editor@sikharchives.org
Singh Garjeya

ਸਿੰਘ ਗਰਜਿਆ

ਸੱਚੇ ਪਾਤਸ਼ਾਹ! ਮੈਂ ਤੁਹਾਡਾ ਬੰਦਾ ਹਾਂ... ਥਾਪੜਾ ਦਿਓ... ਤੁਹਾਡੇ ਕਰ-ਕਮਲਾਂ ਦੀ ਬਰਕਤ ਨੇ ਮੇਰਾ ਤਾਣ ਤੇ ਮਾਣ ਬਣਨੈਂ... ਕਦੇ ਬੈਰਾਗੀ ਸਾਂ... ਹੁਣ ਇਹ ਬੰਦਾ ਤੁਹਾਡਾ ਐ... ਹੁਕਮ ਕਰੋ ਪਾਤਸ਼ਾਹ... ਇਹ ਬਿਨਸਨਹਾਰਾ ਤਨ ਕਿਸੇ ਲੇਖੇ ਲੱਗ ਜਾਏ!
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਬਹੁਤ ਜਿਗਰੇ ਨਾਲ ਉਹਨੇ ਸਭ ਕੁਝ ਸੁਣਿਆ ਪਰ ਸਰਹਿੰਦ ਦਾ ਇਤਿਹਾਸ ਸੁਣ ਕੇ ਹੁਭਕੀਂ-ਹੁਭਕੀਂ ਰੋਇਆ… ਅੱਥਰੂ ਭਿੱਜੀਆਂ ਪਲਕਾਂ ਪੂੰਝੀਆਂ… ਹੈਂ! ਏਨਾ ਕਹਿਰ… ਕਿਹੋ ਜਿਹਾ ਇਤਿਹਾਸ ਹੈ… ਮੇਰੇ ਕੰਨ ਕੀ ਸੁਣ ਰਹੇ ਨੇ?

ਜੇ ਇੱਕ ਪਾਸੇ ਜ਼ੁਲਮ ਦੀ ਇੰਤਹਾ ਹੈ ਤਾਂ ਦੂਜੇ ਪਾਸੇ ਦ੍ਰਿੜ੍ਹਤਾ ਤੇ ਧਰਮੀ ਸਿਦਕ ਤੋਂ ਵੀ ਸਦਕੇ ਜਾਵਾਂ… ਰੋਹ ਵਿਚ ਅੰਗੜਾਈ ਲਈ, ਪਰ ਗੁਰੂ ਜੀ ਦੇ ਨੂਰਾਨੀ ਚਿਹਰੇ ਵੱਲ ਤੱਕ ਨਾ ਸਕਿਆ… ਮੋਹ-ਭਿੱਜੇ ਮਾਣ ਨਾਲ ਚਰਨਾਂ ’ਤੇ ਢਹਿ ਪਿਆ… ਸੱਚੇ ਪਾਤਸ਼ਾਹ! ਮੈਂ ਤੁਹਾਡਾ ਬੰਦਾ ਹਾਂ… ਥਾਪੜਾ ਦਿਓ… ਤੁਹਾਡੇ ਕਰ-ਕਮਲਾਂ ਦੀ ਬਰਕਤ ਨੇ ਮੇਰਾ ਤਾਣ ਤੇ ਮਾਣ ਬਣਨੈਂ… ਕਦੇ ਬੈਰਾਗੀ ਸਾਂ… ਹੁਣ ਇਹ ਬੰਦਾ ਤੁਹਾਡਾ ਐ… ਹੁਕਮ ਕਰੋ ਪਾਤਸ਼ਾਹ… ਇਹ ਬਿਨਸਨਹਾਰਾ ਤਨ ਕਿਸੇ ਲੇਖੇ ਲੱਗ ਜਾਏ!

ਕਲਗੀਧਰ ਪਾਤਸ਼ਾਹ ਨੇ ਘੁੱਟ ਕੇ ਸੀਨੇ ਨਾਲ ਲਾਇਆ… ਮੇਰਿਆ ਬਹਾਦਰਾ! ਪੰਜਾਬ ਦੀ ਧਰਤੀ ਤੇਰੀ ਸਿੰਘ-ਗਰਜ ਸੁਣਨ ਲਈ ਉਤਾਵਲੀ ਏ। ਮੈਂ ਤੈਨੂੰ ਪਹਿਲਾਂ ਉਹ ਦਾਤ ਦਿਆਂਗਾ ਜੋ ਮੈਂ ਪੰਜਾਂ ਕੋਲੋਂ ਸੀਸ ਦੀ ਮੰਗ ਲੈ ਕੇ ਦਿੱਤੀ ਸੀ… ਅੰਮ੍ਰਿਤ ਦੀ ਦਾਤ…। ਬਾਣੀ ਤੇ ਬਾਣੇ ’ਚ ਪ੍ਰਪੱਕ ਖ਼ਾਲਸਾ ਨਾ ਕਦੀ ਡੋਲਿਆ ਤੇ ਨਾ ਕਦੇ ਡੋਲੇਗਾ… ਇਹ ਸੱਚਾਈ ਜੁੱਗਾਂ-ਜੁਗਾਂਤਰਾਂ ਤਕ ਮਨੁੱਖੀ ਹੋਂਦ ਦੇ ਨਾਲ-ਨਾਲ ਸਦਾ ਗਵਾਹੀ ਭਰਦੀ ਰਹੇਗੀ।

…ਮੈਂ ਤੈਨੂੰ ਪੰਜ ਬਾਣੀਆਂ, ਪੰਜ ਕਕਾਰ, ਪੰਜ ਪਿਆਰੇ, ਪੰਜ ਤੀਰ, ਪੰਜ ਸ਼ਸਤਰ, ਹੁਕਮਨਾਮਾ, ਨਿਸ਼ਾਨ ਸਾਹਿਬ ਤੇ ਨਗਾਰਾ ਦੇ ਰਿਹਾਂ. ਮੇਰਿਆ ਬਹਾਦਰਾ! ਹਰ ਮੈਦਾਨ ਤੇਰੀ ਫ਼ਤਹਿ ਹੋਵੇਗੀ!

…ਇੱਕ ਗੱਲ, ਸਾਡਾ ਕਿਸੇ ਵੀ ਮਜ਼ਹਬ ਨਾਲ ਵੈਰ ਨਹੀਂ, ਕੇਵਲ ਜਬਰ ਤੇ ਜ਼ੁਲਮ ਦਾ ਨਾਸ਼ ਕਰਨਾ ਏਂ। ਗੁਰੂ ਨਾਨਕ ਦਾ ਘਰ ਇਕ ਅਕਾਲ ਪੁਰਖ ਦੀ ਸਿਰਜੀ-ਸੰਵਾਰੀ ਸ੍ਰਿਸ਼ਟੀ ਨੂੰ ਪਿਆਰ ਕਰਦਾ, ਅਸੀਂ ਸਮੁੱਚੀ ਮਨੁੱਖਤਾ ਨੂੰ ਜੀਵਨ- ਜਾਚ ਬਖਸ਼ਣੀ ਐ, ਹਲੀਮੀ ਰਾਜ ਦੇਣਾ ਏਂ. ਸਮੁੱਚਾ ਸੰਸਾਰ ਖ਼ਾਲਸੇ ਦਾ ਪਰਵਾਰ ਏ, ਪਰ ਮਨੁੱਖੀ ਘਾਤਕਾਂ ਨੂੰ ਬਖਸ਼ਣਾ ਵੀ ਨਹੀਂ. ।

ਵਿਦਾਇਗੀ ਦਾ ਸਮਾਂ ਆਇਆ… ਨਗਾਰੇ ’ਤੇ ਚੋਟ ਲੱਗੀ… ਜੈਕਾਰਾ ਗੱਜਿਆ… ਨਿਸ਼ਾਨ ਝੂਲਿਆ… ਯੋਧਿਆਂ ਦੇ ਡੌਲੇ ਫਰਕੇ… ਨਾਂਦੇੜ ਦੀ ਧਰਤੀ ਤੋਂ ਪੰਜਾਬ ਵੱਲ ਜਾਬਰਾਂ ਤੇ ਜ਼ਾਲਮਾਂ ਨੂੰ ਸੋਧਣ ਲਈ ਕਾਫ਼ਲਾ ਤੁਰਨ ਲੱਗਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਲਗੀਧਰ ਪਾਤਸ਼ਾਹ ਵੱਲ ਨਜ਼ਰ ਭਰ ਕੇ ਤੱਕਿਆ। ਇਸ ਮੂਕ ਤੱਕਣੀ ’ਚ ਮੋਹ ਭਰੀ ਰਮਜ਼ ਸੀ। ਇਉਂ ਜਾਪਿਆ ਜਾਣੀ ਨੂਰੀ ਨੈਣਾਂ ’ਚੋਂ ਵੱਡਾ ਨਜ਼ਰਾਨਾ ਮਿਲ ਗਿਆ… ਜਾਣੀ ਆਵਾਜ਼ ਆਈ… ਚੰਗਾ ਮੇਰੇ ਬੰਦਿਆ! ਮੈਂ ਤੇਰੇ ਸਦਾ ਅੰਗ- ਸੰਗ ਆਂ… ਓਟ ਇਕ ਅਕਾਲ ਦੀ ਰੱਖਣੀ… ਤੇ ਯੋਧਿਆਂ ਦਾ ਜੋਸ਼ ਜਬਰ-ਜ਼ੁਲਮ ਦੇ ਕੱਖਾਂ-ਕਾਨਿਆਂ ਨੂੰ ਰੋੜ੍ਹਨ ਲਈ ਹੜ੍ਹ ਬਣ ਗਿਆ।

ਘੋੜਿਆਂ ਦੇ ਟਾਪਾਂ ਦੀ ਆਵਾਜ਼ ਹਵਾ ਨੂੰ ਚੀਰਦੀ ਪੰਜਾਬ ਵੱਲ ਵਧੀ ਤੇ ਦਿੱਲੀ ਦੇ ਨਜ਼ਦੀਕ ਆ ਕੇ ਉਸ ਨੇ ਕੌਮ ਨੂੰ ਹੁਕਮਨਾਮੇ ਭੇਜੇ… ਸਰਹਿੰਦ ਤੇ ਚਮਕੌਰ ਦਾ ਵਾਸਤਾ ਪਾਇਆ… ਇਉਂ ਜਾਪਿਆ ਕਿ ਪੰਜਾਬ ਦੇ ਸਿੱਖ-ਸਿੱਖਣੀਆਂ ਤਾਂ ਕਲਗੀਧਰ ਪਿਤਾ ਦੇ ਹੁਕਮ ਦੀ ਹੀ ਉਡੀਕ ’ਚ ਬੈਠੇ ਸਨ। ਕਿਹੋ ਜਿਹਾ ਮੋਹ ਐ ‘ਗੁਰੂ ਤੇ ਸਿੱਖ’ ਦਾ ਕਿ ਇਕ ਬੋਲ ਤੋਂ ਤਨ-ਮਨ-ਧਨ ਕੁਰਬਾਨ ਕਰਨ ਲਈ ਤਿਆਰ ਹੋ ਜਾਣਾ!

ਬਿਰਹੋਂ-ਕੁੱਠੇ ਪ੍ਰੇਮੀਆਂ ਨੇ ਮੋਹ ਦੇ ਅੱਥਰੂ ਵਗਾ ਕੇ ਕਿਹਾ ਕਿ ਸਾਨੂੰ ਕਲਗੀਧਰ ਪਿਤਾ ਜੀ ਦੇ ਕਰ-ਕਮਲਾਂ ਨਾਲ ਲਿਖੇ ਹੁਕਮਨਾਮੇ ਦੇ ਸ਼ਬਦ ਹੀ ਦਿਖਾ ਦਿਓ… ਦਰਸ਼ਨਾਂ ਦੀ ਭੁੱਖ ਤ੍ਰਿਪਤ ਹੋ ਜਾਊ… ਇਬਾਰਤ ਦੇ ਸ਼ਬਦ ਸੁਣ ਕੇ ਤੇ ਦੇਖ ਕੇ ਪਾਤਸ਼ਾਹ ਦੇ ਨਾਦੀ ਪੁੱਤ-ਪੁੱਤਰੀਆਂ ਗਦ-ਗਦ ਹੋ ਗਏ… ਬੀਰਤਾ ਨੇ ਅੰਗੜਾਈਆਂ ਭਰੀਆਂ ਅਤੇ ਖ਼ਾਲਸਾ ਫ਼ੌਜ ਨੇ ਅਕਾਲ ਦੀ ਓਟ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸੁਯੋਗ ਅਗਵਾਈ ਹੇਠ ਸਮਾਣੇ ’ਤੇ ਹਮਲਾ ਕੀਤਾ। ਜਲਾਦਾਂ ਦਾ ਪਿੰਡ ਦੇਖਦੇ ਹੀ ਦੇਖਦੇ ਤਹਿਸ-ਨਹਿਸ ਹੋ ਗਿਆ। ਨੌਵੇਂ ਪਾਤਸ਼ਾਹ ਤੇ ਛੋਟੇ ਸਾਹਿਬਜ਼ਾਦਿਆਂ ’ਤੇ ਜ਼ੁਲਮ ਢਾਹੁਣ ਵਾਲੇ ਜਲਾਦ ਬਾਬਾ ਬੰਦਾ ਸਿੰਘ ਬਹਾਦਰ ਦੇ ਚਰਨਾਂ ਵਿਚ ਢੱਠੇ ਆਪਣੀ ਜਾਨ ਦੀ ਭਿੱਖਿਆ ਮੰਗ ਰਹੇ ਸਨ। ਪਰ ਬੇਰਹਿਮ ਲੋਕਾਂ ਨੂੰ ਬਖ਼ਸ਼ਣ ਦਾ ਸਮਾਂ ਨਹੀਂ ਸੀ।

ਇਹ ਬਹਾਦਰਾਂ ਦਾ ਕਾਫ਼ਲਾ ਸਮਾਣੇ ’ਤੇ ਫ਼ਤਹਿ ਪਾ ਕੇ ਘੜਾਮ, ਸਢੌਰਾ, ਕਪੂਰੀ, ਠਸਕਾ, ਸ਼ਾਹਬਾਦ, ਮੁਸਤਫ਼ਾਬਾਦ, ਛੱਤ ਬਨੂੜ ਨੂੰ ਜਿੱਤਦਾ ਹੋਇਆ ਸਰਹਿੰਦ ਵੱਲ ਵਧਿਆ। ਸਰਹਿੰਦ ਦੇ ਬਾਹਰ ਚੱਪੜਚਿੜੀ ਦੇ ਮੈਦਾਨ ਵਿਚ ਸੂਬਾ ਸਰਹਿੰਦ ਵਜ਼ੀਰ ਖ਼ਾਨ ਦੀ ਫ਼ੌਜ ਯੁੱਧ ਕਰਨ ਲਈ ਆਈ। ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਹਰੇਕ ਸਿਪਾਹੀ ਦੀਆਂ ਅੱਖਾਂ ਅੱਗੇ ਘੁੰਮ ਗਿਆ… ਇਹ ਇੱਕ-ਇੱਕ ਦਾ ਜੋਸ਼, ਸਵਾ-ਸਵਾ ਲੱਖ ਦੇ ਬਰਾਬਰ ਦਾ ਸੀ। ਇਸੇ ਲਈ ਸਰਹਿੰਦ ਦੀ ਤਬਾਹੀ ਵਰਣਨ ਤੋਂ ਬਾਹਰੀ ਐ। ਵਜ਼ੀਰ ਖ਼ਾਨ ਨੂੰ ਹਾਥੀ ਤੋਂ ਝਪੱਟਾ ਮਾਰ ਕੇ ਸਿੱਟ ਲਿਆ ਤੇ ਘੋੜੇ ਪਿੱਛੇ ਘੜੀਸਿਆ ਜਾ ਰਿਹਾ ਉਹਦਾ ਸਹਿਕਦਾ ਸਰੀਰ ਸਿੱਖ ਯੋਧਿਆਂ ਤੋਂ ਕੀ… ਜੀਵ-ਜੰਤੂਆਂ ਤੋਂ ਵੀ ਮੁਆਫ਼ੀ ਮੰਗਦਾ ਜਾ ਰਿਹਾ ਸੀ। ਇਥੇ ਹੀ ਦੀਵਾਨ ਸੁੱਚਾ ਨੰਦ ਨੂੰ ਨੱਕ ਵਿਚ ਨੱਥ ਪਾਈ ਗਈ ਤੇ ਉਸ ਦੀ ਕਰਨੀ ਦਾ ਹਰਜਾਨਾ ਬਹੁਤ ਸਾਰੇ ਸਿਪਾਹੀਆਂ ਦੀਆਂ ਜੁੱਤੀਆਂ ਨਾਲ ਮੋੜਿਆ ਗਿਆ। ਸਰਹਿੰਦ ਉੱਤੇ ਜਿੱਤ ਦਾ ਪਰਚਮ ਲਹਿਰਾਇਆ ਗਿਆ। ਕਲਗੀਧਰ ਪਿਤਾ ਦੇ ਬੋਲ ਦੁਹਰਾਏ ਗਏ,

ਭਈ ਜੀਤ ਮੇਰੀ॥
ਕ੍ਰਿਪਾ ਕਾਲ ਕੇਰੀ॥34॥ ਬਚਿਤ੍ਰ ਨਾਟਕ, ਪਾ: 10 ਅਧਿ: 8)

ਫਿਰ ਖ਼ਾਲਸਾ ਦਰਬਾਰ ਸਜਿਆ… ਕੌਮੀ ਬਹਾਦਰਾਂ ਦਾ ਮਾਣ-ਸਨਮਾਨ ਹੋਇਆ… ਖ਼ਾਲਸੇ ਨੇ ਚੜ੍ਹਦੀ ਕਲਾ ਦੇ ਜੈਕਾਰੇ ਛੱਡੇ… ਸੱਚਮੁਚ ਕੂੜ ਨਿਖੁੱਟ ਗਿਆ ਸੀ ਤੇ ਸੱਚ ਦੀ ਫ਼ਤਹਿ ਹੋਈ। ਕੌਮੀ ਵਾਰਸ ਸਰਹਿੰਦ ਦੀ ਉਸ ਦੀਵਾਰ ਕੋਲ ਗਏ… ਅਰਦਾਸ ਕੀਤੀ… ਛੋਟੇ ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਨੂੰ ਅਨੰਦਪੁਰ ਖੇਡਦਿਆਂ ਤੱਕਿਆ ਸੀ… ਉਨ੍ਹਾਂ ਨੂੰ ਯਾਦ ਕਰ ਕੇ ਪਿਆਰ ਦੇ ਅੱਥਰੂ ਸ਼ਰਧਾ ਵਜੋਂ ਭੇਂਟ ਕੀਤੇ। ਸ਼ਰਧਾਵਾਨਾਂ ਦੀਆਂ ਮੋਹ-ਭਰੀਆਂ ਤੰਦਾਂ ਹੋਰ ਪੀਡੀਆਂ ਹੋਈਆਂ। ਸਿਦਕੀਆਂ ਦਾ ਸ੍ਵੈ-ਮਾਣ ਬੋਲਿਆ ਕਿ ਸੂਬਾ ਸਰਹਿੰਦ ਦੀ ਭਾਜੀ ਮੋੜ ਦਿੱਤੀ ਐ।

ਵਕਤ ਆਇਆ, ਖ਼ਾਲਸਾ ਰਾਜ ਦੀ ਰਾਜਧਾਨੀ ‘ਲੋਹਗੜ੍ਹ’ ਬਣੀ… ਲੋਹ ਦਾ ਗੜ੍ਹ ਜੋ ਕਦੀ ਤੋੜਿਆਂ ਨਾ ਟੁੱਟੇ… ਸਰਕਾਰੀ ਦਸਤਾਵੇਜ਼ਾਂ ਲਈ ਬਾਦਸ਼ਾਹੀ ਮੋਹਰ ਤਿਆਰ ਹੋਈ ਤੇ ਗੁਰੂ ਪਾਤਸ਼ਾਹ ਜੀ ਦੇ ਨਾਮ ਉੱਤੇ ਸਿੱਕਾ ਚੱਲਿਆ… ਖ਼ਾਲਸਾ ਰਾਜ ਦਾ ਸਿੱਕਾ… ਨਿਰਮਲ ਪੰਥ ਦੇ ਵਾਰਸਾਂ ਦੀ ਸਮਰਪਿਤ ਭਾਵਨਾ ਦਾ ਗਵਾਹ… ਪੰਜਾਬ ਵਿਚ ਥਾਂ-ਥਾਂ ਨਿਸ਼ਾਨ ਝੂਲ ਉੱਠੇ ਤੇ ਕੌਮੀ ਪ੍ਰਵਾਨਿਆਂ ਦੇ ਹਿਰਦਿਆਂ ’ਚੋਂ ਆਵਾਜ਼ਾਂ ਆਈਆਂ, ‘ਪੰਥ ਮੇਰੇ ਦੀਆਂ ਗੂੰਜਾਂ ਜੁੱਗੋ-ਜੁੱਗ ਪੈਂਦੀਆਂ ਰਹਿਣਗੀਆਂ’। ਪੰਥ ਦੀਆਂ ਐਸੀਆਂ ਗੂੰਜਾਂ ਪਈਆਂ ਕਿ ਜਿਸ ਧਰਤੀ ਦੇ ਚੱਪੇ-ਚੱਪੇ ’ਤੇ ਜਾਬਰਾਂ ਦੀਆਂ ਧਾੜਾਂ ਨੇ ਲੋਕਾਈ ਦਾ ਜੀਣਾ ਦੁੱਭਰ ਕੀਤਾ ਸੀ ਉਥੇ ਖ਼ਾਲਸਾ ਰਾਜ ਦੇ ਝੂਲਦੇ ਝੰਡੇ, ਸਵਾਲੀਆ ਚਿੰਨ੍ਹ ਬਣ ਕੇ ਜਰਵਾਣਿਆਂ ਨੂੰ ਵੰਗਾਰ ਰਹੇ ਸਨ।

ਖ਼ਾਲਸਾ ਰਾਜ ਦਾ ਜਲਵਾ ਨਿਰਾਲਾ ਸੀ। ਬੇਜ਼ਮੀਨਿਆਂ ਨੂੰ ਪਹਿਲੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਜ਼ਮੀਨਾਂ ਦੀ ਮਾਲਕੀ ਮਿਲੀ। ਮਾਲਕੀ ਪ੍ਰਾਪਤ ਕਰਨ ਵਾਲੇ ਸਭ ਧਰਮਾਂ ਦੇ ਲੋਕ ਸਨ। ਉਹਦੀ ਫ਼ੌਜ ਵਿਚ ਵੀ ਸਭਨਾਂ ਨੂੰ ਸਤਿਕਾਰ ਮਿਲਿਆ। ਲੋਹਗੜ੍ਹ ਦੀ ਰਾਜਧਾਨੀ ’ਤੇ ਦੁਸ਼ਮਣਾਂ ਧਾਵਾ ਬੋਲ ਕੇ ਵੇਖਿਆ ਪਰ ਅਸਫਲ ਰਹੇ। ਗੁਰੀਲਾ ਯੁੱਧ ਦੇ ਮਾਹਰ, ਗੁਰੂ ਦੇ ਸ਼ੇਰ ਜੂਝਦੇ-ਝਪਟਦੇ ਕਿਸੇ ਦੇ ਹੱਥ ਨਾ ਆਏ… ਉਨ੍ਹਾਂ ਕੋਲ ਨਾਹਰਾ ਸੀ, ‘ਜੋ ਲੇਇ ਹੈਂ ਨਿਜ ਬਲ ਸੇ ਲੇ ਹੈਂ’.

ਆਖ਼ਰ ਵਕਤ ਨੇ ਕਰਵਟ ਲਈ। ਮੁਗ਼ਲ ਸਲਤਨਤ ਦਾ ਵਾਰਸ ਫ਼ਰੁਖ਼ਸੀਅਰ ਬਣਿਆ ਜੋ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਿੱਧੀ ਟੱਕਰ ਲੈਣ ਦੇ ਰੌਂਅ ਵਿਚ ਸੀ। ਬੜੀ ਵੱਡੀ ਪੱਧਰ ’ਤੇ ਅਬਦੁੱਸ ਸਮੱਦ ਖਾਂ ਨੇ ਗੁਰਦਾਸ ਨੰਗਲ ਦੀ ਗੜ੍ਹੀ ਨੂੰ ਘੇਰਾ ਪਾਇਆ। ਇਤਿਹਾਸ ਕਹਿੰਦਾ ਹੈ ਕਿ ਅੱਠ ਮਹੀਨੇ ਲੰਬਾ ਘੇਰਾ ਪਿਆ ਰਿਹਾ।

…ਲੰਮੇ ਘੇਰੇ ਵਿਚ ਫ਼ੌਜਾਂ ਦੀਆਂ ਰਸਦਾਂ ਮੁੱਕ ਗਈਆਂ. ਖਾਣ ਲਈ ਆਟਾ-ਦਾਣਾ ਤਾਂ ਕੀ, ਰੁੱਖਾਂ ਦੇ ਪੱਤੇ ਵੀ ਨਾ ਰਹੇ। ‘ਮੌਤੋਂ ਭੁੱਖ ਬੁਰੀ’… ਬਾਹਰੋਂ ਕੋਈ ਆਸਰਾ ਨਾ ਮਿਲਿਆ। ਕਈ ਤਰ੍ਹਾਂ ਦੀਆਂ ਬੀਮਾਰੀਆਂ ਤੇ ਅਲਾਮਤਾਂ ਨੇ ਯੋਧਿਆਂ ਦੇ ਸਰੀਰ ਨਿਢਾਲ ਕਰ ਦਿੱਤੇ।

ਮੁਕਾਬਲਾ ਕੀਤਾ… ਸ਼ਹੀਦੀਆਂ ਪਾਈਆਂ…ਪਰ ਅੱਠ ਸੌ ਦੇ ਕਰੀਬ ਸਿੱਖ ਸਿਪਾਹੀ, ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥ ਮੁਗ਼ਲਈ ਘੇਰੇ ਵਿਚ ਫਸੇ ਅੰਤ ਗ੍ਰਿਫ਼ਤਾਰ ਕਰ ਲਏ ਗਏ। ਮੁਗ਼ਲ ਫੌਜਾਂ ਦੀ ਗਿਣਤੀ ਏਨੀ ਸੀ ਕਿ ਇਕ-ਇਕ ਸਿੰਘ ਉੱਤੇ ਬੇਗਿਣਤ ਟਿੱਡੀ ਦਲ ਝਪਟ ਪਿਆ। ਹੁਣ ਇਕ ਦਿਲ-ਕੰਬਾਊ ਸਮੇਂ ਦੀ ਸ਼ੁਰੂਆਤ ਹੋਈ।

ਸ਼ਹੀਦ ਹੋਏ ਸਿੰਘਾਂ ਦੇ ਸੀਸ ਨੇਜ਼ਿਆਂ ਉੱਤੇ ਟੰਗੇ ਹੋਏ ਸਨ। ਪਿੱਛੇ ਪਿੰਜਰੇ ’ਚ ਬੰਦ, ਸੰਗਲਾਂ ’ਚ ਜਕੜਿਆ, ਹਾਥੀ ਉੱਤੇ ਬਿਠਾਇਆ ਬਾਬਾ ਬੰਦਾ ਸਿੰਘ ਬਹਾਦਰ, ਗੱਡਿਆਂ ਉੱਤੇ ਨਰੜ ਕੇ ਲੱਦੇ ਸਿੱਖ ਸਿਪਾਹੀ, ਬਾਬਾ ਜੀ ਦੀ ਧਰਮ ਪਤਨੀ ਰਤਨ ਕੌਰ ਤੇ ਪੁੱਤਰ ਅਜੈ ਸਿੰਘ ਵੀ ਨਾਲ ਦੁਸ਼ਮਣ ਦੀ ਕੈਦ ਵਿਚ ਐ…।ਇਸ ਭੁੱਖੀ ਤੇ ਤ੍ਰਿਹਾਈ ਵਹੀਰ ਨੂੰ ਪਹਿਲਾਂ ਲਾਹੌਰ ਲਿਜਾਇਆ ਗਿਆ ਤੇ ਫਿਰ ਦਿੱਲੀ…। ਖਾਣ ਨੂੰ ਕਿਸੇ ਨੂੰ ਕੀ ਦੇਣਾ ਸੀ, ਸਿਰਫ਼ ਬੇਹੋਸ਼ੀ ਦੀ ਹਾਲਤ ਵਿਚ ਦੋ ਘੁੱਟਾਂ ਲੂਣ ਵਾਲਾ ਪਾਣੀ ਦੇ ਦਿੱਤਾ ਜਾਂਦਾ ਸੀ।


ਇਕ ਸਮਾਂ ਆਇਆ ਕਿ ਫਰੁਖ਼ਸੀਅਰ ਦਾ ਹੰਕਾਰ ਬੋਲਿਆ, ‘ਦੱਸ ਬੰਦਿਆ! ਤੈਨੂੰ ਕਿਹੜੀ ਮੌਤ ਮਾਰਾਂ?’

 ‘ਮੌਤ ਅਕਾਲ ਦੀ ਬਖ਼ਸ਼ਿਸ਼ ਐ ਤੇ ਤੂੰ ਵੀ ਮੌਤ ਤੋਂ ਮੁਕਤ ਨਹੀਂ ਏਂ,’ ਬਾਬਾ ਜੀ ਦਾ ਉੱਤਰ ਹੰਕਾਰੀ ਨੂੰ ਨਿਰ-ਉੱਤਰ ਕਰ ਗਿਆ।

…ਹੁਣ ਸੌ-ਸੌ ਸਿੰਘ ਰੋਜ਼ ਕਤਲ ਹੋਣ ਲੱਗਾ ਪਰ ਕੋਈ ਵੀ ਆਪਣੇ ਸਿਦਕੋਂ ਨਾ ਡੋਲਿਆ…। ਇਕ ਬੱਚੇ ਦੀ ਮਾਂ ਨੇ ਪਹੁੰਚ ਕਰ ਲਈ, ਝੂਠ ਵੀ ਬੋਲਿਆ ਕਿ ਮੇਰਾ ਪੁੱਤਰ ਸਿੱਖ ਨਹੀਂ, ਪਰ ਉਹ ਸਿਦਕੀ ਨੌਜਵਾਨ ਪੁਕਾਰ ਉੱਠਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ, ਮੇਰੀ ਮਾਂ ਝੂਠ ਬੋਲਦੀ ਐ, ਮੈਂ ਇਹਦਾ ਪੁੱਤ ਈ ਨਹੀਂ। ਇਹ ਉੱਤਰ ਕੌਮੀ ਵਾਰਸਾਂ ਨੂੰ ਸਦਾ ਪ੍ਰੇਰ ਰਿਹਾ ਹੈ ਕਿ ਧਰਮ ਤੇ ਸਿਦਕ ਪ੍ਰਾਣਾਂ ਤੋਂ ਵੀ ਪਿਆਰਾ ਹੁੰਦਾ ਐ।

…ਫਿਰ ਉਸ ਬਹਾਦਰ ਜਰਨੈਲ ਦੀ ਵਾਰੀ ਆਈ… ਇਹ ਅਕਹਿ ਤੇ ਅਸਹਿ ਤਸੀਹਿਆਂ ਦੀ ਦਾਸਤਾਂ ਹੈ… ਜ਼ਾਲਮਾਂ ਨੇ ਉਹਦੇ ਮਾਸੂਮ ਪੁੱਤਰ ਅਜੈ ਸਿੰਘ ਨੂੰ ਗੋਦ ਵਿਚ ਬਿਠਾ ਕੇ ਕਿਹਾ ਕਿ ‘ਇਸ ਦਾ ਕਤਲ ਕਰ…’

ਬਾਬਾ ਬੰਦਾ ਸਿੰਘ ਬਹਾਦਰ ਨੇ ਫ਼ੁਰਮਾਇਆ, “ਇਹ ਤਾਂ ਮੇਰੇ ਜਿਗਰ ਦਾ ਟੁਕੜਾ ਏ, ਪਰ ਜੇਕਰ ਇਸ ਦੀ ਜਗ੍ਹਾ ਤੁਹਾਡਾ ਪੁੱਤਰ ਹੁੰਦਾ, ਤਾਂ ਵੀ ਮੈਂ ਉਸ ਮਾਸੂਮ ਉੱਤੇ ਵਾਰ ਨਾ ਕਰਦਾ।”

ਦੁਸ਼ਮਣ ਦੰਗ ਰਹਿ ਗਿਆ… ਪਰ ਬਾਤ ਕਰੇ ਅਨਹੋਣੀ… ਅਜੈ ਸਿੰਘ ਦਾ ਕਤਲ ਪਿਤਾ ਦੀਆਂ ਅੱਖਾਂ ਸਾਹਵੇਂ ਕੀਤਾ… ਕਦੀ ਹਿਰਨੀ ਦੇ ਬੱਚੇ ਤੜਫਦੇ ਵੇਖ ਕੇ ਸਹਾਰੇ ਨਹੀਂ ਸੀ ਗਏ ਪਰ ਅੱਜ ਆਪਣੇ ਪੁੱਤਰ ਦਾ ਕਤਲ ਅੱਖਾਂ ਸਾਹਮਣੇ ਹੋ ਰਿਹਾ… ਮਾਸੂਮ ਪੁੱਤਰ ਦੀਆਂ ਤੋਤਲੀਆਂ ਪੁਕਾਰਾਂ ਤੇ ਦਰਦਮਈ ਅਜਰ ਬੋਲਾਂ ਨੂੰ ਉਹਨੇ ਦਸਮ ਪਿਤਾ ਦੇ ਚਰਨਾਂ ਦਾ ਧਿਆਨ ਧਰ ਕੇ, ਗੁਰਬਾਣੀ ਦੀ ਓਟ ਲੈ ਕੇ ਜਰ ਲਿਆ। ਬਾਬਾ ਬੰਦਾ ਸਿੰਘ ਬਹਾਦਰ ਦਾ ਜੰਮੂਰਾਂ ਨਾਲ ਮਾਸ ਨੋਚਿਆ ਗਿਆ। ਜ਼ਾਲਮਾਂ ਨੇ ਉਹਦਾ ਅੰਗ-ਅੰਗ ਕਤਲ ਕੀਤਾ… ਸਿਰਫ਼ ਕਤਲ ਨਾ ਹੋ ਸਕਿਆ ਉਹਦਾ ‘ਸਿੱਖੀ ਸਿਦਕ’ ਜੋ ਮੌਤ ਦੇ ਡਰ ਅੱਗੇ ਨਾ ਡੋਲਿਆ ਤੇ ਨਾ ਹੁਕਮਰਾਨਾਂ ਦੀਆਂ ਧਮਕੀਆਂ ਅੱਗੇ ਝੁਕਿਆ…। ਉਹ ਜਿਸ ਸ੍ਵੈ-ਮਾਣ ਨਾਲ ਪੰਜਾਬ ਵੱਲ ਵਧਿਆ ਸੀ, ਉਸੇ ਸ੍ਵੈ-ਮਾਣ ਨਾਲ ਇਸ ਲੋਕ ਤੋਂ ਪ੍ਰਲੋਕ ਵੱਲ ਜਾ ਰਿਹਾ ਸੀ… ਉਹਨੂੰ ਆਪਣੇ ਕੀਤੇ ਕਾਰਜਾਂ ’ਤੇ ਫ਼ਖ਼ਰ ਸੀ। ਦਸਮੇਸ਼ ਪਿਤਾ ਜੀ ਦੇ ਚਰਨਾਂ ’ਤੇ ਬਹਿ ਕੇ ਜੋ ਉਹਨੇ ਚਿਤਵਿਆ ਸੀ, ਉਹ ਪੂਰਾ ਕੀਤਾ… ਜਾਬਰਾਂ ਤੇ ਜ਼ਾਲਮਾਂ ਦਾ ਵਿਨਾਸ਼ ਕਰ ਕੇ ਇਕ ਵਾਰ ਉਸ ਨੇ ਖ਼ਾਲਸਾ ਰਾਜ ਕਾਇਮ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ-ਇਤਿਹਾਸ ਇਕ ਪੈਗ਼ਾਮ ਤੇ ਇਕ ਪ੍ਰੇਰਨਾ ਹੈ ਕੌਮੀ ਵਾਰਸਾਂ ਲਈ ਕਿ ਉਹ ਵੀ ਬੰਦਿਆਂ ਦੇ ਬੰਦੇ ਨਾ ਬਣਨ ਸਗੋਂ ਗੁਰੂ ਦੇ ਬੰਦੇ ਬਣਨ ਕਿਉਂ ਜੋ ਗੁਰੂ ਦੇ ਬੰਦੇ ਬਣਨਾ ਹੀ ਸਿੱਖ ਦੇ ਜੀਵਨ ਦਾ ਲਕਸ਼ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Inderjit Singh Gogoani

ਇੰਦਰਜੀਤ ਸਿੰਘ ਗੋਗੋਆਣੀ ਸਿੱਖ ਪੰਥ ਦੇ ਪ੍ਰਮੁੱਖ ਵਿਦਵਾਨ ਲੇਖਕਾਂ ਦੀ ਲੜੀ ਵਿੱਚ ਆਉਂਦੇ ਹਨ। ਆਪ ਨੇ ਸਿੱਖੀ ਤੇ ਸਿੱਖ ਇਤਿਹਾਸ ਨਾਲ ਸੰਬੰਧਤ ਅਨੇਕਾਂ ਪੁਸਤਕਾਂ ਦੇ ਨਾਲ-ਨਾਲ ਗੁਰਮਤਿ ਸਿਧਾਂਤ ਨਾਲ ਸੰਬੰਧਤ ਤੇ ਹੋਰ ਖੋਜ-ਭਰਪੂਰ ਲੇਖ ਸਿੱਖ ਪੰਥ ਦੀ ਝੋਲੀ ਪਾਉਂਦੇ ਆ ਰਹੇ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)