ਧਰਮਾਂ ਦੇ ਖੇਤਰ ਵਿਚ ਵੱਡੀ ਸਮੱਸਿਆ ਇਹ ਹੈ ਕਿ ਅਧੂਰੇ ਗੁਰੂ ਵੀ ਆਪਣੇ ਆਪ ਨੂੰ ਅਧੂਰਾ ਮੰਨਣ ਲਈ ਤਿਆਰ ਨਹੀਂ ਹੁੰਦੇ। ਆਪਣੇ ਆਪ ਨੂੰ ਅਧੂਰਾ ਮੰਨ ਲੈਣਾ ਜਾਂ ਆਪਣੀ ਕਮੀ ਨੂੰ ਮੰਨ ਲੈਣਾ ਉਨ੍ਹਾਂ ਨੂੰ ਮੌਤ ਤੁਲ ਜਾਪਦਾ ਹੈ। ਇਸ ਲਈ ਇਹ ਸ਼ਾਤਰ ਲੋਕ ਜਾਂ ਤਾਂ ਇਸ ਸੱਚੀ ਮੱਤ ਦਾ ਵਿਰੋਧ ਕਰਨਾ ਅਰੰਭ ਕਰ ਦਿੰਦੇ ਹਨ ਜਾਂ ਇਹ ਇਸ ਸੱਚੀ ਬਾਣੀ ਨੂੰ ਇਸ ਢੰਗ ਨਾਲ ਅਰਥਾਉਂਦੇ ਹਨ ਜਿਸ ਨਾਲ ਉਨ੍ਹਾਂ ਦਾ ਗੁਰੂ-ਡੰਮ੍ਹ, ਇਸ ਗਿਆਨ-ਖੜਗ ਦੀ ਤਿੱਖੀ ਮਾਰ ਤੋਂ ਬਚ ਸਕੇ। ਗੁਰਬਾਣੀ ਦੇ ਅਰਥ ਤੋੜ-ਮਰੋੜ ਕੇ ਪ੍ਰਚਾਰੇ ਜਾਣੇ ਗੁਰਬਾਣੀ ਨੂੰ ਮੰਨਣ ਵਾਲਿਆਂ ਲਈ ਦੁਖਦਾਈ ਹਾਲਾਤ ਪੈਦਾ ਕਰ ਦਿੰਦੇ ਹਨ ਜਿਸ ਤੋਂ ਗੁਰਬਾਣੀ ਨੂੰ ਮੰਨਣ ਵਾਲਿਆਂ ਵਿਚ ਘਬਰਾਹਟ ਅਤੇ ਭੜਕਾਹਟ ਦਾ ਪੈਦਾ ਹੋ ਜਾਣਾ ਕੁਦਰਤੀ ਗੱਲ ਹੈ। ਅਜਿਹੀ ਹਾਲਤ ਹੀ ਅੱਜ ਸਿਰਸੇ ਵਾਲੇ ਰਾਮ ਰਹੀਮ ਗੁਰਮੀਤ ਸਿੰਘ ਦੀ ਬਣ ਗਈ ਹੈ।
ਅਜਿਹੀ ਹਾਲਤ ਭਾਵੇਂ ਕੋਈ ਪਹਿਲੀ ਵਾਰ ਨਹੀਂ ਬਣੀ, ਗੁਰੂ ਸਾਹਿਬਾਨ ਤੋਂ ਲੈ ਕੇ ਅਜਿਹਾ ਕੁਝ ਮਨਮੱਤੀਆਂ ਦੁਆਰਾ ਹੁੰਦਾ ਰਿਹਾ ਹੈ। ਬਲਕਿ ਗੁਰੂ ਸਾਹਿਬਾਨ ਤੋਂ ਪਹਿਲਾਂ ਤੋਂ ਵੀ ਜੇ ਵੇਖਿਆ-ਵਿਚਾਰਿਆ ਜਾਵੇ ਤਾਂ ਭਗਤਾਂ ਦੇ ਸਮੇਂ ਵੀ ਮਨਮੱਤੀਆਂ ਵੱਲੋਂ ਪਰਮੇਸ਼ਰ ਦੀ ਇਸ ਸੱਚੀ-ਸੁੱਚੀ ਬਾਣੀ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ, ਜਿਸ ਦੇ ਪ੍ਰਮਾਣ ਭਗਤਾਂ ਦੀ ਆਪਣੀ ਬਾਣੀ ਅਤੇ ਇਤਿਹਾਸ ਵਿੱਚੋਂ ਮਿਲਦੇ ਹਨ। ਭਗਤ ਕਬੀਰ ਜੀ ਅਤੇ ਭਗਤ ਨਾਮਦੇਵ ਜੀ ਨੂੰ ਹਾਥੀ ਅੱਗੇ ਸੁਟਵਾਉਣ ਜਿਹੇ ਕਾਰਿਆਂ ਪਿੱਛੇ ਦਰਅਸਲ ਅਜਿਹੇ ਦੰਭੀਆਂ ਦਾ ਹੀ ਹੱਥ ਸੀ। ਭਗਤ ਰਵਿਦਾਸ ਜੀ ਤਾਂ ਬਾਣੀ ਅੰਦਰ ਹੀ ਆਖ ਰਹੇ ਹਨ ਕਿ ਪਾਂਡੇ ਲੋਕ ਮੈਨੂੰ ਢੇਡ (ਅਤਿ ਨੀਚ) ਆਖ ਰਹੇ ਹਨ ਕਿਉਂਕਿ ਮੈਂ ਪਰਮੇਸ਼ਰ ਦੀ ਗੱਲ ਕਰ ਰਿਹਾ ਹਾਂ। ਭਗਤ ਜੀ ਨੇ ਪਰਮੇਸ਼ਰ ਦੀ ਗੱਲ ਕਰਨੀ ਬੰਦ ਨਹੀਂ ਕੀਤੀ। ਆਖ਼ਰਕਾਰ ਇਨ੍ਹਾਂ ਝੂਠੀ ਮੱਤ ਦੇ ਧਾਰਨੀ ਗੁਰੂ- ਡੰਮ੍ਹ ਦੇ ਪੁਜਾਰੀਆਂ ਨੂੰ ਹੀ ਹਾਰ ਮੰਨਣੀ ਪਈ ਜਿਸ ਦਾ ਜ਼ਿਕਰ ਭਗਤ ਜੀ ਕਰਦੇ ਹੋਏ ਆਖ ਰਹੇ ਹਨ ਕਿ ਬਿਪਰਾਂ ਦੇ ਪ੍ਰਧਾਨ ਹੁਣ ਮੇਰੇ ਅੱਗੇ ਡੰਡਉਤ ਤਾਂ ਕਰਦੇ ਹਨ ਪਰ ਹੇ ਪਰਮੇਸ਼ਰ! ਇਹ ਮੇਰੀ ਜਿੱਤ ਨਹੀਂ, ਇਹ ਤੇਰੇ ਨਾਮ ਅੱਗੇ ਝੁਕ ਗਏ ਹਨ।
ਗੁਰੂ-ਕਾਲ ਸਮੇਂ ਵੀ ਇਨ੍ਹਾਂ ਮਨਮੱਤੀਆਂ, ਇਨ੍ਹਾਂ ਸ਼ਾਤਰ ਲੋਕਾਂ ਨੇ ਗੁਰੂ-ਘਰ ਦੇ ਜੰਮਪਲਾਂ ਨੂੰ ਆਪਣੇ ਮਾਇਆ ਜਾਲ ਵਿਚ ਫਸਾ ਕੇ ਗੁਰਮਤਿ ਦੇ ਪ੍ਰਚਾਰ ਨੂੰ ਢਾਹ ਲਾਉਣ ਲਈ ਗੁਰੂ-ਘਰ ਦੇ ਸਮਾਨੰਤਰ ਇਕ ਅਜਿਹੀ ਮੱਤ ਚਲਾਉਣ ਦੀਆਂ ਚਾਲਾਂ ਚੱਲੀਆਂ ਜਿਸ ਨਾਲ ਇਨ੍ਹਾਂ ਦੀਆਂ ਆਪਣੀਆਂ ਮੱਤਾਂ ਅਤੇ ਗੁਰਮਤਿ ਵਿਚਲਾ ਅੰਤਰ ਸਮਾਪਤ ਕਰ ਕੇ ਇਨ੍ਹਾਂ ਦੇ ਦੰਭ ਦਾ ਬਚਾਅ ਹੋ ਜਾਂਦਾ। ਪਰ ਗੁਰੂ ਸਾਹਿਬਾਨ ਨਾਮ- ਰੰਗ ਵਿਚ ਰੰਗੇ ਅਡੋਲ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਅੰਤ ਨੂੰ ਕੂੜ-ਕਪਟ ਦੀਆਂ ਮੱਤਾਂ ਆਪ ਹੀ ਸਮੇਂ ਦੀ ਮਾਰ ਨਾਲ ਦਮ ਤੋੜ ਗਈਆਂ। ਉਨ੍ਹਾਂ ਮੱਤਾਂ ਵਿਚ ਕੋਈ ਵੀ ਮੱਤ ਗੁਰੂ-ਘਰ ਦਾ ਵਿਰੋਧ ਕਰਨ ਵਾਲੀ ਅੱਜ ਦਿਖਾਈ ਨਹੀਂ ਦੇ ਰਹੀ। ਜਿਵੇਂ ਪਹਿਲਾਂ ਵੀ ਸੰਕੇਤ ਕੀਤਾ ਜਾ ਚੁਕਾ ਹੈ ਕਿ ਗੁਰਮਤਿ ਦੀ ਹੋਂਦ ਉਨ੍ਹਾਂ ਲੋਕਾਂ ਲਈ ਖ਼ਤਰੇ ਦੀ ਘੰਟੀ ਬਣੀ ਰਹਿੰਦੀ ਹੈ ਜਿਹੜੇ ਧਰਮ ਦੇ ਨਾਂ ’ਤੇ ਪਾਖੰਡਵਾਦ ਨੂੰ ਚਲਾਉਣ ਵਾਲੇ ਹੁੰਦੇ ਹਨ। ਵਰਨਾ ਗੁਰਮਤਿ ਤਾਂ ਸਾਰੀਆਂ ਮੱਤਾਂ ਨੂੰ ਉਸ ਤੋਂ ਅਗਲਾ ਰਸਤਾ ਦੱਸਦੀ ਹੈ ਜਿੱਥੇ ਜਾ ਕੇ ਉਨ੍ਹਾਂ ਮੱਤਾਂ ਵਿਚ ਖੜੋਤ ਆ ਜਾਂਦੀ ਹੈ। ਕਿਸੇ ਵੀ ਵਿਅਕਤੀ ਜਾਂ ਮੱਤ ਦੇ ਗਿਆਨ ਵਿਚ ਵਾਧਾ ਕਰਨ ਨੂੰ ਦੁਨੀਆਂ ਦਾ ਕੋਈ ਵੀ ਸੂਝਵਾਨ ਵਿਅਕਤੀ ਬੁਰਾ ਨਹੀਂ ਮੰਨ ਸਕਦਾ। ਬੁਰਾ ਕੇਵਲ ਉਹੀ ਲੋਕ ਮੰਨਦੇ ਹਨ ਜਿਨ੍ਹਾਂ ਨੇ ਝੂਠ ਦੀਆਂ ਦੁਕਾਨਾਂ ਖੋਲ੍ਹ ਰੱਖੀਆਂ ਹਨ।
ਗੁਰਬਾਣੀ ਦਾ ਸੱਚ ਸੰਸਾਰ ਦੇ ਲੋਕਾਂ ਦੇ ਮਨਾਂ ਵਿਚ ਗਿਆਨ ਦਾ ਸੂਰਜ ਪ੍ਰਗਟ ਕਰਨ ਵਾਲਾ ਹੈ। ਮਨਮੁਖ ਉੱਲੂ ਤਾਂ ਸੂਰਜ ਦਾ ਵਿਰੋਧ ਕਰੇਗਾ ਹੀ ਕਿਉਂਕਿ ਉਸ ਦਾ ਗੁਰੂ-ਡੰਮ੍ਹ ਤਾਂ ਹਨੇਰੇ ਵਿਚ ਹੀ ਪ੍ਰਫੁੱਲਤ ਹੁੰਦਾ ਜਾਂ ਫਲਦਾ-ਫੁਲਦਾ ਹੈ। ਗੁਰਬਾਣੀ ਮਨੁੱਖ-ਮਾਤਰ ਨੂੰ ਸੋਝੀ ਪ੍ਰਦਾਨ ਕਰਦੀ ਹੈ ਜਿਸ ਕਰਕੇ ਸਾਧਾਰਨ ਆਦਮੀ ਇਨ੍ਹਾਂ ਪਾਖੰਡਵਾਦੀਆਂ ਦੇ ਭਰਮ-ਜਾਲ ’ਚ ਫਸਣ ਤੋਂ ਸੁਚੇਤ ਹੋ ਜਾਂਦਾ ਹੈ। ਇਹੀ ਕਾਰਨ ਹੈ ਇਨ੍ਹਾਂ ਦੰਭੀ ਅਖੌਤੀ ਆਪੂੰ ਬਣੇ ਗੁਰੂਆਂ ਵੱਲੋਂ ਗੁਰਮਤਿ ਦੇ ਵਿਰੋਧ ਦਾ।
ਸੰਸਾਰ ਵਿਚ ਦੋ ਪ੍ਰਕਾਰ ਦੇ ਗੁਰੂ ਹੁੰਦੇ ਹਨ- ਅਸਲੀ ਗੁਰੂ ਅਤੇ ਨਕਲੀ ਗੁਰੂ। ਅਸਲੀ ਗੁਰੂ ਦੀ ਪਛਾਣ ਇਹ ਹੈ ਕਿ ਉਹ ਮਨੁੱਖਤਾ ਦਾ ਭਰਮ ਨਾਸ ਕਰ ਕੇ ਦੁਨੀਆਂ ਦੇ ਹਰ ਬਸ਼ਰ ਨੂੰ ਆਪਣੇ ਵਰਗਾ ਸੂਝਵਾਨ ਬਣਾਉਂਦਾ ਹੈ ਕਿਉਂਕਿ ਅਸਲੀ ਗੁਰੂ ਕੋਲ ਇਤਨਾ ਗਿਆਨ ਦਾ ਭੰਡਾਰ ਹੁੰਦਾ ਹੈ ਜਿਸ ਨੂੰ ਅਥਾਹ ਹੀ ਕਿਹਾ ਜਾ ਸਕਦਾ ਹੈ। ਇਸ ਲਈ ਸੱਚੇ ਗੁਰੂ ਨੂੰ ਕਿਸੇ ਸਮੇਂ ਵੀ ਅਜਿਹਾ ਖ਼ਤਰਾ ਨਹੀਂ ਰਹਿੰਦਾ ਕਿ ਮੈਥੋਂ ਗਿਆਨ ਪ੍ਰਾਪਤ ਕਰ ਕੇ ਕੋਈ ਦੂਸਰਾ ਮੈਥੋਂ ਅੱਗੇ ਲੰਘ ਜਾਵੇ। ਉਹ ਤਾਂ ਸਗੋਂ ਸਾਰੀ ਲੋਕਾਈ ਨੂੰ ਹੀ ਆਪਣੇ ਵਰਗਾ ਬਣਾ ਲੈਣਾ ਲੋਚਦਾ ਰਹਿੰਦਾ ਹੈ। ਜਦੋਂ ਕਿ ਨਕਲੀ ਗੁਰੂ ਅਲਪ ਬੁੱਧੀ ਦਾ ਮਾਲਕ ਹੁੰਦਾ ਹੈ, ਉਸ ਨੂੰ ਹਮੇਸ਼ਾਂ ਹੀ ਖ਼ਤਰਾ ਬਣਿਆ ਰਹਿੰਦਾ ਹੈ ਕਿ ਮੈਥੋਂ ਕੋਈ ਅੱਗੇ ਨਾ ਲੰਘ ਜਾਵੇ ਜਾਂ ਮੇਰੇ ਅਲਪ ਗਿਆਨ ਦਾ ਕਿਸੇ ਨੂੰ ਪਤਾ ਨਾ ਲੱਗ ਜਾਵੇ। ਇਸੇ ਲਈ ਉਹ ਲੋਕਾਂ ਨੂੰ ਸੂਝਵਾਨ ਬਣਾਉਣ ਦੀ ਥਾਂ ਭਰਮ-ਭੁਲੇਖਿਆਂ ਵਿਚ ਉਲਝਾਈ ਰੱਖਣ ਵਾਲਾ ਹੀ ਹੁੰਦਾ ਹੈ। ਇਸੇ ਵਿਚ ਉਸ ਦੇ ਗੁਰੂ-ਡੰਮ੍ਹ ਦਾ ਬਚਾਅ ਸੰਭਵ ਹੁੰਦਾ ਹੈ। ਇਹ ਸਾਰੇ ਕਾਰਨ ਹਨ ਅਨਮੱਤੀਆਂ ਦੇ ਇਸ ਸੱਚੀ-ਸੁੱਚੀ ਮੱਤ ਦੇ ਵਿਰੋਧੀ ਹੋਣ ਲਈ।
ਅੱਜ ਇਹ ਗੰਭੀਰਤਾ ਨਾਲ ਵਿਚਾਰਨ ਦਾ ਸਮਾਂ ਆ ਗਿਆ ਹੈ ਕਿ ਅਸੀਂ ਗੁਰੂ ਕੀ ਮੱਤ ਅਨੁਸਾਰ ਸਰਬੱਤ ਦੇ ਭਲੇ ਦੇ ਝੰਡਾ ਬਰਦਾਰ ਬਣੀਏ ਅਤੇ ਸਿੱਖਾਂ ਅਤੇ ਕੇਵਲ ਸਿੱਖਾਂ ਦੀ ਚਿੰਤਾ ਛੱਡ ਕੇ ਸਿੱਖੀ ਦੀ ਚਿੰਤਾ ਵੱਲ ਧਿਆਨ ਦੇਈਏ, ਨਹੀਂ ਤਾਂ ਪਿਛਲੇ ਦੋ-ਢਾਈ ਸੌ ਸਾਲ ਵਿਚ ਸਿੱਖਾਂ ਦੀ ਚਿੰਤਾ ਕਰਨ ਕਰਕੇ ਜੋ ਅਸੀਂ ਖੱਟਿਆ ਅਤੇ ਗਵਾਇਆ ਹੈ ਅੱਜ ਉਹ ਸਾਡੇ ਸਾਹਮਣੇ ਹੀ ਹੈ।
ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਸਾਹਿਬਾਨ ਅਤੇ ਖਾਲਸੇ ਨੇ ਆਪਣੀ ਹੋਂਦ ਨੂੰ ਬਚਾਉਣ ਲਈ ਸੰਸਾਰੀ ਹਥਿਆਰਾਂ ਜਿਵੇਂ ਤਲਵਾਰ, ਤੁਪਕ, ਤੀਰ ਆਦਿ ਦੀ ਵਰਤੋਂ ਵੀ ਕੀਤੀ ਹੈ ਪਰ ਉਹ ਸਮਾਂ ਹਰ ਵੇਲੇ ਨਹੀਂ ਹੋਇਆ ਕਰਦਾ। ਤਲਵਾਰ ਦੇ ਮੁੱਠੇ ’ਤੇ ਤਾਂ ਹੱਥ ਉਦੋਂ ਹੀ ਜਾਣਾ ਚਾਹੀਦਾ ਹੈ ਜਦੋਂ ਗੱਲਬਾਤ ਦੇ ਸਾਰੇ ਹੀਲੇ-ਵਸੀਲੇ ਖ਼ਤਮ ਹੋ ਜਾਣ। ਗੁਰਮਤਿ ਰੂਪੀ ਗਿਆਨ-ਖੜਗ ਦੀ ਧਾਰ ਇਸ ਕਦਰ ਤਿੱਖੀ ਅਤੇ ਬਾਰੀਕ ਹੈ ਕਿ ਝੂਠ ’ਤੇ ਟਿਕੀ ਦੁਨੀਆਂ ਦੀ ਕੋਈ ਵੀ ਮੱਤ ਇਸ ਦੇ ਅੱਗੇ ਟਿਕ ਨਹੀਂ ਸਕਦੀ।
ਪਰ ਅੱਜ ਸਮੱਸਿਆ ਇਹ ਹੈ ਕਿ ਗੁਰਮਤਿ ਦੀ ਉਹ ਸੋਝੀ ਜਿਹੜੀ ਗੁਰੂ ਸਾਹਿਬਾਨ ਵੇਲੇ ਜਾਂ ਉਨ੍ਹਾਂ ਤੋਂ ਕੁਝ ਸਮਾਂ ਬਾਅਦ ਉਨ੍ਹਾਂ ਦੇ ਪੜ੍ਹਾਏ ਹੋਏ ਸਿੰਘਾਂ ਕੋਲ ਸੀ, ਅੱਜ ਸਾਡੇ ਬਹੁਤਿਆਂ ਕੋਲ ਨਹੀਂ ਹੈ ਕਿਉਂਕਿ ਦਸਮ ਪਾਤਸ਼ਾਹ ਤੋਂ ਬਾਅਦ ਗੁਰਮਤਿ ਦੇ ਪ੍ਰਚਾਰ ’ਤੇ ਪਾਬੰਦੀ ਲਾ ਦਿੱਤੀ ਗਈ ਸੀ ਅਤੇ ਗੁਰਮਤਿ ਦੀ ਸੋਝੀ ਰੱਖਣ ਵਾਲਿਆਂ ਨੂੰ ਇਕ-ਇਕ ਕਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਜਿਨ੍ਹਾਂ ਵਿਦਵਾਨਾਂ ਨੇ ਗੁਰਬਾਣੀ ਦੇ ਟੀਕੇ ਲਿਖੇ, ਉਹ ਦੂਜੀਆਂ ਮੱਤਾਂ ਤੋਂ ਪ੍ਰਭਾਵਿਤ ਵਿਦਵਾਨ ਸਨ। ਗੁਰਬਾਣੀ ਵਿਚ ਬਹੁਤ ਕੁਝ ਅਜਿਹਾ ਹੈ ਜਾਂ ਇਉਂ ਕਹਿ ਲਓ ਕਿ ਗੁਰਬਾਣੀ ਦੀ ਗੁਹਜ ਕਥਾ ਸਮਝਣ ਵਾਲੀ ਘੱਟ ਅਤੇ ਬੁੱਝਣ ਵਾਲੀ ਜ਼ਿਆਦਾ ਹੈ। ਸਮਝਣ ਵਾਲੀ ਤਾਂ ਗੱਲ ਵਿਦਵਾਨਾਂ ਦੇ ਪੱਲੇ ਪੈ ਗਈ ਅਤੇ ਬੁੱਝਣ ਵਾਲੀ ਗੱਲ ਪੱਲੇ ਪੈਣੀ ਅਜੇ ਬਾਕੀ ਹੈ। ਅਸਲੀ ਲੜਾਈ ਬੁੱਝਣ ਵਾਲੀ ਗੱਲ ਪੱਲੇ ਪੈਣ ਨਾਲ ਹੀ ਜਿੱਤੀ ਜਾਣੀ ਹੈ। ਬੁੱਝਣ ਵਾਲੀ ਗੱਲ, ਬੁੱਝਣ ਉਪਰੰਤ ਹੀ ਸਿੱਖ ਦੀ ਬੁੱਧੀ, ਵਿਵੇਕ ਬੁੱਧੀ ਵਿਚ ਬਦਲ ਜਾਂਦੀ ਹੈ। ਵਿਵੇਕ ਬੁੱਧੀ ਹੀ ਹਰ ਕਿਸਮ ਦੇ ਭਰਮ-ਜਾਲ ਨੂੰ ਕੱਟਣ ਵਿਚ ਸਮਰੱਥ ਹੈ। ਇਨ੍ਹਾਂ ਭਰਮ ਫੈਲਾਉਣ ਵਾਲੇ ਦੰਭੀ-ਪਾਖੰਡੀ ਗੁਰੂਆਂ ਨਾਲ ਵਿਵੇਕ ਬੁੱਧੀ ਵਾਲੇ ਗੁਰਮੁਖ ਹੀ ਸਿੱਝ ਸਕਦੇ ਹਨ। ਸੋ ਪਹਿਲੇ ਪੜਾਅ ਉੱਤੇ ਉਨ੍ਹਾਂ ਗੁਰਮੁਖਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਇਸ ਪਾਖੰਡਵਾਦ ਦੇ ਮੋਰਚੇ ਦੇ ਖ਼ਿਲਾਫ਼ ਅਗਲੀਆਂ ਸਫ਼ਾਂ ’ਚ ਹੋ ਕੇ ਗਿਆਨ-ਖੜਗ ਦੀ ਲੜਾਈ ਲੜਨ ਲਈ ਕਮਰਕੱਸਾ ਕਰਨਾ ਚਾਹੀਦਾ ਹੈ।
ਪਰੰਤੂ ਜਿਵੇਂ ਕਿ ਅਸੀਂ ਉੱਪਰ ਵੀ ਲਿਖਿਆ ਹੈ ਕਿ ਗੁਰਬਾਣੀ ਅੰਦਰਲੀ ਬੁੱਝਣ ਵਾਲੀ ਗੱਲ ਅਜੇ ਤਕ ਸਾਡੀ ਪਕੜ ਤੋਂ ਹੀ ਪਰ੍ਹੇ ਹੈ। ਇਸੇ ਲਈ ਉਸ ਦਾ ਪ੍ਰਚਾਰ ਵੀ ਸਿੱਖ ਸੰਗਤ ਵਿਚ ਨਹੀਂ ਹੋ ਰਿਹਾ। ਅੱਜ ਦੇ ਸਾਡੇ ਪ੍ਰਚਾਰਕਾਂ ਜਾਂ ਰਾਗੀਆਂ ਨੂੰ ਗੂੜ੍ਹ ਗਿਆਨ ਜਾਂ ਤੱਤ ਗਿਆਨ ਦੀਆਂ ਗੱਲਾਂ ਬੁੱਝਣ ਦੀ ਸਮਰੱਥਾ ਵੀ ਵਿਕਸਿਤ ਕਰਨੀ ਪਵੇਗੀ ਤਾਂ ਕਿ ਉਹ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਵਿਚ ਵੀ ਸਮਰੱਥ ਹੋ ਸਕਣ।
ਕਹਿਣ ਤੋਂ ਭਾਵ ਇਹ ਹੈ ਕਿ ਜੇ ਅਸੀਂ ਇਹ ਚਾਹੁੰਦੇ ਹਾਂ ਕਿ ਇਨ੍ਹਾਂ ਰੋਜ਼ ਪੈਦਾ ਹੋਣ ਵਾਲੇ ਡੰਮ੍ਹੀਆਂ ਦਾ ਪੈਦਾ ਹੋਣਾ ਹਮੇਸ਼ਾਂ ਲਈ ਰੋਕ ਦਿੱਤਾ ਜਾਵੇ ਤਾਂ ਸਾਨੂੰ ਸਭ ਤੋਂ ਪਹਿਲਾਂ ਗੁਰਮਤਿ/ਗੁਰਬਾਣੀ ਦੀ ਸੋਝੀ ਤੇ ਅਰਥ-ਬੋਧ ਰੱਖਣ ਵਾਲੇ ਗੁਰਮੁਖ ਵਿਦਵਾਨਾਂ ਨੂੰ ਇਕ ਪਲੇਟਫ਼ਾਰਮ ’ਤੇ ਇਕੱਠੇ ਕਰ ਕੇ ਗੁਰਮਤਿ ਦੇ ਉਪਲਬਧ ਟੀਕਿਆਂ ਨੂੰ ਡੂੰਘੀ ਤਰ੍ਹਾਂ ਵਿਚਾਰਨਾ ਚਾਹੀਦਾ ਹੈ ਅਤੇ ਇਸ ਮਗਰੋਂ ਗੁਰਬਾਣੀ ਦੇ ਸਹੀ-ਸਹੀ ਅਰਥਾਂ ਵਾਲੇ ਟੀਕੇ ਨਵੇਂ ਸਿਰਿਓਂ ਵੀ ਤਿਆਰ ਕਰਵਾਉਣੇ ਚਾਹੀਦੇ ਹਨ। ਨਾਲ ਦੀ ਨਾਲ ਕਿਸੇ ਚੈਨਲ ਤੋਂ ਗੁਰਮਤਿ ਵਿਚਾਰਧਾਰਾ ਦੀ ਸੋਝੀ ਪ੍ਰਸਾਰਿਤ ਕਰਨ ਦੇ ਉਪਰਾਲੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਆਪਣੇ ਇਤਿਹਾਸ ਨੂੰ ਗੁਰਮਤਿ ਅਨੁਸਾਰ ਸੋਧ ਕੇ ਪ੍ਰਚਾਰਨਾ-ਪ੍ਰਸਾਰਨਾ ਚਾਹੀਦਾ ਹੈ। ਗੁਰਮਤਿ ਦੇ ਸਹੀ ਅਰਥ ਸਮਝੇ ਬਿਨਾਂ ਸਾਡੇ ਅੰਦਰ ਮਤਭੇਦ ਰਹਿਣਗੇ ਹੀ। ਗੁਰਮਤਿ ਨੂੰ ਗ੍ਰਹਿਣ ਕਰਨਾ ਹੀ ਗੁਰਸਿੱਖਾਂ ਲਈ ਭਗਤੀ ਕਰਨ ਦੇ ਤੁੱਲ ਹੈ। ਅੱਜ ਸਾਡੇ ਵੱਖਰੇ-ਵੱਖਰੇ ਰਾਹਾਂ ਦਾ ਕਾਰਨ ਹੀ ਇਹ ਹੈ ਕਿ ਅਸੀਂ ਗੁਰਮਤਿ ਦੀ ਸਹੀ ਵਿਆਖਿਆ ਹੁਣ ਤਕ ਦੇਣ ਤੋਂ ਕਾਫ਼ੀ ਹੱਦ ਤਕ ਅਸਮਰੱਥ ਰਹੇ ਹਾਂ। ਗੁਰਮਤਿ ਦੀ ਸਹੀ ਵਿਆਖਿਆ ਹੀ ਅੱਜ ਸਾਡੀਆਂ ਸਮੱਸਿਆਵਾਂ ਦਾ ਵਾਹਦ ਹੱਲ ਹੈ। ਇਸ ਲਈ ਸਾਡੀ ਇਹ ਗੁਰੂ ਰੂਪ ਪੰਥ ਖਾਲਸੇ ਨੂੰ ਸਨਿਮਰ ਬੇਨਤੀ ਹੈ ਕਿ ਗੁਰੂ ਲਈ ਸਭ ਕੁਝ ਭੁੱਲ ਕੇ ਇਕ ਥਾਂ ਗੁਰਮੁਖਾਂ ਵਾਂਗ ਬੈਠੀਏ ਅਤੇ ਆਸ਼ੂਤੋਸ਼, ਭਨਿਆਰੇ ਵਾਲੇ ਅਤੇ ਸਿਰਸੇ ਵਾਲੇ ਮਨਮੱਤੀਆਂ ਨੂੰ ਖ਼ਤਮ ਕਰਨ ਲਈ ਗੁਰਮਤਿ ਦਾ ਸੱਚ ਗੁਰਬਾਣੀ ’ਚੋਂ ਲੱਭੀਏ ਜਿਸ ਦਾ ਇਕ ਕਿਣਕਾ ਹੀ ਅਜਿਹੇ ਦੰਭੀਆਂ ਦਾ ਖੁਰਾ-ਖੋਜ ਮਿਟਾਉਣ ਦੀ ਸ਼ਕਤੀ ਰੱਖਦਾ ਹੈ।
ਲੇਖਕ ਬਾਰੇ
ਸੱਚ ਖੋਜ ਅਕੈਡਮੀ, ਸਮਰਾਲਾ ਰੋਡ, ਖੰਨਾ (ਲੁਧਿਆਣਾ)
- ਹੋਰ ਲੇਖ ਉਪਲੱਭਧ ਨਹੀਂ ਹਨ