editor@sikharchives.org
Guru Arjan Dev Ji

ਬੈਠਾ ਸੋਢੀ ਪਾਤਿਸਾਹੁ… ਅੰਮ੍ਰਿਤਸਰਿ ਵਿਚਿ ਜੋਤਿ ਜਗਾਵੈ

ਸ੍ਰੀ ਗੁਰੂ ਰਾਮਦਾਸ ਜੀ ਦੀ ਜੀਵਨ-ਜੁਗਤੀ ਅਰਥਾਤ ਦਰਸ਼ਨ-ਉਪਦੇਸ਼ ਪਾਵਨ ਗੁਰਬਾਣੀ ’ਚ ਵਰਣਨ ਗੁਰਮੁਖਤਾ ਵਾਲਾ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਮਤ 1631 ਵਿਚ ‘ਗੁਰੂ ਕਾ ਚੱਕ’ ਨਾਮ ਦਾ ਇਕ ਪਿੰਡ ਸਿਰਜਿਆ। ਸਭ ਪ੍ਰਕਾਰ ਦੇ ਕਿਰਤੀ, ਹੁਨਰਮੰਦ, ਵਪਾਰੀ, ਦੁਕਾਨਦਾਰ ਆਦਿ ਇਸ ਪਿੰਡ ਵਿਚ ਵਸਾਏ ਅਤੇ ਇਸ ਦਾ ਨਾਮ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ‘ਚੱਕ ਰਾਮਦਾਸਪੁਰ’ ਰੱਖਿਆ ਗਿਆ। ਸੰਮਤ 1643 ਵਿਚ ਇਥੇ ਇਕ ਸਰੋਵਰ ਦੀ ਉਸਾਰੀ ਕੀਤੀ ਗਈ। ਸਰੋਵਰ ਅਤੇ ਨਗਰ ਦਾ ਨਾਮ ਅੰਮ੍ਰਿਤ+ਸਰੋਵਰ ਅਰਥਾਤ ‘ਸ੍ਰੀ ਅੰਮ੍ਰਿਤਸਰ’ ਪ੍ਰਸਿੱਧ ਹੋਇਆ। ਸ੍ਰੀ ਅੰਮ੍ਰਿਤਸਰ ਦਾ ਨਾਮ ਸੁਣਦਿਆਂ ਹੀ, ਇਸ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦਾ ਨਾਮ ਅਤੇ ਚਿੱਤਰ ਸੁਭਾਵਿਕ ਹੀ ਅੱਖਾਂ ਦੇ ਸਾਹਮਣੇ ਰੂਪਮਾਨ ਹੋ ਜਾਂਦੇ ਹਨ। ਸ੍ਰੀ ਗੁਰੂ ਰਾਮਦਾਸ ਜੀ 25 ਅੱਸੂ, ਸੰਮਤ 1591 ਨੂੰ ਪਿਤਾ ਸ੍ਰੀ ਹਰਿਦਾਸ ਸੋਢੀ ਅਤੇ ਮਾਤਾ ਅਨੂਪ ਦੇਵੀ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ। ਸਮੇਂ ਦੀ ਪਰੰਪਰਾ ਅਨੁਸਾਰ ਵੱਡੇ ਪੁੱਤਰ ਨੂੰ, ‘ਜੇਠਾ’ ਕਿਹਾ ਜਾਂਦਾ ਸੀ ਜਿਸ ਕਰਕੇ ਪ੍ਰਾਰੰਭਕ ਰੂਪ ਵਿਚ ਆਪ ਜੀ ‘ਭਾਈ ਜੇਠਾ ਜੀ’ ਦੇ ਨਾਮ ਨਾਲ ਜਾਣੇ ਜਾਂਦੇ ਰਹੇ।

ਸ੍ਰੀ ਗੁਰੂ ਰਾਮਦਾਸ ਜੀ ਦੀ ਪ੍ਰਭੂ-ਬਖ਼ਸ਼ੀ ਸਰੀਰਕ ਬਣਤਰ ਅਤਿ ਸੁੰਦਰ ਸੀ। ਆਪ ਜੀ ਦਾ ਸਰੀਰਕ ਕੱਦ ਲੰਮਾ, ਕੰਵਲ ਨੈਨ (ਅਤਿ ਸੁੰਦਰ ਅੱਖਾਂ), ਮੁਖੜਾ ਸੁਹਣਾ ਆਕਰਸ਼ਕ, ਸਰੀਰ ਪਤਲਾ, ਦਾਹੜਾ ਲੰਮਾ ਅਤੇ ਪ੍ਰਭਾਵਸ਼ਾਲੀ, ਮੁੱਖ ਦੇ ਬੋਲ ਮਿੱਠੇ-ਮਿੱਠੇ ਅਤੇ ਸੁਭਾਅ ਅਤਿ ਕੋਮਲ ਸੀ:

ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ॥
ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ॥
ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮ੍ਹੁ ਗ੍ਹਾਨੁ ਧ੍ਹਾਨੁ ਧਰਤ ਹੀਐ ਚਾਹਿ ਜੀਉ॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ (ਪੰਨਾ 1402)

ਸ੍ਰੀ ਗੁਰੂ ਰਾਮਦਾਸ ਜੀ ਦੀ ਜੀਵਨ-ਜੁਗਤੀ ਅਰਥਾਤ ਦਰਸ਼ਨ-ਉਪਦੇਸ਼ ਪਾਵਨ ਗੁਰਬਾਣੀ ’ਚ ਵਰਣਨ ਗੁਰਮੁਖਤਾ ਵਾਲਾ ਸੀ। ਕਲਿਯੁਗ ਦੇ ਕੂੜ ਹਨੇਰੇ ਵਿਚ ਆਪ ਜੀ ਨੇ ਗੁਰਮਤਿ ਦੀ ਜਾਗ ਲਗਾ ਕੇ, ਸੱਚ ਦੀ ਜੋਤਿ ਦਾ ਪ੍ਰਕਾਸ਼ ਕੀਤਾ। ਸ੍ਰੀ ਗੁਰੂ ਰਾਮਦਾਸ ਜੀ ਨੇ, ਦੀਨ ਦੁਨੀ ਦਾ ਥੰਮ੍ਹ ਬਣ ਕੇ, ਲੋਕਾਈ ਨੂੰ ਅਥਰਵਵੇਦ ਦੇ ਭਾਰ ਤੋਂ ਮੁਕਤ ਕੀਤਾ। ਜੋ-ਜੋ ਪ੍ਰਾਣੀ ਸ੍ਰੀ ਗੁਰੂ ਰਾਮਦਾਸ ਜੀ ਦੀ ਸ਼ਰਨ ਵਿਚ ਆਏ, ਉਨ੍ਹਾਂ ਨੂੰ ਭਵਜਲ ਜਗਤ ਵਿਚ ਗੋਤੇ ਨਹੀਂ ਖਾਣੇ ਪਏ। ਐਸੇ ਸਮਰੱਥ ਗੁਰੂ ਦੀ ਸੰਗਤ ਕਰ ਕੇ, ਔਗੁਣਾਂ ਦੇ ਭਰੇ ਮਨੁੱਖ, ਗੁਣਾਂ ਦੇ ਭੰਡਾਰਿਆਂ ਵਾਲੇ ਬਣ ਗਏ। ਗੁਰੂ ਨਾਨਕ (ਬਾਬੇ) ਦੀ ਕੁਲ ਵਿੱਚੋਂ, ਨਿਰਲੇਪ ਕੰਵਲ ਸ੍ਰੀ ਗੁਰੂ ਰਾਮਦਾਸ ਜੀ ਪ੍ਰਗਟ ਹੋਏ:

ਪੀਊ ਦਾਦੇ ਜੇਵੇਹਾ ਪੜਦਾਦੇ ਪਰਵਾਣੁ ਪੜੋਤਾ।
ਗੁਰਮਤਿ ਜਾਗਿ ਜਗਾਇਦਾ ਕਲਿਜੁਗ ਅੰਦਰਿ ਕੌੜਾ ਸੋਤਾ।
ਦੀਨ ਦੁਨੀ ਦਾ ਥੰਮੁ ਹੁਇ ਭਾਰੁ ਅਥਰਬਣ ਥੰਮ੍ਹਿ ਖਲੋਤਾ।
ਭਉਜਲੁ ਭਉ ਨ ਵਿਆਪਈ ਗੁਰ ਬੋਹਿਥ ਚੜਿ ਖਾਇ ਨ ਗੋਤਾ।…
ਬਾਬਾਣੈ ਕੁਲਿ ਕਵਲੁ ਅਛੋਤਾ॥ (ਭਾਈ ਗੁਰਦਾਸ ਜੀ, ਵਾਰ 24:15)

ਭਾਈ ਨੰਦ ਲਾਲ ਜੀ ਦੀਆਂ ਨਜ਼ਰਾਂ ਵਿਚ ਸ੍ਰੀ ਗੁਰੂ ਰਾਮਦਾਸ ਜੀ ਸਾਰੀ ਖਲਕਤ ਦੇ ਗੁਰੂ ਹਨ। ਉਹ ਸਿਦਕ ਅਤੇ ਸੇਵਾ ਦੇ ਅਖਾੜੇ ਵਿਚ ਸਭ ਨਾਲੋਂ ਤਕੜੇ ਅਤੇ ਉੱਚੇ ਹਨ। ਸਮੁੱਚੇ ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ, ਉਨ੍ਹਾਂ ਤੋਂ ਸਦਕੇ ਜਾਂਦੀਆਂ ਹਨ। ਵਾਹਿਗੁਰੂ ਨੇ ਉਨ੍ਹਾਂ ਨੂੰ ਆਪਣੇ ਖ਼ਾਸ ਬੰਦਿਆਂ ਵਿੱਚੋਂ ਚੁਣਿਆ ਅਤੇ ਆਪਣੇ ਪਵਿੱਤਰ ਸੇਵਕਾਂ (ਦਾਸਾਂ) ਵਿੱਚੋਂ ਉਨ੍ਹਾਂ ਨੂੰ ਸਭ ਨਾਲੋਂ ਉੱਚਾ ਕਰ ਦਿੱਤਾ। ਇਸੇ ਕਰਕੇ ਹੀ ਸਾਰੀ ਖ਼ਲਕਤ ਦੇ ਸਭ ਗ਼ਰੀਬ-ਅਮੀਰ, ਨਿੱਕੇ-ਵੱਡੇ, ਰਾਜੇ-ਸਾਧੂ, ਸੰਤ, ਸਭ ਉਨ੍ਹਾਂ ਨੂੰ ਨਮਸਕਾਰ ਕਰਦੇ ਹਨ:

ਗੁਰੂ ਰਾਮਦਾਸ ਆਂ ਮਤਾਅ ਉਲਵਾਰਾ।
ਜਹਾਂਬਾਨਿ ਅਕਲੀਮਿ ਸਿਦਕੋ ਸਫ਼ਾ।
ਹਮ ਅਜ਼ ਸਲਤਨਤ ਹਮਜਿ ਫ਼ਕਰਸ ਨਿਸ਼ਾਂ।
ਗਿਰਾ ਮਾਯਾ ਤਰ ਅਫ਼ਸਰੇ ਅਫ਼ਸਰਾਂ।…
ਹਮਾ ਸਾਜਦਸ਼ ਦਾਂ ਬਸਿਦਕਿ ਜ਼ਮੀਰ।
ਚਿ ਆਲਾ ਚਿ ਅਦਨਾ ਚਿ ਸ਼ਾਹ ਚਿ ਫ਼ਕੀਰ।(ਤੌਸੀਫ਼ੋ ਸਨਾ, ਭਾਈ ਨੰਦ ਲਾਲ ਜੀ)

ਸ੍ਰੀ ਗੁਰੂ ਰਾਮਦਾਸ ਜੀ, ਚਹੁੰ ਕੂਟਾਂ ਵਿਚ ਵਰਤਣ ਵਾਲੇ ਪਰਮੇਸ਼ਰ ਰੂਪ ਹਨ। ਆਦਿ ਕਾਲ ਤੋਂ ਹੀ ਦੇਵਤੇ, ਮਨੁੱਖ, ਸਿੱਧ, ਨਾਥ, ਸਾਰੇ ਆਪ ਜੀ ਨੂੰ ਸਿਰ ਨਿਵਾਉਂਦੇ ਹਨ। ਐਸੇ ਸਰਬ-ਕਲਾ-ਸਮਰੱਥ ਗੁਰੂ ਨੇ, ਮੋਹ ਨੂੰ ਮਲ਼ ਕੇ ਵੱਸ ਵਿਚ ਕਰ ਲਿਆ ਹੈ। ਕਾਮ ਨੂੰ ਫੜ ਕੇ ਝੰਜੋੜ ਕੇ ਥੱਲੇ ਪਟਕਾ ਮਾਰਿਆ ਹੈ। ਕ੍ਰੋਧ ਨੂੰ ਖੰਡ-ਖੰਡ ਕਰ ਦਿੱਤਾ ਹੈ। ਲੋਭ ਨੂੰ ਬੇਇੱਜ਼ਤ ਕਰ ਕੇ, ਝਾੜ ਕੇ ਵਗਾਹ ਮਾਰਿਆ ਹੈ। ਕਾਲ (ਮੌਤ) ਵੀ ਉਨ੍ਹਾਂ ਦੇ ਅੱਗੇ ਹੱਥ ਜੋੜ ਕੇ ਖੜ੍ਹਾ ਹੈ ਅਤੇ ਆਖਦਾ ਹੈ, “ਹੇ ਗੁਰੂ ਜੀ! ਮੈਨੂੰ ਜੋ ਵੀ ਤੁਸੀਂ ਹੁਕਮ ਕਰੋਗੇ, ਉਹੀ ਮੰਨਾਂਗਾ ਜੀ!” ਪ੍ਰਸੰਨਚਿਤ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਭਵ-ਸਾਗਰ ਤੋਂ ਪਾਰ ਕਰ ਕੇ, ਉਨ੍ਹਾਂ ਦੇ ਸਾਰੇ ਬੰਧਨ ਕੱਟ ਦਿੱਤੇ ਹਨ। ਸੱਚੇ ਤਖ਼ਤ ਦੇ ਵਾਰਸ ਸ੍ਰੀ ਗੁਰੂ ਰਾਮਦਾਸ ਜੀ ਨਿਹਚਲ ਰਾਜ ਦੇ ਮਾਲਕ ਹਨ:

ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜ੍ਹਉ॥
ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜ੍ਹਉ॥
ਜਨਮੁ ਕਾਲੁ ਕਰ ਜੋੜਿ ਹੁਕਮੁ ਜੋ ਹੋਇ ਸੁ ਮੰਨੈ॥
ਭਵ ਸਾਗਰੁ ਬੰਧਿਅਉ ਸਿਖ ਤਾਰੇ ਸੁਪ੍ਰਸੰਨੈ॥
ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ॥
ਗੁਰ ਰਾਮਦਾਸ ਸਚੁ ਸਲ੍ਹ ਭਣਿ ਤੂ ਅਟਲੁ ਰਾਜਿ ਅਭਗੁ ਦਲਿ॥ (ਪੰਨਾ 1406)

ਅਕਾਲ ਪੁਰਖ ਜੀ ਦੀ ਬਖ਼ਸ਼ਿਸ਼ ਸਦਕਾ ਆਪ ਜੀ ਦੇ ਗ੍ਰਹਿ ਵਿਖੇ ਤਿੰਨ ਪੁੱਤਰ ਹੋਏ, ਜਿਨ੍ਹਾਂ ਵਿੱਚੋਂ ਸਭ ਤੋਂ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਜੀ ਦੁਆਰਾ ਦਰਸਾਏ ਗੁਰਮਤਿ ਮਾਰਗ ਦੇ ਪਾਂਧੀ ਬਣੇ ਤੇ ਪੰਜਵੇਂ ਗੁਰੂ ਜੀ ਦੇ ਤੌਰ ’ਤੇ ਗੁਰਗੱਦੀ ’ਤੇ ਸੁਭਾਇਮਾਨ ਹੋਏ। ਸ੍ਰੀ ਗੁਰੂ ਅਮਰਦਾਸ ਜੀ ਨੇ, ਆਪ ਜੀ ਵਿਚ ਉਹ ਸਾਰੇ ਗੁਣ ਵੇਖੇ, ਜੋ ਉਨ੍ਹਾਂ ਨੂੰ ਗੁਰਮਤਿ ਦੀ ਕਸਵੱਟੀ ਅਨੁਸਾਰ ਲੋੜੀਂਦੇ ਸਨ। ਸ੍ਰੀ ਗੁਰੂ ਅਮਰਦਾਸ ਜੀ ਨੇ (91 ਸਾਲ ਦੀ ਉਮਰ ਵਿਚ) ਜਦੋਂ ਰੱਬੀ ਹੁਕਮ ਅਨੁਸਾਰ, ਦੇਹ ਛੱਡਣੀ ਚਾਹੀ ਤਾਂ ਉਨ੍ਹਾਂ ਨੇ ਭਾਈ ਜੇਠਾ ਜੀ (ਸ੍ਰੀ ਗੁਰੂ ਰਾਮਦਾਸ ਜੀ) ਨੂੰ ਜਿਨ੍ਹਾਂ ਦੀ ਉਮਰ ਉਸ ਵੇਲੇ 40 ਸਾਲ ਸੀ, ਨੂੰ ਗੁਰਗੱਦੀ ਦੇ ਯੋਗ ਸਮਝ ਕੇ, ਪੁੱਤਰਾਂ, ਗੁਰਸਿੱਖਾਂ ਅਤੇ ਸੰਗਤਾਂ ਦੀ ਹਾਜ਼ਰੀ ਵਿਚ ਆਪਣੀ ‘ਗੁਰ ਜੋਤਿ’ ਉਨ੍ਹਾਂ ਵਿਚ ਰੱਖ ਦਿੱਤੀ ਅਤੇ ਸਿਰ ਝੁਕਾ ਕੇ ਮੱਥਾ ਟੇਕ ਦਿੱਤਾ। ਇੰਜ ਭਾਈ ਜੇਠਾ ਜੀ, ਗੁਰਗੱਦੀ ਪ੍ਰਾਪਤ ਕਰ ਕੇ, ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿਚ, ਛਤਰ ਸਿੰਘਾਸਣ ਦੇ ਮਾਲਕ ਬਣ ਗਏ।

ਬਾਣੀ ਰਚਨਾ: ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚੀ ਹੋਈ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ, ਨਿਮਨਲਿਖਤ ਅਨੁਸਾਰ ਹੈ:

ਸ਼ਬਦ 246ਛੰਤ 28ਸਲੋਕ 135
ਵਣਜਾਰਾ 1 ਸ਼ਬਦ     ਅਸ਼ਟਪਦੀਆਂ 33ਘੋੜੀਆਂ 2
ਪਹਰੇ 1 ਸ਼ਬਦ        ਸੋਲਹੇ 2 (ਰਾਗ ਮਾਰੂ)ਕਰਹਲੇ 2
ਕੁੱਲ 8 ਵਾਰਾਂ ਵਿਚ ਪਉੜੀਆਂ ਦੀ ਗਿਣਤੀ 183
ਲਾਵਾਂ 1 ਸ਼ਬਦ (ਚਾਰ ਬੰਦ)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੀ ਬਾਣੀ 30 ਰਾਗਾਂ ਵਿਚ ਹੈ। ਆਪ ਜੀ ਦੀ ਰਚੀ ਬਾਣੀ ਦਾ ਵਿਸ਼ਾ, ਉਸੇ ਗੁਰਮਤਿ ਦਰਸ਼ਨ ਦਾ ਅਟੁੱਟ ਅੰਗ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪ੍ਰਾਰੰਭ ਹੋਇਆ ਸੀ। ਇਸ ਲਈ ਆਪ ਜੀ ਦੀ ਬਾਣੀ ਦਾ ਵਿਸ਼ਾ ਪੱਖ, ਬਾਕੀ ਬਾਣੀ ਅਨੁਕੂਲ ਸੁਭਾਵਕ ਹੀ ਹੈ। ਉਦਾਹਰਣ ਵਜੋਂ ਕੁਝ ਕੁ ਵੰਨਗੀ ਮਾਤਰ ਸਤਰਾਂ ਪ੍ਰਸਤੁਤ ਹਨ:

ਮਨੁੱਖਾ-ਜਨਮ ਦੁਰਲੱਭ ਹੈ। ਇਹ ਨੇਕ ਅਮਲ ਕਰਨ ਅਤੇ ਪ੍ਰਭੂ ਦੇ ਨਾਮ-ਸਿਮਰਨ ਲਈ ਪ੍ਰਾਪਤ ਹੋਇਆ ਹੈ। ਜਿਨ੍ਹਾਂ ਵਿਅਕਤੀਆਂ ਨੇ ਮਨੁੱਖਾ-ਜਨਮ ਵਿਚ ਆ ਕੇ, ਨਾਮ ਨਹੀਂ ਸਿਮਰਿਆ, ਉਨ੍ਹਾਂ ਦਾ ਜਨਮ ਵਿਅਰਥ ਹੀ ਚਲਾ ਗਿਆ:

ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ॥
ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ॥ (ਪੰਨਾ 450)

ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ ਨਾਮ ਪ੍ਰਾਪਤ ਨਹੀਂ ਹੁੰਦਾ ਅਤੇ ਨਾਮ ਤੋਂ ਬਿਨਾਂ ਕਲਿਆਣ ਨਹੀਂ ਹੋ ਸਕਦਾ। ਗੁਰੂ ਦੀ ਪ੍ਰਸੰਨਤਾ ਨਾਲ ਹੀ ‘ਹਰਿ ਜਨ’, ‘ਹਰਿ’ ਵਿਚ ਅਭੇਦ ਹੋ ਸਕਦਾ ਹੈ। ਹੋਰ ਕੋਈ ਰਸਤਾ ਨਹੀਂ ਹੈ:

ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ॥
ਹਰਿ ਜਨੁ ਹਰਿ ਹਰਿ ਹੋਇਆ ਨਾਨਕੁ ਹਰਿ ਇਕੇ॥ (ਪੰਨਾ 449)

ਸਤਿਸੰਗਤ ਵਿਚ ਪਰਮੇਸ਼ਰ ਆਪ ਵੱਸਦਾ ਹੈ। ਜਿੱਥੇ ਗੁਰੂ ਦੇ ਪਿਆਰੇ ਜਨ ਇਕੱਤਰ ਹੋ ਕੇ ਮਨ-ਚਿਤ ਇਕਾਗਰ ਕਰ ਕੇ, ਗੁਰੂ ਦੀ ਵਡਿਆਈ ਕਰਦੇ ਹਨ, ਉਥੇ ਮਹਾਰਸ (ਅੰਮ੍ਰਿਤ) ਵਰਸਦਾ ਹੈ:

ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ॥  (ਪੰਨਾ 446)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਖੇਤਰੀ ਖੋਜ ਕੇਂਦਰ -ਵਿਖੇ: ਪੰਜਾਬ ਐਗਰੀਕਲਚਰ ਯੂਨੀਵਰਸਿਟੀ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)