ਗੁਰੂ ਬਾਬੇ ਨੇ ਆਪਣੇ ਬੋਲਾਂ ’ਤੇ ਕਦੇ ਮਾਣ ਨਹੀਂ ਕੀਤਾ, ਉਹ ਤਾਂ ਇਹੋ ਹੀ ਕਹਿੰਦੇ ਰਹੇ, ‘ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥’ ਜਦੋਂ ਉਹ ਅੰਦਰੋਂ ਪ੍ਰਭੂ ਨਾਲ ਜੁੜ ਕੇ ਵਜਦ ਵਿਚ ਆਉਂਦੇ ਤਾਂ, ਭਾਈ ਮਰਦਾਨਾ ਜੀ ਤੋਂ ਰਬਾਬ ਸੁਰ ਕਰਾਉਂਦੇ ਤੇ ਪ੍ਰਭੂ ਦੀ ਕੀਰਤੀ ਕਰਨ ਲੱਗ ਜਾਂਦੇ। ਪ੍ਰਭੂ ਦੀਆਂ ਰਹਿਮਤਾਂ ਦੀ ਗੱਲ ਕਰਦੇ ਕਿ ਹੇ ਨਾਨਕ! ਜਦੋਂ ਅਸੀਂ ਅਜੇ ਮਾਂ ਦੇ ਪੇਟ ਵਿਚ ਸਾਂ, ਇਸ ਦੁਨੀਆਂ ’ਤੇ ਨਹੀਂ ਆਏ ਸਾਂ, ਸਾਨੂੰ ਰੋਜ਼ੀ ਕਿੱਥੋਂ ਮਿਲਦੀ ਸੀ? ਜਦੋਂ ਜੰਮੇ ਸਾਂ ਤਾਂ ਕੀ ਕਾਰ ਕਰਦੇ ਸਾਂ, ਜੋ ਖੁਰਾਕ ਮਿਲਦੀ ਸੀ ਉਹ ਕਿੱਥੋਂ ਆਉਂਦੀ ਸੀ? ਇਹ ਸਭ ਉਸ ਦੀ ਬਖ਼ਸ਼ਿਸ਼ ਸਦਕਾ ਹੀ ਹੈ। ਇਹ ਸਭ ਉਸ ਦੇ ਹੁਕਮ ਵਿਚ ਤੇ ਦੇਖ- ਰੇਖ ਵਿਚ ਹੋ ਰਿਹਾ ਹੈ।
ਉਹ ਕਿਸੇ ਤੋਂ ਪੁੱਛ ਕੇ ਸਾਜਦਾ ਨਹੀਂ, ਕਿਸੇ ਨੂੰ ਪੁੱਛ ਕੇ ਢਾਹੁੰਦਾ ਨਹੀਂ, ਦੇਂਦਾ ਵੀ ਪੁੱਛ ਕੇ ਨਹੀਂ, ਲੈਂਦਾ ਵੀ ਪੁੱਛ ਕੇ ਨਹੀਂ। ਇਹ ਵਾਹਿਗੁਰੂ ਹੀ ਜਾਣਦਾ ਹੈ ਕਿ ਉਸ ਦੀ ਰਜ਼ਾ ਕੀ ਹੈ, ਉਸ ਦਾ ਹੁਕਮ ਕੀ ਹੈ। ਮਨਮੁਖਾਂ ਦੇ ਸੁਭਾਅ ਤੁੰਮੇ, ਅੱਕ ਧਤੂਰੇ ਤੇ ਨਿੰਮ ਵਰਗੇ ਕੌੜੇ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਭੂ ਚੇਤੇ ਨਹੀਂ ਆਉਂਦਾ। ਨਾਨਕ! ਉਹ ਲੋਕ ਐਵੇਂ ਝੱਖ ਮਾਰਦੇ ਹਨ, ਜੋ ਦੁੱਖ ਨੂੰ ਛੱਡ ਕੇ ਸੁਖ ਮੰਗਦੇ ਹਨ। ਸੁਖ ਦੁੱਖ ਤਾਂ ਕੱਪੜੇ ਹਨ ਜੋ ਮਨੁੱਖ ਬਦਲ-ਬਦਲ ਪਹਿਨਦਾ ਹੈ। ਇਸ ਜੱਗ ’ਤੇ ਤਰਸ ਕਰਦੇ ਹਨ ਕਿ ਇਹ ਜੱਗ ਤਾਂ ਬੜਾ ਵੱਡਾ ਜੁਆਰੀ ਹੈ ਜੋ ਸੁਖਾਂ ’ਤੇ ਤਾਂ ਆਪਣਾ ਹੱਕ ਸਮਝਦਾ ਹੈ, ਪਰ ਦਾਤਾਂ ਦੇਣ ਵਾਲੇ ਨੂੰ ਚੇਤੇ ਨਹੀਂ ਰੱਖਦਾ, ਇਸ ਦਾ ਖਾਸਾ ਨਹੀਂ ਹੈ, ਇਸੇ ਕਰਕੇ ਅੱਗੇ ਫ਼ਰਮਾਉਂਦੇ ਹਨ ਕਿ ਹੇ ਮਨ! ਹਰ ਵੇਲੇ ‘ਭੁੱਖਾ ਭੁੱਖਾ’ ਨਾ ਕਰਿਆ ਕਰ, ਨਾ ਹੀ ਉਸ ਤੋਂ ਮੰਗਿਆ ਕਰ। ਉਹ ਤਾਂ ਸਾਰਿਆਂ ਦਾ ਪਾਲਣਹਾਰ ਹੈ। ਉਸ ਨੂੰ ਸਾਰਿਆਂ ਦਾ ਫ਼ਿਕਰ ਹੈ ਜਿਸ ਸਭ ਰਚਨਾ ਪੈਦਾ ਕੀਤੀ ਹੈ। ਜਿਵੇਂ ਤੈਨੂੰ ਕਿਤੇ ਲਾਭ ਹੁੰਦਾ ਹੈ, ਕਿਤੇ ਨੁਕਸਾਨ ਹੁੰਦਾ ਹੈ, ਇਹ ਤਾਂ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੈ। ਇਹ ਹੋਣਾ ਤਾਂ ਓਦਾਂ ਹੀ ਹੈ ਜਿਸ ਤਰ੍ਹਾਂ ਵਾਹਿਗੁਰੂ ਨੂੰ ਮਨਜ਼ੂਰ ਹੈ। ਤੇਰੀ ਖ਼ੁਸ਼ੀ ਗ਼ਮੀ ਕੀ ਮਾਅਨਾ ਰੱਖਦੀ ਹੈ?
ਇਸਤਰੀ ਦੇ ਗੁਣਾਂ ਦਾ ਵਰਣਨ ਕਰਦੇ ਹਨ ਕਿ ਜੋ ਸੀਣਾ, ਪਰੋਣਾ ਤੇ ਕੱਢਣਾ ਜਾਣਦੀ ਹੋਵੇ; ਓਸ ਨੂੰ ਅਸਲੀ ਨਾਰ ਜਾਣੋ ਤੇ ਆਪਣਾ ਘਰ ਸਿਆਣਪ ਨਾਲ ਚਲਾ ਰਹੀ ਹੋਵੇ, ਪਤੀਵਰਤਾ ਹੋਵੇ, ਬਾਹਰ ਦੀ ਝਾਕ ਨਾ ਰੱਖਦੀ ਹੋਵੇ, ਉਹ ਹੀ ਆਪਣੇ ਪਤੀ ਦੀ ਪਿਆਰੀ ਹੁੰਦੀ ਹੈ। ਇਵੇਂ ਹੀ ਸਾਡੀ ਆਤਮਾ ਵੀ ਪਰਮਾਤਮਾ ਨੂੰ ਪਿਆਰੀ ਲੱਗੇਗੀ ਜੇ ਉਸ ਦੇ ਗੁਣਾਂ ਨੂੰ ਅਸੀਂ ਆਪਣੇ ਅੰਦਰ ਸਮਾਵਾਂਗੇ।
ਇਹ ਕਿੰਨੀ ਸੂਖ਼ਮ ਸੋਚ ਹੈ, ‘ਜੇ ਸੱਜਣ ਆਪਣੇ ਹੋਣਗੇ ਤਾਂ ਉਹ ਆਪਣੇ ਘਰ ਹੀ ਆਉਣਗੇ, ਬੇਗਾਨੇ ਦੇ ਘਰ ਕਿੱਦਾਂ ਜਾਣਗੇ?’ ਇਹ ਤਨ ਮੈਂ ਵੇਚ ਦੇਵਾਂ, ਬੈਅ ਕਰ ਦੇਵਾਂ ਜੇ ਕੋਈ ਲੈਣ ਲਈ ਤਿਆਰ ਹੋਵੇ ਕਿਉਂਕਿ ਜੇ ਇਸ ਵਿਚ ਪ੍ਰਭੂ ਦਾ ਨਾਂ ਨਹੀਂ ਤਾਂ ਇਹ ਕਿਸ ਕੰਮ ਹੈ? ਦੁਨੀਆਂ ਦੀ ਨਾਸ਼ਮਾਨਤਾ ਦੀ ਗੱਲ ਕਰਦੇ ਹਨ ਕਿ ਜਿੰਨੇ ਮਰਜ਼ੀ ਰਸ ਭੋਗ ਲੈ, ਜਿੰਨੀਆਂ ਮਰਜ਼ੀ ਖੁਸ਼ੀਆਂ ਮਨਾ ਲੈ, ਅਖ਼ੀਰ ਧਨ ਲੋਕਾਂ ਜੋਗਾ ਰਹਿ ਜਾਣਾ ਹੈ ਤੇ ਸਰੀਰ ਸੁਆਹ ਦੀ ਢੇਰੀ ਬਣ ਜਾਣਾ ਹੈ, ਤੇਰੀ ਹਕੀਕਤ ਕੁਝ ਨਹੀਂ। ਮਨ ਦੀ ਅਸਥਿਰਤਾ ਦੀ ਗੱਲ ਕਰਦੇ ਹਨ ਕਿ ਇਹ ਕਦੇ ਤਾਂ ਅਸਮਾਨਾਂ ’ਚ ਉੱਡਣ ਲੱਗ ਪੈਂਦਾ ਹੈ ਤੇ ਕਦੇ ਪਿਆਲੇ ਪਾਣੀ ਵਿਚ ਹੀ ਡੁੱਬਣ ਲੱਗ ਜਾਂਦਾ ਹੈ। ਇਸ ਲੋਭੀ ਵਿਚ ਦ੍ਰਿੜ੍ਹਤਾ ਨਹੀਂ ਆਉਂਦੀ ਤੇ ਲੋਭ ਵੱਸ ਚਾਰੇ ਦਿਸ਼ਾਵਾਂ ਵਿਚ ਭੱਜਾ ਫਿਰਦਾ ਹੈ। ਫ਼ਰਮਾਉਂਦੇ ਨੇ ਕਿ ਜਿਸ ਮਨੁੱਖ ਨੂੰ ਪ੍ਰਭੂ ਰਾਹ ਦਿਖਾ ਦੇਂਦਾ ਹੈ, ਉਸ ਨੂੰ ਕੋਈ ਭੁਲਾ ਨਹੀਂ ਸਕਦਾ, ਪਰ ਜਿਸ ਨੂੰ ਉਹ ਭੁਲਾ ਦਿੰਦਾ ਹੈ, ਉਸ ਨੂੰ ਕੋਈ ਰਾਹ ਦਿਖਾਉਣ ਵਾਲਾ ਨਹੀਂ। ਜੋ ਮਹੂਰਤਾਂ ਦੇ ਚੱਕਰਾਂ ਵਿਚ ਪੈਂਦੇ ਨੇ ਉਨ੍ਹਾਂ ਲਈ ਗੁਰੂ ਦੀ ਸਿੱਖਿਆ ਹੈ ਕਿ ਮਰਨ ਦਾ ਮਹੂਰਤ ਕੋਈ ਕਢਾਉਂਦਾ ਹੈ! ਕੋਈ ਥਿਤ ਪੁੱਛਦਾ ਹੈ! ਵਾਰ ਪੁੱਛਦਾ ਹੈ! ਇਕ ਚਲੇ ਗਏ ਨੇ, ਇਕ ਸਾਮਾਨ ਬੰਨ੍ਹੀ ਜਾਣ ਲਈ ਤਿਆਰ ਹਨ। ਜਿਨ੍ਹਾਂ ਕੋਲ ਦੁਨਿਆਵੀ ਧਨ ਹੈ ਉਹ ਤਾਂ ਬਾਬੇ ਦੀ ਨਜ਼ਰ ਵਿਚ ਫ਼ਕੀਰ ਹਨ, ਪਰ ਜਿਨ੍ਹਾਂ ਹਿਰਦਿਆਂ ਵਿਚ ਪ੍ਰਭੂ ਵੱਸਦਾ ਹੈ ਉਹ ਦਾਨੇ ਹਨ, ਸਿਆਣੇ ਹਨ, ਗਹਿਰ-ਗੰਭੀਰ ਹਨ। ਬਾਣੀ ਵਿਰਲੇ ਹੀ ਵਿਚਾਰਦੇ ਹਨ। ਜੋ ਵਿਚਾਰਦੇ ਹਨ, ਉਹ ਗੁਰਮੁਖ ਹੋ ਨਿਬੜਦੇ ਹਨ। ਇਹ ਬਾਣੀ ਉਸ ਪ੍ਰਭੂ ਦੀ ਹੈ ਤੇ ਉਸ ਨਾਲ ਮੇਲ ਦਾ ਸਾਧਨ ਹੈ। ਲੋਕ ਮਾਇਆ-ਮਾਇਆ ਕਰਦੇ ਮਰ ਜਾਂਦੇ ਹਨ, ਪਰ ਇਹ ਕਿਸੇ ਦੇ ਨਾਲ ਨਹੀਂ ਜਾਂਦੀ। ਮਾਇਆ ਵਾਲਾ ਦੁਚਿੱਤੀ ਵਿਚ ਮਰ ਜਾਂਦਾ ਹੈ ਤੇ ਮਾਇਆ ਇਥੇ ਰਹਿ ਜਾਂਦੀ ਹੈ। ਦੁੱਖ ਉਸ ਨੂੰ ਦੱਸਣਾ ਬਣਦਾ ਹੈ ਜੋ ਸੁਖਾਂ ਦਾ ਦਾਤਾ ਹੈ ਤੇ ਸਾਡੇ ਦੁੱਖਾਂ ਦੀ ਨਿਵਿਰਤੀ ਕਰ ਸਕਦਾ ਹੈ। ਗੁਰੂ ਜੀ ਫ਼ਰਮਾਉਂਦੇ ਹਨ, ‘ਮੈਂ ਚਾਰੇ ਦਿਸ਼ਾਵਾਂ ਵਿਚ ਘੁੰਮ ਆਇਆ ਹਾਂ ਪਰ ਮੇਰੇ ਵਰਗਾ ਕੋਈ ਮਾੜਾ ਨਹੀਂ। ਪਰ ਹੇ ਪ੍ਰਭੂ! ਜੇ ਮੈਂ ਤੈਨੂੰ ਭਾਉਂਦਾ ਹਾਂ ਤਾਂ ਤੂੰ ਮੇਰਾ ਏਂ ਤੇ ਮੈਂ ਤੇਰਾ ਹਾਂ।’
ਆਪਣੀ ਨਿਰਮਾਣਤਾ ਇਨ੍ਹਾਂ ਸ਼ਬਦਾਂ ਨਾਲ ਦਰਸਾਉਂਦੇ ਹਨ, ‘ਮੈਂ ਤਾਂ ਲਾਗੀਆਂ ਦਾ ਵੀ ਲਾਗੀ ਹਾਂ, ਮੈਂ ਤੇਰਾ ਨੌਕਰ ਹਾਂ, ਜਿਵੇਂ ਤੂੰ ਰੱਖਦਾ ਹੈਂ ਮੈਂ ਰਹਿੰਦਾਂ ਕਿਉਂਕਿ ਤੇਰਾ ਨਾਮ ਮੇਰੀ ਜੀਭਾ ’ਤੇ ਹੈ। ਹੇ ਪ੍ਰਭੂ! ਜੇ ਤੂੰ ਆਪਣੀਆਂ ਦਾਤਾਂ ਨਾਲ ਕਿਸੇ ਨੂੰ ਨਾ ਨਿਵਾਜੇਂ ਤਾਂ ਮਨੁੱਖ ਕੋਲ ਕੀ ਹੈ ਜੋ ਤੇਰੇ ਪਾਸ ਗਹਿਣੇ ਰੱਖ ਕੇ ਲੈ ਲਵੇ? ਪਰ ਨਾਨਕ ਦੀ ਤਾਂ ਇਹ ਬੇਨਤੀ ਹੈ ਕਿ ਮਨੁੱਖ ਉਹ ਹੀ ਪਾਉਂਦਾ ਹੈ ਜੋ ਉਸ ਲਈ ਪ੍ਰਭੂ ਨੇ ਲਿਖਿਆ ਹੈ।’ ਜਦੋਂ ਇਹ ਗੁਰੂ-ਬੋਲ ਪੜ੍ਹੀਦੇ ਹਨ ਤਾਂ ਮਨ ਅਨੰਦਤ ਹੋ ਉੱਠਦਾ ਹੈ:
ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ॥
ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ॥ (ਪੰਨਾ 660)
ਜ਼ਿੰਦਗੀ ਦੀ ਕਿੰਨੀ ਵੱਡੀ ਹਕੀਕਤ ਨੂੰ ਬਿਆਨਿਆ ਹੈ। ਜਿਨ੍ਹਾਂ ਨੂੰ ਗਿਆਨ ਨਹੀਂ ਹੈ, ਉਹ ਗੀਤ ਗਾਉਂਦੇ ਹਨ। ਭੁੱਖੇ ਮੁਲਾਣਿਆਂ ਨੇ ਘਰਾਂ ਨੂੰ ਮਸੀਤਾਂ ਬਣਾ ਲਿਆ ਹੈ, ਮਨਖਟੂਆਂ ਨੇ ਕੰਨ ਪੜਵਾਏ ਹੋਏ ਹਨ, ਫ਼ਕੀਰ ਬਣ ਕੇ ਆਪਣੀ ਜਾਤ ਗਵਾਈ ਹੋਈ ਹੈ, ਗੁਰੂ ਪੀਰ ਬਣੇ ਫਿਰਦੇ ਹਨ, ਪਰ ਮੰਗ ਕੇ ਸੰਸਾਰੀਆਂ ਤੋਂ ਖਾਂਦੇ ਹਨ। ਗੁਰੂ ਜੀ ਤਾੜਦੇ ਹਨ ਕਿ ਇਨ੍ਹਾਂ ਦੇ ਪੈਰੀਂ ਨਹੀਂ ਪੈਣਾ। ਦਸਾਂ ਨਹੁੰਆਂ ਦੀ ਕਿਰਤ ਕਰੋ, ਉਸ ਵਿੱਚੋਂ ਭਲੇ ਕੰਮਾਂ ਲਈ ਮਾਇਆ ਕੱਢੋ ਤਾਂ ਹੀ ਪ੍ਰਭੂ ਦੇ ਰਾਹ ਦੇ ਪਾਂਧੀ ਬਣੋਗੇ। ਪ੍ਰਭੂ ਕਿਰਪਾ ਕਰੇ ਤਾਂ ਮੈਂ ਉਸ ਦੇ ਦੀਦਾਰ ਕਰਾਂ ਜੋ ਕਹਿਣ-ਕਥਨ ਤੋਂ ਬਾਹਰ ਹੈ ਤੇ ਜੋ ਮੈਂ ਕੰਨਾਂ ਨਾਲ ਸੁਣਦਾ ਹਾਂ, ਉਸ ਤਰ੍ਹਾਂ ਹੀ ਸਿਫ਼ਤ-ਸਲਾਹ ਕਰੀ ਜਾਂਦਾ ਹਾਂ ਤੇ ਅੰਮ੍ਰਿਤ-ਰਸ ਪੀਂਦਾ ਹਾਂ। ਪ੍ਰਭੂ ਨੂੰ ਮੰਨਣ ਨਾਲ ਸਾਰੇ ਰਸਾਂ ਦੀ ਪ੍ਰਾਪਤੀ ਹੁੰਦੀ ਹੈ, ਸੁਣਨ ਨਾਲ ਨਮਕੀਨ ਰਸ ਮਿਲਦਾ ਹੈ ਤੇ ਜੇ ਉਸ ਦਾ ਨਾਮ ਮੂੰਹੋਂ ਬੋਲਾਂ ਤਾਂ ਖੱਟੇ-ਮਿੱਠੇ ਸਵਾਦ ਦੀ ਪ੍ਰਾਪਤੀ ਹੁੰਦੀ ਹੈ। ਜੇ ਉਸ ਦੀ ਮਿਹਰ ਦੀ ਨਜ਼ਰ ਹੋ ਜਾਵੇ ਤਾਂ ਕਹਿਣਾ ਹੀ ਕੀ ਹੈ! ਛੱਤੀ ਪ੍ਰਕਾਰ ਦੇ ਭੋਜਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਖਾਣਾ ਤਾਂ ਖ਼ੁਆਰ ਹੋਣਾ ਹੀ ਹੈ। ਬਹੁਤਾ ਬੋਲਣਾ ਆਪਣੀਆਂ ਮੰਗਾਂ ਨੂੰ ਲੈ ਕੇ ਐਵੇਂ ਝਖਾਂ ਮਾਰਨਾ ਹੈ, ਉਹ ਤਾਂ ਬਿਨਾਂ ਬੋਲਿਆਂ ਹੀ ਸਭ ਕੁਝ ਜਾਣਦਾ ਹੈ। ਜਿਵੇਂ ਲੱਕ ਤਲਵਾਰ ਬੱਧੀ ਬਾਂਕਾ ਨੌਜਵਾਨ ਘੋੜੇ ’ਤੇ ਸਵਾਰ ਹੈ। ਗੁਰੂ ਜੀ ਫ਼ਰਮਾਉਂਦੇ ਹਨ ਕਿ ਹੇ ਮਨੁੱਖ! ਮਾਣ ਨਾ ਕਰ, ਪਤਾ ਨਹੀਂ ਕਦੋਂ ਸਿਰ ਭਾਰ ਹੇਠਾਂ ਡਿੱਗ ਪਵੇਂ! ਮੇਵੇ-ਮਿਸ਼ਰੀ ਸਭਨਾਂ ਦੇ ਸਵਾਦ ਵੇਖ ਲਏ ਹਨ ਪਰ ਇਨ੍ਹਾਂ ਸਾਰਿਆਂ ਨਾਲੋਂ ਤੇਰੇ ਨਾਮ ਦਾ ਅੰਮ੍ਰਿਤ ਹੀ ਮਿੱਠਾ ਲੱਗਾ ਹੈ। ਉਸ ਵੇਲੇ ਦੇ ਸਮਾਜ ਦਾ ਚਿਤਰਣ ਕੀਤਾ ਹੈ। ਮੈਂ ਉਨ੍ਹਾਂ ਮਨੁੱਖਾਂ ਵਿਚ ਰਹਿੰਦਾ ਹਾਂ, ਜੋ ਕਹੀਏ ਤਾਂ ਸੁਣਦੇ ਨਹੀਂ; ਜੋ ਖਾ ਲੈਂਦੇ ਹਨ ਤਾਂ ਮੰਨਦੇ ਨਹੀਂ ਕਿ ਮੈਂ ਖਾਧਾ ਹੈ। ਨਾਨਕ ਤੇਰੇ ਦਾਸਾਂ ਦਾ ਵੀ ਦਾਸ ਹੈ ਜੋ ਤੇਰੇ ਦਰ ’ਤੇ ਬੇਨਤੀ ਕਰਦਾ ਹੈ, ਨਹੀਂ ਤਾਂ ਇਹ ਲੋਕ ਪਲ ਵਿਚ ਮਾਸਾ ਹੋ ਜਾਂਦੇ ਨੇ, ਪਲ ਵਿਚ ਤੋਲ਼ਾ। ਜੇ ਅਰਜ਼ ਕਰਨ ਵਾਲਾ ਸੱਚਾ ਹੈ ਤੇ ਅਰਜ਼ ਵੀ ਸੱਚੀ ਹੈ ਤਾਂ ਖਸਮ ਦੇ ਮਹਿਲੀਂ ਸੁਣੀ ਜਾਂਦੀ ਹੈ ਤੇ ਸ਼ਾਬਾਸ਼ ਵੀ ਮਿਲਦੀ ਹੈ।
ਸਾਧ-ਸੰਗਤ ਦੀ ਮਹੱਤਤਾ ਦੱਸਦੇ ਗੁਰੂ ਜੀ ਫ਼ਰਮਾਉਂਦੇ ਹਨ, ‘ਤੇਰੀਆਂ ਸਿਆਣਪਾਂ ਲੱਖ ਹੋਵਣ, ਤੇਰੇ ਲੱਖ ਮਿਲਣ ਵਾਲੇ ਹੋਣ, ਪਰ ਸਾਧ-ਸੰਗਤ ਬਿਨਾਂ ਤ੍ਰਿਪਤੀ ਨਹੀਂ ਹੋਣੀ। ਬਿਨਾਂ ਉਸ ਪ੍ਰਭੂ ਦਾ ਨਾਮ ਲਿਆਂ ਸੰਤਾਪ ਤੇ ਦੁੱਖ ਝੱਲਣੇ ਪੈਣਗੇ।’ ਆਖ਼ਰ ਇਹੋ ਹੀ ਕਹਿਣਾ ਬਣਦਾ ਹੈ :
ਸਾਚੇ ਗੁਰ ਕੀ ਸਾਚੀ ਸੀਖ॥
ਤਨੁ ਮਨੁ ਸੀਤਲੁ ਸਾਚੁ ਪਰੀਖ॥ (ਪੰਨਾ 152)
ਗੁਰੂ-ਬੋਲਾਂ ਨਾਲ ਜੋ ਸਰਸ਼ਾਰੀ ਮਿਲਦੀ ਹੈ ਉਸ ਦੀ ਪ੍ਰਾਪਤੀ ਗਹਿਰੀ ਸ੍ਰੋਤ ਨਾਲ ਮਿਲਦੀ ਹੈ। ਪਾਣੀ ਨਾਲ ਚਿਤ ਨਹੀਂ ਧੁਪਦਾ, ਪਾਣੀ ਪੀਤਿਆਂ ਹੀ ਤ੍ਰਿਪਤੀ ਹੁੰਦੀ ਹੈ। ਇਨ੍ਹਾਂ ਬੋਲਾਂ ਨੂੰ ਆਪਣੇ ਹਿਰਦੇ ਵਿਚ ਵਸਾਈਏ, ਗੁਰੂ ਰਹਿਮਤ ਕਰੇਗਾ। ਸਾਡੇ ਅੰਦਰ ਵੀ ਚਾਨਣ ਹੋਵੇ। ਪ੍ਰਭੂ-ਮਾਰਗ ਦੇ ਪਾਂਧੀ ਬਣੀਏ। ਸਿੱਖ ਧਰਮ ਦੀ ਨੀਂਹ ਪਹਿਲੇ ਪਾਤਸ਼ਾਹ ਦੇ ਬੋਲ ਹਨ ਜੋ ਸਾਰੀ ਉਮਰ ਲੋਕਾਈ ਦੇ ਭਲੇ ਹਿਤ ਭ੍ਰਮਣ ਕਰਦਿਆਂ, ਜੰਗਲ ਬੇਲੇ ਗਾਹੁੰਦਿਆਂ ਆਪਣੇ ਮੁਖਾਰਬਿੰਦ ਤੋਂ ਉਨ੍ਹਾਂ ਉਚਾਰੇ। ਜੋ ਅੱਜ ਤੋਂ ਲੱਗਭਗ ਪੰਜ ਸੌ ਸਾਲ ਪਹਿਲਾਂ ਵੀ ਜਿਊਂਦੇ ਸਨ, ਅੱਜ ਵੀ ਜਿਊਂਦੇ ਹਨ ਤੇ ਜੁਗਾਂ ਤੀਕਰ ਜਿਊਂਦੇ ਰਹਿਣਗੇ! ਸਿੱਖਾਂ ਦਾ ਅਮੀਰ ਵਿਰਸਾ ਅੱਜ ਦੀ ਵਿਗਿਆਨਕ ਸੋਚ ’ਤੇ ਪੂਰਾ ਉਤਰਦਾ ਹੈ। ਬੱਸ ਸਾਨੂੰ ਸਿੱਖਾਂ ਨੂੰ ਸਿੱਖੀ ਦੇ ਹਾਣੀ ਬਣਨ ਦੀ ਲੋੜ ਹੈ। ਤਦ ਹੀ ਅਜੋਕੇ ਸੰਸਾਰ ਵਿਚ ਆਪਣਾ ਸਤਿਕਾਰਯੋਗ ਸਥਾਨ ਬਣਿਆ ਰਹਿ ਸਕੇਗਾ। ਆਪਣੇ ਉੱਦਮ ਦੀ ਲੋੜ ਹੈ, ਗੁਰੂ ਅੰਗ-ਸੰਗ ਸਹਾਈ ਹੋਵੇਗਾ, ਅੰਗ-ਸੰਗ ਹੈ। ਸਿਰਫ਼ ਇਕ ਸਾਬਤ ਕਦਮ ਪੁੱਟਣ ਦੀ ਲੋੜ ਹੈ।
ਲੇਖਕ ਬਾਰੇ
# 248, ਅਰਬਨ ਅਸਟੇਟ, ਲੁਧਿਆਣਾ-10
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/October 1, 2007
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/February 1, 2008
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/March 1, 2008
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/April 1, 2009
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/May 1, 2009
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/June 1, 2010
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/February 1, 2011