‘ਆਸਾ ਕੀ ਵਾਰ’ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਮੁੱਖ ਰਚਨਾ ਹੈ। ਗੁਰੂ ਸਾਹਿਬ ਦੇ ਵੇਲੇ ਪੰਜਾਬ ਵਿਚ ਵਾਰ ਕਾਵਿ ਕਾਫ਼ੀ ਪ੍ਰਚਲਿਤ ਹੋ ਚੁੱਕਾ ਸੀ। ਢਾਡੀ ਲੋਕ ਢੱਡ ਤੇ ਸਾਰੰਗੀ ਨਾਲ ਯੋਧਿਆਂ ਦੀਆਂ ਵਾਰਾਂ ਗਾਉਂਦੇ ਸਨ। ਢਾਡੀਆਂ ਨੇ ਖਲੋ ਕੇ ਵਾਰਾਂ ਗਾਉਣ ਦੀ ਪਿਰਤ ਪੰਜਾਬੀ ਰੂਪ ਵਿਚ ਯੂਨਾਨ ਵਾਲਿਆਂ ਤੋਂ ਅਪਣਾਈ ਲਗਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵਾਰ ਕਿਸੇ ਭਾਰਤੀ ਯੋਧੇ ਦੀ ਸੂਰਬੀਰਤਾ ਅਤੇ ਆਦਰਸ਼ ਭਰਪੂਰ ਜੀਵਨ ਦੀ ਪ੍ਰਸੰਸਾ ਪਉੜੀ ਛੰਦ ਵਿਚ ਜੋਸ਼ੀਲੇ ਢੰਗ ਨਾਲ ਗਾ ਕੇ ਦੇਸ਼ ਵਾਸੀਆਂ ਦੀ ਸੁੱਤੀ ਅਣਖ ਨੂੰ ਜਗਾਇਆ ਜਾਂਦਾ ਸੀ ਅਤੇ ਦੇਸ਼ ਦੀ ਰੱਖਿਆ ਲਈ ਯੋਧਿਆਂ ਨੂੰ ਵੰਗਾਰਿਆ ਜਾਂਦਾ ਸੀ। ਲੋਕ ਪਰੰਪਰਾ ਉੱਤੇ ਆਧਾਰਿਤ ‘ਵਾਰ’ ਪੰਜਾਬੀ ਭਾਸ਼ਾ ਦਾ ਲੋਕ ਕਾਵਿ ਰੂਪ ਹੈ ਜਿਸ ਦਾ ਅਰਥ ਹੈ ਸਾਹਮਣਾ ਕਰਨਾ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ‘ਆਸਾ ਕੀ ਵਾਰ’ ਦਾ ਵਾਰ ਜਗਤ ਵਿਚ ਆਪਣਾ ਵਿਸ਼ੇਸ਼ ਸਥਾਨ ਹੈ। ਆਸਾ ਕੀ ਵਾਰ ਵਿਚਲਾ ਮਾਰਗ ਅਸਲ ਵਿਚ ਅਧਿਆਤਮਕ ਮਾਰਗ ਹੈ। ਇਸ ਲਈ ਇਸ ਵਿਚ ਨੇਕੀ, ਸੱਚ, ਪ੍ਰੇਮ, ਆਸਤਕਤਾ, ਸ਼ਰਧਾ, ਨਿਮਰਤਾ ਆਦਿ ਦਾ ਜੱਸ ਗਾਇਆ ਗਿਆ ਹੈ ਅਤੇ ਬਦੀ, ਕੂੜ, ਕਰਮਕਾਂਡ, ਨਾਸਤਕਤਾ ਤੇ ਹਉਮੈ ਦੀ ਨਿੰਦਾ ਕੀਤੀ ਹੈ। ਪੁਰਾਤਨ ਵਾਰਾਂ ਵਿਚ ਯੋਧਿਆਂ ਦੀ ਟੱਕਰ ਦਾ ਹਾਲ ਹੁੰਦਾ ਸੀ ਪਰ ਆਸਾ ਕੀ ਵਾਰ ਵਿਚ ਗੁਰਮੁਖਤਾ ਤੇ ਮਨਮੁਖਤਾ ਦੀ ਟੱਕਰ ਹੈ। ਪਹਿਲੀਆਂ ਵਾਰਾਂ ਵਿਚ ਬੀਰ ਰਸ ਪ੍ਰਧਾਨ ਸੀ ਪਰ ਆਸਾ ਕੀ ਵਾਰ ਵਿਚ ਸ਼ਾਂਤ ਰਸ ਦੀ ਨਿਸ਼ਪਤੀ ਹੁੰਦੀ ਹੈ ਜੋ ਕਿ ਨਿਵੇਕਲਾ ਕਾਰਜ ਹੈ। ਜਿਵੇਂ ਕਿ ਵਾਰ ਨੂੰ ਪਉੜੀਆਂ ਵਿਚ ਲਿਖਿਆ ਜਾਂਦਾ ਹੈ ਤੇ ਗਾਉਣ ਵਾਲੇ ਆਮ ਕਰਕੇ ਪਉੜੀ ਖ਼ਤਮ ਹੋਣ ਤੋਂ ਬਾਅਦ ਕਲੀ ਬੋਲਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਸਾ ਕੀ ਵਾਰ ਵਿਚ ਅੰਕਿਤ ਪਉੜੀਆਂ ਦੇ ਆਸ਼ੇ ਦੇ ਪ੍ਰਗਟਾਵੇ ਲਈ ਸਲੋਕ ਸ਼ਾਮਲ ਕੀਤੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਆਸਾ ਕੀ ਵਾਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਰਚਨਾ ਦੇ ਕਰਤਾ ਨੇ ਪਹਿਲੀ ਵਾਰ ਪਰੰਪਰਾ ਤੋਂ ਵੱਖਰੀ ਗੱਲ ਕੀਤੀ ਤੇ ਅਧਿਆਤਮਕ ਵਾਰ ਦਾ ਮੁੱਢ ਬੰਨ੍ਹਿਆ। ਉਨ੍ਹਾਂ ਮਨੁੱਖ ਦੀ ਥਾਂ ਪ੍ਰਭੂ ਨੂੰ ਵਾਰ ਦਾ ਨਾਇਕ ਅੰਕਿਤ ਕੀਤਾ। ਉਨ੍ਹਾਂ ਵਾਰ ਦੇ ਪ੍ਰਸੰਗ ਵਿਚ ਖ਼ੁਦ ਨੂੰ ਢਾਡੀ ਘੋਸ਼ਿਤ ਕੀਤਾ ਹੈ। ਉਨ੍ਹਾਂ ਇਸ ਵਾਰ ਨੂੰ ‘ਟੁੰਡੇ ਅਸਰਾਜੇ ਕੀ ਧੁਨੀ’ ਉੱਪਰ ਅੰਕਿਤ ਕਰਕੇ ਲੋਕ ਮਨ ਦੇ ਨੇੜੇ ਲੈ ਆਂਦਾ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਵਾਰ ਸਲੋਕਾਂ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ’ ਦੇ ਆਧਾਰ ’ਤੇ ਲੋੜ ਅਨੁਸਾਰ ਵਾਰ ਵਿਚ ਪਉੜੀਆਂ ਦੇ ਨਾਲ ਸਲੋਕ ਦਰਜ ਕੀਤੇ ਤੇ ਵਾਰ ਦੇ ਵਿਸ਼ੇ ਦਾ ਵਿਸ਼ਲੇਸ਼ਣ ਸੁਚੱਜੇ ਢੰਗ ਨਾਲ ਕੀਤਾ।
ਪਹਿਲੇ ਗੁਰੂ ਸਮੇਂ ‘ਆਸਾ ਕੀ ਵਾਰ’ ਦੀਆਂ 24 ਪਉੜੀਆਂ ਤੇ 44 ਸਲੋਕ ਸਨ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਨ ਵੇਲੇ ਇਸ ਵਿਚ 15 ਹੋਰ ਸਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਥਾਂ-ਥਾਂ ’ਤੇ ਭਾਵ ਦੀ ਅਨੁਕੂਲਤਾ ਅਨੁਸਾਰ ਅੰਕਿਤ ਕਰ ਦਿੱਤੇ।
ਇਹ ਸਲੋਕ ਤੇ ਪਉੜੀਆਂ ਵਿਕੋਲਿਤਰੇ ਟੋਟਕੇ ਨਹੀਂ, ਸਗੋਂ ਇਕ ਭਾਵ ਦੀ ਲੜੀ ਵਿਚ ਪਰੋਤੇ ਹੋਏ ਹਨ। ਪਉੜੀਆਂ ਦੀ ਕ੍ਰਮਵਾਰ ਗਿਣਤੀ ਸਪੱਸ਼ਟ ਕਰਦੀ ਹੈ ਕਿ ਵਾਰ ਦੀ ਅਸਲੀ ਵਸਤੂ ਪਉੜੀ ਹੈ ਅਤੇ ਸਾਰੀ ਵਾਰ ਇਕ ਨਿਸ਼ਚਿਤ ਉਦੇਸ਼ ਨੂੰ ਪ੍ਰਗਟ ਕਰਨ ਲਈ ਲਿਖੀ ਹੋਈ ਹੈ। ਉਸ ਦਾ ਵਿਸ਼ਾ ਅਧਿਆਤਮਕ ਉਪਦੇਸ਼ ਜਾਂ ਅਗਵਾਈ ਕਰਨਾ ਹੈ। ਇਸ ਵਿਸ਼ੇ ਦੀ ਪੇਸ਼ਕਾਰੀ ਲਈ ਗੁਰੂ ਜੀ ਨੇ ਪਉੜੀਆਂ ਦੀ ਸਿਰਜਣਾ ਇੱਕੋ ਵਕਤ, ਇੱਕੋ ਅਨੁਭਵ ਤੇ ਪਰਸਾਰ ਦੇ ਨੁਕਤੇ ਉੱਤੇ ਕੇਂਦ੍ਰਿਤ ਹੋ ਕੇ ਕੀਤੀ ਹੈ। ਇਸ ਲਈ ਸਾਰੀਆਂ ਪਉੜੀਆਂ ਇਸ ਅਧਿਆਤਮਕ ਵਿਸ਼ੇ ਦਾ ਨਿਸ਼ਚਿਤ ਰੂਪ ਵਿਚ ਵਿਕਾਸ ਕਰਦੀਆਂ ਹਨ। ਇਸ ਵਾਰ ਦੀਆਂ ਪਉੜੀਆਂ, ਇਕੀਸ਼ਵਰਵਾਦ, ਸ੍ਰਿਸ਼ਟੀ ਸਿਰਜਨਾ, ਗੁਰੂ ਮਹਿਮਾ, ਨਾਮ ਸਿਮਰਨ, ਰਹੱਸ ਅਨੁਭੂਤੀ ਦੀ ਅਭਿਵਿਅਕਤੀ ਕਰਦੀਆਂ ਹਨ। ਜਦੋਂ ਕਿ ਸਲੋਕਾਂ ਦੇ ਵਿਸ਼ੇ ਬਹੁਪੱਖੀ ਹਨ। ਸਲੋਕਾਂ ਵਿਚ ਸੰਬੰਧਤ ਪਉੜੀ ਦੁਆਰਾ ਪ੍ਰਗਟਾਏ ਗਏ ਅਧਿਆਤਮਕ ਅਨੁਭਵ ਦੀ ਵਿਆਖਿਆ ਜਾਂ ਪੁਸ਼ਟੀ ਕੀਤੀ ਜਾਪਦੀ ਹੈ। ਸਲੋਕਾਂ ਵਿਚ ਗੱਲ ਵਿਹਾਰਕ ਪੱਧਰ ’ਤੇ ਪ੍ਰਗਟ ਕੀਤੀ ਗਈ ਹੈ, ਜਿਨ੍ਹਾਂ ਦਾ ਉਦੇਸ਼ ਸਮਾਜਿਕ, ਧਾਰਮਿਕ ਤੇ ਸਦਾਚਾਰਕ ਅਗਵਾਈ ਕਰਨਾ ਹੈ। ਸਲੋਕਾਂ ਵਿਚ ਅਧਿਕਤਰ ਯੁਗ ਚਿਤਰਨ, ਭੇਖਾਂ ਦਾ ਖੰਡਨ, ਕੁਰੁਚੀਆਂ ਤੇ ਸੁਰੁਚੀਆਂ ਆਦਿ ਅਨੇਕਾਂ ਪੱਖਾਂ ਦਾ ਚਿਤਰਨ ਮਿਲਦਾ ਹੈ। ਪਉੜੀਆਂ ਨਾਲ ਸਲੋਕਾਂ ਦੀ ਸ਼ਮੂਲੀਅਤ ਨਾਲ ਇਕ ਪਾਸੇ ਜੇ ਵਾਰਾਂ ਦੇ ਵਿਸ਼ੇ ਨੂੰ ਵਿਸਤਾਰ ਮਿਲਿਆ ਤਾਂ ਦੂਜੇ ਪਾਸੇ ਰਹੱਸ ਅਨੁਭੂਤੀ ਨੂੰ ਸਮਾਜਿਕ ਪ੍ਰਕਰਣ ਵਿਚ ਪੇਸ਼ ਕੀਤਾ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਉੜੀ ਨਾਲ ਸੰਬੰਧਿਤ ਸਲੋਕਾਂ ਨੂੰ ਪਉੜੀ ਤੋਂ ਪਹਿਲਾਂ ਸਥਾਪਿਤ ਕੀਤਾ ਤੇ ਹਰ ਪਉੜੀ ਤੋਂ ਪਹਿਲਾਂ ਦੋ ਜਾਂ ਤਿੰਨ ਸਲੋਕ ਰੱਖੇ ਤਾਂ ਕਿ ਪਉੜੀ ਸੰਪੂਰਨ ਭਾਵ ਸਮਝਿਆ ਜਾ ਸਕੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਥੇ ‘ਆਸਾ ਕੀ ਵਾਰ’ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਲੋਕ ਸ਼ਾਮਲ ਕੀਤੇ, ਉਥੇ ਇਸ ਨੂੰ ਲੋਕ ਵਾਰ ਦਾ ਰੂਪ ਦੇਣ ਲਈ ‘ਟੁੰਡੇ ਅਸਰਾਜੇ ਕੀ ਧੁਨੀ’ ਲੋਕ ਧੁਨੀ ਅਧੀਨ ਗਾਉਣ ਦੀ ਪ੍ਰਥਾ ਨੂੰ ਪ੍ਰਚਲੱਤ ਕਰਕੇ ਇਸ ਨੂੰ ਲੋਕ ਮਨ ਦੇ ਨੇੜੇ ਲੈ ਆਂਦਾ।
ਹਰੇਕ ਪਉੜੀ ਤੇ ਉਸ ਤੋਂ ਪਹਿਲਾਂ ਦਿੱਤੇ ਗਏ ਸਲੋਕ, ਵਾਰ ਦੇ ਵਿਸ਼ੇ ਦੀ ਇਕ ਨਿਸ਼ਚਿਤ ਇਕਾਈ ਕਹੀ ਜਾ ਸਕਦੀ ਹੈ। ਅਸਲ ਗੱਲ ਇਹ ਹੈ ਕਿ ਪਉੜੀ ਵਿਚ ਭਾਵ ਜਾਂ ਅਸੂਲ ਨੂੰ ਆਮ ਸ਼ਬਦਾਂ ਵਿਚ ਪੇਸ਼ ਕੀਤਾ ਹੁੰਦਾ ਹੈ ਅਤੇ ਉਸ ਦੇ ਨਾਲ ਸ਼ਾਮਲ ਸਲੋਕਾਂ ਵਿਚ ਉਸੇ ਪਉੜੀ ਦੇ ਭਾਵ ਨੂੰ ਉਦਾਹਰਣਾਂ ਦੇ ਕੇ ਰਸਮਾਂ-ਰਿਵਾਜਾਂ ਤੇ ਸ਼ਾਮਲ ਸਲੋਕਾਂ ਵਿਚ ਸਮਾਜਿਕ ਵਰਤਾਰੇ ਵੱਲ ਇਸ਼ਾਰਾ ਕੀਤਾ ਜਾਂਦਾ ਹੈ।
ਵਾਰ ਦਾ ਆਰੰਭ ਸਲੋਕਾਂ ਨਾਲ ਕੀਤਾ ਹੈ, ਉਪਰੰਤ ਪਉੜੀ ਤੇ ਫਿਰ ਉਸ ਦਾ ਅੰਕ ਦਰਜ ਹੈ। ਇਸ ਅੰਕ ਉੱਤੇ ਆ ਕੇ ਇਕ ਤਰ੍ਹਾਂ ਨਾਲ ਉਸ ਪਉੜੀ ਦੀ ਇਕਾਈ ਸਮਾਪਤ ਹੋ ਜਾਂਦੀ ਹੈ ਉਸ ਤੋਂ ਅੱਗੇ ਸਲੋਕਾਂ ਰਾਹੀਂ ਨਵੀਂ ਇਕਾਈ ਦਾ ਆਰੰਭ ਹੋ ਜਾਂਦਾ ਹੈ। ਸਪੱਸ਼ਟ ਹੈ ਕਿ ਜੇ ਸਲੋਕਾਂ ਅਤੇ ਪਉੜੀਆਂ ਦੇ ਇਸ ਸੰਬੰਧ ਨੂੰ ਸਮਝੇ ਬਿਨਾਂ ਵਾਰ ਦਾ ਪਾਠ ਕੀਤਾ ਜਾਵੇ ਤਾਂ ਅਰਥਾਂ ਦੀ ਸੋਝੀ ਵਿਚ ਮੁਸ਼ਕਲ ਆਵੇਗੀ। ਉਦਾਹਰਨ ਵਜੋਂ ਛੇਵੀਂ ਪਉੜੀ ਦੇਖੋ:
ਪਹਿਲਾਂ ਸਲੋਕ ਅੰਕਿਤ ਹਨ:
ਸਲੋਕ ਮ: 1
ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ॥ (ਪੰਨਾ 465)
ਸਲੋਕ ਮ: 2
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਆਿਰ॥ (ਪੰਨਾ 466)
ਪਉੜੀ :
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ॥ (ਪੰਨਾ 466)
ਇਸ ਪਉੜੀ ਦੇ ਸਲੋਕਾਂ ਵਿਚ ਧਾਰਮਿਕ ਫਿਰਕੇਬੰਦੀ ਤੇ ਮਜ਼੍ਹਬ ਦੀ ਹਉਮੈ ਦੇ ਵੱਖ-ਵੱਖ ਰੂਪ ਦਿੱਤੇ ਗਏ ਹਨ। ਉਸ ਨੂੰ ਦੂਰ ਕਰਨ ਦੇ ਸਾਧਨ ਜਾਂ ਮੁਕਾਬਲੇ ਦੀ ਸਚਾਈ ਪਉੜੀ ਵਿਚ ਦਿੱਤੀ ਗਈ ਹੈ। ਪਉੜੀ ਵਿਚ ਦੱਸਿਆ ਗਿਆ ਹੈ ਕਿ ਧਾਰਮਿਕ ‘ਮੋਹ’ ਤੋਂ ਛੁਟਕਾਰਾ ਗੁਰੂ ਹੀ ਦਿਵਾ ਸਕਦਾ ਹੈ ਜੋ ਵੱਖ-ਵੱਖ ਫਿਰਕਿਆਂ ਵਿਚ ਵੰਡੇ ਹੋਏ ਮਨੁੱਖਾਂ ਅੰਦਰ ਇੱਕੋ ਜਗਤ ਜੀਵਨ ਪਸਰਿਆ ਹੋਇਆ ਵਿਖਾ ਕੇ ਉਸ ਨਾਲ ਪਿਆਰ ਪੁਆ ਦਿੰਦਾ ਹੈ। ਇਸ ਨਾਲ ਫਿਰਕੇਬੰਦੀ ਤੇ ਧਾਰਮਿਕ ਹਉਮੈ ਮੁੱਕ ਜਾਂਦੀ ਹੈ। ਇਸ ਪਉੜੀ ਦੇ ਸਲੋਕਾਂ ਦਾ ਭਾਵ ਧਿਆਨ ਵਿਚ ਰੱਖੇ ਬਿਨਾਂ ਪਉੜੀ ਵਿਚ ਦਿੱਤੇ ‘ਮੋਹੁ’ ਅਤੇ ‘ਜਗ ਜੀਵਨ ਦਾਤਾ’ ਦੇ ਅਰਥ ਠੀਕ-ਠੀਕ ਸਮਝ ਨਹੀਂ ਆ ਸਕਦੇ। ਇਸੇ ਤਰ੍ਹਾਂ ਬਾਕੀ ਪਉੜੀਆਂ ਦੀ ਸ਼ੁੱਧ ਵਿਆਖਿਆ ਕਰਨ ਸਮੇਂ ਉਨ੍ਹਾਂ ਨਾਲ ਸੰਬੰਧਿਤ ਸਲੋਕਾਂ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ।
ਸ੍ਰੀ ਗੁਰੂ ਅਰਜਨ ਸਾਹਿਬ ਜੀ ਦੁਆਰਾ ਮੂਲ ਵਾਰ ਦੀਆਂ ਪਉੜੀਆਂ ਦੇ ਨਾਲ ਸਲੋਕ ਵਧਾਉਣ ਬਾਰੇ ਡਾ. ਦੀਵਾਨ ਸਿੰਘ ਦੇ ਇਸ ਮਤ ਨਾਲ ਅਸੀਂ ਸਹਿਮਤ ਹਾਂ ਕਿ ਗੁਰੂ ਸਾਹਿਬ ਨੇ ਦੋ ਗੱਲਾਂ ਨੂੰ ਮੁੱਖ ਰੱਖ ਕੇ ਅਜਿਹਾ ਕੀਤਾ ਹੋਵੇਗਾ:
1. ਪਹਿਲੀ ਗੱਲ ਇਹ ਹੈ ਕਿ ਵਾਰ ਰਚਨ ਦਾ ਮੁੱਢਲਾ ਆਸ਼ਾ ਗੁਰਮਤਿ ਪ੍ਰਚਾਰ ਦਾ ਸੀ। ਇਸ ਲਈ ਪ੍ਰਚਾਰ ਜਾਂ ਉਪਦੇਸ਼ ਨੂੰ ਮੁੱਖ ਰੱਖ ਕੇ ਵਾਰ ਦੀਆਂ ਪਉੜੀਆਂ ਦੇ ਨਾਲ ਸਲੋਕ ਵਧਾਏ ਗਏ ਹੋਣਗੇ ਤਾਂ ਜੋ ਸਿੱਖ ਸੰਗਤ ਨੂੰ ਉਪਦੇਸ਼ ਵਜੋਂ ਭਰਪੂਰ ਤੇ ਬਹੁਪੱਖੀ ਗੁਰਬਾਣੀ ਰੂਪ ਸਿੱਖਿਆ ਤੇ ਉਹ ਵੀ ਕੀਰਤਨ ਦੇ ਰੰਗ ਢੰਗ ਵਿਚ ਪ੍ਰਾਪਤ ਹੋ ਜਾਏ।
2. ਦੂਜਾ ਅਨੁਮਾਨ ਇਹ ਹੋ ਸਕਦਾ ਹੈ ਕਿ ਗੁਰੂ ਸਾਹਿਬ ਆਪਣੇ ਜੀਵਨ ਦੇ ਸਾਧਾਰਨ ਤੇ ਵਿਸ਼ੇਸ਼ ਅਵਸਰਾਂ ’ਤੇ ਪ੍ਰਸੰਗ ਵਜੋਂ ‘ਪਰਥਾਇ ਸਾਖੀ ਮਹਾਂ ਪੁਰਖ ਬੋਲਦੇ’ ਅਨੁਸਾਰ ਜੋ ਵਿਚਾਰ ਕਰਦੇ ਸਨ, ਉਹ ਸਲੋਕਾਂ ਦੇ ਰੂਪ ਵਿਚ ਹੀ ਹੁੰਦਾ ਸੀ। ਕਿਉਂਕਿ ਸਲੋਕ ਪੁਰਾਤਨ ਸਮਿਆਂ ਤੋਂ ਪ੍ਰਚੱਲਤ ਇਕ ਛੋਟੇ ਆਕਾਰ ਦਾ ਕਾਵਿ ਰੂਪ ਹੁੰਦਾ ਸੀ। ਅਜਿਹੇ ਸਲੋਕਾਂ ਦੀ ਬਹੁਤ ਭਾਰੀ ਗਿਣਤੀ ਗੁਰੂ ਸਾਹਿਬਾਨ ਦੇ ਜੀਵਨ ਵਿਚ ਸਹਿਜ ਸੁਭਾ ਹੀ ਰਚੀ ਹੋਈ ਇਕੱਠੀ ਹੋ ਗਈ ਸੀ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਕ ਥਾਂ ਇਕੱਠੀ ਦਰਜ ਕਰਨ ਦੀ ਥਾਂ ਵਾਰਾਂ ਦੇ ਨਾਲ ਸ਼ਾਮਲ ਕਰ ਦਿੱਤਾ ਹੋਵੇਗਾ ਅਤੇ ਜੋ ਸਲੋਕ ਵਾਰਾਂ ਤੋਂ ਵਧ ਗਏ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿਚ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਹੇਠ ਦਰਜ ਕਰ ਦਿੱਤਾ ਹੋਵੇ।
ਇਸ ਤਰ੍ਹਾਂ ਵਿਦਵਾਨਾਂ ਦਾ ਕਥਨ ਹੈ ਕਿ ਗੁਰੂ ਜੀ ਨੇ ਤਕਨੀਕੀ ਰੀਤੀਆਂ ਉੱਤੇ ਪੂਰਾ ਜ਼ੋਰ ਨਾ ਦਿੰਦੇ ਹੋਏ, ਵਿਸ਼ੇ ਨੂੰ ਪ੍ਰਗਟਾਉਣ ਉੱਤੇ ਹੀ ਵਧੇਰੇ ਬਲ ਦਿੱਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਾਰ ਲਈ ਪ੍ਰਚੱਲਤ ਨਿਸ਼ਾਨੀ ਛੰਦ ਦੀ ਵਰਤੋਂ ਵੀ ਆਸਾ ਕੀ ਵਾਰ ਵਿਚ ਕੀਤੀ ਹੈ ਅਤੇ ਮਾਤ੍ਰਾਵਾਂ ਨੂੰ ਯੋਗ ਸਥਾਨਾਂ ਉੱਤੇ ਵਧਾਇਆ ਘਟਾਇਆ ਹੈ। ਆਸਾ ਕੀ ਵਾਰ ਵਿਚ ਪਉੜੀਆਂ ਸਾਢੇ ਚਾਰ ਤੁਕਾਂ ਤੋਂ ਲੈ ਕੇ ਅੱਠ ਤੁਕਾਂ ਤਕ ਮਿਲਦੀਆਂ ਹਨ।
ਆਸਾ ਕੀ ਵਾਰ ਦਾ ਕਲਾ ਸੰਬੰਧੀ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਹ ਪਰੰਪਰਾ ਦੇ ਤਕਨੀਕੀ ਪੱਖ ਨੂੰ ਗ੍ਰਹਿਣ ਨਹੀਂ ਕਰਦੀ ਪਰ ਫਿਰ ਵੀ ਇਸ ਵਿਚ ਸੁਮੇਲ ਹੈ, ਅਨੁਪਾਤ ਹੈ, ਸੰਗੀਤ ਹੈ ਅਤੇ ਰਚਨਾ ਦੀ ਸਮੁੱਚੀ ਉਸਾਰੀ ਵਿਚ ਸੰਗਠਨ ਹੈ। ਇਸ ਵਾਰ ਦੇ ਸਮੁੱਚੇ ਅਧਿਐਨ ਤੋਂ ਜਿੱਥੇ ਇਹ ਪਤਾ ਲੱਗਦਾ ਹੈ ਕਿ ਇਸ ਰਚਨਾ ਵਿਚ ਸਲੋਕਾਂ ਦੀ ਕੋਈ ਖਾਸ ਤਰਤੀਬ ਨਹੀਂ ਹੈ ਉਥੇ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ‘ਆਸਾ ਕੀ ਵਾਰ’ ਵਿਚ ਵਰਤੇ ਗਏ ਸਲੋਕਾਂ ਵਿਚ ਪੰਕਤੀਆਂ ਜਾਂ ਚਰਣਾਂ ਦਾ ਵੀ ਕੋਈ ਅਨੁਪਾਤ ਨਹੀਂ ਹੈ। ਸਲੋਕਾਂ ਦੀ ਬਣਤਰ ਵਿਚ ਦੋਹਰਾ, ਚੌਪਈ ਤੇ ਹੋਰ ਛੰਦਾਂ ਦੀ ਵਰਤੋਂ ਕੀਤੀ ਹੈ। ਦੋਹਰੇ ਵਿਚ 13+11=24 ਮਾਤਰਾ ਜਾਂ ਕੁਝ ਵੱਧ ਘੱਟ ਹੈ ਅਤੇ ਚੌਪਈ ਵਿਚ 8+8=16 ਮਾਤਰਾ ਦਾ ਰੂਪ ਵਰਤਿਆ ਹੈ। ਇਨ੍ਹਾਂ ਸਲੋਕਾਂ ਦੀਆਂ ਪੰਕਤੀਆਂ ਦੀ ਗਿਣਤੀ ਵੱਖ ਹੈ ਜਿਵੇਂ 2,4,8,11,18,19 ਆਦਿ। ਕਿਉਂਕਿ ਆਮ ਕਰਕੇ ਸਲੋਕਾਂ ਦੀਆਂ ਪੰਕਤੀਆਂ ਜਾਂ ਚਰਣਾਂ ਵਿਚ ਕੋਈ ਸਮਾਨਤਾ ਨਹੀਂ ਹੈ। ਇਸ ਲਈ ਇਥੋਂ ਇਕ ਸਾਂਝੇ ਭਾਵ ਦੀਆਂ ਕੁਝ ਪੰਕਤੀਆਂ ਦੇ ਗੁੱਟ ਲਈ ਹੀ ਸਲੋਕ ਸ਼ਬਦ ਵਰਤਿਆ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਪਹਿਲਾਂ ਵਿਚਾਰ ਚੁੱਕੇ ਹਾਂ ਕਿ ਗੁਰੂ ਸਾਹਿਬ ਤਕਨੀਕ ਦੀ ਥਾਂ ਵਿਚਾਰਾਂ ਜਾਂ ਭਾਵਾਂ ਨੂੰ ਮਹੱਤਤਾ ਦਿੰਦੇ ਸਨ, ਇਸੇ ਕਰਕੇ ਜਿੱਥੇ ਭਾਵ ਲੰਬਾ ਹੋ ਜਾਂਦਾ ਹੈ, ਉਥੇ ਸਲੋਕ ਦੀਆਂ ਪੰਕਤੀਆਂ ਵੀ ਸੁਭਾਵਿਕ ਹੀ ਵਧ ਜਾਂਦੀਆਂ ਹਨ। ਇਹੋ ਗੱਲ ਮਾਤਰਾਵਾਂ ਦੀ ਗਿਣਤੀ ’ਤੇ ਜਾ ਟਿਕਦੀ ਹੈ। ਕੁਝ ਸਲੋਕਾਂ ਵਿਚ ਤਾਂ ਮਾਤਰਾਵਾਂ ਦੀ ਸਮਾਨਤਾ ਹੈ ਪਰ ਬਹੁਤਿਆਂ ਵਿਚ ਅਜਿਹਾ ਨਹੀਂ ਹੈ। ਕਈ ਵਾਰ ਇਕ ਸਲੋਕ ਦੀ ਪਹਿਲੀ ਪੰਕਤੀ ਦੀਆਂ 24 ਮਾਤਰਾਵਾਂ ਹਨ ਤੇ ਦੂਜੀ ਪੰਕਤੀ ਦੀਆਂ 28 ਮਾਤਰਾਂਵਾਂ ਹਨ। ਇਹੋ ਜਿਹੀ ਸਥਿਤੀ ਪਉੜੀਆਂ ਦੀ ਹੈ। ਪਉੜੀਆਂ ਆਮ ਤੌਰ ’ਤੇ 5-5 ਤੁਕਾਂ ਦੀਆਂ ਹਨ। ਪਹਿਲੀਆਂ ਚਾਰ ਪੂਰੀਆਂ ਤੁਕਾਂ ਹਨ ਤੇ ਪੰਜਵੀਂ ਤੁਕ ਅੱਧੀ ਹੁੰਦੀ ਹੈ। ਪਉੜੀਆਂ ਵਿਚ ਚਰਣਾਂ ਦੀ ਗਿਣਤੀ ਪੂਰੀ ਬਰਾਬਰ ਨਹੀਂ। ਬਹੁਤੀਆਂ ਪਉੜੀਆਂ ਦੀਆਂ ਸਾਢੇ ਚਾਰ ਤੁਕਾਂ ਹਨ ਪਰ ਕੁਝ ਪੂਰੀਆਂ ਪੰਜ ਤੁਕਾਂ ਹਨ ਅਤੇ ਕਈ ਛੇ ਤੁਕਾਂ ਹਨ। ਉਦਾਹਰਨ ਲਈ 20,22,23 ਨੰਬਰ ਪਉੜੀ ਵੇਖੀ ਜਾ ਸਕਦੀ ਹੈ। ਪਉੜੀਆਂ ਵਿਚ ਮਾਤਰਾਵਾਂ ਦੀ ਬਰਾਬਰਤਾ ਉੱਕੀ ਨਾ ਹੋਣ ਦੇ ਕਾਰਨ ਸਪੱਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੁਆਰਾ ਰਚਿਤ ਆਸਾ ਕੀ ਵਾਰ ਤਕਨੀਕ ਪੱਖ ਤੋਂ ਕਿਸੇ ਨਿਯਮ ਵਿਚ ਨਹੀਂ ਬੱਝੀ। ਸਗੋਂ ਪਰੰਪਰਾ ਤੋਂ ਭਿੰਨ ਹੈ। ਪਰ ਫਿਰ ਵੀ ਛੰਦਾਂ ਦੀ ਵਰਤੋਂ ਨਾਲ ਵਾਰ ਵਿਚ ਲੈਅ, ਸੁਰ, ਤਾਲ, ਰਾਗ ਤੇ ਭਾਵ ਦਾ ਖ਼ਿਆਲ ਰੱਖਿਆ ਗਿਆ ਹੈ।
ਜੇਕਰ ਆਸਾ ਕੀ ਵਾਰ ਨੂੰ ਨੀਝ ਨਾਲ ਪੜ੍ਹੀਏ ਤਾਂ ਸਪੱਸ਼ਟ ਰੂਪ ਵਿਚ ਨਜ਼ਰ ਆਉਂਦਾ ਹੈ ਕਿ ਕਈ-ਕਈ ਥਾਂ ’ਤੇ ਆਸਾ ਕੀ ਵਾਰ ਦੀਆਂ ਪਉੜੀਆਂ ਤੇ ਸਲੋਕਾਂ ਦਾ ਸੰਬੰਧ ਵੀ ਘੱਟ ਹੈ। ਪਉੜੀਆਂ ਵਧੇਰੇ ਅਧਿਆਤਮਕ ਹਨ ਤੇ ਇਨ੍ਹਾਂ ਵਿਚ ਵਿਚਾਰਾਂ ਦੀ ਸਮਾਨਤਾ ਹੈ ਜੋ ਇਕ ਉਦੇਸ਼ ਦੀ ਪੂਰਤੀ ਕਰਦੇ ਹਨ। ਜਦ ਕਿ ਸਲੋਕਾਂ ਵਿਚ ਸਮਾਜਿਕ, ਧਾਰਮਿਕ ਤੇ ਰਾਜਨੀਤਕ ਹਾਲਤਾਂ ਦਾ ਵੇਰਵਾ ਹੈ; ਜੋ ਮਨੁੱਖ ਨੂੰ ਉਦੇਸ਼ਮਈ ਜ਼ਿੰਦਗੀ ਜਿਊਣ ਦਾ ਢੰਗ ਪ੍ਰਦਾਨ ਕਰਦੀ ਹੈ। ਆਸਾ ਕੀ ਵਾਰ ਵਿਚ ਪਉੜੀਆਂ ਦੀ ਕ੍ਰਮਵਾਰ ਗਿਣਤੀ ਇਹ ਸਪੱਸ਼ਟ ਕਰਦੀ ਹੈ ਕਿ ਵਾਰ ਦੀ ਅਸਲੀ ਵਸਤੂ ਪਉੜੀ ਹੈ ਤੇ ਸਾਰੀ ਵਾਰ ਇਕ ਨਿਸ਼ਚਿਤ ਉਦੇਸ਼ ਨੂੰ ਪ੍ਰਗਟ ਕਰਨ ਲਈ ਲਿਖੀ ਹੋਈ ਹੈ ਅਤੇ ਵਿਸ਼ਾ ਅਧਿਆਤਮਕ ਉਪਦੇਸ਼ ਦੀ ਅਗਵਾਈ ਕਰਨਾ ਹੈ। ਇਸ ਵਿਸ਼ੇ ਦੀ ਪੇਸ਼ਕਾਰੀ ਲਈ ਗੁਰੂ ਜੀ ਨੇ ਪਉੜੀਆਂ ਦੀ ਸਿਰਜਨਾ ਇੱਕੋ ਵਕਤ, ਇੱਕੋ ਅਨੁਭਵ ਪ੍ਰਸਾਰ ਦੇ ਨੁਕਤੇ ਉੱਤੇ ਕੇਂਦ੍ਰਿਤ ਹੋ ਕੇ ਕੀਤੀ। ਇਸ ਲਈ ਸਾਰੀਆਂ ਪਉੜੀਆਂ ਇਕ ਅਧਿਆਤਮਕ ਵਿਸ਼ੇ ਦਾ ਨਿਸ਼ਚਿਤ ਰੂਪ ਵਿਚ ਵਿਕਾਸ ਕਰਦੀਆਂ ਹਨ ਜਦੋਂ ਕਿ ਸਲੋਕਾਂ ਦਾ ਮੁੱਢ ਤੋਂ ਅੰਤ ਤਕ ਕੋਈ ਨਿਸ਼ਚਿਤ ਵਿਕਾਸ ਨਹੀਂ ਦਿਸਦਾ, ਕਿਉਂਕਿ ਸਲੋਕਾਂ ਦੇ ਵਿਸ਼ੇ ਬਹੁਪੱਖੀ ਹਨ।
ਆਸਾ ਕੀ ਵਾਰ ਪੰਜਾਬੀ ਵਾਰ ਕਾਵਿ ਦੇ ਵਿਕਾਸ ਦੇ ਰਾਹ ਵਿਚ ਇਕ ਮੀਲ ਪੱਥਰ ਦਾ ਦਰਜਾ ਰੱਖਦੀ ਹੈ ਜਿਸ ਦੁਆਰਾ ਅਧਿਆਤਮਕ ਵਾਰਾਂ ਦੀ ਸਥਾਪਤੀ ਹੋਈ। ਇਸ ਵਾਰ ਵਿਚ ਪਉੜੀਆਂ ਸਲੋਕਾਂ ਦਾ ਪਰਸਪਰ ਸੰਬੰਧ ਬਹੁਤ ਡੂੰਘਾ ਹੈ। ਫਿਰ ਵੀ ਇਨ੍ਹਾਂ ਦੇ ਵਿਸ਼ਿਆਂ ਦਾ ਸੁਮੇਲ ਬਹੁਤ ਵਿਆਪਕ ਤੇ ਸਾਧਾਰਨ ਆਸ਼ੇ ਦਾ ਹੈ। ਗੁਰਮਤਿ ਦੇ ਸਾਰੇ ਵਿਸ਼ੇ ਮੂਲ ਰੂਪ ਵਿਚ ਮਿਲੇ-ਜੁਲੇ ਅਤੇ ਸੰਯੁਕਤ ਹੁੰਦੇ ਹਨ। ਇਸ ਲਈ ਪਉੜੀਆਂ ਅਤੇ ਸਲੋਕਾਂ ਦਾ ਅਧਿਆਤਮਕ ਰਹੱਸ ਦੇ ਉਪਦੇਸ਼ ਇਕ ਸਮੁੱਚੀ ਵਿਚਾਰਧਾਰਾ ਦੀ ਲੜੀ ਵਿਚ ਬੱਝਾ ਹੋਇਆ ਹੈ। ਪਰੰਤੂ ਅੰਤਰ ਪਉੜੀਆਂ ਦੇ ਇਕ ਲੜੀ ਵਿਚ ਪਰੋਏ ਹੋਏ ਵਿਚਾਰਾਂ ਦੇ ਨਾਲ ਪ੍ਰਸੰਗਿਕ ਤੇ ਵਿਕੋਲਿਤਰੇ ਆਸ਼ਿਆਂ ਦੇ ਸਲੋਕਾਂ ਦੀ ਵੰਨ-ਸੁਵੰਨਤਾ ਦਾ ਹੈ।
ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜਿੱਥੇ ਪਉੜੀਆਂ ਦਾ ਭਾਵ ਅਤੇ ਉਦੇਸ਼ ਪੂਰਨ ਰੂਪ ਵਿਚ ਅਧਿਆਤਮਕ ਹੈ ਉਥੇ ਸਲੋਕਾਂ ਦਾ ਆਸ਼ਾ ਤੇ ਖੇਤਰ ਵਿਸ਼ੇਸ਼ ਕਰਕੇ ਸਮਾਜਿਕ, ਸਦਾਚਾਰਕ ਤੇ ਉਪਦੇਸ਼ਾਤਮਕ ਹੈ ਅਤੇ ਉਹ ਸੰਬੰਧਿਤ ਪਉੜੀ ਦੇ ਉਦੇਸ਼ ਅਨੁਸਾਰ ਬਦਲ ਜਾਂਦਾ ਹੈ। ਸਲੋਕਾਂ ਵਿਚ ਆਪਣੇ ਉਦੇਸ਼ ਦੀ ਪੂਰਤੀ ਲਈ ਕਾਫ਼ੀ ਹੱਦ ਤਕ ਸਮਾਜਿਕ ਕੁਰੀਤੀਆਂ ਤੇ ਧਾਰਮਿਕ ਉਕਾਈਆਂ ਨੂੰ ਪ੍ਰਗਟ ਕੀਤਾ ਗਿਆ ਹੈ। ਸਲੋਕਾਂ ਦਾ ਵਾਤਾਵਰਨ ਵਾਦ-ਵਿਵਾਦ ਅਤੇ ਤਰਕ-ਵਿਤਰਕ ਦਾ ਹੈ, ਜਦੋਂ ਕਿ ਪਉੜੀ ਵਿਚ ਗੁਰੂ ਸਾਹਿਬ ਨੇ ਤਾਤਵਿਕ ਤੇ ਰਹੱਸਵਾਦੀ ਨਿਰਣਾ ਦਿੱਤਾ ਹੈ। ਇਹੋ ਹੀ ਸਿੱਖ ਦਰਸ਼ਨ ਦਾ ਮੂਲ ਉਦੇਸ਼ ਹੈ। ਉਪਦੇਸ਼ ਦੇ ਨਿਸ਼ਾਨੇ ਤੋਂ ਹੀ ਵਾਰ ਦੀਆਂ ਪਉੜੀਆਂ ਦੇ ਮਹੱਤਵਪੂਰਨ ਵਿਚਾਰਾਂ ਨੂੰ ਵਾਰ-ਵਾਰ ਦੁਹਰਾਇਆ ਗਿਆ ਹੈ। ਮਨੁੱਖ ਨੂੰ ਸਿੱਖਿਆ ਦੇਣ ਲਈ ਇਸ ਦੁਹਰਾਉ ਦੀ ਵੱਡੀ ਲੋੜ ਹੈ।
ਉਪਰੋਕਤ ਵਿਸ਼ਲੇਸ਼ਣ ਦੇ ਆਧਾਰ ’ਤੇ ਅਸੀਂ ਕਹਿ ਸਕਦੇ ਹਾਂ ਕਿ ਆਸਾ ਕੀ ਵਾਰ ਵਿਚ ਪਉੜੀਆਂ ਤੇ ਸਲੋਕਾਂ ਦਾ ਸੰਬੰਧ ਬਹੁਤ ਗੂੜ੍ਹਾ ਹੈ। ਪਉੜੀਆਂ ਤੇ ਸਲੋਕਾਂ ਦੀ ਬੁਣਤੀ ਵਾਰ ਵਿਚ ਇਸ ਤਰ੍ਹਾਂ ਕੀਤੀ ਹੈ ਜਿਵੇਂ ਕਿਸੇ ਮਾਲਾ ਦੀ ਸੁੰਦਰਤਾ ਵਧਾਉਣ ਲਈ ਜੌਹਰੀ ਉਸ ਵਿਚ ਅਮੋਲਕ ਮੋਤੀ ਜੜ੍ਹ ਦਿੰਦਾ ਹੈ, ਜਿਸ ਦੁਆਰਾ ਉਸ ਮਾਲਾ ਦੀ ਕੀਮਤ ਹੋਰ ਵਧ ਜਾਂਦੀ ਹੈ। ਇਸੇ ਤਰ੍ਹਾਂ ਆਸਾ ਕੀ ਵਾਰ ਵਿਚ ਸਲੋਕਾਂ ਦੀ ਸ਼ਮੂਲੀਅਤ ਜਿੱਥੇ ਮਨੁੱਖ ਨੂੰ ਸਮਾਜਿਕ ਤੇ ਸਦਾਚਾਰਕ ਜੀਵਨ ਸੇਧ ਬਖਸ਼ਦੀ ਹੈ, ਉਥੇ ਪਉੜੀਆਂ ਵਿਚ ਅਧਿਆਤਮਕ ਵਿਚਾਰ ਮਨੁੱਖ ਨੂੰ ਪਰਮ ਸੱਚ ਦੇ ਮਾਰਗ ਦਾ ਪਾਂਧੀ ਬਣਾ ਕੇ ਸੱਚਖੰਡ ਦੀ ਪ੍ਰਾਪਤੀ ਦਾ ਮਾਰਗ ਦੱਸਦੀਆਂ ਹਨ। ਪਾਵਨ ਬਾਣੀ ‘ਆਸਾ ਕੀ ਵਾਰ’ ਪੜ੍ਹ ਕੇ ਹਰ ਵਿਅਕਤੀ ਵਿਸ਼ੇ-ਵਿਕਾਰਾਂ ਤੋਂ ਮੁਕਤ ਹੋ ਕੇ ਸਾਫ਼-ਸੁਥਰਾ ਤੇ ਸਾਧਾਰਨ ਸਮਾਜਿਕ ਜੀਵਨ ਬਤੀਤ ਕਰਦਾ ਹੈ ਤੇ ਪਉੜੀਆਂ ਤੋਂ ਸਿੱਖਿਆ ਲੈ ਕੇ ਮਨੁੱਖੀ ਜੀਵਾਤਮ ਪਰਮਾਤਮਾ ਦੀ ਪ੍ਰਾਪਤੀ ਇਸੇ ਜੀਵਨ ਵਿਚ ਵੀ ਕਰ ਸਕਦੀ ਹੈ। ਸੋ, ਅਜਿਹੀ ਰਚਨਾ ਜੋ ਮਨੁੱਖ ਨੂੰ ਸਮਾਜਿਕ ਸੇਧ ਦੇ ਨਾਲ-ਨਾਲ ਅਧਿਆਤਮਕ ਸੇਧ ਦੇਵੇ, ਉਹ ਲਾਸਾਨੀ ਰਚਨਾ ਹੋਣ ਦੇ ਮਾਣ ਹਾਸਲ ਕਰਦੀ ਹੈ। ਇਸੇ ਲਈ ਆਸਾ ਕੀ ਵਾਰ ਦਾ ਕੀਰਤਨ ਸ੍ਰੀ ਹਰਿਮੰਦਰ ਸਾਹਿਬ ਵਿਚ ਅੱਜ ਤਕ ਅੰਮ੍ਰਿਤ ਵੇਲੇ ਕੀਤਾ ਜਾਂਦਾ ਹੈ। ਸਿੱਖ ਸੰਗਤ ਅੰਮ੍ਰਿਤ ਵੇਲੇ ਆਸਾ ਕੀ ਵਾਰ ਸੁਣ ਜਾਂ ਪੜ੍ਹ ਕੇ ਜਾਂ ਗਾ ਕੇ ਇਸ ਤੋਂ ਜੀਵਨ ਸੇਧ ਗ੍ਰਹਿਣ ਕਰਦੀ ਹੈ ਤੇ ਕਰਦੀ ਰਹੇਗੀ। ਅੰਮ੍ਰਿਤਮਈ ਪਵਿੱਤਰ ਬਾਣੀ ਆਸਾ ਕੀ ਵਾਰ ਅਨੰਤ ਕਾਲ ਤਕ ਮਨੁੱਖੀ ਜੀਵਨ ਦਾ ਕਲਿਆਣ ਕਰੇਗੀ ਤੇ ਸ੍ਰੇਸ਼ਟ ਰਚਨਾ ਹੋਣ ਦਾ ਮਾਣ ਹਾਸਲ ਕਰਦੀ ਰਹੇਗੀ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ