ਖਾਲਸੇ ਨੇ ਪੰਜਾਬ ’ਤੇ ਹੋ ਰਹੇ ਬਾਹਰੀ ਹਮਲਿਆਂ ਨੂੰ ਨੱਥ ਪਾਈ ਤੇ ਅਫਗਾਨ ਧਾੜਵੀਆਂ ਵਿਚ ਦਹਿਸ਼ਤ ਪੈਦਾ ਕੀਤੀ। ਖਾਲਸਾ ਰਾਜ ਉਹ ਰਾਜ ਸੀ ਜਿਸ ਦਾ ਲੋਹਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵੀ ਮੰਨਦੀ ਸੀ ਅਤੇ ਜੋ ਕਿ 19ਵੀਂ ਸਦੀ ਦੇ ਭਾਰਤ ਦੇ ਸਭ ਤੋਂ ਤਾਕਤਵਰ ਰਾਜਾਂ ਵਿੱਚੋਂ ਇਕ ਸੀ। ਸਿੱਖ ਰਾਜ ਕਾਇਮ ਕਰਨ ਦਾ ਸਿਹਰਾ ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਜਨਮੇ ਰਣਜੀਤ ਸਿੰਘ ਦੇ ਸਿਰ ਬੱਝਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਬਜ਼ੁਰਗਾਂ ਤੋਂ ਬੜਾ ਅਮੀਰ ਵਿਰਸਾ ਮਿਲਿਆ ਤੇ ਉਨ੍ਹਾਂ ਨੇ 18ਵੀਂ ਸਦੀ ਦੇ ਹਾਕਮਾਂ ਤੋਂ ਵੀ ਕਾਫ਼ੀ ਕੁਝ ਸਿੱਖਿਆ। ਮਹਾਰਾਜਾ ਰਣਜੀਤ ਸਿੰਘ ਆਪ ਇਕ ਬਹਾਦਰ ਅਤੇ ਯੋਗ ਜਰਨੈਲ ਸੀ। ਉਨ੍ਹਾਂ ਕਈ ਮੁਹਿੰਮਾਂ ਦੀ ਅਗਵਾਈ ਕਰਕੇ ਆਪਣੇ ਦੁਸ਼ਮਣਾਂ ਨੂੰ ਹਾਰ ਦਾ ਮੂੰਹ ਵੇਖਣ ਲਈ ਮਜਬੂਰ ਕੀਤਾ ਤੇ ਹੌਲੀ-ਹੌਲੀ ਆਪਣੇ ਰਾਜ ਨੂੰ ਸਾਰੇ ਦੇ ਸਾਰੇ ਪੰਜਾਬ, ਸ਼ਿਵਾਲਕ ਦੇ ਪਹਾੜੀ ਪ੍ਰਾਂਤ ਜੰਮੂ ਅਤੇ ਕਸ਼ਮੀਰ ਅਤੇ ਕੋਹ ਸੁਲੇਮਾਨ ਤਕ ਦੇ ਅਫਗਾਨ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ। ਇਸੇ ਕਰਕੇ ਉਨ੍ਹਾਂ ਨੂੰ ਪੰਜਾਬ ਦਾ ਸ਼ਕਤੀਸ਼ਾਲੀ ਮਹਾਰਾਜਾ ਮੰਨਿਆ ਜਾਣ ਲੱਗ ਪਿਆ। ਪਰ ਉਹ ਆਪਣੇ ਆਪ ਨੂੰ ‘ਸਿੰਘ ਸਾਹਿਬ’ ਕਹਾਉਣਾ ਹੀ ਜ਼ਿਆਦਾ ਪਸੰਦ ਕਰਦੇ ਸਨ। ਇਸ ਰਾਜ ਨੂੰ ਬਣਾਉਣ ਲਈ ਉਨ੍ਹਾਂ ਨੂੰ ਕਈ ਯੋਗ ਜਰਨੈਲਾਂ ਦਾ ਵੀ ਸਾਥ ਮਿਲਿਆ। ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਰਾਜ ਦੀ ਸਥਾਪਨਾ ਵਿਚ ਉਨ੍ਹਾਂ ਦੇ ਰਾਜ ਪ੍ਰਬੰਧ, ਖਾਸ ਕਰਕੇ ਸੈਨਿਕ ਪ੍ਰਬੰਧ ਦਾ ਬੜਾ ਯੋਗਦਾਨ ਸੀ। ਉਨ੍ਹਾਂ ਦੀ ਸੈਨਿਕ ਸੂਝ-ਬੂਝ ਉਨ੍ਹਾਂ ਕਾਰਵਾਈਆਂ ਤੋਂ ਪ੍ਰਗਟ ਹੁੰਦੀ ਹੈ ਜੋ ਉਨ੍ਹਾਂ ਆਪਣੇ ਰਾਜ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਕੀਤੀਆਂ ਸਨ। ਮਹਾਰਾਜੇ ਦੀ ਸੈਨਾ ਦਾ ਸੰਗਠਨ ਨਵੀਂ ਅਤੇ ਪੁਰਾਣੀ ਸੈਨਿਕ ਸਿਖਲਾਈ ’ਤੇ ਅਧਾਰਿਤ ਸੀ। ਭਾਵੇਂ ਕਿ ਉਨ੍ਹਾਂ ਨੇ ਲੜਾਈ ਦੇ ਯੂਰਪੀਅਨ ਢੰਗਾਂ- ਤਰੀਕਿਆਂ ਨੂੰ ਵੀ ਅਪਣਾਇਆ ਸੀ ਫਿਰ ਵੀ ਉਨ੍ਹਾਂ ਨੇ ਆਪਣੀ ਪੁਰਾਣੀ ਪਿਤਾ-ਪੁਰਖੀ ਸੈਨਿਕ ਪ੍ਰਣਾਲੀ ਵਿੱਚੋਂ ਬਹੁਤ ਕੁਝ ਕਾਇਮ ਰੱਖਿਆ। ਇਹ ਇਕ ਅਜਿਹੀ ਯੁੱਧ ਵਿਧੀ ਸੀ ਜਿਸ ਅਨੁਸਾਰ ਬੜੀ ਤੇਜ਼ੀ ਨਾਲ ਵੈਰੀਆਂ ’ਤੇ ਹਮਲਾ ਬੋਲਿਆ ਜਾਂਦਾ ਸੀ। ਇਹ ਸਫਲ ਵਿਧੀ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਦਾ ਧਾਰਨ ਕਰੀ ਰੱਖਿਆ। ਯੂਰਪੀਅਨ ਅਨੁਸ਼ਾਸਨ ਅਤੇ ਨਵੀਂ ਕਿਸਮ ਦੀ ਸੈਨਿਕ ਜਥੇਬੰਦੀ ਨਾਲ ਬਹੁਤ ਸਾਰੇ ਸਿੱਖਾਂ ਨੂੰ ਘਿਰਣਾ ਸੀ।
ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਆਪਣੇ ਸੈਨਿਕ ਪ੍ਰਬੰਧ ਵਿਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਲਿਆਂਦੀਆਂ ਉਥੇ ਪੁਰਾਣੇ ਢੰਗ ਨੂੰ ਕਾਇਮ ਰੱਖ ਕੇ ਸਿੱਖ ਸਰਦਾਰਾਂ ਦਾ ਸਹਿਯੋਗ ਪ੍ਰਾਪਤ ਕੀਤਾ। ਉਨ੍ਹਾਂ ਦੀ ਸੈਨਾ ਵਿਚ ਸਿੱਖ, ਹਿੰਦੂ, ਮੁਸਲਿਮ, ਹਿੰਦੋਸਤਾਨੀ, ਨੂਜੀਬ, ਪਹਾੜੀ ਤੇ ਗੋਰਖੇ ਸ਼ਾਮਿਲ ਸਨ ਤੇ ਇਸ ਸੈਨਾ ਦੀ ਅਗਵਾਈ ਸਮੇਂ-ਸਮੇਂ ’ਤੇ ਸਿੱਖ, ਹਿੰਦੂ, ਮੁਸਲਿਮ ਤੇ ਯੂਰਪੀਅਨ ਅਫਸਰਾਂ ਵੱਲੋਂ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ ਆਪ ਇਸ ਫ਼ੌਜ ਦਾ ਕਮਾਂਡਰ-ਇਨ-ਚੀਫ ਸੀ। ਸਿੱਖ ਰਾਜ ਦੀ ਪੂਰੀ ਕਮਾਈ 3 ਕਰੋੜ ਦੇ ਲਗਭਗ ਸੀ ਤੇ ਇਸ ਵਿੱਚੋਂ ਇਕ-ਤਿਹਾਈ ਹਿੱਸਾ ਸੈਨਾ ’ਤੇ ਖਰਚ ਕੀਤਾ ਜਾਂਦਾ ਸੀ।
ਯੂਰਪੀਅਨ ਢੰਗ ਤੇ ਤੌਰ-ਤਰੀਕਿਆਂ ਦੀਆਂ ਸੈਨਿਕ ਪ੍ਰਣਾਲੀਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਰਾਹ ਵਿਚ ਸਿਖਲਾਈ ਦੇਣ ਵਾਲਿਆਂ ਦੀ ਘਾਟ ਇਕ ਰੁਕਾਵਟ ਸੀ। ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਦੋ ਵਿਸ਼ੇਸ਼ ਭਾਗ ਸਨ। ਇਕ ਫ਼ੌਜ-ਏ- ਆਇਨ (Regular Army) ਤੇ ਦੂਜੀ ਫ਼ੌਜ-ਏ-ਬੇਕਵਾਇਦ (Irregular Army)। ਭਾਵੇਂ ਇਨ੍ਹਾਂ ਵਿੱਚੋਂ ਮਹੱਤਵਪੂਰਨ ਫ਼ੌਜ-ਏ-ਆਇਨ ਸੀ, ਪਰ ਫ਼ੌਜ-ਏ-ਬੇਕਵਾਇਦ ਵੀ ਸਦਾ ਕਾਇਮ ਰਹੀ ਤੇ ਆਪਣੇ ਢੰਗ-ਤਰੀਕਿਆਂ ਨਾਲ ਲੜਦੀ ਰਹੀ। ਫ਼ੌਜ-ਏ- ਆਇਨ ਚਾਰ ਭਾਗਾਂ (1) ਪਿਆਦਾ ਫ਼ੌਜ, (2) ਘੋੜ-ਸਵਾਰ, (3) ਤੋਪਖਾਨਾ ਅਤੇ (4) ਫ਼ੌਜ-ਏ-ਖਾਸ ਵਿਚ ਵੰਡੀ ਹੋਈ ਸੀ।
ਪਿਆਦਾ ਸੈਨਿਕਾਂ ਨੂੰ ਪਹਿਲਾਂ ਨਾ ਮੁਗਲਾਂ ਨੇ, ਨਾ ਮਰਹੱਟਿਆਂ ਨੇ ਤੇ ਨਾ ਹੀ ਸਿੱਖਾਂ ਨੇ ਪਸੰਦ ਕੀਤਾ ਸੀ। ਪਰ ਯੂਰਪੀਅਨ ਵਿਚਾਰਧਾਰਾ ਨੇ ਮਹਾਰਾਜੇ ਦਾ ਇਸ ਪ੍ਰਤੀ ਨਜ਼ਰੀਆ ਹੀ ਬਦਲ ਦਿੱਤਾ। 1822 ਈ: ਵਿਚ ਵੈਨਤੂਰਾ ਦੇ ਆਉਣ ਨਾਲ ਪਿਆਦਾ ਸੈਨਾ ਦਾ ਪ੍ਰਬੰਧ ਕਾਫ਼ੀ ਕੁਸ਼ਲ ਹੋ ਗਿਆ ਸੀ। ਪਿਆਦਾ ਸੈਨਾ ਵਿਚ ਇਕ ਬਟਾਲੀਅਨ ਨੂੰ ਇਕ ਇਕਾਈ ਸਮਝਿਆ ਜਾਂਦਾ ਸੀ। ਇਸ ਵਿਚ ਲੱਗਭਗ 800 ਆਦਮੀ ਹੁੰਦੇ ਸਨ ਤੇ ਬਟਾਲੀਅਨ ਕਮਾਂਡਰ ਨੂੰ ‘ਕੁਮੇਦਾਨ’ ਕਿਹਾ ਜਾਂਦਾ ਸੀ। ਹਰ ਬਟਾਲੀਅਨ ਵਿਚ 8 ਕੰਪਨੀਆਂ ਜਾਂ ‘ਪਲਟਨਾਂ’ ਹੁੰਦੀਆਂ ਸਨ। ਹਰ ਪਲਟਨ ਨੂੰ ਬਰਾਬਰ ਦੋ ਭਾਗਾਂ ਵਿਚ ਵੰਡਿਆ ਹੁੰਦਾ ਸੀ, ਜਿਸ ਨੂੰ ਸੈਕਸ਼ਨ ਕਹਿੰਦੇ ਸਨ। ਹਰ ਬਟਾਲੀਅਨ ਵਿਚ ਇਕ ਕਮਾਂਡੈਂਟ, ਇਕ ਐਡਜੂਟੈਂਟ, ਇਕ ਮੇਜਰ, ਇਕ ਮੁਤਸ਼ੱਦ (ਲੇਖਾਕਾਰ), ਇਕ ਮੁਨਸ਼ੀ ਅਤੇ ਇਕ ਗ੍ਰੰਥੀ ਹੁੰਦਾ ਸੀ। ਐਡਜੂਟੈਂਟ ਦੀ ਸਹਾਇਤਾ ਨਾਲ ਕੁਮੇਦਾਨ ਬਟਾਲੀਅਨ ਦੇ ਪ੍ਰਬੰਧ ਤੇ ਸਿਖਲਾਈ ਦਾ ਧਿਆਨ ਰੱਖਦਾ ਸੀ। ਮੇਜਰ ਰਾਸ਼ਨ, ਵਰਦੀਆਂ ਅਤੇ ਹੋਰ ਸਾਮਾਨ ਦਾ ਪ੍ਰਬੰਧ ਕਰਦਾ ਸੀ। ਜਵਾਨਾਂ ਦੀਆਂ ਤਨਖਾਹਾਂ ਤੇ ਬਿੱਲ ਵੀ ਤਿਆਰ ਕਰਨਾ ਇਸੇ ਦਾ ਕੰਮ ਸੀ। ਮੁਨਸ਼ੀ ਯੂਨਿਟ ਦੀਆਂ ਰਿਪੋਰਟਾਂ ਤੇ ਚਿੱਠੀਆਂ ਲਿਖਦਾ ਸੀ। ਗ੍ਰੰਥੀ ਬਟਾਲੀਅਨ ਦੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦਾ ਤੇ ਪਾਠ ਸੁਣਾਉਂਦਾ ਸੀ। ਇਕ ਕੰਪਨੀ ਵਿਚ ਇਕ ਸੂਬੇਦਾਰ, ਦੋ ਜਮਾਂਦਾਰ, ਇਕ ਸਾਰਜੈਂਟ, ਚਾਰ ਹਵਾਲਦਾਰ, ਚਾਰ ਨਾਇਕ, ਇਕ ਬਿਗਲਰ ਤੇ ਕੁਝ ਢੋਲਚੀ ਹੁੰਦੇ ਸਨ। ਹਰ ਇਕ ਲਈ ਆਪਣੇ-ਆਪਣੇ ਕੰਮ ਨਿਸ਼ਚਿਤ ਸਨ। ਹਰ ਬਟਾਲੀਅਨ ਵਿਚ ਕੁਝ ਕਰਮਚਾਰੀ ਅਜਿਹੇ ਵੀ ਹੁੰਦੇ ਸਨ ਜੋ ਲੜਾਈ ਵਿਚ ਹਿੱਸਾ ਨਹੀਂ ਲੈਂਦੇ ਸਨ ਜਿਵੇਂ ਝੰਡਾ-ਬਰਦਾਰ, ਘੜਿਆਲੀ, ਹਰਕਾਰੇ ਤੇ ਲਾਂਗਰੀ ਆਦਿ। ਆਮ ਤੌਰ ’ਤੇ ਬਟਾਲੀਅਨਾਂ ਦੇ ਨਾਂ ਉਨ੍ਹਾਂ ਦੇ ਅਫਸਰਾਂ ਦੇ ਨਾਵਾਂ ਉੱਤੇ ਰੱਖੇ ਜਾਂਦੇ ਸਨ। ਕਈ ਵਾਰ ਕਈ ਪਲਟਨਾਂ ਦੇ ਨਾਂ ਹੋਰ ਢੰਗ ਨਾਲ ਵੀ ਰੱਖੇ ਜਾਂਦੇ ਸਨ। ਜਿਵੇਂ ਗੋਰਖਾ ਪਲਟਨ, ਪਲਟਨੇ-ਖਾਸ ਤੇ ਪਲਟਨੇ-ਫ਼ਤਹ ਨਸੀਬ। ਹਰ ਬਟਾਲੀਅਨ ਦਾ ਆਪਣਾ ਵੱਖਰਾ ਝੰਡਾ ਹੁੰਦਾ ਸੀ। 1822 ਈ: ’ਚ ਐਲਰਾਡ ਦੇ ਮਹਾਰਾਜੇ ਦੀ ਸੇਵਾ ਵਿਚ ਆਉਣ ਨਾਲ ਘੋੜ-ਸਵਾਰ ਸੈਨਾ ਨੇ ਕਾਫ਼ੀ ਉੱਨਤੀ ਕੀਤੀ ਤੇ ਸੱਤ ਸਾਲਾਂ ਵਿਚ ਹੀ ਘੋੜ-ਸੈਨਾ ਦੀ ਗਿਣਤੀ ਚਾਰ ਗੁਣਾ ਹੋ ਗਈ। ਘੋੜ-ਸਵਾਰ ਸੈਨਾ ਦੀ ਜਥੇਬੰਦੀ ਵੀ ਪਿਆਦਾ ਫ਼ੌਜ ਦੇ ਨਮੂਨੇ ਉੱਤੇ ਬਣੀ ਹੋਈ ਸੀ। ਇਹ ਫ਼ੌਜ ਰੈਜਮੈਂਟਾਂ ਵਿਚ ਵੰਡੀ ਹੋਈ ਹੁੰਦੀ ਸੀ। ਬਟਾਲੀਅਨ ਰਸਾਲਿਆਂ ਵਿਚ ਵੰਡੀ ਹੋਈ ਸੀ। ਆਮ ਤੌਰ ’ਤੇ ਰਸਾਲਾ ਬਰੀਗੇਡ ਵਿਚ ਚਾਰ-ਪੰਜ ਸੌ ਘੋੜ-ਸਵਾਰ ਹੁੰਦੇ ਸਨ। ਇਨ੍ਹਾਂ ਵਿੱਚੋਂ ਕਈਆਂ ਦੇ ਅੰਗਰੇਜ਼ੀ ਨਾਂ ਸਨ ਜਿਵੇਂ ਲਾਂਸਰਜ਼, ਡਰੈਗਨ ਤੇ ਗਰੈਡੀਅਰ ਰੈਜੀਮੈਂਟ। ਕੁਝ ਦੇ ਨਾਂ ਅਕਾਲ, ਰਾਮ, ਗੋਬਿੰਦ ਤੇ ਹਜ਼ੂਰੀ ਰੈਜੀਮੈਂਟ ਸਨ।
ਮਹਾਰਾਜਾ ਰਣਜੀਤ ਸਿੰਘ ਤੋਪਖਾਨੇ ਦਾ ਕਾਫ਼ੀ ਸ਼ੌਕੀਨ ਸੀ। ਚਾਰਲਸ ਮੈਟਕਾੱਫ ਅਨੁਸਾਰ, ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿਚ ਇਹ ਖਿੱਚ ਸੀ ਕਿ ਜੇ ਉਸ ਨੂੰ ਕਿਸੇ ਕਿਲ੍ਹੇ ਵਿਚ ਤੋਪ ਦਾ ਪਤਾ ਲੱਗਦਾ ਸੀ ਤਾਂ ਉਸ ਨੂੰ ਪ੍ਰਾਪਤ ਕਰਨ ਲਈ ਉਹ ਉਸ ਕਿਲ੍ਹੇ ’ਤੇ ਹਮਲਾ ਕਰ ਦਿੰਦਾ ਸੀ। ਜਾਂ ਤਾਂ ਉਹ ਜਿੱਤ ਕੇ ਤੋਪ ਲੈ ਆਉਂਦੇ ਜਾਂ ਕਿਲ੍ਹੇ ਦਾ ਮਾਲਕ ਆਪਣੀ ਜਾਨ ਬਚਾਉਣ ਲਈ ਆਪ ਹੀ ਤੋਪ ਉਨ੍ਹਾਂ ਦੇ ਸਪੁਰਦ ਕਰ ਦਿੰਦਾ ਸੀ। ਮਹਾਰਾਜੇ ਨੇ ਤੋਪਖਾਨੇ ਵੱਲ ਸਭ ਤੋਂ ਵੱਧ ਧਿਆਨ ਦਿੱਤਾ। ਤੋਪਾਂ ਢਾਲਣ ਲਈ ਲਾਹੌਰ ਤੇ ਕੁਝ ਹੋਰ ਥਾਈਂ ਕਾਰਖਾਨੇ ਸਥਾਪਿਤ ਕੀਤੇ। ਤੋਪਖਾਨਾ ਵਿਭਾਗ ਤਿੰਨ ਭਾਗਾਂ ਵਿਚ ਵੰਡਿਆ ਹੋਇਆ ਸੀ।
- ਤੋਪਖਾਨਾ-ਏ-ਅਸ਼ਪੀ, ਜਿਸ ਵਿਚ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ ਤੋਪਾਂ ਹੁੰਦੀਆਂ ਸਨ।
- ਤੋਪਖਾਨਾ-ਏ-ਜਿਨਸੀ, ਜਿਸ ਵਿਚ ਬਲਦਾਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਤੋਪਾਂ ਹੁੰਦੀਆਂ ਸਨ। ਕਈ ਵਾਰੀ ਇਨ੍ਹਾਂ ਤੋਪਾਂ ਨੂੰ ਖਿੱਚਣ ਲਈ 80 ਤੋਂ 100 ਤਕ ਬਲਦ ਲਾਏ ਜਾਂਦੇ ਸਨ।
- ਤੋਪਖਾਨਾ-ਏ-ਸ਼ੁਤਰੀ, ਜਿਸ ਵਿਚ ਊਠਾਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਤੋਪਾਂ ਹੁੰਦੀਆਂ ਸਨ। ਤੋਪਖਾਨੇ ਦਾ ਸੰਗਠਨ ਵੀ ਪੈਦਲ ਜਾਂ ਘੋੜ-ਸਵਾਰ ਸੈਨਾ ਦੀ ਤਰ੍ਹਾਂ ਹੀ ਸੀ। ਤੋਪਖਾਨੇ ਵਿਚ ਵਰਤੇ ਜਾਣ ਵਾਲੇ ਜਾਨਵਰਾਂ ਵਿੱਚੋਂ ਘੋੜੇ ਸਭ ਤੋਂ ਮਹੱਤਵਪੂਰਨ ਸਨ। ਘੋੜਿਆਂ ਤੋਂ ਹਟ ਕੇ ਬੈਲਾਂ ਅਤੇ ਊਠਾਂ ਨੂੰ ਤਰਜੀਹ ਦਿੱਤੀ ਜਾਂਦੀ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਜਨਰਲ ਵੈਨਤੂਰਾ ਦੀ ਕਮਾਨ ਥੱਲੇ ਇਕ ਵਿਸ਼ੇਸ਼ ਸੈਨਾ ਤਿਆਰ ਕੀਤੀ ਜਿਸ ਦਾ ਨਾਂ ਫ਼ੌਜ-ਏ-ਖਾਸ ਜਾਂ ਮਾਡਲ ਬਰੀਗੇਡ ਰੱਖਿਆ ਗਿਆ। ਇਸ ਵਿਚ ਲਾਹੌਰ ਦਰਬਾਰ ਦੀ ਸੈਨਾ ਦੇ ਸਭ ਕਿਸਮ ਦੇ ਸੈਨਿਕ ਸ਼ਾਮਲ ਸਨ ਜਿਸ ਵਿਚ ਪੈਦਲ ਸੈਨਾ ਦੀਆਂ ਚਾਰ ਪਲਟਨਾਂ, ਚੌਵੀ ਤੋਪਾਂ ਦਾ ਤੋਪਖਾਨਾ ਅਤੇ ਘੋੜ- ਸਵਾਰਾਂ ਦੀਆਂ ਤਿੰਨ ਰੈਜਮੈਟਾਂ ਸ਼ਾਮਲ ਸਨ। ਫ਼ੌਜ-ਏ-ਖਾਸ ਨੂੰ ਯੂਰਪੀਅਨ ਢੰਗ- ਤਰੀਕੇ ਦੀ ਸਿਖਲਾਈ ਦਿੱਤੀ ਗਈ ਸੀ। ਵੈਨਤੂਰਾ ਨੇ ਇਸ ਫ਼ੌਜ-ਏ-ਖਾਸ ਨੂੰ ਨਿਪੁੰਨਤਾ ਦੇ ਇਕ ਉੱਚੇ ਦਰਜੇ ਤਕ ਪਹੁੰਚਾ ਦਿੱਤਾ ਸੀ।
ਫ਼ੌਜ-ਏ-ਬੇਕਵਾਇਦ (Irregular Army) ਵਿਚ ਵੀ ਚਾਰ ਕਿਸਮ ਦੇ ਸੈਨਿਕ ਸਨ, ਜਿਵੇਂ (1) ਘੋੜ-ਸਵਾਰ, (2) ਕਿਲ੍ਹਿਆਂ ਦੇ ਸੈਨਿਕ, (3) ਜਾਗੀਰਦਾਰ ਸੈਨਿਕ ਅਤੇ (4) ਅਕਾਲੀ। ਫ਼ੌਜ-ਏ-ਬੇਕਵਾਇਦ ਦੇ ਘੋੜ-ਸਵਾਰ ਯੂਰਪੀਅਨ ਢੰਗ ਨਾਲ ਡ੍ਰਿਲ ਨਹੀਂ ਸੀ ਕਰਨਾ ਚਾਹੁੰਦੇ। ਘੋੜ-ਚੜ੍ਹਾ ਫ਼ੌਜ ਦੀ ਭਰਤੀ ਸੂਬਿਆਂ ਦੇ ਰਈਸਾਂ ਅਤੇ ਪਿਛਲੀਆਂ ਮਿਸਲਾਂ ਦੇ ਸਰਦਾਰਾਂ ਦੇ ਸੈਨਿਕ ਦਸਤਿਆਂ ਵਿੱਚੋਂ ਕੀਤੀ ਜਾਂਦੀ ਸੀ। ਇਹ ਸੈਨਾ ਡੇਰਿਆਂ ਵਿਚ ਸੰਗਠਿਤ ਸੀ। ਇਕ ਡੇਰੇ ਵਿਚ 800 ਤੋਂ ਲੈ ਕੇ 1000 ਤਕ ਘੋੜ-ਚੜ੍ਹੇ ਹੁੰਦੇ ਸਨ। ਇਸ ਘੋੜ-ਚੜ੍ਹਾ ਫ਼ੌਜ ਲਈ ਕੋਈ ਸਰਵਉੱਚ ਕਮਾਂਡਰ ਨਹੀਂ ਸੀ ਹੁੰਦਾ। ਹਰ ਇਕ ਡੇਰਾ ਆਪਣੇ ਆਪ ਵਿਚ ਸੁਤੰਤਰ ਤੇ ਇਕ ਸਰਦਾਰ ਦੇ ਅਧੀਨ ਸੀ ਜਿਸ ਦਾ ਅਹੁਦਾ ਤੇ ਤਨਖਾਹ ਉਸ ਦੇ ਡੇਰੇ ਵਿਚ ਰਹਿੰਦੇ ਘੋੜ- ਚੜ੍ਹਿਆਂ ਦੀ ਗਿਣਤੀ ਉੱਤੇ ਨਿਰਭਰ ਕਰਦੀ ਸੀ।
ਕਿਲ੍ਹਿਆਂ ਦੀ ਫ਼ੌਜ ਰੈਜਮੈਂਟਾਂ ਜਾਂ ਬਟਾਲੀਅਨਾਂ ਦੇ ਰੂਪ ਵਿਚ ਸੰਗਠਿਤ ਨਹੀਂ ਸੀ ਕੀਤੀ ਹੁੰਦੀ। ਹਰ ਕਿਲ੍ਹੇ ਦੀ ਦੇਖ-ਭਾਲ ਲਈ ਸਥਾਪਿਤ ਕੀਤੀ ਸੈਨਿਕ ਟੁਕੜੀ ਦਾ ਦੂਜੇ ਕਿਲ੍ਹਿਆਂ ਦੀਆਂ ਸੈਨਿਕ ਟੁਕੜੀਆਂ ਨਾਲ ਕੋਈ ਵਾਸਤਾ ਨਹੀਂ ਸੀ ਹੁੰਦਾ। ਕਿਲ੍ਹੇ ਵਿਚ ਕਿਲ੍ਹੇ ਦੀ ਮਹੱਤਤਾ ਅਨੁਸਾਰ ਸੈਨਿਕ ਰਹਿੰਦੇ ਸਨ। ਮੁਲਤਾਨ, ਪਿਸ਼ਾਵਰ, ਅਟਕ, ਕਾਂਗੜਾ ਤੇ ਸ਼੍ਰੀਨਗਰ ਦੇ ਕਿਲ੍ਹਿਆਂ ਵਿਚ ਭਾਰੀ ਸੈਨਿਕ ਦਸਤੇ ਰੱਖੇ ਜਾਂਦੇ ਸਨ ਪਰ ਛੋਟੇ ਕਿਲ੍ਹਿਆਂ ਵਿਚ ਸੈਨਿਕਾਂ ਦੀ ਗਿਣਤੀ 25 ਅਤੇ 50 ਦੇ ਦਰਮਿਆਨ ਹੁੰਦੀ ਸੀ। ਸੈਨਿਕ ਦਸਤੇ ਦੇ ਇੰਚਾਰਜ ਨੂੰ ਕਿਲ੍ਹੇਦਾਰ ਜਾਂ ਥਾਣੇਦਾਰ ਕਿਹਾ ਜਾਂਦਾ ਸੀ। ਕਿਲ੍ਹਿਆਂ ਵਿਚ ਮੁਤਸ਼ੱਦੀ ਅਤੇ ਦਰੋਗੇ ਹੁੰਦੇ ਸਨ। ਇਨ੍ਹਾਂ ਕਿਲ੍ਹਿਆਂ ਦੀਆਂ ਸੈਨਿਕ ਟੁਕੜੀਆਂ ਸਿਖਲਾਈ, ਸਾਜ਼ੋ-ਸਾਮਾਨ ਅਤੇ ਅਨੁਸ਼ਾਸਨ ਦੇ ਪੱਖ ਤੋਂ ਵੱਖ-ਵੱਖ ਹੁੰਦੀਆਂ ਸਨ।
ਸੈਨਿਕ ਸੇਵਾ ਲੈਣ ਲਈ ਕੁਝ ਲੋਕਾਂ ਨੂੰ ਸੈਨਿਕ ਜਾਗੀਰਾਂ ਦਿੱਤੀਆਂ ਜਾਂਦੀਆਂ ਸਨ। ਜਾਗੀਰਦਾਰਾਂ ਨੂੰ ਲੋੜ ਪੈਣ ’ਤੇ ਲਾਹੌਰ ਦਰਬਾਰ ਨੂੰ ਸੈਨਿਕ ਸਹਾਇਤਾ ਦੇਣੀ ਪੈਂਦੀ ਸੀ। ਜਾਗੀਰਦਾਰਾਂ ਨੂੰ ਆਪਣੇ ਇਕਰਾਰ ਅਨੁਸਾਰ ਜਾਗੀਰ ਦੇ ਬਦਲੇ ਇਕ ਖਾਸ ਗਿਣਤੀ ਵਿਚ ਸੈਨਿਕ ਰੱਖਣੇ ਪੈਂਦੇ ਸਨ। ਲੱਗਭਗ ਅੱਧੀ ਜਾਗੀਰ ਜਾਗੀਰਦਾਰ ਦੀਆਂ ਨਿੱਜੀ ਲੋੜਾਂ ਪੂਰੀਆਂ ਕਰਨ ਲਈ ਹੁੰਦੀ ਸੀ ਤੇ ਬਾਕੀ ਅੱਧੀ ਵਿੱਚੋਂ ਉਹ ਘੋੜਿਆਂ ਅਤੇ ਘੋੜ-ਸਵਾਰਾਂ ਦਾ ਖਰਚਾ ਚਲਾਉਂਦਾ ਸੀ। ਜੇ ਕੋਈ ਜਾਗੀਰਦਾਰ ਆਪਣੀ ਮਿਲੀ ਜਾਗੀਰ ਦੇ ਅਨੁਸਾਰ ਘੋੜ-ਸਵਾਰ ਨਹੀਂ ਸੀ ਰੱਖਦਾ ਤਾਂ ਉਸ ਨੂੰ ਜੁਰਮਾਨਾ ਕਰ ਦਿੱਤਾ ਜਾਂਦਾ ਸੀ ਜੋ ਉਸ ਦੀ ਜਾਗੀਰ ਵਿੱਚੋਂ ਵਸੂਲਿਆ ਜਾਂਦਾ ਸੀ। ਸੈਨਿਕ ਜਾਗੀਰਦਾਰ ਕਈ ਵਾਰ ਆਪਣੀ ਜਾਗੀਰ ਦਾ ਕੁਝ ਹਿੱਸਾ ਬਿਨਾਂ ਸਰਕਾਰ ਦੀ ਆਗਿਆ ਦੇ ਅਗਾਂਹ ਦੂਸਰਿਆਂ ਨੂੰ ਜਾਗੀਰ ਵਜੋਂ ਦੇ ਦਿੰਦੇ ਸਨ। ਜਾਗੀਰਦਾਰ ਦੀ ਮੌਤ ਪਿੱਛੋਂ ਉਸ ਦੀ ਜਾਗੀਰ ਸਰਕਾਰ ਦੇ ਹੱਥਾਂ ਵਿਚ ਚਲੀ ਜਾਂਦੀ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀਆਂ ਜਾਂ ਨਿਹੰਗਾਂ ਨੂੰ ਅਨਿਯਮਤ ਸੈਨਾ ਵਿਚ ਸ਼ਾਮਲ ਕਰ ਲਿਆ ਸੀ। ਉਨ੍ਹਾਂ ਦੀ ਗਿਣਤੀ 2000 ਤੋਂ 3000 ਦੇ ਵਿਚਕਾਰ ਸੀ। ਅਕਾਲੀਆਂ ਨੇ ਆਪਣੇ ਆਗੂਆਂ ਅਕਾਲੀ ਫੂਲਾ ਸਿੰਘ ਤੇ ਅਕਾਲੀ ਸਾਧੂ ਸਿੰਘ ਦੀ ਅਗਵਾਈ ਅਧੀਨ ਲਾਹੌਰ ਦਰਬਾਰ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਵਿਚ ਭਾਗ ਲਿਆ ਸੀ। ਅਕਾਲੀ ਕਿਸੇ ਤਰ੍ਹਾਂ ਦੀ ਵੀ ਸੈਨਿਕ ਸਿਖਲਾਈ ਜਾਂ ਪਰੇਡ ਦੇ ਵਿਰੁੱਧ ਸਨ। ਉਹ ਲਾਹੌਰ ਦਰਬਾਰ ਵਿਚ ਵਿਦੇਸ਼ੀ ਕਰਿੰਦਿਆਂ ਦੇ ਵੀ ਸਖ਼ਤ ਖ਼ਿਲਾਫ਼ ਸਨ। ਉਹ ਕਿਸੇ ਲੜਾਈ ਵਿਚ ਵੀ ਲਾਹੌਰ ਦਰਬਾਰ ਦੀ ਅਗਵਾਈ ਵਿਚ ਲੜਨਾ ਪਸੰਦ ਨਹੀਂ ਕਰਦੇ ਸਨ। ਉਹ ਮੁਹਿੰਮ ਸਮੇਂ ਵੈਰੀਆਂ ਉੱਪਰ ਹਮਲਾ ਕਰਨ ਦੀ ਵਿਧੀ ਵੀ ਆਪ ਹੀ ਨਿਰਧਾਰਿਤ ਕਰਦੇ ਸਨ। ਗ੍ਰਿਫਨ ਇਨ੍ਹਾਂ ਦੀ ਤੁਲਨਾ ਅਫਗਾਨਿਸਤਾਨ ਦੇ ਗਾਜ਼ੀਆਂ ਨਾਲ ਕਰਦਾ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਬਾਰੇ ਵੱਖ-ਵੱਖ ਲੇਖਕਾਂ ਨੇ ਵੱਖ-ਵੱਖ ਅੰਕੜੇ ਦਿੱਤੇ ਹਨ। ਹੈਨਰੀ ਲਾਰੈਂਸ ਅਨੁਸਾਰ, ‘ਰਣਜੀਤ ਸਿੰਘ ਕੋਲ 65,841 ਨਿਯਮਤ ਤੇ 37,868 ਅਨਿਯਮਤ ਸੈਨਿਕ ਸਨ।’ ਮਿਸਟਰ ਬਾਰ ਅਨੁਸਾਰ, ‘ਮਹਾਰਾਜਾ ਦੇ ਰਾਜ ਦੇ ਆਖ਼ਰੀ ਵਰ੍ਹਿਆਂ ਵਿਚ ਉਸ ਦੀ ਸੈਨਾ ਦੀ ਕੁੱਲ ਗਿਣਤੀ 76,000 ਸੀ, ਜਿਸ ਵਿੱਚੋਂ 43,000 ਨਿਯਮਤ ਸੈਨਿਕ ਸਨ।’ ਅਜੋਕੇ ਇਤਿਹਾਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੀ ਕੁੱਲ ਸੰਖਿਆ 80,000 ਦੇ ਕਰੀਬ ਮੰਨਦੇ ਹਨ।
ਲੈਪਲ ਗ੍ਰਿਫਨ ਅਨੁਸਾਰ, ‘ਮਹਾਰਾਜੇ ਦੇ ਰਾਜ ਸਮੇਂ ਭਰਤੀ ਨਿਰੋਲ ਲੋਕਾਂ ਦੀ ਮਰਜ਼ੀ ਉੱਤੇ ਸੀ ਅਤੇ ਲਾਹੌਰ ਸਰਕਾਰ ਨੂੰ ਸੈਨਿਕ ਪ੍ਰਾਪਤ ਕਰਨ ਵਿਚ ਬਿਲਕੁਲ ਕੋਈ ਕਠਿਨਾਈ ਨਹੀਂ ਸੀ ਹੁੰਦੀ, ਕਿਉਂਕਿ ਉਨ੍ਹਾਂ ਦਿਨਾਂ ਵਿਚ ਫ਼ੌਜ ਦੀ ਨੌਕਰੀ ਨੂੰ ਲੋਕ ਬਹੁਤ ਪਸੰਦ ਕਰਦੇ ਸਨ।’ ਸਟਾਈਨਬਖ ਅਨੁਸਾਰ, ‘ਲੋੜ ਪੈਣ ’ਤੇ ਮਹਾਰਾਜਾ ਜਿੰਨੀ ਵੀ ਫ਼ੌਜ ਚਾਹੁੰਦਾ, ਵਧਾ ਸਕਦਾ ਸੀ। ਪੰਜਾਬ ਦੇ ਲੋਕ ਜਿੱਥੇ ਆਪਣੀਆਂ ਬਹਾਦਰੀ ਦੀਆਂ ਰਿਵਾਇਤਾਂ ਦੇ ਸਨਮੁੱਖ ਸੈਨਿਕ ਜੀਵਨ ਨੂੰ ਤਰਜੀਹ ਦਿੰਦੇ ਸਨ ਤੇ ਮਹਾਰਾਜੇ ਦੇ ਅਧੀਨ ਨੌਕਰੀ ਦੀਆਂ ਸ਼ਰਤਾਂ ਬਹੁਤ ਸੁਖਾਵੀਆਂ ਅਤੇ ਲਾਭਦਾਇਕ ਸਨ। ਸੈਨਿਕਾਂ ਨੂੰ ਕਾਫ਼ੀ ਤਨਖਾਹ, ਛੇਤੀ ਤਰੱਕੀ ਅਤੇ ਨੌਕਰੀ ਵਿਚ ਸੁਰੱਖਿਆ ਪ੍ਰਾਪਤ ਸੀ। ਜਾਗੀਰਦਾਰਾਂ ਦੇ ਸੈਨਿਕ ਅਤੇ ਪ੍ਰਾਂਤਕ ਸੈਨਿਕ ਟੁਕੜੀਆਂ ਦੀ ਭਰਤੀ ਤੋਂ ਇਲਾਵਾ ਬਾਕੀ ਸਾਰੀ ਭਰਤੀ ਦਾ ਕੰਮ ਸਿੱਧਿਆਂ ਲਾਹੌਰ ਸਰਕਾਰ ਕਰਦੀ ਸੀ। ਆਮ ਤੌਰ ’ਤੇ ਦਰਬਾਰੀ ਤੇ ਸਰਕਾਰੀ ਅਫਸਰ ਰੰਗਰੂਟਾਂ ਦੀ ਭਰਤੀ ਹੋਣ ਦੀ ਸਿਫ਼ਾਰਸ਼ ਕਰਦੇ ਸਨ। ਕਦੇ-ਕਦੇ ਜਲਦੀ ਦੇ ਹਾਲਾਤ ਵਿਚ ਇਹ ਕੰਮ ਵੱਡੇ ਸਰਦਾਰਾਂ, ਕਮਾਨ ਅਫ਼ਸਰਾਂ, ਗਵਰਨਰਾਂ ਅਤੇ ਦਰਬਾਰ ਦੇ ਹੋਰ ਕਰਮਚਾਰੀਆਂ ਦੇ ਸਪੁਰਦ ਕਰ ਦਿੱਤਾ ਜਾਂਦਾ ਸੀ। ਰੰਗਰੂਟਾਂ ਦੀ ਚੋਣ ਬੜੇ ਹੀ ਧਿਆਨ ਨਾਲ ਕੀਤੀ ਜਾਂਦੀ ਸੀ।’ ਲੈਫਟੀਨੈਂਟ ਬਾਰ ਦੇ ਕਥਨ ਅਨੁਸਾਰ, ‘ਰੰਗਰੂਟ ਦਾ ਕੱਦ-ਕਾਠ ਤੇ ਸਰੀਰਿਕ ਸ਼ਕਤੀ ਨੂੰ ਧਿਆਨ ’ਚ ਰੱਖਿਆ ਜਾਂਦਾ ਸੀ ਨਾ ਕਿ ਉਸ ਦੀ ਜਾਤ ਨੂੰ। ਕੇਵਲ ਰਿਸ਼ਟ-ਪੁਸ਼ਟ ਆਦਮੀ ਹੀ ਭਰਤੀ ਕੀਤੇ ਜਾਂਦੇ ਸੀ ਅਤੇ ਪੰਜਾਬ ਦੇ ਲੋਕ ਇਸ ਵਿਚ ਪੂਰੇ ਉਤਰਦੇ ਸਨ।’
ਅਫਸਰਾਂ ਦੀ ਭਰਤੀ ਪੂਰੀ ਤਰ੍ਹਾਂ ਮਹਾਰਾਜੇ ਦੇ ਆਪਣੇ ਹੱਥਾਂ ਵਿਚ ਸੀ। ਆਮ ਤੌਰ ’ਤੇ ਉੱਚੇ ਅਤੇ ਭਰੋਸੇਯੋਗ ਅਫਸਰਾਂ ਦੇ ਪੁੱਤਰਾਂ ਜਾਂ ਰਿਸ਼ਤੇਦਾਰਾਂ ਨੂੰ ਹੀ ਅਫਸਰ ਨਿਯੁਕਤ ਕੀਤਾ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੈਨਾ ਨੂੰ ਆਧੁਨਿਕ ਬਣਾਉਣ ਲਈ ਬਹੁਤ ਸਾਰੇ ਵਿਦੇਸ਼ੀ ਅਫਸਰਾਂ ਨੂੰ ਮੁਕੱਰਰ ਕੀਤਾ ਸੀ।
ਮਹਾਰਾਜੇ ਨੇ ਆਪਣੀ ਸੈਨਾ ਵਿਚ ਪੂਰਨ ਅਨੁਸ਼ਾਸਨ ਕਾਇਮ ਰੱਖਿਆ ਤੇ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ। ਭਾਵੇ ਸੁਭਾਵਿਕ ਤੌਰ ’ਤੇ ਮਹਾਰਾਜਾ ਰਣਜੀਤ ਸਿੰਘ ਕਦੇ ਵੀ ਸਖ਼ਤ ਸਜ਼ਾ ਦੇਣ ਦੇ ਹੱਕ ਵਿਚ ਨਹੀਂ ਸੀ ਹੁੰਦਾ ਪਰ ਜਿੱਥੇ ਸੈਨਿਕਾਂ ਵੱਲੋਂ ਅਨੁਸ਼ਾਸਨਹੀਣ ਕਾਰਵਾਈ ਉਸ ਦੇ ਰਾਜ ਪ੍ਰਬੰਧ ਉੱਤੇ ਅਸਰ ਪਾ ਸਕਦੀ ਸੀ, ਉਥੇ ਮਹਾਰਾਜਾ ਸ਼ਕਤੀ ਵਰਤਣ ਤੋਂ ਨਹੀਂ ਸੀ ਝਿਜਕਦਾ। ਵਿਦੇਸ਼ੀ ਅਫਸਰਾਂ ਦੀ ਦਰਬਾਰ ਵਿਚ ਮੌਜੂਦਗੀ ਵਿਚ ਵੀ ਸਖ਼ਤੀ ਵਰਤਣ ਤੋਂ ਨਹੀਂ ਸੀ ਝਿਜਕਦਾ। ਵਿਦੇਸ਼ੀ ਅਫਸਰਾਂ ਦੀ ਦਰਬਾਰ ਵਿਚ ਮੌਜੂਦਗੀ ਕਾਰਨ ਭਾਵੇਂ ਕੁਝ ਅਨੁਸ਼ਾਸਨਹੀਣਤਾ ਦੇਖਣ ਨੂੰ ਮਿਲਦੀ ਸੀ ਪਰ ਮਹਾਰਾਜੇ ਦੇ ਜਿਊਂਦੇ-ਜੀਅ ਕੋਈ ਸਰਦਾਰ ਖੁੱਲ੍ਹਮ-ਖੁੱਲ੍ਹਾ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਖੜ੍ਹਾ ਨਹੀਂ ਸੀ ਹੋ ਸਕਿਆ। ਕਈ ਵਾਰ ਸੈਨਿਕ ਤਨਖਾਹ ਮਿਲਣ ਵਿਚ ਦੇਰੀ ਹੋਣ ’ਤੇ ਵੀ ਆਪਣੀ ਅਪ੍ਰਸੰਨਤਾ ਪ੍ਰਗਟ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਇਨ੍ਹਾਂ ਗੱਲਾਂ ਨੂੰ ਵਿਸ਼ੇਸ਼ ਮਹੱਤਵ ਨਹੀਂ ਦਿੰਦਾ ਸੀ। ਹਰ ਯੂਨਿਟ ਵਿਚ ਅਫਸਰਾਂ ਦੀ ਇਕ ਕਮੇਟੀ ਅਨੁਸ਼ਾਸਨ ਉੱਤੇ ਨਜ਼ਰ ਰੱਖਦੀ ਸੀ ਤੇ ਅਨੁਸ਼ਾਸਨ ਕਾਇਮ ਰੱਖਣ ਲਈ ਜ਼ਿੰਮੇਵਾਰ ਹੁੰਦੀ ਸੀ। ਯੂਨਿਟਾਂ ਦੇ ਕਮਾਨ ਅਫਸਰਾਂ ਨੂੰ ਸੈਨਿਕਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਯੋਗ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਅਧਿਕਾਰ ਮਿਲੇ ਹੋਏ ਸਨ। ਕੇਵਲ ਗੰਭੀਰ ਮਸਲੇ ਹੀ ਮਹਾਰਾਜੇ ਦੇ ਦਰਬਾਰ ਵਿਚ ਪੇਸ਼ ਹੁੰਦੇ ਸਨ। ਯੂਨਿਟਾਂ ਦੇ ਕਮਾਂਡਰਾਂ ਵੱਲੋਂ ਅਨੁਸ਼ਾਸਨ ਸੰਬੰਧੀ ਹਰ ਰੋਜ਼ ਦਰਬਾਰ ਵਿਚ ਰਿਪੋਰਟ ਪੁੱਜਦੀ ਸੀ। ਮਹਾਰਾਜਾ ਰਣਜੀਤ ਸਿੰਘ ਜਾਗੀਰਦਾਰੀ ਫ਼ੌਜਾਂ ਨੂੰ ਅਵੇਸਲਿਆਂ ਨਹੀਂ ਸੀ ਰਹਿਣ ਦਿੰਦਾ। ਉਨ੍ਹਾਂ ’ਤੇ ਵੀ ਕਰੜੀ ਨਜ਼ਰ ਰੱਖੀ ਜਾਂਦੀ ਸੀ। ਇਸ ਤਰ੍ਹਾਂ ਮਹਾਰਾਜੇ ਨੇ ਸਿੱਖ ਫ਼ੌਜ ਵਿਚ ਅਨੁਸ਼ਾਸਨ ਬਣਾਈ ਰੱਖਣ ਲਈ ਲੋੜੀਂਦੇ ਪ੍ਰਬੰਧ ਕਰ ਰੱਖੇ ਸਨ।
ਸੈਨਿਕਾਂ ਨੂੰ ਤਨਖਾਹ ਜਾਗੀਰਦਾਰੀ ਪ੍ਰਣਾਲੀ ਤੋਂ ਇਲਾਵਾ ਸੈਨਿਕਾਂ ਦੀ ਅਦਾਇਗੀ ਦੇ ਤਿੰਨ ਹੋਰ ਢੰਗ-ਤਰੀਕੇ ਵੀ ਸਨ ਜਿਨ੍ਹਾਂ ਦੁਆਰਾ ਉਨ੍ਹਾਂ ਨੂੰ ਨਕਦ ਅਦਾਇਗੀਆਂ, ਮਾਹਦਾਰੀ ਪ੍ਰਣਾਲੀ ਅਨੁਸਾਰ ਕਰਮਚਾਰੀ ਜਾਂ ਸੈਨਿਕ ਦੀ ਮਹੀਨੇਵਾਰੀ ਤਨਖਾਹ ਨਿਰਧਾਰਿਤ ਕੀਤੀ ਜਾਂਦੀ ਸੀ। ਇਸ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਜ਼ਰੂਰ ਹੀ ਹਰ ਮਹੀਨੇ ਤਨਖਾਹ ਮਿਲਦੀ ਹੋਵੇ ਪਰ ਜਦ ਵੀ ਮਿਲਦੀ ਸੀ ਮਹੀਨੇਵਾਰੀ ਦੇ ਆਧਾਰ ’ਤੇ ਮਿਲਦੀ ਸੀ। ਫ਼ਸਲਾਦਾਰੀ ਪ੍ਰਣਾਲੀ ਅਨੁਸਾਰ ਫ਼ਸਲਾਂ ਦੇ ਸਮੇਂ ਭਾਵ ਸਾਲ ਵਿਚ ਦੋ ਵਾਰ ਤਨਖਾਹ ਦਿੱਤੀ ਜਾਂਦੀ ਸੀ। ਆਮ ਤੌਰ ’ਤੇ ਫ਼ੌਜਾਂ ਦੀ ਕੁਝ ਮਹੀਨਿਆਂ ਦੀ ਤਨਖਾਹ ਦਬਾ ਕੇ ਰੱਖੀ ਜਾਂਦੀ ਸੀ। ਕਈ ਵਾਰ ਕਈਆਂ ਦੀ ਪੰਜ ਜਾਂ ਛੇ ਮਹੀਨਿਆਂ ਦੀ ਤਨਖਾਹ ਸਰਕਾਰ ਵੱਲ ਬਕਾਇਆ ਹੁੰਦੀ ਸੀ ਤੇ ਕਈ ਵਾਰ ਇਕ ਸਾਲ ਜਾਂ 14 ਮਹੀਨਿਆਂ ਦੀ ਤਨਖਾਹ ਸਰਕਾਰ ਵੱਲ ਬਕਾਇਆ ਬਣ ਜਾਂਦੀ ਸੀ। ਅਜਿਹਾ ਸੈਨਿਕਾਂ ਨੂੰ ਅਨੁਸ਼ਾਸਨ ਵਿਚ ਰੱਖਣ ਵਜੋਂ ਕੀਤਾ ਗਿਆ ਸੀ। ਕਈ ਵਾਰ ਸੈਨਿਕ ਲੋੜੀਂਦੀ ਸਿਖਲਾਈ ਲੈ ਕੇ ਲਾਹੌਰ ਦਰਬਾਰ ਦੀ ਨੌਕਰੀ ਛੱਡ ਜਾਣ ਲਈ ਵੀ ਸੋਚ ਲੈਂਦੇ ਸਨ ਤੇ ਮਹਾਰਾਜਾ ਅਜਿਹੇ ਸਿੱਖਿਆ ਪ੍ਰਾਪਤ ਸੈਨਿਕਾਂ ਨੂੰ ਉਨ੍ਹਾਂ ਦੀਆਂ ਕੁਝ ਮਹੀਨੇ ਦੀਆਂ ਤਨਖਾਹਾਂ ਦਬਾ ਕੇ ਭੱਜ ਜਾਣ ਤੋਂ ਰੋਕਣਾ ਚਾਹੁੰਦਾ ਸੀ। ਸੈਨਿਕਾਂ ਨੂੰ ਤਨਖਾਹ ਬਖ਼ਸ਼ੀ ਜਾਂ ਮੁਤਸ਼ੱਦੀ ਆਪਣੇ ਸਾਹਮਣੇ ਦਿੰਦੇ ਸਨ।
ਜਿਹੜੇ ਸੈਨਿਕ ਆਪਣੀਆਂ ਜਾਨਾਂ ਖਤਰੇ ਵਿਚ ਪਾ ਕੇ ਲਾਹੌਰ ਦਰਬਾਰ ਲਈ ਪ੍ਰਾਪਤੀਆਂ ਕਰਦੇ ਸਨ, ਉਨ੍ਹਾਂ ਨੂੰ ਮਹਾਰਾਜੇ ਦੀ ਖੁੱਲ੍ਹਦਿਲੀ ਸੰਬੰਧੀ ਕੈਪਟਨ ਵੇਡ ਲਿਖਦਾ ਹੈ ਕਿ ‘ਹਿੰਦੋਸਤਾਨ ਦਾ ਕੋਈ ਹਾਕਮ ਖੁੱਲ੍ਹਦਿਲੀ ਵਿਚ ਅਤੇ ਹੱਕਦਾਰ ਆਦਮੀਆਂ ਨੂੰ ਇਨਾਮ ਇਕਰਾਮ ਦੇਣ ਵਿਚ ਮਹਾਰਾਜੇ ਨੂੰ ਮਾਤ ਨਹੀਂ ਪਾ ਸਕਦਾ।’ ਮਹਾਰਾਜਾ ਰਣਜੀਤ ਸਿੰਘ ਸਰੋਪਿਆਂ ਅਤੇ ਉਪਹਾਰਾਂ ਦੀ ਸ਼ਕਲ ਵਿਚ ਹਰ ਸਾਲ ਲੱਖਾਂ ਰੁਪਏ ਲੋਕਾਂ ਨੂੰ ਵੰਡ ਦਿੰਦਾ ਸੀ। ਇਹ ਤੋਹਫਾ ਕੁਝ ਰੁਪਿਆਂ ਤੋਂ ਲੈ ਕੇ ਇਕ ਲੱਖ ਰੁਪਏ ਤਕ ਹੋ ਸਕਦਾ ਸੀ। ਮਹਾਰਾਜੇ ਵੱਲੋਂ ਬਹਾਦਰ ਸੈਨਿਕਾਂ ਤੇ ਬਹਾਦਰ ਫੌਜੀ ਅਫਸਰਾਂ ਨੂੰ ‘ਜ਼ਫ਼ਰ ਜੰਗ ਬਹਾਦਰ’, ‘ਫ਼ਤਹਿ-ਓ-ਨੁਸਰਤ ਨਸੀਬ’ ਤੇ ‘ਸ਼ਮਸ਼ੇਰ ਜੰਗ ਬਹਾਦਰ’ ਵਰਗੇ ਖ਼ਿਤਾਬ ਦਿੱਤੇ ਜਾਂਦੇ ਸਨ।
1838 ਈ: ਵਿਚ ਸ਼ਹਾਮਤ ਅਲੀ ਨੇ ਕਿਹਾ ਸੀ ਕਿ ‘ਮਹਾਰਾਜੇ ਦੀ ਫ਼ੌਜ ਭਾਰਤ ਦੇ ਕਿਸੇ ਵੀ ਹੋਰ ਹਾਕਮ ਦੀ ਫ਼ੌਜ ਨਾਲੋਂ ਚੰਗੇਰੀ ਤਰ੍ਹਾਂ ਨਿਯਮਤ ਤੇ ਅਨੁਸ਼ਾਸਨਬੱਧ ਸੀ।’ ਡਾਕਟਰ ਫ਼ੌਜਾ ਸਿੰਘ ਦੇ ਕਥਨ ਅਨੁਸਾਰ, ‘ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਨੂੰ ਭਾਰਤੀ ਸੰਸਥਾਪਨ ਵਿਚ ਫਰਾਂਸ ਅਤੇ ਬਰਤਾਨੀਆ ਦੀ ਮਿਲਵੀਂ ਸੈਨਿਕ ਪ੍ਰਣਾਲੀ ਕਿਹਾ ਜਾ ਸਕਦਾ ਹੈ। ਉਸ ਨੇ ਇਹ ਵੇਖ ਕੇ ਕਿ ਯੂਰਪੀਅਨ ਯੁੱਧ-ਵਿਧੀ ਵਧੇਰੇ ਚੰਗੀ ਹੈ, ਆਪਣੀ ਫ਼ੌਜ ਨੂੰ ਇਸ ਨਮੂਨੇ ਉੱਤੇ ਢਾਲਿਆ। ਉਸ ਦੀ ਸੈਨਾ ਦਾ ਸੰਵਿਧਾਨ ਪੂਰੀ ਤਰ੍ਹਾਂ ਨਾਲ ਯੂਰਪੀਅਨ ਸੀ। ਉਸ ਨੇ ਵਿਦੇਸ਼ੀ ਹਥਿਆਰ ਵੀ ਬਣਵਾਏ। ਸੈਨਿਕਾਂ ਦੀ ਵਰਦੀ ਅਤੇ ਉਨ੍ਹਾਂ ਦਾ ਇੱਕੋ ਜਿਹਾ ਸਾਜ਼ੋ-ਸਾਮਾਨ ਰੱਖਣ ਵਾਲੀ ਗੱਲ ਮਹਾਰਾਜਾ ਰਣਜੀਤ ਸਿੰਘ ਨੇ ਯੂਰਪੀਅਨ ਸੈਨਾ ਤੋਂ ਹੀ ਲਈ ਸੀ। ਮਹੀਨੇ ਦੇ ਆਧਾਰ ’ਤੇ ਤਨਖਾਹ ਦੇਣ ਦਾ ਰਿਵਾਜ ਵੀ ਪੱਛਮੀ ਸੀ ਪਰ ਫਿਰ ਵੀ ਕਈ ਗੱਲਾਂ ਵਿਚ ਉਹ ਵਿਦੇਸ਼ੀ ਪ੍ਰਭਾਵ ਤੋਂ ਮੁਕਤ ਰਿਹਾ। ਲਾਹੌਰ ਦਰਬਾਰ ਦੀ ਫ਼ੌਜ ਦੀ ਕੋਈ ਲਿਖਤੀ ਸੈਨਿਕ ਨਿਯਮਾਵਲੀ ਨਹੀਂ ਸੀ। ਜਾਗੀਰਾਂ ਦੇਣ, ਫ਼ੌਜਾਂ ਦੀਆਂ ਤਨਖਾਹਾਂ ਦਬਾ ਕੇ ਰੱਖਣਾ ਤੇ ਸੈਨਿਕਾਂ ਨੂੰ ਇਨਾਮ ਦੇਣੇ ਸਭ ਸਥਾਨਕ ਰਿਵਾਜ ਸਨ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਸੈਨਿਕ ਜਥੇਬੰਦੀ ਵਿਚ ਭਾਰਤੀ ਤੇ ਵਿਦੇਸ਼ੀ ਦੋਵਾਂ ਸੈਨਿਕ ਪ੍ਰਣਾਲੀਆਂ ਦੀਆਂ ਚੰਗੀਆਂ ਗੱਲਾਂ ਨੂੰ ਅਪਣਾਇਆ ਤੇ ਇਕ ਵਿਸ਼ਾਲ ਰਾਜ ਦੀ ਨੀਂਹ ਰੱਖੀ। ਪਹਿਲੇ ਤੇ ਦੂਜੇ ਐਂਗਲੋ-ਸਿੱਖ ਯੁੱਧ ਵਿਚ ਇਸੇ ਸਿੱਖ ਸੈਨਾ ਨੇ ਬਹਾਦਰੀ ਦੇ ਜਲਵੇ ਦਿਖਾਏ। ਭਾਵੇਂ ਉਹ ਇਸ ਲੜਾਈ ਵਿਚ ਆਪਣੇ ਕੁਝ ਸਰਦਾਰਾਂ ਦੀ ਗੱਦਾਰੀ ਕਰਕੇ ਹਾਰ ਗਈ ਪਰ ਉਨ੍ਹਾਂ ਨੇ ਫਿਰ ਵੀ ਅੰਗਰੇਜ਼ਾਂ ਨੂੰ ਆਪਣਾ ਲੋਹਾ ਮੰਨਵਾਇਆ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਿੱਖ ਰਾਜ ਦੀ ਪੰਜਾਬ ਅਤੇ ਭਾਰਤ ਦੇ ਇਤਿਹਾਸ ਨੂੰ ਜੋ ਦੇਣ ਹੈ ਉਸ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਸਿੱਖ ਰਾਜ ਦੇ ਸਫਲਤਾਪੂਰਵਕ ਕੰਮ-ਕਾਜ ਅਤੇ ਪੰਜਾਬ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਕਾਇਮ ਕਰਨ ਵਿਚ ਖਾਲਸਾ ਫ਼ੌਜ ਅਤੇ ਸੈਨਿਕ ਪ੍ਰਬੰਧਾਂ ਦੀ ਅਹਿਮ ਭੂਮਿਕਾ ਹੈ।
ਸਹਾਇਕ ਪੁਸਤਕ ਸੂਚੀ
ENGLISH
- Bajwa, Fauja Singh, Military System of the Sikhs, Motilal Banarsidas, Delhi, 1964.
- Chopra, Gulshan Lal, The Panjab As a Soverign State, V.V. Research Institute, Hoshiarpur, 1975.
- Grewal, J.S., Maharaja Ranjit Singh, Guru Nanak Dev University,Amritsar, 1982.
- Harsat, Bikrama Jit, Life and Times of Ranjit Singh, A Saga of Benevolent Despotism, V.V.Research Institute, Hoshiarpur, 1977.
5 Sinha, Narinder Krishan, Ranjit Singh, A. Mukherjee & Co., Calcutta, 1986.
ਪੰਜਾਬੀ
- ਡਾ. ਭਗਤ ਸਿੰਘ, ਮਹਾਰਾਜਾ ਰਣਜੀਤ ਸਿੰਘ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2000.
ਲੇਖਕ ਬਾਰੇ
- ਮੁਨੀਸ਼ ਸਿੰਘhttps://sikharchives.org/kosh/author/%e0%a8%ae%e0%a9%81%e0%a8%a8%e0%a9%80%e0%a8%b6-%e0%a8%b8%e0%a8%bf%e0%a9%b0%e0%a8%98/September 1, 2007