ਧਾਰਮਿਕ ਜਗਿਆਸੂ ਨੂੰ ਮੁੱਢ ਤੋਂ ਹੀ ਰੱਬ ਦੇ ਘਰ, ਖ਼ੁਦਾ ਦੇ ਮੁਕਾਮ ਜਾਂ ਹਰਿਮੰਦਰ ਦੀ ਤਲਾਸ਼ ਰਹੀ ਹੈ। ਬਾਰ-ਬਾਰ ਇਹ ਗੱਲ ਦੁਹਰਾਈ ਜਾਂਦੀ ਰਹੀ ਹੈ ਕਿ ਉਸ ਦਾ ਘਰ ਕਿੱਥੇ ਕੁ ਹੈ, ਉਸ ਦਾ ਦਰ ਕਿੱਥੇ ਕੁ ਹੈ ਜਿੱਥੇ ਕਿ ਉਸ ਨੂੰ ਮਿਲਿਆ ਜਾ ਸਕੇ:
ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥ (ਪੰਨਾ 6)
ਜਦੋਂ ਅਸੀਂ ਕਿਤੇ ਪਰਦੇਸ ਵਿਚ ਬਾਹਰ ਹੁੰਦੇ ਹਾਂ ਤਾਂ ਸਾਡਾ ਜਤਨ ਹੁੰਦਾ ਹੈ ਕਿ ਕਿਸੇ ਜਾਣੂ ਸੱਜਣ ਦਾ ਘਰ ਭਾਲੀਏ ਤੇ ਉਥੇ ਬਹਿ ਕੇ ਦਿਲ ਦੀਆਂ ਗੱਲਾਂ ਕਰ-ਕਰ ਕੇ ਬੀਆਬਾਨੀ ਅੰਧਕਾਰ ਵਿਚ ਖੁਸ਼ੀ ਅਨੰਦ ਦਾ ਦੀਵਾ ਬਾਲੀਏ।
ਮਨੁੱਖੀ ਰੂਹ ਵੀ ਪਰਦੇਸ ਵਿਚ ਵਿਚਰ ਰਹੀ ਹੈ ਤੇ ਇਹ ਆਪਣੇ ‘ਸਜਣੁ ਸਚਾ ਪਾਤਿਸਾਹੁ’ ਦੀ ਭਾਲ ਵਿਚ ਹੈ। ਪਰ ਇਹ ਸੱਜਣ ਦੂਰ ਨਹੀਂ, ਇਹ ਮਨ ਦੇ ਮੰਦਰ ਵਿਚ ਵੱਸਦਾ ਹੈ ਤੇ ਘਟ-ਘਟ ਅੰਦਰ ਮੌਜੂਦ ਹੈ। ਇਸੇ ਲਈ ਸ੍ਰੀ ਗੁਰੂ ਅਮਰਦਾਸ ਜੀ ਦਾ ਫ਼ਰਮਾਨ ਹੈ:
ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ॥ (ਪੰਨਾ 1346)
ਫਿਰ ਨਾਲ ਹੀ ਫ਼ਰਮਾਇਆ ਹੈ:
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ (ਪੰਨਾ 1346)
ਇਸ ਕਥਨ ਦਾ ਤਾਤਪ੍ਰਯ ਇਹੋ ਹੈ ਕਿ ਸਾਰਾ ਸੰਸਾਰ ਹੀ ਹਰਿ ਕਾ ਮੰਦਰ ਹੈ:
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥ (ਪੰਨਾ 463)
ਸਾਡੀ ਦੇਹੀ ਵੀ ਉਸੇ ਦਾ ਟਿਕਾਣਾ ਹੈ, ਇਸ ਕਰਕੇ ਇਹ ਕੋਈ ਬਾਹਰਲੀ ਜਾਂ ਓਪਰੀ ਥਾਂ ਨਹੀਂ, ਅਨੁਭਵੀ ਗਿਆਨ ਦੁਆਰਾ ਇਸ ਨੂੰ ਹਾਜ਼ਰ-ਹਜ਼ੂਰ ਦੇਖਣ ਦਾ ਤਰੱਦਦ ਜ਼ਰੂਰ ਕਰਨਾ ਪਵੇਗਾ। ਇਹੋ ਧਰਮ ਦਾ ਕੇਂਦਰ-ਬਿੰਦੂ ਹੈ:
ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ॥
ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮਾ੍ਲਿ॥ (ਪੰਨਾ 1346)
ਪਰ ਇਸ ਨਿਸਚੇ ’ਤੇ ਅਮਲ ਕਰ ਸਕਣਾ ਹਰ ਇਕ ਦਾ ਕੰਮ ਨਹੀਂ, ਇਸ ਲਈ ਲੰਮੀ ਸਾਧਨਾ ਦੀ ਲੋੜ ਹੈ। ਇਸ ਕਰਕੇ ਸਤਿਗੁਰਾਂ ਜਗਿਆਸੂ ਮਨ ਦੀ ਤ੍ਰਿਪਤੀ ਲਈ ਤੇ ਏਸ ਜੀਵਨ-ਜਾਚ ਨੂੰ ਪ੍ਰਪੱਕ ਕਰਨ ਲਈ ਥਾਂ-ਥਾਂ ‘ਧਰਮਸਾਲਾ’ ਬਣਾਈਆਂ ਤੇ ਉਥੇ ਕਥਾ-ਕੀਰਤਨ ਦਾ ਪ੍ਰਵਾਹ ਚਲਾ ਕੇ ਮਨੁੱਖੀ ਮਨ ਨੂੰ ਸੋਧਣ ਦਾ ਅਭਿਆਸ ਕਰਾਇਆ।
ਭਾਰਤ ਵਿਚ ਧਾਰਮਿਕ ਮੰਦਰਾਂ ਦੀ ਪਰੰਪਰਾ ਬੜੀ ਪੁਰਾਣੀ ਹੈ ਤੇ ਆਮ ਤੌਰ ’ਤੇ ਉਹ ਇਸ਼ਟ ਜਾਂ ਦੇਵੀ-ਦੇਵਤਿਆਂ ਦੇ ਨਾਂ ਉੱਤੇ ਬਣਦੇ ਰਹੇ ਹਨ, ਜਿਵੇਂ ਕਿ ਵਿਸ਼ਨੂੰ ਮੰਦਰ, ਸ਼ਿਵ-ਮੰਦਰ ਜਾਂ ਚੰਡੀ-ਮੰਦਰ ਆਦਿ। ਰੱਬ ਦਾ ਐਸਾ ਸਾਂਝਾ ਮੰਦਰ ਕੋਈ ਨਹੀਂ ਸੀ ਜੋ ਸਰਬ-ਸਾਂਝ ਪੈਦਾ ਕਰ ਸਕਦਾ। ਫਿਰ ਵਰਣ-ਭੇਦ ਤੇ ਜਾਤ- ਪਾਤ ਦੇ ਖ਼ਿਆਲ ਨੇ ਇਨ੍ਹਾਂ ਮੰਦਰਾਂ ਨੂੰ ਖ਼ਾਸ-ਖ਼ਾਸ ਅਖੌਤੀ ਸਵਰਣ ਜਾਤੀਆਂ ਤਕ ਹੀ ਸੀਮਤ ਕਰ ਦਿੱਤਾ। ਗ਼ਰੀਬ-ਗ਼ੁਰਬੇ ਤੇ ਨਿੱਕਾ-ਮੋਟਾ ਕੰਮ ਕਰ ਕੇ ਗੁਜ਼ਾਰਾ ਕਰਨ ਵਾਲੇ ਕਿਰਤੀ ਲੋਕਾਂ ਦਾ ਆਉਣਾ ਉਂਞ ਹੀ ਬੰਦ ਕਰ ਦਿੱਤਾ ਜਿਵੇਂ ਕਿ ਉਨ੍ਹਾਂ ਦਾ ਕੋਈ ਧਰਮ-ਅਧਿਕਾਰ ਹੀ ਨਹੀਂ ਹੁੰਦਾ ਤੇ ਉਹ ਉਸ ਠਾਕੁਰ-ਦੁਆਰੇ ਵਿਚ ਵੜਨ ਦਾ ਹੱਕ ਹੀ ਨਹੀਂ ਰੱਖਦੇ। ਭਗਤ ਨਾਮਦੇਵ ਜੀ ਦੀ ਆਪ-ਬੀਤੀ ਇਸ ਗੱਲ ਦਾ ਪ੍ਰਮਾਣ ਹੈ ਕਿ ਉਨ੍ਹਾਂ ਨੂੰ ਬ੍ਰਾਹਮਣ ਨੇ ‘ਸ਼ੂਦਰ-ਸ਼ੂਦਰ’ ਆਖ ਕੇ ਪੰਡਰਪੁਰ ਦੇ ਵਿੱਠਲ ਮੰਦਰ ਵਿੱਚੋਂ ਫੜ ਕੇ ਬਾਹਰ ਕੱਢ ਦਿੱਤਾ ਸੀ। ਉਨ੍ਹਾਂ ਖ਼ੁਦ ਫ਼ਰਮਾਇਆ ਹੈ:
ਹਸਤ ਖੇਲਤ ਤੇਰੇ ਦੇਹੁਰੇ ਆਇਆ॥
ਭਗਤਿ ਕਰਤ ਨਾਮਾ ਪਕਰਿ ਉਠਾਇਆ॥ (ਪੰਨਾ 1164)
ਅਜਿਹਾ ਗ਼ਲਤ ਵਰਤਾਰਾ ਦੇਸ਼ ਵਿਚ ਆਮ ਸੀ। ਇਸ ਕਰਕੇ ਸਾਧਾਰਨ ਕਿਰਤੀ ਜਨਤਾ ਨੂੰ ‘ਸ਼ੂਦਰ’ ਕਹਿ ਕੇ ਤ੍ਰਿਸਕਾਰ ਦਿੱਤਾ ਜਾਂਦਾ ਸੀ ਤੇ ਭਗਵਾਨ ਦੇ ਮੰਦਰਾਂ ਵਿਚ ਉਨ੍ਹਾਂ ਲਈ ਕੋਈ ਥਾਂ ਨਹੀਂ ਸੀ। ਮੁਸਲਮਾਨ ਆਏ ਤਾਂ ਉਨ੍ਹਾਂ ਦੀਆਂ ਮਸਜਿਦਾਂ ਵੀ ਐਸੀਆਂ ਸਨ ਜਿਨ੍ਹਾਂ ਵਿਚ ਕੇਵਲ ‘ਮੋਮਨ’ ਹੀ ਜਾ ਸਕਦਾ ਸੀ, ਦੂਜਾ ਨਹੀਂ। ਇਸ ਤੋਂ ਇਲਾਵਾ ਇਸਤਰੀਆਂ ਲਈ ਤਾਂ ਉਥੇ ਬਿਲਕੁਲ ਹੀ ਥਾਂ ਨਹੀਂ ਸੀ। ਗੁਰੂ ਨਾਨਕ ਸਾਹਿਬ ਨੇ ਜੋ ਥਾਂ-ਥਾਂ ‘ਧਰਮਸਾਲਾ’ ਬਣਵਾਈਆਂ, ਉਹ ਸਭ ਲਈ ਸਨ, ਕੋਈ ਵਿਅਕਤੀ ਵਿਵਰਜਿਤ ਨਹੀਂ ਸੀ। ਇਹ ‘ਰਾਣਾ ਰੰਕ ਬਰਾਬਰੀ’ ਦਾ ਵਰਤਾਰਾ ਸੀ ਜਿਸ ਕਰਕੇ ਧਰਮ-ਮੰਦਰ ਦੇ ਦਰਵਾਜ਼ੇ ਵੀ ਸਭ ਲਈ ਖੁੱਲ੍ਹੇ ਸਨ:
ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ॥
ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ॥ (ਪੰਨਾ 1367)
ਗੁਰੂ ਸਾਹਿਬਾਨ ਦੀ ਚਲਾਈ ਇਸ ਸਰਬ-ਸਾਂਝੀ ਲਹਿਰ ਨੇ ਥਾਂ-ਥਾਂ ਆਪਣਾ ਪ੍ਰਭਾਵ ਪਾਇਆ ਤੇ ਜਗ੍ਹਾ-ਜਗ੍ਹਾ ‘ਧਰਮਸਾਲਾਂ’ ਬਣੀਆਂ ਲੇਕਿਨ ਇਸ ਸਾਰੀ ਲਹਿਰ ਨੂੰ ਕੇਂਦਰਿਤ ਕਰਨ ਲਈ ਇਕ ਵੱਡੇ ਕੇਂਦਰੀ ਅਸਥਾਨ ਦੀ ਵੀ ਲੋੜ ਸੀ, ਜਿਸ ਨੂੰ ਅੰਮ੍ਰਿਤਸਰ ਵਿਚ ‘ਹਰਿਮੰਦਰ’ ਰਚ ਕੇ ਪੂਰਿਆਂ ਕੀਤਾ ਗਿਆ। ਇਹ ਗੱਲ 1 ਮਾਘ, 1645 ਬਿ: ਦੀ ਹੈ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਅੰਮ੍ਰਿਤ ਸਰ’ ਦੇ ਪਵਿੱਤਰ ਸਰੋਵਰ ਦੇ ਵਿਚਕਾਰ ਖਿੜੇ ਕੌਲ ਫੁੱਲ ਦੇ ਸਮਾਨ ‘ਹਰਿਮੰਦਰ’ ਦੀ ਸਥਾਪਨਾ ਦਾ ਕਾਜ ਅਰੰਭਿਆ। ਇਸ ਉੱਤੇ ਕਿੰਨੀ ਵੱਡੀ ਘਾਲ ਘਾਲੀ ਗਈ ਤੇ ਕਿੰਨੇ ਸ਼ਰਧਾਲੂ ਸਿੱਖਾਂ ਨੇ ਇਸ ਮਹਾਨ ਕਾਰਜ ਵਿਚ ਆਪਣੇ ਤਨ, ਮਨ, ਧਨ ਨਾਲ ਯੋਗਦਾਨ ਪਾਇਆ, ਇਹ ਸੇਵਾ-ਭਾਵ ਦੀ ਇਕ ਲੰਮੀ ਬਚਿੱਤਰ ਕਥਾ ਹੈ। ਸਤਿਗੁਰੂ ਇਸ ਨੂੰ ਨਿਰੋਲ ਉਸ ਮਾਲਕ ਦੀ ਮਿਹਰ ਦੱਸ ਕੇ ਇਉਂ ਕ੍ਰਿਤੱਗਤਾ ਪ੍ਰਗਟਾਉਂਦੇ ਹਨ:
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥ (ਪੰਨਾ 783)
ਇਕ ਵਾਰ ਇਉਂ ਲੱਗਦਾ ਸੀ ਕਿ ਜਿਵੇਂ ਰੂਹਾਨੀ ਜਗਿਆਸੂ ਦੀ ਚਿਰੋਕਣੀ ਲੋਚਾ, ਸਤਿਗੁਰਾਂ ਇਹ ‘ਹਰਿਮੰਦਰ’ ਰਚ ਕੇ ਪੂਰੀ ਕਰ ਦਿੱਤੀ ਸੀ। ਇਸ ਵਿਚ ਹਰ ਕੋਈ ਆ-ਜਾ ਸਕਦਾ ਸੀ ਤੇ ਹਰ ਕੋਈ ਇਸ ਦਾ ਲਾਭ ਉਠਾ ਸਕਦਾ ਸੀ। ਇਹ ਸੰਪ੍ਰਦਾਇ-ਨਿਰਪੱਖ ਧਰਮ-ਮੰਦਰ ਐਸਾ ਸੀ ਜਿਸ ਦੇ ਨਿਰਮਾਣ ’ਤੇ ਹਰੇਕ ਦੀ ਰੂਹ ਪ੍ਰਸੰਨ ਸੀ ਤੇ ਹਰ ਕੋਈ ਗਾ ਰਿਹਾ ਸੀ:
ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ॥
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ॥
ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਊਤਮ ਬਾਣੀ॥
ਸਹਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ॥
ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ॥
ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣਿ ਆਈ॥ (ਪੰਨਾ 781)
ਅੱਜ ਵੀ ਇਹ ਵਿਲੱਖਣ ਨਜ਼ਾਰਾ ਇਸ ਸ਼ੋਭਾ ਨੂੰ ਉਜਾਗਰ ਕਰਦਾ ਹੈ ਕਿ ਮਾਨਯੋਗ ਸਿੱਖ ਗ੍ਰੰਥੀ ਬੈਠਾ ਚੌਰ ਕਰ ਰਿਹਾ ਹੈ, ਰਬਾਬੀ ਭਾਈ ਕੀਰਤਨ ਸ੍ਰਵਣ ਕਰਾ ਰਿਹਾ ਹੈ ਤੇ ਹਿੰਦੂ ਭਾਈ ਪ੍ਰਸ਼ਾਦ ਅਤੇ ਫੁੱਲ ਭੇਟਾ ਕਰ ਕੇ ਆਪਣੀ ਸ਼ਰਧਾਂਜਲੀ ਅਰਪਣ ਕਰ ਰਿਹਾ ਹੈ। ਇਹ ਮਨੁੱਖੀ ਸਰਬ-ਸਾਂਝ ਦਾ ਨਜ਼ਾਰਾ ਵਿਸ਼ਵ ਨੂੰ ਪ੍ਰੇਮ- ਪਿਆਰ ਦਾ ਅਮਲੀ ਸੰਦੇਸ਼ਾ ਦੇ ਰਿਹਾ ਹੈ ਕਿ ਸਭ ਮਨੁੱਖ ਇਕ ਹਨ ਤੇ ਉਨ੍ਹਾਂ ਦਾ ਰੱਬ ਜਾਂ ਹਰੀ ਵੀ ਇੱਕ ਹੈ ਤੇ ਹਰਿਮੰਦਰ ਵੀ ਇੱਕੋ ਇੱਕ ਹੈ। ਸੋ ਇਹ ਮਾਨ-ਸਰੋਵਰ ਉੱਤੇ ਮੋਤੀ ਚੁਗਣ ਵਾਲੇ ਹੰਸਾਂ ਦਾ ਸੰਮੇਲਨ ਅਦਭੁਤ ਦ੍ਰਿਸ਼ ਪੇਸ਼ ਕਰਦਾ ਹੈ:
ਏਕੋ ਸਰਵਰੁ ਕਮਲ ਅਨੂਪ॥
ਸਦਾ ਬਿਗਾਸੈ ਪਰਮਲ ਰੂਪ॥
ਊਜਲ ਮੋਤੀ ਚੂਗਹਿ ਹੰਸ॥
ਸਰਬ ਕਲਾ ਜਗਦੀਸੈ ਅੰਸ॥ (ਪੰਨਾ 352)
ਦੂਜੀ ਗੱਲ, ਜੋ ਸ੍ਰੀ ਹਰਿਮੰਦਰ ਸਾਹਿਬ ਦੀ ਆਪਣੀ ਹੀ ਵਿਸ਼ੇਸ਼ਤਾ ਹੈ, ਉਹ ਇਹ ਹੈ ਕਿ ਇਥੇ ਕਿਸੇ ਦੇਵੀ-ਦੇਵਤਾ ਜਾਂ ਵਿਅਕਤੀ-ਵਿਸ਼ੇਸ਼ ਦੀ ਮੂਰਤੀ ਨਹੀਂ ਸਥਾਪਨ ਕੀਤੀ ਗਈ ਸਗੋਂ ਭਾਦੋਂ ਸੁਦੀ ਏਕਮ 1661 ਬਿ: ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਕੇ ਇਸ ਤਰ੍ਹਾਂ ਸਰਬ-ਸਾਂਝੇ ਸਿਧਾਂਤ ਦੀ ਸਥਾਪਨਾ ਕੀਤੀ ਗਈ ਹੈ ਤਾਂ ਕਿ ਉਸ ਦੀ ਰੋਸ਼ਨੀ ਵਿਚ ਜਗਿਆਸੂ ਆਪਣਾ ਰੂਹਾਨੀ ਮਾਰਗ ਢੂੰਡੇ ਤੇ ਨਿਸ਼ਚਿਤ ਮੰਜ਼ਲ ’ਤੇ ਪਹੁੰਚੇ:
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ (ਪੰਨਾ 67)
ਤੀਜੀ ਗੱਲ, ਸ੍ਰੀ ਹਰਿਮੰਦਰ ਸਾਹਿਬ ਅੰਦਰ ਸਦਾ ‘ਹਰਿ-ਕੀਰਤਨ’ ਦੀ ਗੂੰਜ ਹੈ ਜੋ ਮਨੁੱਖ ਦੇ ਬੇਚੈਨ ਅਤੇ ਤੜਪਦੇ ਹਿਰਦੇ ਨੂੰ ਸ਼ਾਂਤੀ ਪ੍ਰਦਾਨ ਕਰਨ ਵਾਲੀ ਹੈ। ਇਥੇ ਹੋਰ ਕੋਈ ਗੱਲ ਕੀਤੀ ਹੀ ਨਹੀਂ ਜਾ ਸਕਦੀ, ਸਿਵਾਇ ਗੁਰਬਾਣੀ ਕੀਰਤਨ ਦੇ, ਜਿਵੇਂ ਕਿ ਫ਼ਰਮਾਨ ਹੈ:
ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ॥
ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ॥ (ਪੰਨਾ 320)
ਚੌਥੀ ਗੱਲ, ਇਹ ਹਰਿਮੰਦਰ ਕੇਵਲ ਧਰਮ-ਮੰਦਰ ਹੀ ਨਹੀਂ ਸਗੋਂ ਭਵਨ-ਨਿਰਮਾਣ ਕਲਾ, ਚਿੱਤਰਕਾਰੀ, ਮੀਨਾਕਾਰੀ, ਮੋਹਰਾਕਸ਼ੀ, ਸੰਗਮਰਮਰ ਦੀ ਜੜ੍ਹਤਕਾਰੀ ਅਤੇ ਜਲ-ਤਰੰਗਾਂ ਦੀ ਨ੍ਰਿਤਕਾਰੀ ਦਾ ਅਦਭੁਤ ਸੰਗਮ ਹੈ। ਜ਼ਾਹਰ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਜ਼ਿੰਦਗੀ ਦੀਆਂ ਸਦੀਵੀ ਕੀਮਤਾਂ, ਪ੍ਰੇਮ-ਪਿਆਰ, ਮੇਲ-ਜੋਲ ਤੇ ਧਾਰਮਕ ਏਕਤਾ ਦਾ ਕਲਾਤਮਕ ਪ੍ਰਤੀਕ ਰਿਹਾ ਹੈ ਤੇ ਅੱਜ ਵੀ ਇਸ ਦਾ ਦੈਵੀ ਪ੍ਰਭਾਵ ਉਸੇ ਤਰ੍ਹਾਂ ਕਾਇਮ ਹੈ। ਰਾਜਨੀਤਿਕ ਗੁਮਾਨ ਕਾਰਨ ਅੰਨ੍ਹੇ ਹੋਏ ਉਹ ਲੋਕ ਜੋ ਇਸ ਪ੍ਰਭਾਵ ਨੂੰ ਦੇਖ ਨਹੀਂ ਸਕੇ, ਉਨ੍ਹਾਂ ਇਸ ਨੂੰ ਤਬਾਹ-ਬਰਬਾਦ ਕਰਨ ਦੀ ਨਾਪਾਕ ਕੋਸ਼ਿਸ਼ ਵੀ ਕੀਤੀ, ਲੇਕਿਨ ਸਤਿਗੁਰਾਂ ਇਸ ਦੀ ਅਬਿਚਲ ਨੀਂਵ ਰੱਖੀ ਸੀ ਜਿਸ ਕਰਕੇ ਇਸ ’ਤੇ ਕੋਈ ਮਾੜਾ ਅਸਰ ਨਾ ਪਿਆ ਸਗੋਂ ਇਸ ਦੀ ਛੱਬ ਵਧਦੀ ਗਈ। ਇਹ ਅਸਥਾਨ ਮਨੁੱਖ ਦੇ ਸਮੁੱਚੇ ਕਲਿਆਣ ਦਾ ਕੇਂਦਰ ਹੈ।
ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਇਸ ਨੂੰ ‘ਦਰਬਾਰ ਸਾਹਿਬ’ ਤੇ ਅੰਗਰੇਜ਼ਾਂ ਦੇ ਜ਼ਮਾਨੇ ਇਸ ਦੇ ਬਾਹਰਲੇ ਰੂਪ ਨੂੰ ਤੱਕ ਕੇ ‘ਗੋਲਡਨ ਟੈਂਪਲ’ ਦਾ ਨਾਂ ਦਿੱਤਾ ਗਿਆ ਪਰ ਅਸਲ ਤੇ ਸਹੀ ਨਾਮ ‘ਹਰਿਮੰਦਰ’ ਹੀ ਹੈ। ਜਿੱਥੇ ਗੁਰਬਾਣੀ ਦਾ ਪ੍ਰਵਾਹ ਆਤਮਾ ਦਾ ਉੱਧਾਰ ਕਰਦਾ ਹੈ, ਉਥੇ ਅੰਮ੍ਰਿਤ ਰੂਪ ਜਲ ਸਾਡੇ ਸਰੀਰਾਂ ਨੂੰ ਸਵੱਛਤਾ ਪ੍ਰਦਾਨ ਕਰਦਾ ਹੈ ਤੇ ਸੰਗੀਤ ਅਤੇ ਚਿੱਤਰਕਾਰੀ ਦਾ ਮਨਮੋਹਕ ਵਾਤਾਵਰਣ ਸਾਡੇ ਦਿਲ ’ਤੇ ਦਿਮਾਗ਼ ਨੂੰ ਇਕ ਅਨੋਖਾ ਹੁਲਾਰਾ ਬਖ਼ਸ਼ਦਾ ਹੈ ਜਿਸ ਦੀ ਕੋਈ ਮਿਸਾਲ ਨਹੀਂ:
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥ (ਪੰਨਾ 1362)
ਸੋ ਇਸ ਕੀਰਤਨ-ਮੰਡਲ ਦੀ ਅਧਿਆਤਮਕ ਉੱਚਤਾ, ਸਰਬ-ਸਾਂਝੀ ਸੁੱਚਤਾ ਤੇ ਕਲਾਤਮਕ ਅਦਭੁਤਤਾ ਇਕ ਅਨੋਖਾ ਸੰਗਮ ਹੈ ਜੋ ਸਿੱਖੀ ਦਾ ਸਰਬੋਤਮ ਪ੍ਰਤੀਕ ਹੈ।
ਦੂਜੇ ਸ਼ਬਦਾਂ ਵਿਚ ਬਾਣੀ ਤੇ ਸੰਗਤ ਸਿੱਖੀ ਦਾ ਆਧਾਰ ਹੈ ਤੇ ‘ਹਰਿ ਮੰਦਰ’ ਦੋਹਾਂ ਦਾ ਸਾਕਾਰ ਰੂਪ ਹੈ, ਜਿਸ ਨੂੰ ਬਾਰ-ਬਾਰ ਨਮਸਕਾਰ ਕਰਨਾ ਬਣਦਾ ਹੈ।
ਲੇਖਕ ਬਾਰੇ
ਪਿਆਰਾ ਸਿੰਘ ਪਦਮ (ਪ੍ਰੋ) (28-05-1921-ਤੋਂ -01-05-2001) ਇੱਕ ਪੰਜਾਬੀ ਲੇਖਕ ਅਤੇ ਅਕਾਦਮਿਕ ਵਿਦਵਾਨ ਸਨ, ਜਿਨ੍ਹਾਂ ਦਾ ਜਨਮ ਨੰਦ ਕੌਰ ਅਤੇ ਗੁਰਨਾਮ ਸਿੰਘ ਦੇ ਘਰ ਪਿੰਡ ਘੁੰਗਰਾਣਾ ਪਰਗਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਨ੍ਹਾਂ ਦਾ ਵਿਆਹ ਜਸਵੰਤ ਕੌਰ ਨਾਲ ਹੋਇਆ ਸੀ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ (1943-1947) ਵਿੱਚ ਲੈਕਚਰਾਰ ਵਜੋਂ ਕੀਤੀ। ਉਹ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ (1948-1950) ਦੇ ਗੁਰਦੁਆਰਾ ਗਜ਼ਟ ਦੇ ਸੰਪਾਦਕ ਰਹੇ ਹਨ। ਇਸ ਤੋਂ ਬਾਅਦ ਉਹ ਭਾਸ਼ਾ ਵਿਭਾਗ ਪੰਜਾਬ, ਪਟਿਆਲਾ (1950-1965) ਵਿੱਚ ਸ਼ਾਮਲ ਹੋ ਗਏ ਅਤੇ ਇਸ ਦੇ ਰਸਾਲੇ ਪੰਜਾਬੀ ਦੁਨੀਆ ਦਾ ਸੰਪਾਦਨ ਵੀ ਕੀਤਾ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ (1966-1983) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦਾ ਵਿਸ਼ੇਸ਼ ਸੀਨੀਅਰ ਓਰੀਐਂਟਲ ਫੈਲੋ ਨਿਯੁਕਤ ਕੀਤਾ ਗਿਆ।
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/June 1, 2007
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/February 1, 2008
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/April 1, 2008
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/May 1, 2008
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/August 1, 2008
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/January 1, 2009
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/March 1, 2009