editor@sikharchives.org
Guru Teg Bahadur ji

ਹਿੰਦੁਸਤਾਨ ਦੇ ਰੱਖਿਅਕ ਸਿੱਖ ਗੁਰੂ ਸਾਹਿਬਾਨ

ਗੁਰੂ ਸਾਹਿਬਾਨ ਦਾ ਲੋਕਾਂ ਨੂੰ ਇਕ ਸਿੱਧਾ-ਸਾਦਾ, ਸੱਚਾ-ਸੁੱਚਾ, ਹੱਥੀਂ ਕਿਰਤ ਕਰਨ, ਵੰਡ ਛਕਣ, ਨਾਮ ਜਪਣ ਵਾਲੀ ਨੇਕ ਜ਼ਿੰਦਗੀ ਬਿਤਾਉਣ ਦਾ ਮਾਰਗ-ਦਰਸ਼ਨ ਕਰਨ ਤੋਂ ਬਿਨਾਂ ਮਨੁੱਖੀ ਅਧਿਕਾਰਾਂ, ਧਰਮ ਤੇ ਗ਼ਰੀਬ ਦੀ ਰਖਿਆ, ਜ਼ੁਲਮ-ਤਸ਼ੱਦਦ ਤੇ ਅਨਿਆਂ ਵਿਰੁੱਧ ਲੜਨ ਦਾ ਇੰਨਾ ਅਹਿਮ ਯੋਗਦਾਨ ਹੈ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰੂ ਸਾਹਿਬਾਨ ‘ਜਗਤ ਜਲੰਦੇ’ ਨੂੰ ਤਾਰਨ ਲਈ ਅਵਤਾਰ ਨਾ ਧਾਰਦੇ ਤਾਂ ਹਿੰਦੁਸਤਾਨ ਦਾ ਭੂਗੋਲਿਕ, ਇਤਿਹਾਸਿਕ, ਸਮਾਜਿਕ ਤੇ ਸਭਿਆਚਾਰਕ ਨਕਸ਼ਾ ਹੋਰ ਹੋਣਾ ਸੀ। ਭਾਰਤ ਹੀ ਕਿਉਂ ਇਸ ਭਾਰਤੀ ਉਪ-ਮਹਾਂਦੀਪ ਜਿਸ ਵਿਚ ਪਾਕਿਸਤਾਨ ਅਤੇ ਬੰਗਲਾ ਦੇਸ਼ ਵੀ ਸ਼ਾਮਿਲ ਹਨ, ਵੀ ਸ਼ਾਇਦ ਨਾ ਹੁੰਦੇ। ਗੁਰੂ ਸਾਹਿਬਾਨ ਦਾ ਲੋਕਾਂ ਨੂੰ ਇਕ ਸਿੱਧਾ-ਸਾਦਾ, ਸੱਚਾ-ਸੁੱਚਾ, ਹੱਥੀਂ ਕਿਰਤ ਕਰਨ, ਵੰਡ ਛਕਣ, ਨਾਮ ਜਪਣ ਵਾਲੀ ਨੇਕ ਜ਼ਿੰਦਗੀ ਬਿਤਾਉਣ ਦਾ ਮਾਰਗ-ਦਰਸ਼ਨ ਕਰਨ ਤੋਂ ਬਿਨਾਂ ਮਨੁੱਖੀ ਅਧਿਕਾਰਾਂ, ਧਰਮ ਤੇ ਗ਼ਰੀਬ ਦੀ ਰਖਿਆ, ਜ਼ੁਲਮ-ਤਸ਼ੱਦਦ ਤੇ ਅਨਿਆਂ ਵਿਰੁੱਧ ਲੜਨ ਦਾ ਇੰਨਾ ਅਹਿਮ ਯੋਗਦਾਨ ਹੈ ਅਤੇ ਇੰਨੀਆਂ ਕੁਰਬਾਨੀਆਂ ਕੀਤੀਆਂ ਹਨ ਕਿ ਦੇਸ਼-ਵਾਸੀ ਕਦੀ ਇਸ ਦਾ ਅਹਿਸਾਨ ਨਹੀਂ ਚੁਕਾ ਸਕਦੇ।

ਗੁਰੂ ਸਾਹਿਬਾਨ ਦੇ ਸਮੇਂ ਦੇ ਹਿੰਦੁਸਤਾਨ ਦੀ ਸਥਿਤੀ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਇਕ ਆਰੀਆ ਸਮਾਜੀ ਵਿਦਵਾਨ ਲਾਲਾ ਦੌਲਤ ਰਾਏ ਦੀ ਖੋਜ-ਭਰਪੂਰ ਲਿਖਤ “ਸਾਹਿਬੇ-ਕਮਾਲ ਗੁਰੂ ਗੋਬਿੰਦ ਸਿੰਘ ਜੀ” ਦੇ ਹਵਾਲੇ ਨਾਲ ਗੱਲ ਕਰਨੀ ਯੋਗ ਪ੍ਰਤੀਤ ਹੁੰਦੀ ਹੈ। ਸਿੱਖ ਧਰਮ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਸਮੇਂ ਰੱਖੀ। ਬਾਬਰ ਦੇ ਹਿੰਦੁਸਤਾਨ ਉਤੇ ਹਮਲੇ ਤੋਂ ਲੱਗਭਗ 350 ਵਰ੍ਹੇ ਪਹਿਲਾਂ ਹੀ ਹਿੰਦੁਸਤਾਨ ਦੇ ਬਹੁਤ ਸਾਰੇ ਇਲਾਕੇ ਇਸਲਾਮੀ ਹਕੂਮਤ ਅਧੀਨ ਆ ਚੁਕੇ ਸਨ। ਮੁਸਲਮਾਨਾਂ ਨੂੰ ਕਿਹੜੀਆਂ ਗੱਲਾਂ ਨੇ ਸੋਨੇ ਦੀ ਚਿੜੀ ਕਹੇ ਜਾਣ ਵਾਲੇ ਹਿੰਦੁਸਤਾਨ ਵਿਚ ਆਉਣ ਲਈ ਪ੍ਰੇਰਿਆ, ਦਾ ਜ਼ਿਕਰ ਕਰਦਿਆਂ ਉਹ ਜਾਤ-ਪਾਤ ਤੇ ਊਚ-ਨੀਚ ਦੇ ਵਖਰੇਵੇਂ, ਭਰਮ, ਵਹਿਮ, ਇਖ਼ਲਾਕੀ ਕਦਰਾਂ-ਕੀਮਤਾਂ ਵਿਚ ਆਏ ਨਿਘਾਰ ਆਦਿ ਬਾਰੇ ਲਿਖਦੇ ਹਨ: “ਮੰਨੂੰ ਤੇ ਮਹਾਂਭਾਰਤ ਦੇ ਜ਼ਮਾਨੇ ਪਿੱਛੋਂ ਹਿੰਦੂ ਧਰਮ ਵਿਚ ਭਾਰੀ ਤਬਦੀਲੀ ਆਈ। ਹਿੰਦੂ ਕੌਮ ਦੀ ਏਕਤਾ ਨਾ ਰਹੀ। ਉਨ੍ਹਾਂ ਦਾ ਕੌਮੀ ਤਾਣਾ-ਬਾਣਾ ਲੀਰੋ-ਲੀਰ ਹੋ ਗਿਆ। ਕੌਮੀ ਮਾਲਾ ਦੇ ਮਣਕੇ ਖੇਰੂੰ-ਖੇਰੂੰ ਹੋ ਗਏ। ਜ਼ਾਤੀ ਭੇਦ ਤੇ ਵਿਤਕਰਾ ਇਤਨਾ ਵਧਿਆ ਕਿ ਹਰੇਕ ਫ਼ਿਰਕਾ ਨਾ ਕੇਵਲ ਇਕ ਦੂਜੇ ਤੋਂ ਅੱਡ ਹੋ ਕੇ ਢਾਈ ਚੌਲਾਂ ਦੀ ਖਿਚੜੀ ਵੱਖ-ਵੱਖ ਪਕਾਉਣ ਲੱਗਾ ਸਗੋਂ ਇਕ ਦੂਜੇ ਦੇ ਵਿਰੋਧੀ ਹੋ ਕੇ ਆਪਸ ਵਿਚ ਖਹਿਣ ਤੇ ਇਕ ਦੂਜੇ ਨੂੰ ਉਜਾੜਨ ਲੱਗ ਪਏ।” “ਇਸਲਾਮ ਦੇ ਮੁੱਢਲੇ ਜੇਤੂਆਂ ਨੇ ਮਜ਼ਹਬੀ ਜੋਸ਼ ਵਿਚ ਬੜੇ ਜ਼ੁਲਮ ਕੀਤੇ।

ਬੜੀਆਂ ਬੇਸ਼ਰਮ ਤੇ ਸਭਿਅਤਾਹੀਣ ਵਧੀਕੀਆਂ ਕੀਤੀਆਂ। ਉਨ੍ਹਾਂ ਹਿੰਦੋਸਤਾਨੀਆਂ ਦਾ ਕੇਵਲ ਧਨ-ਦੌਲਤ ਤੇ ਗਹਿਣਾ-ਗੱਟਾ ਹੀ ਨਹੀਂ ਲੁੱਟਿਆ, ਸਗੋਂ ਉਨ੍ਹਾਂ ਦੇ ਘਰ ਤੇ ਮਹੱਲੇ ਸਾੜ-ਫੂਕ ਕੇ ਸੁਆਹ ਕਰ ਦਿੱਤੇ। ਅਣਗਿਣਤ ਨਰ-ਨਾਰੀ, ਬੱਚੇ, ਜੁਆਨ ਤੇ ਬੁੱਢੇ ਕਤਲ ਕੀਤੇ। ਅਨੇਕਾਂ ਔਰਤਾਂ ਨੂੰ ਗ਼ੁਲਾਮ ਬਣਾਇਆ ਤੇ ਗ਼ਜ਼ਨੀ ਦੇ ਬਾਜ਼ਾਰਾਂ ਵਿਚ ਲਿਜਾ ਕੇ ਕੇਵਲ ਦੋ-ਦੋ ਦੀਨਾਰ ਤੋਂ ਨਿਲਾਮ ਕੀਤਾ ਤੇ ਵੇਚਿਆ। ਔਰਤਾਂ ਖੋਹ ਕੇ, ਉਨ੍ਹਾਂ ਨਾਲ ਨਿਕਾਹ ਪੜ੍ਹਾ ਕੇ ਆਪਣੇ ਮਹਿਲਾਂ ਦੀ ਰੌਣਕ ਵਧਾਈ।” ਜਿਹੜਾ ਵੀ ਮੁਸਲਮਾਨਾਂ ਦਾ ਫ਼ਿਰਕਾ ਜਾਂ ਖ਼ਾਨਦਾਨ ਇਕ ਦੂਜੇ ਦੇ ਮਗਰੋਂ ਆਇਆ, ਸਾਰਿਆਂ ਨੇ ਹੀ ਇਹੋ ਜਿਹਾ ਵਿਤਕਰੇ ਤੇ ਜ਼ੁਲਮ-ਭਰਿਆ ਸਲੂਕ ਜਾਰੀ ਰੱਖਿਆ।ਇਹੋ ਜਿਹੇ ਹਾਲਾਤ ਵਿਚ ਇਹ ਕੁਦਰਤੀ ਗੱਲ ਸੀ ਕਿ ਜੇਤੂਆਂ ਤੇ ਹਾਰਿਆਂ ਹੋਇਆਂ ਵਿਚ ਘਿਰਣਾ ਵਧੇ।

ਮਹਿਮੂਦ ਨੇ ਭਾਰਤ ਨੂੰ ਲੁੱਟਿਆ। ਇਸ ਤੋਂ ਪਹਿਲਾਂ ਮੁਹੰਮਦ ਕਾਸਿਮ ਨੇ ਉੱਕਾ ਹੀ ਬਰਬਾਦ ਕਰ ਕੇ ਰਾਜਾ ਦਾਹਿਰ ਵਾਲੀਏ ਸਿੰਧ ਦੀਆਂ ਦੋ ਧੀਆਂ ਅਤੇ ਹੋਰ ਅਨੇਕਾਂ ਇਸਤਰੀਆਂ ਨੂੰ ਕੈਦ ਕਰ ਕੇ ਬਗ਼ਦਾਦ ਵਿਚ, ਜਿੱਥੋਂ ਦਾ ਉਹ ਆਪ ਰਹਿਣ ਵਾਲਾ ਸੀ, ਖ਼ਲੀਫ਼ੇ ਦੇ ਮਹਿਲਾਂ ਵਿਚ ਦਾਖ਼ਲ ਕੀਤਾ।

ਕੁਤਬਦੀਨ ਨੇ ਮੇਰਠ ਵਿਚ ਮਸਜਦਾਂ ਉਸਾਰੀਆਂ। ਜਿਸ ਨੇ ਵੀ ਇਸਲਾਮ ਕਬੂਲ ਕਰਨ ਤੋਂ ਇਨਕਾਰ ਕੀਤਾ, ਉਸ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ।

‘ਅਮੀਰ ਖ਼ੁਸਰੋ ਦੀ ਤਾਰੀਖ਼’ ਦੇ ਪੰਨਾ 9 ਦੇ ਹਵਾਲੇ ਅਨੁਸਾਰ, “ਫ਼ੀਰੋਜ਼ ਸ਼ਾਹ ਨੇ ਦੱਖਣ ਦੀ ਫ਼ਤਹਿ ਸਮੇਂ ਅਣਗਿਣਤ ਬੁੱਤ ਉਧਰੋਂ ਲਿਆ ਕੇ ਕਿਲ੍ਹੇ ਦੇ ਦਰਵਾਜ਼ੇ ’ਤੇ ਸੁਟਵਾ ਦਿੱਤੇ ਤੇ ਚਿਰਾਂ ਤਕ ਲਹੂ ਨਾਲ ਉਨ੍ਹਾਂ ਬੁੱਤਾਂ ਦਾ ਇਸ਼ਨਾਨ ਕਰਵਾਉਂਦਾ ਰਿਹਾ। ਦੋ ਵਾਰ ਮਾਲਵੇ ਦੇ ਦੇਸ ਨੂੰ ਇੰਜ ਲੁੱਟਿਆ ਕਿ ਉਥੋਂ ਦੀ ਵੱਸੋਂ ਰੋਟੀ ਤੋਂ ਵੀ ਆਤੁਰ ਹੋ ਗਈ।”

‘ਤਾਰੀਖ਼-ਫ਼ਰਿਸ਼ਤਾ’ ਅਨੁਸਾਰ, “ਫ਼ੀਰੋਜ਼ ਸ਼ਾਹ ਨੇ ਜਦੋਂ ਨਗਰਕੋਟ ਕਾਂਗੜਾ ਫ਼ਤਹਿ ਕੀਤਾ ਤਾਂ ਉਸ ਨੇ ਹਿੰਦੋਸਤਾਨੀਆਂ ਨੂੰ ਲੁੱਟ ਕੇ ਬੁੱਤਾਂ ਨੂੰ ਤੋੜ ਦਿੱਤਾ।”

ਗਿਆਸਦੀਨ ਨੇ ਰਾਣਾ ਮੱਲ ਭੱਟੀ ਦੀ ਧੀ ਨਾਲ ਨਿਕਾਹ ਪੜ੍ਹਾ ਕੇ ਆਪਣੇ ਹਰਮ ਵਿਚ ਸ਼ਾਮਲ ਕੀਤਾ। ਉਸ ਦੀ ਕੁੱਖ ’ਚੋਂ ਹੀ ਫ਼ੀਰੋਜ਼ ਸ਼ਾਹ ਪੈਦਾ ਹੋਇਆ ਸੀ। ਇਸੇ ਬਾਦਸ਼ਾਹ ਦੇ ਕਹਿਰ ਤੋਂ ਬਚਣ ਲਈ ਜੈਸਲਮੇਰ ਵਿਚ 8 ਹਜ਼ਾਰ ਤੇ ਬਠਿੰਡੇ ਵਿਚ 24 ਹਜ਼ਾਰ ਇਸਤਰੀਆਂ ਆਪਣੀ ਪੱਤ ਬਚਾਉਣ ਲਈ ਜਿਊਂਦੀਆਂ ਹੀ ਸੜ ਮਰੀਆਂ ਸਨ।

ਅਮੀਰ ਅਬਦੁੱਲਾ ਖ਼ਾਂ ਦੇ ਤਜ਼ਕਰੇ ਅਤੇ ਅਲਮਸਮੱਦ ਦੇ ਤਜ਼ਕਰੇ ਦੇ ਹਵਾਲੇ ਅਨੁਸਾਰ, “ਅਲਾਉਦੀਨ ਖਿਲਜੀ ਨੇ ਕਮਬਾਤ ਦੇ ਆਲੇ-ਦੁਆਲੇ ਦੇ ਇਲਾਕੇ ਵਿਚ ਇਤਨੇ ਕਤਲ ਕੀਤੇ ਕਿ ਲਹੂ ਦੀਆਂ ਨਹਿਰਾਂ ਵਗਾ ਦਿੱਤੀਆਂ। ਅਨੇਕਾਂ ਬੱਚਿਆਂ ਤੇ ਵੀਹ ਹਜ਼ਾਰ ਸੁੰਦਰੀਆਂ ਨੂੰ ਗ਼ੁਲਾਮ ਬਣਾ ਕੇ ਆਪਣੇ ਦੇਸ਼ ਭੇਜਿਆ। ਉਸ ਨੇ ਦੌਲਤਾਬਾਦ ਸ਼ਹਿਰ ਨੂੰ ਤਾਂ ਅਜਿਹਾ ਬਰਬਾਦ ਕੀਤਾ ਕਿ ਉਥੇ ਕੋਈ ਕੁੱਤਾ ਜਾਂ ਬਿੱਲੀ ਤਕ ਵੀ ਨਾ ਬਚੇ। ਅੰਨ੍ਹਿਆਂ ਨੂੰ ਉਸ ਨੇ ਘੋੜਿਆਂ ਦੀਆਂ ਪੂਛਾਂ ਨਾਲ ਬੰਨ੍ਹ ਕੇ ਮਰਵਾਇਆ।”

ਅਮੀਰ ਖ਼ੁਸਰੋ ਅਨੁਸਾਰ, “ਜਲਾਲੁਦੀਨ ਖਿਲਜੀ ਨੇ ਸਾਰੇ ਮਾਲਵੇ ਤੇ ਗੁਜਰਾਤ ਦੇ ਇਲਾਕੇ ਨੂੰ ਇਥੋਂ ਤਕ ਲੁੱਟਿਆ ਕਿ ਉਥੋਂ ਦੀ ਵਸੋਂ ਪਾਸ ਨੰਗੇਜ਼ ਢੱਕਣ ਵਾਲੇ ਕੱਪੜੇ ਤੇ ਮਿੱਟੀ ਦੇ ਭਾਂਡਿਆਂ ਤੋਂ ਬਿਨਾਂ ਕੁਝ ਵੀ ਨਾ ਰਿਹਾ। 20 ਹਜ਼ਾਰ ਬੱਚੇ, ਤੀਵੀਆਂ, ਮਰਦ ਤੇ ਸੁੰਦਰੀਆਂ ਉਸ ਨੇ ਆਪਣੇ ਸੈਨਿਕਾਂ ਵਿਚ ਇਨਾਮ ਵਜੋਂ ਵੰਡੀਆਂ।”

 ‘ਤੁਜ਼ਕਿ ਬਾਬਰੀ’ ਵਿਚ ਸਾਫ਼ ਲਿਖਿਆ ਹੈ ਕਿ “ਜੋ ਵੀ ਹਿੰਦੋਸਤਾਨੀ ਲੜਾਈ ਵਿਚ ਫੜੇ ਜਾਂਦੇ ਸਨ, ਬਾਦਸ਼ਾਹ ਦੇ ਸਾਹਮਣੇ ਲਿਆ ਕੇ ਕਤਲ ਕਰ ਦਿੱਤੇ ਜਾਂਦੇ ਸਨ।”

‘ਤਾਰੀਖ਼ ਮੀਰ ਮਾਸੂਮ’ ਦੇ ਹਵਾਲੇ ਅਨੁਸਾਰ, “ਇਸਲਾਮ ਦੇ ਜੇਤੂਆਂ ਨੇ ਸ਼ੁਰੂ ਵਿਚ ਹੀ ਇਹ ਹੁਕਮ ਜਾਰੀ ਕਰ ਦਿੱਤਾ ਸੀ ਕਿ ਕੋਈ ਗ਼ੈਰ -ਮੁਸਲਿਮ ਚੰਗਾ ਕੱਪੜਾ ਨਾ ਪਾਵੇ, ਚੰਗਾ ਭੋਜਨ ਨਾ ਖਾਵੇ, ਘੋੜੇ ਦੀ ਸਵਾਰੀ ਨਾ ਕਰੇ। ਉਨ੍ਹਾਂ ਨੂੰ ਦਸਤਾਰ ਸਜਾਉਣ ਦੀ ਮਨਾਹੀ ਸੀ ਖ਼ਾਸ ਕਰ ਕੇ ਸਫੈਦ। ਜੇ ਕਿਤੇ ਬੰਨ੍ਹਣੀ ਵੀ ਹੋਵੇ ਤਾਂ ਸਿਰਫ਼ ਲਾਲ ਰੰਗ ਦੀ। ਦੋ-ਮੰਜ਼ਲਾ ਮਕਾਨ ਨਾ ਬਣਾਏ, ਸੁੰਦਰ ਲੜਕਾ ਲੜਕੀ ਨਾ ਰੱਖੇ, ਜੇ ਹੋਣ ਤਾਂ  ਮੁਸਲਮਾਨਾਂ ਨੂੰ ਦੇ  ਦਿੱਤੇ ਜਾਣ। ਜੇ ਕਿਸੇ ਗ਼ੈਰ-ਮੁਸਲਮਾਨ ਦਾ ਵਧੀਆ ਮਕਾਨ, ਬਾਗ਼ ਜਾਂ ਕੋਈ ਸਾਮਾਨ ਮੁਸਲਮਾਨਾਂ ਦੇ ਪਸੰਦ ਆ ਜਾਂਦਾ ਤਾਂ ਉਹ ਖੋਹ ਲੈਂਦੇ ਤੇ ਆਪਣੇ ਕਬਜ਼ੇ ਵਿਚ ਕਰ ਲੈਂਦੇ ਸਨ। ਜੇ ਕਿਸੇ ਦੀ ਇਸਤਰੀ ਜਾਂ ਧੀ ਸੁੰਦਰ ਹੁੰਦੀ ਤਾਂ ਉਸ ਉਤੇ ਫ਼ੌਜ ਚਾੜ੍ਹ ਕੇ ਜ਼ਬਰਦਸਤੀ ਖੋਹ ਕੇ ਉਸ ਨਾਲ ਨਿਕਾਹ ਕਰ ਲੈਂਦੇ ਸਨ।” ‘ਤਾਰੀਖ਼ ਚਿਚਾਨਾਮਾਹ’ ਅਨੁਸਾਰ, “ਖ਼ਲੀਫ਼ੇ ਦਾ ਹੁਕਮ ਸੀ ਕਿ ਕਾਫ਼ਰਾਂ ਨੂੰ ਉੱਕਾ ਚੈਨ ਨਾ ਲੈਣ ਦਿਓ। ਜਿਵੇਂ ਵੀ ਹੋ ਸਕੇ ਇਸਲਾਮ ਵਿਚ ਸ਼ਾਮਲ ਕਰ ਲਓ, ਨਹੀਂ ਤਾਂ ਕਤਲ ਕਰ ਦਿਓ।” ਤੈਮੂਰ ਸ਼ਾਹ ਨੇ ਆਪਣੇ ਤਜ਼ਕਰੇ ਵਿਚ ਲਿਖਿਆ ਹੈ ਕਿ “ਉਹ ਹਿੰਦੁਸਤਾਨ ਵਿਚ ਕੇਵਲ ਦੋ ਮੰਤਵ ਲੈ ਕੇ ਹੀ ਆਇਆ- ਕਾਫ਼ਰਾਂ ਨੂੰ ਦੀਨ ਇਸਲਾਮ ਵਿਚ ਪ੍ਰਵੇਸ਼ ਕਰਵਾਉਣਾ ਜਾਂ ਕਤਲ ਕਰਨਾ ਤੇ ਕਾਫ਼ਰਾਂ ਦਾ ਮਾਲ-ਮਤਾਹ ਲੁੱਟ ਕੇ ਮੁਸਲਮਾਨਾਂ ਨੂੰ ਲਾਭ ਪਹੁੰਚਾਉਣਾ।”

ਅਕਬਰ ਬਾਦਸ਼ਾਹ ਉਦਾਰਵਾਦੀ ਸੀ ਤੇ ਚਾਹੁੰਦਾ ਸੀ ਕਿ ਸਾਰੇ ਮਿਲ ਕੇ ਰਹਿਣ, ਪਰ ਇਕ ਦੂਜੇ ਪ੍ਰਤੀ ਜੋ ਘਿਰਣਾ ਪੈਦਾ ਹੋ ਗਈ ਸੀ, ਉਹ ਖ਼ਤਮ ਨਾ ਹੋਈ। ਉਹ ਹਿੰਦੂ ਰਾਜਿਆਂ ਨਾਲ ਰਿਸਤੇ ਜੋੜਨ ਲਈ ਬਹੁਤ ਖ਼ਾਹਸ਼ਮੰਦ ਸੀ ਤੇ ਹਰ ਤਰ੍ਹਾਂ ਦੇ ਯਤਨ ਵੀ ਕਰਦਾ ਸੀ। ਉਹਦੇ ਵਾਰਸਾਂ ਨੇ ਵੀ ਉਸ ਦੀ ਇਸ ਨੀਤੀ ਨੂੰ ਜਾਰੀ ਰੱਖਿਆ। ਜੈਪੁਰ ਤੇ ਮਾਰਵਾੜ ਦੇ ਖ਼ਾਨਦਾਨਾਂ ਦੀਆਂ ਦੋ ਰਾਣੀਆਂ ਅਕਬਰ ਦੀਆਂ ਬੇਗ਼ਮਾਂ ਸਨ ਤੇ ਉਸ ਦੇ ਵੱਡੇ ਪੁੱਤਰ ਜਹਾਂਗੀਰ ਦਾ ਨਿਕਾਹ ਜੈਪੁਰ ਦੀ ਦੂਜੀ ਰਾਣੀ ਨਾਲ ਹੋਇਆ।

‘ਤੁਜ਼ਕਿ-ਜਹਾਂਗੀਰੀ’ ਵਿਚ ਬਾਦਸ਼ਾਹ ਜਹਾਂਗੀਰ ਨੇ ਲਿਖਿਆ ਹੈ: “ਮੇਰੇ ਪਿਤਾ (ਅਕਬਰ) ਨੇ ਮੇਰੀ ਸ਼ਾਦੀ ਰਾਜਾ ਭਗਵਾਨ ਦਾਸ ਦੀ ਲੜਕੀ ਨਾਲ ਕੀਤੀ।” ਉਹ ਲਿਖਦਾ ਹੈ: “ਪਿਤਾ ਨੇ ਫਿਰ ਮੇਰੀ ਸ਼ਾਦੀ ਰਾਜਾ ਉਦੇ ਸਿੰਘ ਦੀ ਲੜਕੀ ਨਾਲ ਕੀਤੀ।” ਪੰਨਾ 117 ’ਤੇ ਉਹ ਲਿਖਦਾ ਹੈ: “ਮੈਂ ਜਹਾਂਗੀਰ ਨੇ ਆਪਣੀ ਸ਼ਾਦੀ ਜਗਤ ਸਿੰਘ ਦੀ ਲੜਕੀ ਨਾਲ ਕੀਤੀ।”(ਜਗਤ ਸਿੰਘ ਰਾਜਾ ਮਾਨ ਸਿੰਘ ਦਾ ਪੁੱਤਰ ਸੀ।) ਫਿਰ ਪੰਨਾ 124 ’ਤੇ ਲਿਖਦਾ ਹੈ ਕਿ “ਮੈਂ ਰਾਮ ਚੰਦ ਬੰਦੇਲਾ ਦੀ ਖ਼ਾਹਸ਼ ’ਤੇ ਉਸ ਦੀ ਲੜਕੀ ਨਾਲ ਸ਼ਾਦੀ ਕੀਤੀ ਤੇ ਉਸ ਨੂੰ ਸ਼ਾਹੀ ਮਹਿਲਾਂ ਵਿਚ ਦਾਖ਼ਲ ਕੀਤਾ।” ਹੁਣ ਉਹ ਇਸ ਦੇ ਉਲਟ ਪੰਨਾ 107 ’ਤੇ ਇਕ ਘਟਨਾ ਦਾ ਜ਼ਿਕਰ ਕਰਦਾ ਹੈ: “ਰਾਜਾ ਬਿਕ੍ਰਮਜੀਤ ਦਾ ਪੁੱਤਰ ਮੇਰੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਹਰਾਮਜ਼ਾਦੇ ਬਾਰੇ ਮੈਂ ਬਹੁਤ ਕੁਝ ਸੁਣ ਚੁਕਾ ਸੀ। ਇਕ ਇਹ ਵੀ ਸੀ ਕਿ ਉਸ ਨੇ ਇਕ ਮੁਸਲਮਾਨ ਕੁੜੀ ‘ਭੋਲੀ’ ਨੂੰ ਆਪਣੇ ਘਰ ਪਾਇਆ ਹੋਇਆ ਹੈ। ਮੈਂ ਉਸ ਦੀ ਗ੍ਰਿਫ਼ਤਾਰੀ ਦਾ ਹੁਕਮ ਦਿੱਤਾ ਤੇ ਉਸ ਦੀ ਜ਼ਬਾਨ ਕੱਟਣ ਦਾ ਹੁਕਮ ਵੀ ਜਾਰੀ ਕੀਤਾ ਅਤੇ ਹੋਰ ਇਹ ਹੁਕਮ ਦਿੱਤਾ ਕਿ ਅੱਗੇ ਤੋਂ ਉਸ ਨੂੰ ਭੰਗੀਆਂ ਨਾਲ ਰੱਖਿਆ ਜਾਵੇ ਅਤੇ ਉਹ ਖਾਣਾ ਵੀ ਉਥੋਂ ਹੀ ਖਾਏ।” ‘ਜਹਾਂਗੀਰ ਐਂਡ ਜੋਸੂਇਟ’ ਵਿਚ ਲਿਖਿਆ ਹੈ ਕਿ “ਜੇ ਕੋਈ ਗ਼ੈਰ-ਮੁਸਲਮਾਨ, ਮੁਸਲਮਾਨ ਬਣ ਜਾਂਦਾ ਸੀ ਤਾਂ ਉਸ ਨੂੰ ਹਾਥੀ ’ਤੇ ਬਿਠਾ ਕੇ ਜਲੂਸ ਕੱਢਿਆ ਜਾਂਦਾ।”

ਇਹੋ ਜਿਹੀਆਂ ਹੋਰ ਵੀ ਅਨੇਕਾਂ ਉਦਾਹਰਣਾਂ ਇਤਿਹਾਸਿਕ ਹਵਾਲੇ ਦੇ ਕੇ ਦਿੱਤੀਆਂ ਜਾ ਸਕਦੀਆਂ ਹਨ, ਪਰ ਥੋੜੇ ਜਿਹੇ ਨਮੂਨੇ ਨਾਲ ਸਾਰੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ।

ਅਜੇਹੇ ਬਿਖੜੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਉਨ੍ਹਾਂ ਨੇ ਦੋਨਾਂ ਧਰਮਾਂ ਦੇ ਪੈਰੋਕਾਰਾਂ ਨੂੰ ਸਿੱਧਾ-ਸਾਦਾ ਤੇ ਨੇਕ ਜੀਵਨ ਬਿਤਾਉਣ, ਹੱਥੀਂ ਕਿਰਤ ਕਰਨ, ਵੰਡ ਛਕਣ, ਇੱਕੋ ਪਰਮਾਤਮਾ ਉੱਤੇ ਅਟੁੱਟ ਵਿਸ਼ਵਾਸ ਰੱਖਣ ਤੇ ਸਭਨਾਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਬਾਬਰ ਦੇ ਹਮਲੇ ਵੇਲੇ ਜ਼ੁਲਮ- ਤਸ਼ੱਦਦ ਤੇ ਲੁੱਟ-ਮਾਰ ਦੇਖ ਕੇ ਆਵਾਜ਼ ਬੁਲੰਦ ਕੀਤੀ। ਲਾਲਾ ਦੌਲਤ ਰਾਏ ਦੇ ਸ਼ਬਦਾਂ ਵਿਚ: “ਉਨ੍ਹਾਂ ਇਹ ਕਾਰਜ ਐਸੀ ਜੁਗਤੀ ਨਾਲ ਅਰੰਭਿਆ ਤੇ ਨਿਭਾਇਆ, ਜੋ ਕੇਵਲ ਉਹੋ ਹੀ ਕਰ ਸਕਦੇ ਸਨ। ਇਹੋ ਕਾਰਨ ਹੈ ਕਿ ਮੁਸਲਮਾਨ ਵੀ ਅਜਿਹੇ ਦਲੇਰ ਵਿਅਕਤੀ ਦੇ ਖ਼ਿਲਾਫ਼ ਨਾ ਹੋਏ ਜੋ ਹਿੰਦੂਆਂ ਨੂੰ ਉਨ੍ਹਾਂ ਦੇ ਮੁਕਾਬਲੇ ’ਤੇ ਲਿਆਉਣ ਦੀ ਨੀਂਹ ਰੱਖ ਰਿਹਾ ਸੀ।”

ਦੂਸਰੇ ਗੁਰੂ ਸਾਹਿਬਾਨ ਨੇ ਵੀ ਇਸ ਤਰ੍ਹਾਂ ਦੋਨਾਂ ਧਰਮਾਂ ਦੇ ਲੋਕਾਂ ਨੂੰ ਸਾਂਝੀਵਾਲਤਾ ਦਾ ਉਪਦੇਸ਼ ਜਾਰੀ ਰੱਖਿਆ। ਇਹੀ ਕਾਰਨ ਹੈ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇਸ਼ ਦੇ ਲੱਗਭਗ ਹਰ ਇਲਾਕੇ ਵਿਚ ਉਨ੍ਹਾਂ ਦੇ ਸਿੱਖ ਬਣ ਗਏ ਸਨ, ਜਿਨ੍ਹਾਂ ਵਿਚ ਮੁਸਲਮਾਨਾਂ ਦੀ ਵੀ ਚੋਖੀ ਗਿਣਤੀ ਸੀ। ਉਨ੍ਹਾਂ ਨੂੰ ਚੰਦੂ ਵਰਗਿਆਂ ਦੀ ਸਾਜ਼ਸ਼ ਤੇ ਕਈ ਮੌਲਾਣਿਆਂ ਦੇ ਕੱਟੜਵਾਦ ਦਾ ਸ਼ਿਕਾਰ ਹੋ ਕੇ ਜਹਾਂਗੀਰ ਦੇ ਹੁਕਮ ਨਾਲ ਸ਼ਹੀਦ ਹੋਣਾ ਪਿਆ। ਬਾਦਸ਼ਾਹ ਜਹਾਂਗੀਰ ਨੇ ‘ਤੁਜ਼ਕੇ ਜਹਾਂਗੀਰੀ’ ਵਿਚ ਇਸ ਬਾਰੇ ਸਾਫ਼ ਸ਼ਬਦਾਂ ਵਿਚ ਲਿਖਿਆ ਹੈ: “ਗੋਇੰਦਵਾਲ ਵਿਚ ਜੋ ਕਿ ਬਿਆਸ ਦਰਿਆ ਦੇ ਕੰਢੇ ’ਤੇ ਹੈ, ਅਰਜਨ ਨਾਮੀ ਇਕ ਹਿੰਦੂ ਪੀਰੀ ਤੇ ਸ਼ੇਖੀ ਦੇ ਭੇਸ ਵਿਚ ਰਹਿੰਦਾ ਸੀ। ਚੁਨਾਂਚਿ ਸਿੱਧੇ-ਸਾਦੇ ਹਿੰਦੂਆਂ ਵਿਚ ਬਹੁਤ ਸਾਰੇ ਬਲਕਿ ਮੂਰਖ ਤੇ ਬੇਅਕਲ ਮੁਸਲਮਾਨਾਂ ਨੂੰ ਵੀ ਆਪਣੀ ਰਹਿਤ ਬਹਿਤ ਦਾ ਧਾਰਨੀ ਬਣਾ ਕੇ ਆਪਣੇ ਗੁਰੂਪੁਣੇ ਦਾ ਢੋਲ ਬੜੇ ਜ਼ੋਰ-ਸ਼ੋਰ ਨਾਲ ਵਜਾਇਆ ਹੋਇਆ ਸੀ।ਉਸ ਨੂੰ ਸਾਰੇ ਗੁਰੂ ਕਹਿੰਦੇ ਸਨ। ਸਭਨਾਂ ਪਾਸਿਆਂ ਤੋਂ ਝੂਠ ਦੇ ਪੁਜਾਰੀਆਂ ਦੇ ਟੋਲਿਆਂ ਦੇ ਟੋਲੇ ਉਸ ਵਲ ਆਉਂਦੇ ਤੇ ਉਸ ਪੁਰ ਪੂਰਾ ਭਰੋਸਾ ਕਰਦੇ ਸਨ। ਤਿੰਨ-ਚਾਰ ਪੁਸ਼ਤਾਂ ਤੋਂ ਉਨ੍ਹਾਂ ਨੇ ਇਸ ਦੁਕਾਨ ਨੂੰ ਗਰਮ ਕਰ ਰਖਿਆ ਸੀ। ਕਿਤਨੇ ਚਿਰ ਤੋਂ ਮੇਰੇ ਦਿਲ ਵਿਚ ਇਹ ਆਉਂਦੀ ਸੀ ਕਿ ਝੂਠ ਦੀ ਇਸ ਦੁਕਾਨ ਨੂੰ ਬੰਦ ਕਰ ਦਿਆਂ ਜਾਂ ਉਸ (ਗੁਰੂ ਅਰਜਨ ਦੇਵ) ਨੂੰ ਦੀਨ ਇਸਲਾਮ ਦੀ ਜਮਾਤ ਵਿਚ ਲੈ ਆਵਾਂ।”

“ਇਨ੍ਹਾਂ ਦਿਨਾਂ ਵਿਚ ਖ਼ੁਸਰੋ ਉਸ ਰਸਤੇ ਲੰਘਿਆ। ਇਸ ਪੁਰਸ਼ ਨੇ ਇਰਾਦਾ ਕੀਤਾ ਕਿ ਉਸ ਨੂੰ ਮਿਲੋ। ਉਸ ਪੜਾਅ ਉਤੇ ਜਿੱਥੇ ਕਿ ਉਸ ਦੀ ਜਗ੍ਹਾ ’ਤੇ ਟਿਕਾਣਾ ਸੀ, ਖ਼ੁਸਰੋ ਦਾ ਡੇਰਾ ਹੋਇਆ ਦੇਖ ਕੇ ਉਸ ਨੂੰ ਮਿਲਿਆ। ਕਈ ਗੱਲਾਂ ਕੀਤੀਆਂ। ਜਦ ਇਹ ਖ਼ਬਰ ਮੇਰੇ ਕੰਨਾਂ ਵਿਚ ਪਹੁੰਚੀ, ਮੈਂ ਉਸ ਦੇ ਝੂਠ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਸੀ, ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕਰਨ, ਉਸ ਦੇ ਘਰ-ਬਾਰ ਤੇ ਬੱਚਿਆਂ ਨੂੰ ਮੁਰਤਜ਼ਾ ਖ਼ਾਂ ਦੇ ਹਵਾਲੇ ਕਰ ਦਿੱਤਾ ਤੇ ਉਸ ਦੇ ਮਾਲ-ਜਾਇਦਾਦ ਨੂੰ ਜ਼ਬਤ ਕਰ ਕੇ ਮੈ ਹੁਕਮ ਕੀਤਾ ਕਿ ਉਸ ਨੂੰ (ਯਾਸਾ ਰਾਹੀਂ ਤਸੀਹੇ ਦੇ ਕੇ) ਮਾਰਿਆ ਜਾਵੇ।”

ਇਸ ਸ਼ਹੀਦੀ ਤੋਂ ਬਾਅਦ ਹਾਲਾਤ ਨੂੰ ਦੇਖਦੇ ਹੋਏ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਆਪਣੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਵੱਲ ਵੀ ਪ੍ਰੇਰਿਆ।

ਔਰੰਗਜ਼ੇਬ ਬਾਦਸ਼ਾਹ ਦੀ ਹਕੂਮਤ ਸਮੇਂ ਗੈਰ-ਮੁਸਲਮਾਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦੀ ਮੁਹਿੰਮ ਤੇਜ਼ ਹੋ ਗਈ। ਉਸ ਦੇ ਜ਼ੁਲਮ-ਤਸ਼ੱਦਦ ਤੋਂ ਪ੍ਰੇਸ਼ਾਨ ਹੋਏ ਕਸ਼ਮੀਰੀ ਪੰਡਤ ਸ੍ਰੀ ਗੁਰੂ ਤੇਗ਼ ਬਹਾਦਰ ਜੀ ਪਾਸ ਫ਼ਰਿਆਦ ਲੈ ਕੇ ਅਨੰਦਪੁਰ ਸਾਹਿਬ ਆਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜੋ ਕੇਵਲ 9 ਵਰ੍ਹਿਆਂ ਦੇ ਸਨ, ਦੇ ਆਖਣ ’ਤੇ ਉਨ੍ਹਾਂ ਦੀ ਰੱਖਿਆ ਲਈ ਦਿੱਲੀ ਗਏ, ਜਿੱਥੇ ਬਾਦਸ਼ਾਹ ਦੇ ਹੁਕਮ ’ਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਗ਼ਰੀਬ, ਮਜ਼ਲੂਮ ਤੇ ਨਿਤਾਣਿਆਂ ਦੀ ਰੱਖਿਆ ਲਈ ਅਤੇ ਔਰੰਗਜ਼ੇਬ ਦੇ ਜ਼ੁਲਮ-ਤਸ਼ੱਦਦ ਤੇ ਅਤਿਆਚਾਰਾਂ ਦਾ ਟਾਕਰਾ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਅਤੇ ਕੌਮ ਵਿਚ ਇਕ ਨਵੀਂ ਰੂਹ ਭਰ ਦਿੱਤੀ। ਗੁਰੂ ਜੀ ਦੇ ਖਾਲਸੇ ਨੇ ਇਤਿਹਾਸ ਦਾ ਰੁਖ਼ ਬਦਲ ਕੇ ਰੱਖ ਦਿੱਤਾ। ਇਸ ਮੁਹਿੰਮ ਵਿਚ ਉਨ੍ਹਾਂ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਲਾਲਾ ਦੌਲਤ ਰਾਏ ਦੇ ਆਪਣੇ ਸ਼ਬਦਾਂ ਅਨੁਸਾਰ, “ਔਰੰਗਜ਼ੇਬ ਦੇ ਸਮੇਂ ਤਕ ਹਿੰਦੂਆਂ ਤੇ ਹਿੰਦੁਸਤਾਨ ਦੀ ਅਜਿਹੀ ਦਸ਼ਾ ਹੋ ਗਈ ਸੀ ਕਿ ਸਾਰੇ ਭਾਰਤਵਰਸ਼ ’ਤੇ ਹੀ ਇਸਲਾਮੀ ਝੰਡਾ ਝੁੱਲਣ ਲੱਗ ਗਿਆ ਸੀ। ਲਹਿੰਦੇ ਪਾਸੇ ਗੁਜਰਾਤ ਤੇ ਦੁਆਰਕਾ ਤਕ ਇਸਲਾਮੀ ਹਕੂਮਤ ਕਾਇਮ ਹੋ ਚੁਕੀ ਸੀ। ਦੱਖਣ ਦੀਆਂ ਸਾਰੀਆਂ ਹਿੰਦੂ ਹਕੂਮਤਾਂ ਬਰਬਾਦ ਹੋ ਕੇ ਆਪਣੀ ਹੋਂਦ ਹੀ ਖ਼ਤਮ ਕਰ ਰਹੀਆਂ ਸਨ। ਚੜ੍ਹਦੇ ਵਿਚ ਉੜੀਸਾ ਤੇ ਬੰਗਾਲ ਢੇਰ ਸਮੇਂ ਤੋਂ ਇਸਲਾਮ ਦੇ ਜ਼ੋਰ ਤੇ ਜ਼ੁਲਮ ਦੇ ਅਭਿਆਸ ਦਾ ਖੇਤਰ ਬਣਿਆ ਹੋਇਆ ਸੀ। ਉੱਤਰ ਵਿਚ ਵੀ ਪਹਾੜਾਂ ਵਿਚ ਹਿੰਦੂ ਰਾਜਿਆਂ ਦੀ ਹਕੂਮਤ ਦਾ ਭੋਗ ਪੈ ਚੁਕਾ ਸੀ ਅਤੇ ਉਹ ਸਾਰੇ ਅਧੀਨ ਹੋ ਗਏ ਸਨ। ਕਸ਼ਮੀਰ ਵਿਚ ਇਸਲਾਮੀ ਝੰਡਾ ਲਹਿਰਾ ਰਿਹਾ ਸੀ। ਪਰ ਫਿਰ ਵੀ ਇਨ੍ਹਾਂ ਜਿੱਤਾਂ ਤੇ ਤਾਕਤੀ ਪਸਾਰੇ ਦੇ ਬਾਵਜੂਦ ਮੁਲਕ ਵਿਚ ਚੈਨ ਨਹੀਂ ਸੀ।” ਉਹ ਅੱਗੇ ਲਿਖਦੇ ਹਨ: “ਜੋ ਕੁਝ ਪਹਿਲਾਂ ਵਾਪਰ ਚੁਕਾ ਸੀ, ਉਸ ਨੂੰ ਭੁਲਾ ਕੇ ਜੇ ਇਕੱਲੇ ਔਰੰਗਜ਼ੇਬ ਦੀਆਂ ਕਰਤੂਤਾਂ ਹੀ ਵੇਖੀਆਂ ਜਾਣ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਹੁਣ ਉਹ ਸਮਾਂ ਆ ਗਿਆ ਸੀ ਕਿ ਹਿੰਦੂਆਂ ਦਾ ਨਾਂ ਵੀ ਹਿੰਦੁਸਤਾਨ ਦੀ ਧਰਤੀ ਤੋਂ ਉਸੇ ਤਰ੍ਹਾਂ ਹੀ ਮਿਟ ਜਾਂਦਾ ਜਿਵੇਂ ਕੁਰੈਸ਼ੀਆਂ ਦਾ ਅਰਬ ਵਿਚ ਮੇਟਿਆ ਗਿਆ ਸੀ ਜਾਂ ਫਿਰ ਉਹੀ ਹਾਲ ਹੁੰਦਾ ਜਿਵੇਂ ਇਰਾਨ, ਤੁਰਕਿਸਤਾਨ, ਅਫ਼ਗਾਨਿਸਤਾਨ ਤੇ ਬਲੋਚਿਸਤਾਨ ਦੇ ਵਸਨੀਕ ਆਪਣੇ ਵੱਡੇ-ਵਡੇਰਿਆਂ ਦੇ ਧਰਮ ਨੂੰ ਤਿਲਾਂਜਲੀ ਦੇ ਚੁਕੇ ਸਨ। ਇਥੇ ਵੀ ਸਾਰੇ ਹੀ ਹਿੰਦੂ ਆਪਣੇ ਧਰਮ ਦਾ ਤਿਆਗ ਕਰ ਦਿੰਦੇ ਤੇ ਇਸਲਾਮ ਦੀ ਜ਼ਾਲਮ ਤਲਵਾਰ ਅੱਗੇ ਸਿਰ ਨੀਵਾਂ ਕਰ ਕੇ ਆਪਣੀ ਸੰਸਕ੍ਰਿਤੀ ਤੋਂ ਹੱਥ ਧੋ ਬੈਠਦੇ ਕਿਉਂਕਿ ਹਿੰਦੂਆਂ ਵਿਚ ਹੁਣ ਇਸਲਾਮੀ ਜਬਰ ਤੇ ਜੋਸ਼ ਦਾ ਟਾਕਰਾ ਕਰਨ ਦੀ ਨਾ ਹਿੰਮਤ ਸੀ ਤੇ ਨਾ ਹੀ ਤਾਕਤ, ਨਾ ਹੀ ਹੌਸਲਾ ਸੀ ਤੇ ਨਾ ਹੀ ਸੂਝ, ਨਾ ਹੀ ਧਰਮ ਦਾ ਬਲ ਤੇ ਨਾ ਹੀ ਧਨ-ਬਲ ਸੀ।”

“ਫਿਰ ਐਸੀ ਨਿਰਾਸਤਾ ਵਿਚ ਅਚਨਚੇਤ ਇਕ ਮੂਰਤ ਪ੍ਰਗਟ ਹੋਈ। ਇਸ ਹਸਤੀ ਨੇ ਹਿੰਦੂ ਧਰਮ ਦੀ ਨਈਆ ਨੂੰ ਤੂਫ਼ਾਨ ਵਿੱਚੋਂ ਕੱਢਿਆ ਹੀ ਨਹੀਂ, ਸਗੋਂ ਕੰਢੇ ’ਤੇ ਆ ਖੜਾ ਕੀਤਾ। ਹਿੰਦੂ ਧਰਮ ਦੇ ਸੁੱਕ ਚੁਕੇ ਤੇ ਕੁਮਲਾ ਗਏ ਬਾਗ਼ ਲਈ ਉਹ ਰਹਿਮਤ ਦੀ ਵਰਖਾ ਤੇ ਉਜੜ ਰਹੇ ਚਮਨ ਦਾ ਮਾਲੀ ਤੇ ਦਰਦ ਵੰਡਾਉਣ ਵਾਲਾ ਸੀ। ਪਰ ਉਹ ਕੌਣ ਸੀ? ਹਾਂ ਉਹ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦੇ ਨਾਂ ਤੋਂ ਸਾਰਾ ਸੰਸਾਰ ਭਲੀ ਪ੍ਰਕਾਰ ਜਾਣੂ ਹੈ। ਜਿਸ ਬੂਟੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਾਇਆ ਸੀ, ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਖ਼ੂਨ ਦਾ ਪਾਣੀ ਦੇ ਕੇ ਤੇ ਹੱਡੀਆਂ ਪਾ ਕੇ ਵੱਡਾ ਕੀਤਾ ਸੀ ਅਤੇ ਜਿਸ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਤੇ ਰੱਤ ਪਾ ਕੇ ਪਾਲਿਆ ਪੋਸਿਆ ਤੇ ਉਸੇ ਦੀ ਸੇਵਾ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਮਾਤਾ, ਚਾਰ ਪੁੱਤਰਾਂ, ਪੰਜ ਪਿਆਰਿਆਂ ਅਤੇ ਹਜ਼ਾਰਾਂ ਸ਼ਰਧਾਲੂ ਸਿੱਖ ਦੁਲਾਰਿਆਂ ਦੀਆਂ ਲਹੂ ਦੀਆਂ ਵਗਦੀਆਂ ਨਦੀਆਂ ਨਾਲ ਐਸਾ ਬਲਵਾਨ ਕੀਤਾ ਕਿ ਉਸ ਨਾਲ ਫੁੱਲ ਲੱਗ ਗਏ। ਉਹ ਫੁੱਲ ਕੀ ਸਨ? ਉਹ ਸੀ ਕੌਮੀ ਪਿਆਰ, ਧਾਰਮਿਕ ਭਾਈਚਾਰਾ, ਪ੍ਰਭੂ-ਭਗਤੀ ਤੇ ਪ੍ਰਭੂ-ਪਿਆਰ ਦੇ ਫੁੱਲ। ਇਹ ਇਕ ਐਸਾ ਫਲ ਸੀ ਕਿ ਜਿਸ ਦਾ ਫੁੱਲ ਅਕਾਲ ਪੁਰਖ ਦੀ ਪੂਜਾ ਸੀ, ਜਿਸ ਦੇ ਗੁੱਦੇ ਵਿਚ ਕੌਮੀ ਪਿਆਰ ਸੀ ਤੇ ਜਿਸ ਦਾ ਛਿਲਕਾ ਸੀ ਦੇਸ਼- ਪਿਆਰ। ਜਿਸ ਦੀ ਗਿਟਕ ਸੀ ਭਗਤੀ-ਭਾਵ, ਜਿਸ ਦਾ ਮਿੱਠਾ ਰਸ ਸੀ ਕੌਮੀਅਤ।” ਉਹ ਅੱਗੇ ਲਿਖਦੇ ਹਨ ਕਿ ਕਿਸੇ ਕਵੀ ਨੇ ਠੀਕ ਆਖਿਆ ਹੈ:

ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ।
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ,
ਤੋ ਸੁੰਨਤ ਹੋਤੀ ਸਭ ਕੀ।

ਲਾਲਾ ਦੌਲਤ ਰਾਏ ਨੇ ਕਈ ਅੰਗਰੇਜ਼ ਵਿਦਵਾਨਾਂ ਦੇ ਵੀ ਹਵਾਲੇ ਦਿੱਤੇ ਹਨ। ਲਾਲਾ ਜੀ ਦੇ ਉਪਰੋਕਤ ਵਿਚਾਰਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜੇਕਰ ਗੁਰੂ ਸਾਹਿਬਾਨ ਅਵਤਾਰ ਨਾ ਧਾਰਦੇ ਤਾਂ ਸਾਰਾ ਹਿੰਦੁਸਤਾਨ, ਜਿਸ ਵਿਚ ਪਾਕਿਸਤਾਨ ਤੇ ਬੰਗਲਾ ਦੇਸ਼ ਵਾਲੇ ਖੇਤਰ ਵੀ ਸ਼ਾਮਲ ਸੀ, ਇਸਲਾਮੀ ਦੇਸ਼ ਬਣ ਗਿਆ ਹੁੰਦਾ।(ਇਸ ਹਾਲਤ ਵਿਚ ਪਾਕਿਸਤਾਨ ਬਣਾਉਣ ਦੀ ਮੰਗ ਹੀ ਨਹੀਂ ਉੱਠਣੀ ਸੀ।) ਇਹੀ ਕਾਰਨ ਹੈ ਕਿ ਮੁਗ਼ਲ ਹੁਕਮਰਾਨਾਂ ਅਤੇ ਪੱਛਮ ਵਲੋਂ ਆਉਣ ਵੱਲੇ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਵਰਗੇ ਮੁਸਲਮਾਨ ਹਮਲਾਵਰਾਂ ਨੇ ਹਿੰਦੂਆਂ ਨੂੰ ਕੁਝ ਨਹੀਂ ਕਿਹਾ, ਸਗੋਂ ਕੇਵਲ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਯਤਨ ਕਰਦੇ ਰਹੇ।ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ, ਜਿਸ ਕਾਰਨ ਸਿੰਘ ਜੰਗਲਾਂ ਵਿਚ ਰਹਿ ਕੇ ਮੁਕਾਬਲਾ ਕਰਦੇ ਰਹੇ। ਇਸ ਲੜੀ ਵਿਚ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲ੍ਹੀ ਮੁਕਤੇ, ਹਠੀ, ਜਪੀ, ਤਪੀ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ਼ ਵਾਹੀ, ਦੇਖ ਕੇ ਅਣਡਿੱਠ ਕੀਤਾ, ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ’ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ। ਪ੍ਰਸਿੱਧ ਪੰਥਕ ਵਿਦਵਾਨ ਮਰਹੂਮ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਆਪਣੀਆਂ ਕਈ ਕਥਾਵਾਂ ਵਿਚ ਨਾਮਵਰ ਸਿੱਖ ਵਿਦਵਾਨ ਮਹਾਂਕਵੀ ਸੰਤੋਖ ਸਿੰਘ ਜੀ ਦੀਆਂ ਲਿਖਤਾਂ ਦਾ ਹਵਾਲਾ ਕੇ ਆਖਿਆ ਹੈ ਕਿ ਜੇਕਰ ਗੁਰੂ ਸਾਹਿਬਾਨ ਅਵਤਾਰ ਨਾ ਧਾਰਦੇ ਤਾਂ ਇਸਲਾਮੀ ਹਮਲਾਵਰਾਂ ਤੇ ਹੁਕਮਰਾਨਾਂ ਸਾਰਾ ਹਿੰਦੁਸਤਾਨ ਤਲਵਾਰ ਦੇ ਜ਼ੋਰ ਨਾਲ ਮੁਸਲਮਾਨ ਬਣਾ ਲੈਣਾ ਸੀ ਜਿਵੇਂ ਉਨ੍ਹਾਂ ਨੇ ਪਹਿਲਾਂ ਕਈ ਖਾੜੀ ਦੇਸ਼ਾਂ ਇਰਾਨ, ਅਫ਼ਗਾਨਿਸਤਾਨ ਆਦਿ ਦੇਸ਼ ਤਲਵਾਰ ਦੇ ਜ਼ੋਰ ਨਾਲ ਇਸਲਾਮੀ ਦੇਸ਼ ਬਣਾ ਲਏ ਸਨ। ਅੱਜ ਜਿਹੜੇ ਲੋਕ ਭਾਰਤ ਵਿਚ ਹਿੰਦੂਤੱਵ ਠੋਸਣਾ ਚਾਹੁੰਦੇ ਹਨ, ਕੀ ਗੁਰੁ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਅੱਖੋਂ-ਪਰੋਖੇ ਕਰ ਸਕਦੇ ਹਨ?

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)