ਗੁਰਮਤਿ ਪ੍ਰਕਾਸ਼
ਸਿੱਖ ਧਰਮ ਵਿਚਾਰਧਾਰਾ ਇਕ ਵਿਲੱਖਣ ਕਿਸਮ ਦੀ ਵਿਚਾਰਧਾਰਾ ਹੈ। ਇਸ ਦੇ ਸਿਧਾਂਤ ਬਹੁਪੱਖੀ ਹਨ, ਇਨ੍ਹਾਂ ਸਿਧਾਂਤਾਂ ਦੀਆਂ ਪਰਤਾਂ ਬੜੀਆਂ ਡੂੰਘੀਆਂ ਹਨ। ਇਨ੍ਹਾਂ ਸਿਧਾਂਤਾਂ ਦਾ ਬਹੁਪੱਖੀ ਅਧਿਐਨ ਸਮੇਂ ਦੀ ਮੰਗ ਹੈ। ਸਿੱਖ ਵਿਦਵਾਨਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਡੂੰਘਾਈਆਂ ਤਕ ਜਾ ਕੇ ਗੁਰਮਤਿ ਦੇ ਅਨੁਭਵੀ ਖ਼ਿਆਲਾਂ ਨੂੰ ਸਰਲ ਰੂਪ ਵਿਚ ਸੰਸਾਰ ਦੇ ਲੋਕਾਂ ਤਕ ਪਹੁੰਚਾਇਆ ਜਾਵੇ।
ਸਿੱਖ ਧਰਮ ਵਿਚ ਭਾਣਾ ਮੰਨਣ ਦਾ ਸੰਕਲਪ ਜਿੱਥੇ ਵਿਲੱਖਣ ਹੈ ਉਥੇ ਇਸ ਦੀ ਸਾਰਥਿਕਤਾ ਇਸ ਦੇ ਬਹੁਪੱਖੀ ਵਿਵਰਣ ਨਾਲ ਜੁੜੀ ਹੋਈ ਹੈ।
ਭਾਣਾ, ਹੁਕਮ, ਰਜਾ, ਭਾਣੈ, ਆਗਿਆ ਆਦਿ ਸ਼ਬਦ ਗੁਰਬਾਣੀ ਵਿਚ ਕਈ ਥਾਵਾਂ ’ਤੇ ਸਮਾਨ ਅਰਥੀ ਸ਼ਬਦਾਂ ਵਿਚ ਆਏ ਹਨ। ਇਨ੍ਹਾਂ ਸ਼ਬਦਾਂ ਦੇ ਅੱਖਰ, ਭੇਦ, ਆਪੋ-ਆਪਣੇ ਅਰਥ ਦਰਸਾਉਂਦੇ ਹਨ ਪਰੰਤੂ ਮੂਲ ਰੂਪ ਵਿਚ ਆਪਣੇ ਧੁਰੇ ਭਾਵ ਮੁੱਖ ਵਿਚਾਰ ਨਾਲ ਜੁੜੇ ਰਹਿੰਦੇ ਹਨ।
ਅਕਾਲ ਪੁਰਖ ਦਾ ਭਾਣਾ, ਗੁਰੂ ਦਾ ਭਾਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰ- ਇਤਿਹਾਸ ਵਿਚ ਬੜੇ ਵਿਸਥਾਰ ਰੂਪ ਵਿਚ ਮਿਲਦਾ ਹੈ। ਇਸ ਭਾਣੇ ਦਾ ਸੰਬੰਧ ਮਨੁੱਖੀ ਜੀਵਨ ਨਾਲ ਜੁੜਿਆ ਹੈ। ਇਸ ਦੀ ਮਾਨਤਾ, ਜੀਵਨ ਸਫ਼ਲਤਾ, ਮਾਰਗ ਦਰਸ਼ਨ ਦਰਸਾਉਂਦੀ ਹੈ ਅਤੇ ਭਾਣੇ ਤੋਂ ਬੇਮੁਖਤਾ, ਦੁੱਖ, ਆਵਾਗਵਨ, ਔਝੜ ਆਦਿ ਪੱਖਾਂ ਦਾ ਵਰਣਨ ਕਰਦੀ ਹੈ।
ਗੁਰਮਤਿ ਨੇ ਭਾਣੇ ਨੂੰ ਇਕ ਉੱਤਮ ਦਾਤ ਕਿਹਾ ਹੈ। ਭਾਣਾ ਮੰਨਣਾ ਗੁਰੂ ਦਾ ਉਤਮ ਉਪਦੇਸ਼ ਹੈ। ਭਾਣਾ ਸਵੀਕਾਰ ਕਰਨਾ ਅੰਤ ਸਮੇਂ ਵੀ ਸਹਾਈ ਹੁੰਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਦਾ ਕਥਨ ਹੈ:
ਭਾਣੇ ਜੇਵਡ ਹੋਰ ਦਾਤਿ ਨਾਹੀ ਸਚੁ ਆਖਿ ਸੁਣਾਇਆ॥ (ਪੰਨਾ 1093)
ਭਾਣੇ ਤੇ ਸਭਿ ਸੁਖ ਪਾਵੈ ਸੰਤਹੁ ਅੰਤੇ ਨਾਮੁ ਸਖਾਈ ॥ (ਪੰਨਾ 910)
ਇਹ ਸਾਰਾ ਸੰਸਾਰ ਪ੍ਰਭੂ-ਭਾਣੇ (ਹੁਕਮ) ਅੰਦਰ ਹੀ ਸਾਜਿਆ ਗਿਆ ਹੈ, ਭਾਣੇ ਅੰਦਰ ਹੀ ਸਮੇਟਿਆ ਜਾਣਾ ਹੈ, ਸਭ ਜੀਵ-ਜੰਤੂ, ਪ੍ਰਕਿਰਤੀ ਭਾਣੇ ਅੰਦਰ ਹੀ ਚੱਲ ਰਹੀ ਹੈ। ਇਸ ਵਿਚਾਰ ਲਈ ਗੁਰਬਾਣੀ ਅੰਦਰ ‘ਭੈ’ ਸ਼ਬਦ ਵੀ ਆਇਆ ਹੈ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਪਵਿੱਤਰ ਵਾਕ ਹੈ:
ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ ॥ (ਪੰਨਾ 963)
ਇਸੇ ਵਿਚਾਰ ਅਧੀਨ ਗੁਰਮਤਿ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਹੜਾ ਮਨਮੁਖ ਆਪਣੇ ਭਾਣੇ ਅੰਦਰ ਚਲਦਾ ਹੈ ਭਾਵ ਆਪਣੇ ਮਨ ਪਿੱਛੇ ਲੱਗ ਕੇ ਕਾਰ ਕਰਦਾ ਹੈ ਉਹ ਦੁੱਖ ਪਾਉਂਦਾ ਹੈ, ਭਟਕਦਾ ਰਹਿੰਦਾ ਹੈ, ਜਨਮ-ਮਰਨ ਦੇ ਚੱਕਰ ਵਿਚ ਪਿਆ ਰਹਿੰਦਾ ਹੈ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦਾ ਕਥਨ ਹੈ:
ਭਾਣੈ ਚਲੈ ਆਪਣੈ ਬਹੁਤੀ ਲਹੈ ਸਜਾਇ॥ (ਪੰਨਾ 949)
ਗੁਰਮਤਿ ਨੇ ਇਸ ਵਿਚਾਰ ਨੂੰ ਸਪੱਸ਼ਟ ਕੀਤਾ ਹੈ ਕਿ ਜੀਵਨ ਦੇ ਹਰ ਖੇਤਰ ਵਿਚ ਅਕਾਲ ਪੁਰਖ ਦਾ ਭਾਣਾ ਕੰਮ ਕਰ ਰਿਹਾ ਹੈ। ਪ੍ਰਭੂ-ਭਾਣੇ ਅਨੁਸਾਰ ਹੀ ਜੀਵ ਸੇਵਾ ’ਚ ਲੱਗਦਾ ਹੈ ਤੇ ਸੱਚ ਦੀ ਸੋਝੀ ਪ੍ਰਾਪਤ ਕਰਦਾ ਹੈ। ਪ੍ਰਭੂ-ਭਾਣੇ ਅੰਦਰ ਮਨੁੱਖਾ ਜਨਮ ਦੇ ਕੀਮਤੀ ਪਦਾਰਥ ਦੀ ਪ੍ਰਾਪਤੀ ਕਰਦਾ ਹੈ ਅਤੇ ਮਤਿ ਦੀ ਉਤਮਤਾ ਪ੍ਰਾਪਤ ਕਰਦਾ ਹੈ। ਇਸ ਪ੍ਰਥਾਇ ਸ੍ਰੀ ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ:
ਹਰਿ ਕੈ ਭਾਣੈ ਜਨੁ ਸੇਵਾ ਕਰੈ ਬੂਝੈ ਸਚੁ ਸੋਈ॥
ਹਰਿ ਕੈ ਭਾਣੈ ਸਾਲਾਹੀਐ ਭਾਣੈ ਮੰਨਿਐ ਸੁਖੁ ਹੋਈ॥
ਹਰਿ ਕੈ ਭਾਣੈ ਜਨਮੁ ਪਦਾਰਥੁ ਪਾਇਆ ਮਤਿ ਊਤਮ ਹੋਈ॥
ਨਾਨਕ ਨਾਮੁ ਸਲਾਹਿ ਤੂੰ ਗੁਰਮੁਖਿ ਗਤਿ ਹੋਈ॥ (ਪੰਨਾ 365)
ਭਾਣੇ ਦਾ ਸਿਧਾਂਤ ਸਿਧਾਂਤਕ ਨਹੀਂ। ਇਹ ਤਾਂ ਗੁਰੂ ਸਾਹਿਬਾਨ ਦੇ ਜੀਵਨ- ਅਨੁਭਵ ਦਾ ਪ੍ਰਗਟਾਵਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ-ਹੁਕਮ (ਭਾਣੇ) ਅੰਦਰ ਰਹਿ ਕੇ ਸਭ ਕੁਝ ਸਵੀਕਾਰ ਕੀਤਾ ਅਤੇ ਦੇਸ਼, ਕੌਮ ਤੇ ਧਰਮ ਦੀ ਖ਼ਾਤਰ ਜੀਵਨ ਕੁਰਬਾਨ ਕਰ ਦਿੱਤਾ। ਪ੍ਰਭੂ-ਭਾਣੇ ਨੂੰ ਮਿੱਠਾ ਕਰ ਕੇ ਮੰਨਿਆ। ਪ੍ਰਭੂ-ਭਾਣਾ ਸਿਰ- ਮੱਥੇ ਪ੍ਰਵਾਨ ਕੀਤਾ। ਇਸ ਪ੍ਰਕਾਰ ਦੀ ਦਿੱਤੀ ਕੁਰਬਾਨੀ ਤੋਂ ਸਿੱਖ ਕੌਮ ਨੇ ਬਹੁਤ ਕੁਝ ਸਿੱਖਿਆ। ਸਮਾਂ ਆਉਣ ਅਤੇ ਲੋੜ ਪੈਣ ’ਤੇ ਕੁਰਬਾਨੀਆਂ ਦਿੱਤੀਆਂ। ਗੁਰੂ-ਕਥਨ ਇਥੇ ਵਰਣਨ ਯੋਗ ਹੈ:
ਤੇਰਾ ਕੀਆ ਮੀਠਾ ਲਾਗੈ ॥
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥ (ਪੰਨਾ 394)
ਇਸੇ ਸੰਦਰਭ ਵਿਚ ਗੁਰੂ-ਕਥਨ ਹੈ:
ਜੈਸੀ ਆਗਿਆ ਕੀਨੀ ਠਾਕੁਰਿ ਤਿਸ ਤੇ ਮੁਖੁ ਨਹੀ ਮੋਰਿਓ॥ (ਪੰਨਾ 1000)
ਗੁਰਮਤਿ ਅਨੁਸਾਰ ਭਾਣੇ ਦੇ ਮੁੱਖ ਪੱਖ ਇਸ ਪ੍ਰਕਾਰ ਮੰਨੇ ਜਾ ਸਕਦੇ ਹਨ: ਭਾਣਾ ਬੁੱਝਣਾ, ਭਾਣਾ ਮੰਨਣਾ, ਭਾਣਾ ਮੰਨਣ ਦੀ ਅਰਦਾਸ ਕਰਨੀ, ਸੰਸਾਰ ਅੰਦਰ ਵਰਤ ਰਹੇ ਭਾਣੇ ਦੀ ਵਿਆਪਕਤਾ ਨੂੰ ਸਮਝਣਾ, ਭਾਣੇ ਅੰਦਰ, ਦੁੱਖ, ਸੁਖ, ਇਕ ਕਰ ਜਾਣਨਾ ਆਦਿ ਪੱਖ ਗੁਰਬਾਣੀ ਅੰਦਰ ਵਰਣਨ ਕੀਤੇ ਮਿਲਦੇ ਹਨ। ਪ੍ਰਭੂ- ਭਾਣਾ ਸਾਰੇ ਸੰਸਾਰ ’ਤੇ ਵਿਆਪਕ ਵਾਪਰ ਰਿਹਾ ਹੈ:
ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ॥
ਭਾਣੈ ਥਲ ਸਿਰਿ ਸਰੁ ਵਹੈ ਕਮਲੁ ਫੁਲੈ ਆਕਾਸਿ ਜੀਉ॥
ਭਾਣੈ ਭਵਜਲੁ ਲੰਘੀਐ ਭਾਣੈ ਮੰਝਿ ਭਰੀਆਸਿ ਜੀਉ॥
ਭਾਣੈ ਸੋ ਸਹੁ ਰੰਗੁਲਾ ਸਿਫਤਿ ਰਤਾ ਗੁਣਤਾਸਿ ਜੀਉ॥
ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ ਮੁਈਆਸਿ ਜੀਉ॥ (ਪੰਨਾ 762)
ਭਾਣਾ ਬੁੱਝਣਾ ਤੇ ਮੰਨਣਾ, ਗੁਰੂ-ਉਪਦੇਸ਼ ਮੰਨਣ ਨਾਲ ਹੀ ਸੰਭਵ ਦੱਸਿਆ ਗਿਆ ਹੈ। ਭਾਣੇ ਵਿਚ ਆਉਣਾ ਜਾਂ ਮੰਨਣਾ ਵੀ ਉਸ ਦੀ ਕਿਰਪਾ ਦੁਆਰਾ ਹੀ ਸੰਭਵ ਦਰਸਾਇਆ ਹੈ। ਗੁਰਮੁਖ ਪ੍ਰਭੂ-ਭਾਣੇ ਨੂੰ ਸਵੀਕਾਰ ਕਰਦਾ ਹੈ, ਸੁਖ ਪਾਉਂਦਾ ਹੈ, ਜੀਵਨ ਸਫਲਾ ਬਣਾਉਂਦਾ ਹੈ:
ਜੋ ਤੁਧੁ ਕਰਣਾ ਸੋ ਕਰਿ ਪਾਇਆ॥
ਭਾਣੇ ਵਿਚਿ ਕੋ ਵਿਰਲਾ ਆਇਆ॥
ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ॥1॥
ਗੁਰਮੁਖਿ ਤੇਰਾ ਭਾਣਾ ਭਾਵੈ॥
ਸਹਜੇ ਹੀ ਸੁਖੁ ਸਚੁ ਕਮਾਵੈ॥
ਭਾਣੇ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ ॥2॥
ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ॥
ਜਿਸੁ ਭਾਣਾ ਭਾਵੈ ਸੋ ਤੁਝਹਿ ਸਮਾਏ॥
ਭਾਣੇ ਵਿਚਿ ਵਡੀ ਵਡਿਆਈ ਭਾਣਾ ਕਿਸਹਿ ਕਰਾਇਦਾ॥3॥ (ਪੰਨਾ 1063)
ਸਿੱਖੀ ਦੇ ਪਹਿਲੇ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਵੀ ਇਸ ਸਿਧਾਂਤ ਦੀ ਵਿਆਖਿਆ ਆਪਣੀਆਂ ਵਾਰਾਂ ਵਿਚ ਕੀਤੀ ਹੈ। ਪ੍ਰਭੂ ਖਸਮ ਨੂੰ ਉਹੀ ਚੰਗਾ ਲੱਗਦਾ ਹੈ ਜੋ ਭਾਣੇ ਵਿਚ ਰਹਿੰਦਾ ਹੈ। ਭਾਣਾ ਪ੍ਰਭੂ ਆਪ ਹੀ ਮਨਾਉਂਦਾ ਹੈ। ਭਾਣੇ ਵਿਚ ਰਹਿਣ ਵਾਲਾ ਵਿਅਕਤੀ ਇਸ ਸੰਸਾਰ ਜਿਹੜਾ ਚੱਲਣਹਾਰ ਹੈ, ਨੂੰ ਆਪਣਾ ਦਾਹਵਾ ਛੱਡ ਕੇ ਪ੍ਰਾਹੁਣਾ ਬਣ ਕੇ ਹੀ ਰਹਿੰਦਾ ਹੈ ਭਾਵ ਇਸ ਸੰਸਾਰ ਨੂੰ ਚਲਾਏਮਾਨ ਮੰਨਦਾ ਹੈ ਅਤੇ ਵਿਥਾਰ ਨਹੀਂ ਕਰਦਾ। ਜੈਸਾ ਕਿ ਗੁਰੂ-ਵਾਕ ਹੈ:
ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥ (ਪੰਨਾ 787)
ਭਾਈ ਗੁਰਦਾਸ ਜੀ ਦਾ ਕਥਨ ਹੈ:
ਖਸਮੈ ਸੋਈ ਭਾਂਵਦਾ ਖਸਮੈ ਦਾ ਜਿਸੁ ਭਾਣਾ ਭਾਵੈ।
ਭਾਣਾ ਮੰਨੈ ਮੰਨੀਐ ਅਪਣਾ ਭਾਣਾ ਆਪਿ ਮਨਾਵੈ।
ਦੁਨੀਆ ਵਿਚਿ ਪਰਾਹੁਣਾ ਦਾਵਾ ਛਡਿ ਰਹੈ ਲਾ ਦਾਵੈ।
ਸਾਧਸੰਗਤਿ ਮਿਲਿ ਹੁਕਮਿ ਕਮਾਵੈ॥(ਵਾਰ 29:13)
ਸਿੱਖ ਇਤਿਹਾਸ ’ਚੋਂ ਇਸ ਵਿਚਾਰ ਦੀ ਪੁਸ਼ਟੀ ਬਹੁਤ ਥਾਈਂ ਮਿਲਦੀ ਹੈ। ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀਵੇ ਨਾਮਕ ਸਿੱਖ ਨੂੰ ਉਪਦੇਸ਼ ਕਰ ਰਹੇ ਹਨ ਕਿ ਪ੍ਰਭੂ ਦੀ ਰਜ਼ਾ ਵਿਚ ਰਹਿਣਾ ਹੀ ਸਿੱਖੀ ਦਾ ਮੁੱਖ ਧਰਮ ਹੈ। ਜਿਸ ਤਰ੍ਹਾਂ ਪਤੀਬ੍ਰਤਾ ਇਸਤਰੀ ਪਤੀ ਦੀ ਆਗਿਆ ਵਿਚ ਖੁਸ਼ ਰਹਿੰਦੀ ਹੈ ਇਸ ਦਾ ਕਥਨ ਸਾਨੂੰ ਭਾਈ ਸੰਤੋਖ ਸਿੰਘ ਜੀ ਦੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ਮਿਲਦਾ ਹੈ:
ਸਤਿਗੁਰੁ ਅਰੁ ਪ੍ਰਭੁ ਜਥਾ ਰਜਾਇ।
ਤਿਸ ਪਰ ਰਾਜੀ ਰਹਿਨ ਸਦਾਇ।
ਮੁੱਖ੍ਯ ਧਰਮ ਸਿੱਖੀ ਕੋ ਏਹੀ।
ਜੋ ਧਾਰਹਿ ਸਿਖ ਗੁਰੂ ਸਨੇਹੀ॥
ਜਿਮ ਪਤਿੱਬ੍ਰਤਾ ਇਸਤ੍ਰੀ ਲੱਛਨ।
ਪਤਿ ਆਗ੍ਯਾ ਮਹਿˆ ਸੁਖੀ ਬਿਚੱਛਨ॥16॥
ਪ੍ਰਭੁ ਆਗ੍ਯਾ ਮਹਿˆ ਤਥਾ ਸਦੀਵਾ।
ਰਹੁ ਰਾਜ਼ੀ ਬਨਿ ਗੁਰਮੁਖ ਜੀਵਾ।
ਜਪ ਤਪ ਬਰਤ ਦਾਨ ਫਲ ਸਾਰੇ।
ਇਸ ਤੇ ਪ੍ਰਾਪਤਿ ਹੋਇ ਸੁਖਾਏ॥17
ਸਿਮਰਹੁ ਸੱਤਿਨਾਮ ਕਰਿ ਪ੍ਰੀਤਿ॥
ਤ੍ਯਾਗਹੁ ਤਨਹੰਤਾ ਇਮੁ ਨੀਤਿ॥
(ਗੁ. ਪ੍ਰ. ਸੂਰਜ ਗ੍ਰੰਥ, ਰਾਸਿ 1, ਅੰਸੂ 11, ਪੰਨਾ 1353)
ਭਾਈ ਸੰਤੋਖ ਸਿੰਘ ਨੇ ਮਨੁੱਖਾ ਜਨਮ ਦੇ ਚੌਥੇ ਪਦਾਰਥ ਭਾਵ ਮੁਕਤੀ ਲਈ ਤਿੰਨ ਸਾਧਨ ਮੰਨੇ ਹਨ। ਉਨ੍ਹਾਂ ਵਿਚ ਪ੍ਰਭੂ-ਭਾਣਾ ਮੰਨਣਾ ਸਭ ਤੋਂ ਪਹਿਲਾਂ ਇਕ ਨੰਬਰ ’ਤੇ ਰੱਖਿਆ ਹੈ। ਭਾਈ ਭਿਖਾਰੀ ਇਕ ਗੁਰਸਿੱਖ ਨੂੰ ਕਹਿੰਦੇ ਹਨ ਕਿ
ਭਾਣਾ ਮੰਨਣਾ
ਸੱਤਨਾਮ ਅਰਾਧਣਾ ਅਤੇ
ਤਨਹੰਤਾ ਤਿਆਗਣ ਨਾਲ ਹੀ ਮੁਕਤੀ ਸੰਭਵ ਹੈ।
ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਣਾ ਮੰਨਣਾ ਕਿਤਨਾ ਮਹੱਤਵਪੂਰਨ ਹੈ:
ਤਾਂਤੇ ਭੋ ਗੁਰਮੁਖ! ਸੁਨਿ ਲੀਜੈ। ਭਾਣਾ ਮਾਨਨਿ ਮਨ ਥਿਰ ਕੀਜੈ
ਸੱਤਿਨਾਮ ਕੋ ਸਿਮਰਨ ਕਰਨੋ। ਤਨਹੰਤਾ ਕੋ ਰਿਦੈ ਬਿਸਰਨੋ।
ਮੁਕਤੀ ਕੇ ਸਾਧਨ ਏ ਤੀਨ।ਕਹੈਂ ਗੁਰੂ ਅਰੁ ਸੰਤ ਪ੍ਰਬੀਨ॥33॥ (ਗੁ. ਪ੍ਰ. ਸੂਰਜ ਗ੍ਰੰਥ, ਰਾਸਿ 3, ਅੰਸੂ 69)
ਛੇਵੇਂ ਸਤਿਗੁਰਾਂ ਨੇ ਵੀ ਸੰਗਤ ਤਾਈਂ ਪ੍ਰਭੂ-ਭਾਣੇ ਅੰਦਰ ਰਹਿਣ ਦਾ ਉਪਦੇਸ਼ ਕੀਤਾ। ਸਿੱਖ ਇਤਿਹਾਸ ਅੰਦਰ ਝਾਤੀ ਮਾਰਿਆਂ ਇਹ ਸਪੱਸ਼ਟ ਹੁੰਦਾ ਹੈ ਕਿ ਥਾਂ- ਪਰ-ਥਾਂ ਪ੍ਰਭੂ-ਭਾਣਾ ਮੰਨਣ ਦਾ ਆਦੇਸ਼ ਤੇ ਉਪਦੇਸ਼ ਹੈ। ਇਹ ਭਾਣੇ ਦਾ ਵਿਚਾਰ ਸਾਡੇ ਜੀਵਨ ਦੇ ਬਹੁਪੱਖਾਂ ਨਾਲ ਜੁੜਿਆ ਹੋਇਆ ਹੈ। ਛੇਵੇਂ ਪਾਤਸ਼ਾਹ ਦਾ ਵਾਕ ਇਥੇ ਵਰਣਨ ਯੋਗ ਹੈ:
ਔਰ ਸਿੱਖ ਹਮਰੀ ਸੁਨਿ ਲੀਜੈ।
ਹੋਇ ਮ੍ਰਿਤੁ ਕੁਲਿ ਰੁਦਨ ਨ ਕੀਜੈ। ਸਤਿਗੁਰ ਭਾਣੈ ਅਨੰਦੁ ਧਾਰੋ। ਸੱਤਿਨਾਮੁ ਮੁਖਿ ਮੰਤ੍ਰੁ ਉਚਾਰੋ॥364॥ (ਗੁਰ ਬਿਲਾਸ ਪਾ. ਛੇਵੀਂ, ਅਧਿ. 19, ਪੰਨਾ 664)
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਤਮ ਸਮੇਂ ਸਚਖੰਡ ਪਿਆਨੇ ਸਮੇਂ ਅਬਚਲ ਨਗਰ ਹਜ਼ੂਰ ਸਾਹਿਬ ਵਿਖੇ ਸਿੱਖ ਸੰਗਤ ਨੂੰ ਪ੍ਰਭੂ-ਭਾਣੇ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਜਿਸ ਤਰ੍ਹਾਂ ਪ੍ਰਭੂ ਦਾ ਹੁਕਮ ਭਾਣਾ ਹੈ ਉਸੇ ਤਰ੍ਹਾਂ ਹੋਣਾ ਹੈ, ਸਾਨੂੰ ਇਸ ’ਤੇ ਰੁਦਨ ਨਹੀਂ ਕਰਨਾ ਚਾਹੀਦਾ:
ਸਵਾਂਗ ਸੁਵਾਰੀ ਕਾ ਪ੍ਰਭੁ ਧਾਰੋ। ਸਭ ਖਾਲਸੇ ਕੌ ਬਚਨ ਉਚਾਰੋ।
ਜਯੋ ਥਾ ਹੁਕਮ ਤਿਵੇ ਸਾ ਹੋਨਾ। ਹਮ ਕੋ ਸਾਦੀ, ਕਿਸੂ ਨ ਰੋਨਾ।
ਜੋ ਹਮ ਕੋ ਰੋਵੇਗਾ ਕੋਈ। ਈਤ ਊਤ ਤਾ ਕੋ ਦੁਖ ਹੋਈ।
ਕੀਰਤਨ ਕਥਾ ਸੁ ਗਾਵਹੁ ਯਾਨੀ। ਇਹੈ ਮੋਰ ਸਿਖਯਾ ਸੁਨ ਕਾਨੀ॥58॥
(ਗੁਰਬਿਲਾਸ, ਅਧਿ. 29)
ਲੇਖਕ ਬਾਰੇ
- ਡਾ ਸ਼ਮਸ਼ੇਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98/April 1, 2008
- ਡਾ ਸ਼ਮਸ਼ੇਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98/June 1, 2008
- ਡਾ ਸ਼ਮਸ਼ੇਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98/July 1, 2008
- ਡਾ ਸ਼ਮਸ਼ੇਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98/October 1, 2008