ਗੁਰੂ-ਕਾਲ ਅੰਦਰ ਅਨੇਕ ਸੱਚੇ ਸੁਹਿਰਦ ਸਿੱਖ ਹੋਏ ਹਨ, ਜਿਨ੍ਹਾਂ ਦਾ ਜ਼ਿਕਰ ਬੜੇ ਮਾਣ ਨਾਲ ਕੀਤਾ ਜਾ ਸਕਦਾ ਹੈ। ਸਿੱਖ ਧਰਮ ਨੂੰ ਇਸ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਸੁੱਚੇ ਰੂਹਾਨੀ ਗੁਣਾਂ ਦੀ ਇਕ ਮਹਿਕਾਂ ਲੱਦੀ ਪਟਾਰੀ ਦੇ ਰੂਪ ਵਿਚ ਸਾਰੀ ਲੋਕਾਈ ਦੇ ਸਮੁੱਚੇ ਕਲਿਆਣ ਹਿਤ ਪ੍ਰਸਤੁਤ ਕੀਤਾ, ਉਥੇ ਗੁਰੂ ਜੀ ਦੁਆਰਾ ਸਥਾਪਤ ਸਿੱਖ ਧਰਮ ਵਿਚ ਅਤੀ ਨਿੱਗਰ ਨੈਤਿਕਚਾਰ, ਵਿਅਕਤੀਗਤ ਆਚਰਨ ਤੇ ਸਦਾਚਾਰ ਦੀ ਵੀ ਇਕ ਕਸਵੱਟੀ ਨਿਰਧਾਰਤ ਕੀਤੀ ਗਈ। ਗੁਰੂ ਜੀ ਨੇ ਰੂਹਾਨੀਅਤ ਨੂੰ ਸਮਾਜਿਕ ਦਾਇਰੇ ਵਿਚ ਕਮਾਉਣ ਵਾਸਤੇ ਉਸ ਸਮੇਂ ਦੀ ਲੋਕਾਈ ਦੀ ਆਦਰਸ਼ ਅਗਵਾਈ ਕੀਤੀ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਗ੍ਰਿਹਸਤ ਮਾਰਗ ਤੋਂ ਉੱਚਾ-ਸੁੱਚਾ ਹੋਰ ਕੋਈ ਧਰਮ ਨਹੀਂ। ਗੁਰੂ ਜੀ ਨੇ ਧਰਮ ਨੂੰ ਕਰਮਕਾਂਡੀ ਪੂਜਾ-ਉਪਾਸਨਾ ਨਾਲੋਂ ਨਿਖੇੜ, ਸੰਸਾਰ ਰੂਪੀ ਧਰਮ-ਅਸਥਾਨ ਵਿਚ ਨਾਮ ਜਪਣਾ, ਵੰਡ ਛਕਣਾ ਅਤੇ ਸੁਕ੍ਰਿਤ ਕਰਨਾ ਧਰਮ ਦੀ ਵਿਵਹਾਰਕ ਪਰਿਭਾਸ਼ਾ ਵਜੋਂ ਪ੍ਰਦਾਨ ਕਰ ਕੇ ਲਾਗੂ ਵੀ ਕੀਤੀ। ਗੁਰੂ ਜੀ ਨੇ ਸਰਬ-ਸਾਧਾਰਨ ਲੋਕਾਈ ਦੇ ਸਾਹਮਣੇ ਜਿੱਥੇ ਆਦਰਸ਼ ਵਿਅਕਤੀਗਤ ਜੀਵਨ ਦੀ ਵਿਸਮਾਦੀ ਉਦਾਹਰਣ ਰੱਖੀ, ਉੱਥੇ ਸਿੱਖੀ ਅਸੂਲਾਂ ਦੇ ਅਮਲੀ ਮਨੁੱਖਾਂ ਦੀ ਵੀ ਘਾੜਤ ਘੜੀ। ਜਿਹੜੇ ਮਨੁੱਖ ਗੁਰੂ ਜੀ ਦੀ ਸਿੱਖੀ ਕਸਵੱਟੀ ’ਤੇ ਪੂਰੇ-ਪੂਰੇ ਉਤਰੇ, ਉਹ ਸਹੀ ਅਰਥਾਂ ਵਿਚ ਗੁਰਸਿੱਖ ਅਤੇ ਗੁਰਮੁਖ ਅਖਵਾਏ। ਸਮੁੱਚੇ ਗੁਰੂ-ਕਾਲ ਦੇ ਹਜ਼ਾਰਾਂ ਗੁਰਸਿੱਖਾਂ-ਗੁਰਮੁਖਾਂ ਅੰਦਰ ਬਿਨਾਂ ਕਿਸੇ ਉਜ਼ਰ ਦੇ ਬਾਬਾ ਬੁੱਢਾ ਜੀ ਦਾ ਪ੍ਰਥਮ ਸਥਾਨ ਰੱਖਿਆ ਜਾਂਦਾ ਹੈ। ਬਾਬਾ ਬੁੱਢਾ ਜੀ ਨੇ ਗੁਰ-ਉਪਦੇਸ਼ ਨੂੰ ਇਕ ਸਦੀ ਤੋਂ ਵੀ ਵਧੇਰੇ ਸਮੇਂ ਤਕ ਕਮਾ ਕੇ ਗੁਰੂ-ਘਰ ’ਚ ਮਹਾਨਤਮ ਰੁਤਬਾ ਹਾਸਲ ਕੀਤਾ।
ਸਿੱਖ-ਇਤਿਹਾਸ ਦੀ ਮਹਾਨ ਸ਼ਖ਼ਸੀਅਤ ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ, ਸੰਮਤ 1563 (1506 ਈ:) ਨੂੰ ਭਾਈ ਸੁੱਘਾ (ਰੰਧਾਵਾ) ਜੀ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ ਪਿੰਡ ਕੱਥੂਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਮਾਤਾ-ਪਿਤਾ ਜੀ ਨੇ ਆਪ ਜੀ ਦਾ ਨਾਂ ‘ਬੂੜਾ’ ਰੱਖਿਆ ਸੀ।1518 ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦਾ ਸੇਵਕ ਬਣ ਕੇ ਸਿੱਖੀ ਵਿਚ ਸ਼ਾਮਲ ਹੋ ਗਏ।ਬਾਬਾ ਬੁੱਢਾ ਜੀ ਸਿੱਖ ਇਤਿਹਾਸ ਵਿਚ ਅਜਿਹੀ ਮਾਨਯੋਗ ਸ਼ਖ਼ਸੀਅਤ ਹਨ, ਜਿਨ੍ਹਾਂ ਨੂੰ ਸਿੱਖਾਂ ਦੇ ਪਹਿਲੇ ਛੇ ਗੁਰੂ ਸਾਹਿਬਾਨ ਦੀ ਸੰਗਤ ਦਾ ਨਿੱਘ ਮਾਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਬਾਬਾ ਬੁੱਢਾ ਜੀ ਬਚਪਨ ਵਿਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿਚ ਆ ਕੇ ਗੁਰੂ-ਕਿਰਪਾ ਦੇ ਪਾਤਰ ਬਣੇ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤਕ ਪੰਜ ਗੁਰੂ ਸਾਹਿਬਾਨ ਨੂੰ ਗੱਦੀ ’ਤੇ ਬਿਰਾਜਮਾਨ ਹੋਣ ਦੀਆਂ ਰਸਮਾਂ ਨਿਭਾਉਣ ਦਾ ਸ਼ੁਭ ਕੰਮ ਕਰਦੇ ਰਹੇ ਅਤੇ ਇਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਵੀ ਇਹ ਸੁਭਾਗ ਆਪ ਜੀ ਦੇ ਉੱਤਰਾਧਿਕਾਰੀਆਂ ਨੂੰ ਪ੍ਰਾਪਤ ਹੋਇਆ।
ਬਾਬਾ ਬੁੱਢਾ ਜੀ ਦੇ ਪੂਰਵਜਾਂ ਬਾਰੇ ਇਤਿਹਾਸਕਾਰ ਦੱਸਦੇ ਹਨ ਕਿ ਇਨ੍ਹਾਂ ਦੀ ਅੰਸ-ਬੰਸ ਦਾ ਮੋਢੀ ਰੰਧਾਵਾ ਸੀ। ਸਰ ਇੱਬਟਸਨ ਦੀ ਪੁਸਤਕ ‘ਪੰਜਾਬ ਕਾਸਟਸ’ ਵਿਚ ਇਨ੍ਹਾਂ ਨੂੰ ਭੱਟੀ ਰਾਜਪੂਤਾਂ ਵਿੱਚੋਂ ਦਰਸਾਇਆ ਗਿਆ ਹੈ। ਇਹ ਬਾਰ੍ਹਵੀਂ ਸਦੀ ਵਿਚ ਰਾਜਸਥਾਨ ਦੇ ਬੀਕਾਨੇਰ ਖੇਤਰ ’ਚੋਂ ਆ ਕੇ ਪੰਜਾਬ ਦੇ ਮਾਲਵਾ ਖੇਤਰ ਵਿਚ ਆਬਾਦ ਹੋ ਗਏ। ਇਥੇ ਇਨ੍ਹਾਂ ਦੇ ਸੰਬੰਧ ਚਹਿਲਾਂ ਨਾਲ ਕੋਈ ਚੰਗੇ ਨਾ ਰਹੇ। ਇਕ ਵਾਰ ਚਹਿਲਾਂ ਨੇ ਰੰਧਾਵਿਆਂ ਨੂੰ ਇਕ ਬਾਰਾਤ ਵਿਚ ਘੇਰ ਕੇ ਅੱਗ ਲਗਾ ਦਿੱਤੀ ਜਿਸ ਕਾਰਨ ਰੰਧਾਵਿਆਂ ਦਾ ਬਹੁਤ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ। ਇਸ ਕਾਰਨ ਬਹੁਤੇ ਰੰਧਾਵੇ ਮਾਲਵਾ ਖੇਤਰ ਛੱਡ ਕੇ ਮਾਝੇ ਦੇ ਅਜੋਕੇ ਕੱਥੂਨੰਗਲ ਖੇਤਰ ਵਿਚ ਜਾ ਕੇ ਆਬਾਦ ਹੋ ਗਏ।
ਕੱਥੂਨੰਗਲ ਅੰਮ੍ਰਿਤਸਰ ਤੋਂ ਬਟਾਲੇ ਨੂੰ ਜਾਂਦੇ ਰਸਤੇ ਵਿਚ ਅੰਮ੍ਰਿਤਸਰ ਤੋਂ 20 ਕਿਲੋਮੀਟਰ ਅਤੇ ਬਟਾਲੇ ਤੋਂ 18 ਕਿਲੋਮੀਟਰ ਦੀ ਦੂਰੀ ’ਤੇ ਹੈ। ਕੱਥੂਨੰਗਲ ਦਾ ਪੁਰਾਣਾ ਨਾਂ ਗੱਗੋਨੰਗਲ ਸੀ। ਗੱਗੋ ਬਾਬਾ ਬੁੱਢਾ ਜੀ ਦੇ ਦਾਦਾ ਜੀ ਦਾ ਨਾਂ ਸੀ। ਗੱਗੋ ਦੇ ਪਿਤਾ ਜੀ ਦਾ ਨਾਂ ਰਾਜਾ ਦਲ ਸੀ, ਜਿਨ੍ਹਾਂ ਨੇ ਚਵਿੰਡਾ ਦੇਵੀ ਪਿੰਡ ਵਸਾਇਆ ਸੀ। ਸੀਨਾ-ਬਸੀਨਾ ਚਲੀ ਆ ਰਹੀ ਕਥਾ ਅਨੁਸਾਰ ਇਹ ਉਹ ਸਥਾਨ ਹੈ ਜਿੱਥੇ ਸੁਰਾਂ, ਅਸੁਰਾਂ ਵਿਚਕਾਰ ਭਿਆਨਕ ਯੁੱਧ ਹੋਇਆ ਸੀ। ਇਸ ਸਥਾਨ ’ਤੇ ਦੇਵੀ ਨੇ ਚੰਡ ਅਤੇ ਮੁੰਡ ਸ਼ਕਤੀਸ਼ਾਲੀ ਰਾਕਸ਼ਾਂ ਦਾ ਵਧ ਕੀਤਾ ਸੀ ਜਿਸ ਕਾਰਨ ਇਸ ਜਗ੍ਹਾ ਦਾ ਨਾਂ ਚਮੁੰਡਾ ਦੇਵੀ ਪੈ ਗਿਆ ਅਤੇ ਅੱਜਕਲ੍ਹ ਇਸ ਨੂੰ ਚਵਿੰਡਾ ਦੇਵੀ ਕਿਹਾ ਜਾਂਦਾ ਹੈ। ਇਸ ਥਾਂ ਉੱਪਰ ਉੱਚੇ ਵੀਰਾਨ ਥੇਹ ਸਨ। ਜਦੋਂ ਰਾਜੇ ਦਲ ਨੇ ਇਹ ਨਗਰ ਵਸਾਇਆ ਤਾਂ ਸਭ ਤੋਂ ਪਹਿਲਾਂ ਚਵਿੰਡਾ ਦੇਵੀ ਦਾ ਮੰਦਿਰ ਬਣਾਇਆ ਅਤੇ ਬਟਾਲੇ ਦੇ ਬ੍ਰਾਹਮਣ ਤੋਂ ਇਸ ਦੇਵੀ ਦੀ ਮੂਰਤੀ ਲਿਆ ਕੇ ਇਸ ਸਥਾਨ ’ਤੇ ਸਥਾਪਿਤ ਕੀਤੀ। ਜਿਸ ਸਥਾਨ ’ਤੇ ਬ੍ਰਾਹਮਣ ਅਤੇ ਰਾਜੇ ਦਲ ਦੀ ਮਿਲਣੀ ਹੋਈ ਉਹ ਸਥਾਨ ਘਸੀਟਪੁਰਾ (ਬਟਾਲਾ) ਹੈ, ਜਿੱਥੇ ਹੁਣ ਵੀ ਖੂਹੀ ਅਤੇ ਪਿੱਪਲੀ ਦਾ ਇਕ ਦਰੱਖ਼ਤ ਹੈ। ਰਾਜੇ ਦਲ ਦੇ ਪਿਤਾ ਪੋਪਟ ਨੇ ਬਟਾਲਾ ਵਸਾਇਆ ਸੀ ਅਤੇ ਇਸ ਦੇ ਪੁੱਤਰ ਗੱਗੋ ਨੇ ਚਵਿੰਡਾ ਦੇਵੀ ਤੋਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਸ਼ਾਹੀ ਸੜਕ ਦੇ ਖੱਬੇ ਹੱਥ ਗੱਗੋਨੰਗਲ ਪਿੰਡ ਵਸਾਇਆ ਅਤੇ ਇਥੇ ਹੀ ਇਕ ਕਿਲ੍ਹਾ ਬਣਵਾਇਆ, ਜਿਸ ਦੀਆਂ ਚਾਰੇ ਨੁੱਕਰਾਂ ’ਤੇ ਚਾਰ ਗੋਲ ਮੀਨਾਰ ਸਨ ਅਤੇ ਅੰਦਰ ਇਕ ਖੂਹ ਸੀ।
ਗੱਗੋ ਦੀਆਂ ਦੋ ਪਤਨੀਆਂ ਸਨ- ਨਿਹਾਲੀ ਅਤੇ ਭਾਗਾਂ। ਨਿਹਾਲੀ ਦੇ ਪੰਜ ਪੁੱਤਰ ਤੇ ਭਾਗਾਂ ਦੇ ਤਿੰਨ ਪੁੱਤਰ ਸਨ। ਅੱਜਕਲ੍ਹ ਵੀ ਪਿੰਡ ਦੀਆਂ ਦੋ ਪੱਤੀਆਂ ਨਿਹਾਲੀ ਤੇ ਭਾਗਾਂ ਦੇ ਨਾਂ ’ਤੇ ਹਨ। ਸ੍ਰੀ ਗੱਗੋ 22 ਪਿੰਡਾਂ ਦਾ ਮਾਲਕ ਸੀ, ਹੁਣ ਵੀ ਚਵਿੰਡਾ ਦੇਵੀ ਨੂੰ ‘ਬਾਈਵਾਸ ਚਵਿੰਡਾ’ ਕਿਹਾ ਜਾਂਦਾ ਹੈ। ਗੱਗੋ ਨੰਗਲ ਦੇ ਕਿਲ੍ਹੇ ਦੇ ਸਾਹਮਣੇ ਥੋੜ੍ਹੀ ਜਿਹੀ ਦੂਰੀ ’ਤੇ ਗੱਗੋ ਦਾ ਸਸਕਾਰ ਕੀਤਾ ਗਿਆ ਤੇ ਸਮਾਧ ਵਜੋਂ ਪੁਰਾਣੀ ਰੀਤ ਅਨੁਸਾਰ ਅੱਠ-ਨੁੱਕਰਾ ਥੜ੍ਹਾ ਬਣਾ ਦਿੱਤਾ ਗਿਆ। ਇਹ ਉਹੀ ਸਥਾਨ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਾਬਾ ਬੁੱਢਾ ਜੀ ਨਾਲ ਪਹਿਲੀ ਵਾਰ 1519 ਈ: ਵਿਚ ਮੇਲ ਹੋਇਆ ਸੀ। ਉਸ ਸਮੇਂ ਬਾਬਾ ਬੁੱਢਾ ਜੀ ਦੀ ਉਮਰ 11-12 ਸਾਲ ਦੀ ਸੀ ਅਤੇ ਇਹ ਆਪਣੇ ਦਾਦਾ ਗੱਗੋ ਦੀ ਸਮਾਧ ਦੇ ਨਜ਼ਦੀਕ ਪਰਮਾਤਮਾ ਦੇ ਧਿਆਨ ਵਿਚ ਬੈਠ ਜਾਇਆ ਕਰਦੇ ਸੀ। ਜਦੋਂ ਬੂੜਾ ਜੀ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮੇਲ ਹੋਇਆ ਤਾਂ ਬਾਲਕ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਕਿਹਾ ਕਿ ਮੇਰਾ ਉੱਧਾਰ ਕਰੋ। ਗੁਰੂ ਜੀ ਨੇ ਬਾਲਕ ਨੂੰ ਪੁੱਛਿਆ ਕਿ ਤੈਨੂੰ ਕੀ ਦੁੱਖ ਹੈ? ਤਾਂ ਬਾਲਕ ਨੇ ਦੱਸਿਆ ਕਿ ਸਾਡੇ ਪਿੰਡ ਮੁਗ਼ਲਾਂ ਨੇ ਹਮਲਾ ਕਰ ਦਿੱਤਾ ਸੀ; ਉਨ੍ਹਾਂ ਨੇ ਸਾਰੀਆਂ ਕੱਚੀਆਂ-ਪੱਕੀਆਂ ਫ਼ਸਲਾਂ ਵੱਢ ਲਈਆਂ ਤਾਂ ਮੇਰੇ ਮਨ ਵਿਚ ਇਹ ਵਿਚਾਰ ਆਈ ਕਿ ਜੇਕਰ ਇਨ੍ਹਾਂ ਡਾਢਿਆਂ ਦਾ ਹੱਥ ਕਿਸੇ ਨੇ ਡਰਦੇ ਨਹੀਂ ਫੜਿਆ ਤਾਂ ਉਸ ਯਮ ਦਾ ਹੱਥ ਫੜਨ ਵਾਲਾ ਕੌਣ ਹੈ? ਗੁਰੂ ਜੀ ਨੇ ਬਾਲਕ ਦੀਆਂ ਇਹ ਗੱਲਾਂ ਸੁਣ ਕੇ ਕਿਹਾ ਕਿ ਤੇਰੀ ਮੱਤ ਤਾਂ ਬੁੱਢਿਆਂ ਵਾਲੀ ਹੈ ਅਰਥਾਤ ਤੇਰੇ ਵਿਚਾਰ ਬਹੁਤ ਉੱਚ-ਕੋਟੀ ਦੇ ਹਨ। ਗੁਰੂ ਜੀ ਨੇ ਬਾਲਕ ਨੂੰ ਨਾਮ- ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਅਤੇ ਉਸ ਦਿਨ ਤੋਂ ਆਪ ਜੀ ਦਾ ਨਾਂ ‘ਬੂੜਾ’ ਤੋਂ ‘ਬੁੱਢਾ’ ਹੋ ਗਿਆ। ਗੁਰੂ ਜੀ ਬਾਲਕ ਬੁੱਢਾ ਜੀ ਨਾਲ ਭਾਈ ਸੁੱਘਾ ਜੀ ਦੇ ਕਿਲ੍ਹੇ ਵਿਚ ਗਏ, ਜਿੱਥੇ ਮਾਤਾ ਗੌਰਾਂ ਜੀ ਨੇ ਆਪ ਜੀ ਦੀ ਬਹੁਤ ਸੇਵਾ ਕੀਤੀ।‘ਛਜਰਾ ਨਸਬ ਕੈਫ਼ਿਅਤ ਥੇਹ ਮੌਜਯ ਕੱਥੂਨੰਗਲ’ 1865 ਈ. ਵਿਚ ਲਿਖਿਆ ਹੈ:-
“ਮੁੱਸਮੀ ਗੱਗੋ ਕੌਮ ਜੱਟ ਗੋਤ ਰੰਧਾਵਾ ਮਰੂਸ ਨੇ ਚਵਿੰਡਾ ਸੇ ਉਠਕਰ ਜੰਗਲ ਵਿਰਾਨ ਕੋ ਬਾ-ਇਜਾਜ਼ਤ ਆਪਣੇ ਨਾਮ ਪਰ ਗੱਗੋਨੰਗਲ ਰੱਖਾ, ਚੰਦ ਮੁਦਾਤ ਯਹੀ ਨਾਮ ਮਸ਼ਹੂਰ ਰਹਾ, ਮਗਰ ਅਹਦੇ ਬਾਦਸ਼ਾਹੀ ਕੇ ਮੁੱਸਮੀ ਕੱਥੂਸ਼ਾਹ ਬੇਟਾ ਮਰੂਸ ਆਹਲਾ ਸ਼ਹਰ ਦਿਹਲੀ ਮੇਂ ਮਾਮਲਾ ਅਦਾ ਕੀਆ ਕਰਤਾ ਥਾ, ਉਸ ਅਯਾਮ ਸੇ ਗਾਓਂ ਕਾ ਨਾਮ ਕੱਥੂਨੰਗਲ ਮਸ਼ਹੂਰ ਹੂਆ। 338 ਬਰਸ ਉਸ ਜਗਹ ਕਦੀਮ ਪਰ ਆਬਾਦ ਰਹਾ, 112 ਬਰਸ ਹੁਏ ਕਿਲਤ ਆਬਾਦੀ, ਮਾਰਧਾੜ ਸਿੱਖਾਂ, ਇਨਕੇ ਦੂਸਰੀ ਜਗਹ ਮਲਕਾਂ ਨੇ ਆਬਾਦੀ ਜਦੀਦ ਕਾਇਮ ਕਰ ਲੀ, ਤਬ ਸੇ ਆਜ ਤਕ ਵਹਾ ਅਬਾਦੀ ਕਭੀ ਵਿਰਾਨ ਨਹੀਂ ਹੂਆ ਔਰ ਏਕ ਥੇਹ ਪੁਰਾਨਾ ਮਲਕੀਅਤ ਸ਼ਾਮਲਾਟ ਥੇਹ ਦਰਮਿਆਨ ਰਕਬਾ ਦੇਹ ਰਜਾ ਕੇ ਵਾਕਿਆ ਹੈ।”
ਇਸੇ ‘ਛਜਰਾ ਕੈਫ਼ਿਅਤ ਨਾਮੇ’ ਵਿਚ ਅੱਗੋਂ ਗੱਗੋ ਦੀਆਂ ਇਸਤਰੀਆਂ ਤੇ ਪੁੱਤਰਾਂ ਦੇ ਚੁੰਡਾਂ-ਵੰਡ (ਜਾਇਦਾਦ ਵੰਡ) ਇਤਿਆਦਿ ਬਾਰੇ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ‘ਗੱਗੋਨੰਗਲ’ ਤੋਂ ‘ਕੱਥੂਨੰਗਲ’ ਨਾਮ ਕਿਵੇਂ ਪਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਉਸ ਸਮੇਂ ਕਰਤਾਰਪੁਰ ਨਗਰ ਵਸਾ ਕੇ ਉਥੇ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦਾ ਉਪਦੇਸ਼ ਦੇ ਦੁਨੀਆਂ ਦਾ ਉਧਾਰ ਕਰ ਰਹੇ ਸਨ। ਭਾਈ ਅਜਿੱਤਾ (ਰੰਧਾਵਾ) ਜੀ ਨੂੰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਿੰਡ ਵਸਾਉਣ ਦੀ ਤਜਵੀਜ਼ ਕੀਤੀ ਸੀ ਤਾਂ ਪਿੰਡ ਦੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਉਸ ਦੇ ਹਵਾਲੇ ਕਰ ਦਿੱਤੀਆਂ। ਗੁਰੂ ਜੀ ਨੇ ‘ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ’ ਦਾ ਉਪਦੇਸ਼ ਸੰਗਤ ਨੂੰ ਦਿੱਤਾ। ਕ੍ਰੋੜੀ ਨਾਂ ਦੇ ਚੌਧਰੀ ਨੇ ਪਹਿਲਾਂ ਤਾਂ ਕੋਸ਼ਿਸ਼ ਕੀਤੀ ਕਿ ਕਰਤਾਰਪੁਰ ਨਾ ਵੱਸੇ ਪਰ ਜਦੋਂ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਆਪਣੀ 100 ਵਿਘੇ ਜ਼ਮੀਨ ਨਗਰ ਦੇ ਨਾਂ ਕਰ ਦਿੱਤੀ। ਭਾਈ ਦੁਨੀ ਚੰਦ ਅਤੇ ਹੋਰ ਕਿਤਨੇ ਹੀ ਸ਼ਰਧਾਲੂ ਆ ਕੇ ਕਰਤਾਰਪੁਰ ਵੱਸ ਗਏ। ਬਾਬਾ ਬੁੱਢਾ ਜੀ ਘਰ ਦਾ ਕੰਮ-ਕਾਰ ਸੰਭਾਲ ਕੇ ਰੋਜ਼ਾਨਾ ਗੁਰੂ ਜੀ ਦੇ ਦਰਬਾਰ ਵਿਚ ਹਾਜ਼ਰੀ ਭਰਦੇ ਅਤੇ ਆਈ ਸੰਗਤ ਦੀ ਹੱਥੀਂ ਸੇਵਾ ਕਰਦੇ। ਸ੍ਰੀ ਗੁਰੂ ਨਾਨਕ ਦੇਵ ਜੀ ਵੀ ਬਾਬਾ ਜੀ ਨੂੰ ਬਹੁਤ ਪਿਆਰ ਕਰਦੇ ਸਨ। ਬਾਬਾ ਜੀ ਨੇ ‘ਲੰਡੇ’ ਅਤੇ ‘ਟਾਕਰੀ’ ਆਪਣੇ ਪਿਤਾ ਜੀ ਪਾਸੋਂ ਸਿੱਖੇ ਸਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿਚ ਆ ਕੇ ਉਨ੍ਹਾਂ ਨੇ ਗੁਰੂ ਸਾਹਿਬ ਤੋਂ ਗੁਰਮੁਖੀ ਦਾ ਗਿਆਨ ਪ੍ਰਾਪਤ ਕੀਤਾ। ਗੁਰੂ ਜੀ ਦੇ ਹੁਕਮ ਅਨੁਸਾਰ ਆਪ ਸਤਿਗੁਰੂ ਜੀ ਦੀ ਬਾਣੀ ਅਤੇ ਭਗਤਾਂ ਦੀ ਬਾਣੀ ਪੜ੍ਹਦੇ। ਇਸ ਤਰ੍ਹਾਂ ਆਪ ਜੀ ਨੂੰ ਬਹੁਤ ਸਾਰੀ ਬਾਣੀ ਕੰਠ ਹੋ ਗਈ ਸੀ।
ਜਦੋਂ ਬਾਬਾ ਬੁੱਢਾ ਜੀ ਦੀ ਉਮਰ ਸਤਾਰ੍ਹਾਂ ਕੁ ਸਾਲ ਦੀ ਹੋਈ ਤਾਂ ਆਪ ਜੀ ਦੇ ਮਾਤਾ-ਪਿਤਾ ਨੇ ਆਪ ਜੀ ਦੀ ਸ਼ਾਦੀ ਅੱਚਲ ਪਿੰਡ ਦੇ ਵਸਨੀਕ ਬੀਬੀ ਮਿਰੋਆਂ ਜੀ ਨਾਲ ਪੂਰਨ ਗੁਰ-ਮਰਯਾਦਾ ਨਾਲ ਕੀਤੀ। ਆਪ ਜੀ ਦੇ ਵਿਆਹ ਵਿਚ ਗੁਰੂ ਜੀ ਦਾ ਪਰਵਾਰ ਵੀ ਸ਼ਾਮਲ ਹੋਇਆ। ਆਪ ਜੀ ਦੇ ਘਰ ਚਾਰ ਸਪੁੱਤਰਾਂ- ਭਾਈ ਸੁਧਾਰੀ ਜੀ, ਭਾਈ ਭਿਖਾਰੀ ਜੀ, ਭਾਈ ਮਹਿਮੂ ਜੀ, ਅਤੇ ਭਾਈ ਭਾਨਾ ਜੀ ਨੇ ਜਨਮ ਲਿਆ। ਕੁਝ ਸਮਾਂ ਬਾਅਦ ਬਾਬਾ ਬੁੱਢਾ ਜੀ ਦੇ ਪਿਤਾ ਭਾਈ ਸੁੱਘਾ ਜੀ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਸਸਕਾਰ ਕਰ ਕੇ ਆਪ ਜੀ ਅਜੇ ਸਾਕ-ਸਨਬੰਧੀਆਂ ਨਾਲ ਘਰ ਹੀ ਆਏ ਸਨ ਕਿ ਬਾਬਾ ਜੀ ਦੇ ਮਾਤਾ ਗੌਰਾਂ ਜੀ ਵੀ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਿਨਾਂ ਵਿਚ ਮ੍ਰਿਤਕ ਦੇ ਅੰਤਿਮ ਸਮਾਗਮਾਂ ਵਿਚ ਬਹੁਤ ਵਹਿਮ-ਭਰਮ ਅਤੇ ਕਰਮਕਾਂਡ ਕੀਤੇ ਜਾਂਦੇ ਸਨ। ਪਰੰਤੂ ਬਾਬਾ ਬੁੱਢਾ ਜੀ ਨੇ ਆਪਣੇ ਮ੍ਰਿਤਕ ਮਾਪਿਆਂ ਦੇ ਸੰਬੰਧ ਵਿਚ ਗੁਰਮਤਿ ਦੀ ਛਤਰ-ਛਾਇਆ ਹੇਠ ਸਭ ਕਰਮਕਾਂਡਾਂ ਨੂੰ ਠੁਕਰਾ ਕੇ ਪੂਰਨ ਗੁਰਸਿੱਖ ਹੋਣ ਦਾ ਸਬੂਤ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਆਪ ਜੀ ਦੇ ਸਿਰ ’ਤੇ ਦਸਤਾਰ ਸਜਾ ਕੇ ਆਪ ਨੂੰ ਪਰਵਾਰ ਦੀ ਜ਼ਿੰਮੇਵਾਰੀ ਸੰਭਾਲਣ ਦਾ ਅਤੇ ਸਮਾਜ ਵਿਚ ਗੁਰਸਿੱਖੀ ਦਾ ਪ੍ਰਚਾਰ ਕਰਦੇ ਹੋਏ ਹਰ ਇਕ ਦੇ ਦੁੱਖ- ਸੁਖ ਵਿਚ ਸ਼ਾਮਲ ਹੋਣ ਦਾ ਉਪਦੇਸ਼ ਦਿੱਤਾ। ਬਾਬਾ ਬੁੱਢਾ ਜੀ, ਮਾਤਾ-ਪਿਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਪਰਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਉਂਦੇ ਹੋਏ ਕਿਰਤ ਕਰ ਕੇ ਗ੍ਰਿਹਸਤ ਧਰਮ ਦੀ ਪਾਲਣਾ ਕਰਦੇ ਰਹੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਤਰਾਧਿਕਾਰੀ ਦੀ ਚੋਣ ਕਰਨੀ ਸੀ ਤੇ ਆਪਣੀ ਜੋਤ ਭਾਈ ਲਹਿਣਾ ਜੀ ਵਿਚ ਪਰਵਰਤਿਤ ਕਰਨੀ ਸੀ ਤਾਂ ਉਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਤਖ਼ਤ ’ਤੇ ਬਿਠਾਇਆ ਤੇ ਤਿਲਕ ਲਗਾਉਣ ਲਈ ਬਾਬਾ ਬੁੱਢਾ ਜੀ ਨੂੰ ਹੀ ਆਖਿਆ। ਜੂਨ 1539 ਈ: ਵਿਚ ਆਪਣਾ ਅੰਗ ਜਾਣ ਭਾਈ ਲਹਿਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਬਣਾ ਦਿੱਤਾ, ਜਿਸ ਦਾ ਜ਼ਿਕਰ ਗਿਆਨੀ ਗਿਆਨ ਸਿੰਘ ‘ਪੰਥ ਪ੍ਰਕਾਸ਼’ ਵਿਚ ਕਰਦੇ ਹਨ:
ਜਦਪਿ ਸੇਵਕ ਸਿਖ ਥੇ ਔਰੈਂ। ਸ੍ਰੀ ਬੁੱਢੈ ਲੌ ਅਨ ਕੈ ਗੌਰੈਂ।
ਸ੍ਰੀ ਗੁਰੂ ਅੰਗਦ ਦੇਵ ਜੀ ਗੁਰਿਆਈ ਪ੍ਰਾਪਤ ਕਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਖਡੂਰ ਸਾਹਿਬ ਆ ਗਏ। ਖਡੂਰ ਸਾਹਿਬ ਆ ਕੇ ਉਨ੍ਹਾਂ ਨੇ ਨਵੀਂ ਧਰਮਸ਼ਾਲ ਸਥਾਪਤ ਕੀਤੀ। ਸ੍ਰੀ ਗੁਰੂ ਅੰਗਦ ਦੇਵ ਜੀ ਗੁਰਗੱਦੀ ਦੇ ਝਗੜੇ ਕਾਰਨ ਮਾਤਾ ਭਿਰਾਈ ਜੀ ਪਾਸ ਗੁਪਤਵਾਸ ਹੋ ਗਏ। ਸੰਗਤਾਂ ਗੁਰੂ-ਦਰਸ਼ਨਾਂ ਦੀ ਤਾਂਘ ਵਿਚ ਉਤਾਵਲੀਆਂ ਹੋ ਗਈਆਂ। ਮਾਤਾ ਭਿਰਾਈ ਜੀ ਰਾਹੀਂ ਬਾਬਾ ਬੁੱਢਾ ਜੀ ਨੇ ਗੁਰੂ ਜੀ ਦਾ ਗੁਪਤ ਨਿਵਾਸ ਅਸਥਾਨ ਲੱਭ ਲਿਆ।ਬਾਬਾ ਬੁੱਢਾ ਜੀ ਨੇ ਭਾਈ ਬਲਵੰਡ ਜੀ ਨੂੰ ਕੀਰਤਨ ਕਰਨ ਲਈ ਕਿਹਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਬਾਹਰ ਆ ਗਏ। ਸੰਗਤਾਂ ਬਾਬਾ ਬੁੱਢਾ ਜੀ ਦੀ ਅਗਵਾਈ ਵਿਚ ਗੁਰੂ-ਦਰਸ਼ਨ ਕਰ ਕੇ ਤ੍ਰਿਪਤ ਹੋ ਗਈਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਯਾਦਗਾਰੀ ਅਸਥਾਨ ਕਰਤਾਰਪੁਰ ਵੱਲ ਰਾਵੀ ਦਰਿਆ ਦਾ ਰੁਖ਼ ਹੋਣ ਕਰਕੇ, ਹਰ ਸਾਲ ਹੜ੍ਹ ਆਉਣ ਕਾਰਨ ਨਗਰ ਪਾਣੀ ਦੀ ਲਪੇਟ ਵਿਚ ਆ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਇਕ ਯਾਦਗਾਰੀ ਨਗਰ ਵਸਾਉਣ ਦੀ ਯੋਜਨਾ ਬਣਾਈ। ਇਸ ਕੰਮ ਲਈ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਸਾਹਿਬ ਦੇ ਪਿਆਰੇ ਸਿੱਖ ਭਾਈ ਕਮਲੀਆ ਜੀ ਨੂੰ ਬਾਬਾ ਬੁੱਢਾ ਜੀ ਦੇ ਘਰ ਭੇਜ ਕੇ ਨਵਾਂ ਨਗਰ ਵਸਾਉਣ ਦੀ ਯੋਜਨਾ ਬਾਰੇ ਜਾਣੂ ਕਰਵਾਇਆ। ਬਾਬਾ ਬੁੱਢਾ ਜੀ ਨੇ ਰਾਵੀ ਦਰਿਆ ਦੇ ਪਾਰ ਇਕ ਉੱਚੇ ਤੇ ਰਮਣੀਕ ਸਥਾਨ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ’ਚ ‘ਡੇਰਾ ਬਾਬਾ ਨਾਨਕ’ ਨਾਂ ਦੇ ਨਗਰ ਦੀ ਨੀਂਹ ਰੱਖੀ।
ਸ੍ਰੀ ਗੁਰੂ ਅੰਗਦ ਦੇਵ ਜੀ ਗੁਰਮੁਖੀ ਨੂੰ ਦੂਸਰੀਆਂ ਭਾਸ਼ਾਵਾਂ ਨਾਲੋਂ ਮਿਆਰੀ ਜਾਣ ਕੇ ਉਸ ਦਾ ਪ੍ਰਚਾਰ ਸੰਗਤ ਵਿਚ ਕਰਨਾ ਚਾਹੁੰਦੇ ਸਨ। ਇਸ ਕੰਮ ਲਈ ਉਨ੍ਹਾਂ ਨੇ ਬਾਬਾ ਬੁੱਢਾ ਜੀ ਦੀ ਜ਼ਿੰਮੇਵਾਰੀ ਲਾਈ ਅਤੇ ਬਾਬਾ ਜੀ ਨੇ ਸੰਗਤਾਂ ਨੂੰ ਗੁਰਮੁਖੀ ਪੜ੍ਹਾਉਣ ਦੀ ਸੇਵਾ ਦਾ ਕੰਮ ਬਾਖ਼ੂਬੀ ਨਿਭਾਇਆ ਅਤੇ ਇਸ ਲਈ ਇਕ ਪਾਠਸ਼ਾਲਾ ਵੀ ਖੋਲ੍ਹੀ।
ਖਡੂਰ ਸਾਹਿਬ ਵਿਖੇ ਇਕ ਸ਼ਿਵਨਾਥ ਨਾਮ ਦਾ ਤਪਾ ਰਹਿੰਦਾ ਸੀ, ਜੋ ਜੰਤਰਾਂ- ਮੰਤਰਾਂ ਦਾ ਡਰ ਦੇ ਕੇ ਭੋਲੇ-ਭਾਲੇ ਲੋਕਾਂ ਨੂੰ ਲੁੱਟਦਾ ਰਹਿੰਦਾ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਚਾਰ ਸਦਕਾ ਤਪੇ ਦੇ ਭਰਮ-ਜਾਲ ਤੋਂ ਸੰਗਤ ਸੁਚੇਤ ਹੋ ਗਈ ਸੀ। ਇਕ ਵਾਰ ਬਰਸਾਤ ਦੇ ਮਹੀਨੇ ਵਿਚ ਮੀਂਹ ਨਹੀਂ ਸੀ ਪੈ ਰਿਹਾ ਜਿਸ ਕਾਰਨ ਫ਼ਸਲਾਂ ਸੁੱਕ ਰਹੀਆਂ ਸਨ। ਕੁਝ ਅੰਧ-ਵਿਸ਼ਵਾਸੀ ਲੋਕਾਂ ਨੇ ਤਪੇ ਅੱਗੇ ਮੀਂਹ ਪਵਾਉਣ ਦੀ ਬੇਨਤੀ ਕੀਤੀ ਤਾਂ ਉਸ ਨੇ ਭੋਲੇ-ਭਾਲੇ ਲੋਕਾਂ ਨੂੰ ਗੁਰੂ ਜੀ ਦੇ ਵਿਰੁੱਧ ਭੜਕਾ ਦਿੱਤਾ ਕਿ ਗੁਰੂ ਜੀ ਨੂੰ ਪਿੰਡ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਤਾਂ ਹੀ ਮੀਂਹ ਪਵੇਗਾ। ਜਦੋਂ ਗੁਰੂ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਪਿੰਡ ਛੱਡ ਕੇ ਚਲੇ ਗਏ। ਜਦੋਂ ਗੁਰੂ ਜੀ ਨੂੰ ਕਈ ਦਿਨ ਪਿੰਡ ਤੋਂ ਗਿਆਂ ਨੂੰ ਹੋ ਗਏ ਤਾਂ ਵੀ ਮੀਂਹ ਨਹੀਂ ਪਿਆ। ਲੋਕਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤਾਂ ਉਹ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਲੱਭ ਕੇ ਉਨ੍ਹਾਂ ਦੀ ਹਜ਼ੂਰੀ ਵਿਚ ਹਾਜ਼ਰ ਹੋ ਕੇ ਗੁਰੂ ਜੀ ਤੋਂ ਮੁਆਫ਼ੀ ਮੰਗ ਕੇ ਉਨ੍ਹਾਂ ਨੂੰ ਵਾਪਸ ਲੈ ਕੇ ਆਏ।
‘ਗੋਇੰਦੇ’ ਨਾਂ ਦਾ ਇਕ ਖੱਤਰੀ ਸੀ ਜਿਸ ਦੀ ਜ਼ਮੀਨ ਬਿਆਸ ਦਰਿਆ ਦੇ ਕੰਢੇ ਨਾਲ ਲੱਗਦੀ ਸੀ, ਉਹ ਇਸ ਥਾਂ ’ਤੇ ਨਗਰ ਵਸਾਉਣਾ ਚਾਹੁੰਦਾ ਸੀ। ਉਹ ਦਿਨ ਵਿਚ ਜੋ ਵੀ ਉਸਾਰੀ ਕਰਦਾ ਸੀ ਉਸ ਦੇ ਵਿਰੋਧੀ ਰਾਤ ਨੂੰ ਉਸ ਨੂੰ ਤਬਾਹ ਕਰ ਦਿੰਦੇ ਸਨ ਅਤੇ ਰੌਲਾ ਪਾ ਦਿੰਦੇ ਸਨ ਕਿ ਇਹ ਕਿਸੇ ਭੂਤ-ਪ੍ਰੇਤ ਨੇ ਕੀਤਾ। ਵਹਿਮਾਂ-ਭਰਮਾਂ ਦਾ ਸ਼ਿਕਾਰ ਗੋਇੰਦਾ ਖਡੂਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਸ਼ਰਨ ਵਿਚ ਆਇਆ। ਗੁਰੂ ਸਾਹਿਬ ਜੀ ਨੇ ਗੋਇੰਦੇ ਦੀ ਦੱਸੀ ਥਾਂ ’ਤੇ (ਗੁਰੂ) ਅਮਰਦਾਸ ਜੀ ਨੂੰ ਨਗਰ ਵਸਾਉਣ ਦਾ ਹੁਕਮ ਕੀਤਾ। (ਗੁਰੂ) ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਆਦਿ ਸਿੱਖਾਂ ਨੂੰ ਭਾਈ ਗੋਇੰਦੇ ਦੇ ਨਾਲ ਲੈ ਕੇ ਸੰਨ 1546 ਈ. ਵਿਚ ਗੋਇੰਦਵਾਲ ਨਗਰ ਵਸਾਇਆ। ਬਾਬਾ ਬੁੱਢਾ ਜੀ ਕੁਝ ਸਮਾਂ ਗੋਇੰਦਵਾਲ ਗੁਰੂ-ਦਰਬਾਰ ਵਿਚ ਰਹਿ ਕੇ ਸੇਵਾ ਕਰਦੇ ਰਹੇ।
ਬਾਬਾ ਬੁੱਢਾ ਜੀ ਦੇ ਸਭ ਤੋਂ ਛੋਟੇ ਸਪੁੱਤਰ ਭਾਈ ਭਾਨਾ ਜੀ ਨੇ ਇਕ ਖ਼ੂਬਸੂਰਤ ਨਗਰ ਵਸਾਇਆ ਜਿਸ ਦਾ ਨਾਮ ‘ਭਾਨਾ ਤਲਵੰਡੀ’ ਰੱਖਿਆ ਗਿਆ। ਬਾਬਾ ਬੁੱਢਾ ਜੀ ਨੇ ਸੰਗਤ ਦੀ ਮੰਗ ’ਤੇ ਇਸ ਨਗਰ ਵਿਚ ਇਕ ਖੂਹ ਖੁਦਵਾਇਆ ਅਤੇ ਇੱਟਾਂ ਤਿਆਰ ਕਰਵਾ ਕੇ ਖੂਹ ਨੂੰ ਪੱਕਿਆਂ ਕੀਤਾ। ਇਸ ਖੂਹ ਦਾ ਨਾਂ ‘ਬਾਬਾ ਬੁੱਢਾ ਜੀ ਦਾ ਖੂਹ’ ਕਰਕੇ ਮਸ਼ਹੂਰ ਹੈ।
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਗੁਰਗੱਦੀ ਦੀ ਜ਼ਿੰਮੇਵਾਰੀ ਸੇਵਾ ਤੇ ਸਿਮਰਨ ਦੇ ਪੁੰਜ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ। ਸ੍ਰੀ ਗੁਰੂ ਅੰਗਦ ਦੇਵ ਜੀ 29 ਮਾਰਚ, 1552 ਵਿਚ ਜੋਤੀ-ਜੋਤਿ ਸਮਾ ਗਏ। ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਉੱਤਰਾਧਿਕਾਰੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦਿੱਤੀ ਤਾਂ ਪੁਰਾਣੇ ਸਿਦਕੀ ਸਿੱਖ ਵੀ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਸਨ। ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਆਪਣੇ ਹੱਥੀਂ ਤਿਲਕ ਲਗਾਇਆ। ਬਾਬਾ ਦਾਤੂ ਜੀ ਨੇ ਗੁਰੂ ਜੀ ਦੀ ਨਿਰਾਦਰੀ ਕੀਤੀ ਜਿਸ ਨੂੰ ਬਾਬਾ ਬੁੱਢਾ ਜੀ ਸਹਿਣ ਨਾ ਕਰ ਸਕੇ। ਉਨ੍ਹਾਂ ਨੇ ਸੰਗਤਾਂ ਨੂੰ ਸਮਝਾਇਆ ਕਿ ਗੱਦੀ ਦੇ ਅਸਲੀ ਮਾਲਕ ਸ੍ਰੀ ਗੁਰੂ ਅਮਰਦਾਸ ਜੀ ਹਨ। ਇਨ੍ਹਾਂ ਨੂੰ ਗੁਰਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਹੱਥੀਂ ਸੌਂਪੀ ਤੇ ਗੁਰੂ-ਘਰ ਦੇ ਇਸ ਨਿਮਾਣੇ ਸੇਵਕ ਨੇ ਗੁਰੂ ਸਾਹਿਬ ਦੇ ਆਦੇਸ਼ ਮੁਤਾਬਕ ਆਪਣੇ ਹੱਥੀਂ ਤਿਲਕ ਲਗਾਇਆ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ-ਹੁਕਮ ਅਨੁਸਾਰ ਗੋਇੰਦਵਾਲ ਨੂੰ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੇਂਦਰ ਬਣਾਇਆ। ਗੁਰਗੱਦੀ ’ਤੇ ਵਿਰਾਸਤੀ ਹੱਕ ਜਤਾਉਂਦਿਆਂ ਬਾਬਾ ਦਾਤੂ ਜੀ ਨੇ ਗੁਰੂ ਜੀ ਨਾਲ ਝਗੜਾ ਜਾਰੀ ਰੱਖਿਆ। ਗੁਰੂ ਜੀ ਗੋਇੰਦਵਾਲ ਛੱਡ ਕੇ ਬਾਸਰਕੇ ਆ ਗਏ ਤੇ ਇਕ ਕਮਰੇ ਵਿਚ ਬਾਹਰੋਂ ਬੂਹਾ ਬੰਦਾ ਕਰਵਾ ਕੇ ਬੰਦਗੀ ਕਰਨ ਲੱਗ ਪਏ। ਗੋਇੰਦਵਾਲ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਆਉਂਦੀਆਂ ਪਰ ਗੁਰੂ-ਦਰਸ਼ਨਾਂ ਤੋਂ ਬਿਨਾਂ ਵਿਆਕੁਲ ਹੋ ਜਾਂਦੀਆਂ। ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ। ਬਾਬਾ ਜੀ ਸੰਗਤਾਂ ਦੀ ਬੇਨਤੀ ਨੂੰ ਮੰਨਦਿਆਂ ਸੰਗਤਾਂ ਦੇ ਨਾਲ ਬਾਸਰਕੇ ਵੱਲ ਤੁਰ ਪਏ। ਬਾਬਾ ਬੁੱਢਾ ਜੀ ਸੰਗਤਾਂ ਦੀ ਸਿੱਕ ਨੂੰ ਤ੍ਰਿਪਤ ਕਰਨਾ ਚਾਹੁੰਦੇ ਸਨ ਤੇ ਗੁਰੂ ਦੇ ਹੁਕਮ ਦੀ ਅਵੱਗਿਆ ਵੀ ਨਹੀਂ ਕਰਨਾ ਚਾਹੁੰਦੇ ਸਨ। ਬਾਬਾ ਜੀ ਨੇ ਕੋਠੇ ਦੇ ਪਿਛਲੇ ਪਾਸੇ ਪਾੜ ਮਾਰ ਕੇ (ਸੰਨ੍ਹ ਲਾ ਕੇ) ਗੁਰੂ ਜੀ ਦੇ ਦਰਸ਼ਨ ਕਰ ਕੇ ਤ੍ਰਿਪਤੀ ਕੀਤੀ ਤੇ ਆਪਣੀ ਗ਼ਲਤੀ ਦੀ ਖ਼ਿਮਾ ਜਾਚਨਾ ਕੀਤੀ। ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਤੁਸੀਂ ਸਾਡੇ ਹੁਕਮ ਦੀ ਉਲੰਘਣਾ ਕੀਤੀ ਹੈ। ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਕਿਹਾ, “ਮਹਾਰਾਜ! ਸੇਵਕ ਨੇ ਆਪ ਜੀ ਦੇ ਹੁਕਮ ਦੀ ਉਲੰਘਣਾ ਨਹੀਂ ਕੀਤੀ। ਵੇਖ ਲਉ, ਬੂਹਾ ਬੰਦ ਹੈ। ਸੇਵਕ ਤਾਂ ਸੰਨ੍ਹ ਲਾ ਕੇ ਅੰਦਰ ਆਇਆ ਹੈ।” ਗੁਰੂ ਜੀ, ਬਾਬਾ ਜੀ ਦੀ ਸੂਖ਼ਮ ਸੂਝ ਤੇ ਲਿਆਕਤ ਤੋਂ ਬਹੁਤ ਪ੍ਰਭਾਵਿਤ ਹੋਏ। ਬਾਬਾ ਜੀ ਸੰਗਤ ਨਾਲ ਦਰਸ਼ਨ ਕਰ ਕੇ ਗੋਇੰਦਵਾਲ ਸਾਹਿਬ ਵਾਪਸ ਆ ਗਏ।
ਬਾਬਾ ਜੀ ਦਾ ਗੁਰੂ-ਘਰ ਨਾਲ ਬੜਾ ਮੋਹ ਸੀ। ਉਹ ਸਿੱਖੀ ਨੂੰ ਠੇਸ ਪਹੁੰਚਾਉਣ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਉਂਦੇ ਸਨ। ਗੋਇੰਦਵਾਲ ਸਾਹਿਬ ਆ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਉਸੇ ਮਰਯਾਦਾ ਨੂੰ ਫਿਰ ਸੁਰਜੀਤ ਕੀਤਾ। ਉਨ੍ਹਾਂ ਨੇ ਅਨੁਭਵ ਕੀਤਾ ਕਿ ਇਤਨੇ ਜਤਨ ਕਰਨ ਦੇ ਬਾਵਜੂਦ ਵੀ ਸੁੱਚ-ਭਿੱਟ ਦਾ ਖ਼ਿਆਲ ਲੋਕਾਂ ਦੇ ਮਨਾਂ ਵਿੱਚੋਂ ਪੂਰੀ ਤਰ੍ਹਾਂ ਨਹੀਂ ਗਿਆ। ਉਨ੍ਹਾਂ ਨੇ ਇਸ ਸਦੀਵੀ ਹੱਲ ਲਈ ਬਾਉਲੀ ਬਣਵਾਉਣੀ ਚਾਹੀ ਜਿਸ ਦਾ ਜਲ ਲੈਣ ਲਈ ਹਰ ਜੀਵ ਨੂੰ ਪੌੜੀਆਂ ਤੋਂ ਹੇਠਾਂ ਉਤਰਨਾ ਪਵੇ। ਹਰ ਇਲਾਕੇ ਦਾ ਮਨੁੱਖ ਇਸ਼ਨਾਨ ਕਰ, ਵਿਤਕਰਿਆਂ ਰੂਪੀ ਚੌਰਾਸੀ ਤੋਂ ਮੁਕਤ ਹੋ ਸਕੇ।
ਗੁਰੂ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਹੀ ਵੈਸਾਖੀ ਵਾਲੇ ਦਿਨ ਬਾਉਲੀ ਦਾ ਕਹੀ ਨਾਲ ਪਹਿਲਾ ਟੱਕ ਲਗਵਾਇਆ। ਇਸ ਪਵਿੱਤਰ ਕਾਰਜ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ ਤੇ ਇਸ ਨੂੰ ਸੰਪੂਰਨ ਹੋਣ ਵਿਚ ਛੇ ਸਾਲ ਲੱਗੇ।
ਸਿੱਖੀ ਦਾ ਵਧਦਾ ਫੈਲਾਅ ਦੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਖੇਤਰ ਨੂੰ ਨਿਯਮਬੱਧ ਕਰਨ ਲਈ 22 ਮੰਜੀਆਂ ਦੀ ਸਥਾਪਨਾ ਕੀਤੀ। ਇਸ ਮੰਜੀ ਪ੍ਰਥਾ ਦੇ ਮੁੱਖ ਪ੍ਰਬੰਧਕ ਬਾਬਾ ਬੁੱਢਾ ਜੀ ਹੀ ਸਨ। ਜਦੋਂ ਅਕਬਰ ਬਾਦਸ਼ਾਹ ਪਹਿਲੀ ਵਾਰ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਤਾਂ ਬਾਬਾ ਬੁੱਢਾ ਜੀ ਨੇ ਹੀ ਬਾਦਸ਼ਾਹ ਨੂੰ ਇਸ ‘ਨਿਰਮਲ ਪੰਥ’ ਬਾਰੇ ਜਾਣੂ ਕਰਵਾਇਆ ਜਿਸ ’ਤੇ ਅਕਬਰ ਬਾਦਸ਼ਾਹ ਨੇ ਗੁਰੂ ਕੇ ਲੰਗਰ ਵਿੱਚੋਂ ਪਰਸ਼ਾਦਾ ਛਕਿਆ ਤੇ ਗੁਰੂ ਜੀ ਦੇ ਦਰਸ਼ਨ ਕਰ ਕੇ ਬਹੁਤ ਪ੍ਰਭਾਵਿਤ ਹੋਇਆ। ਜਾਂਦੇ ਸਮੇਂ ਤਿੰਨ ਪਿੰਡ ਬੀਬੀ ਭਾਨੀ ਜੀ ਦੇ ਨਾਂ ਲਗਾ ਗਿਆ ਅਤੇ ਜਦ ਤਕ ਜ਼ਿੰਦਾ ਰਿਹਾ, ਹਰ ਸਾਲ ਵੈਸਾਖੀ ਨੂੰ ਇਕ ਲੱਖ, ਪੰਝੀ ਹਜ਼ਾਰ ਰੁਪਏ ਭੇਟਾ ਵਜੋਂ ਭੇਜਦਾ ਰਿਹਾ। ਮਿਲੇ ਪਿੰਡਾਂ ਦੀ ਥਾਂ ਬਾਬਾ ਜੀ ਨੇ ‘ਗੁਰੂ ਕੀ ਰੱਖ’ ਬਣਾਈ ਜਿੱਥੇ ਪੰਛੀ ਤੇ ਪਸ਼ੂ ਖੁੱਲ੍ਹੇ ਫਿਰਦੇ ਸਨ। ਇਕ ਸੁੰਦਰ ਬਾਗ਼ ਵੀ ਬਾਬਾ ਜੀ ਨੇ ਬਣਵਾਇਆ, ਦੁਧਾਰੂ ਪਸ਼ੂ ਵੀ ਉਥੇ ਰੱਖੇ ਜਿਨ੍ਹਾਂ ਦਾ ਦੁੱਧ ਹਰ ਰੋਜ਼ ਗੁਰੂ ਕੇ ਲੰਗਰ ਲਈ ਜਾਂਦਾ ਸੀ।
ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ-ਘਰ ਦੀ ਮਰਯਾਦਾ ਅਨੁਸਾਰ ਗੁਰਗੱਦੀ ਦੇ ਯੋਗ ਅਧਿਕਾਰੀ ਭਾਈ ਜੇਠਾ ਜੀ ਨੂੰ ਗੁਰਗੱਦੀ ’ਤੇ ਬਿਰਾਜਮਾਨ ਕਰ, ਬਾਬਾ ਬੁੱਢਾ ਜੀ ਤੋਂ ਗੁਰਿਆਈ ਦਾ ਤਿਲਕ ਲਗਵਾਇਆ ਤੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਬਣਾਇਆ। ਕੁਝ ਸਮੇਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਸੰਨ 1574 ਈ: ਵਿਚ ਜੋਤੀ-ਜੋਤਿ ਸਮਾ ਗਏ। ਬਾਬਾ ਬੁੱਢਾ ਜੀ ਨੇ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਸਮੇਂ ਸਾਰੀਆਂ ਰਸਮਾਂ ਆਪਣੇ ਹੱਥੀਂ ਕੀਤੀਆਂ। ਬਾਬਾ ਮੋਹਰੀ ਜੀ ਤਾਂ ਸਨਮੁਖ ਹੋਏ ਪਰ ਬਾਬਾ ਮੋਹਨ ਜੀ ਨੇ ਬਹੁਤ ਰੋਸ ਮਨਾਇਆ।
ਸ੍ਰੀ ਅੰਮ੍ਰਿਤਸਰ ਲਈ ਵੀ ਬਾਬਾ ਬੁੱਢਾ ਜੀ ਨੇ ਬੜੀ ਸੇਵਾ ਕੀਤੀ। ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਮੰਨ ਕੇ ਸੰਮਤ 1627 ਨੂੰ ਸਰੋਵਰ ਦਾ ਟੱਕ ਲਗਾਇਆ ਜਿਸ ਨੂੰ ‘ਸੰਤੋਖ ਸਰ’ ਆਖਿਆ ਜਾਂਦਾ ਹੈ ਤੇ ਨਾਲ ਹੀ ‘ਗੁਰੂ ਕਾ ਚੱਕ’ ਨਗਰ ਦੀ ਸੇਵਾ ਵੀ ਬਾਬਾ ਬੁੱਢਾ ਜੀ ਆਪ ਕਰਵਾਉਂਦੇ ਰਹੇ। ਸ੍ਰੀ ਗੁਰੂ ਰਾਮਦਾਸ ਜੀ ਨੇ ਸੰਮਤ 1634 ਨੂੰ ਇਕ ਹੋਰ ਵੱਡੇ ਸਰੋਵਰ ਦੀ ਖੁਦਾਈ ਸ਼ੁਰੂ ਕੀਤੀ ਜਿਸ ਦਾ ਨਾਮ ‘ਅੰਮ੍ਰਿਤ ਸਰ’ ਪ੍ਰਸਿੱਧ ਹੋਇਆ। ਗੁਰੂ ਸਾਹਿਬ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਦੁੱਖਭੰਜਨੀ ਬੇਰੀ ਕੋਲ ਟੱਕ ਲਗਾਇਆ। ਬਾਬਾ ਬੁੱਢਾ ਜੀ ਇਸ ਮਹਾਨ ਕੰਮ ਦੀ ਸੇਵਾ ਲਈ ਇਕ ਬੇਰ ਦੇ ਦਰੱਖ਼ਤ (ਬਾਬਾ ਬੁੱਢਾ ਜੀ ਦੀ ਬੇਰ) ਹੇਠ ਬੈਠ ਕੇ ਸੰਗਤਾਂ ਨੂੰ ਟੋਕਰੀਆਂ-ਕਹੀਆਂ ਦਿੰਦੇ ਹੁੰਦੇ ਸਨ। ਸ੍ਰੀ ਗੁਰੂ ਅਰਜਨ ਸਾਹਿਬ ਨੇ ਇਸ ਸਰੋਵਰ ਵਿਚਕਾਰ ‘ਸ੍ਰੀ ਹਰਿਮੰਦਰ ਸਾਹਿਬ’ ਦੀ ਨੀਂਹ ਰਖਵਾਈ। ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵੀ ਬਾਬਾ ਬੁੱਢਾ ਜੀ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਨਿਗਰਾਨੀ ਹੇਠ ਕਰਵਾਈ ਸੀ।
ਸ੍ਰੀ ਗੁਰੂ ਰਾਮਦਾਸ ਜੀ ਆਪਣੇ ਤਿੰਨਾਂ ਪੁੱਤਰਾਂ ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ ਤੇ (ਗੁਰੂ) ਅਰਜਨ ਦੇਵ ਜੀ ਵੱਲ ਦੇਖ ਰਹੇ ਸਨ। ਬਾਬਾ ਬੁੱਢਾ ਜੀ ਦੀ ਪਾਰਖੂ ਅੱਖ ਤੋਂ ਵੀ ਤਿੰਨੇ ਦੂਰ ਨਹੀਂ ਸਨ। ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਦੇਣ ਲਈ ਬਾਬਾ ਬੁੱਢਾ ਜੀ ਤੋਂ ਸਲਾਹ ਪੁੱਛੀ। ਬਾਬਾ ਬੁੱਢਾ ਜੀ ਦੀ ਸਲਾਹ ’ਤੇ ਉਨ੍ਹਾਂ ਨੇ ਆਪਣੇ ਛੋਟੇ ਸਪੁੱਤਰ (ਗੁਰੂ) ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ। ਬਾਬਾ ਬੁੱਢਾ ਜੀ ਤੋਂ ਗੁਰਿਆਈ ਦੀਆਂ ਰਸਮਾਂ ਪੂਰੀਆਂ ਕਰਵਾ ਕੇ ਆਪ ਪ੍ਰਭੂ- ਚਰਨਾਂ ਵਿਚ ਜਾ ਬਿਰਾਜੇ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਸਮੁੱਚੀ ਉਸਾਰੀ ਦੇ ਕੰਮਾਂ ਦਾ ਪ੍ਰਬੰਧ ਸੰਭਾਲ ਦਿੱਤਾ। ਪ੍ਰਿਥੀ ਚੰਦ ਨੇ ਗੁਰਗੱਦੀ ’ਤੇ ਹੱਕ ਜਤਾਉਣਾ ਚਾਹਿਆ ਪਰ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਸੰਗਤ ਨੂੰ ਇਸ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਕੀਤਾ ਤੇ ਗੁਰੂ-ਘਰ ਨਾਲ ਜੋੜੀ ਰੱਖਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨਾਲ ਅੰਮ੍ਰਿਤਸਰ ਸਰੋਵਰ ਵਿਚ ਸੁੰਦਰ ਸ੍ਰੀ ਹਰਿਮੰਦਰ ਸਾਹਿਬ ਨੂੰ ਉਸਾਰਨ ਬਾਰੇ ਵਿਚ ਵਿਚਾਰ-ਵਟਾਂਦਰਾ ਕੀਤਾ ਤਾਂ ਗੁਰੂ ਜੀ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲ੍ਹੋ ਜੀ ਅਤੇ ਹੋਰ ਮੁੱਖੀ ਸਿੱਖਾਂ ਦੀ ਨਿਗਰਾਨੀ ਹੇਠ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਹੋਇਆ। ਬਾਬਾ ਬੁੱਢਾ ਜੀ ਇਸ ਸੇਵਾ ਦੀ ਨਿਗਰਾਨੀ ਅੰਮ੍ਰਿਤ-ਸਰੋਵਰ ਦੀਆਂ ਪ੍ਰਕਰਮਾਂ ਵਿਚ ਇਕ ਬੇਰੀ ਹੇਠ ਬੈਠ ਕੇ ਕਰਦੇ ਸਨ।
ਸੰਨ 1590 ਈ. ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਧਰਮ ਪ੍ਰਚਾਰ ਲਈ ਰਵਾਨਾ ਹੋਏ ਤਾਂ ਬਾਬੇ ਦੀ ਬੀੜ ਵਿੱਚੋਂ ਗੁਰੂ ਜੀ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਮੌਜੂਦਾ ਤਰਨ ਤਾਰਨ ਵਾਲੇ ਸਥਾਨ ’ਤੇ ਪਹੁੰਚੇ। ‘ਤਵਾਰੀਖ਼ ਗੁਰੂ ਖਾਲਸਾ’ ਅਨੁਸਾਰ ਗੁਰੂ ਜੀ ਨੇ ਇਸ ਸਥਾਨ ’ਤੇ ਇਕ ਨਗਰ ਵਸਾਉਣ ਅਤੇ ਇਕ ਚੌੜਾ ਸਰੋਵਰ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ। ਗੁਰੂ ਜੀ ਦੀ ਇਸ ਇੱਛਾ ’ਤੇ ਫੁੱਲ ਚੜ੍ਹਾਉਣ ਲਈ ਬਾਬਾ ਬੁੱਢਾ ਜੀ ਨੇ ਨੂਰਦੀਨ, ਖਾਰਾ ਅਤੇ ਪਲਾਸੌਰ ਦੇ ਚੌਧਰੀਆਂ ਨਾਲ ਗੱਲ ਕੀਤੀ ਕਿਉਂਕਿ ਇਹ ਜ਼ਮੀਨ ਇਨ੍ਹਾਂ ਤਿੰਨਾਂ ਪਿੰਡਾਂ ਦੀ ਸਾਂਝੀ ਜੂਹ ਸੀ। ਗੁਰੂ ਜੀ ਨੇ ਇਹ 1800 ਵਿਘੇ ਜ਼ਮੀਨ ਮੁੱਲ ਲੈ ਕੇ ਸੰਨ 1590 ਵਿਚ ਤਰਨ ਤਾਰਨ ਦੀ ਨੀਂਹ ਰੱਖੀ ਅਤੇ ਇਕ ਵੱਡਾ ਸਰੋਵਰ ਬਣਵਾਇਆ।
ਗੁਰੂ ਕੇ ਮਹਿਲ ਮਾਤਾ ਗੰਗਾ ਜੀ ਗੁਰੂ-ਦਰਬਾਰ ਵਿਚ ਆਉਂਦੀ ਸੰਗਤ ਦੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਕਰਦੇ ਸਨ। ਇਕ ਵਾਰ ਆਪ ਗੁਰੂ ਜੀ ਪਾਸੋਂ ਆਗਿਆ ਲੈ ਕੇ ਬਾਬਾ ਬੁੱਢਾ ਜੀ ਅਤੇ ਸੰਗਤ ਵਾਸਤੇ ਗੁਰੂ ਕਾ ਲੰਗਰ (ਮਿੱਸੇ ਪਰਸ਼ਾਦੇ, ਲੱਸੀ, ਗੰਢੇ ਆਦਿ) ਲੈ ਕੇ ਬਾਬੇ ਦੀ ਬੀੜ (ਝਬਾਲ) ਵਿਖੇ ਪਹੁੰਚੇ। ਬਾਬਾ ਜੀ ਸਾਦਾ ਭੋਜਨ ਛਕਦੇ ਸਨ ਅਤੇ ਸਾਦਾ ਪਹਿਰਾਵਾ ਪਾਉਂਦੇ ਸਨ। ਬਾਬਾ ਜੀ ਨੇ ਬੜੇ ਪਿਆਰ ਨਾਲ ਪਰਸ਼ਾਦਾ ਛਕਿਆ ਅਤੇ ਮਾਤਾ ਗੰਗਾ ਜੀ ਨੂੰ ਮਹਾਂਬਲੀ ਪੁੱਤਰ ਹੋਣ ਦੀ ਅਸੀਸ ਦਿੱਤੀ:
ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ।
ਜਾ ਕੇ ਬਲ ਗੁਨ ਕਿਨਹੂੰ ਨਾ ਸੋਧਾ। (ਗੁਰਬਿਲਾਸ ਪਾ. ਛੇਵੀਂ)
ਜਦੋਂ ਬਾਲ ਸ੍ਰੀ ਹਰਿਗੋਬਿੰਦ ਸਾਹਿਬ ਥੋੜ੍ਹੇ ਵੱਡੇ ਹੋਏ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਦੀ ਅੱਖਰੀ ਵਿੱਦਿਆ ਅਤੇ ਸ਼ਸਤਰ ਵਿੱਦਿਆ ਦੇ ਨਾਲ ਘੋੜ ਸਵਾਰੀ ਦੀ ਸਿਖਲਾਈ ਆਦਿ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪੀ। ਸ੍ਰੀ ਗੁਰੂ ਅਰਜਨ ਦੇਵ ਜੀ ਬਾਲ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਉਂਗਲ ਫੜ ਕੇ ਆਪ ਬਾਬਾ ਜੀ ਪਾਸ ਬੀੜ ਸਾਹਿਬ ਵਿਖੇ ਲੈ ਕੇ ਗਏ। ਬਾਬਾ ਬੁੱਢਾ ਜੀ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਇਹ ਜ਼ਿੰਮੇਵਾਰੀ ਪੂਰੀ ਕੀਤੀ:
ਸ਼ਸਤ੍ਰ ਸ਼ਾਸਤ੍ਰ ਕੀ ਵਿਦ੍ਯਾ ਪਾਈ।
ਹਰਿ ਗੋਬਿੰਦ ਮਨ ਅਤਿ ਹਰਖਾਈ।
ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਬੀੜ ‘ਆਦਿ ਸ੍ਰੀ (ਗੁਰੂ) ਗ੍ਰੰਥ ਸਾਹਿਬ’ ਦੀ ਤਿਆਰੀ ਸ਼ੁਰੂ ਕੀਤੀ ਤਾਂ ਬਾਬਾ ਬੁੱਢਾ ਜੀ ਨੇ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਇਕੱਤਰ ਕਰਨ ਵਿਚ ਸ੍ਰੀ ਗੁਰੂ ਅਰਜਨ ਸਾਹਿਬ ਦੀ ਮਦਦ ਕੀਤੀ:
ਏਕ ਦਿਵਸ ਪ੍ਰਭ ਪ੍ਰਾਤਹਕਾਲ।
ਦਇਆ ਭਰੇ ਪ੍ਰਭ ਦੀਨ ਦਯਾਲ।
ਯਹ ਮਨ ਉਪਜੀ, ਪ੍ਰਗਟਿਓ ਜਗ ਪੰਥ।
ਤਿਹ ਕਾਰਨ ਕੀਜੈ ਅਬ ਗ੍ਰਿੰਥ॥2॥
ਜਦੋਂ ਗੁਰੂ ਸਾਹਿਬ ਆਦਿ ਸ੍ਰੀ (ਗੁਰੂ) ਗ੍ਰੰਥ ਸਾਹਿਬ ਵਿਚ ਬਾਣੀ ਦਰਜ ਕਰਨ ਲਈ ਬਾਬਾ ਮੋਹਨ ਜੀ ਤੋਂ ਪੋਥੀਆਂ ਲੈ ਕੇ ਆਦਰ ਸਹਿਤ ਪਾਲਕੀ ਵਿਚ ਰੱਖ ਕੇ ਸ੍ਰੀ ਅੰਮ੍ਰਿਤਸਰ ਪੁੱਜੇ ਤਾਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਸ੍ਰੀ (ਗੁਰੂ) ਹਰਿਗੋਬਿੰਦ ਸਾਹਿਬ ਜੀ ਅੱਗੋਂ ਲੈਣ ਲਈ ਗਏ। ਜਦੋਂ ਮਾਨਵਤਾ ਦੇ ਉਧਾਰ ਹਿਤ ਇਹ ਪਵਿੱਤਰ ਗ੍ਰੰਥ ਤਿਆਰ ਹੋ ਗਿਆ ਤਾਂ ਬਾਬਾ ਬੁੱਢਾ ਜੀ ਨੂੰ ਹੀ ਪਹਿਲੇ ਗ੍ਰੰਥੀ ਥਾਪਿਆ ਗਿਆ। ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਅਨੁਸਾਰ:
ਕਰਤ ਬਿਚਾਰ ਐਸ ਠਹਰਾਈ।
ਬੁੱਢਾ ਜੀ ਸੇਵਾ ਨਿਪੁਨਾਈ।
ਗੁਰ ਨਾਨਕ ਇਨ ਦਰਬਿ ਕਰਾਏ।
ਕਰਿ ਹੈ ਇਹੁ ਮਨਿ ਅਨੰਦੁ ਪਾਏ॥15॥
ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਜੀ ਸਾਹਿਬ ’ਤੇ ਸੁਸ਼ੋਭਿਤ ਕੀਤਾ ਤਾਂ ਗੁਰੂ ਜੀ ਨੇ ਬਾਬਾ ਜੀ ਨੂੰ ਸੰਬੋਧਨ ਕਰਦੇ ਕਿਹਾ:
ਬੁੱਢਾ ਸਾਹਿਬ ਖੋਲਹੁ ਗ੍ਰਿੰਥ।
ਲੇਹੁ ਆਵਾਜ਼ ਸੁਨਹਿ ਸਭਿ ਪੰਥ॥32॥
ਅਦਬ ਸੰਗ ਤਬਿ ਗ੍ਰਿੰਥ ਸੁਖੋਲਾ।
ਲੇ ਆਵਾਜ਼ ਬੁੱਢਾ ਮੁਖ ਬੋਲਾ॥33॥
ਜਦੋਂ ਆਦਿ ਸ੍ਰੀ (ਗੁਰੂ) ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਤਾਂ ਪਹਿਲਾ ਹੁਕਮਨਾਮਾ ਵੀ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਸਰਵਣ ਕਰਵਾਇਆ:
ਸੂਹੀ ਮਹਲਾ 5॥
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ॥
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ॥
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ॥ (ਪੰਨਾ 783)
ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਰਵਾਨਾ ਹੋਣ ਲੱਗੇ ਤਾਂ ਸੰਗਤ ਵਿਚ ਐਲਾਨ ਕਰ ਗਏ ਕਿ ਉਨ੍ਹਾਂ ਪਿੱਛੋਂ ਗੁਰਿਆਈ ਦੀ ਗੱਦੀ ਦਾ ਮਾਲਕ ਸਾਹਿਬਜ਼ਾਦਾ ਸ੍ਰੀ ਹਰਿਗੋਬਿੰਦ ਸਾਹਿਬ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਪਿੱਛੋਂ ਗੁਰੂ-ਹੁਕਮ ਅਨੁਸਾਰ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਿਆਈ ਦਾ ਤਿਲਕ ਲਗਾਇਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਗੁਰੂ ਜੀ ਨੇ ਬਾਬਾ ਜੀ ਦੇ ਹੱਥੀਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਤਾਂ ਜੋ ਜ਼ਾਲਮ ਹਕੂਮਤ ਦੀਆਂ ਵਧੀਕੀਆਂ ਦਾ ਮੁਕਾਬਲਾ ਕੀਤਾ ਜਾ ਸਕੇ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਸ਼ਹੀਦ ਪਿਤਾ ਦੀਆਂ ਇੱਛਾਵਾਂ ਅਨੁਸਾਰ ਤਿਆਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਅਕਾਲ ਬੁੰਗੇ (ਸ੍ਰੀ ਅਕਾਲ ਤਖ਼ਤ ਸਾਹਿਬ) ਦੀ ਉਸਾਰੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੇ ਸਹਿਯੋਗ ਸਹਿਤ ਖ਼ੁਦ ਕੀਤੀ:
ਕਿਸੀ ਰਾਜ ਨਹਿ ਹਾਥ ਲਗਾਯੋ।
ਬੁੱਢਾ ਔ ਗੁਰਦਾਸ ਬਨਾਯੋ। (ਗੁਰਬਿਲਾਸ ਪਾ. ਛੇਵੀਂ)
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੰਗਤਾਂ ਨੂੰ ਫ਼ੁਰਮਾਨ ਜਾਰੀ ਕੀਤਾ ਕਿ ਗੁਰੂ- ਦਰਬਾਰ ਵਿਚ ਉਹ ਚੰਗੇ ਸ਼ਸਤਰ, ਵਧੀਆ ਘੋੜੇ ਤੇ ਆਪਣੀਆਂ ਜਵਾਨੀਆਂ ਦੀਆਂ ਭੇਟਾਵਾਂ ਲੈ ਕੇ ਹਾਜ਼ਰ ਹੋਣ। ਮੁਗ਼ਲ ਹਕੂਮਤ ਨੂੰ ਇਹ ਕਿਸ ਤਰ੍ਹਾਂ ਬਰਦਾਸ਼ਤ ਹੋ ਸਕਦਾ ਸੀ ਕਿ ਕੋਈ ਉਨ੍ਹਾਂ ਦੇ ਬਰਾਬਰ ਸਰਕਾਰ ਬਣਾ ਕੇ ਫ਼ੁਰਮਾਨ ਜਾਰੀ ਕਰੇ? ਇਸ ਕਰਕੇ ਹੀ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਗਿਆ। ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੀ ਯਾਦ ਨੂੰ ਹਰ ਸਮੇਂ ਤਾਜ਼ਾ ਰੱਖਣ ਲਈ ਚੌਂਕੀ ਸਾਹਿਬ ਦੀ ਰੀਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਚਲਾਈ ਜੋ ਅੱਜ ਵੀ ਜਾਰੀ ਹੈ। ਮਾਤਾ ਜੀ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਗਵਾਲੀਅਰ ਗਏ। ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਦੀ ਆਗਿਆ ਨਾ ਹੋਈ ਤਾਂ ਗੁਰੂ-ਜੱਸ ਕਰਦੇ ਕਿਲ੍ਹੇ ਦੀ ਪਰਕਰਮਾ ਕਰਨ ਲੱਗ ਪਏ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ ਅੰਮ੍ਰਿਤਸਰ ਆਏ ਤਾਂ ਬਾਬਾ ਬੁੱਢਾ ਜੀ ਨੇ ਗੁਰੂ ਜੀ ਦੇ ਆਉਣ ਦੀ ਖੁਸ਼ੀ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਸਪੁੱਤਰ ਸ੍ਰੀ ਤੇਗ ਬਹਾਦਰ ਸਾਹਿਬ ਜੀ ਨੂੰ ਉਸ ਸਮੇਂ ਦੇ ਅਧਿਆਪਕਾਂ ਵਿੱਚੋਂ ਸਭ ਤੋਂ ਸੁਘੜ ਬਾਬਾ ਬੁੱਢਾ ਜੀ ਕੋਲ ਲੈ ਕੇ ਗਏ ਅਤੇ ਆਪ ਨੇ ਆਪਣੇ ਮੁਖਾਰਬਿੰਦ ’ਚੋਂ ਇਹ ਬਚਨ ਕੀਤੇ, “ਹੇ ਜਾਗ੍ਰਿਤ ਬਜ਼ੁਰਗਵਾਰ! ਆਪ ਨੇ ਮੈਨੂੰ ਵਿੱਦਿਆ ਪ੍ਰਦਾਨ ਕਰਨ ਦੀ ਭਰਪੂਰ ਕਿਰਪਾ ਕੀਤੀ ਸੀ, ਹੁਣ ਆਪ ਜੀ ਮੇਰੇ ਸਪੁੱਤਰ ਤੇਗ ਬਹਾਦਰ ਨੂੰ ਵਿੱਦਿਆ ਦਾ ਦਾਨ ਬਖ਼ਸ਼ ਕੇ ਕਿਰਤਾਰਥ ਕਰੋ।” ਸ੍ਰੀ ਤੇਗ ਬਹਾਦਰ ਸਾਹਿਬ ਜੀ ਨੇ ਬਾਬਾ ਜੀ ਅੱਗੇ ਸੀਸ ਨਿਵਾਇਆ ਜਿਨ੍ਹਾਂ ਨੇ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ ਅਤੇ ਸਿੱਖਿਆ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਨਿਭਾਈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਆਗਿਆ ਲੈ ਕੇ ਬਾਬਾ ਬੁੱਢਾ ਜੀ ਰਮਦਾਸ ਆ ਗਏ। ਬਾਬਾ ਬੁੱਢਾ ਜੀ ਹੁਣ ਬਹੁਤ ਬਿਰਧ ਹੋ ਚੁੱਕੇ ਸਨ। ਉਨ੍ਹਾਂ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਗੁਰੂ-ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਦੀ ਬੇਨਤੀ ਪ੍ਰਵਾਨ ਕਰ ਕੇ ਰਮਦਾਸ ਪਹੁੰਚੇ। ਬਾਬਾ ਜੀ ਆਪਣੇ ਆਖ਼ਰੀ ਜੀਵਨ ਦੀ ਖੁਸ਼ੀ ਪ੍ਰਤੀਤ ਕਰ ਰਹੇ ਸਨ। 14 ਮੱਘਰ, ਸੰਮਤ 1688 ਨੂੰ ਬਾਬਾ ਜੀ 125 ਸਾਲ ਦੀ ਉਮਰ ਭੋਗ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਹੱਥਾਂ ਵਿਚ ਅਕਾਲ ਚਲਾਣਾ ਕਰ ਗਏ। ਬਾਬਾ ਜੀ ਦਾ ਅੰਤਿਮ ਸੰਸਕਾਰ ਗੁਰੂ ਸਾਹਿਬ ਨੇ ਆਪਣੇ ਹੱਥੀਂ ਕੀਤਾ:
ਚਿਖਾ ਉਪਰ ਜਬ ਹੀ ਧਰੀ, ਸਾਹਿਬ ਬੁੱਢੇ ਦੇਹਿ।
ਹਰਿਗੋਬਿੰਦ ਕੇ ਨੈਣ ਤੇ, ਚਲਯੋ ਨੀਰ ਸਨੇਹ। (ਗੁਰਪ੍ਰਤਾਪ ਸੂਰਜ ਗ੍ਰੰਥ)
ਫਿਰ ਉਹ ਪਰਵਾਰ ਨੂੰ ਭਾਣਾ ਮੰਨਣ ਤੇ ਸੰਗਤਾਂ ਨੂੰ ਬਾਬਾ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਉਪਦੇਸ਼ ਕਰ ਕੇ ਅੰਮ੍ਰਿਤਸਰ ਵਾਪਸ ਆ ਗਏ।
ਬਾਬਾ ਬੁੱਢਾ ਜੀ ਤੋਂ ਪਿੱਛੋਂ ਉਨ੍ਹਾਂ ਦੇ ਸਪੁੱਤਰ ਭਾਈ ਭਾਨਾ ਜੀ ਨੇ ਆਪਣੇ ਸਮਕਾਲੀ ਸ੍ਰੀ ਗੁਰੂ ਹਰਿਰਾਇ ਜੀ ਨੂੰ, ਭਾਈ ਭਾਨਾ ਜੀ ਦੇ ਸਪੁੱਤਰ ਭਾਈ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਅਤੇ ਭਾਈ ਗੁਰਦਿੱਤਾ ਦੇ ਸਪੁੱਤਰ ਭਾਈ ਰਾਮ ਕੁਇਰ ਜੀ ਨੇ ਆਪਣੇ ਸਮਕਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਦਾ ਟਿੱਕਾ ਲਾਉਣ ਦੀ ਰਸਮ ਅਦਾ ਕੀਤੀ। ਇਸ ਤੋਂ ਬਿਨਾਂ ਬਾਬਾ ਬੁੱਢਾ ਜੀ ਦੇ ਵੰਸ਼ਜ ਸਮੇਂ-ਸਮੇਂ ਗੁਰਮਤਿ ਦੇ ਪ੍ਰਚਾਰ-ਪ੍ਰਸਾਰ, ਪ੍ਰਬੰਧ, ਜੰਗੀ-ਮੁਹਿੰਮਾਂ ਅਤੇ ਹੋਰ ਕੰਮਾਂ ਵਿਚ ਵੀ ਅੱਗੇ ਹੋ ਕੇ ਗੁਰੂ-ਘਰ ਦੀ ਸਹਾਇਤਾ ਕਰਦੇ ਰਹੇ।
ਭਾਈ ਭਾਨਾ ਜੀ ਦੀ ਮ੍ਰਿਤੂ ਤੋਂ ਪਿੱਛੋਂ ਉਨ੍ਹਾਂ ਦੇ ਵੱਡੇ ਲੜਕੇ ਭਾਈ ਜਲਾਲ ਜੀ ਨੇ, ਆਪਣੇ ਪਿਤਾ ਦੀ ਜ਼ਿੰਮੇਵਾਰੀ ਸੰਭਾਲੀ ਪਰ ਉਮਰ ਨੇ ਬਹੁਤਾ ਚਿਰ ਉਨ੍ਹਾਂ ਦਾ ਸਾਥ ਨਾ ਦਿੱਤਾ। ਛੇ ਕੁ ਮਹੀਨੇ ਮਗਰੋਂ ਉਹ ਅਕਾਲ ਚਲਾਣਾ ਕਰ ਗਏ। ਭਾਈ ਜਲਾਲ ਜੀ ਵੀ ਸੰਤ ਸੁਭਾਅ ਦੇ ਵਿਅਕਤੀ ਸਨ। ਭਾਈ ਜਲਾਲ ਜੀ ਤੋਂ ਪਿੱਛੋਂ ਭਾਈ ਸਰਵਣ ਜੀ, ਭਾਈ ਝੰਡਾ ਜੀ ਅਤੇ ਉਸ ਤੋਂ ਪਿੱਛੋਂ ਭਾਈ ਗੁਰਦਿੱਤਾ ਜੀ ਅਤੇ ਬਾਅਦ ਵਿਚ ਭਾਈ ਰਾਮ ਕੁਇਰ ਜੀ ਵੀ ਆਪੋ ਆਪਣੀ ਸਮਰੱਥਾ ਅਤੇ ਸਮਝ ਅਨੁਸਾਰ ਗੁਰੂ-ਘਰ ਦੀ ਸੇਵਾ ਕਰਦੇ ਰਹੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਾ ਸਾਜਨਾ ਨਾਲ ਸਿੱਖ ਲਹਿਰ ਵਿਚ ਜਿਹੜਾ ਮੋੜ ਆਇਆ, ਬਾਬਾ ਬੁੱਢਾ ਜੀ ਦਾ ਖ਼ਾਨਦਾਨ ਇਸ ਤੋਂ ਵੀ ਅਭਿੱਜ ਨਾ ਰਿਹਾ। ਇਨ੍ਹਾਂ ਦੇ ਖਾਨਦਾਨ ਵਿੱਚੋਂ ਭਾਈ ਰਾਮ ਕੁਇਰ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਅੰਮ੍ਰਿਤ ਛਕਿਆ ਅਤੇ ਸਿੰਘ ਸੱਜ ਕੇ ਭਾਈ ਗੁਰਬਖਸ਼ ਸਿੰਘ ਬਣ ਗਏ:
ਗੋਬਿੰਦ ਸਿੰਘ ਇਹ ਬਚਨ ਉਚਾਰਾ।
ਗੁਰਬਖਸ਼ ਸਿੰਘ ਹੈ ਨਾਮ ਤੁਮਾਰਾ।
ਹਮਰੀ ਤੁਮ ਸਿਉ ਅਧਿਕ ਪ੍ਰੀਤ।
ਦਰਸਨ ਦੇਵਹੁ ਮੁਹਿ ਨਿਤ ਨੀਤ।48। (ਕਵੀ ਸੌਂਧਾ ਸਿੰਘ)
ਭਾਈ ਗੁਰਬਖਸ਼ ਸਿੰਘ ਦੇ ਸਪੁੱਤਰ ਭਾਈ ਮੁਹਰ ਸਿੰਘ ਤੇ ਭਾਈ ਅਨੂਪ ਸਿੰਘ ਸਨ। ਭਾਈ ਮੁਹਰ ਸਿੰਘ ਨਾਮ-ਸਿਮਰਨ ਦੇ ਨਾਲ-ਨਾਲ ਬਦਲੀਆਂ ਹੋਈਆਂ ਪਰਿਸਥਿਤੀਆਂ ਦੇ ਅਨੁਕੂਲ ਘੋੜੇ ਤੇ ਸ਼ਸਤਰ ਵੀ ਰੱਖਣ ਲੱਗਾ:
ਮੁਹਰ ਸਿੰਘ ਗੁਰਿਆਈ ਪਾਈ।
ਰਾਜ ਜੋਗ ਕੀ ਰੀਤਿ ਕਮਾਈ।
ਏਕ ਓਰ ਅਸ੍ਵ ਰੰਗ ਰਾਤੇ।
ਏਕ ਓਰ ਝੂਲੇ ਗਜ ਮਾਤੇ।50। (ਕਵੀ ਸੌਂਧਾ ਸਿੰਘ)
ਅਗਲਾ ਉੱਤਰਾਧਿਕਾਰੀ ਭਾਈ ਸ਼ਾਮ ਸਿੰਘ ਇਕ ਪਾਸੇ ਰੱਬ ਦੇ ਭੈਅ ਵਿਚ ਰਹਿਣ ਵਾਲਾ ਭਜਨੀਕ ਅਤੇ ਦੂਜੇ ਪਾਸੇ ਮਹਾਂਦਾਨੀ ਤੇ ਪਰਉਪਕਾਰੀ ਵਿਅਕਤੀ ਸੀ:
ਪਰਸੁਆਰਥ ਮਹਿ ਬਿਕ੍ਰਮ ਜਾਨ।
ਪਰਕਾਰਜ ਮਹਿ ਨਿਸ ਦਿਨ ਧਿਆਨ।
ਵੈਦਨ ਤੇ ਔਖਧ ਕਰਵਾਵੈ।
ਰੋਗੀ ਜੋ ਤਾ ਕੇ ਚਲ ਆਵੇ।
ਦਇਆ ਕਰੇ ਤਾ ਕੇ ਵਹੁ ਦੇਇ।
ਚੰਗਾ ਕਰੇ ਪਰਮ ਜਸ ਲੇਇ।
ਜੇ ਕੋ ਖੁਧਿਆ ਅਰਬੀ ਹੋਇ।
ਤਾ ਕੇ ਭੋਜਨ ਦੇਵੇ ਸੋਇ। (ਕਵੀ ਸੌਂਧਾ ਸਿੰਘ)
ਇਸ ਤੋਂ ਪਿੱਛੋਂ ਭਾਈ ਕਾਨ੍ਹ ਸਿੰਘ ਅਤੇ ਭਾਈ ਕਾਨ੍ਹ ਸਿੰਘ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਭਾਈ ਸੁਜਾਨ ਸਿੰਘ ਗੱਦੀਨਸ਼ੀਨ ਹੋਏ, ਇਹ ਕਵੀ ਸੌਂਧਾ ਸਿੰਘ ਜੀ ਦੇ ਸਮਕਾਲੀ ਸਨ।
ਲੇਖਕ ਬਾਰੇ
ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/August 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/February 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2009
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/