editor@sikharchives.org

ਦੇਖਾ ਦੇਖੀ ਸਭ ਕਰੇ

ਇਕ ਸੱਚਾ ਮੁਸਲਮਾਨ, ਇਸਲਾਮ ਦੇ ਸਿਧਾਂਤ ’ਤੇ ਪਹਿਰਾ ਦਿੰਦਾ ਕਿਸੇ ਕਬਰ/ਮਜ਼ਾਰ ਨੂੰ ਨਹੀਂ ਪੂਜਦਾ (ਭਾਵ ਮਜ਼ਾਰ ’ਤੇ ਚਰਾਗ਼ ਜਗਾਉਣ, ਚਾਦਰ ਅਤੇ ਫੁੱਲ ਚੜ੍ਹਾਉਣ ਵਰਗੇ ਫੋਕਟ ਕਰਮ ਨਹੀਂ ਕਰਦਾ) ਪਰ ਕੁਝ ਅਗਿਆਨੀ ਮੁਸਲਮਾਨ ਇਹ ਕੁਝ ਕਰਦੇ ਵੀ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਜਿੱਥੇ ਮ੍ਰਿਤਕ ਨੂੰ ਦਫਨਾਇਆ ਜਾਂ ਉਸ ਦਾ ਸਸਕਾਰ ਕੀਤਾ ਜਾਵੇ ਉਸ ਨੂੰ ‘ਕਬਰ’ ਕਿਹਾ ਜਾਂਦਾ ਹੈ। ਮ੍ਰਿਤਕ ਦੇ ਦਫਨਾਏ ਜਾਣ ਜਾਂ ਉਸ ਦੇ ਸਸਕਾਰ ਕਰਨ ਤੋਂ ਬਾਅਦ ਉਸ ਦੀ ਕਬਰ ਨੂੰ ਮਿੱਟੀ ਨਾਲ ਭਰ ਕੇ ਬਿਲਕੁਲ ਧਰਤੀ ਦੇ ਬਰਾਬਰ ਪੱਧਰੀ ਕਰ ਦਿੱਤਾ ਜਾਂਦਾ ਹੈ। ‘ਮਜ਼ਾਰ’ ਉਸ ਕਬਰ ਨੂੰ ਕਿਹਾ ਜਾਂਦਾ ਹੈ ਜਿਸ ਦਾ ਇਸਲਾਮੀ ਲੋਕ ਬਾਰ-ਬਾਰ ਦੀਦਾਰ ਕਰਨ। ‘ਮਜ਼ਾਰ’ ਵਲ਼ੀਆਂ ਦੀ ਹੁੰਦੀ ਹੈ ਅਤੇ ਇਨ੍ਹਾਂ ਦੇ ਸ਼ਰਧਾਲੂਆਂ ਵੱਲੋਂ ਮਜ਼ਾਰ ’ਤੇ ਚਾਦਰ ਤੇ ਫੁੱਲ ਚੜ੍ਹਾਏ ਜਾਂਦੇ ਹਨ। ਮਜ਼ਾਰ ਦੀ ਸੇਵਾ-ਸੰਭਾਲ ਕਰਨ ਵਾਲੇ ਨੂੰ ‘ਭਿਰਾਈ’ (ਮੁਜ਼ਾਵਰ) ਕਿਹਾ ਜਾਂਦਾ ਹੈ। ਹਿੰਦੂਆਂ ਤੇ ਮੁਸਲਮਾਨਾਂ ਦੇ ਇਸ ਵਰਤਾਰੇ ਵੱਲ ਇਸ਼ਾਰਾ ਕਰ ਕੇ ਭਾਈ ਗੁਰਦਾਸ ਜੀ ਦੱਸ ਰਹੇ ਹਨ:

ਕੋਇ ਨ ਕਿਸੈ ਵਰਜਈ ਸੋਈ ਕਰੇ ਜੋਈ ਮਨਿ ਭਾਵੈ।
ਕਿਸੇ ਪੁਜਾਈ ਸਿਲਾ ਸੁੰਨਿ ਕੋਈ ਗੋਰੀ ਮੜ੍ਹੀ ਪੁਜਾਵੈ।(ਵਾਰ 1:18)

ਭਾਵ ਇੱਕ ਅਕਾਲ ਪੁਰਖ ਨੂੰ ਛੱਡ ਕੇ ਫੋਕਟ ਕਰਮਕਾਂਡਾਂ ਵਿਚ ਲੱਗਾ ਹੋਇਆ ਕੋਈ ਜੜ੍ਹ ਪੱਥਰ ਦੀ ਪੂਜਾ ਕਰ ਰਿਹਾ ਹੈ ਅਤੇ ਕੋਈ ਮੜ੍ਹੀਆਂ ਤੇ ਕਬਰਾਂ ਦੀ ਪੂਜਾ ਕਰਨ ਵਿਚ ਲੱਗਾ ਹੋਇਆ ਹੈ।

ਜੋਧ ਜਠੇਰੇ ਮੰਨੀਅਨਿ ਸਤੀਆਂ ਸਉਤ ਟੋਭੜੀ ਟੋਏ।
ਸਾਧਸੰਗਤਿ ਗੁਰ ਸਬਦ ਵਿਣੁ ਮਰਿ ਮਰਿ ਜੰਮਨਿ ਦਈ ਵਿਗੋਏ। (ਵਾਰ 5:10)

ਅਗਿਆਨੀ ਲੋਕ ਜੋਧਿਆਂ ਤੇ ਆਪਣੇ ਵਡਿੱਕਿਆਂ, ਸਤੀਆਂ ਤੇ ਸੌਂਕਣਾਂ ਦਾ ਧਰਮ ਮੰਨਦੇ ਹੋਏ ਛੱਪੜਾਂ ਤੇ ਟੋਭਿਆਂ ਦੀ ਪੂਜਾ ਵਿਚ ਲੱਗੇ ਅਕਾਲ ਪੁਰਖ ਨੂੰ ਭੁਲਾ ਕੇ (ਜਨਮ-ਮਰਨ ਦੇ ਚੱਕਰ ਵਿਚ) ਖੱਜਲ-ਖ਼ੁਆਰ ਹੋ ਰਹੇ ਹਨ। ਯਾਦ ਰਹੇ! ਹਠ ਕਰਕੇ ਸੜਨ ਵਾਲੀਆਂ ਇਸਤਰੀਆਂ, ਮਰੀਆਂ ਹੋਈਆਂ ਸੌਂਕਣਾਂ ਅਤੇ ਆਪਣੇ ਵਡੇਰਿਆਂ ਦੇ ਨਾਉਂ ਦੇ ਟੋਏ (ਵਕੂਹੇ) ਪੂਜਣੇ ਵੀ ਗੁਰਮਤਿ ਵਿਚ ਵਿਵਰਜਤ ਹਨ। ‘ਗੁਰ ਪ੍ਰਤਾਪ ਸੂਰਜ’ ਦੇ ਕਰਤਾ ਭਾਈ ਸੰਤੋਖ ਸਿੰਘ ਹੋਰਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਸਿੱਖਾਂ ਨੂੰ ਦਿੱਤੇ ਉਪਦੇਸ਼ ਨੂੰ ਇਉਂ ਲਿਖਿਆ ਹੈ:

ਮੜ੍ਹੀ, ਟੋਭੜੀ, ਮਠ ਅਰੁ ਗੋਰ।
ਇਨਹੁˆ ਨ ਸੇਵਹੁ ਸਭਿ ਦਿਹੁ ਛੋਰ। (ਰਾਸਿ 1, ਅੰਸੂ 40)

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫ਼ਰਮਾਉਂਦੇ ਹਨ:

ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥
ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ॥ (ਪੰਨਾ 634)

ਅਹਿਮਦੀਆ ਮੁਸਲਿਮ ਜਮਾਤ, ਭਾਰਤ ਦੇ ਡਿਪਟੀ ਸੈਕਟਰੀ ‘ਗਿਆਨੀ ਤਨਵੀਰ ਅਹਿਮਦ ਖ਼ਾਦਿਮ’ ਨੇ ਦੱਸਿਆ ਕਿ ‘ਇਕ ਸੱਚਾ ਮੁਸਲਮਾਨ, ਇਸਲਾਮ ਦੇ ਸਿਧਾਂਤ ’ਤੇ ਪਹਿਰਾ ਦਿੰਦਾ ਕਿਸੇ ਕਬਰ/ਮਜ਼ਾਰ ਨੂੰ ਨਹੀਂ ਪੂਜਦਾ (ਭਾਵ ਮਜ਼ਾਰ ’ਤੇ ਚਰਾਗ਼ ਜਗਾਉਣ, ਚਾਦਰ ਅਤੇ ਫੁੱਲ ਚੜ੍ਹਾਉਣ ਵਰਗੇ ਫੋਕਟ ਕਰਮ ਨਹੀਂ ਕਰਦਾ) ਪਰ ਕੁਝ ਅਗਿਆਨੀ ਮੁਸਲਮਾਨ ਇਹ ਕੁਝ ਕਰਦੇ ਵੀ ਹਨ।’

ਲਾ ਤਸਜਦੂ ਲਿੱਸਮਸਾ ਵਲਾ ਲਿਲ ਕਮਰਾ,
ਵੱਸਜਦੱਲਾਹਿੱਲਜੀ ਖ਼ਾਲਕਾਹੁੰਨਾ। (ਕੁਰਾਨ ਸ਼ਰੀਫ਼)

ਭਾਵ ਸੂਰਜ, ਚੰਦ ਜਾਂ ਕਿਸੇ ਜੀਵ-ਜੰਤ ਦੀ ਪੂਜਾ ਨਾ ਕਰੋ, ਸਗੋਂ ਉਸ ਨੂੰ ਪੂਜੋ, ਜੋ ਸਭ ਦਾ ਸਿਰਜਨਹਾਰ ਅਥਵਾ ਕਰਤਾ ਪੁਰਖ ਹੈ।

ਭਾਈ ਮੰਝ ਜੀ ਦੇ ਸਿੱਖ ਬਣਨ ਤੋਂ ਪਹਿਲਾਂ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਹੋਏ ਬਚਨ-ਬਿਲਾਸ ਇਸ ਤਰ੍ਹਾਂ ਹਨ:

ਬਿਨਤੀ ਕੀਨ ‘ਹਰਹੁ ਤ੍ਰੈ ਤਾਪ।
ਗੁਰ ਸਿੱਖੀ ਕੋ ਬਖਸ਼ਹੁ ਆਪ।
ਜਨਮ ਮਰਨ ਕੋ ਸੰਕਟ ਭਾਰੀ।
ਦੀਨ ਜਾਨ ਕਰਿ ਲੇਹੁ ਉਬਾਰੀ’॥7॥
ਸੁਨਿਕੈ ਸ਼੍ਰੀ ਅਰਜਨ ਫੁਰਮਾਯਹੁ।
‘ਅਪਨ ਪੀਰ ਤੈਂ ਤੁਰਕ ਬਨਾਯਹੁ।
ਸਰਵਰ ਕੇ ਮੁਰੀਦ ਤੁਮ ਰਹੇ।
ਇਤ ਗੁਰਸਿੱਖੀ ਦੁਰਲਭ ਅਹੇ’॥8॥

… ਸੁਨਿਕੈ ਇਸ ਬਾਕਨਿ ਗੁਰ ਪਾਸ।
ਅੰਜੁਲ ਬਾਂਧਿ ਕੀਨਿ ਅਰਦਾਸ।…
ਪ੍ਰਭੁ ਜੀ ਆਏ ਸ਼ਰਣਿ ਤੁਮਾਰੀ।
ਦਿਹੁ ਸਿੱਖੀ ਹਮ ਲਖਿ ਅਧਿਕਾਰੀ’॥20॥
ਬੋਲੇ ਸ਼੍ਰੀ ਅਰਜਨ ਸੁਖ ਧਾਮੂ।
‘ਪੂਰਬ ਸਰਵਰ ਢਾਹੁ ਮੁਕਾਮੂ।
ਪੁਨ ਆਵਹੁ ਸਤਿਗੁਰ ਸ਼ਰਣਾਈ।
ਕਰੇ ਗੁਨਾਹੁ ਲੇਹੁ ਬਖਸ਼ਾਈ’॥21॥

… ਸੁਨਿ ਕਰਿ ਬਾਕ ਮੰਞ ਘਰ ਗਯੋ।
ਤੁਰਕ ਮੁਕਾਮ ਸੁ ਢਾਹਤਿ ਭਯੋ॥22॥
ਸਰਲ ਹੋਇ ਸਤਿਗੁਰ ਸ਼ਰਣਾਈ।
ਆਏ ਆਸ ਏਕ ਮਨ ਭਾਈ।
ਤਬਿ ਸਤਿਗੁਰ ਦੀਨਸਿ ਉਪਦੇਸ਼।
‘ਸੱਤਿਨਾਮ ਭਜਿ ਹਰਹੁ ਕਲੇਸ਼॥23॥
ਸਤਿਗੁਰ ਸੋਂ ਸਨਮੁਖ ਨਿਤ ਰਹੋ।
ਸੇਵਹੁ ਸਿੱਖਨ ਕੋ ਸੁਖ ਲਹੋ।
ਅੰਤਹਕਰਣ ਸ਼ੁੱਧ ਹੁਇ ਜਾਇ।
ਆਤਮ ਗ੍ਯਾਨ ਰਿਦੇ ਮਹੁˆ ਪਾਇˆ॥24॥ (ਗੁਰ ਪ੍ਰਤਾਪ ਸੂਰਜ, ਰਾਸਿ 2, ਅੰਸੂ 43, ਪੰਨਾ 1815)

ਆਓ, ਹੁਣ ਵੇਖੀਏ ਕਿ ਜਿਸ ਸਰਵਰੀਏ ਦਾ ਪੀਰਖਾਨਾ ਭਾਈ ਮੰਝ ਜੀ ਨੇ ਆਪਣੇ ਘਰੋਂ ਢਾਹਿਆ ਸੀ, ਉਹ ਸਰਵਰੀਆ ਕੌਣ ਸੀ?

ਮੁਲਤਾਨ ਲਾਗੇ ਜੋ ਦਰਿਆ ਵਹਿੰਦਾ ਹੈ ਉਸ ਤੋਂ ਪਾਰ ਇਕ ‘ਧੋਂਕਲ’ ਪਿੰਡ ਹੈ। ਇਸ ਪਿੰਡ ਵਿਚ ਸੱਯਦ ਅਹਿਮਦ ਦਾ ਜਨਮ ਸੰਨ 1253 ਵਿਚ ਹੋਇਆ। ਥੋੜ੍ਹਾ ਵੱਡਾ ਹੋਇਆ ਤਾਂ ਇਹ ਆਪਣੇ ਸਾਥੀਆਂ ਨਾਲ ਡੰਗਰ ਚਾਰਨ ਜਾਣ ਲੱਗ ਪਿਆ। ਜੰਗਲ ਬਾਰ ਦਾ ਇਲਾਕਾ ਹੁੰਦਾ ਸੀ। ਇਕ ਦਿਨ ਚਰਦੇ ਪਸ਼ੂਆਂ ’ਤੇ ਸ਼ੇਰ ਨੇ ਹਮਲਾ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਸੱਯਦ ਅਹਿਮਦ ਨੇ ਉਸ ਸ਼ੇਰ ’ਤੇ ਹਮਲਾਵਰ ਹੋ ਕੇ ਉਸ ਨੂੰ ਮਾਰ ਦਿੱਤਾ। ਇਸ ਦਿਨ ਤੋਂ ਲੋਕ ਇਸ ਨੂੰ ਸੁਲਤਾਨ, ਪੀਰ ਮੰਨਣ ਲੱਗ ਪਏ।

ਸੱਯਦ ਅਹਿਮਦ ਦਾ 1291 ਵਿਚ ਦੇਹਾਂਤ ਹੋ ਗਿਆ। ਉਸ ਦੇ ਪੁਜਾਰੀਆਂ ਨੇ ਉਸ ਨੂੰ ਬਲੀ, ਪੀਰ ਜਾਣ ਕੇ ਉਸ ਦੀ ਦਰਗਾਹ ਬਣਾ ਕੇ ਪੂਜਾ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਸੰਤਾਨ ਦੀ ਪ੍ਰਾਪਤੀ ਵਾਸਤੇ ਔਰਤ ਕਈ ਖੂਹੀਂ ਜਾਲ ਪਾਉਂਦੀ ਹੈ ਭਾਵ ਔਰਤਾਂ ਜਿੱਥੇ ਕੋਈ ਦੱਸੇ ਉਥੇ ਹੀ ਚਲੀਆਂ ਜਾਂਦੀਆਂ ਨੇ। ਕਈ ਵਾਰੀ ਭ੍ਰਿਸ਼ਟ ਪੁਜਾਰੀ/ਆਗੂਆਂ ਦੀ ਹਵਸ ਦਾ ਸ਼ਿਕਾਰ ਵੀ ਬਣ ਜਾਂਦੀਆਂ ਹਨ। ਦੱਸਿਆ ਜਾਂਦਾ ਹੈ ਕਿ ਇਕ ਜੱਟੀ ਦੇ ਘਰ ਜਦੋਂ ਪੁੱਤ ਜੰਮਿਆ ਤਾਂ ਉਹ ਸਰਬੱਤ ਨੂੰ ਸਭ ਦਾਤਾਂ ਦੇਣ ਵਾਲੇ ਅਕਾਲ ਪੁਰਖ ਨੂੰ ਭੁੱਲ ਕੇ ਸ਼ਰਧਾਵੱਸ ਹੋਈ ਨੇ ਇਹ ਰੌਲ਼ਾ ਪਾ ਦਿੱਤਾ ਕਿ ਇਹ ਪੁੱਤ ਮੈਨੂੰ ‘ਸਰਵਰ’ ਨੇ ਬਖ਼ਸ਼ਿਆ। ਇਸ ਤਰ੍ਹਾਂ ਦੇ ਪ੍ਰਚਾਰ ਨਾਲ ਦਰਗਾਹ ਦੀ ਪੂਜਾ ਹੋਰ ਵਧ ਗਈ। ਭਿਰਾਈ (ਮੁਜ਼ਾਵਰਾਂ) ਨੇ ਇਸ ਗੱਲ ਨੂੰ ਢੋਲ/ਨਗਾਰੇ ਦੀ ਚੋਟ ’ਤੇ ਪ੍ਰਚਾਰਿਆ ਤੇ ਸ਼ਰਧਾਲੂਆਂ ਵੱਲੋਂ ਚੜ੍ਹੇ ਚੜ੍ਹਾਵੇ ਨਾਲ ਗੁਲਸ਼ਰੇ ਉਡਾਉਣੇ ਸ਼ੁਰੂ ਕਰ ਦਿੱਤੇ।

ਜਿਸ ਦਿਨ ਤੋਂ ਜੱਟੀ ਨੂੰ ਪੁੱਤ ਦੇਣ ਵਾਲੀ ਗੱਲ ਪ੍ਰਚਾਰੀ ਗਈ, ਉਸ ਦਿਨ ਤੋਂ ਇਸ ਸਰਵਰ ਨੂੰ ‘ਲਾਲਾਂ ਵਾਲਾ’ ਕਿਹਾ ਜਾਣ ਲੱਗਾ। ਇਸ ਨੂੰ ਲੱਖਦਾਤਾ ਤੇ ਨਗਾਹ ਵਾਲੇ ਪੀਰ ਆਦਿ ਨਾਵਾਂ ਨਾਲ ਵੀ ਪੁਕਾਰਿਆ ਜਾਂਦਾ ਹੈ ਅਤੇ ਇਸ ਦੇ ਸ਼ਰਧਾਲੂ ‘ਸਰਵਰੀਏ’ ਅਖਵਾਉਂਦੇ ਹਨ। ਗਿਆਨੀ ਦਿੱਤ ਸਿੰਘ ਜੀ ਨੇ ਅਗਿਆਨੀ ਲੋਕਾਂ ਨੂੰ ਸਮਝਾਇਆ ਕਿ ਸਭ ਕੁਝ ਦੇਵਣਹਾਰ ਪਰਮਾਤਮਾ ਹੈ। ਲਾਲ/ਪੁੱਤ ਦੇਣ ਵਾਲਾ ਤੁਹਾਡਾ ਅਖੌਤੀ ‘ਲਾਲਾਂ ਵਾਲਾ’ ਨਹੀਂ ਕਿਉਂਕਿ:

ਹਨ ਅੰਗਰੇਜ਼ ਮੁਲਕ ਦੇ ਮਾਲਕ।
ਘਰੀਂ ਇਨ੍ਹਾਂ ਦੇ ਦਸ ਦਸ ਬਾਲਕ।
ਪੈਦਾ ਹੋਣ ਖਡਾਉਣ ਦਾਇਆ।
ਕਿਨ ਇਨ ਸਰਵਰ ਸਖੀ ਮਨਾਯਾ।
ਨਹੀਂ ਜਾਣਦੇ ਸਰਵਰ ਕਿਆ ਹੈ?
ਲਾਲਾਂ ਵਾਲਾ ਕੌਣ ਬਲਾ ਹੈ।
ਫੇਰ ਮੁਸਲਮਾਨ ਉਸ ਦੇ ਭਾਈ।
ਨਹੀਂ ਪੂਜਦੇ ਉਸ ਨੂੰ ਜਾਈ।
ਪੁੱਤ ਉਨ੍ਹਾਂ ਦੇ ਜੰਮਣ ਐਸੇ।
ਖੁਡੋਂ ਨਿਕਲਣ ਕੀੜੇ ਜੈਸੇ। (ਗੁੱਗਾ ਗਪੌੜਾ ਤੇ ਸੁਲਤਾਨ ਪੁਆੜਾ, ਪੰਨਾ 93-94)

ਕੁਝ ਅਗਿਆਨੀ ਮੁਸਲਮਾਨਾਂ ਨੂੰ ਛੱਡ ਕੇ ਸੱਚੇ ਮੁਸਲਮਾਨ ਸਖੀ-ਸਰਵਰੀਏ ਦੀ ਕਬਰ/ਦਰਗਾਹ ਤੇ ਕੀ, ਸਗੋਂ ਇਸਲਾਮ ਮੱਤ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦੀ ਕਬਰ ਵੀ ਨਹੀਂ ਪੂਜਦੇ। ‘ਕੁਰਾਨ ਸ਼ਰੀਫ਼’ ਵਿਚ ਇਹ ਵਰਣਨ ਹੈ:

“ਸਾਰੇ ਜਹਾਨਾਂ ਦਾ ਸਾਜਨਹਾਰ ਤੇ ਪਾਲਣਹਾਰ ਪ੍ਰਭੂ ‘ਸੁਬਹਾਨ’ (ਪਵਿੱਤਰ ਰੂਪ ਆਤਮਾ) ਹੈ ਅਤੇ ਉਸ ਵਿਚ ਕੋਈ ਵੀ ਊਣਤਾਈ ਨਹੀਂ ਹੈ। ਉਹ ਇੱਕੋ ਇੱਕ ਹੈ ਅਤੇ ਸਭ ਤੋਂ ਪ੍ਰਬਲ ਹੈ। ਕੋਈ ਵੀ ਹੋਰ ਵਿਅਕਤੀ ‘ਸੁਬਹਾਨ’ ਕਹਾਉਣ ਦਾ ਅਧਿਕਾਰੀ ਨਹੀਂ ਹੈ।” (ਸ੍ਰੀ ਗੁਰੂ ਨਾਨਕ ਜੀ ਮਹਾਰਾਜ ਦਾ ਇਕ ਈਸ਼ਵਰਵਾਦ, ਪੰਨਾ 253)

“ਗੁਰੂ ਸਾਹਿਬ ਸੁਲਤਾਨ ਨੂੰ ਮੁਸਲਮਾਨ ਹੋਣ ਕਰਕੇ ਪੀਰ-ਪਦਵੀ ਦਾ ਅਨ ਅਧਿਕਾਰੀ ਨਹੀਂ ਜਾਣਦੇ। ਜੇ ਐਸਾ ਹੁੰਦਾ ਤਾਂ ਸ਼ੇਖ ਫ਼ਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਲਿਖਦੇ। ਸਿਧਾਂਤ ਇਹ ਹੈ ਕਿ ਜੋ ਪੀਰ ਦੇ ਗੁਣ ਨਹੀਂ ਰੱਖਦਾ, ਉਸ ਨੂੰ ਪੀਰ ਮੰਨਣਾ ਅਗਿਆਨ ਹੈ, ਅਰ ਕਰਤਾਰ ਤੋਂ ਛੁੱਟ ਕਿਸੇ ਹੋਰ ਨੂੰ ਚਾਰ ਪਦਾਰਥਾਂ ਦਾ ਦਾਤਾ ਸਮਝਣਾ ਸਿੱਖੀ ਦੇ ਨਿਯਮ ਵਿਰੁੱਧ ਹੈ, ਖਾਸ ਕਰਕੇ ਪੀਰਖ਼ਾਨਿਆਂ ਦਾ ਪੂਜਣਾ ਮਨਮੁਖਤਾ ਦਾ ਸ਼ਿਰੋਮਣਿ ਕਰਮ ਹੈ।”(ਗੁਰਮਤ ਮਾਰਤੰਡ, ਪੰਨਾ 176)

“ਮਲੇਰਕੋਟਲੇ ਦੇ ਹੈਦਰ ਸ਼ੇਖ ਨੇ ਸਖੀ ਸਰਵਰ ਵਾਲੀ ਸ਼ਰਧਾ ਕਾਫ਼ੀ ਬਟੋਰ ਲਈ ਹੈ। ਜਗਰਾਵਾਂ ਦੀ ਰੋਸ਼ਨੀ ਸਮੇਂ ਪੀਰ ਮੋਹਕਮ ਦੀਨ ਜੀ ਦੀ ਮਾਨਤਾ ਤੇ ਚਾਲੇ ਪਾਉਣ ਵਾਲਿਆਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ। ਕਈ ਥਾਵਾਂ ਉੱਤੇ ਐਵੇਂ ਹੀ ਪੀਰਾਂ ਦੀਆਂ ਕਬਰਾਂ ਲੱਭ-ਲੱਭ ਕੇ ਸਜਾਈਆਂ ਜਾ ਰਹੀਆਂ ਹਨ। ਹਰੇ ਝੰਡੇ ਲਹਿਰਾ ਕੇ ਤਾਜ਼ਾ ਕਲੀ ਕੀਤੀਆਂ ਕਬਰਾਂ ਦੇ ਮਜੌਰਾਂ, ਸਾਈਆਂ ਤੇ ਤਕੀਆਂ ਦੀ ਮਾਨਤਾ ਮੁੜ ਉਭਾਰੀ ਜਾ ਰਹੀ ਹੈ।”(ਗੁੱਗਾ ਗਪੌੜਾ ਤੇ ਸੁਲਤਾਨ ਪੁਆੜਾ, ਪੰਨਾ 8)

ਇਸਲਾਮੀ ਦੇਸ਼ਾਂ ਵਿਚ ਕਬਰਾਂ/ਮਜ਼ਾਰਾਂ ਨੂੰ ਚਰਾਗ਼ ਜਗਾ ਕੇ, ਹਰੇ ਝੰਡੇ ਝੁਲਾ ਕੇ ਤੇ ‘ਰੋਟ’ ਆਦਿ ਨਾਲ ਪੂਜਿਆ ਨਹੀਂ ਜਾਂਦਾ, ਪਰ ਸਾਡੇ ਪੰਜਾਬ ਦੇ ਅਗਿਆਨੀ ਲੋਕਾਂ ਵੱਲੋਂ ਬਗੈਰ ਕਿਸੇ ਇਤਿਹਾਸ/ਵਜ੍ਹਾ ਦੇ ਥਾਂ-ਥਾਂ ਕਬਰਾਂ/ਮਜ਼ਾਰਾਂ ਬਣਾ ਕੇ ਉਨ੍ਹਾਂ ਨੂੰ ਮਨੋਕਲਪਿਤ ਨਾਂ ਦੇ ਕੇ ਮੰਨਿਆ-ਮਨਾਇਆ ਜਾਂਦਾ ਹੈ ਅਤੇ ਆਪਣੀ ਅਗਿਆਨਤਾ/ ਮੂਰਖਤਾ ਦਾ ਭਾਰੀ ਪ੍ਰਗਟਾਵਾ ਕੀਤਾ ਜਾਂਦਾ ਹੈ। ਮੁਸਲਮਾਨ ਜੇਕਰ ਕਿਸੇ ਮੁਸਲਮਾਨ ਦੀ ਕਬਰ ਬਣਾਉਂਦਾ ਵੀ ਹੈ ਤਾਂ ਉੁਹ (ਕੱਚੀ) ਮਿੱਟੀ ਦੀ ਬਣਾਉਂਦਾ ਹੈ। ਜੇਕਰ ਕਿਸੇ ਕਬਰ/ਮਜ਼ਾਰ ’ਤੇ ਚਰਾਗ਼ ਜਗਦਾ ਵੀ ਹੈ ਤਾਂ ਮਜ਼ਾਰ ਦਾ ਮਜ਼ਾਵਰ ਰਾਤ ਸਮੇਂ ਉਸ ਨੂੰ ਕੇਵਲ ਚਾਨਣ ਵਾਸਤੇ ਹੀ ਜਗਾਉਂਦਾ ਹੈ। ਜਿਸ ਸਮੇਂ ਬਿਜਲੀ ਹੋਂਦ ਵਿਚ ਨਹੀਂ ਸੀ ਆਈ ਉਸ ਸਮੇਂ ਮਸੀਤ/ਮਸਜਿਦ ਵਿਚ ਹੇਠ ਲਿਖੀਆਂ ਨਮਾਜ਼ਾਂ ਪੜ੍ਹਨ ਸਮੇਂ ਚਰਾਗ਼ ਜਗਾਇਆ ਜਾਂਦਾ ਸੀ:

  • ਮਗ਼ਰਬ ਦੀ ਨਮਾਜ਼ ਦਾ ਸਮਾਂ ਸੂਰਜ ਡੁੱਬਣ ਤੋਂ ਅਰੰਭ ਹੋ ਕੇ ਸ਼ਫ਼ਕ (ਸੂਰਜ ਡੁੱਬਣ ਦੇ ਬਾਅਦ ਦੀ ਲਾਲੀ ਜਿਹੜੀ ਸੂਰਜ ਡੁੱਬਣ ਤੋਂ ਬਾਅਦ ਪੱਛਮ ਵਿਚ ਰਹਿੰਦੀ ਹੈ) ਦੇ ਖ਼ਤਮ ਹੋਣ ਤਕ ਹੈ।
  • ਇਸ਼ਾ ਦੀ ਨਮਾਜ਼ ਦਾ ਸਮਾਂ ਸ਼ਫ਼ਕ ਦੇ ਗਰੂਬ ਖ਼ਤਮ ਹੋਣ ਬਾਅਦ ਤੋਂ ਅੱਧੀ ਰਾਤ ਤਕ ਦਾ ਸਮਾਂ ਹੈ।
  • ਫ਼ਜ਼ਰ ਦੀ ਨਮਾਜ਼ ਦਾ ਸਮਾਂ ਪਹੁ ਫੁਟਣ ਤੋਂ ਲੈ ਕੇ ਸੂਰਜ ਦੇ ਨਿਕਲਣ ਤਕ ਹੈ।

    ਨਫਲੀ ਨਮਾਜ਼ਾਂ ਵਿੱਚੋਂ:
  • ਤਹੱਜੁਦ ਦੀ ਨਮਾਜ਼ ਦਾ ਸਮਾਂ ਅੱਧੀ ਰਾਤ ਮਗਰੋਂ ਪਹੁ-ਫੁਟਾਲੇ ਤੋਂ ਪਹਿਲਾਂ ਤਕ ਹੈ।

‘ਚਰਾਗ਼’ ਕੋਈ ਹਊਆ ਨਹੀਂ ਏ। ਜਿਵੇਂ ਇਕ ਬਾਪ ਦੇ ਬੱਚਿਆਂ ਵਿੱਚੋਂ ਕੋਈ ਬੱਚਾ ਆਪਣੇ ਪਿਉ ਨੂੰ ਭਾਪਾ ਕਹੇ, ਦੂਜਾ ਡੈਡੀ ਤੇ ਤੀਜਾ ਭਾਊ ਕਹੇ ਤਾਂ ਪਿਉ ਬਦਲ ਨਹੀਂ ਜਾਂਦਾ। ਇਸੇ ਤਰ੍ਹਾਂ ਕੋਈ ਦੀਵੇ ਨੂੰ ਹਿੰਦੀ ਵਿਚ ਦੀਪਕ, ਅੰਗਰੇਜ਼ੀ ਵਿਚ ਲੈਂਪ ਤੇ ਉਰਦੂ ਵਿਚ ਚਰਾਗ਼ ਕਹੇ ਤਾਂ ਦੀਵਾ ਬਦਲ ਨਹੀਂ ਜਾਂਦਾ ਭਾਵ ਕਿ ਦੀਵਾ, ਦੀਵਾ ਹੀ ਰਹਿੰਦਾ ਹੈ।

ਚਰਾਗ਼ਾਂ/ਦੀਵਿਆਂ ਦੀ ਪੂਜਾ ਕਰਕੇ ਦੀਵੇ ਬਣੇ ਅਗਿਆਨੀ ਲੋਕਾਂ ਨੂੰ ਇਹ ਜਾਣਨਾ ਜ਼ਰੂਰੀ ਹੈ। ਪੁਰਾਤਨ ਸਮਿਆਂ ਵਿਚ ਬਿਜਲੀ ਨਾ ਹੋਣ ਕਰਕੇ ਰਾਤ (ਹਨੇਰੇ ਵਿਚ) ਚਾਨਣ ਵਾਸਤੇ ਹਰ ਘਰ ਵਿਚ ਘਿਉ ਜਾਂ ਤੇਲ ਦਾ ਦੀਵਾ ਜਗਾਇਆ ਜਾਂਦਾ ਸੀ। ਦੀਵਾ ਜਗਾ ਕੇ ਪ੍ਰਕਾਸ਼ ਹੋਣ ਸਮੇਂ ਪੁਰਾਣੇ ਬਜ਼ੁਰਗ ਆਪਣੇ-ਆਪਣੇ ਧਰਮ ਮੁਤਾਬਕ ਪਰਮਾਤਮਾ ਦਾ ਨਾਮ ਲੈ ਕੇ ਨਮਸਕਾਰ ਕਰਦੇ ਸਨ, ਉਨ੍ਹਾਂ ਵੱਲ ਦੇਖ ਕੇ ਉਨ੍ਹਾਂ ਦੇ ਛੋਟੇ ਬੱਚੇ ਵੀ ਇਹ ਰੀਤ ਕਰਨ ਲੱਗ ਪਏ। ਅੱਜ ਵੀ ਕਈ ਬਜ਼ੁਰਗ ਲਾਈਟ ਜਗਣ ਸਮੇਂ ਪਰਮਾਤਮਾ ਦਾ ਨਾਮ ਲੈਂਦੇ ਵੇਖੇ-ਸੁਣੇ ਜਾ ਸਕਦੇ ਹਨ।

ਪੁਰਾਤਨ ਸਮੇਂ ਵਿਚ ਕਮਰੇ-ਡਿਉਢੀਆਂ ਬਣਾਉਂਦੇ ਸਮੇਂ ਇਕ ਐਸਾ ‘ਰੱਖਣਾ/ ਆਲਾ’ ਬਣਾਇਆ ਜਾਂਦਾ ਸੀ ਜਿੱਥੋਂ ਬਾਰ-ਬਾਰ ਦੀਵੇ ਨੂੰ ਚੁੱਕਿਆ ਨਾ ਜਾਵੇ, ਕਮਰੇ ਵਿਚ ਪ੍ਰਕਾਸ਼ ਵੀ ਪੂਰਾ ਹੋਵੇ ਤੇ ਕਿਸੇ ਪ੍ਰਕਾਰ ਅੱਗ ਲੱਗਣ ਨਾਲ ਨੁਕਸਾਨ ਹੋਣ ਦਾ ਖਦਸ਼ਾ ਨਾ ਬਣਿਆ ਰਹੇ। ਪੁਰਾਣੀਆਂ ਇਮਾਰਤਾਂ ਵਿਚ ਇਹ ‘ਆਲੇ’ ਬਣੇ ਅੱਜ ਵੀ ਕਿਤੇ-ਕਿਤੇ ਨਜ਼ਰ ਆਉਂਦੇ ਹਨ।

ਅਗਿਆਨਤਾ-ਵੱਸ ਅੱਜ ਕਈਆਂ ਲੋਕਾਂ ਵੱਲੋਂ ਪੁਰਾਤਨ ਸਮੇਂ ਤੋਂ ਘਰ ਵਿਚ ਪ੍ਰਕਾਸ਼ ਕਰਨ ਲਈ ਜਗਾਏ ਜਾਂਦੇ ਚਰਾਗ਼ਾਂ ਨੂੰ ਕੋਈ ਅਖੌਤੀ ਪੀਰਾਂ-ਫ਼ਕੀਰਾਂ ਦੇ ਨਾਮ ਰੱਖ ਕੇ ਪੂਜਿਆ ਜਾਂਦਾ ਹੈ (ਖਾਸ ਕਰਕੇ ਭਾਰਤ ਦੇ ਪੰਜਾਬ ਵਿਚ)। ਇਨ੍ਹਾਂ ਚਰਾਗ਼ਾਂ ਨੂੰ ਜਗਾਉਣ ਵਾਸਤੇ ਦਿਨ (ਐਤਵਾਰ ਤੇ ਵੀਰਵਾਰ) ਵੀ ਮੁਕੱਰਰ ਕੀਤੇ ਹੋਏ ਹਨ। ਅੱਜ ਵਧੇਰੇ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣੇ ਹਿਰਦਿਆਂ ਵਿਚ ਗਿਆਨ ਦੇ ਚਰਾਗ਼ ਜਗਾਉਣ ਦੀ ਪਰ ਕਈ ਅਗਿਆਨੀ ਸਿੱਖ ਵੀ ਆਮ ਲੋਕਾਂ ਵਾਂਗ ਸੁਲਤਾਨ, ਸਖੀ-ਸਰਵਰ ਦੇ ਅਸਥਾਨ/ਕਬਰ ’ਤੇ ਜਾ ਕੇ ਸ਼ੀਰਣੀ ਅਤੇ ਰੋਟ ਚੜ੍ਹਾ ਕੇ ਮਨੋਕਾਮਨਾ ਪੂਰੀ ਹੋ ਜਾਣ ਦੀ ਭਾਵਨਾ ਨਾਲ ‘ਮੁਜ਼ਾਵਰ’ ਪਾਸੋਂ ਦਰੂਦ ਪੜ੍ਹਵਾਉਣ ਭਾਵ ਅਰਦਾਸ/ਬੇਨਤੀ ਕਰਵਾਉਣ ਵਾਸਤੇ ਉਸ ਦੀ ਉਡੀਕ ਵਿਚ ਬੈਠੇ ਰਹਿੰਦੇ ਹਨ:

ਨਾਨਕ ਪੀਠਾ ਪਕਾ ਸਾਜਿਆ ਧਰਿਆ ਆਣਿ ਮਉਜੂਦੁ॥
ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ॥ (ਪੰਨਾ 1096)

ਗੁਰੂ ਕੇ ਪਿਆਰੇ ਸਿੱਖ ਭੋਜਨ ਤਿਆਰ ਕਰ ਕੇ ਨਾ ਹੀ ਕਿਸੇ ਅਖੌਤੀ ਦੇਵੀ-ਦੇਵਤੇ ਨੂੰ ਅਰਪਣ ਕਰਦੇ ਹਨ ਅਤੇ ਨਾ ਹੀ ਕਿਸੇ ਮਜ਼ਾਰ ’ਤੇ ਜਾ ਕੇ ਕਿਸੇ ਭਿਰਾਈ (ਮੁਜ਼ਾਵਰ) ਤੋਂ ‘ਦਰੂਦ’ ਪੜ੍ਹਵਾਉਂਦੇ ਹਨ। ਉਹ ਪ੍ਰਭੂ ਦਾ ਨਾਮ ਲੈ ਕੇ ਭੋਜਨ ਛਕ ਕੇ ਤ੍ਰਿਪਤ ਰਹਿੰਦੇ ਹਨ:

ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ॥
ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ॥   (ਪੰਨਾ 1096)

ਗੁਰੂ ਕਾ ਸਿੱਖ ਸਰਵਰੀਏ ਦੇ ਚੜ੍ਹਾਈ ਹੋਈ ਸ਼ੀਰਣੀ, ਪਤਾਸੇ, ਮਠਿਆਈ ਆਦਿ ਵੀ ਨਹੀਂ ਖਾਂਦਾ ਕਿਉਂਕਿ ਉਹ ਜਾਣਦਾ ਹੈ ਕਿ:

ਸਰਵਰ ਆਦਿਕ ਦੀ ਜੋ ਸ਼ੀਰਣੀ ਖਾਵੇ ਸੋ ਤਨਖਾਹੀਆ। (ਰਹਿਤਨਾਮਾ, ਭਾਈ ਦਯਾ ਸਿੰਘ)

ਹੱਸਦਿਆਂ-ਹੱਸਦਿਆਂ ਕਿਸੇ ਮੁਸਲਮਾਨ ਵੀਰ ਨੂੰ ਪੁੱਛਿਆ ਕਿ ਧੜਾ-ਧੜ ਬਣ ਰਹੇ ਪੀਰਖ਼ਾਨਿਆਂ ’ਤੇ ਲੋਕਾਂ ਵੱਲੋਂ ਜਗਾਏ ਜਾਂਦੇ ਚਰਾਗ਼ਾਂ ਵਿੱਚੋਂ ਜਦੋਂ ਕੁੱਤੇ- ਬਿੱਲੀਆਂ ਆਦਿ ਤੇਲ ਪੀਂਦੇ ਹਨ ਜਾਂ ਉਸ ਕਬਰ/ਮਜ਼ਾਰ ’ਤੇ ਕੁੱਤੇ ਮੂਤਦੇ ਹਨ ਤਾਂ ਤੁਹਾਨੂੰ ਇਹ ਸੁਣ-ਵੇਖ ਕੇ ਸ਼ਰਮ ਜਾਂ ਗ਼ੁੱਸਾ ਨਹੀਂ ਆਉਂਦਾ? ਉਸ ਨੇ ਝੱਟ ਮੋੜਵਾਂ ਜਵਾਬ ਦਿੱਤਾ, “ਇਹ ਗੱਲ ਉਨ੍ਹਾਂ ਸਿੱਖਾਂ ਨੂੰ ਹੀ ਪੁੱਛੋ ਜੋ ਇੱਕ ਅਕਾਲ ਪੁਰਖ ਨੂੰ ਛੱਡ ਕੇ ਕਬਰਾਂ/ਮਜ਼ਾਰਾਂ ਨੂੰ ਮੰਨਦੇ-ਮਨਾਉਂਦੇ ਫਿਰਦੇ ਹਨ, ਕਿਉਂਕਿ ਮੁਸਲਮਾਨ ਤਾਂ ਕੇਵਲ ਅੱਲ੍ਹਾ ਦਾ ਪੁਜਾਰੀ ਹੈ।”

‘ਖ਼ਾਨਗਾਹ’ ਫ਼ਕੀਰਾਂ ਦੇ ਡੇਰੇ ਨੂੰ ਕਿਹਾ ਜਾਂਦਾ ਹੈ। ਜਿੱਥੇ ਕਦੇ ਅੱਲ੍ਹਾ ਦੇ ਪਿਆਰੇ ਉਸ ਦੀ ਸਿਫ਼ਤ-ਸਲਾਹ ਵਿਚ ਜੁੜਦੇ ਸਨ ਅਤੇ ਵੱਡੇ-ਵੱਡੇ ਕੱਵਾਲ ਪ੍ਰਭੂ ਦੇ ਪਿਆਰ-ਵਿਛੋੜੇ ਵਿਚ ਭਿੱਜੀਆਂ ਕੱਵਾਲੀਆਂ ਨੂੰ ਸੁਰ-ਤਾਲ ਵਿਚ ਗਾ ਕੇ ਸੁਣਨ ਵਾਲਿਆਂ ਦੇ ਹਿਰਦੇ ਪ੍ਰਭੂ-ਭਗਤੀ ਵਿਚ ਰੰਗ ਦੇਂਦੇ ਸਨ।

ਅਜੋਕੇ ਸਮੇਂ ਵਿਚ ਅਖੌਤੀ ਪੀਰਾਂ-ਫ਼ਕੀਰਾਂ ਦੀ ਯਾਦ ਵਿਚ ਕਰਵਾਏ ਜਾਂਦੇ ਮੇਲਿਆਂ ’ਤੇ ਗਾਉਣ ਵਾਲਿਆਂ ਤੋਂ ਲੱਚਰ ਗਵਾਇਆ ਤੇ ਡਾਂਸਰਾਂ ਕੋਲੋਂ ਡਾਂਸ ਕਰਵਾਉਣ ਤੋਂ ਪਹਿਲਾਂ ਕੁਝ ਅਗਿਆਨੀ ਸਿੱਖਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਵੀ ਕਰਵਾਇਆ ਜਾਂਦਾ ਹੈ। ਇਸ ਤਰ੍ਹਾਂ ਮੁਸਲਮਾਨਾਂ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ। ਕਈ ਸਿੱਖ ਧਰਮ ਦੇ ਬੁਲਾਰੇ ਅਜਿਹੇ ਅਸਥਾਨਾਂ ’ਤੇ ਧਰਮ ਪ੍ਰਚਾਰ ਕਰਨ ਵਾਸਤੇ ‘ਸਿੱਖ ਰਹਿਤ ਮਰਯਾਦਾ’ ਵਿੱਚੋਂ ਹਵਾਲਾ ਦੇ ਕੇ ਦੱਸਦੇ ਹਨ:

 (ਹ) …। “ਹਾਂ ਕਿਸੇ ਮੌਕੇ ਜਾਂ ਇਕੱਤਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।”

ਸਿੱਖ ਧਰਮ ਦੇ ਸਿਧਾਂਤਾਂ ਤੋਂ ਅਨਜਾਣ ਕਈ ਬੁਲਾਰੇ ਪੈਸਾ ਕਮਾਉਣ ਤੇ ਐਸ਼- ਪ੍ਰਸਤੀ ਵਿਚ ਲੱਗੇ ਹੋਏ ਹਨ। ਇਸ ਤਰ੍ਹਾਂ ਦੇ ਕੁਝ:

ਮਨਮਤੀਏ ਕਰਨ ਸਲਾਹ ਲੱਗੇ, ਉਸ ਕਬਰ ’ਤੇ ਆਪਾਂ ਵੀ ਗੱਜਣਾ ਏਂ।
ਗੁਰਬਾਣੀ ਦਾ ਜਿੱਥੇ ਭੋਗ ਪੈ ਕੇ, ਗਾਉਣ ਵਾਲੀ ਦਾ ਅਖਾੜਾ ਵੀ ਲੱਗਣਾ ਏਂ।
ਉਸ ਕਬਰ ਦਾ ਭਾਵੇਂ ਇਤਿਹਾਸ ਹੈ ਨਹੀਂ, ਫਿਰ ਵੀ ਏਧਰ ਤੇ ਓਧਰ ਦੀਆਂ ਲਾ ਦਿਆਂਗੇ।
ਵਾਹ-ਵਾਹ ਖੱਟਣ ਤੇ ਖ਼ਾਤਰ ਪੈਸਿਆਂ ਦੀ, ਮੀਂਹ ਪ੍ਰਬੰਧਕਾਂ ਦੀ ਸਿਫ਼ਤ ਦਾ ਪਾ ਦਿਆਂਗੇ।
ਇਕ ਆਖਦਾ ਉਥੇ ਨਹੀਂ ਟਾਇਮ ਮਿਲਣਾ, ਐਵੇਂ ਹੰਭ-ਹੰਭਾ ਕੇ ਆ ਜਾਂਗੇ।
ਦੂਜਾ ਆਖਦਾ ਫਿਰ ਕੀ ਗੜੀ ਹੋਜੂ, ਗਾਉਣ ਵਾਲੀ ਹੀ ਵੇਖ ਕੇ ਆ ਜਾਂਗੇ।

ਇਸਲਾਮ ਦੇ ਇਸ ਸਿਧਾਂਤ ਤੋਂ ਅਨਜਾਣ ਕਿ ‘ਹਰ ਇਕ ਅਮੀਰ ਜਿਹੜਾ ਸ਼ਰਾਬ ਪੀਂਦਾ ਹੈ ਉਸ ਦੀ ਧੌਣ ’ਤੇ ਉਨ੍ਹਾਂ ਲੋਕਾਂ ਦੇ ਪਾਪ ਵੀ ਹਨ ਜਿਹੜੇ ਉਸ ਦੇ ਮਾਤਹਿਤ ਹੋ ਕੇ ਸ਼ਰਾਬ ਪੀਂਦੇ ਹਨ। ਲੋਕ ਕਈ ਅਖੌਤੀ ਪੀਰਾਂ-ਫ਼ਕੀਰਾਂ ਦੀਆਂ ਮਜ਼ਾਰਾਂ ’ਤੇ ਸ਼ਰਾਬ ਚੜ੍ਹਾਉਂਦੇ ਤੇ ਪੀਂਦੇ-ਪਿਆਉਂਦੇ ਹਨ। ਐਸੇ ਲੋਕ ਜਿੱਥੇ ਇਸਲਾਮ ਦੇ ਸਿਧਾਂਤਾਂ ਨੂੰ ਖੋਰਾ ਲਾਉਂਦੇ ਹਨ ਉਥੇ ਉਹ ਸ਼ਰਾਬ ਪੀਣ-ਪਿਆਉਣ ਵਾਲੇ ਆਪਣਾ ਹੀ ਨਹੀਂ ਬਲਕਿ ਪਰਵਾਰ ਦਾ ਵੀ ਬੇੜਾ ਗ਼ਰਕ ਕਰਦੇ ਹਨ।

ਪਰਮਾਤਮਾ ਨੂੰ ਭੁਲਾ ਕੇ ਕੇਵਲ ਬੁੱਤ ਜਾਂ ਕਬਰ ਪੂਜਣ ਵਾਲੇ ਫੋਕਟ ਕਰਮਕਾਂਡ ਵਿਚ ਖਚਤ ਹੋ ਰਹੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫ਼ਰਮਾਉਂਦੇ ਹਨ :

ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ॥
ਕੂਰ ਕ੍ਰਿਆ ਉਰਝਿਓ ਸਭਹੀ ਜਗ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ॥10॥  (ਸਵੱਯੇ, ਸ੍ਰਾਵਗ ਸੁੱਧ)

ਹਾਂ ਗੁਰੂ ਖਾਲਸਾ ਜੀਓ!

ਜਗ ਆਪਨ ਆਪਨ ਉਰਝਾਨਾ॥
ਪਾਰਬ੍ਰਹਮ ਕਾਹੂੰ ਨ ਪਛਾਨਾ॥
ਇਕ ਮੜ੍ਹੀਅਨ ਕਬਰਨ ਵੇ ਜਾਹੀਂ॥
ਦੁਹੂੰਅਨ ਮੈ ਪਰਮੇਸ਼੍ਵਰ ਨਾਹੀ॥  (ਚੌਬੀਸ ਅਵਤਾਰ ਦੀ ਭੂਮਿਕਾ, ਦਸਮ ਗ੍ਰੰਥ)

ਇਸ ਵਾਸਤੇ ਸਿੱਖ/ਖਾਲਸੇ ਨੂੰ ਹੁਕਮ (ਉਪਦੇਸ਼) ਹੈ:

ਸਰਵਰ ਗੁਗਾ ਆਦਿ ਜਿ ਪੀਰ।
ਦਿਜ ਦਿਜਨੀ ਸੇਵੈ ਹੁਇ ਭੀਰੁ।
ਤਿਸ ਕੀ ਸੰਗਤਿ ਸਿੱਖ ਨ ਬੈਸੇ।
ਦੇਨੋ ਦਾਨ ਕਹਾਂ ਫਲ ਹੈਸੇ॥19॥  (ਗੁਰ ਪ੍ਰਤਾਪ ਸੂਰਜ, ਰਿਤੁ 5, ਅੰਸੂ 38)

ਸਤਿਗੁਰੂ ਪਾਤਸ਼ਾਹ ਦੇ ਹੁਕਮ/ਉਪਦੇਸ਼ ਨੂੰ ਬੜੀ ਦ੍ਰਿੜ੍ਹਤਾ ਨਾਲ ਨਿਭਾਉਂਦੇ

ਸਿੱਖ:

ਮੜ੍ਹੀ ਮਸਾਣੀ ਥੜੇ ਦਿਵਾਲੇ ਸੀਸ ਨ ਕਾਹਿ ਝੁਕਾਤੇ।
ਰਾਮ ਰਾਮ ਸਲਾਮ ਨ ਰਟਤੇ ਗੱਜ ਕਰੇ ਫ਼ਤੇ ਗਜਾਤੇ॥  (ਨਵੀਨ ਪੰਥ ਪ੍ਰਕਾਸ਼, ਅ: 64)

ਖ਼ਾਲਸੇ ਦੀ ਪਰਖ ਕਰਨ ਵਾਸਤੇ ਇਕ ਦਿਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੈਪੁਰ ਰਿਆਸਤ ਦੇ ਪਿੰਡ ‘ਨਰਾਇਣਾ’ ਵਿਖੇ ਦਾਦੂ ਦੀ ਸਮਾਧ ਨੂੰ ਤੀਰ ਨਾਲ ‘ਨਮਸਕਾਰ’ ਕੀਤੀ। ਸਿੰਘ ਇਹ ਵੇਖ ਕੇ ਬਹੁਤ ਹੈਰਾਨ ਹੋਏ। ਸਿੰਘਾਂ ਨੇ ਕਿਹਾ, “ਗੁਰੂ ਜੀ! ਤੁਸੀਂ ਸਾਨੂੰ ਤਾਂ ਮੜ੍ਹੀਆਂ (ਕਬਰਾਂ) ਦੀ ਪੂਜਾ ਤੋਂ ਵਰਜਦੇ ਹੋ ਤੇ ਆਪੂੰ ਦਾਦੂ ਦੀ ਸਮਾਧ ਨੂੰ ਤੀਰ ਨਾਲ ‘ਨਮਸਕਾਰ’ ਕੀਤੀ ਹੈ। ਤੁਸੀਂ ਤਾਂ ਤਨਖ਼ਾਹੀਏ ਹੋ ਗਏ ਹੋ। ਅਸੀਂ ਤੁਹਾਨੂੰ ਤਨਖ਼ਾਹ ਲਾਵਾਂਗੇ।” ਸਤਿਗੁਰੂ ਜੀ ਸਿੰਘਾਂ ਦੇ ਇਹ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਏ ਕਿ ਸਿੰਘਾਂ ਅੰਦਰ ਕਿੰਨੀ ਜਾਗ੍ਰਿਤੀ ਹੈ। ਆਪ ਨੇ ਫ਼ੁਰਮਾਇਆ, “ਮੈਂ ਤਾਂ ਤੁਹਾਡੀ ਪਰਖ ਕਰਨੀ ਚਾਹੁੰਦਾ ਸਾਂ, ਸਮਾਧ ਨੂੰ ਨਮਸਕਾਰ ਕਰਨ ਦਾ ਕੋਈ ਇਰਾਦਾ ਨਹੀਂ ਸੀ। ਫਿਰ ਵੀ ‘ਤਨਖ਼ਾਹ’ ਦੇ ਭਾਗੀ ਹਾਂ; ਜੋ ਭੀ ਤਨਖ਼ਾਹ (ਦੰਡ) ਲਾਓ ਮਨਜ਼ੂਰ ਹੈ।” (ਮਰਦ ਅਗੰਮੜਾ, ਪੰਨਾ 128)

ਯਾਦ ਰੱਖਣਾ! ਬੁੱਤਾਂ/ਕਬਰਾਂ ਨੂੰ ਪੂਜਣ ਵਾਲਾ ਸਿੱਖ ਨਹੀਂ ਹੋ ਸਕਦਾ। ਪ੍ਰਿੰਸੀਪਲ ਸ. ਸਵਰਨ ਸਿੰਘ ਚੂਸਲੇਵੜ ਨੇ ਇਕ ਲੱਖ ਤੇ ਗਿਆਨੀ ਤਨਵੀਰ ਅਹਿਮਦ ਖ਼ਾਦਿਮ ਨੇ ਇਕ ਕਰੋੜ ਰੁਪਏ ਉਸ ਨੂੰ ਦੇਣ ਦਾ ਐਲਾਨ ਕੀਤਾ ਹੈ, ਜਿਹੜਾ ‘ਨੌ ਗਜੀਆ’ ਕਬਰਾਂ ਹੇਠੋਂ ‘ਨੌ ਗਜ਼’ ਭਾਵ ਸਤਾਈ ਫੁੱਟ ਦੇ ਹਿਸਾਬ ਨਾਲ ਕਿਸੇ ਵੀ ਮਨੁੱਖ ਦਾ ਕੋਈ ਵੀ ਅੰਗ ਕੱਢ ਕੇ ਵਿਖਾਵੇਗਾ। (ਅਖੌਤੀ ਨੌ ਗਜੀਆ ਕਬਰ ’ਤੇ ਮੰਨਤਾਂ ਮੰਨਣ ਤੇ ਮਨਾਉਣ ਵਾਲਿਆਂ ਨੂੰ ਇਕ ਲੱਖ ਤੇ ਇਕ ਕਰੋੜ ਦਾ ਲਾਹਾ ਖੱਟਣ ਵਿਚ ਦੇਰ ਨਹੀਂ ਕਰਨੀ ਚਾਹੀਦੀ।)

ਜੋ ਮੁਸਲਮਾਨ ਜੰਗ/ਯੁੱਧ ਲੜਦਾ ਸੀ ਉਸ ਨੂੰ ‘ਗਾਜਵਾ’ (ਗਾਜੀ) ਕਿਹਾ ਜਾਂਦਾ ਸੀ, ਜਿਨ੍ਹਾਂ ਨੂੰ ਉਸ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਹੁੰਦੀ ਸੀ, ਉਹ ਉਸ ਨੂੰ (ਨਵ ਭਾਵ ਨਵਾਂ, ਗਾਜੀ ਭਾਵ ਜੋਧਾ) ‘ਨਵ ਗਾਜੀਆ’ ਕਹਿੰਦੇ ਸਨ, ਹੌਲੀ-ਹੌਲੀ ਇਹ ਲਫ਼ਜ਼ ‘ਨੌ ਗਜੀਆ’ ਬਣ ਗਿਆ।

ਅਜੋਕੇ ਸਮੇਂ ਵਿਚ ਆਮ ਹੀ ਕਬਰਾਂ/ਪੀਰਖ਼ਾਨਿਆਂ, ਵਾਹਨਾਂ ਉੱਪਰ 786 ਲਿਖਿਆ ਮਿਲਦਾ ਹੈ ਅਤੇ 786 ਅੰਕ ਵਾਲਾ ਨੋਟ (ਰੁਪਈਆ) ਲੱਭ ਕੇ ਉਸ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ। ਕਈ ਇਸ ਅੰਕ ਨੂੰ ਗਲ ਵਿਚ ਵੀ ਪਾਉਂਦੇ ਹਨ। 786 ਅੰਕ ਨਾਲ ਪਿਆਰ ਕਰਨ ਵਾਲੇ ਅਗਿਆਨੀ ਸਿੱਖਾਂ ਲਈ ਜਾਣਨਾ ਜ਼ਰੂਰੀ ਹੈ: ਬਹੁ-ਭਾਸ਼ਾਵਾਂ ਤੇ ਸਿੱਖ-ਪੰਥ ਦੇ ਵਿਦਵਾਨ ਪ੍ਰਿੰਸੀਪਲ ਸ. ਸਵਰਨ ਸਿੰਘ ਚੂਸਲੇਵੜ ਨੇ ਦੱਸਿਆ ਕਿ ਜਿਵੇਂ ਸਿੱਖਾਂ ਲਈ (ਗੁਰੂ ਗ੍ਰੰਥ ਸਾਹਿਬ ਜੀ ਦਾ) ਮੂਲ ਮੰਤ੍ਰ (ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ) ਹੈ, ਤਿਵੇਂ ਹੀ ਮੁਸਲਮਾਨਾਂ ਦਾ ਮੁੱਖ ਮੰਤ੍ਰ “ਬਿਸਮਿੱਲਾ ਹਿਰ ਰਹਿਮਾਨਿਰ ਰਹੀਮ” ਹੈ (ਜਿਸ ਦਾ ਅਰਥ ਹੈ: ਮੈਂ ਅੱਲ੍ਹਾ ਦੇ ਨਾਮ ਨਾਲ ਆਰੰਭ ਕਰਦਾ ਹਾਂ, ਜੋ ਬੇਹੱਦ ਰਹਿਮ ਕਰਨ ਵਾਲਾ ਤੇ ਵਾਰ-ਵਾਰ ਰਹਿਮ ਕਰਨ ਵਾਲਾ ਹੈ)।”

ਅਰਬੀ ਭਾਸ਼ਾ ਦੇ ਲਫ਼ਜ਼ਾਂ/ਅੱਖਰਾਂ ਦਾ ਮੁੱਲ ਵੀ ਨਿਯੁਕਤ ਕੀਤਾ ਹੋਇਆ ਹੈ। ਉਦਾਹਰਣ ਦੇ ਤੌਰ ’ਤੇ ਜਿਵੇਂ ਆਪਾਂ ‘ੳ’ ਦਾ ‘1’, ‘ਅ’ ਦਾ ‘2’ ਤੇ ‘ੲ’ ਦਾ ‘3’ ਮੁੱਲ ਮੰਨ ਲਈਏ। ਇਸ ਤਰ੍ਹਾਂ ‘ਬਿਸਮਿੱਲਾ ਹਿਰ ਰਹਿਮਾਨਿਰ ਰਹੀਮ” ਲਿਖਣ ਲਈ ਜਿੰਨੇ ਲਫ਼ਜ਼ ਤੇ ਮਾਤਰਾਂ ਲੱਗੀਆਂ ਹਨ ਉਨ੍ਹਾਂ ਦੇ ਮੁੱਲ ਨੂੰ ਇਕੱਠਿਆਂ ਕਰ ਕੇ ਜੋੜ 786 ਬਣਦਾ ਹੈ।

ਇਕ ਮੁਸਲਮਾਨ ਭਰਾ ‘ਸ਼ਮਸ’ ਨੇ ਦੱਸਿਆ ਕਿ ਕੁਝ ਇਸਲਾਮੀ ਬਜ਼ੁਰਗਾਂ ਨੇ ਸੋਚਿਆ ਕਿ ਅਗਰ ਕਿਤੇ ਲਿਖਿਆ ਹੋਇਆ ‘ਬਿਸਮਿੱਲਾ ਹਿਰ ਰਹਿਮਾਨਿਰ ਰਹੀਮ’ ਗੰਦੇ-ਮੰਦੇ ਥਾਂ ’ਤੇ ਡਿੱਗ ਪਵੇ ਤਾਂ ਉਸ ਦੀ ਨਿਰਾਦਰੀ ਹੁੰਦੀ ਹੈ, ਕਿਉਂ ਨਾ, ਇਸ ਦੇ ਮੁੱਲ 786 ਅੰਕ ਨੂੰ ਪ੍ਰਚਲਿਤ ਕੀਤਾ ਜਾਵੇ।

ਇਸਲਾਮ ਨੂੰ ਮੰਨਣ ਵਾਲਿਆਂ ਨੂੰ ਇਸਲਾਮ ਮੁਬਾਰਕ। ਅਗਿਆਨਤਾ ਦੇ ਹਨੇਰ ਵਿਚ ਭਟਕ ਕੇ ਖੱਜਲ-ਖੁਆਰ ਹੋ ਰਹੇ ਅਗਿਆਨੀ ਤੇ ਅੰਧ-ਵਿਸ਼ਵਾਸੀ ਸਿੱਖ ਕਹਾਉਣ ਵਾਲਿਆਂ ਦੀ ਹਾਲਤ ਉਨ੍ਹਾਂ ਭੇਡਾਂ ਵਰਗੀ ਹੈ ਜੋ ਦੂਜੀ ਭੇਡ ਦੇ ਪਿੱਛੇ-ਪਿੱਛੇ ਹੀ ਚੱਲਦੀਆਂ ਹਨ, ਬੇਸ਼ੱਕ ਅੱਗੇ ਜਾ ਕੇ ਉਨ੍ਹਾਂ ਨੂੰ ਕਸ਼ਟ ਹੀ ਭੋਗਣਾ ਪਵੇ। ਸ੍ਰੀ ਗੁਰੂ ਅਮਰਦਾਸ ਜੀ ਸਮਝਾਉਂਦੇ ਹਨ:

ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ॥
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ॥ (ਪੰਨਾ 28)

ਗੁਰਮਤਿ ਦੀ ਵਿਚਾਰਧਾਰਾ ਤੋਂ ਮੁੱਖ ਮੋੜ ਕੇ ਖੱਜਲ-ਖ਼ੁਆਰ ਹੋ ਰਹੇ ਭੈਣਾਂ- ਭਰਾਵਾਂ ਨੂੰ ਮੁੜ ‘ਸਿੱਖੀ’ ਦੇ ਚਾਨਣ-ਮੁਨਾਰੇ ਹੇਠ ਆਉਣਾ ਚਾਹੀਦਾ ਹੈ, ਜਿੱਥੇ ਆ ਕੇ ਸਭ ਭਟਕਣਾ ਖ਼ਤਮ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਆਪਣੇ ਚਰਨੀਂ ਲੱਗਣ ਵਾਲਿਆਂ ਨੂੰ ਆਪਣੀ ਵਿਚਾਰਧਾਰਾ/ਗਲਵਕੜੀ ਵਿਚ ਲੈ ਕੇ, ਪਿਆਰ/ ਉਪਦੇਸ਼ ਦੇਣ ਲਈ ਅਗਲਵਾਂਢੀ ਹੋ ਕੇ ਮਿਲਦੇ ਹਨ:

ਚਰਨ ਸ਼ਰਨਿ ਗੁਰ ਏਕ ਪੈਂਡਾ ਜਾਇ ਚਲ, ਸਤਿਗੁਰ ਕੋਟਿ ਪੈਂਡਾ ਆਗੇ ਹੋਇ ਲੇਤ ਹੈ।  (ਭਾਈ ਗੁਰਦਾਸ ਜੀ, ਕਬਿੱਤ 111)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Nishan Singh Gandivind
ਗ੍ਰੰਥੀ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ -ਵਿਖੇ: ਠੱਠਾ ਤਰਨਤਾਰਨ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)