ਉੱਤਰੀ ਭਾਰਤ ਦੇ ਪ੍ਰਮੁੱਖ ਕਸਬੇ ਖੰਨਾ ਤੋਂ ਥੋੜ੍ਹਾ ਉਰਾਂ ਕਰਕੇ ਇਕ ਨਿੱਕੀ ਜਿਹੀ ਸੜਕ ਮੁੜਦੀ ਹੈ, ਜਿਹੜੀ ਪਿੰਡ ਰਾਜੇਵਾਲ ਨੂੰ ਜਾਂਦੀ ਹੈ। ਇਸੇ ਅਲਪਗਿਆਤ ਪਿੰਡ ਵਿਚ ਸੰਨ 1908 ਈ. ਨੂੰ ਤਿੰਨ ਜੂਨ ਵਾਲੇ ਦਿਨ, ਅੰਮ੍ਰਿਤ ਵੇਲੇ ਪਿੰਡ ਦੇ ਸ਼ਾਹੂਕਾਰ ਲਾਲਾ ਛਿੱਬੂ ਲਾਲ ਦੇ ਘਰ ਉਸ ਬਾਲਕ ਨੇ ਜਨਮ ਲਿਆ, ਜਿਸ ਨੇ ਬਾਅਦ ਵਿਚ ਭਗਤ ਪੂਰਨ ਸਿੰਘ ਬਣ ਕੇ ਇਸ ਸੰਸਾਰ ਵਿਚ ਸੇਵਾ, ਨਾਮ ਅਤੇ ਬਾਣੀ ਦਾ ਪ੍ਰਵਾਹ ਚਲਾਉਣਾ ਸੀ। ਉਸ ਨੇ ਜੂਨ ਦੀਆਂ ਤਪਦੀਆਂ ਲੂਆਂ ਵਿਚ ਨਿਮਾਣਿਆਂ, ਨਿਓਟਿਆਂ ਪਿੰਗਲਿਆਂ ਦੇ ਸਿਰ ਉੱਪਰ ਸਾਉਣ-ਭਾਦੋਂ ਦੀ ਠੰਢੇ ਛਰ੍ਹਾਟਿਆਂ ਵਰਗੀ ਨਮੀ ਭਰੀ ਤਾਜ਼ਾ ਹਵਾ ਜਿਹੀ ਛਾਂ ਕੀਤੀ। ਆਪ ਉਸ ਨੇ ਸਾਰੀ ਦੁਨੀਆਂ ਦੇ ਦੁੱਖਾਂ ਦੀ ਧੁੱਪ, ਹੁੱਸੜ ਅਤੇ ਗਰਮੀ ਆਪਣੇ ਪਿੰਡੇ ’ਤੇ ਝੱਲ ਲਈ, ਪਰ ਆਪਣੀ ਸ਼ਰਨ ਆਏ ਨਿਆਸਰਿਆਂ ਨੂੰ ਮਾਂ ਵਰਗੀ ਲੋਰੀ ਦਿੱਤੀ:
ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆ॥ (ਪੰਨਾ 578)
ਅਰਥਾਤ ਜੋ ਪੁਰਸ਼ ਸੇਵਾ ਕਰਦੇ ਵੀ ਰਾਮ ਨੂੰ ਹੀ ਲੱਭਦੇ ਹਨ, ਉਹ ਅਸਲ ਸੇਵਕ ਹਨ।
ਇਹ ਵਿਚਾਰ ਸਾਡੇ ਮਨ ਵਿਚ ਆਉਂਦੇ ਹੀ ਇਕ ਆਦਰਸ਼ਕ ਸੇਵਕ ਦੇ ਰੂਪ ਵਿਚ ਭਗਤ ਪੂਰਨ ਸਿੰਘ ਦੀ ਤਸਵੀਰ ਦ੍ਰਿਸ਼ਟਮਾਨ ਹੁੰਦੀ ਹੈ। ਸ਼ਾਇਦ ਭਗਤ ਪੂਰਨ ਸਿੰਘ ਜੀ ਸੇਵਾ ਦੇ ਅਜਿਹੇ ਮੁਜੱਸਮੇ ਸਨ, ਜੋ ਨਾ ਅੱਕਦੇ ਤੇ ਨਾ ਥੱਕਦੇ ਸਨ। ਪਰਮਾਤਮਾ ਨੂੰ ਧਿਆਉਂਦੇ ਹੋਏ ਸਦਾ ਪਿੰਗਲਿਆਂ ਅਤੇ ਲੂਲ੍ਹਿਆਂ ਦੀ ਸੇਵਾ ਵਿਚ ਲੀਨ ਰਹਿੰਦੇ ਸਨ। ਉਨ੍ਹਾਂ ਦੀ ਕਠਿਨ ਕਮਾਈ, ਕਰੜੀ ਘਾਲਣਾ ਤੇ ਨਿਰਸੁਆਰਥ ਸੇਵਾ ਕਰਕੇ ਹੀ ਉਨ੍ਹਾਂ ਨੂੰ ਅੱਜ ਅਸੀਂ ‘ਆਦਰਸ਼ਕ ਸੇਵਕ’ ਸਮਝਦੇ ਹਾਂ। ਭਗਤ ਪੂਰਨ ਸਿੰਘ ਜੀ ਨੇ ਉਨ੍ਹਾਂ ਬੇਆਸਰਿਆਂ ਨੂੰ ਸਹਾਰਾ ਦਿੱਤਾ, ਜੋ ਦੁਰਕਾਰੇ ਜਾ ਚੁਕੇ ਸਨ ਅਤੇ ਜਿਨ੍ਹਾਂ ਦੀ ਸਮਾਜ ਵਿਚ ਕੋਈ ਥਾਂ ਨਹੀਂ ਸੀ। ਭਗਤ ਜੀ ਉਨ੍ਹਾਂ ਦੇ ਰਹਿਬਰ ਬਣ ਕੇ ਆਏ ਤੇ ਉਨ੍ਹਾਂ ਦੀ ਸੇਵਾ ਵਿਚ ਜੁੱਟ ਗਏ।
ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥ (ਪੰਨਾ 1000)
ਗੁਰਬਾਣੀ ਦੇ ਇਸ ਵਾਕ ਅਨੁਸਾਰ ਭਗਤ ਪੂਰਨ ਸਿੰਘ ਜੀ ਨੇ ਆਪਣੇ ਰਹਿੰਦੇ ਜੀਵਨ ਤਕ ਇਨ੍ਹਾਂ ਪਿੰਗਲਿਆਂ ਤੇ ਬੇਸਹਾਰਿਆਂ ਦੀ ਸੇਵਾ ਕੀਤੀ ਤੇ ਪਰਮਾਤਮਾ ਨੂੰ ਹਰ ਸਮੇਂ ਯਾਦ ਰੱਖਿਆ। ਇਹੋ ਜਿਹੇ ਸੇਵਕਾਂ ਦੀ ਮਿਸਾਲ ਘੱਟ ਹੀ ਮਿਲਦੀ ਹੈ ਜਿਹੜੇ ਨਿਆਸਰਿਆਂ ’ਤੇ ਆਪਣਾ ਸਾਰਾ ਜੀਵਨ ਕੁਰਬਾਨ ਕਰ ਦੇਣ।
ਇਕ ਆਦਰਸ਼ਕ ਸੇਵਕ ਵਿਚ ਗੁਰਬਾਣੀ ਅਨੁਸਾਰ ਅਜਿਹੇ ਗੁਣ ਹੋਣੇ ਚਾਹੀਦੇ ਹਨ:
“ਸੇਵਕ ਆਪਣੇ ਮਨ ਅੰਦਰ ਮਾਨ, ਲੋਭ ਤੇ ਹੋਰ ਵਿਕਾਰਾਂ ਨੂੰ ਦਾਖ਼ਲ ਨਹੀਂ ਹੋਣ ਦਿੰਦਾ। ਉਹ ਹਰੀ ਤੋਂ ਬਿਨਾਂ ਮਨ ਵਿਚ ਕਿਸੇ ਹੋਰ ਨੂੰ ਥਾਂ ਨਹੀਂ ਦਿੰਦਾ। ਉਹ ਕੇਵਲ ਹਰੀ ਅਤੇ ਹਰੀ ਦੇ ਗੁਣਾਂ ਰੂਪੀ ਰਤਨਾਂ ਦਾ ਖ਼੍ਰੀਦਦਾਰ ਹੈ ਤੇ ਇਹੋ ਸਮੱਗਰੀ ਲੱਦ ਕੇ ਲੈ ਚੱਲਿਆ ਹੈ। ਸੇਵਕ ਦੀ ਪ੍ਰੀਤੀ ਤੋੜ ਤਕ ਨਿਭ ਗਈ ਹੈ; ਸਾਰੀ ਉਮਰ ਉਸ ਨੇ ਸਾਹਿਬ ਦੀ ਸੇਵਾ ਕੀਤੀ ਤੇ ਇਸ ਸੰਸਾਰ ਤੋਂ ਜਾਣ ਵੇਲੇ ਵੀ ਸਾਹਿਬ ਨੂੰ ਹੀ ਦਿਲ ਵਿਚ ਰੱਖਿਆ ਹੈ। ਜੋ ਵੀ ਹੁਕਮ ਮਾਲਕ ਨੇ ਦਿੱਤਾ ਹੈ, ਉਸ ਨੇ ਉਸ ਤੋਂ ਕਦੇ ਮੂੰਹ ਨਹੀਂ ਮੋੜਿਆ। ਜੇ ਉਸ ਦੇ ਹੁਕਮ ਵਿਚ ਭੁੱਖੇ ਰਹਿਣਾ ਪਿਆ ਹੈ ਤਾਂ ਇਸ ਨੂੰ ਸੁਖ ਸਮਝਿਆ ਹੈ, ਖੁਸ਼ੀ ਤੇ ਗ਼ਮੀ ਦੋਹਾਂ ਤੋਂ ਉਹ ਉੱਤੇ ਰਿਹਾ ਹੈ। ਜੋ ਵੀ ਹੁਕਮ ਉਸ ਨੂੰ ਸਾਹਿਬ ਵੱਲੋਂ ਆਇਆ ਹੈ, ਉਸ ਖਿੜੇ-ਮੱਥੇ ਪ੍ਰਵਾਨ ਕੀਤਾ ਹੈ। ਤਾਂ ਹੀ ਠਾਕੁਰ ਸੇਵਕ ’ਤੇ ਪ੍ਰਸੰਨ ਹੋਇਆ ਹੈ ਤੇ ਸੇਵਕ ਦੇ ਲੋਕ ਤੇ ਪਰਲੋਕ ਸੰਵਰ ਗਏ ਹਨ। ਧੰਨ ਹੈ ਐਸਾ ਸੇਵਕ ਤੇ ਸਫਲ ਹੈ ਉਸ ਦਾ ਸੰਸਾਰ ਵਿਚ ਆਉਣਾ, ਜਿਸ ਨੇ ਆਪਣੇ ਮਾਲਕ ਨੂੰ ਪਛਾਣ ਲਿਆ ਹੈ।”
ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥ (ਪੰਨਾ 26)
ਭਾਵ ਇਸ ਦੁਨੀਆਂ ਅੰਦਰ ਜੇ ਸੇਵਾ ਕਰਦੇ ਰਹੀਏ ਤਾਂ ਰੱਬ ਦੀ ਦਰਗਾਹ ਵਿਚ ਆਦਰ ਦੀ ਥਾਂ ਮਿਲਦੀ ਹੈ।
ਆਪ ਨੇ ਗੁਰਬਾਣੀ ਦੀ ਇਸ ਤੁਕ ਨੂੰ ਆਪਣੇ ਜੀਵਨ ਵਿਚ ਪੂਰੀ ਤਰ੍ਹਾਂ ਢਾਲਿਆ ਹੋਇਆ ਸੀ ਜਿਸ ਵਿਚ ਉਨ੍ਹਾਂ ਦੀ ਅਗਵਾਈ ਉਨ੍ਹਾਂ ਦੀ ਮਾਤਾ ਮਹਿਤਾਬ ਕੌਰ ਜੀ ਨੇ ਕੀਤੀ।
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥ (ਪੰਨਾ 552)
ਭਗਤ ਪੂਰਨ ਸਿੰਘ ਜੀ ਨੇ ਲੂਲ੍ਹਿਆਂ ਤੇ ਪਿੰਗਲਿਆਂ ਦੀ ਦੇਖਭਾਲ ਨੂੰ ਪ੍ਰਭੂ ਪਰਮਾਤਮਾ ਦੀ ਸੇਵਾ ਹੀ ਸਮਝਿਆ। ਉਹ ਸਮਝਦੇ ਸਨ ਕਿ ਸਾਰਾ ਸੰਸਾਰ ਹੀ ਮੇਰਾ ਘਰ ਹੈ। ਹਰ ਦੁਖੀਆ ਬਾਲਕ, ਹਰ ਸਤਿਆ, ਤੰਗ ਆਇਆ ਇਨਸਾਨ ਮੇਰਾ ਆਪਣਾ ਹੈ। ਉਨ੍ਹਾਂ ਨੇ ਦੀਨ-ਦੁਖੀਆਂ ਦੀ ਸੇਵਾ ਨੂੰ ਸਤਿਗੁਰ ਦੀ ਸੇਵਾ ਸਮਝ ਕੇ ਖਿੜੇ-ਮੱਥੇ ਪ੍ਰਵਾਨ ਕੀਤਾ। ਬੇਸ਼ੱਕ ਮਾਤਾ ਜੀ ਵੱਲੋਂ ਪਾਏ ਧਾਰਮਿਕ ਸਸਕਾਰ ਉਨ੍ਹਾਂ ਨੂੰ ਪ੍ਰਭੂ ਨਾਲ, ਪਰਮਾਤਮਾ ਦੇ ਪਿਆਰ ਨਾਲ ਜੋੜੀ ਰੱਖਦੇ, ਪਰ ਉਨ੍ਹਾਂ ਦੇ ਅੰਦਰੋਂ ਹਮੇਸ਼ਾਂ ਇਹੀ ਆਵਾਜ਼ ਆਉਂਦੀ ਕਿ ਭਗਤੀ ਤੋਂ ਇਲਾਵਾ ਵੀ ਮਨੁੱਖਤਾ ਲਈ ਕੁਝ ਕਰਨਾ ਇਨਸਾਨੀ ਫ਼ਰਜ਼ ਹੈ:
ਗੁਰ ਕੀ ਸੇਵਾ ਪਾਏ ਮਾਨੁ ॥ ਗੁਰ ਊਪਰਿ ਸਦਾ ਕੁਰਬਾਨੁ ॥ (ਪੰਨਾ 864)
ਸਿੱਖੀ-ਸਿਧਾਂਤਾਂ ਉੱਪਰ ਚੱਲਦਿਆਂ ਆਪ ਹਮੇਸ਼ਾਂ ਹੀ ਗੁਰੂ ਦੀ ਸੇਵਾ ਲਈ ਤੱਤਪਰ ਰਹਿੰਦੇ ਸਨ। ਮਨੁੱਖਤਾ ਦੀ ਸੇਵਾ ਕਰ ਕੇ ਗੁਰੂ ਨੂੰ ਪ੍ਰਸੰਨ ਕੀਤਾ ਜਾ ਸਕਦਾ ਹੈ। ਇਸ ਲਈ ਭਗਤ ਪੂਰਨ ਸਿੰਘ ਜੀ ਮਨੁੱਖਤਾ ਦੇ ਕਲਿਆਣ ਵਾਸਤੇ ਕੁਰਬਾਨ ਜਾਣ ਲਈ ਤਿਆਰ ਰਹਿੰਦੇ ਸਨ। ਇਸੇ ਕਰਕੇ ਹੀ ਭਗਤ ਹੁਰਾਂ ਆਪਣਾ ਪਿਆਰ ਪਿੰਗਲਿਆਂ, ਅਨਾਥਾਂ, ਬੇਸਹਾਰਾ ਲੋਕਾਂ ਨਾਲ ਪਾ ਲਿਆ। ਉਨ੍ਹਾਂ ਨੇ ਪਿੰਗਲੇ ਬਾਲਕ ਪਿਆਰਾ ਸਿੰਘ, ਤਪਦਿਕ ਦੇ ਰੋਗ ਨਾਲ ਮਰ ਰਹੇ ਜੀਤੇ ਨਾਲ ਅਤੇ ਅਨੇਕਾਂ ਹੋਰ ਜੀਤਿਆਂ ਨਾਲ ਪਿਆਰ ਪਾਇਆ, ਜੋ ਸਦੀਵੀ ਹੋ ਨਿੱਬੜਿਆ।
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ (ਪੰਨਾ 470)
ਇਸ ਪਾਵਨ ਵਾਕ ਅਨੁਸਾਰ ਭਗਤ ਜੀ ਹੁਰਾਂ ਵਿਚ ਨਿਮਾਣਿਆਂ ਅਤੇ ਨਿਥਾਵਿਆਂ ਦੀ ਸੇਵਾ ਕਰਦਿਆਂ ਕਦੇ ਵੀ ਹੰਕਾਰ/ਮਾਣ ਪੈਦਾ ਨਹੀਂ ਸੀ ਹੋਇਆ, ਸਗੋਂ ਉਹ ਇਸ ਨੂੰ ਗੁਰੂ ਦਾ ਹੁਕਮ ਕਰਕੇ ਮੰਨਦੇ ਸਨ। ਚੰਗਿਆਈ ਦੇ ਤੱਤ ਨੂੰ ਧਿਆਨ ਵਿਚ ਰੱਖਦਿਆਂ ਭਗਤ ਹੁਰਾਂ ਨੇ ਜਵਾਨੀ ਦੀ ਉਮਰ ਵਿਚ ਹੀ ਖੱਦਰ ਅਪਣਾ ਲਿਆ, ਹੱਥ ਵਿਚ ਲੋਹੇ ਦਾ ਬਾਟਾ ਫੜ ਲਿਆ ਅਤੇ ਲਾਹੌਰ ਦੇ ਬਾਜ਼ਾਰਾਂ ਵਿੱਚੋਂ ਲੰਘਦਿਆਂ ਉਹ ਕੋਈ ਵੀ ਕਿੱਲ, ਕੰਡਾ ਜ਼ਮੀਨ ’ਤੇ ਨਾ ਰਹਿਣ ਦਿੰਦੇ। ਕੋਈ ਪ੍ਰਾਣੀ-ਮਾਤਰ ਜ਼ਖ਼ਮੀ ਹੋਣ ਤੋਂ ਬਚੇ, ਇਸ ਖ਼ਿਆਲ ਨਾਲ ਉਹ ਕਿੱਲ, ਕੰਡਾ ਚੁੱਕ ਕੇ ਬਾਟੇ ਵਿਚ ਪਾ ਲੈਂਦੇ। ਅਹਿੰਸਾ-ਪ੍ਰੇਮੀ ਹੋਣ ਸਦਕਾ ਟਾਂਗਿਆਂ ਅਤੇ ਗੱਡਿਆਂ ਅੱਗੇ ਜੁੱਪੇ ਜ਼ਖ਼ਮੀ ਘੋੜਿਆਂ ਅਤੇ ਝੋਟਿਆਂ, ਬੈਲਾਂ ਦੇ ਜ਼ਖ਼ਮਾਂ ’ਤੇ ਦਵਾ ਲਾਉਂਦੇ, ਨਾਲ ਹੀ ਉਨ੍ਹਾਂ ਦੇ ਮਾਲਕਾਂ ਨੂੰ ਰੱਬੀ ਤਰਸ ਦਾ ਸੁਨੇਹਾ ਦਿੰਦੇ ਸਨ।
ਇੰਞ ਹੀ ਉਨ੍ਹਾਂ ਨੇ ਮਹਾਂਪੁਰਸ਼ਾਂ ਦੇ ਜੀਵਨ-ਬਿਰਤਾਂਤ ਤੋਂ ਵੀ ਬੇਅੰਤ ਪ੍ਰੇਰਨਾ ਲਈ। ਉਹ ਆਪ ਸਵੀਕਾਰਦੇ ਹਨ ਕਿ ਉਨ੍ਹਾਂ ਨੂੰ ਸਿੱਖੀ ਦੀ ਇਹ ਜੀਵਨ-ਜਾਚ ਬਹੁਤ ਪ੍ਰਭਾਵਿਤ ਕਰਦੀ ਹੈ ਕਿ ਗੁਰਦੁਆਰਿਆਂ ਵਿਚ ਲੰਗਰ ਹਮੇਸ਼ਾਂ ਚੱਲਦਾ ਰਹੇ ਤੇ ਗੁਰਦੁਆਰਿਆਂ ਵਿਖੇ ਲੋੜਵੰਦਾਂ ਲਈ ਰਹਿਣ ਦੇ ਦਰ ਹਮੇਸ਼ਾ ਖੁੱਲ੍ਹੇ ਰਹਿਣ। ਸਾਰੀ ਜਵਾਨੀ ਉਨ੍ਹਾਂ ਇਸੇ ਪ੍ਰੇਰਨਾ ਅਧੀਨ ਕੰਮ ਕਰਦਿਆਂ ਮਨੁੱਖਤਾ ਦੀ ਸੇਵਾ ਵਿਚ ਲਾਈ ਅਤੇ ਆਪਣੀਆਂ ਲਿਖਤਾਂ ਵਿਚ ਵੀ ਇਸੇ ਸੇਵਾ ਵਿੱਚੋਂ ਅਨੁਭਵ ਕੀਤੇ ਅਨੰਦ ਨੂੰ ਦਰਸਾਇਆ ਹੈ।
ਇਸੇ ਤਰ੍ਹਾਂ ਹਜ਼ਰਤ ਮੁਹੰਮਦ ਸਾਹਿਬ ਦੇ ਸੇਵਾ-ਸੰਕਲਪ ਦਾ ਉਨ੍ਹਾਂ ਉੱਤੇ ਵਿਸ਼ੇਸ਼ ਪ੍ਰਭਾਵ ਪਿਆ। ਗੁਰੂ ਰਾਮਦਾਸ ਜੀ ਨੇ ਅਕਾਲ ਪੈਣ ’ਤੇ ਲਾਹੌਰ ਆ ਕੇ ਜੋ ਬੀਮਾਰਾਂ ਤੇ ਦੀਨ-ਦੁਖੀਆਂ ਦੀ ਸੇਵਾ ਕੀਤੀ ਉਸ ਨੂੰ ਸਦਾ ਹੀ ਭਗਤ ਜੀ ਨੇ ਆਦਰਸ਼ ਰੂਪ ’ਚ ਸਨਮੁਖ ਰੱਖਿਆ।
ਉਨ੍ਹਾਂ ਦੀ ਅਖ਼ੀਰਲੀ ਉਮਰ ਵਿਚ ਉਨ੍ਹਾਂ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮ ਸ਼੍ਰੀ’ ਦਾ ਸਨਮਾਨ ਦਿੱਤਾ। ਪਰ ਜਦ ਜੂਨ 1984 ਵਿਚ ਫ਼ੌਜ ਨੇ ਬੇਲੋੜਾ ਕਤਲੇਆਮ ਕਰ ਕੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਨੂੰ ਤਹਿਸ-ਨਹਿਸ ਕੀਤਾ ਤੇ ਹਜ਼ਾਰਾਂ ਨਿਰਦੋਸ਼ ਸਿੱਖ ਯਾਤਰੀ ਮਾਰੇ ਤਾਂ ਉਸ ਨਾਲ ਭਗਤ ਜੀ ਦਾ ਅਤਿ ਸੰਵੇਦਨਸ਼ੀਲ ਹਿਰਦਾ ਰੋ ਉੱਠਿਆ। ਉਨ੍ਹਾਂ ‘ਪਦਮ ਸ਼੍ਰੀ’ ਦੇ ਸਨਮਾਨ ਨੂੰ ਠੋਕਰ ਮਾਰ ਕੇ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤਾ।
ਜੀਵਨ ਦੇ ਆਖ਼ਰੀ ਦਹਾਕੇ ਦੌਰਾਨ ਉਨ੍ਹਾਂ ਨੇ ਗੋਇੰਦਵਾਲ ਸਾਹਿਬ ਤੇ ਪੰਡੋਰੀ ਵੜੈਚ ਵਿਖੇ ਪਿੰਗਲਵਾੜੇ ਦੀਆਂ ਸ਼ਾਖਾਵਾਂ ਕਾਇਮ ਕੀਤੀਆਂ ਅਤੇ ਇਸ ਬਿਰਧ ਅਵਸਥਾ ਵਿਚ ਇਸ ਸੰਸਥਾ ਨੂੰ ਹੋਰ ਅੱਗੇ ਤੋਰਿਆ, ਜਿਸ ਦਾ ਸਾਲਾਨਾ ਖ਼ਰਚਾ ਲਗਭਗ 1 ਕਰੋੜ ਤੋਂ ਉੱਪਰ ਪੁੱਜ ਚੁੱਕਿਆ ਸੀ।
ਇਹ ਮਹਾਂ-ਮਾਨਵ ਅਤੇ ਨਿਰਸੁਆਰਥ ਸੇਵਕ ਮਿਤੀ 5 ਅਗਸਤ, 1992 ਨੂੰ ਇਸ ਨਾਸ਼ਵਾਨ ਸੰਸਾਰ ਨੂੰ ਤਿਆਗ ਗਿਆ। ਅਪਾਹਜਾਂ, ਲੂਲ੍ਹਿਆਂ, ਬੇਆਸਰਿਆਂ, ਦੁਖੀ ਇਸਤਰੀਆਂ, ਅਨਾਥ ਤੇ ਬਿਮਾਰ ਬੱਚਿਆਂ ਦਾ ਐਸਾ ਮਸੀਹਾ ਮੁੜ ਨਹੀਂ ਲੱਭਣਾ!
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ