਤਿਉਹਾਰ ਨਿਯਤ ਕੀਤਾ ਹੋਇਆ ਹੈ, ਜਿਵੇਂ ਦੀਵਾਲੀ, ਵੈਸਾਖੀ, ਲੋਹੜੀ ਆਦਿ। ਇਨ੍ਹਾਂ ਤਿਉਹਾਰਾਂ ਵਿੱਚੋਂ ਇਕ ਹੈ- ਹੋਲੀ। ਭਾਰਤੀ ਕਥਾ-ਪਰੰਪਰਾ ਅਨੁਸਾਰ ਹੋਲੀ ਦਾ ਤਿਉਹਾਰ ਹਰਨਾਖਸ਼ ਦੀ ਭੈਣ, ਹੋਲਿਕਾ ਦੇ ਭਗਤ ਪ੍ਰਹਿਲਾਦ ਨੂੰ ਸਾੜਨ ਦੇ ਜਤਨ ਵਿਚ ਆਪ ਸੜ ਮਰਨ ਅਥਵਾ ਧਰਮ ਦੀ ਅਧਰਮ ਉੱਤੇ ਜਿੱਤ ਦੀ ਨਿਸ਼ਾਨੀ ਹੈ। ਇਸ ਦਾ ਜ਼ਿਕਰ ਗੁਰਬਾਣੀ ਵਿਚ ਵੀ ਆਉਂਦਾ ਹੈ। ਸਮੇਂ ਦੇ ਨਾਲ ਈਰਖਾ, ਦੁੱਖ, ਫੁੱਟ ਤੇ ਆਚਾਰ ਦੀ ਗਿਰਾਵਟ ਦੇ ਕਾਰਨ ਇਨ੍ਹਾਂ ਤਿਉਹਾਰਾਂ ਦੇ ਜਿੰਦ-ਹੀਣ ਕਲਬੂਤ ਹੀ ਬਾਕੀ ਰਹਿ ਗਏ, ਜਿਸ ਕਾਰਨ ਭਾਰਤੀਆਂ ਦੀ ਪਹਿਲਾਂ ਆਜ਼ਾਦੀ ਖੁੱਸੀ ਅਤੇ ਜੋ ਰਹਿੰਦੀ- ਖੂੰਹਦੀ ਕਸਰ ਸੀ, ਉਹ ਗ਼ੁਲਾਮੀ ਦੀ ਛੱਟ ਨੇ ਪੂਰੀ ਕਰ ਦਿੱਤੀ। ਹੋਲੀ ਤਾਂ ਫਿਰ ਵੀ ਖੇਡੀ ਜਾਂਦੀ ਰਹੀ, ਪ੍ਰੰਤੂ ਗ਼ੁਲਾਮਾਂ ਦੀ ਹੋਲੀ ਕਾਹਦੀ ਹੋਲੀ ਸੀ। ਇਕ-ਦੂਜੇ ਉੱਤੇ ਰੰਗ, ਘੱਟਾ-ਮਿੱਟੀ ਤੇ ਸੁਆਹ ਆਦਿ ਪਾਉਣ ਦੇ ਸ਼ੁਗਲ ਤੋਂ ਵੱਧ ਕਿਸੇ ਵੀ ਪ੍ਰਕਾਰ ਦਾ ਅਧਿਆਤਮਕਤਾ ਦੇ ਰਹੱਸ ਦਾ ਅੰਸ਼ ਇਸ ਵਿਚ ਬਾਕੀ ਨਾ ਰਿਹਾ। ਅਸਲ ਵਿਚ ਇਹ ਸਭ ਕੁਝ ਭਾਰਤੀ ਸ਼ਾਸਕਾਂ ਦੀ ਖ਼ੁਦ ਦੀ ਪੈਦਾ ਕੀਤੀ ਕਾਣੀ ਵੰਡ, ਜਾਤ-ਪਾਤ, ਛੂਆ-ਛੂਤ ਅਤੇ ਅਸਮਾਨਤਾ ਦੀਆਂ ਭਾਵਨਾਵਾਂ ਕਾਰਨ ਸਮਾਜ ਵਿਚ ਫੈਲਾਈਆਂ ਬੁਰਾਈਆਂ ਦਾ ਹੀ ਨਤੀਜਾ ਸੀ। ਇੰਨੇ ਵੱਡੇ ਹਿੰਦੋਸਤਾਨ ’ਤੇ ਵਿਦੇਸ਼ੀ ਹਮਲਾਵਰਾਂ ਨੇ ਕਈ ਵਾਰ ਹਮਲੇ ਕਰ ਕੇ ਇਸ ਨੂੰ ਲੁੱਟਿਆ ’ਤੇ ਇਥੋਂ ਦਾ ਮਾਲ-ਅਸਬਾਬ ਲੈ ਕੇ ਚਲਦੇ ਬਣੇ ਅਤੇ ਕਈ ਇੱਥੋਂ ਦੇ ਬਾਦਸ਼ਾਹ ਬਣ ਬੈਠੇ। ਹਿੰਦੋਸਤਾਨੀ ਪਰਜਾ ਕੇਵਲ ਹਾਕਮਾਂ ਦੀ ਗ਼ੁਲਾਮ ਅਤੇ ਸੱਭਿਆਚਾਰਕ ਤੌਰ ’ਤੇ ਨੀਵਾਣ ਵੱਲ ਜਾ ਚੁੱਕੀ ਸੀ। ਕੋਈ ਵੀ ਅਜਿਹਾ ਵਿਅਕਤੀ ਨਹੀਂ ਸੀ ਜੋ ਇਨ੍ਹਾਂ ਹਾਲਤਾਂ ਵਿਚ ਗ਼ੁਲਾਮੀ ਦੇ ਜੂਲੇ ਨੂੰ ਉਤਾਰਨ ਦੀ ਪ੍ਰੇਰਨਾ ਦੇ ਸਕਦਾ। ਡੂੰਘੀ ਸੂਝਬੂਝ ਰੱਖਣ ਵਾਲੇ ਆਪਣਿਆਂ ਲਈ ਇਹ ਦ੍ਰਿਸ਼ ਦੁੱਖ ਤੇ ਪਰਾਇਆਂ ਲਈ ਮਜ਼ਾਕ ਦਾ ਵਿਸ਼ਾ ਬਣ ਕੇ ਰਹਿ ਗਿਆ ਸੀ।
ਇਨ੍ਹਾਂ ਅਤਿ ਨਾਜ਼ੁਕ ਹਾਲਤਾਂ ਵਿਚ ਜਿੱਥੇ ਅਖੌਤੀ ਪੁਜਾਰੀ ਵਰਗ ਦੀ ਜੰਤਰਾਂ- ਮੰਤਰਾਂ ਨਾਲ ਆਪਣੀ ਸੁਰੱਖਿਆ ਕਰਨ ਦੀਆਂ ਝੂਠੀਆਂ ਗਵਾਹੀਆਂ ਦੀ ਪੋਲ ਖੁੱਲੀ, ਉੱਥੇ ਭਾਰਤੀਆਂ ਨੂੰ ਵੀ ਇਹ ਗੱਲ ਸਪੱਸ਼ਟ ਤੌਰ ’ਤੇ ਮੰਨਣੀ ਪਈ ਕਿ ਜ਼ਾਲਮ ਅਤੇ ਤਾਕਤਵਰ ਅਹਿਲਕਾਰਾਂ ਦਾ ਸਾਹਮਣਾ ਸ਼ਕਤੀ ਨਾਲ ਹੀ ਕਰਨਾ ਪਵੇਗਾ।
ਹਾਲਾਤ ਦੇ ਮੱਦੇਨਜ਼ਰ ਹੀ ਸਿੱਖ ਗੁਰੂ ਸਾਹਿਬਾਨ ਨੇ ਹਿੰਦੁਸਤਾਨ ਦੀ ਇਸ ਦੁਰਦਸ਼ਾ ਨੂੰ ਬੇਹਤਰ ਬਣਾਉਣ ਲਈ ਆਪਣਾ ਮਿਸ਼ਨ ਅਰੰਭਿਆ। ਗੁਰੂ ਸਾਹਿਬਾਨ ਨੇ ਜਿੱਥੇ ਝੂਠੇ ਅਡੰਬਰਾਂ ਅਤੇ ਢਕਵੰਜਾਂ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ, ਉੱਥੇ ਸਮਾਜ ਦੀ ਦਸ਼ਾ ਨੂੰ ਹਰੇਕ ਪੱਖ ਤੋਂ ਬੇਹਤਰ ਬਣਾਉਣ ਵਿਚ ਆਪਣੇ ਜੀਵਨ-ਕਾਲ ਦੌਰਾਨ ਸਫਲ ਕਾਰਜ ਕੀਤੇ। ਗੁਰੂ ਸਾਹਿਬਾਨ ਨੇ ਜੀਵਨ ਦੇ ਸਮੁੱਚੇ ਖੇਤਰਾਂ ਵਿਚ ਜਿੱਥੇ ਨਰੋਆ ਪਰਿਵਰਤਨ ਲਿਆਂਦਾ, ਉੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਮਾਰਥ ਦੇ ਮਾਰਗ ਦੀ ਅਨੰਦਮਈ ਹੋਲੀ ਦੇ ਖੇਡਣ ਦਾ ਸੰਕੇਤ ਦਿੰਦਿਆਂ ਹੋਇਆ ਫੁਰਮਾਇਆ ਹੈ:
ਗੁਰੁ ਸੇਵਉ ਕਰਿ ਨਮਸਕਾਰ॥ ਆਜੁ ਹਮਾਰੈ ਮੰਗਲਚਾਰ॥
ਆਜੁ ਹਮਾਰੈ ਮਹਾ ਅਨੰਦ॥ ਚਿੰਤ ਲਥੀ ਭੇਟੇ ਗੋਬਿੰਦ॥1॥
ਆਜੁ ਹਮਾਰੈ ਗ੍ਰਿਹਿ ਬਸੰਤ॥ ਗੁਨ ਗਾਏ ਪ੍ਰਭ ਤੁਮ੍ ਬੇਅੰਤ॥1॥ਰਹਾਉ॥
ਆਜੁ ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥
ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ॥ (ਪੰਨਾ 1180)
ਨਾਨਕ ਨਿਰਮਲ ਪੰਥ ਦੇ ਪਾਂਧੀਆਂ ਨੇ ਭਾਰਤੀ ਤਵਾਰੀਖ਼ ਅੰਦਰ ਨਵਾਂ ਇਤਿਹਾਸ ਸਿਰਜਿਆ। ਇਸ ਲਈ ਇਸ ਦੇ ਦਿਨ-ਤਿਉਹਾਰ, ਰਸਮਾਂ, ਜੋੜ ਮੇਲੇ ਦੇਸ਼-ਕਾਲ ਦੀ ਕੈਦ ਤੋਂ ਮੁਕਤ ਸਮੱਸਤ ਲੋਕਾਈ ਨੂੰ ਹਰ ਦੇਸ਼-ਕਾਲ ਵਿਚ ਸਮਾਨ ਸੇਧ ਦੇਣ ਵਾਲੇ ਸਿਰਜੇ ਗਏ। ਇਸੇ ਲੜ੍ਹੀ ਤਹਿਤ ਧਾਰਮਿਕ ਅਜ਼ਾਦੀ ਲਈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ‘ਖਾਲਸਾ ਪੰਥ’ ਦੀ ਸਿਰਜਣਾ ਦੁਨੀਆ ਦੇ ਇਤਿਹਾਸ ਅੰਦਰ ਇਕ ਨਵਾਂ ਤੇ ਵੱਡਾ ਕਾਰਜ ਸੀ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਲੋੜ ਨੂੰ ਮੁੱਖ ਰੱਖ ਕੇ, ਅੰਦਰ ਵਾਪਰੇ ਇਸ ਅਧਿਆਤਮਕ ਪਰਿਵਰਤਨ ਦਾ ਪ੍ਰਗਟਾਅ ਬਾਹਰ ਕਰਨਾ ਵੀ ਜ਼ਰੂਰੀ ਸਮਝਿਆ। ਦਸਵੇਂ ਪਾਤਸ਼ਾਹ ਨੇ ‘ਖਾਲਸਾ ਪੰਥ’ ਦੀ ਸਿਰਜਣਾ ਕਰ ਕੇ ਸਦੀਆਂ ਤੋਂ ਗ਼ੁਲਾਮੀ ਹੰਢਾ ਰਹੀ ਭਾਰਤੀ ਜਨਤਾ ਨੂੰ ਇਕ ਨਵੀਂ ਆਸ ਦੀ ਕਿਰਨ ਦਿੱਤੀ, ਜਿਸ ਨਾਲ ਸੱਭਿਆਚਾਰ ਅੰਦਰ ਨਵੇਂ ਬਦਲਾਅ ਆਏ। ਗੁਰੂ ਪਾਤਸ਼ਾਹ ਨੇ ਖਾਲਸੇ ਨੂੰ ਜ਼ੁਲਮ ਖ਼ਿਲਾਫ ਡਟਣਾ ਅਤੇ ਜ਼ਾਲਮ ਦੀ ਹੋਂਦ ਨੂੰ ਖਤਮ ਕਰਨਾ ਸਿਖਾਇਆ। ਦਸਮੇਸ਼ ਪਿਤਾ ਜੀ ਨੇ ਖਾਲਸੇ ਨੂੰ ਹੋਲੀ ਦੀ ਥਾਂ ਨਰੋਏ ਸੱਭਿਆਚਾਰ ਦਾ ਪ੍ਰਤੀਕ ‘ਹੋਲਾ’ ਮਨਾਉਣ ਦੀ ਪੇ੍ਰਰਨਾ ਕੀਤੀ। ਗ਼ੁਲਾਲ ਖੇਡਣ ਦੇ ਨਾਲ-ਨਾਲ ‘ਹੋਲਾ ਮਹੱਲਾ’ ਮਨਾਉਣ ਤੇ ਖੇਡਣ ਦੀ ਰੀਤ ਖਾਲਸੇ ਦੀ ਜਨਮ-ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲ੍ਹਾ ਹੋਲਗੜ੍ਹ ਵਿਖੇ ਤੋਰੀ। ਇਸ ਸਮੇਂ ਸਸ਼ਤਰ ਵਿੱਦਿਆ ਦੇ ਕਮਾਲ ਵਿਖਾਏ ਜਾਣ ਲੱਗੇ। ਗੁਰੂ ਸਾਹਿਬ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਮਸਨੂਈ (ਨਕਲੀ) ਜੰਗਾਂ ਲੜੀਆਂ ਜਾਣ ਲੱਗੀਆਂ ਜਿਸ ਨਾਲ ਜੰਗੀ ਅਭਿਆਸ ਹੁੰਦੇ। ਦੇਸ਼-ਦੇਸ਼ਾਂਤਰਾਂ ਦੀਆਂ ਸੰਗਤਾਂ ਇਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਜੁੜਦੀਆਂ ਅਤੇ ਸਮੇਂ ਦੀ ਲੋੜ ਨੂੰ ਮੁੱਖ ਰੱਖ ਕੇ ਇਹ ਸ਼ਸਤਰਮਈ ਹੋਲਾ ਖੇਡਦੀਆਂ ਅਤੇ ਜ਼ਾਲਮ ਸ਼ਾਸਕਾਂ ਨਾਲ ਲੋਹਾ ਲੈਣ ਦੇ ਸਮਰੱਥ ਹੁੰਦੀਆਂ
ਯੁੱਧ ਵਿੱਦਿਆ ਦੇ ਅਭਿਆਸ ਨੂੰ ਨਿੱਤ ਰੱਖਣ ਵਾਸਤੇ ਕਲਗੀਧਰ ਪਾਤਸ਼ਾਹ ਦੀ ਚਲਾਈ ਹੋਈ ਰੀਤੀ ਅਨੁਸਾਰ ਸਿੱਖਾਂ ਵਿਚ ‘ਹੋਲਾ ਮਹੱਲਾ’ ਮਨਾਇਆ ਜਾਂਦਾ ਹੈ, ਸੋ ਇਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ। ‘ਹੋਲੇ ਮਹੱਲੇ’ ਦੇ ਇਸ ਨਵੇਂ ਅਰੰਭੇ ਅੰਦਾਜ਼ ਰਾਹੀਂ ਗੁਰੂ ਜੀ ਨੇ ਸਮੁੱਚੀ ਲੋਕਾਈ ਅੰਦਰ ਬੀਰ ਰਸ, ਚੜ੍ਹਦੀ ਕਲਾ, ਉਤਸ਼ਾਹ, ਧਰਮ ਤੇ ਦੇਸ਼ ਦੀ ਰੱਖਿਆ ਲਈ ਜਜ਼ਬਾ ਪੈਦਾ ਕੀਤਾ। ਜਿੱਥੇ ਲੋਕ ਪਿਚਕਾਰੀਆਂ ਚਲਾ ਕੇ, ਰੰਗ ਉਡਾ ਕੇ ਤੇ ਗੀਤ ਗਾ ਕੇ ਹੋਲੀ ਖੇਡਦੇ ਸਨ, ਉੱਥੇ ਖਾਲਸੇ ਲਈ ਮਹੱਲੇ ਦੀ ਤਿਆਰੀ ਹੀ ਉਸ ਦਾ ਕਰਤੱਵ ਹੈ।
ਗੁਰੂ ਸਾਹਿਬ ਨੇ ਸਾਨੂੰ ਹੋਲੇ ਮਹੱਲੇ ਤੋਂ ਸੱਚਾ ਉੱਦਮੀ ਜੀਵਨ ਲੈ ਕੇ ਆਪਣੀ ਤਕਦੀਰ ਨੂੰ ਨਵੇਂ ਸਿਰੇ ਤੋਂ ਘੜਨਾ ਸਿਖਾਇਆ ਹੈ। ਵਰਤਮਾਨ ਦੌਰ ਅੰਦਰ ਅਸੀਂ ਸਿੱਖ ਧਰਮ ਦਾ ਪ੍ਰਚਾਰ ਕਰ ਕੇ ਭਰੂਣ-ਹੱਤਿਆ, ਪਤਿਤਪੁਣਾ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਸਮਾਜ ਵਿੱਚੋਂ ਜੜੋ੍ਹਂ ਖਤਮ ਕਰਨ ਲਈ ਲੱਕ ਬੰਨ ਕੇ ਨਿੱਤਰਨਾ ਹੈ। ਗੁਰਮਤਿ ਸਿਧਾਂਤਾਂ ਉੱਪਰ ਪਹਿਰਾ ਦੇਂਦਿਆਂ ਪੰਥ ਵਿਚ ਏਕਤਾ, ਇਤਫਾਕ ਬਣਾਈ ਰੱਖਣ ਲਈ ਉੱਦਮਸ਼ੀਲ ਹੋਣਾ ਹੈ। ਪੂਰੇ ਸਾਲ ਵਿਚ ਕੀਤੇ ਕਰਮਾਂ ਦਾ ਲੇਖਾ-ਜੋਖਾ ਕਰਦਿਆਂ ਚੜਦੇ ਨਵੇਂ ਸਾਲ ਲਈ ਗੁਰਮਤਿ ਦੀ ਰੋਸ਼ਨੀ ਵਿਚ ਜੀਵਨ ਜਿਊਣ ਲਈ ਨਵੇਂ ਪ੍ਰਣ ਕਰਨੇ ਹਨ।
ਤਾਂਹੀ ਅਸੀਂ ‘ਹੋਲੇ ਮਹੱਲੇ’ ਦੇ ਅਸਲ ਅਤੇ ਮੂਲ ਮਨੋਰਥਾਂ ’ਤੇ ਖਰੇ ਉਤਰ ਸਕਦੇ ਹਾਂ। ਇਸ ਮੰਤਵ ਦੀ ਪੂਰਤੀ ਲਈ ਨਾਨਕ ਨਾਮ ਲੇਵਾ ਸੰਗਤਾਂ ਇੱਕਜੁਟ ਹੋ ਕੇ ਕਾਰਜ ਕਰਨ ਦਾ ਯਤਨ ਕਰਨ।
ਲੇਖਕ ਬਾਰੇ
- ਸਤਵਿੰਦਰ ਸਿੰਘ ਫੂਲਪੁਰhttps://sikharchives.org/kosh/author/%e0%a8%b8%e0%a8%a4%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%ab%e0%a9%82%e0%a8%b2%e0%a8%aa%e0%a9%81%e0%a8%b0/April 1, 2009