ਕਿਉਂ ਸਿੱਖਾ ਭੁੱਲਿਆ ਫਿਰਦਾ ਏਂ, ਤੂੰ ਸ਼ਾਨ-ਏ-ਦਸਤਾਰ ਨੂੰ ?
ਤੂੰ ਆਪਣੇ ਆਪ ਹੀ ਸੋਚ ਜ਼ਰਾ, ਤੈਨੂੰ ਕੀ ਆਖਾਂ ‘ਸਰਦਾਰ’ ਨੂੰ ?
ਦਸਤਾਰ ਤਾਂ ਸਿਰ ਦਾ ਤਾਜ ਹੈ, ਕਿਉਂ ਸਜਾਉਣੋਂ ਝੁਰਦਾ ਏਂ ?
ਦਸਤਾਰ ਨਾਲ ਹੀ ਸ਼ਾਨ ਹੈ, ਕਿਉਂ ਪੁੱਠੇ ਪਾਸੇ ਮੁੜਦਾ ਏਂ ?
ਭੁੱਲ ਕੇ ਇਸ ਨੂੰ ਟੋਪੀ ਪਹਿਨੇਂ, ਕਿਉਂ ਰੋਲੇਂ ਕਿਰਦਾਰ ਨੂੰ ?
ਤੂੰ ਆਪਣੇ ਆਪ ਹੀ ਸੋਚ ਜ਼ਰਾ . . .
ਇਹ ਰਾਜਿਆਂ ਦਾ ਪਹਿਰਾਵਾ ਏ, ਬੰਨ੍ਹ ਤੂੰ ਵੀ ਲੱਗਦਾ ਘੱਟ ਨਹੀਂ,
ਰੋਹਬ ਏਸ ਦਾ ਵੱਖਰਾ ਪੈਂਦਾ, ਕੋਈ ਵੈਰੀ ਸਕਦਾ ਤੱਕ ਨਹੀਂ,
ਝੁਕਦੀ ਨਾ ਦਸਤਾਰ ਕਦੇ ਵੀ, ਤੌਫੀਕ ਇਹ ਦਸਤਾਰ ਨੂੰ,
ਤੂੰ ਆਪਣੇ ਆਪ ਹੀ ਸੋਚ ਜ਼ਰਾ . . .
ਦਸਤਾਰ ਬਖਸ਼ੇ ਰੂਪ ਇਲਾਹੀ, ਖਾਲਸੇ ਦੇ ਸਿਰ ਦਾ ਤਾਜ ਹੈ,
ਇਹਨੂੰ ਗੁਰੂਆਂ ਨੇ ਵਡਿਆਇਆ ਹੈ, ਇਹ ਅਣਖ, ਇੱਜ਼ਤ ਤੇ ਲਾਜ ਹੈ,
ਦਸਤਾਰਾਂ ਵਾਲਿਆਂ ਅੱਗੇ ਲਾਇਆ, ਜ਼ੁਲਮਾਂ ਦੀ ਸਰਕਾਰ ਨੂੰ,
ਤੂੰ ਆਪਣੇ ਆਪ ਹੀ ਸੋਚ ਜ਼ਰਾ . . .
ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ, ਜ਼ਰੂਰੀ ਇਹ ਦਸਤਾਰ ਕਹੀ,
ਦਾੜ੍ਹੀ, ਮੁੱਛ ਸਹਿਤ ਦਸਤਾਰ ਸਜੀ, ਸਿੱਖ ਹੋਣ ਦੀ ਇਹ ਨੁਹਾਰ ਕਹੀ,
ਜੱਗ ਨਾ ਥੱਕੇ ਸਲਾਮਾਂ ਕਰਦਾ, ਇਸ ਦੇ ਸੁਹਣੇ ਸ਼ਿੰਗਾਰ ਨੂੰ,
ਤੂੰ ਆਪਣੇ ਆਪ ਹੀ ਸੋਚ ਜ਼ਰਾ . . .
ਕਦੇ ਸਿੱਖ ਦਸਤਾਰ ਆਪਣੀ ਨੂੰ, ਪੈਰਾਂ ਵਿਚ ਨਹੀਂ ਸਨ ਆਉਣ ਦਿੰਦੇ,
ਸੀਸ ਬੇਸ਼ੱਕ ਧੜ ਤੋਂ ਲਹਿ ਜਾਵੇ, ਦਸਤਾਰ ਨੂੰ ਹੱਥ ਨਾ ਪਾਉਣ ਦਿੰਦੇ,
ਦਸਤਾਰ, ਕੇਸਾਂ ਲਈ ਖੋਪਰ ਲੱਥੇ, ਕਿਉਂ ਭੁੱਲੇਂ ਸ਼ਹੀਦ-ਪਰਵਾਰ ਨੂੰ ?
ਤੂੰ ਆਪਣੇ ਆਪ ਹੀ ਸੋਚ ਜ਼ਰਾ . . .
ਅਜੇ ਵੀ ਕੁਝ ਨਹੀਂ ਵਿਗੜਿਆ, ਵਿਰਸੇ ਨੂੰ ਸਿੱਖਾ ਸੰਭਾਲ,
ਚੱਲ ਗੁਰਾਂ ਦੇ ਮਾਰਗ ਉੱਤੇ, ਸਿੱਖਾ ਬਣ ਗੁਰਾਂ ਦਾ ਲਾਲ,
‘ਸਤਪਾਲ ਸਿੰਘਾ’ ਸਾਂਭ ਲੈ, ਗੁਰੂ ਦੇ ਬਖਸ਼ੇ ਪਿਆਰ ਨੂੰ,
ਤੂੰ ਆਪਣੇ ਆਪ ਹੀ ਸੋਚ ਜ਼ਰਾ, ਤੈਨੂੰ ਕੀ ਆਖਾਂ ‘ਸਰਦਾਰ’ ਨੂੰ ?
ਲੇਖਕ ਬਾਰੇ
- ਭਾਈ ਸਤਪਾਲ ਸਿੰਘ ਫਰਵਾਹੀhttps://sikharchives.org/kosh/author/%e0%a8%ad%e0%a8%be%e0%a8%88-%e0%a8%b8%e0%a8%a4%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ab%e0%a8%b0%e0%a8%b5%e0%a8%be%e0%a8%b9%e0%a9%80/October 1, 2008
- ਭਾਈ ਸਤਪਾਲ ਸਿੰਘ ਫਰਵਾਹੀhttps://sikharchives.org/kosh/author/%e0%a8%ad%e0%a8%be%e0%a8%88-%e0%a8%b8%e0%a8%a4%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ab%e0%a8%b0%e0%a8%b5%e0%a8%be%e0%a8%b9%e0%a9%80/March 1, 2010